Skip to content

Skip to table of contents

ਚਰਨੋਬਲ ਦਾ ਅੱਖੀਂ ਡਿੱਠਾ ਹਾਲ

ਚਰਨੋਬਲ ਦਾ ਅੱਖੀਂ ਡਿੱਠਾ ਹਾਲ

ਚਰਨੋਬਲ ਦਾ ਅੱਖੀਂ ਡਿੱਠਾ ਹਾਲ

ਯੂਕਰੇਨ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਅੱਜ ਤੋਂ 20 ਸਾਲ ਪਹਿਲਾਂ ਚਰਨੋਬਲ ਨਿਊਕਲੀ ਪਾਵਰ ਪਲਾਂਟ ਵਿਚ ਵਾਪਰੀ ਦੁਰਘਟਨਾ ਇਨਸਾਨੀ ਇਤਿਹਾਸ ਦਾ ਸਭ ਤੋਂ ਭਿਆਨਕ ਨਿਊਕਲੀ ਹਾਦਸਾ ਸੀ। ਸੰਨ 1986 ਦੀ 26 ਅਪ੍ਰੈਲ ਨੂੰ ਇਸ ਨਿਊਕਲੀ-ਘਰ ਵਿਚ ਚਾਰ ਰੀਐਕਟਰਾਂ ਵਿੱਚੋਂ ਇਕ ਰੀਐਕਟਰ ਦੇ ਪਿਘਲ ਜਾਣ ਕਰਕੇ ਆਸੇ-ਪਾਸੇ ਦਾ ਸਾਰਾ ਇਲਾਕਾ ਰੇਡੀਏਸ਼ਨ ਨਾਲ ਪ੍ਰਦੂਸ਼ਿਤ ਹੋ ਗਿਆ ਸੀ। ਅਕਸਰ ਇਨਸਾਨਾਂ ਦੀਆਂ ਗ਼ਲਤੀਆਂ ਕਾਰਨ ਆਉਂਦੀਆਂ ਆਫ਼ਤਾਂ ਜਾਂ ਕੁਦਰਤੀ ਆਫ਼ਤਾਂ ਤੋਂ ਬਾਅਦ ਲੋਕ ਆਪਣੇ ਸ਼ਹਿਰਾਂ ਜਾਂ ਘਰਾਂ ਨੂੰ ਨਵੇਂ ਸਿਰਿਓਂ ਉਸਾਰਦੇ ਹਨ ਅਤੇ ਜ਼ਿੰਦਗੀ ਆਮ ਵਾਂਗ ਚੱਲਦੀ ਰਹਿੰਦੀ ਹੈ। ਪਰ ਚਰਨੋਬਲ ਵਿਚ ਹੋਈ ਨਿਊਕਲੀ ਦੁਰਘਟਨਾ ਨੇ ਅਜਿਹਾ ਕਹਿਰ ਢਾਹਿਆ ਕਿ ਇਸ ਇਲਾਕੇ ਵਿਚ ਮੁੜ ਜਾਨ ਨਹੀਂ ਪਈ।

ਇਸ ਨਿਊਕਲੀ ਪਾਵਰ ਪਲਾਂਟ ਨਾਲ ਲੱਗਦੇ ਕਸਬਿਆਂ ਨੂੰ ਛੱਡ ਚੁੱਕੇ ਲੋਕ ਪਿਛਲੇ ਕੁਝ ਸਾਲਾਂ ਤੋਂ ਹਰ ਸਾਲ 9 ਮਈ ਨੂੰ ਆਪਣੇ ਘਰਾਂ ਨੂੰ ਦੇਖਣ ਆਉਂਦੇ ਰਹੇ ਹਨ। ਕਦੇ-ਕਦੇ ਉਨ੍ਹਾਂ ਦੇ ਦੋਸਤ ਤੇ ਰਿਸ਼ਤੇਦਾਰ ਵੀ ਉਨ੍ਹਾਂ ਦੇ ਨਾਲ ਆਉਂਦੇ ਹਨ। ਕੁਝ ਲੋਕ ਸਾਲ ਦੇ ਹੋਰ ਦਿਨਾਂ ਤੇ ਆਪਣੇ ਸਾਕ-ਸੰਬੰਧੀਆਂ ਦੇ ਅੰਤਿਮ-ਸੰਸਕਾਰ ਕਰਨ ਲਈ ਇੱਥੇ ਆਉਂਦੇ ਹਨ। ਇਸ ਤੋਂ ਇਲਾਵਾ, ਸਾਇੰਸਦਾਨ ਵੀ ਰੇਡੀਏਸ਼ਨ ਦੇ ਅਸਰਾਂ ਦੀ ਜਾਂਚ ਕਰਨ ਲਈ ਆਉਂਦੇ ਹਨ। ਹਾਲ ਹੀ ਵਿਚ ਯੂਕਰੇਨ ਦੀਆਂ ਟੂਰਿਜ਼ਮ ਕੰਪਨੀਆਂ ਨੇ ਲੋਕਾਂ ਨੂੰ ਇਸ ਘਟਨਾ ਸਥਾਨ ਦੀ ਇਕ-ਦਿਨਾ ਸੈਰ ਕਰਾਉਣ ਦੇ ਵੀ ਪ੍ਰਬੰਧ ਕੀਤੇ ਹਨ।

ਜੂਨ 2005 ਵਿਚ ਦ ਨਿਊਯਾਰਕ ਟਾਈਮਜ਼ ਅਖ਼ਬਾਰ ਦੇ ਪਹਿਲੇ ਸਫ਼ੇ ਤੇ ਪ੍ਰਿਪੇਤ ਸ਼ਹਿਰ ਦੀ ਸੈਰ ਕਰਨ ਬਾਰੇ ਲੇਖ ਛਪਿਆ ਸੀ। ਉਸ ਵਿਚ ਲਿਖਿਆ ਸੀ ਕਿ ਟੂਰ ਗਾਈਡ ਸੈਲਾਨੀਆਂ ਨੂੰ ਇਸ ਸ਼ਹਿਰ ਦੀ ਸੈਰ ਕਰਾਏਗਾ ਅਤੇ ਇੱਥੇ “ਸੈਲਾਨੀਆਂ ਦੀ ਸਿਹਤ ਨੂੰ ਕੋਈ ਖ਼ਤਰਾ ਨਹੀਂ ਹੋਵੇਗਾ।” * ਪ੍ਰਿਪੇਤ ਸ਼ਹਿਰ 1970 ਦੇ ਦਹਾਕੇ ਵਿਚ ਵਸਾਇਆ ਗਿਆ ਸੀ ਜਿਸ ਦੀ ਵਸੋਂ ਤਕਰੀਬਨ 45,000 ਸੀ। ਇਹ ਸ਼ਹਿਰ ਨਿਊਕਲੀ ਪਾਵਰ ਪਲਾਂਟ ਤੋਂ ਲਗਭਗ ਤਿੰਨ ਕਿਲੋਮੀਟਰ ਦੂਰ ਹੈ। ਪਰ ਨਿਊਕਲੀ ਹਾਦਸੇ ਤੋਂ ਬਾਅਦ ਦੂਜੇ ਕਈ ਸ਼ਹਿਰਾਂ ਦੇ ਨਾਲ-ਨਾਲ ਇਸ ਸ਼ਹਿਰ ਨੂੰ ਵੀ ਖਾਲੀ ਕਰ ਦਿੱਤਾ ਗਿਆ ਸੀ। ਰੇਡੀਓ-ਐਕਟਿਵ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਇਨ੍ਹਾਂ ਸਾਰੇ ਸ਼ਹਿਰਾਂ ਤੇ ਕਸਬਿਆਂ ਵਿਚ ਆਉਣ ਦੀ ਮਨਾਹੀ ਸੀ। ਇਸ ਨਿਊਕਲੀ ਦੁਰਘਟਨਾ ਵੇਲੇ ਐਨਾ ਤੇ ਵਿਕਟਰ ਰੁਡਨਿਕ ਨੂੰ ਪ੍ਰਿਪੇਤ ਸ਼ਹਿਰ ਵਿਚ ਰਹਿੰਦਿਆਂ ਲਗਭਗ ਇਕ ਸਾਲ ਹੋ ਚੁੱਕਾ ਸੀ। *

ਚਰਨੋਬਲ ਪ੍ਰਿਪੇਤ ਨਾਲੋਂ ਕਾਫ਼ੀ ਛੋਟਾ ਹੈ। ਇਹ ਨਿਊਕਲੀ ਪਾਵਰ ਪਲਾਂਟ ਤੋਂ ਲਗਭਗ 15 ਕਿਲੋਮੀਟਰ ਦੂਰ ਹੈ। ਇਸ ਕਸਬੇ ਦੇ ਵਸਨੀਕਾਂ ਨੂੰ ਪਿਛਲੇ ਕੁਝ ਸਾਲਾਂ ਤੋਂ ਸਾਲ ਵਿਚ ਇਕ ਵਾਰ ਇੱਥੇ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਚਰਨੋਬਲ ਅਸਲ ਵਿਚ ਰੁਡਨਿਕ ਪਰਿਵਾਰ ਦਾ ਜੱਦੀ ਸ਼ਹਿਰ ਹੈ, ਇਸ ਲਈ ਉਹ ਪਿਛਲੇ ਕੁਝ ਸਾਲਾਂ ਦੌਰਾਨ ਚਰਨੋਬਲ ਕਸਬੇ ਦਾ ਕਈ ਵਾਰ ਦੌਰਾ ਕਰ ਚੁੱਕੇ ਹਨ। ਕੁਝ ਸਾਲ ਪਹਿਲਾਂ ਜਦੋਂ ਮੈਂ ਤੇ ਮੇਰੀ ਪਤਨੀ ਉਨ੍ਹਾਂ ਨੂੰ ਮਿਲਣ ਗਏ, ਤਾਂ ਅਸੀਂ ਵੀ ਉਨ੍ਹਾਂ ਦੇ ਨਾਲ ਚਰਨੋਬਲ ਗਏ। ਆਓ ਮੈਂ ਤੁਹਾਨੂੰ ਉਸ ਦੌਰੇ ਬਾਰੇ ਦੱਸਾਂ।

ਤਬਾਹੀ ਦੀ ਦਾਸਤਾਨ

ਸਾਡਾ ਸਫ਼ਰ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਸ਼ੁਰੂ ਹੋਇਆ। ਉੱਤਰ ਵੱਲ ਜਾਂਦਿਆਂ ਅਸੀਂ ਰਾਹ ਵਿਚ ਕਈ ਛੋਟੇ-ਛੋਟੇ ਕਸਬਿਆਂ ਵਿੱਚੋਂ ਦੀ ਲੰਘੇ। ਸੜਕਾਂ ਦੇ ਦੋਵੇਂ ਪਾਸੇ ਸੋਹਣੇ-ਸੋਹਣੇ ਘਰ ਸਨ ਅਤੇ ਘਰਾਂ ਦੇ ਬਗ਼ੀਚੇ ਫੁੱਲਾਂ ਨਾਲ ਸਜੇ ਸਨ। ਲੋਕਾਂ ਨੇ ਆਪਣੇ ਘਰ ਸਬਜ਼ੀਆਂ ਵੀ ਲਗਾਈਆਂ ਹੋਈਆਂ ਸਨ। ਸੜਕਾਂ ਦੇ ਦੋਨੋਂ ਪਾਸੇ ਜਿੱਥੋਂ ਤਕ ਨਜ਼ਰ ਜਾਂਦੀ ਸੀ, ਬਸ ਮੱਕੀ, ਕਣਕ ਤੇ ਸੂਰਜਮੁਖੀ ਦੇ ਖੇਤ ਹੀ ਲਹਿਰਾਉਂਦੇ ਨਜ਼ਰ ਆਉਂਦੇ ਸਨ।

ਪਰ ਕੁਝ ਸਮੇਂ ਬਾਅਦ ਅਸੀਂ ਇਕ ਅਣਦੇਖੀ ਸਰਹੱਦ ਪਾਰ ਕਰ ਗਏ। ਇਸ ਸਰਹੱਦ ਦੇ ਪਾਰ ਇਕ ਸਮੇਂ ਤੇ ਘੁੱਗ ਵੱਸਦੇ ਸ਼ਹਿਰ ਹੁਣ ਸੁੰਨਸਾਨ ਤੇ ਵਿਰਾਨ ਹੋ ਚੁੱਕੇ ਸਨ। ਇਨ੍ਹਾਂ ਕਸਬਿਆਂ ਵਿਚ ਢਹਿ-ਢੇਰੀ ਹੋ ਰਹੇ ਘਰਾਂ ਦੇ ਦਰਵਾਜ਼ਿਆਂ ਤੇ ਤਾਲੇ ਲੱਗੇ ਸਨ। ਵਿਹੜੇ ਤੇ ਬਗ਼ੀਚੇ ਝਾੜੀਆਂ ਨੇ ਮੱਲ ਲਏ ਸਨ।

ਨਿਊਕਲੀ ਰੀਐਕਟਰਾਂ ਤੋਂ ਲਗਭਗ 30 ਕਿਲੋਮੀਟਰ ਦੀ ਦੂਰੀ ਤਕ ਪੂਰੇ ਇਲਾਕੇ ਨੂੰ ਖ਼ਤਰਨਾਕ ਕਰਾਰ ਦਿੱਤਾ ਗਿਆ ਹੈ। ਜਦੋਂ ਅਸੀਂ ਇਸ ਇਲਾਕੇ ਵਿਚ ਦਾਖ਼ਲ ਹੋਏ, ਤਾਂ ਐਨਾ ਨੇ ਸਾਨੂੰ ਦੱਸਿਆ ਕਿ “ਇਸ ਖੇਤਰ ਵਿਚ ਪੈਂਦੇ ਸਾਰੇ ਕਸਬਿਆਂ ਵਿਚ ਰੇਡੀਏਸ਼ਨ ਦੀ ਮਾਤਰਾ ਬਹੁਤ ਜ਼ਿਆਦਾ ਹੈ। ਇੱਥੇ ਦੇ ਪਿੰਡਾਂ ਤੇ ਕਸਬਿਆਂ ਵਿਚ ਪਹਿਲਾਂ 1,50,000 ਤੋਂ ਜ਼ਿਆਦਾ ਲੋਕ ਰਹਿੰਦੇ ਸਨ, ਪਰ ਨਿਊਕਲੀ ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਘਰ ਛੱਡ ਕੇ ਰੂਸ ਦੀਆਂ ਵੱਖ-ਵੱਖ ਥਾਵਾਂ ਵਿਚ ਜਾ ਕੇ ਵੱਸਣਾ ਪਿਆ।”

ਥੋੜ੍ਹੀ ਦੂਰ ਅੱਗੇ ਜਾ ਕੇ ਅਸੀਂ ਇਕ ਹੋਰ ਇਲਾਕੇ ਵਿਚ ਪਹੁੰਚੇ ਜੋ ਕੰਡੇਦਾਰ ਤਾਰਾਂ ਦੀ ਉੱਚੀ ਵਾੜ ਨਾਲ ਘਿਰਿਆ ਹੋਇਆ ਸੀ। ਸੜਕ ਦੇ ਇਕ ਪਾਸੇ ਲੱਕੜ ਦੀ ਬਣੀ ਇਕ ਪੁਲਸ ਚੌਕੀ ਸੀ ਅਤੇ ਸਿਪਾਹੀ ਆਉਣ-ਜਾਣ ਵਾਲਿਆਂ ਦੇ ਕਾਗਜ਼ਾਤ ਦੇਖ ਰਹੇ ਸਨ। ਸਾਡੇ ਪਾਸਪੋਰਟ ਚੈੱਕ ਕਰਨ ਅਤੇ ਗੱਡੀ ਦਾ ਨੰਬਰ ਨੋਟ ਕਰਨ ਮਗਰੋਂ ਇਕ ਸਿਪਾਹੀ ਨੇ ਗੇਟ ਖੋਲ੍ਹ ਦਿੱਤਾ।

ਅਸੀਂ ਹੁਣ ਪਾਬੰਦੀਸ਼ੁਦਾ ਇਲਾਕੇ ਵਿਚ ਆ ਗਏ ਸੀ। ਸੜਕ ਦੇ ਦੋਨੋਂ ਪਾਸੇ ਹਰੇ-ਭਰੇ ਦਰਖ਼ਤ ਅਤੇ ਚਾਰੇ ਪਾਸੇ ਘਣਾ ਜੰਗਲ ਸੀ। ਇਹ ਦੇਖ ਕੇ ਮੈਨੂੰ ਕਾਫ਼ੀ ਹੈਰਾਨੀ ਹੋਈ ਕਿਉਂਕਿ ਮੈਂ ਸੋਚਿਆ ਸੀ ਕਿ ਰੇਡੀਏਸ਼ਨ ਨੇ ਚਰਨੋਬਲ ਦੀ ਹਰਿਆਲੀ ਨੂੰ ਨਿਗਲ ਲਿਆ ਹੋਣਾ। ਸਾਮ੍ਹਣੇ ਅਸੀਂ ਇੱਟਾਂ ਦਾ ਬਣਿਆ ਇਕ ਸਫ਼ੈਦ ਰੰਗ ਦਾ ਸਾਈਨ ਦੇਖਿਆ ਜਿਸ ਉੱਤੇ ਨੀਲੇ ਅੱਖਰਾਂ ਵਿਚ ਚਰਨੋਬਲ ਲਿਖਿਆ ਹੋਇਆ ਸੀ।

ਚਰਨੋਬਲ ਦੀ ਸਰਹੱਦ ਤੇ ਦਵਾਈਆਂ ਦੀ ਇਕ ਦੁਕਾਨ ਸੀ। ਵਿਕਟਰ ਦੀ ਮਾਂ ਇਕ ਸਮੇਂ ਇੱਥੇ ਕੰਮ ਕਰਿਆ ਕਰਦੀ ਸੀ। ਦੁਕਾਨ ਦੀ ਧੂੜ ਭਰੀ ਬਾਰੀ ਤੇ ਅਜੇ ਵੀ ਇਕ ਸਾਈਨ-ਬੋਰਡ ਲੱਗਾ ਸੀ ਜਿਸ ਤੇ ਦੁਕਾਨ ਖੁੱਲ੍ਹਣ ਦਾ ਸਮਾਂ ਲਿਖਿਆ ਹੋਇਆ ਸੀ। ਸ਼ਹਿਰ ਦੀ ਸੈਂਟ੍ਰਲ ਪਾਰਕ ਦੇ ਨੇੜੇ ਇਕ ਇਮਾਰਤ ਸੀ ਜਿੱਥੇ ਪਹਿਲਾਂ ਸਭਿਆਚਾਰਕ ਪ੍ਰੋਗ੍ਰਾਮ ਹੋਇਆ ਕਰਦੇ ਸਨ। ਐਨਾ ਨੂੰ ਉਹ ਦਿਨ ਯਾਦ ਆਏ ਜਦੋਂ ਉਹ ਤੇ ਹੋਰ ਲੋਕ ਕੰਮ ਤੋਂ ਬਾਅਦ ਇੱਥੇ ਵੱਖ-ਵੱਖ ਕਲਾਕਾਰਾਂ ਦੀ ਕਲਾ ਦਾ ਆਨੰਦ ਮਾਣਨ ਆਉਂਦੇ ਸਨ। ਨੇੜੇ ਹੀ “ਯੂਕ੍ਰਾਈਨਾ” ਨਾਂ ਦਾ ਸਿਨਮਾ-ਘਰ ਸੀ ਜਿੱਥੇ ਬੱਚੇ ਨਵੀਆਂ ਫ਼ਿਲਮਾਂ ਦੇਖਣ ਲਈ ਆਉਂਦੇ ਸਨ ਅਤੇ ਬਾਹਰ ਵਰਦੀ ਕਹਿਰਾਂ ਦੀ ਗਰਮੀ ਤੋਂ ਰਾਹਤ ਪਾਉਂਦੇ ਸਨ। ਉਸ ਸਮੇਂ ਪੂਰਾ ਥੀਏਟਰ ਬੱਚਿਆਂ ਦੇ ਹਾਸੇ ਨਾਲ ਗੂੰਜ ਉੱਠਦਾ ਸੀ। ਪਰ ਹੁਣ ਇੱਥੇ ਸਿਰਫ਼ ਸੰਨਾਟਾ ਹੀ ਸੰਨਾਟਾ ਸੀ। ਸਿਨਮਾ-ਘਰ ਤੋਂ ਥੋੜ੍ਹੀ ਦੂਰੀ ਤੇ ਐਨਾ ਤੇ ਵਿਕਟਰ ਦਾ ਜੱਦੀ ਘਰ ਸੀ। ਦਰਖ਼ਤਾਂ ਦੀਆਂ ਟਾਹਣੀਆਂ ਵਧ ਜਾਣ ਕਰਕੇ ਮੁਹਰਲੇ ਦਰਵਾਜ਼ੇ ਦਾ ਰਾਹ ਰੁਕ ਗਿਆ ਸੀ, ਇਸ ਲਈ ਅਸੀਂ ਇਕ-ਇਕ ਕਰ ਕੇ ਝਾੜੀਆਂ ਵਿੱਚੋਂ ਦੀ ਰਾਹ ਬਣਾਉਂਦੇ ਹੋਏ ਪਿਛਲੇ ਪਾਸਿਓਂ ਘਰ ਵਿਚ ਦਾਖ਼ਲ ਹੋਏ। ਅਸੀਂ ਦੀਵਾਰ ਵਿਚ ਪਏ ਵੱਡੇ ਸਾਰੇ ਪਾੜ ਵਿੱਚੋਂ ਅੰਦਰ ਵੜੇ।

ਘਰ ਦਾ ਅੰਦਰਲਾ ਨਜ਼ਾਰਾ ਨਿਰੀ ਤਬਾਹੀ ਦੀ ਤਸਵੀਰ ਸੀ। ਇਕ ਟੁੱਟੇ ਹੋਏ ਮੰਜੇ ਤੇ ਉੱਲੀ ਲੱਗਾ ਗੱਦਾ ਪਿਆ ਸੀ। ਦੀਵਾਰਾਂ ਤੇ ਲੱਗਾ ਵਾਲ-ਪੇਪਰ ਲੀਰੋ-ਲੀਰ ਹੋ ਕੇ ਕਈ ਥਾਵਾਂ ਤੋਂ ਲਟਕ ਰਿਹਾ ਸੀ। ਐਨਾ ਨੇ ਮਲਬੇ ਵਿੱਚੋਂ ਇਕ ਪੁਰਾਣੀ ਫੋਟੋ ਚੁੱਕੀ ਅਤੇ ਬੜੀ ਉਦਾਸ ਆਵਾਜ਼ ਨਾਲ ਕਿਹਾ: ‘ਮੈਂ ਹਮੇਸ਼ਾ ਸੋਚਦੀ ਹੁੰਦੀ ਸੀ ਕਿ ਇਹ ਸਿਰਫ਼ ਇਕ ਭੈੜਾ ਸੁਪਨਾ ਹੀ ਸੀ ਅਤੇ ਅੱਖ ਖੁੱਲ੍ਹਣ ਤੇ ਮੈਂ ਆਪਣਾ ਘਰ ਪਹਿਲਾਂ ਵਾਂਗ ਹੀ ਖ਼ੁਸ਼ੀਆਂ-ਖੇੜਿਆਂ ਨਾਲ ਭਰਿਆ ਹੋਇਆ ਪਾਵਾਂਗੀ। ਆਪਣੇ ਘਰ ਨੂੰ ਇੰਜ ਢਹਿ-ਢੇਰੀ ਹੋਇਆ ਦੇਖ ਕੇ ਮੇਰਾ ਦਿਲ ਰੋ ਪੈਂਦਾ ਹੈ। ਘਰ ਦਾ ਸਾਰਾ ਸਾਮਾਨ ਵੀ ਕਦੋਂ ਦਾ ਚੋਰੀ ਹੋ ਚੁੱਕਾ ਹੈ!’

ਐਨਾ ਤੇ ਵਿਕਟਰ ਦੇ ਜੱਦੀ ਘਰ ਤੋਂ ਅਸੀਂ ਅੱਗੇ ਗਏ। ਸੜਕ ਦੇ ਇਕ ਮੋੜ ਤੇ ਕਈ ਲੋਕ ਆਪਸ ਵਿਚ ਬੜੇ ਜੋਸ਼ ਨਾਲ ਗੱਲਾਂ ਕਰ ਰਹੇ ਸਨ। ਅੱਧੇ ਕਿਲੋਮੀਟਰ ਦੇ ਫ਼ਾਸਲੇ ਤੋਂ ਬਾਅਦ ਸੜਕ ਇਕ ਪਾਰਕ ਤੇ ਜਾ ਕੇ ਖ਼ਤਮ ਹੋ ਗਈ। ਪਾਰਕ ਵਿਚ ਚੈਸਟਨਟ ਦਰਖ਼ਤਾਂ ਦੇ ਚਿੱਟੇ ਫੁੱਲ ਹਵਾ ਵਿਚ ਲਹਿਲਹਾ ਰਹੇ ਸਨ। ਪਾਰਕ ਦੇ ਇਕ ਪਾਸੇ ਸਿੱਧੀ ਢਲਾਣ ਤੇ ਪੌੜੀਆਂ ਬਣੀਆਂ ਹੋਈਆਂ ਸਨ ਜੋ ਕਿ ਇਕ ਸ਼ਾਂਤ ਨਦੀ ਨੂੰ ਉਤਰਦੀਆਂ ਸਨ। ਸਾਲ 1986 ਵਿਚ ਇਨ੍ਹਾਂ ਪੌੜੀਆਂ ਤੇ ਸੈਂਕੜੇ ਲੋਕ ਖੜ੍ਹੇ ਸਨ ਜੋ ਚਰਨੋਬਲ ਤੋਂ ਭੱਜਣ ਲਈ ਕਿਸ਼ਤੀ ਦੀ ਉਡੀਕ ਕਰ ਰਹੇ ਸਨ।

ਇਕ ਸਾਲ ਪਹਿਲਾਂ ਐਨਾ ਤੇ ਵਿਕਟਰ ਪਹਿਲੀ ਵਾਰ ਆਪਣੇ ਘਰ ਨੂੰ ਦੁਬਾਰਾ ਦੇਖਣ ਲਈ ਪ੍ਰਿਪੇਤ ਆਏ ਸਨ। ਉੱਨੀ ਸਾਲ ਪਹਿਲਾਂ ਹਾਦਸਾ ਵਾਪਰਨ ਤੇ ਉਨ੍ਹਾਂ ਨੂੰ ਪ੍ਰਿਪੇਤ ਸ਼ਹਿਰ ਛੱਡ ਕੇ ਭੱਜਣਾ ਪਿਆ ਸੀ।

ਗਹਿਰਾਈ ਨਾਲ ਸੋਚ-ਵਿਚਾਰ ਕਰਨ ਦਾ ਸਮਾਂ

ਅਪ੍ਰੈਲ 2006 ਨੂੰ ਇਸ ਨਿਊਕਲੀ ਹਾਦਸੇ ਦੀ 20ਵੀਂ ਵਰ੍ਹੇ-ਗੰਢ ਮਨਾਈ ਗਈ ਸੀ। ਇਸ ਵਰ੍ਹੇ-ਗੰਢ ਨੇ ਬਹੁਤ ਸਾਰੇ ਲੋਕਾਂ ਨੂੰ ਚੇਤੇ ਕਰਾਇਆ ਕਿ ਇਨਸਾਨ ਭਾਵੇਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ, ਉਹ ਪਰਮੇਸ਼ੁਰ ਦੀ ਮਦਦ ਤੋਂ ਬਿਨਾਂ ਧਰਤੀ ਦੀ ਸਹੀ ਦੇਖ-ਭਾਲ ਨਹੀਂ ਕਰ ਸਕਦਾ।—ਯਿਰਮਿਯਾਹ 10:23.

ਪਿਛਲੇ ਸਾਲ ਸਤੰਬਰ ਵਿਚ ਯੂ. ਐੱਨ. ਦੇ ਕਹਿਣ ਤੇ ਇਕ ਵਿਗਿਆਨਕ ਰਿਪੋਰਟ ਜਾਰੀ ਕੀਤੀ ਗਈ ਸੀ ਜਿਸ ਵਿਚ ਚਰਨੋਬਲ ਦੁਖਾਂਤ ਦੀ ਨਵੇਂ ਸਿਰਿਓਂ ਜਾਂਚ ਕੀਤੀ ਗਈ। ਇਸ ਰਿਪੋਰਟ ਮੁਤਾਬਕ ਚਰਨੋਬਲ ਪਲਾਂਟ ਵਿਚ ਹੋਏ ਹਾਦਸੇ ਵਿਚ 56 ਲੋਕ ਮਾਰੇ ਗਏ ਸਨ ਅਤੇ ਅਨੁਮਾਨ ਲਗਾਇਆ ਗਿਆ ਹੈ ਕਿ ਰੇਡੀਏਸ਼ਨ ਨਾਲ ਸੰਬੰਧਿਤ ਬੀਮਾਰੀਆਂ ਤੋਂ ਮਰਨ ਵਾਲਿਆਂ ਦੀ ਗਿਣਤੀ 4,000 ਤੋਂ ਜ਼ਿਆਦਾ ਨਹੀਂ ਹੋਵੇਗੀ। ਪਹਿਲਾਂ ਅਨੁਮਾਨ ਲਗਾਇਆ ਗਿਆ ਸੀ ਕਿ 15-30 ਹਜ਼ਾਰ ਲੋਕ ਇਨ੍ਹਾਂ ਬੀਮਾਰੀਆਂ ਦੀ ਬਲੀ ਚੜ੍ਹ ਜਾਣਗੇ। ਸਤੰਬਰ 8, 2005 ਦੀ ਨਿਊਯਾਰਕ ਟਾਈਮਜ਼ ਅਖ਼ਬਾਰ ਨੇ ਕਿਹਾ ਕਿ ‘ਕਈ “ਵਾਤਾਵਰਣ ਬਚਾਓ” ਸੰਸਥਾਵਾਂ ਨੇ ਇਸ ਯੂ. ਐੱਨ. ਰਿਪੋਰਟ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਸ ਰਿਪੋਰਟ ਰਾਹੀਂ ਨਿਊਕਲੀ ਹਾਦਸਿਆਂ ਦੇ ਖ਼ਤਰਿਆਂ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।’

ਵਿਕਟਰ ਜਿਸ ਨੇ ਨਿਊਕਲੀ ਹਾਦਸੇ ਤੋਂ ਬਾਅਦ ਯਹੋਵਾਹ ਪਰਮੇਸ਼ੁਰ ਬਾਰੇ ਸਿੱਖਿਆ ਸੀ, ਕਹਿੰਦਾ ਹੈ: “ਅਸੀਂ ਹੁਣ ਪਹਿਲਾਂ ਵਾਂਗ ਨਿਰਾਸ਼ ਤੇ ਉਦਾਸ ਨਹੀਂ ਹਾਂ ਕਿਉਂਕਿ ਅਸੀਂ ਜਾਣ ਗਏ ਹਾਂ ਕਿ ਪਰਮੇਸ਼ੁਰ ਦਾ ਰਾਜ ਆਉਣ ਤੇ ਇਸ ਤਰ੍ਹਾਂ ਦੇ ਭਿਆਨਕ ਹਾਦਸੇ ਫਿਰ ਕਦੇ ਨਹੀਂ ਵਾਪਰਨਗੇ। ਅਸੀਂ ਬੜੀ ਤਾਂਘ ਨਾਲ ਉਸ ਸਮੇਂ ਨੂੰ ਉਡੀਕਦੇ ਹਾਂ ਜਦੋਂ ਚਰਨੋਬਲ ਲਾਗੇ ਸਾਡੇ ਘਰ ਦੇ ਚੁਗਿਰਦੇ ਤੋਂ ਨਿਊਕਲੀ ਪ੍ਰਦੂਸ਼ਣ ਖ਼ਤਮ ਹੋ ਜਾਵੇਗਾ ਅਤੇ ਉੱਥੇ ਫਿਰ ਤੋਂ ਖ਼ੁਸ਼ੀਆਂ ਦੀ ਬਹਾਰ ਆ ਜਾਵੇਗੀ।”

ਚਰਨੋਬਲ ਹਾਦਸੇ ਦੇ ਸਮੇਂ ਤੋਂ ਲੈ ਕੇ ਹੁਣ ਤਕ ਲੱਖਾਂ ਲੋਕਾਂ ਨੂੰ ਯਕੀਨ ਹੋ ਗਿਆ ਹੈ ਕਿ ਬਾਈਬਲ ਦਾ ਵਾਅਦਾ ਜ਼ਰੂਰ ਪੂਰਾ ਹੋਵੇਗਾ ਕਿ ਸਾਰੀ ਧਰਤੀ ਸੋਹਣੇ ਬਾਗ਼ ਵਰਗੀ ਬਣ ਜਾਵੇਗੀ। (ਉਤਪਤ 2:8, 9; ਪਰਕਾਸ਼ ਦੀ ਪੋਥੀ 21:3, 4) ਪਿਛਲੇ 20 ਸਾਲਾਂ ਦੌਰਾਨ ਕੇਵਲ ਯੂਕਰੇਨ ਵਿਚ ਹੀ 1,00,000 ਤੋਂ ਜ਼ਿਆਦਾ ਲੋਕਾਂ ਨੂੰ ਪਰਮੇਸ਼ੁਰ ਦੇ ਮਕਸਦਾਂ ਬਾਰੇ ਸਿੱਖਣ ਨਾਲ ਇਹ ਸ਼ਾਨਦਾਰ ਉਮੀਦ ਮਿਲੀ ਹੈ। ਕੀ ਤੁਸੀਂ ਵੀ ਇਸ ਉੱਜਲ ਭਵਿੱਖ ਬਾਰੇ ਨਹੀਂ ਸਿੱਖਣਾ ਚਾਹੋਗੇ? (g 4/06)

[ਫੁਟਨੋਟ]

^ ਪੈਰਾ 5 ਹਾਲਾਂਕਿ ਕਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਥੋੜ੍ਹੇ ਸਮੇਂ ਲਈ ਘਟਨਾ ਸਥਾਨ ਦੀ ਸੈਰ ਕਰਨ ਵਿਚ ਕੋਈ ਖ਼ਤਰਾ ਨਹੀਂ ਹੈ, ਪਰ ਜਾਗਰੂਕ ਬਣੋ! ਦੇ ਪ੍ਰਕਾਸ਼ਕ ਕਿਸੇ ਨੂੰ ਉੱਥੇ ਜਾਣ ਜਾਂ ਨਾ ਜਾਣ ਦੀ ਸਲਾਹ ਨਹੀਂ ਦਿੰਦੇ।

^ ਪੈਰਾ 5 ਜਾਗਰੂਕ ਬਣੋ!, 22 ਅਪ੍ਰੈਲ 1997, ਸਫ਼ੇ 18-21 ਦੇਖੋ।

[ਸਫ਼ਾ 16 ਉੱਤੇ ਡੱਬੀ/ਤਸਵੀਰ]

ਸਫ਼ਾਈ ਕਰਮਚਾਰੀਆਂ ਦੀ ਯਾਦ ਵਿਚ

ਇਹ 4 ਮੀਟਰ ਉੱਚੀ ਯਾਦਗਾਰ ਉਨ੍ਹਾਂ ਸਫ਼ਾਈ ਕਰਮਚਾਰੀਆਂ ਦੀ ਯਾਦ ਵਿਚ ਬਣਾਈ ਗਈ ਹੈ ਜਿਨ੍ਹਾਂ ਨੇ ਚਰਨੋਬਲ ਨਿਊਕਲੀ ਪਲਾਂਟ ਵਿਚ ਲੱਗੀ ਅੱਗ ਨੂੰ ਬੁਝਾਇਆ, ਹਾਦਸਾਗ੍ਰਸਤ ਰੀਐਕਟਰ ਨੂੰ ਕੰਕਰੀਟ ਤੇ ਸਟੀਲ ਨਾਲ ਢੱਕਿਆ ਅਤੇ ਰੇਡੀਓ-ਐਕਟਿਵ ਪਦਾਰਥਾਂ ਨੂੰ ਠਿਕਾਣੇ ਲਗਾਇਆ ਸੀ। ਲੱਖਾਂ ਕਰਮਚਾਰੀਆਂ ਨੇ ਇਸ ਕੰਮ ਵਿਚ ਹਿੱਸਾ ਲਿਆ ਸੀ। ਕਿਹਾ ਜਾਂਦਾ ਹੈ ਕਿ ਇਸ ਨਿਊਕਲੀ ਹਾਦਸੇ ਕਾਰਨ ਲਗਭਗ 4,000 ਲੋਕਾਂ ਦੀ ਮੌਤ ਹੋਵੇਗੀ ਅਤੇ ਉਨ੍ਹਾਂ ਵਿੱਚੋਂ ਵੱਡੀ ਗਿਣਤੀ ਸਫ਼ਾਈ ਕਰਮਚਾਰੀਆਂ ਦੀ ਹੋਵੇਗੀ।

[ਸਫ਼ਾ 15 ਉੱਤੇ ਤਸਵੀਰਾਂ]

ਚਰਨੋਬਲ ਕਸਬੇ ਦਾ ਸਾਈਨ ਅਤੇ ਸਿਨਮਾ-ਘਰ

[ਸਫ਼ਾ 15 ਉੱਤੇ ਤਸਵੀਰਾਂ]

ਵਿਕਟਰ ਤੇ ਐਨਾ ਅਤੇ ਚਰਨੋਬਲ ਵਿਚ ਉਨ੍ਹਾਂ ਦਾ ਘਰ

[ਸਫ਼ਾ 16 ਉੱਤੇ ਤਸਵੀਰਾਂ]

ਪ੍ਰਿਪੇਤ ਵਿਚ ਐਨਾ ਤੇ ਵਿਕਟਰ ਦੇ ਅਪਾਰਟਮੈਂਟ (ਛੋਟੀ ਤਸਵੀਰ) ਤੋਂ ਕੁਝ ਤਿੰਨ ਕਿਲੋਮੀਟਰ ਦੂਰ ਸਥਿਤ ਪਾਵਰ ਪਲਾਂਟ ਜਿੱਥੇ ਹਾਦਸਾ ਵਾਪਰਿਆ ਸੀ