Skip to content

Skip to table of contents

ਇਹ ਕਿਸ ਦਾ ਕਮਾਲ ਹੈ?

ਪੇਪਰ ਵਾਸਪ—ਸੁਭਾਵਕ ਤੌਰ ਤੇ ਇੰਜੀਨੀਅਰੀ ਵਿਚ ਮਾਹਰ

ਪੇਪਰ ਵਾਸਪ—ਸੁਭਾਵਕ ਤੌਰ ਤੇ ਇੰਜੀਨੀਅਰੀ ਵਿਚ ਮਾਹਰ

● ਪੇਪਰ ਵਾਸਪਾਂ ਨੂੰ ਇੰਜੀਨੀਅਰੀ ਦੇ ਮਾਹਰ ਕਿਹਾ ਗਿਆ ਹੈ। ਉਨ੍ਹਾਂ ’ਤੇ ਇਹ ਗੱਲ ਕਿਉਂ ਢੁਕਦੀ ਹੈ?

ਜ਼ਰਾ ਸੋਚੋ: ਇਸ ਦੇ ਨਾਂ ਤੋਂ ਪਤਾ ਲੱਗਦਾ ਹੈ ਕਿ ਪੇਪਰ ਵਾਸਪ ਯਾਨੀ ਧਮੋੜੀ ਆਪਣੇ ਵੱਲੋਂ ਬਣਾਏ ਇਕ ਖ਼ਾਸ ਕਿਸਮ ਦੇ ਪੇਪਰ ਤੋਂ ਆਪਣਾ ਛੱਤਾ ਬਣਾਉਂਦੀ ਹੈ ਤੇ ਉਸ ਦੀ ਦੇਖ-ਰੇਖ ਕਰਦੀ ਹੈ। * ਇਹ ਧਮੋੜੀ ਪੌਦਿਆਂ ਅਤੇ ਵੱਖੋ-ਵੱਖਰੇ ਥਾਵਾਂ ਤੋਂ ਗਲ਼ੀ-ਸੜੀ ਲੱਕੜ ਜਿਵੇਂ ਸ਼ਤੀਰਾਂ, ਖੰਭਿਆਂ, ਟੈਲੀਫ਼ੋਨ ਦੇ ਖੰਭਿਆਂ ਅਤੇ ਹੋਰ ਇਮਾਰਤਾਂ ਬਣਾਉਣ ਵਾਲੇ ਸਾਮਾਨ ਵਿੱਚੋਂ ਰੇਸ਼ੇ ਇਕੱਠੇ ਕਰਦੀ ਹੈ। ਫਿਰ ਇਹ ਇਸ ਸੈਲਿਊਲੋਸ ਰੇਸ਼ੇ ਨੂੰ ਚਿੱਥ ਕੇ ਇਸ ਵਿਚ ਪ੍ਰੋਟੀਨ ਨਾਲ ਭਰਪੂਰ ਲੇਸਦਾਰ ਥੁੱਕ ਮਿਲਾਉਂਦੀ ਹੈ। ਜਦੋਂ ਛੱਤਾ ਬਣਾਉਣ ਲਈ ਇਸ ਗੁੱਦੇ ਨੂੰ ਕਿਤੇ ਲਾਇਆ ਜਾਂਦਾ ਹੈ, ਤਾਂ ਇਹ ਸੁੱਕ ਕੇ ਹਲਕਾ, ਮਜ਼ਬੂਤ ਤੇ ਸਖ਼ਤ ਪੇਪਰ ਬਣ ਜਾਂਦਾ ਹੈ। ਇਸ ਤੋਂ ਇਲਾਵਾ, ਥੁੱਕ ਵਿਚ ਖ਼ਾਸ ਤਰ੍ਹਾਂ ਦੇ ਤੱਤ ਹੁੰਦੇ ਹਨ ਜਿਨ੍ਹਾਂ ਦੀ ਮਦਦ ਨਾਲ ਪੇਪਰ ਗਰਮੀ ਨੂੰ ਸੋਖਦਾ ਤੇ ਛੱਡਦਾ ਹੈ ਅਤੇ ਇਸ ਨਾਲ ਠੰਢ ਵਿਚ ਧਮੋੜੀਆਂ ਦੇ ਛੱਤੇ ਦਾ ਤਾਪਮਾਨ ਸਹੀ ਰਹਿੰਦਾ ਹੈ।

ਧਮੋੜੀ “ਥੁੱਕ-ਥੁੱਕ ਕੇ” ਛੱਤਾ ਬਣਾਉਂਦੀ ਹੈ। ਅਖ਼ੀਰ ਵਿਚ ਉਨ੍ਹਾਂ ਦਾ ਇਕ ਵਾਟਰ-ਪਰੂਫ, ਗੋਲ ਤੇ ਛੇਕੋਣੇ ਸੈੱਲਾਂ ਦਾ ਛੱਤਾ ਬਣ ਜਾਂਦਾ ਹੈ। ਛੇਕੋਣੇ ਆਕਾਰ ਦੀ ਬਣੀ ਚੀਜ਼ ਮਜ਼ਬੂਤ ਹੁੰਦੀ ਹੈ ਤੇ ਜਦੋਂ ਸੈੱਲਾਂ ਨੂੰ ਜੋੜਿਆ ਜਾਂਦਾ ਹੈ, ਤਾਂ ਜਗ੍ਹਾ ਬੇਕਾਰ ਨਹੀਂ ਜਾਂਦੀ। ਜਿਹੜੀਆਂ ਧਮੋੜੀਆਂ ਜ਼ਿਆਦਾ ਗਿੱਲੇ ਇਲਾਕਿਆਂ ਵਿਚ ਰਹਿੰਦੀਆਂ ਹਨ, ਉਹ ਜ਼ਿਆਦਾ ਥੁੱਕ ਵਰਤ ਕੇ ਆਪਣੇ ਛੱਤੇ ਨੂੰ ਹੋਰ ਵਾਟਰ-ਪਰੂਫ ਬਣਾ ਲੈਂਦੀਆਂ ਹਨ। ਉਹ ਛੱਤੇ ਨੂੰ ਉਸ ਜਗ੍ਹਾ ਬਣਾਉਂਦੀਆਂ ਹਨ ਜਿੱਥੇ ਉਨ੍ਹਾਂ ਨੂੰ ਜ਼ਿਆਦਾ ਸੁਰੱਖਿਆ ਮਿਲਦੀ ਹੈ। ਟਾਹਣੀਆਂ ਨਾਲ ਲਟਕਦੇ ਛੱਤੇ ਦੇ ਸੈੱਲਾਂ ਦੇ ਮੂੰਹ ਹੇਠਾਂ ਵੱਲ ਨੂੰ ਖੁੱਲ੍ਹੇ ਹੁੰਦੇ ਹਨ। ਇਸ ਦੇ ਨਾਲ-ਨਾਲ ਧਮੋੜੀਆਂ ਵਾਤਾਵਰਣ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੀਆਂ ਜਿਵੇਂ ਸਾਡੇ ਪੇਪਰ ਬਣਾਉਣ ਦੇ ਤਰੀਕਿਆਂ ਨਾਲ ਹਵਾ, ਪਾਣੀ ਅਤੇ ਜ਼ਮੀਨ ਪ੍ਰਦੂਸ਼ਿਤ ਹੁੰਦੀ ਹੈ!

ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਆਰਕੀਟੈਕਟ ਅਤੇ ਖੋਜਕਾਰ ਧਮੋੜੀਆਂ ਦੀਆਂ ਬਣਾਈਆਂ ਚੀਜ਼ਾਂ ਦਾ ਅਧਿਐਨ ਕਿਉਂ ਕਰਦੇ ਹਨ। ਉਹ ਇਮਾਰਤਾਂ ਬਣਾਉਣ ਵਾਲੀ ਵਧੀਆ ਸਾਮੱਗਰੀ ਬਣਾਉਣੀ ਚਾਹੁੰਦੇ ਹਨ ਜੋ ਹਲਕੀ, ਮਜ਼ਬੂਤ ਅਤੇ ਜ਼ਿਆਦਾ ਲਚਕਦਾਰ ਹੋਵੇ ਅਤੇ ਵਾਤਾਵਰਣ ਦਾ ਨੁਕਸਾਨ ਨਾ ਕਰੇ।

ਤੁਹਾਡਾ ਕੀ ਖ਼ਿਆਲ ਹੈ? ਕੀ ਇਹ ਰੇਤ ਦੇ ਦੋ ਕਣਾਂ ਜਿੱਡੇ ਦਿਮਾਗ਼ ਵਾਲੀ ਧਮੋੜੀ ਆਪਣੇ ਆਪ ਪੇਪਰ ਬਣਾ ਕੇ ਛੱਤਾ ਬਣਾ ਸਕਦੀ ਹੈ? ਜਾਂ ਕੀ ਇਸ ਦੇ ਰਸਾਇਣਕ ਅਤੇ ਮਕੈਨੀਕਲ ਇੰਜੀਨੀਅਰੀ ਦੇ ਹੁਨਰ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ? (g12-E 02)

[ਫੁਟਨੋਟ]

^ ਪੈਰਾ 4 ਕਈ ਕਿਸਮ ਦੀਆਂ ਧਮੋੜੀਆਂ ਹਨ ਜੋ ਪੇਪਰ ਦੇ ਛੱਤੇ ਬਣਾਉਂਦੀਆਂ ਹਨ। ਛੱਤੇ ਦੇ ਸੈੱਲਾਂ ਵਿਚ ਆਂਡੇ ਰੱਖੇ ਜਾਂਦੇ ਹਨ ਜੋ ਲਾਰਵਿਆਂ ਵਿਚ ਬਦਲ ਜਾਂਦੇ ਹਨ।