Skip to content

Skip to table of contents

ਘਰ ਦੀ ਸਫ਼ਾਈ ਕਰਨ ਵਿਚ ਸਾਰੇ ਹੱਥ ਵਟਾ ਸਕਦੇ ਹਨ

ਘਰ ਦੀ ਸਫ਼ਾਈ ਕਰਨ ਵਿਚ ਸਾਰੇ ਹੱਥ ਵਟਾ ਸਕਦੇ ਹਨ

ਘਰ ਦੀ ਸਫ਼ਾਈ ਕਰਨ ਵਿਚ ਸਾਰੇ ਹੱਥ ਵਟਾ ਸਕਦੇ ਹਨ

ਮੈਕਸੀਕੋ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

ਸਾਫ਼-ਸੁਥਰੀ ਜਗ੍ਹਾ ਤੇ ਰਹਿਣਾ ਹਰ ਕਿਸੇ ਦੀ ਖ਼ਾਹਸ਼ ਹੁੰਦੀ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਦਿਨ-ਬ-ਦਿਨ ਸ਼ਹਿਰਾਂ ਵਿਚ ਗੰਦਗੀ ਵਧਦੀ ਜਾ ਰਹੀ ਹੈ, ਇੱਥੋਂ ਤਕ ਕਿ ਆਪਣੇ ਘਰ ਨੂੰ ਸਾਫ਼ ਰੱਖਣਾ ਵੀ ਲਗਭਗ ਨਾਮੁਮਕਿਨ ਹੁੰਦਾ ਜਾ ਰਿਹਾ ਹੈ।

ਭਾਵੇਂ ਕਈ ਸਰਕਾਰਾਂ ਨੇ ਸੜਕਾਂ ਨੂੰ ਸਾਫ਼ ਰੱਖਣ ਦੇ ਕਈ ਪ੍ਰਬੰਧ ਕੀਤੇ ਹਨ, ਪਰ ਫਿਰ ਵੀ ਥਾਂ-ਥਾਂ ਤੇ ਕੂੜੇ ਦੇ ਢੇਰ ਲੱਗੇ ਨਜ਼ਰ ਆਉਂਦੇ ਹਨ। ਇਹ ਨਾ ਕੇਵਲ ਦੇਖਣ ਨੂੰ ਬੁਰਾ ਲੱਗਦਾ ਹੈ, ਬਲਕਿ ਆਮ ਜਨਤਾ ਦੀ ਸਿਹਤ ਲਈ ਵੀ ਹਾਨੀਕਾਰਕ ਸਾਬਤ ਹੋ ਸਕਦਾ ਹੈ। ਜਿਹੜੀਆਂ ਥਾਵਾਂ ਕੂੜੇ-ਕਰਕਟ ਨਾਲ ਭਰੀਆਂ ਹੁੰਦੀਆਂ ਹਨ, ਉੱਥੇ ਚੂਹੇ, ਕਾਕਰੋਚ ਅਤੇ ਹੋਰ ਕਈ ਤਰ੍ਹਾਂ ਦੇ ਕੀੜੇ-ਮਕੌੜਿਆਂ ਦਾ ਹੋਣਾ ਲਾਜ਼ਮੀ ਹੈ ਜੋ ਬੀਮਾਰੀਆਂ ਦਾ ਘਰ ਹੁੰਦੇ ਹਨ। ਇਨ੍ਹਾਂ ਤੋਂ ਬਚਣ ਲਈ ਕੀ ਕੀਤਾ ਜਾ ਸਕਦਾ ਹੈ? ਪਹਿਲਾਂ ਤਾਂ ਸਾਨੂੰ ਆਪਣਾ ਘਰ ਤੇ ਘਰ ਦਾ ਆਲਾ-ਦੁਆਲਾ ਸਾਫ਼ ਰੱਖਣਾ ਚਾਹੀਦਾ ਹੈ।

ਸਹੀ ਰਵੱਈਆ

ਕਈ ਲੋਕ ਸੋਚਦੇ ਹਨ ਕਿ ਸਿਰਫ਼ ਗ਼ਰੀਬ ਲੋਕ ਆਪਣੇ ਘਰਾਂ ਨੂੰ ਅੰਦਰੋਂ-ਬਾਹਰੋਂ ਸਾਫ਼ ਨਹੀਂ ਰੱਖਦੇ। ਪਰ ਅਸਲ ਵਿਚ ਇਹ ਗੱਲ ਹਮੇਸ਼ਾ ਸੱਚ ਨਹੀਂ ਹੁੰਦੀ। ਮੰਨਿਆ ਕਿ ਗ਼ਰੀਬੀ ਕਰ ਕੇ ਸ਼ਾਇਦ ਇਕ ਵਿਅਕਤੀ ਕੋਲ ਆਪਣੇ ਘਰ ਦੀ ਸਾਫ਼-ਸਫ਼ਾਈ ਕਰਨ ਲਈ ਲੋੜੀਂਦਾ ਸਾਮਾਨ ਖ਼ਰੀਦਣ ਲਈ ਪੈਸੇ ਨਾ ਹੋਣ। ਪਰ ਇਸ ਬਾਰੇ ਇਕ ਸਪੇਨੀ ਕਹਾਵਤ ਕਹਿੰਦੀ ਹੈ: “ਗ਼ਰੀਬੀ ਦਾ ਸਫ਼ਾਈ ਨਾਲ ਕੋਈ ਲੈਣਾ-ਦੇਣਾ ਨਹੀਂ।” ਦੂਸਰੇ ਪਾਸੇ, ਜੇ ਕਿਸੇ ਕੋਲ ਪੈਸਾ ਹੈ ਵੀ, ਤਾਂ ਇਹ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਦਿੰਦਾ ਕਿ ਉਹ ਆਪਣੇ ਘਰ ਨੂੰ ਸਾਫ਼-ਸੁਥਰਾ ਰੱਖੇਗਾ।

ਘਰ ਨੂੰ ਅੰਦਰੋਂ-ਬਾਹਰੋਂ ਸਾਫ਼ ਰੱਖਣਾ ਸਾਡੇ ਰਵੱਈਏ ਤੇ ਨਿਰਭਰ ਕਰਦਾ ਹੈ। ਅਸਲ ਵਿਚ ਘਰ ਦੀ ਸਫ਼ਾਈ ਸਾਰੇ ਟੱਬਰ ਦੇ ਰਵੱਈਏ ਤੇ ਨਿਰਭਰ ਕਰਦੀ ਹੈ। ਇਸ ਲਈ ਸਾਡੇ ਸਾਰਿਆਂ ਲਈ ਆਪਣੇ ਆਪ ਨੂੰ ਇਹ ਪੁੱਛਣਾ ਚੰਗਾ ਹੋਵੇਗਾ ਕਿ ‘ਮੈਂ ਆਪਣੇ ਘਰ ਅਤੇ ਆਂਢ-ਗੁਆਂਢ ਨੂੰ ਸਾਫ਼ ਰੱਖਣ ਲਈ ਕੀ ਕਰ ਸਕਦਾ ਹਾਂ?’

ਸਫ਼ਾਈ ਦਾ ਪ੍ਰੋਗ੍ਰਾਮ

ਇੱਦਾਂ ਲੱਗਦਾ ਹੈ ਕਿ ਮਾਂ ਆਪਣੇ ਘਰ ਦੇ ਕੰਮਾਂ ਤੋਂ ਕਦੀ ਵੀ ਵਿਹਲੀ ਨਹੀਂ ਹੁੰਦੀ। ਉਸ ਨੂੰ ਰੋਟੀ-ਟੁੱਕ ਕਰਨ ਤੇ ਨਿਆਣਿਆਂ ਨੂੰ ਤਿਆਰ ਕਰ ਕੇ ਸਕੂਲ ਭੇਜਣ ਤੋਂ ਇਲਾਵਾ ਆਪਣੇ ਘਰ ਨੂੰ ਵੀ ਅੰਦਰੋਂ-ਬਾਹਰੋਂ ਸਾਫ਼ ਕਰਨਾ ਪੈਂਦਾ ਹੈ। ਤੁਸੀਂ ਦੇਖਿਆ ਹੀ ਹੋਣਾ ਹੈ ਕਿ ਅਕਸਰ ਮਾਂ ਹੀ ਬੱਚਿਆਂ ਦੇ ਕਮਰਿਆਂ ਵਿਚ ਪਏ ਖਿਲਾਰੇ ਨੂੰ ਸਾਫ਼ ਕਰਦੀ ਹੈ। ਮਾਂ ਦੀ ਭਾਰੀ ਜ਼ਿੰਮੇਵਾਰੀ ਨੂੰ ਹਲਕਾ ਕਰਨ ਲਈ ਇਕ ਅਜਿਹਾ ਪ੍ਰੋਗ੍ਰਾਮ ਬਣਾਉਣ ਦੀ ਜ਼ਰੂਰਤ ਹੈ ਜਿਸ ਵਿਚ ਪਰਿਵਾਰ ਦੇ ਸਾਰੇ ਜੀਅ ਰਲ ਕੇ ਘਰ ਦੇ ਕੰਮਾਂ-ਕਾਰਾਂ ਵਿਚ ਮਾਂ ਦਾ ਹੱਥ ਵਟਾਉਣ।

ਕਈ ਪਤਨੀਆਂ ਨੇ ਫ਼ੈਸਲਾ ਕੀਤਾ ਹੈ ਕਿ ਘਰ ਦੀਆਂ ਕੁਝ ਚੀਜ਼ਾਂ ਨੂੰ ਹਰ ਰੋਜ਼ ਸਾਫ਼ ਕਰਨ ਦੀ ਜ਼ਰੂਰਤ ਹੈ, ਜਦ ਕਿ ਹੋਰ ਚੀਜ਼ਾਂ ਹਫ਼ਤੇ ਵਿਚ ਇਕ ਵਾਰ ਸਾਫ਼ ਕੀਤੀਆਂ ਜਾ ਸਕਦੀਆਂ ਹਨ। ਕੁਝ ਚੀਜ਼ਾਂ ਨੂੰ ਤਾਂ ਮਹੀਨੇ ਜਾਂ ਸਾਲ ਵਿਚ ਇਕ ਵਾਰ ਸਾਫ਼ ਕਰਨ ਦੀ ਜ਼ਰੂਰਤ ਪੈਂਦੀ ਹੈ। ਮਿਸਾਲ ਲਈ, ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸਾਂ (ਬੈਥਲ) ਵਿਚ ਸਾਲ ਵਿਚ ਇਕ ਵਾਰ ਸਾਰੇ ਕਮਰਿਆਂ ਦੀ ਉੱਪਰੋਂ-ਥੱਲ੍ਹੇ ਸਫ਼ਾਈ ਕੀਤੀ ਜਾਂਦੀ ਹੈ। ਸਾਫ਼-ਸਫ਼ਾਈ ਦੌਰਾਨ ਸਾਰਿਆਂ ਕੋਲ ਵਾਧੂ ਚੀਜ਼ਾਂ ਸੁੱਟਣ ਦਾ ਵਧੀਆ ਮੌਕਾ ਹੁੰਦਾ ਹੈ ਜਿਨ੍ਹਾਂ ਦੀ ਹੁਣ ਉਨ੍ਹਾਂ ਨੂੰ ਜ਼ਰੂਰਤ ਨਹੀਂ ਹੈ। ਬੈਥਲ ਵਿਚ ਸਮੇਂ-ਸਮੇਂ ਤੇ ਕੰਧਾਂ ਦੀ ਸਫ਼ਾਈ ਕਰਨ ਦਾ ਵੀ ਪ੍ਰੋਗ੍ਰਾਮ ਬਣਾਇਆ ਜਾਂਦਾ ਹੈ।

ਘਰ ਦੀਆਂ ਕਈ ਥਾਵਾਂ ਨੂੰ ਰੋਜ਼ ਸਾਫ਼ ਕਰਨ ਦੀ ਜ਼ਰੂਰਤ ਹੁੰਦੀ ਹੈ ਜਿੱਦਾਂ ਕਿ ਬਾਥਰੂਮ। ਭਾਵੇਂ ਬਾਥਰੂਮ ਦੀ ਥੋੜ੍ਹੀ ਬਹੁਤ ਸਫ਼ਾਈ ਰੋਜ਼ਾਨਾ ਕੀਤੀ ਜਾਣੀ ਚਾਹੀਦੀ ਹੈ, ਫਿਰ ਵੀ ਬੈਕਟੀਰੀਆ ਦੀ ਰੋਕਥਾਮ ਲਈ ਹਫ਼ਤੇ ਵਿਚ ਘੱਟੋ-ਘੱਟ ਇਕ ਵਾਰ ਬਾਥਰੂਮ ਦੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾਣੀ ਚਾਹੀਦੀ ਹੈ। ਕਈ ਲੋਕ ਸੋਚਦੇ ਹਨ ਕਿ ਫ਼ਲੱਸ਼ ਜਾਂ ਟਾਇਲਟ ਤੇ ਪਏ ਦਾਗ਼ਾਂ ਨੂੰ ਕਦੀ ਵੀ ਪੂਰੀ ਤਰ੍ਹਾਂ ਸਾਫ਼ ਨਹੀਂ ਕੀਤਾ ਜਾ ਸਕਦਾ। ਪਰ ਇਹ ਸੱਚ ਨਹੀਂ ਹੈ। ਕਈ ਘਰਾਂ ਵਿਚ ਫ਼ਲੱਸ਼ਾਂ ਪੂਰੀ ਤਰ੍ਹਾਂ ਸਾਫ਼ ਯਾਨੀ ਬੇਦਾਗ਼ ਹੁੰਦੀਆਂ ਹਨ। ਫ਼ਲੱਸ਼ਾਂ ਨੂੰ ਸਾਫ਼ ਰੱਖਣ ਲਈ ਜ਼ਰੂਰੀ ਹੈ ਕਿ ਅਸੀਂ ਇਨ੍ਹਾਂ ਨੂੰ ਬਾਕਾਇਦਾ ਸਹੀ ਚੀਜ਼ਾਂ ਨਾਲ ਸਾਫ਼ ਕਰੀਏ।

ਰਸੋਈ ਦੀ ਵੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾਣੀ ਚਾਹੀਦੀ ਹੈ। ਭਾਵੇਂ ਤੁਸੀਂ ਹਰ ਰੋਜ਼ ਭਾਂਡੇ-ਟੀਂਡੇ ਅਤੇ ਸਟੋਵ ਸਾਫ਼ ਕਰਦੇ ਹੋ, ਪਰ ਚੰਗਾ ਹੋਵੇਗਾ ਜੇ ਤੁਸੀਂ ਮਹੀਨੇ ਵਿਚ ਇਕ ਵਾਰ ਸਟੋਵ ਅਤੇ ਫਰਿੱਜ ਦੇ ਪਿੱਛਿਓਂ ਅਤੇ ਥੱਲਿਓਂ ਚੰਗੀ ਤਰ੍ਹਾਂ ਸਾਫ਼ ਕਰੋ। ਜੇ ਤੁਸੀਂ ਭਾਂਡਿਆਂ ਦੀਆਂ ਅਲਮਾਰੀਆਂ ਨੂੰ ਸਾਫ਼ ਰੱਖੋ, ਤਾਂ ਇਨ੍ਹਾਂ ਵਿਚ ਕਾਕਰੋਚ ਤੇ ਹੋਰ ਕੀੜੇ-ਮਕੌੜੇ ਨਹੀਂ ਆਉਣਗੇ।

ਸਾਰਾ ਪਰਿਵਾਰ ਹਿੱਸਾ ਲੈ ਸਕਦਾ ਹੈ

ਕਈ ਮਾਪੇ ਸਫ਼ਾਈ ਦੇ ਮਾਮਲੇ ਵਿਚ ਆਪਣੇ ਬੱਚਿਆਂ ਲਈ ਕਾਇਦੇ-ਕਾਨੂੰਨ ਬਣਾਉਂਦੇ ਹਨ। ਉਹ ਆਪਣੇ ਬੱਚਿਆਂ ਨੂੰ ਸਿਖਾਉਂਦੇ ਹਨ ਕਿ ਸਕੂਲ ਜਾਣ ਤੋਂ ਪਹਿਲਾਂ ਉਹ ਆਪਣੇ ਬਿਸਤਰੇ ਨੂੰ ਵਿਛਾਉਣ ਅਤੇ ਕਮਰੇ ਦੀਆਂ ਸਾਰੀਆਂ ਚੀਜ਼ਾਂ ਨੂੰ ਟਿਕਾਣੇ ਸਿਰ ਰੱਖਣ। ਘਰ ਦੇ ਸਾਰੇ ਜੀਅ ਇਸ ਚੰਗੇ ਅਸੂਲ ਉੱਤੇ ਚੱਲ ਸਕਦੇ ਹਨ: “ਹਰੇਕ ਚੀਜ਼ ਦੀ ਇਕ ਜਗ੍ਹਾ ਹੁੰਦੀ ਹੈ ਅਤੇ ਉਸ ਨੂੰ ਉਸੇ ਜਗ੍ਹਾ ਤੇ ਰੱਖੋ।”

ਪਰਿਵਾਰ ਦੇ ਜੀਆਂ ਨੂੰ ਘਰ ਵਿਚ ਿਨੱਕੇ-ਮੋਟੇ ਕੰਮ ਕਰਨ ਜਾਂ ਘਰ ਦਾ ਕੋਈ ਹਿੱਸਾ ਸਾਫ਼ ਕਰਨ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਉਦਾਹਰਣ ਲਈ, ਕੀ ਪਿਤਾ ਸਾਲ ਵਿਚ ਘੱਟੋ-ਘੱਟ ਇਕ ਵਾਰ ਗਰਾਜ ਦੀ ਸਫ਼ਾਈ ਕਰਦਾ ਹੈ? ਕੀ ਬੱਚਿਆਂ ਵਿੱਚੋਂ ਕੋਈ ਇਕ ਜਣਾ ਇਸ ਕੰਮ ਵਿਚ ਉਸ ਦੀ ਮਦਦ ਕਰ ਸਕਦਾ ਹੈ? ਬਗ਼ੀਚੇ ਵਿਚ ਘਾਹ ਕੱਟਣ ਜਾਂ ਜੰਗਲੀ ਘਾਹ ਪੁੱਟਣ ਦਾ ਕੰਮ ਕਿਸ ਨੂੰ ਦਿੱਤਾ ਜਾ ਸਕਦਾ ਹੈ? ਇਹ ਕੰਮ ਮਹੀਨੇ ਵਿਚ ਕਿੰਨੀ ਵਾਰ ਕੀਤਾ ਜਾਣਾ ਚਾਹੀਦਾ ਹੈ ਤਾਂਕਿ ਬਗ਼ੀਚਾ ਹਮੇਸ਼ਾ ਸਾਫ਼-ਸੁਥਰਾ ਨਜ਼ਰ ਆਵੇ? ਕੀ ਤੁਹਾਡੇ ਘਰ ਦੇ ਕਿਸੇ ਕਮਰੇ ਵਿਚ ਬੇਕਾਰ ਦੀਆਂ ਚੀਜ਼ਾਂ ਦਾ ਢੇਰ ਲੱਗਾ ਹੈ? ਜੇ ਹਾਂ, ਤਾਂ ਇਸ ਕਮਰੇ ਦੀ ਸਫ਼ਾਈ ਕੌਣ ਕਰੇਗਾ? ਕਈ ਮਾਪੇ ਇਨ੍ਹਾਂ ਕੰਮਾਂ ਦੀ ਜ਼ਿੰਮੇਵਾਰੀ ਆਪਣੇ ਬੱਚਿਆਂ ਨੂੰ ਸੌਂਪਦੇ ਹਨ ਅਤੇ ਸਮੇਂ-ਸਮੇਂ ਤੇ ਉਨ੍ਹਾਂ ਦੇ ਕੰਮਾਂ ਵਿਚ ਅਦਲਾ-ਬਦਲੀ ਕਰਦੇ ਹਨ।

ਤਾਂ ਫਿਰ ਆਪਣੇ ਘਰ ਨੂੰ ਸਾਫ਼-ਸੁਥਰਾ ਰੱਖਣ ਲਈ ਜ਼ਰੂਰੀ ਹੈ ਕਿ ਤੁਸੀਂ ਇਕ ਪ੍ਰੋਗ੍ਰਾਮ ਬਣਾਓ। ਇੱਦਾਂ ਕਰਨਾ ਜ਼ਰੂਰੀ ਹੈ ਭਾਵੇਂ ਘਰ ਦੀ ਸਫ਼ਾਈ ਤੁਸੀਂ ਖ਼ੁਦ ਕਰੋਗੇ ਜਾਂ ਤੁਹਾਡਾ ਪਰਿਵਾਰ ਤੁਹਾਡੀ ਮਦਦ ਕਰੇਗਾ ਜਾਂ ਫਿਰ ਇਹ ਕੰਮ ਤੁਸੀਂ ਕਿਸੇ ਤੋਂ ਪੈਸੇ ਦੇ ਕੇ ਕਰਵਾਓਗੇ। ਇਕ ਮਾਂ ਜੋ ਆਪਣੇ ਘਰ ਨੂੰ ਬਹੁਤ ਸਾਫ਼-ਸੁਥਰਾ ਰੱਖਦੀ ਹੈ, ਦੱਸਦੀ ਹੈ ਕਿ ਕਿਵੇਂ ਪਰਿਵਾਰ ਦਾ ਹਰ ਜੀਅ ਇਸ ਕੰਮ ਵਿਚ ਉਸ ਦੀ ਮਦਦ ਕਰਦਾ ਹੈ: “ਘਰ ਦੇ ਸਾਰੇ ਕੰਮ-ਕਾਰ ਮੈਂ ਅਤੇ ਮੇਰੀਆਂ ਤਿੰਨੇ ਧੀਆਂ ਆਪਸ ਵਿਚ ਵੰਡ ਲੈਂਦੀਆਂ ਹਾਂ। ਮੇਰੀ ਧੀ ਨੋਰਮਾ ਬੈਠਕ, ਸੌਣ ਵਾਲੇ ਦੋ ਕਮਰਿਆਂ ਅਤੇ ਵਿਹੜੇ ਦੀ ਸਫ਼ਾਈ ਕਰਦੀ ਹੈ। ਐਨਾ ਰੋਸਈ ਨੂੰ ਸਾਫ਼ ਰੱਖਦੀ ਹੈ। ਮੈਂ ਕੱਪੜੇ ਧੋਣ ਦੇ ਨਾਲ-ਨਾਲ ਕਈ ਹੋਰ ਕੰਮ ਕਰਦੀ ਹਾਂ ਅਤੇ ਮਾਰੀਆ ਭਾਂਡੇ ਧੋ ਦਿੰਦੀ ਹੈ।”

ਘਰ ਨੂੰ ਬਾਹਰੋਂ ਸਾਫ਼ ਰੱਖਣਾ

ਤੁਹਾਡੇ ਘਰ ਦੇ ਆਲੇ-ਦੁਆਲੇ ਦਾ ਕੀ ਹਾਲ ਹੈ? ਭਾਵੇਂ ਤੁਸੀਂ ਆਲੀਸ਼ਾਨ ਬੰਗਲੇ ਵਿਚ ਰਹਿੰਦੇ ਹੋ ਜਾਂ ਛੋਟੇ ਜਿਹੇ ਘਰ ਵਿਚ, ਪਰ ਘਰ ਦੇ ਚੁਗਿਰਦੇ ਨੂੰ ਸਾਫ਼-ਸੁਥਰਾ ਅਤੇ ਚੰਗੀ ਹਾਲਤ ਵਿਚ ਰੱਖਣ ਦੀ ਯੋਜਨਾ ਬਣਾਉਣੀ ਜ਼ਰੂਰੀ ਹੈ। ਮਿਸਾਲ ਲਈ, ਜੇ ਗੇਟ ਦੀ ਮੁਰੰਮਤ ਕਰਨ ਦੀ ਲੋੜ ਹੈ, ਤਾਂ ਇਸ ਕੰਮ ਨੂੰ ਨਾ ਟਾਲ਼ੋ ਕਿਉਂਕਿ ਟੁੱਟਾ-ਭੱਜਾ ਗੇਟ ਦੇਖਣ ਨੂੰ ਬਹੁਤ ਹੀ ਬੁਰਾ ਲੱਗਦਾ ਹੈ। ਇਸੇ ਤਰ੍ਹਾਂ, ਜੇ ਬੂਹੇ ਦੇ ਮੋਹਰੇ ਜਾਂ ਫਿਰ ਗਲੀ ਵਿਚ ਕੂੜੇ ਦਾ ਢੇਰ ਪਿਆ ਹੋਵੇ, ਤਾਂ ਕੀ ਇਹ ਦੇਖਣ ਨੂੰ ਚੰਗਾ ਲੱਗੇਗਾ? ਬਿਲਕੁਲ ਨਹੀਂ। ਕਈ ਦਫ਼ਾ ਘਰ ਦੇ ਪਿਛਵਾੜੇ ਜਾਂ ਵਿਹੜੇ ਵਿਚ ਰਬੜ ਦੇ ਟਾਇਰ ਜਾਂ ਟੀਨ ਦੇ ਡੱਬਿਆਂ ਵਰਗੀਆਂ ਕਈ ਬੇਕਾਰ ਦੀਆਂ ਚੀਜ਼ਾਂ ਰੱਖੀਆਂ ਹੁੰਦੀਆਂ ਹਨ। ਇਹ ਮੱਛਰਾਂ ਤੇ ਚੂਹਿਆਂ ਨੂੰ ਸੱਦਾ ਦੇਣ ਦੇ ਬਰਾਬਰ ਹੋਵੇਗਾ।

ਕਈ ਪਰਿਵਾਰਾਂ ਨੇ ਇਹ ਨਿਰਣਾ ਕੀਤਾ ਹੈ ਕਿ ਉਹ ਹਰ ਰੋਜ਼ ਜਾਂ ਫਿਰ ਹਫ਼ਤੇ ਵਿਚ ਇਕ ਵਾਰ ਆਪਣੇ ਘਰ ਦੇ ਆਲੇ-ਦੁਆਲੇ ਜਾਂ ਘਰ ਦੇ ਅੱਗੇ ਆਉਣ-ਜਾਣ ਦੇ ਰਸਤੇ ਵਿਚ ਝਾੜੂ ਫੇਰਨਗੇ। ਕਈ ਦੇਸ਼ਾਂ ਵਿਚ ਸਰਕਾਰ ਨੇ ਸਾਫ਼-ਸਫ਼ਾਈ ਦੇ ਪ੍ਰਬੰਧ ਕੀਤੇ ਹਨ, ਪਰ ਕੁਝ ਦੇਸ਼ਾਂ ਵਿਚ ਇਸ ਤਰ੍ਹਾਂ ਦੇ ਕੋਈ ਪ੍ਰਬੰਧ ਨਹੀਂ ਕੀਤੇ ਜਾਂਦੇ। ਜੇ ਅਸੀਂ ਸਾਰੇ ਜਣੇ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਦੀ ਕੋਸ਼ਿਸ਼ ਕਰੀਏ, ਤਾਂ ਸਾਡੀ ਰਹਿਣ ਦੀ ਜਗ੍ਹਾ ਦੇਖਣ ਨੂੰ ਤਾਂ ਚੰਗੀ ਲੱਗੇਗੀ ਹੀ, ਪਰ ਇਸ ਦਾ ਸਾਡੀ ਸਿਹਤ ਤੇ ਵੀ ਚੰਗਾ ਅਸਰ ਪਵੇਗਾ।

ਕਈ ਪਰਿਵਾਰ ਉੱਪਰ ਦੱਸੀਆਂ ਗੱਲਾਂ ਅਨੁਸਾਰ ਨਾ ਕੇਵਲ ਘਰ ਦੀ ਸਫ਼ਾਈ ਕਰਨ ਦਾ ਪ੍ਰੋਗ੍ਰਾਮ ਬਣਾਉਂਦੇ ਹਨ, ਸਗੋਂ ਇਸ ਨੂੰ ਕਾਗਜ਼ ਤੇ ਲਿਖ ਵੀ ਲੈਂਦੇ ਹਨ। ਫਿਰ ਉਹ ਇਸ ਨੂੰ ਐਸੀ ਜਗ੍ਹਾ ਤੇ ਲਾ ਦਿੰਦੇ ਹਨ ਜਿੱਥੇ ਪਰਿਵਾਰ ਦਾ ਹਰ ਮੈਂਬਰ ਇਸ ਨੂੰ ਦੇਖ ਸਕੇ ਅਤੇ ਇਸ ਤੇ ਲਿਖੀਆਂ ਗੱਲਾਂ ਉੱਤੇ ਚੱਲ ਸਕੇ। ਇਸ ਤਰ੍ਹਾਂ ਕਰਨ ਦੇ ਚੰਗੇ ਨਤੀਜੇ ਨਿਕਲਣਗੇ। ਇਸ ਲੇਖ ਵਿਚ ਅਸੀਂ ਸਫ਼ਾਈ ਨਾਲ ਜੁੜੀ ਹਰ ਗੱਲ ਬਾਰੇ ਨਹੀਂ ਦੱਸਿਆ। ਮਿਸਾਲ ਲਈ, ਤੁਹਾਨੂੰ ਖ਼ੁਦ ਨਿਰਣਾ ਕਰਨਾ ਪਵੇਗਾ ਕਿ ਤੁਸੀਂ ਸਫ਼ਾਈ ਕਰਨ ਲਈ ਕਿਹੜਾ ਸਾਮਾਨ ਵਰਤੋਗੇ ਅਤੇ ਸਫ਼ਾਈ ਦੇ ਸਾਮਾਨ ਉੱਤੇ ਕਿੰਨਾ ਕੁ ਪੈਸਾ ਖ਼ਰਚ ਕਰੋਗੇ।

ਇਸ ਲੇਖ ਵਿਚ ਦਿੱਤੇ ਸੁਝਾਵਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਆਪਣੇ ਘਰ ਨੂੰ ਅੰਦਰੋਂ-ਬਾਹਰੋਂ ਸਾਫ਼-ਸੁਥਰਾ ਰੱਖਣਾ ਬਹੁਤ ਜ਼ਰੂਰੀ ਹੈ। ਯਾਦ ਰੱਖੋ ਕਿ ਘਰ ਨੂੰ ਸਾਫ਼ ਰੱਖਣ ਲਈ ਪੈਸੇ ਹੋਣ ਨਾਲੋਂ ਸਹੀ ਰਵੱਈਏ ਦਾ ਹੋਣਾ ਜ਼ਿਆਦਾ ਜ਼ਰੂਰੀ ਹੈ। (g05 6/8)

[ਸਫ਼ਾ 20, 21 ਉੱਤੇ ਡੱਬੀ]

ਘਰ ਨੂੰ ਸਾਫ਼ ਰੱਖਣ ਲਈ ਕੁਝ ਸੁਝਾਅ

ਇਨ੍ਹਾਂ ਡੱਬੀਆਂ ਵਿਚ ਦਿੱਤੀ ਖ਼ਾਲੀ ਜਗ੍ਹਾ ਵਿਚ ਤੁਸੀਂ ਆਪਣੇ ਖ਼ੁਦ ਦੇ ਨੋਟ ਲਿਖ ਸਕਦੇ ਹੋ

ਜ਼ਰੂਰੀ ਜਾਣਕਾਰੀ: ਸਫ਼ਾਈ ਵਿਚ ਵਰਤੇ ਜਾਣ ਵਾਲੇ ਤਰਲ ਪਦਾਰਥਾਂ ਨੂੰ ਆਪਸ ਵਿਚ ਮਿਲਾਉਣਾ ਬਹੁਤ ਹੀ ਖ਼ਤਰਨਾਕ ਸਾਬਤ ਹੋ ਸਕਦਾ ਹੈ। ਖ਼ਾਸ ਕਰਕੇ ਬਲੀਚ ਅਤੇ ਅਮੋਨੀਆ ਨੂੰ ਆਪਸ ਵਿਚ ਨਹੀਂ ਮਿਲਾਉਣਾ ਚਾਹੀਦਾ

ਰੋਜ਼ਾਨਾ

ਸੌਣ ਦਾ ਕਮਰਾ: ਬਿਸਤਰੇ ਨੂੰ ਚੰਗੀ ਤਰ੍ਹਾਂ ਵਿਛਾਓ ਅਤੇ ਸਾਰੀਆਂ ਚੀਜ਼ਾਂ ਨੂੰ ਟਿਕਾਣੇ ਸਿਰ ਰੱਖੋ

ਰਸੋਈ: ਭਾਂਡੇ ਅਤੇ ਸਿੰਕ ਨੂੰ ਧੋਵੋ। ਮੇਜ਼ ਨੂੰ ਸਾਫ਼ ਰੱਖੋ। ਜੇ ਜ਼ਰੂਰਤ ਪਵੇ, ਤਾਂ ਫ਼ਰਸ਼ ਤੇ ਝਾੜੂ ਅਤੇ ਪੋਚਾ ਫੇਰੋ

ਬਾਥਰੂਮ: ਸਿੰਕ ਅਤੇ ਟਾਇਲਟ ਨੂੰ ਧੋਵੋ ਅਤੇ ਸਾਰੀਆਂ ਚੀਜ਼ਾਂ ਨੂੰ ਟਿਕਾਣੇ ਸਿਰ ਰੱਖੋ

ਬੈਠਕ ਅਤੇ ਦੂਜੇ ਕਮਰੇ: ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਰੱਖੋ। ਫਰਨੀਚਰ ਨੂੰ ਸਾਫ਼ ਕਰੋ। ਜੇ ਜ਼ਰੂਰਤ ਪਵੇ, ਤਾਂ ਫ਼ਰਸ਼ ਤੇ ਝਾੜੂ ਜਾਂ ਪੋਚਾ ਫੇਰੋ ਜਾਂ ਫਿਰ ਵੈਕਿਊਮ ਇਸਤੇਮਾਲ ਕਰੋ

ਪੂਰਾ ਘਰ: ਕੂੜਾ ਸੁੱਟਣ ਦਾ ਚੰਗਾ ਬੰਦੋਬਸਤ ਕਰੋ

ਹਰ ਹਫ਼ਤੇ

ਸੌਣ ਦਾ ਕਮਰਾ: ਬਿਸਤਰੇ ਦੀ ਚਾਦਰ ਨੂੰ ਬਦਲੋ। ਜ਼ਰੂਰਤ ਅਨੁਸਾਰ ਫ਼ਰਸ਼ ਤੇ ਝਾੜੂ ਅਤੇ ਪੋਚਾ ਫੇਰੋ ਜਾਂ ਫਿਰ ਵੈਕਿਊਮ ਕਰੋ। ਫਰਨੀਚਰ ਤੋਂ ਮਿੱਟੀ-ਘੱਟੇ ਨੂੰ ਝਾੜੋ

ਰਸੋਈ: ਸਟੋਵ, ਸਿੰਕ ਅਤੇ ਹੋਰ ਚੀਜ਼ਾਂ ਨੂੰ ਸਾਫ਼ ਕਰੋ। ਫ਼ਰਸ਼ ਤੇ ਪੋਚਾ ਫੇਰੋ

ਬਾਥਰੂਮ: ਸ਼ਾਵਰ ਦੇ ਦੁਆਲੇ ਦੀਆਂ ਕੰਧਾਂ ਅਤੇ ਟੂਟੀਆਂ ਸਾਫ਼ ਕਰੋ। ਟਾਇਲਟ, ਕੈਬੀਨਿਟ ਅਤੇ ਬਾਕੀ ਥਾਵਾਂ ਨੂੰ ਰੋਗਾਣੂ-ਨਾਸ਼ਕ ਦਵਾਈ ਨਾਲ ਸਾਫ਼ ਕਰੋ। ਤੌਲੀਏ ਨੂੰ ਬਦਲੋ। ਫ਼ਰਸ਼ ਤੇ ਝਾੜੂ ਅਤੇ ਪੋਚਾ ਫੇਰੋ

ਹਰ ਮਹੀਨੇ

ਬਾਥਰੂਮ: ਸਾਰੀਆਂ ਕੰਧਾਂ ਨੂੰ ਚੰਗੀ ਤਰ੍ਹਾਂ ਧੋਵੋ

ਪੂਰਾ ਘਰ: ਦਰਵਾਜ਼ਿਆਂ ਦੀਆਂ ਚੁਗਾਠਾਂ ਨੂੰ ਸਾਫ਼ ਕਰੋ। ਪੂਰੇ ਘਰ ਨੂੰ ਚੰਗੀ ਤਰ੍ਹਾਂ ਵੈਕਿਊਮ ਕਰੋ ਅਤੇ ਮੇਜ਼-ਕੁਰਸੀਆਂ ਨੂੰ ਵੀ ਸਾਫ਼ ਕਰੋ

ਬਗ਼ੀਚਾ, ਵਿਹੜਾ, ਗਰਾਜ: ਜੇ ਜ਼ਰੂਰਤ ਪਵੇ, ਤਾਂ ਝਾੜੂ ਫੇਰੋ। ਰੱਦੀ ਜਾਂ ਬੇਲੋੜੀਆਂ ਚੀਜ਼ਾਂ ਨੂੰ ਜਮ੍ਹਾ ਨਾ ਹੋਣ ਦਿਓ

ਹਰ ਛੇ ਮਹੀਨਿਆਂ ਬਾਅਦ

ਸੌਣ ਦਾ ਕਮਰਾ: ਤਲਾਈ ਅਤੇ ਪਲੰਘ-ਪੋਸ਼ ਨੂੰ ਉਸ ਤਰ੍ਹਾਂ ਧੋਵੋ ਜਿਵੇਂ ਉਤਪਾਦਕ ਵੱਲੋਂ ਮਿਲੀਆਂ ਹਿਦਾਇਤਾਂ ਵਿਚ ਲਿਖਿਆ ਗਿਆ ਹੈ

ਰਸੋਈ: ਫਰਿੱਜ ਨੂੰ ਖਾਲੀ ਕਰ ਕੇ ਚੰਗੀ ਤਰ੍ਹਾਂ ਸਾਫ਼ ਕਰੋ

ਬਾਥਰੂਮ: ਸ਼ੈਲਫਾਂ ਅਤੇ ਦਰਾਜ਼ਾਂ ਨੂੰ ਖਾਲੀ ਕਰ ਕੇ ਸਾਫ਼ ਕਰੋ। ਬੇਲੋੜੀਆਂ ਚੀਜ਼ਾਂ ਜਾਂ ਜਿਨ੍ਹਾਂ ਚੀਜ਼ਾਂ ਦੀ ਮੁਨਿਆਦ ਲੰਘ ਚੁੱਕੀ ਹੈ, ਨੂੰ ਸਹੀ ਤਰੀਕੇ ਨਾਲ ਟਿਕਾਣੇ ਲਾਓ

ਪੂਰਾ ਘਰ: ਲੈਂਪ, ਪੱਖੇ ਅਤੇ ਲਾਈਟਾਂ ਨੂੰ ਸਾਫ਼ ਕਰੋ। ਦਰਵਾਜ਼ਿਆਂ ਨੂੰ ਸਾਫ਼ ਕਰੋ। ਖਿੜਕੀਆਂ ਅਤੇ ਜਾਲੀਆਂ ਨੂੰ ਧੋਵੋ

ਹਰ ਸਾਲ

ਸੌਣ ਦਾ ਕਮਰਾ: ਅਲਮਾਰੀਆਂ ਨੂੰ ਖਾਲੀ ਕਰ ਕੇ ਚੰਗੀ ਤਰ੍ਹਾਂ ਸਾਫ਼ ਕਰੋ। ਬੇਲੋੜੀਆਂ ਚੀਜ਼ਾਂ ਨੂੰ ਸੁੱਟੋ। ਕੰਬਲਾਂ ਨੂੰ ਧੋਵੋ। ਗੱਦੇ ਨੂੰ ਝਾੜੋ ਅਤੇ ਵੈਕਿਊਮ ਕਰੋ। ਸਿਰ੍ਹਾਣਿਆਂ ਨੂੰ ਉਸ ਤਰ੍ਹਾਂ ਧੋਵੋ ਜਿਵੇਂ ਉਤਪਾਦਕ ਵੱਲੋਂ ਮਿਲੀਆਂ ਹਿਦਾਇਤਾਂ ਵਿਚ ਲਿਖਿਆ ਗਿਆ ਹੈ

ਰਸੋਈ: ਭਾਂਡੇ ਰੱਖਣ ਵਾਲੀ ਅਲਮਾਰੀ, ਸ਼ੈਲਫਾਂ ਅਤੇ ਦਰਾਜ਼ਾਂ ਨੂੰ ਖਾਲੀ ਕਰ ਕੇ ਚੰਗੀ ਤਰ੍ਹਾਂ ਸਾਫ਼ ਕਰੋ। ਬੇਲੋੜੀਆਂ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਟਿਕਾਣੇ ਲਾਓ। ਸਟੋਵ, ਫਰਿੱਜ ਆਦਿ ਚੀਜ਼ਾਂ ਨੂੰ ਇਕ ਪਾਸੇ ਰੱਖੋ ਤਾਂਕਿ ਤੁਸੀਂ ਉਨ੍ਹਾਂ ਦੇ ਥੱਲੇ ਦੀ ਥਾਂ ਨੂੰ ਸਾਫ਼ ਕਰ ਸਕੋ

ਪੂਰਾ ਘਰ: ਸਾਰੀਆਂ ਕੰਧਾਂ ਨੂੰ ਚੰਗੀ ਤਰ੍ਹਾਂ ਧੋਵੋ। ਫਰਨੀਚਰ ਅਤੇ ਪਰਦਿਆਂ ਦੀ ਸਫ਼ਾਈ ਉਤਪਾਦਕ ਵੱਲੋਂ ਦਿੱਤੀਆਂ ਹਿਦਾਇਤਾਂ ਅਨੁਸਾਰ ਕਰੋ

ਗਰਾਜ ਜਾਂ ਗੁਦਾਮ: ਚੰਗੀ ਤਰ੍ਹਾਂ ਝਾੜੂ ਫੇਰੋ। ਬੇਲੋੜੀਆਂ ਚੀਜ਼ਾਂ ਜਾਂ ਤਾਂ ਸਵਾਰ ਕੇ ਰੱਖੋ ਜਾਂ ਫਿਰ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਟਿਕਾਣੇ ਲਾਓ

[ਸਫ਼ੇ 24 ਉੱਤੇ ਤਸਵੀਰਾਂ]

“ਹਰੇਕ ਚੀਜ਼ ਦੀ ਇਕ ਜਗ੍ਹਾ ਹੁੰਦੀ ਹੈ ਅਤੇ ਉਸ ਨੂੰ ਉਸੇ ਜਗ੍ਹਾ ਤੇ ਰੱਖੋ।”

[ਸਫ਼ੇ 24 ਉੱਤੇ ਤਸਵੀਰਾਂ]

ਚੰਗਾ ਹੋਵੇਗਾ ਜੇ ਤੁਸੀਂ ਉਨ੍ਹਾਂ ਚੀਜ਼ਾਂ ਨੂੰ ਸੁੱਟ ਦਿਓ ਜਿਹੜੀਆਂ ਤੁਸੀਂ ਨਹੀਂ ਵਰਤਦੇ