Skip to content

Skip to table of contents

ਬੜੇ ਖ਼ੁਸ਼ ਕਿ ਉਨ੍ਹਾਂ ਨੇ ਪੜ੍ਹਨਾ ਸਿੱਖਿਆ

ਬੜੇ ਖ਼ੁਸ਼ ਕਿ ਉਨ੍ਹਾਂ ਨੇ ਪੜ੍ਹਨਾ ਸਿੱਖਿਆ

ਬੜੇ ਖ਼ੁਸ਼ ਕਿ ਉਨ੍ਹਾਂ ਨੇ ਪੜ੍ਹਨਾ ਸਿੱਖਿਆ

ਸੋਲਮਨ ਦੀਪ-ਸਮੂਹ ਦੇ ਕਈ ਇਲਾਕਿਆਂ ਵਿਚ ਯਹੋਵਾਹ ਦੇ ਲਗਭਗ 80 ਫੀ ਸਦੀ ਗਵਾਹ ਪਹਿਲਾਂ ਅਨਪੜ੍ਹ ਸਨ। ਇਸ ਮੁਸ਼ਕਲ ਕਾਰਨ ਉਹ ਕਲੀਸਿਯਾ ਦੀਆਂ ਮੀਟਿੰਗਾਂ ਵਿਚ ਇੰਨਾ ਹਿੱਸਾ ਨਹੀਂ ਲੈ ਸਕਦੇ ਸਨ, ਅਤੇ ਉਨ੍ਹਾਂ ਲਈ ਦੂਸਰਿਆਂ ਨੂੰ ਬਾਈਬਲ ਸੱਚਾਈ ਸਿਖਾਉਣੀ ਔਖੀ ਸੀ। ਕੀ ਅਜਿਹੇ ਲੋਕਾਂ ਨੂੰ ਪੜ੍ਹਾਉਣਾ ਮੁਮਕਿਨ ਹੈ ਜਿਨ੍ਹਾਂ ਨੇ ਪਹਿਲਾਂ ਕਦੇ ਪੈਂਸਿਲ ਚੁੱਕੀ ਵੀ ਨਹੀਂ?

ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਲਗਨ ਨਾਲ ਪੜ੍ਹਨਾ ਅਤੇ ਲਿਖਣਾ (ਅੰਗ੍ਰਜ਼ੀ) ਨਾਂ ਦੇ ਬ੍ਰੋਸ਼ਰ ਦੀ ਮਦਦ ਨਾਲ ਕਈਆਂ ਨੇ ਪੜ੍ਹਨਾ ਸਿੱਖਿਆ ਹੈ। ਸੋਲਮਨ ਦੀਪ-ਸਮੂਹ ਦੀਆਂ ਤਕਰੀਬਨ ਸਾਰੀਆਂ ਕਲੀਸਿਯਾਵਾਂ ਵਿਚ ਇਸ ਬ੍ਰੋਸ਼ਰ ਨੂੰ ਵਰਤ ਕੇ ਪੜ੍ਹਾਈ ਦੀਆਂ ਕਲਾਸਾਂ ਚਲਾਈਆਂ ਗਈਆਂ। ਹੇਠਾਂ ਦਿੱਤੇ ਅਨੁਭਵ ਦਿਖਾਉਂਦੇ ਹਨ ਕਿ ਸੈਂਕੜਿਆਂ ਲੋਕਾਂ ਨੇ ਇਨ੍ਹਾਂ ਕਲਾਸਾਂ ਰਾਹੀਂ ਕਿਵੇਂ ਆਪਣੀ ਕਾਬਲੀਅਤ ਵਧਾਈ ਹੈ। ਇਸ ਤੋਂ ਵਧ, ਪੜ੍ਹਨ ਦੇ ਕਾਬਲ ਬਣ ਕੇ ਉਹ ਆਪਣੀ ਨਿਹਚਾ ਬਾਰੇ ਦੂਸਰਿਆਂ ਨੂੰ ਬਿਹਤਰ ਗਵਾਹੀ ਦੇ ਸਕੇ ਹਨ।—1 ਪਤਰਸ 3:15.

ਇਕ ਮਿਸ਼ਨਰੀ ਭੈਣ ਨੂੰ ਸੌ ਤੋਂ ਜ਼ਿਆਦਾ ਮੈਂਬਰਾਂ ਵਾਲੀ ਕਲੀਸਿਯਾ ਵਿਚ ਸੇਵਾ ਕਰਨ ਲਈ ਭੇਜਿਆ ਗਿਆ। ਉਸ ਨੇ ਨੋਟ ਕੀਤਾ ਕਿ ਜਦੋਂ ਹਰ ਹਫ਼ਤੇ ਪਹਿਰਾਬੁਰਜ ਦੀ ਸਟੱਡੀ ਕੀਤੀ ਜਾਂਦੀ ਸੀ, ਤਾਂ ਥੋੜ੍ਹਿਆਂ ਹੀ ਕੋਲ ਰਸਾਲੇ ਦੀ ਕਾਪੀ ਸੀ ਅਤੇ ਥੋੜ੍ਹੇ ਹੀ ਜਣੇ ਸਵਾਲਾਂ ਦੇ ਜਵਾਬ ਦਿੰਦੇ ਸਨ। ਇਹ ਕਿਉਂ ਸੀ? ਕਿਉਂਕਿ ਉਹ ਅਨਪੜ੍ਹ ਸਨ। ਜਦੋਂ ਕਲੀਸਿਯਾ ਨੂੰ ਦੱਸਿਆ ਗਿਆ ਕਿ ਪੜ੍ਹਾਈ-ਲਿਖਾਈ ਦੀਆਂ ਕਲਾਸਾਂ ਸ਼ੁਰੂ ਹੋਣਗੀਆਂ, ਤਾਂ ਮਿਸ਼ਨਰੀ ਇਨ੍ਹਾਂ ਨੂੰ ਚਲਾਉਣ ਲਈ ਰਾਜ਼ੀ ਹੋਈ। ਪਹਿਲਾਂ-ਪਹਿਲਾਂ ਸਿਰਫ਼ ਥੋੜ੍ਹੇ ਹੀ ਲੋਕ ਆਏ, ਪਰ ਜਲਦੀ ਹੀ, ਨਿਆਣਿਆਂ ਤੋਂ ਲੈ ਕੇ ਸਿਆਣਿਆਂ ਤਕ, 40 ਤੋਂ ਵਧ ਲੋਕ ਆਉਣ ਲੱਗ ਪਏ।

ਇਨ੍ਹਾਂ ਕਲਾਸਾਂ ਤੋਂ ਕਿਹੜੇ ਫ਼ਾਇਦੇ ਮਿਲੇ? ਮਿਸ਼ਨਰੀ ਨੇ ਇਵੇਂ ਸਮਝਾਇਆ: “ਕਲਾਸਾਂ ਦੇ ਸ਼ੁਰੂ ਹੋਣ ਤੋਂ ਕੁਝ ਹੀ ਦੇਰ ਬਾਅਦ ਦੀ ਗੱਲ ਹੈ। ਇਕ ਦਿਨ ਮੈਂ ਸਵੇਰ ਨੂੰ 6 ਵਜੇ ਬਾਕੀ ਦੇ ਮਿਸ਼ਨਰੀਆਂ ਲਈ ਬਾਜ਼ਾਰ ਤੋਂ ਖਾਣਾ ਖ਼ਰੀਦਣ ਗਈ। ਉੱਥੇ ਮੈਂ ਆਪਣੀ ਕਲਾਸ ਦੇ ਕੁਝ ਮੈਂਬਰਾਂ ਅਤੇ ਛੋਟੇ ਬੱਚਿਆਂ ਨੂੰ ਵੀ ਨਾਰੀਅਲ ਅਤੇ ਸਬਜ਼ੀਆਂ ਵੇਚਦੇ ਦੇਖਿਆ। ਉਹ ਇਸ ਤਰ੍ਹਾਂ ਕਿਉਂ ਕਰ ਰਹੇ ਸਨ? ਕਿਉਂਕਿ ਉਹ ਪੜ੍ਹਾਈ-ਲਿਖਾਈ ਦੀਆਂ ਕਲਾਸਾਂ ਲਈ ਕਾਗਜ਼-ਕਲਮ ਖ਼ਰੀਦਣ ਲਈ ਪੈਸਾ ਜੋੜਨਾ ਚਾਹੁੰਦੇ ਸਨ! ਕਲਾਸਾਂ ਵਿਚ ਹਾਜ਼ਰ ਹੋਣ ਦੇ ਨਾਲ ਉਹ ਹੁਣ ਪਹਿਰਾਬੁਰਜ ਦੀ ਆਪਣੀ-ਆਪਣੀ ਕਾਪੀ ਲੈ ਕੇ ਪੜ੍ਹ ਸਕਦੇ ਸਨ।” ਉਹ ਅੱਗੇ ਕਹਿੰਦੀ ਹੈ: “ਹੁਣ ਪਹਿਰਾਬੁਰਜ ਦੀ ਸਟੱਡੀ ਦੌਰਾਨ ਨਿਆਣੇ ਅਤੇ ਸਿਆਣੇ ਦੋਵੇਂ ਹਿੱਸਾ ਲੈਂਦੇ ਹਨ ਅਤੇ ਸਾਰਿਆਂ ਨੂੰ ਮਜ਼ਾ ਆਉਂਦਾ।” ਮਿਸ਼ਨਰੀ ਭੈਣ ਨੂੰ ਖ਼ਾਸ ਕਰਕੇ ਉਦੋਂ ਖ਼ੁਸ਼ੀ ਮਿਲੀ ਜਦੋਂ ਕਲਾਸ ਦੇ ਚਾਰ ਮੈਂਬਰਾਂ ਨੇ ਪ੍ਰਚਾਰ ਸੇਵਾ ਵਿਚ ਜਾਣ ਬਾਰੇ ਪੁੱਛਿਆ ਕਿਉਂਕਿ ਉਨ੍ਹਾਂ ਨੇ ਕਿਹਾ ਕਿ ਉਹ “ਹੁਣ ਡਰਦੇ ਨਹੀਂ ਸੀ।”

ਕਲਾਸਾਂ ਵਿਚ ਪੜ੍ਹਾਈ-ਲਿਖਾਈ ਸਿੱਖਣ ਤੋਂ ਇਲਾਵਾ ਵਿਦਿਆਰਥੀਆਂ ਨੂੰ ਹੋਰ ਵੀ ਕਈ ਫ਼ਾਇਦੇ ਮਿਲੇ। ਮਿਸਾਲ ਲਈ, ਇਕ ਭਰਾ ਦੀ ਪਤਨੀ ਯਹੋਵਾਹ ਦੀ ਗਵਾਹ ਨਹੀਂ ਸੀ ਅਤੇ ਕਈ ਸਾਲਾਂ ਤੋਂ ਉਹ ਕਲੀਸਿਯਾ ਲਈ ਪਰੇਸ਼ਾਨੀ ਦੀ ਵਜ੍ਹਾ ਸੀ। ਉਹ ਛੋਟੀਆਂ ਜਿਹੀਆਂ ਗੱਲਾਂ ਤੇ ਲੋਕਾਂ ਨੂੰ ਪੱਥਰ ਮਾਰਦੀ ਹੁੰਦੀ ਸੀ ਅਤੇ ਉਸ ਨੇ ਲੱਕੜੀ ਦੇ ਨਾਲ ਕੁਝ ਔਰਤਾਂ ਤੇ ਵੀ ਹਮਲਾ ਕੀਤਾ। ਜਦੋਂ ਕਦੀ-ਕਦੀ ਉਹ ਆਪਣੇ ਪਤੀ ਨਾਲ ਮੀਟਿੰਗ ਵਿਚ ਜਾਂਦੀ ਸੀ, ਤਾਂ ਉਸ ਦੇ ਪਤੀ ਨੂੰ ਕਾਲੀਆਂ ਐਨਕਾਂ ਲਾਉਣੀਆਂ ਪੈਂਦੀਆਂ ਸਨ। ਕਿਉਂ? ਕਿਉਂਕਿ ਪਤਨੀ ਉਸ ਤੋਂ ਬਹੁਤ ਜਲਦੀ ਸੀ ਅਤੇ ਉਹ ਨਹੀਂ ਚਾਹੁੰਦਾ ਸੀ ਕਿ ਉਸ ਉੱਤੇ ਦੂਸਰੀਆਂ ਔਰਤਾਂ ਵੱਲ ਦੇਖਣ ਦਾ ਇਲਜ਼ਾਮ ਲਾਇਆ ਜਾਵੇ।

ਲੇਕਿਨ, ਪੜ੍ਹਾਈ-ਲਿਖਾਈ ਦੀਆਂ ਕਲਾਸਾਂ ਦੇ ਸ਼ੁਰੂ ਹੋਣ ਤੋਂ ਥੋੜ੍ਹੇ ਚਿਰ ਬਾਅਦ ਇਸ ਔਰਤ ਨੇ ਹੌਲੀ ਜਿਹੇ ਆ ਕੇ ਪੁੱਛਿਆ: “ਕੀ ਮੈਂ ਕਲਾਸਾਂ ਵਿਚ ਆ ਸਕਦੀ ਹਾਂ?” ਇਸ ਸਵਾਲ ਦਾ ਜਵਾਬ ਹਾਂ ਸੀ। ਉਸ ਸਮੇਂ ਤੋਂ ਉਸ ਨੇ ਨਾ ਤਾਂ ਕਲਾਸ ਮਿੱਸ ਕੀਤੀ ਅਤੇ ਨਾ ਕਲੀਸਿਯਾ ਦੀ ਮੀਟਿੰਗ। ਉਸ ਨੇ ਆਪਣੀ ਪੜ੍ਹਾਈ ਵਿਚ ਬਹੁਤ ਮਿਹਨਤ ਕੀਤੀ ਅਤੇ ਜਲਦੀ ਤਰੱਕੀ ਕੀਤੀ, ਜਿਸ ਕਰਕੇ ਉਹ ਬੜੀ ਖ਼ੁਸ਼ ਹੋਈ। ਫਿਰ ਉਸ ਨੇ ਪੁੱਛਿਆ: “ਕੀ ਮੈਂ ਬਾਈਬਲ ਸਟੱਡੀ ਸ਼ੁਰੂ ਕਰ ਸਕਦੀ ਹਾਂ?” ਉਸ ਦੇ ਪਤੀ ਨੇ ਬਹੁਤ ਖ਼ੁਸ਼ੀ ਨਾਲ ਉਸ ਨਾਲ ਸਟੱਡੀ ਕਰਨੀ ਸ਼ੁਰੂ ਕੀਤੀ, ਅਤੇ ਉਹ ਪੜ੍ਹਾਈ-ਲਿਖਾਈ ਵਿਚ ਅਤੇ ਬਾਈਬਲ ਦਾ ਗਿਆਨ ਹਾਸਲ ਕਰਨ ਵਿਚ ਹਾਲੇ ਤਕ ਤਰੱਕੀ ਕਰ ਰਹੀ ਹੈ।

ਕਿਸੇ 50 ਸਾਲਾਂ ਦੇ ਇਨਸਾਨ ਲਈ ਆਪਣੇ ਹੱਥ ਵਿਚ ਕਲਮ ਫੜ ਕੇ ਅੱਖਰ ਬਣਾਉਣੇ ਬੜੀ ਔਖੀ ਗੱਲ ਹੋ ਸਕਦੀ ਹੈ, ਖ਼ਾਸ ਕਰਕੇ ਜੇ ਉਸ ਨੇ ਪਹਿਲਾਂ ਕਦੀ ਵੀ ਕਲਮ ਨਾ ਫੜੀ ਹੋਵੇ। ਕਈਆਂ ਦੀਆਂ ਉਂਗਲੀਆਂ ਤੇ ਕਲਮ ਫੜਨ ਨਾਲ ਛਾਲੇ ਪੈ ਜਾਂਦੇ ਹਨ ਕਿਉਂਕਿ ਜਦੋਂ ਉਹ ਪਹਿਲਾਂ-ਪਹਿਲਾਂ ਲਿਖਣਾ ਸ਼ੁਰੂ ਕਰਦੇ ਹਨ ਤਾਂ ਉਹ ਕਲਮ ਨੂੰ ਘੁੱਟ-ਘੁੱਟ ਕੇ ਫੜਦੇ ਹਨ। ਕੁਝ ਹਫ਼ਤਿਆਂ ਤੋਂ ਬਾਅਦ ਜਦੋਂ ਉਨ੍ਹਾਂ ਨੇ ਬੜੀ ਔਖਿਆਈ ਨਾਲ ਕਲਮ ਫੜਨੀ ਸਿੱਖੀ ਤਾਂ ਉਹ ਵੱਡੀ ਮੁਸਕਰਾਹਟ ਨਾਲ ਕਹਿੰਦੇ ਹਨ: “ਦੇਖੋ, ਮੈਂ ਲਕੀਰਾਂ ਵਾਹ ਸਕਦਾ ਹਾਂ!” ਜਦੋਂ ਵਿਦਿਆਰਥੀ ਤਰੱਕੀ ਕਰਦੇ ਹਨ ਤਾਂ ਸਿਖਲਾਈ ਦੇਣ ਵਾਲੇ ਵੀ ਖ਼ੁਸ਼ ਹੁੰਦੇ ਹਨ। ਮਿਸਾਲ ਲਈ ਇਕ ਜਣੇ ਨੇ ਕਿਹਾ: “ਕਲਾਸ ਨੂੰ ਸਿਖਾਉਣ ਤੋਂ ਬੜਾ ਆਨੰਦ ਮਿਲਦਾ ਹੈ, ਅਤੇ ਯਹੋਵਾਹ ਵੱਲੋਂ ਇਸ ਪ੍ਰਬੰਧ ਦੀ ਦਿਲੋਂ ਕਦਰ ਕਰਦੇ ਹੋਏ ਵਿਦਿਆਰਥੀ ਕਲਾਸ ਦੇ ਖ਼ਤਮ ਹੋਣ ਤੇ ਅਕਸਰ ਤਾਲੀਆਂ ਮਾਰਦੇ ਹਨ।”

ਮਿਸ਼ਨਰੀਆਂ ਦੇ ਨਾਲ-ਨਾਲ ਇਹ ਗਵਾਹ ਜਿਹੜੇ ਹੁਣ ਪੜ੍ਹ-ਲਿਖ ਸਕਦੇ ਹਨ ਖ਼ੁਸ਼ੀ ਮਨਾਉਂਦੇ ਹਨ। ਕਿਉਂ? ਕਿਉਂਕਿ ਉਹ ਪੜ੍ਹ-ਲਿਖਣ ਦੀ ਆਪਣੀ ਨਵੀਂ ਕਾਬਲੀਅਤ ਨਾਲ ਯਹੋਵਾਹ ਦੀ ਮਹਿਮਾ ਕਰ ਸਕਦੇ ਹਨ।

[ਸਫ਼ੇ 8, 9 ਉੱਤੇ ਤਸਵੀਰਾਂ]

ਨਿਆਣੇ ਅਤੇ ਸਿਆਣੇ ਦੋਵੇਂ ਹੀ ਪੜ੍ਹਾਈ-ਲਿਖਾਈ ਦੀਆਂ ਕਲਾਸਾਂ ਦੀ ਕਦਰ ਕਰਦੇ ਹਨ