Skip to content

Skip to table of contents

ਗੈਬਾਨ ਜੰਗਲੀ ਜਾਨਵਰਾਂ ਲਈ ਪਨਾਹ

ਗੈਬਾਨ ਜੰਗਲੀ ਜਾਨਵਰਾਂ ਲਈ ਪਨਾਹ

ਗੈਬਾਨ ਜੰਗਲੀ ਜਾਨਵਰਾਂ ਲਈ ਪਨਾਹ

ਗੈਬਾਨ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਕੀ ਤੁਸੀਂ ਕਦੇ ਅਜਿਹਾ ਖੂਬਸੂਰਤ ਨਜ਼ਾਰਾ ਦੇਖਿਆ ਹੈ ਜਿੱਥੇ ਸਮੁੰਦਰ ਦੇ ਕੰਡੇ ਹਾਥੀ ਦਰਖ਼ਤਾਂ ਦੇ ਪੱਤੇ ਖਾਂਦੇ, ਦਰਿਆਈ ਘੋੜੇ ਤੈਰਦੇ, ਵ੍ਹੇਲ ਤੇ ਡਾਲਫਿਨ ਮੱਛੀਆਂ ਸਮੁੰਦਰ ਵਿਚ ਛਲਾਂਗਾਂ ਮਾਰਦੀਆਂ ਹੋਣ? ਅਫ਼ਰੀਕਾ ਦੇ ਤਟ ਤੇ ਲਗਭਗ 100 ਕਿਲੋਮੀਟਰ ਲੰਮੀਆਂ ਬੀਚਾਂ ਹਨ ਜਿੱਥੇ ਅਜਿਹੇ ਨਜ਼ਾਰੇ ਆਮ ਦੇਖਣ ਨੂੰ ਮਿਲਦੇ ਹਨ।

ਇਸ ਤਟਵਰਤੀ ਇਲਾਕੇ ਦੀ ਸੁੰਦਰਤਾ ਬਰਕਰਾਰ ਰੱਖਣ ਲਈ ਜ਼ਰੂਰੀ ਹੈ ਕਿ ਇਸ ਦੀ ਚੰਗੀ ਤਰ੍ਹਾਂ ਦੇਖ-ਭਾਲ ਕੀਤੀ ਜਾਵੇ। ਇਸੇ ਕਾਰਨ ਗੈਬਾਨ ਦੇ ਰਾਸ਼ਟਰਪਤੀ ਨੇ 4 ਸਤੰਬਰ 2002 ਨੂੰ ਐਲਾਨ ਕੀਤਾ ਕਿ ਗੈਬਾਨ ਦੀ 10 ਪ੍ਰਤਿਸ਼ਤ ਜ਼ਮੀਨ ਨੂੰ ਸਰਕਾਰੀ ਨਿਗਰਾਨੀ ਹੇਠ ਨੈਸ਼ਨਲ ਪਾਰਕਾਂ ਦਾ ਕਰਾਰ ਦਿੱਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਸਰਕਾਰ ਸਮੁੰਦਰੀ ਕੰਢਿਆਂ ਦੇ ਕੁਝ ਖ਼ਾਸ ਹਿੱਸਿਆਂ ਨੂੰ ਸਾਫ਼-ਸੁਥਰਾ ਰੱਖਣ ਦੀ ਜ਼ਿੰਮੇਵਾਰੀ ਚੁੱਕੇਗੀ।

ਇਹ ਲਗਭਗ 30,000 ਵਰਗ ਕਿਲੋਮੀਟਰ ਦੇ ਜੰਗਲੀ ਇਲਾਕੇ ਬੈਲਜੀਅਮ ਦੇਸ਼ ਦੇ ਖੇਤਰ ਦੇ ਬਰਾਬਰ ਹਨ। ਇਨ੍ਹਾਂ ਵਿਚ ਤੁਸੀਂ ਬਹੁਤ ਸ਼ਾਨਦਾਰ ਕੁਦਰਤੀ ਚੀਜ਼ਾਂ ਦੇਖ ਸਕਦੇ ਹੋ। ਗੈਬਾਨ ਦੇ ਰਾਸ਼ਟਰਪਤੀ ਓਮਾਰ ਬੋਨੰਗੋ ਓਂਡਿਮਬਾ ਨੇ ਕਿਹਾ: “ਗੈਬਾਨ ਅਜਿਹਾ ਇਲਾਕਾ ਬਣ ਸਕਦਾ ਹੈ ਜਿੱਥੇ ਧਰਤੀ ਦੇ ਚਾਰੇ ਕੋਨਿਆਂ ਤੋਂ ਲੋਕ ਇਸ ਦੇ ਕੁਦਰਤੀ ਨਜ਼ਾਰੇ ਦੇਖਣ ਆਉਣਗੇ।”

ਇਹ ਇਲਾਕੇ ਇੰਨੇ ਜ਼ਰੂਰੀ ਕਿਉਂ ਹਨ? ਗੈਬਾਨ ਦੀ 85 ਪ੍ਰਤਿਸ਼ਤ ਧਰਤੀ ਸੰਘਣੇ ਜੰਗਲਾਂ ਨਾਲ ਢਕੀ ਹੋਈ ਹੈ ਤੇ ਇਸ ਦੀ ਬਨਸਪਤੀ ਵਿੱਚੋਂ ਤਕਰੀਬਨ 20 ਪ੍ਰਤਿਸ਼ਤ ਤੁਹਾਨੂੰ ਹੋਰ ਕਿਤੇ ਨਹੀਂ ਮਿਲੇਗੀ। ਇਸ ਤੋਂ ਇਲਾਵਾ ਇਸ ਦੇ ਸੰਘਣੇ ਜੰਗਲ ਗੋਰਿਲਿਆਂ, ਚਿੰਪੈਂਜ਼ੀਆਂ ਤੇ ਜੰਗਲੀ ਹਾਥੀਆਂ ਲਈ ਰੱਖਿਆ-ਸਥਾਨ ਸਾਬਤ ਹੁੰਦੇ ਹਨ। ਅਜਿਹੇ ਹੋਰ ਵੀ ਕਈ ਕਿਸਮ ਦੇ ਜਾਨਵਰਾਂ ਨੂੰ ਇੱਥੇ ਪਨਾਹ ਮਿਲਦੀ ਹੈ ਜਿਨ੍ਹਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ। ਹਾਲ ਹੀ ਵਿਚ ਸਥਾਪਿਤ ਕੀਤੇ ਗਏ ਪਾਰਕਾਂ ਸਦਕਾ ਗੈਬਾਨ ਜਾਨਵਰਾਂ ਦੀ ਸਾਂਭ-ਸੰਭਾਲ ਕਰਨ ਵਿਚ ਸਭ ਤੋਂ ਅੱਵਲ ਦੇਸ਼ ਬਣ ਜਾਵੇਗਾ।

ਲੋਆਂਗੋ​—ਬੇਮਿਸਾਲ ਬੀਚ

ਜੇ ਤੁਸੀਂ ਜੰਗਲੀ ਜਾਨਵਰ ਦੇਖਣ ਦੇ ਚਾਹਵਾਨ ਹੋ, ਤਾਂ ਲੋਆਂਗੋ ਨੈਸ਼ਨਲ ਪਾਰਕ ਵਰਗੀ ਹੋਰ ਕੋਈ ਜਗ੍ਹਾ ਨਹੀਂ। ਇੱਥੇ ਤੁਹਾਨੂੰ ਕਈ-ਕਈ ਕਿਲੋਮੀਟਰ ਲੰਮੀਆਂ ਬੀਚਾਂ ਨਜ਼ਰ ਆਉਣਗੀਆਂ ਜਿਨ੍ਹਾਂ ਦੇ ਇਕ ਪਾਸੇ ਮਿੱਠੇ ਪਾਣੀ ਦੀਆਂ ਝੀਲਾਂ ਤੇ ਦੂਜੇ ਪਾਸੇ ਸੰਘਣੇ ਜੰਗਲ ਹਨ। ਪਰ ਲੋਆਂਗੋ ਦੀਆਂ ਬੀਚਾਂ ਨੂੰ ਇੱਥੇ ਦੇ ਜਾਨਵਰ ਵਿਲੱਖਣ ਬਣਾਉਂਦੇ ਹਨ। ਰੇਤ ਤੇ ਤੁਸੀਂ ਦਰਿਆਈ ਘੋੜੇ, ਜੰਗਲੀ ਹਾਥੀ, ਮੱਝਾਂ, ਚੀਤੇ ਅਤੇ ਗੋਰਿਲੇ ਦੇਖ ਸਕਦੇ ਹੋ।

ਜਾਨਵਰ ਇਨ੍ਹਾਂ ਬੀਚਾਂ ਵੱਲ ਖਿੱਚੇ ਕਿਉਂ ਚਲੇ ਆਉਂਦੇ ਹਨ? ਇੱਥੇ ਦੀਆਂ ਬੀਚਾਂ ਦੀ ਸਫ਼ੈਦ ਰੇਤ ਅਤੇ ਘਾਹ ਦੇ ਮੈਦਾਨਾਂ ਦੀ ਹਰਿਆਵਲ ਦੇਖ ਕੇ ਦਰਿਆਈ ਘੋੜੇ ਅਤੇ ਮੱਝਾਂ ਮੱਲੋ-ਮੱਲੀ ਇੱਧਰ ਚਲੇ ਆਉਂਦੇ ਹਨ। ਇਸ ਤੋਂ ਇਲਾਵਾ ਹਾਥੀਆਂ ਨੂੰ ਬੀਚ ਦੇ ਨਾਲ-ਨਾਲ ਲੱਗੇ ਇਕ ਕਿਸਮ ਦੇ ਪਾਮ ਦਰਖ਼ਤਾਂ ਦੇ ਫਲ ਉੱਨੇ ਹੀ ਪਸੰਦ ਹਨ ਜਿੰਨੀ ਬੱਚਿਆਂ ਨੂੰ ਆਈਸ-ਕ੍ਰੀਮ। ਪਰ ਸਭ ਤੋਂ ਵਧੀਆ ਗੱਲ ਜੋ ਜਾਨਵਰਾਂ ਨੂੰ ਭਾਉਂਦੀ ਹੈ ਇਹ ਹੈ ਕਿ ਇੱਥੇ ਸਿਰਫ਼ ਜਾਨਵਰ ਹੀ ਰਹਿੰਦੇ ਹਨ।

ਮਨੁੱਖੀ ਦਖ਼ਲਅੰਦਾਜ਼ੀ ਤੋਂ ਬਿਨਾਂ ਸਮੁੰਦਰੀ ਕੱਛੂਕੁੰਮੇ ਰੇਤ ਦੀਆਂ ਖੁੱਡਾਂ ਵਿਚ ਆਂਡੇ ਦੇਣ ਤੋਂ ਨਹੀਂ ਡਰਦੇ। ਮਧੂ-ਮੱਖੀ ਖਾਣ ਵਾਲੇ ਗੁਲਾਬੀ ਪੰਛੀਆਂ ਦੇ ਜੋੜੇ ਵੀ ਆਪਣੇ ਆਲ੍ਹਣੇ ਰੇਤ ਦੀਆਂ ਖੁੱਡਾਂ ਵਿਚ ਬਣਾਉਂਦੇ ਹਨ ਤੇ ਇਹ ਖੁੱਡਾਂ ਪਾਣੀ ਤੋਂ ਕੁਝ ਹੀ ਮੀਟਰ ਦੂਰ ਹੁੰਦੀਆਂ ਹਨ। ਗਰਮੀ ਦੀ ਰੁੱਤ ਵਿਚ ਇਕ ਹਜ਼ਾਰ ਤੋਂ ਜ਼ਿਆਦਾ ਹੰਪਬੈਕ ਵ੍ਹੇਲ ਮੱਛੀਆਂ ਮੇਲ ਕਰਨ ਇੱਥੇ ਇਕੱਠੀਆਂ ਹੁੰਦੀਆਂ ਹਨ।

ਲੋਆਂਗੋ ਬੀਚ ਅਤੇ ਸੰਘਣੇ ਜੰਗਲ ਦੇ ਦਰਮਿਆਨ ਦੋ ਵੱਡੀਆਂ-​ਵੱਡੀਆਂ ਝੀਲਾਂ ਹਨ ਜਿਨ੍ਹਾਂ ਵਿਚ ਮਗਰਮੱਛ ਅਤੇ ਦਰਿਆਈ ਘੋੜੇ ਮਸਤ ਰਹਿੰਦੇ ਹਨ। ਇਹ ਝੀਲਾਂ ਮੱਛੀਆਂ ਨਾਲ ਭਰੀਆਂ ਪਈਆਂ ਹਨ ਅਤੇ ਇਨ੍ਹਾਂ ਦੇ ਕਿਨਾਰੇ ਮੈਂਗ੍ਰੋਵ ਦਰਖ਼ਤ ਲਹਿਰਾਉਂਦੇ ਹਨ। ਮੱਛੀ ਖਾਣ ਵਾਲੇ ਅਫ਼ਰੀਕੀ ਉਕਾਬ ਅਤੇ ਬਾਜ਼ ਪੇਟ ਪੂਜਾ ਕਰਨ ਲਈ ਮੱਛੀਆਂ ਦੀ ਤਲਾਸ਼ ਵਿਚ ਪਾਣੀ ਦੇ ਉੱਪਰ ਇੱਧਰ-ਉੱਧਰ ਉੱਡਦੇ ਨਜ਼ਰ ਆਉਂਦੇ ਹਨ ਅਤੇ ਰੰਗ-ਬਰੰਗੇ ਕਿੰਗਫ਼ਿਸ਼ਰ ਪੰਛੀ ਘੱਟ ਡੂੰਘੀਆਂ ਥਾਵਾਂ ਵਿਚ ਆਪਣੇ ਸ਼ਿਕਾਰ ਭਾਲਦੇ ਹਨ। ਹਾਥੀ ਝਿਲਮਿਲ ਕਰਦੀਆਂ ਝੀਲਾਂ ਵਿਚ ਆਪਣਾ ਦਿਲ ਬਹਿਲਾਉਂਦੇ ਹਨ। ਉਹ ਪਾਣੀ ਵਿਚ ਤੈਰਦੇ ਹੋਏ ਬੀਚ ਤਕ ਪਹੁੰਚਦੇ ਹਨ ਜਿੱਥੇ ਉਨ੍ਹਾਂ ਨੂੰ ਆਪਣਾ ਮਨ-ਪਸੰਦ ਖਾਣਾ ਰੱਜ ਕੇ ਖਾਣ ਨੂੰ ਮਿਲਦਾ ਹੈ।

ਬਾਂਦਰ ਸੰਘਣੇ ਜੰਗਲ ਦੇ ਦਰਖ਼ਤਾਂ ਦੀਆਂ ਉਪਰਲੀਆਂ ਟਾਹਣੀਆਂ ਤੇ ਟਪੂਸੀਆਂ ਮਾਰਦੇ ਹਨ ਤੇ ਰੰਗ-ਬਰੰਗੀਆਂ ਤਿਤਲੀਆਂ ਧੁੱਪੇ ਮੰਡਲਾਉਂਦੀਆਂ ਹਨ। ਫਲ ਖਾਣ ਵਾਲੀਆਂ ਚਾਮਚੜਿੱਕਾਂ ਦਿਨ-ਭਰ ਆਪਣੇ ਮਨ-ਪਸੰਦ ਦਰਖ਼ਤਾਂ ਤੇ ਸੁੱਤੀਆਂ ਰਹਿੰਦੀਆਂ ਹਨ ਤੇ ਰਾਤ ਨੂੰ ਪੂਰੇ ਜੰਗਲ ਵਿਚ ਬੀਜ ਖਿਲਾਰਨ ਦਾ ਜ਼ਰੂਰੀ ਕੰਮ ਕਰਦੀਆਂ ਹਨ। ਜੰਗਲ ਦੇ ਕੰਢਿਆਂ ਤੇ ਇਕ ਪ੍ਰਕਾਰ ਦੇ ਗੂੰਜਣ ਵਾਲੇ ਚਮਕੀਲੇ ਪੰਛੀ ਰੁੱਖਾਂ ਤੇ ਝਾੜੀਆਂ ਦੇ ਫੁੱਲਾਂ ਵਿੱਚੋਂ ਰਸ ਚੂਸਦੇ ਹਨ। ਇਨ੍ਹਾਂ ਨਜ਼ਾਰਿਆਂ ਨੂੰ ਦੇਖ ਕੇ ਅਸੀਂ ਸਮਝ ਸਕਦੇ ਹਾਂ ਕਿ ਲੋਆਂਗੋ ਬਾਰੇ ਇਸ ਤਰ੍ਹਾਂ ਕਿਉਂ ਕਿਹਾ ਗਿਆ ਹੈ: “ਮੱਧ ਅਫ਼ਰੀਕਾ ਦੇ ਅਸਲੀ ਨਜ਼ਾਰੇ ਦਾ ਮਜ਼ਾ ਇੱਥੇ ਆ ਕੇ ਹੀ ਮਿਲਦਾ ਹੈ। ”

ਲੋਪੇ​—ਜਿੱਥੇ ਅਜੇ ਵੀ ਕਾਫ਼ੀ ਗੋਰਿਲੇ ਹਨ

ਲੋਪੇ ਨੈਸ਼ਨਲ ਪਾਰਕ ਦੇ ਕੁਝ ਹਿੱਸਿਆਂ ਵਿਚ ਅਜੇ ਇਨਸਾਨਾਂ ਨੇ ਪੈਰ ਵੀ ਨਹੀਂ ਰੱਖਿਆ। ਇਸ ਤੋਂ ਇਲਾਵਾ ਇਸ ਵਿਚ ਥਾਂ-ਥਾਂ ਘਾਹ ਦੇ ਗ਼ਲੀਚੇ ਵਿਛਾਏ ਹੋਏ ਹਨ ਅਤੇ ਪਾਰਕ ਦੇ ਉੱਤਰ ਵਿਚ ਛੱਪੜਾਂ ਦੇ ਆਲੇ-ਦੁਆਲੇ ਦਰਖ਼ਤ ਲੱਗੇ ਹੋਏ ਹਨ। ਕੁਦਰਤ ਦੇ ਨਜ਼ਾਰਿਆਂ ਦੇ ਪ੍ਰੇਮੀਆਂ ਲਈ ਇਸ ਤੋਂ ਵਧੀਆਂ ਜਗ੍ਹਾ ਨਹੀਂ ਹੋ ਸਕਦੀ ਜਿੱਥੇ ਤੁਸੀਂ ਕਿਸੇ ਚਿੜੀਆ-ਘਰ ਵਿਚ ਨਹੀਂ, ਪਰ ਘਣੇ ਜੰਗਲ ਵਿਚ ਗੋਰਿਲੇ, ਚਿੰਪੈਂਜ਼ੀ ਜਾਂ ਮੈਂਡਰਿਲ ਨਾਂ ਦੇ ਲੰਗੂਰ ਘੁੰਮਦੇ-ਫਿਰਦੇ ਦੇਖ ਸਕਦੇ ਹੋ। ਪਾਰਕ ਦੀ 5,000 ਵਰਗ ਕਿਲੋਮੀਟਰ ਰੱਖ ਵਿਚ 3,000 ਤੋਂ ਲੈ ਕੇ 5,000 ਦੀ ਗਿਣਤੀ ਵਿਚ ਗੋਰਿਲੇ ਰਹਿੰਦੇ ਹਨ।

ਔਗੁਸਟਾਂ ਪਹਿਲਾਂ ਇਸ ਪਾਰਕ ਦਾ ਸਰਕਾਰੀ ਕਰਮਚਾਰੀ ਹੋਇਆ ਕਰਦਾ ਸੀ। 2002 ਵਿਚ ਉਸ ਦਾ ਟਕਰਾ ਗੋਰਿਲਿਆਂ ਨਾਲ ਹੋਇਆ। ਉਹ ਘਟਨਾ ਉਸ ਨੂੰ ਅੱਜ ਵੀ ਯਾਦ ਹੈ ਜਿਸ ਬਾਰੇ ਉਹ ਕਹਿੰਦਾ ਹੈ: “ਜੰਗਲ ਵਿਚ ਸੈਰ ਕਰਦਿਆਂ ਮੈਨੂੰ ਚਾਰ ਗੋਰਿਲਿਆਂ ਦਾ ਪਰਿਵਾਰ ਮਿਲਿਆ। ਉਨ੍ਹਾਂ ਵਿਚਲਾ 35 ਕੁ ਸਾਲ ਦਾ ਕੋਠੇ ਜਿੱਡਾ ਚਿੱਟੀ ਪਿੱਠ ਵਾਲਾ ਨਰ ਗੋਰਿਲਾ ਮੇਰੇ ਮੋਹਰੇ ਆ ਕੇ ਖੜ੍ਹ ਗਿਆ। ਉਸ ਦਾ ਵਜ਼ਨ ਮੇਰੇ ਨਾਲੋਂ ਘਟੋ-ਘੱਟ ਤਿੰਨ ਗੁਣਾਂ ਜ਼ਿਆਦਾ ਸੀ। ਅਜਿਹੀ ਸਥਿਤੀ ਵਿਚ ਜਿੱਦਾਂ ਸਾਨੂੰ ਕਰਨ ਲਈ ਦੱਸਿਆ ਗਿਆ ਸੀ ਮੈਂ ਉੱਦਾਂ ਹੀ ਕੀਤਾ। ਮੈਂ ਨੀਵੀਂ ਪਾ ਕੇ ਇਕਦਮ ਬੈਠ ਗਿਆ ਤੇ ਜ਼ਮੀਨ ਤੋਂ ਨਜ਼ਰ ਉੱਪਰ ਨਹੀਂ ਚੁੱਕੀ। ਗੋਰਿਲਾ ਵੀ ਮੇਰੇ ਨਾਲ ਬੈਠ ਗਿਆ ਤੇ ਉਸ ਨੇ ਮੇਰੇ ਮੋਢਿਆਂ ਤੇ ਆਪਣਾ ਹੱਥ ਰੱਖਿਆ। ਫਿਰ ਉਹ ਮੇਰਾ ਹੱਥ ਫੜ ਕੇ ਮੇਰੀ ਹਥੇਲੀ ਨੂੰ ਧਿਆਨ ਨਾਲ ਦੇਖਣ ਲੱਗਾ। ਜਦ ਉਸ ਨੂੰ ਯਕੀਨ ਹੋ ਗਿਆ ਕਿ ਮੈਂ ਉਸ ਦੇ ਪਰਿਵਾਰ ਲਈ ਕੋਈ ਖ਼ਤਰਾ ਪੇਸ਼ ਨਹੀਂ ਕਰ ਰਿਹਾ, ਤਾਂ ਉਹ ਤੁਰਦਾ ਬਣਿਆ। ਉਸ ਦਿਨ ਤੋਂ ਮੈਂ ਜੰਗਲੀ ਜਾਨਵਰਾਂ ਨੂੰ ਉਨ੍ਹਾਂ ਦੇ ਕੁਦਰਤੀ ਘਰ ਵਿਚ ਦੇਖਣ ਲਈ ਉਤਾਵਲਾ ਹੋ ਗਿਆ। ਭਾਵੇਂ ਲੋਕ ਗੋਰਿਲਿਆਂ ਨੂੰ ਗੋਸ਼ਤ ਲਈ ਜਾਂ ਖ਼ਤਰਨਾਕ ਜਾਨਵਰ ਸਮਝ ਕੇ ਮਾਰ ਦਿੰਦੇ ਹਨ, ਪਰ ਸੱਚ ਇਹ ਹੈ ਕਿ ਗੋਰਿਲੇ ਕਿਸੇ ਦਾ ਕੁਝ ਨਹੀਂ ਵਿਗਾੜਦੇ ਤੇ ਸਾਨੂੰ ਇਨ੍ਹਾਂ ਦੀ ਰਖਵਾਲੀ ਕਰਨੀ ਚਾਹੀਦੀ ਹੈ। ”

ਲੋਪੇ ਨੈਸ਼ਨਲ ਪਾਰਕ ਵਿਚ ਕਦੇ-ਕਦੇ ਇਕ ਹਜ਼ਾਰ ਤੋਂ ਜ਼ਿਆਦਾ ਮੈਂਡਰਿਲ ਲੰਗੂਰ ਇਕੱਠੇ ਹੋ ਜਾਂਦੇ ਹਨ। ਦੁਨੀਆਂ ਵਿਚ ਹੋਰ ਕਿਤੇ ਵੀ ਇੰਨੇ ਬਾਂਦਰ ਇਕ ਜਗ੍ਹਾ ਇਕੱਠੇ ਨਹੀਂ ਹੁੰਦੇ। ਉਹ ਰਲ ਕੇ ਜੋ ਸ਼ੋਰਸ਼ਰਾਬਾ ਮਚਾਉਂਦੇ ਹਨ ਉਸ ਦਾ ਤਾਂ ਤੁਸੀਂ ਅੰਦਾਜ਼ਾ ਹੀ ਨਹੀਂ ਲੱਗਾ ਸਕਦੇ! ਕੈਮਰੂਨ ਦੇਸ਼ ਤੋਂ ਇਕ ਸੈਲਾਨੀ ਆਪਣੇ ਉਸ ਤਜਰਬੇ ਬਾਰੇ ਦੱਸਦਾ ਹੈ ਜਦ ਉਸ ਨੇ ਇਨ੍ਹਾਂ ਬਾਂਦਰਾਂ ਦੀ ਇਕ ਵੱਡੀ ਟੋਲੀ ਦੇਖੀ ਸੀ।

“ਇਨ੍ਹਾਂ ਬਾਂਦਰਾਂ ਵਿੱਚੋਂ ਕਈਆਂ ਦੇ ਗਲਿਆਂ ਦੁਆਲੇ ਟ੍ਰਾਂਸਮਿਟਰ ਵਾਲੇ ਕਾਲਰ ਬੰਨ੍ਹੇ ਗਏ ਸਨ ਜਿਨ੍ਹਾਂ ਰਾਹੀਂ ਉਨ੍ਹਾਂ ਬਾਰੇ ਦੂਰੋਂ ਜਾਣਕਾਰੀ ਰੱਖੀ ਜਾ ਸਕਦੀ ਸੀ। ਸਾਡੇ ਗਾਈਡ ਨੇ ਭਾਂਪ ਲਿਆ ਸੀ ਕਿ ਬਾਂਦਰਾਂ ਦਾ ਇਕ ਟੋਲਾ ਸਾਡੇ ਵੱਲ ਆ ਰਿਹਾ ਸੀ। ਅਸੀਂ ਜਲਦੀ-ਜਲਦੀ ਅੱਗੇ ਜਾ ਕੇ ਵਾੜ ਤਿਆਰ ਕਰ ਲਈ ਤਾਂਕਿ ਅਸੀਂ ਚੋਰੀ-ਛਿਪੇ ਉਨ੍ਹਾਂ ਦਾ ਇੰਤਜ਼ਾਰ ਕਰ ਸਕੀਏ। ਪਹਿਲਾਂ 20 ਕੁ ਮਿੰਟਾਂ ਵਾਸਤੇ ਅਸੀਂ ਕੀੜਿਆਂ-ਮਕੌੜਿਆਂ ਦੀਆਂ ਆਵਾਜ਼ਾਂ ਤੇ ਪੰਛੀਆਂ ਦਾ ਸੁਰੀਲਾ ਸੰਗੀਤ ਸੁਣਦੇ ਰਹੇ। ਪਰ ਫਿਰ ਮੈਂਡਰਿਲ ਲੰਗੂਰਾਂ ਦਾ ਟੋਲਾ ਨੇੜੇ ਆਇਆ ਅਤੇ ਉਸ ਨੇ ਸਾਰੀ ਸ਼ਾਂਤੀ ਭੰਗ ਕਰ ਦਿੱਤੀ। ਕੜਕ-ਕੜਕ ਟਾਹਣੀਆਂ ਦੇ ਟੁੱਟਣ ਦੀ ਆਵਾਜ਼ ਤੇ ਉੱਚੀ-ਉੱਚੀ ਰੌਲਾ ਪਾਉਂਦੇ ਲੰਗੂਰਾਂ ਤੋਂ ਇੰਜ ਜਾਪਦਾ ਸੀ ਜਿਵੇਂ ਕੋਈ ਵੱਡਾ ਤੂਫ਼ਾਨ ਆ ਰਿਹਾ ਹੋਵੇ। ਪਰ ਜਦ ਮੈਂ ਬਾਂਦਰਾਂ ਦੀ ਮੋਹਰਲੀ ਕਤਾਰ ਦੇਖੀ, ਤਾਂ ਉਹ ਇੰਜ ਲੱਗਦੇ ਸਨ ਜਿਵੇਂ ਕਿਸੇ ਫ਼ੌਜ ਨੇ ਆਪਣੇ ਗਾਰਡ ਅੱਗੇ ਭੇਜੇ ਹੋਣ। ਇਹ ਫ਼ੌਜੀਆਂ ਵਾਂਗ ਨਜ਼ਰ ਆਉਂਦੇ ਵੱਡੇ-ਵੱਡੇ ਬਾਂਦਰ ਫੁਰਤੀ ਨਾਲ ਤੁਰ ਕੇ ਟੋਲੇ ਦੀ ਅਗਵਾਈ ਕਰ ਰਹੇ ਸਨ। ਬਾਂਦਰੀਆਂ ਤੇ ਉਨ੍ਹਾਂ ਦੇ ਬੱਚੇ ਟਾਹਣੀਓਂ-ਟਾਹਣੀ ਟਪੂਸੀਆਂ ਮਾਰ ਕੇ ਜਾ ਰਹੇ ਸਨ। ਫਿਰ ਅਚਾਨਕ ਇਕ ਵੱਡਾ ਬਾਂਦਰ ਰੁਕਿਆ ਅਤੇ ਸ਼ੱਕੀ ਨਜ਼ਰ ਨਾਲ ਆਪਣੇ ਆਲੇ-ਦੁਆਲੇ ਦੇਖਣ ਲੱਗਾ। ਇਕ ਛੋਟੇ ਬਾਂਦਰ ਨੇ ਉੱਪਰੋਂ ਸਾਨੂੰ ਦੇਖ ਕੇ ਬਾਕੀਆਂ ਨੂੰ ਖ਼ਬਰਦਾਰ ਕਰ ਦਿੱਤਾ ਸੀ। ਫਿਰ ਪੂਰੇ ਦਾ ਪੂਰਾ ਟੋਲਾ ਤੇਜ਼ੀ ਨਾਲ ਭੱਜਣ ਲੱਗ ਪਿਆ। ਆਪਣਾ ਗੁੱਸਾ ਜ਼ਾਹਰ ਕਰਨ ਲਈ ਉਨ੍ਹਾਂ ਨੇ ਹੋਰ ਵੀ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ। ਇਹ ਸਭ ਕੁਝ ਮਿੰਟਾਂ ਵਿਚ ਹੀ ਹੋ ਗਿਆ। ਸਾਡੇ ਗਾਈਡ ਦੇ ਅੰਦਾਜ਼ੇ ਮੁਤਾਬਕ ਉਸ ਟੋਲੇ ਵਿਚ ਘੱਟੋ-ਘੱਟ 400 ਮੈਂਡਰਿਲ ਲੰਗੂਰ ਸਨ। ”

ਚਿੰਪੈਂਜ਼ੀ ਬਾਂਦਰ ਵੀ ਮੈਂਡਰਿਲ ਲੰਗੂਰਾਂ ਵਾਂਗ ਬਹੁਤ ਸ਼ੋਰਸ਼ਰਾਬਾ ਕਰਦੇ ਹਨ, ਪਰ ਚਿੰਪੈਂਜ਼ੀ ਦੇਖਣ ਨੂੰ ਘੱਟ ਮਿਲਦੇ ਹਨ ਕਿਉਂਕਿ ਉਹ ਖਾਣੇ ਦੀ ਤਲਾਸ਼ ਵਿਚ ਜੰਗਲ ਵਿੱਚੋਂ ਦਬਾ-ਦਬ ਲੰਘ ਜਾਂਦੇ ਹਨ। ਆਮ ਕਰਕੇ ਸੈਲਾਨੀਆਂ ਨੂੰ ਰਬੜ ਵਰਗੇ ਨੱਕ ਵਾਲੇ ਬਾਂਦਰ ਜੰਗਲ ਦੇ ਨਾਲ ਲੱਗਦੇ ਮੈਦਾਨਾਂ ਵਿਚ ਛਲਾਂਗਾਂ ਮਾਰਦੇ ਨਜ਼ਰ ਆਉਂਦੇ ਹਨ। ਲੋਪੇ ਦਾ ਸਭ ਤੋਂ ਲੁਕ-ਛਿਪ ਕੇ ਰਹਿਣ ਵਾਲਾ ਬਾਂਦਰ ਸੁਨਹਿਰੀ ਪੂਛ ਵਾਲਾ ਬਾਂਦਰ ਹੈ। ਲਗਭਗ 20 ਸਾਲ ਪਹਿਲਾਂ ਇਹ ਬਾਂਦਰ ਪਹਿਲੀ ਵਾਰ ਦੇਖਿਆ ਗਿਆ ਸੀ ਤੇ ਗੈਬਾਨ ਦੇ ਕੁਝ ਇਲਾਕਿਆਂ ਤੋਂ ਸਿਵਾਇ ਇਹ ਹੋਰ ਕਿਤੇ ਨਹੀਂ ਦੇਖਣ ਨੂੰ ਮਿਲਦਾ।

ਜੰਗਲ ਵਿਚ ਵੱਡੇ-ਵੱਡੇ ਪੰਛੀ ਵੀ ਰਹਿੰਦੇ ਹਨ। ਕਈਆਂ ਦੇ ਗੂੜ੍ਹੇ ਰੰਗ-ਬਰੰਗੇ ਖੰਭ, ਲੰਮੀਆਂ-ਲੰਮੀਆਂ ਪੂਛਾਂ ਹਨ ਤੇ ਕਈਆਂ ਦੀਆਂ ਸਿੰਗਾਂ ਵਰਗੀਆਂ ਚੁੰਝਾਂ ਹਨ। ਇਹ ਪੰਛੀ ਚੀਕ-ਚਿਹਾੜਾ ਪਾ ਕੇ ਜੰਗਲ ਵਿਚ ਦਾਖ਼ਲ ਹੁੰਦੇ ਹਨ। ਚਿੜੀਆਂ ਦੇਖਣ ਦੇ ਸ਼ੌਕੀਨਾਂ ਲਈ ਇਸ ਤੋਂ ਵਧੀਆ ਹੋਰ ਕੋਈ ਜਗ੍ਹਾ ਨਹੀਂ ਕਿਉਂਕਿ ਲੋਪੇ ਨੈਸ਼ਨਲ ਪਾਰਕ ਵਿਚ ਪੰਛੀਆਂ ਦੀਆਂ ਤਕਰੀਬਨ 400 ਕਿਸਮਾਂ ਰਿਕਾਰਡ ਕੀਤੀਆਂ ਗਈਆਂ ਹਨ।

ਹਰ ਕਿਸਮ ਦੇ ਪਸ਼ੂ-ਪੰਛੀ ਲਈ ਪਨਾਹ

ਲੋਆਂਗੋ ਅਤੇ ਲੋਪੇ ਗੈਬਾਨ ਦੇ 13 ਨੈਸ਼ਨਲ ਪਾਰਕਾਂ ਵਿੱਚੋਂ ਸਿਰਫ਼ ਦੋ ਹਨ। ਹੋਰਨਾਂ ਪਾਰਕਾਂ ਵਿਚ ਮੈਂਗ੍ਰੋਵ ਦਰਖ਼ਤਾਂ, ਨਿਰਾਲੇ ਬਿਰਛ-ਬੂਟਿਆਂ ਅਤੇ ਮੌਸਮੀ ਪੰਛੀਆਂ ਦੀ ਸੁਰੱਖਿਆ ਕੀਤੀ ਜਾਂਦੀ ਹੈ। ਜੰਗਲੀ-ਜੀਵਾਂ ਦੀ ਰੱਖਿਆ ਕਰਨ ਵਾਲੀ ਸੁਸਾਇਟੀ ਦੇ ਇਕ ਮੈਂਬਰ ਦਾ ਕਹਿਣਾ ਹੈ: “ਗੈਬਾਨ ਨੇ ਜੰਗਲੀ-ਜੀਵਾਂ ਦੀ ਸਭ ਤੋਂ ਵਧੀਆ ਸਾਂਭ-ਸੰਭਾਲ ਕੀਤੀ ਹੈ। ਗੱਲ ਸਿਰਫ਼ ਚੋਖੀ ਜਗ੍ਹਾ ਦੀ ਨਹੀਂ, ਸਗੋਂ ਇਹ ਹੈ ਕਿ ਉਹ ਵਧੀਆ ਜਗ੍ਹਾ ਹੈ। ਸਾਲ 2002 ਵਿਚ ਗੈਬਾਨ ਨੇ ਤਕਰੀਬਨ ਰਾਤੋ-ਰਾਤ ਹੀ ਅਜਿਹੇ ਨੈਸ਼ਨਲ ਪਾਰਕ ਸਥਾਪਿਤ ਕਰਨ ਦਾ ਪ੍ਰੋਗ੍ਰਾਮ ਸ਼ੁਰੂ ਕਰ ਦਿੱਤਾ ਜਿਸ ਵਿਚ ਹਰ ਕਿਸਮ ਦੇ ਪਸ਼ੂ-ਪੰਛੀ ਅਤੇ ਬਿਰਛ-ਬੂਟੇ ਦੀ ਰੱਖਿਆ ਕੀਤੀ ਜਾਣੀ ਸੀ। ”

ਰਾਸ਼ਟਰਪਤੀ ਬੋਨੰਗੋ ਓਂਡਿਮਬਾ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਅਜੇ ਹੋਰ ਵੀ ਕਈ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਵੇਗਾ। ਪਰ ਉਸ ਦਾ ਕਹਿਣਾ ਹੈ: “ਇਹ ਕੰਮ ਦੁਨੀਆਂ ਭਰ ਵਿਚ ਕੀਤੇ ਜਾਣ ਦੀ ਲੋੜ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਕੁਦਰਤ ਦੇ ਇਨ੍ਹਾਂ ਨਜ਼ਾਰਿਆਂ ਨੂੰ ਦੇਖ ਸਕਣ, ਤਾਂ ਸਾਨੂੰ ਕੁਰਬਾਨੀਆਂ ਤਾਂ ਕਰਨੀਆਂ ਪੈਣਗੀਆਂ ਹੀ, ਚਾਹੇ ਇਹ ਲੰਬੇ ਸਮੇਂ ਲਈ ਹੋਣ ਜਾਂ ਥੋੜ੍ਹੇ ਸਮੇਂ ਲਈ। ” (g 1/08)

[ਸਫ਼ਾ 17 ਉੱਤੇ ਨਕਸ਼ੇ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਅਫ਼ਰੀਕਾ

ਗੈਬਾਨ

ਗੈਬਾਨ ਵਿਚ 13 ਨੈਸ਼ਨਲ ਪਾਰਕ ਹਨ

ਲੋਪੇ ਨੈਸ਼ਨਲ ਪਾਰਕ

ਲੋਆਂਗੋ ਨੈਸ਼ਨਲ ਪਾਰਕ

[ਸਫ਼ੇ 16, 17 ਉੱਤੇ ਤਸਵੀਰਾਂ]

ਹੰਪਬੈਕ ਵ੍ਹੇਲ ਮੱਛੀ ਅਤੇ ਲੋਆਂਗੋ ਦਾ ਆਕਾਸ਼ੀ ਦ੍ਰਿਸ਼

[ਕ੍ਰੈਡਿਟ ਲਾਈਨ]

Whale: Wildlife Conservation Society

[ਸਫ਼ੇ 16, 17 ਉੱਤੇ ਤਸਵੀਰਾਂ]

ਖੱਬੇ ਪਾਸੇ ਮੈਂਡਰਿਲ ਲੰਗੂਰ ਅਤੇ ਸੱਜੇ ਪਾਸੇ ਗੋਰਿਲਾ

[ਸਫ਼ਾ 15 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Robert J. Ross