ਦੁਨੀਆਂ ਭਰ ਵਿਚ ਔਰਤਾਂ ਉੱਤੇ ਜ਼ੁਲਮ

ਦੁਨੀਆਂ ਭਰ ਵਿਚ ਔਰਤਾਂ ਉੱਤੇ ਜ਼ੁਲਮ

ਦੁਨੀਆਂ ਭਰ ਵਿਚ ਔਰਤਾਂ ਉੱਤੇ ਜ਼ੁਲਮ

ਪੱਚੀ ਨਵੰਬਰ ਦਾ ਦਿਨ ‘ਔਰਤਾਂ ਖ਼ਿਲਾਫ਼ ਹਿੰਸਾ ਰੋਕੋ ਅੰਤਰਰਾਸ਼ਟਰੀ ਦਿਨ’ ਵਜੋਂ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਸੰਘ (ਯੂ. ਐੱਨ.) ਦੀ ਜਨਰਲ ਅਸੈਂਬਲੀ ਨੇ 1999 ਵਿਚ ਇਹ ਦਿਨ ਲੋਕਾਂ ਨੂੰ ਔਰਤਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਚੁਣਿਆ ਸੀ। ਇਸ ਤਰ੍ਹਾਂ ਕਰਨਾ ਕਿਉਂ ਜ਼ਰੂਰੀ ਸਮਝਿਆ ਗਿਆ ਸੀ?

ਕਈ ਸਭਿਆਚਾਰਾਂ ਵਿਚ ਔਰਤਾਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੈ। ਸਦੀਆਂ ਤੋਂ ਮਰਦ ਔਰਤਾਂ ਨਾਲ ਫ਼ਰਕ ਕਰਦੇ ਆਏ ਹਨ। ਔਰਤਾਂ ਤੇ ਹਰ ਤਰ੍ਹਾਂ ਦੇ ਜ਼ੁਲਮ ਢਾਹੇ ਜਾਂਦੇ ਹਨ ਤੇ ਇਹ ਇਕ ਗੰਭੀਰ ਸਮੱਸਿਆ ਬਣ ਗਈ ਹੈ। ਅਮੀਰ ਦੇਸ਼ਾਂ ਵਿਚ ਵੀ ਔਰਤਾਂ ਦਾ ਇਹੋ ਹਾਲ ਹੈ। ਸਾਬਕਾ ਯੂ. ਐੱਨ. ਸੈਕਟਰੀ-ਜਨਰਲ ਕੌਫੀ ਆਨਾਨ ਨੇ ਕਿਹਾ: “ਔਰਤਾਂ ਖ਼ਿਲਾਫ਼ ਹੁੰਦੀ ਹਿੰਸਾ ਨੇ ਸਾਰੀ ਦੁਨੀਆਂ ਵਿਚ ਪੈਰ ਪਸਾਰ ਰੱਖੇ ਹਨ। ਇਸ ਤਰ੍ਹਾਂ ਦਾ ਮਾੜਾ ਸਲੂਕ ਹਰ ਸਮਾਜ ਤੇ ਹਰ ਸਭਿਆਚਾਰ ਵਿਚ ਹੁੰਦਾ ਹੈ। ਇਸ ਦਾ ਅਸਰ ਹਰ ਔਰਤ ਤੇ ਪੈਂਦਾ ਹੈ, ਚਾਹੇ ਉਹ ਜਿਹੜੀ ਮਰਜ਼ੀ ਜਾਤ ਜਾਂ ਕੌਮ ਦੀ ਹੋਵੇ, ਅਮੀਰ ਹੋਵੇ ਜਾਂ ਗ਼ਰੀਬ, ਪੜ੍ਹੀ-ਲਿਖੀ ਹੋਵੇ ਜਾਂ ਅਨਪੜ੍ਹ।”

ਮਨੁੱਖੀ ਅਧਿਕਾਰਾਂ ਸੰਬੰਧੀ ਯੂ. ਐੱਨ. ਦੀ ਇਕ ਸਾਬਕਾ ਖ਼ਾਸ ਰਿਪੋਰਟਰ ਰਾਧਿਕਾ ਕੁਮਾਰਾਸਵਾਮੀ ਨੇ ਕਿਹਾ ਕਿ ਬਹੁਤੀਆਂ ਔਰਤਾਂ ਲਈ ਹਿੰਸਾ “ਇਕ ਅਜਿਹਾ ਵਿਸ਼ਾ ਬਣ ਗਿਆ ਹੈ ਜਿਸ ਬਾਰੇ ਉਹ ਗੱਲ ਹੀ ਨਹੀਂ ਕਰਨੀ ਚਾਹੁੰਦੀਆਂ। ਲੋਕ ਮੰਨਦੇ ਹੀ ਨਹੀਂ ਕਿ ਇਹ ਕੋਈ ਵੱਡੀ ਸਮੱਸਿਆ ਹੈ। ਅਫ਼ਸੋਸ ਸਮਾਜ ਦੇ ਲਈ ਇਹ ਬੜੀ ਸ਼ਰਮ ਦੀ ਗੱਲ ਹੈ।” ਹਾਲੈਂਡ ਵਿਚ ਇਕ ਸੰਸਥਾ ਨੇ ਦੱਸਿਆ ਕਿ ਦੱਖਣੀ ਅਮਰੀਕਾ ਦੇ ਇਕ ਦੇਸ਼ ਵਿਚ 23 ਫੀ ਸਦੀ ਔਰਤਾਂ ਯਾਨੀ ਚੌਹਾਂ ਵਿੱਚੋਂ ਇਕ ਔਰਤ ਨੂੰ ਘਰ ਵਿਚ ਕੁੱਟਿਆ-ਮਾਰਿਆ ਜਾਂਦਾ ਹੈ। ਇਸੇ ਤਰ੍ਹਾਂ ਇਕ ਯੂਰਪੀ ਕਮੇਟੀ ਨੇ ਅੰਦਾਜ਼ਾ ਲਗਾਇਆ ਕਿ ਯੂਰਪ ਵਿਚ ਚੌਹਾਂ ਵਿੱਚੋਂ ਇਕ ਔਰਤ ਆਪਣੀ ਜ਼ਿੰਦਗੀ ਦੌਰਾਨ ਘਰੇਲੂ ਹਿੰਸਾ ਦੀ ਸ਼ਿਕਾਰ ਬਣੇਗੀ। ਇੰਗਲੈਂਡ ਦੀ ਸਰਕਾਰ ਦੀ ਇਕ ਰਿਪੋਰਟ ਮੁਤਾਬਕ ਇੰਗਲੈਂਡ ਅਤੇ ਵੇਲਜ਼ ਵਿਚ ਇਕ ਸਾਲ ਦੌਰਾਨ ਹਰ ਹਫ਼ਤੇ ਔਸਤਨ ਦੋ ਔਰਤਾਂ ਨੂੰ ਉਨ੍ਹਾਂ ਦੇ ਮੌਜੂਦਾ ਪਤੀ ਜਾਂ ਪਹਿਲੇ ਪਤੀ ਨੇ ਜਾਨੋਂ ਮਾਰਿਆ ਹੈ। ਇੰਡੀਆ ਟੂਡੇ ਇੰਟਰਨੈਸ਼ਨਲ ਰਸਾਲੇ ਵਿਚ ਲਿਖਿਆ ਗਿਆ ਕਿ “ਪੂਰੇ ਭਾਰਤ ਵਿਚ ਔਰਤਾਂ ਡਰ ਦੇ ਸਾਏ ਹੇਠ ਰਹਿੰਦੀਆਂ ਹਨ। ਉਨ੍ਹਾਂ ਦਾ ਬਲਾਤਕਾਰ ਕਿਸੇ ਵੀ ਕੋਨੇ, ਕਿਸੇ ਵੀ ਸੜਕ ਜਾਂ ਥਾਂ ਤੇ ਹੋ ਸਕਦਾ ਹੈ, ਭਾਵੇਂ ਦਿਨ ਹੋਵੇ ਜਾਂ ਰਾਤ।” ਐਮਨਸਟੀ ਇੰਟਰਨੈਸ਼ਨਲ ਸੰਸਥਾ ਨੇ ਕਿਹਾ ਕਿ ਔਰਤਾਂ ਤੇ ਕੁੜੀਆਂ ਉੱਤੇ ਜ਼ੁਲਮ “ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ।”

ਔਰਤਾਂ ਬਾਰੇ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ? ਇਸ ਸਵਾਲ ਦਾ ਜਵਾਬ ਅਗਲੇ ਲੇਖ ਵਿਚ ਦਿੱਤਾ ਜਾਵੇਗਾ। (g 1/08)