ਇਤਿਹਾਸ ਦੀਆਂ ਹਸਤੀਆਂ

ਅਲਹਜ਼ੈਨ

ਅਲਹਜ਼ੈਨ
ਅਲਹਜ਼ੈਨ

ਅਬੂ ਅਲੀ ਅਲ-ਹਜ਼ੈਨ ਇਬਨ ਅਲ-ਹੇਤਮ ਬਾਰੇ ਤੁਸੀਂ ਸ਼ਾਇਦ ਹੀ ਸੁਣਿਆ ਹੋਵੇ। ਯੂਰਪ ਅਤੇ ਅਮਰੀਕਾ ਵਿਚ ਉਸ ਨੂੰ ਅਲਹਜ਼ੈਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅਲ-ਹਸਨ ਅਰਬੀ ਨਾਂ ਹੈ ਜਿਸ ਦਾ ਲਾਤੀਨੀ ਅਨੁਵਾਦ, ਅਲਹਜ਼ੈਨ ਹੈ। ਤੁਸੀਂ ਉਸ ਦੇ ਕੀਤੇ ਕੰਮਾਂ ਤੋਂ ਫ਼ਾਇਦਾ ਲੈ ਸਕਦੇ ਹੋ। ਉਸ ਨੂੰ “ਵਿਗਿਆਨ ਦੇ ਇਤਿਹਾਸ ਦੀ ਸਭ ਤੋਂ ਪ੍ਰਭਾਵਸ਼ਾਲੀ ਅਤੇ ਅਹਿਮ ਹਸਤੀ ਮੰਨਿਆ ਜਾਂਦਾ ਹੈ।”

ਅਲਹਜ਼ੈਨ ਦਾ ਜਨਮ ਲਗਭਗ 965 ਈਸਵੀ ਵਿਚ ਬਾਸਰਾ ਵਿਚ ਹੋਇਆ। ਇਹ ਸ਼ਹਿਰ ਹੁਣ ਇਰਾਕ ਵਿਚ ਹੈ। ਉਸ ਨੂੰ ਖਗੋਲ-ਵਿਗਿਆਨ, ਰਸਾਇਣ-ਵਿਗਿਆਨ, ਗਣਿਤ, ਡਾਕਟਰੀ, ਪ੍ਰਕਾਸ਼-ਵਿਗਿਆਨ ਤੇ ਭੌਤਿਕ-ਵਿਗਿਆਨ ਵਿਚ ਰੁਚੀ ਸੀ। ਉਸ ਨੂੰ ਸੰਗੀਤ ਤੇ ਸ਼ਾਇਰੀ ਦਾ ਵੀ ਸ਼ੌਕ ਸੀ। ਅਸੀਂ ਖ਼ਾਸ ਕਰਕੇ ਕਿਹੜੀ ਗੱਲ ਲਈ ਉਸ ਦੇ ਅਹਿਸਾਨਮੰਦ ਹੋ ਸਕਦੇ ਹਾਂ?

ਨੀਲ ਨਦੀ ਦਾ ਬੰਨ੍ਹ

ਅਲਹਜ਼ੈਨ ਬਾਰੇ ਇਕ ਕਿੱਸਾ ਕਾਫ਼ੀ ਮਸ਼ਹੂਰ ਹੋਇਆ। ਉਹ ਨੀਲ ਨਦੀ ਦੇ ਪਾਣੀ ਦੇ ਵਹਾਅ ਨੂੰ ਕਾਬੂ ਕਰਨ ਲਈ ਬੰਨ੍ਹ ਬਣਾਉਣਾ ਚਾਹੁੰਦਾ ਸੀ। ਜਦੋਂ ਉਸ ਨੇ ਇਹ ਯੋਜਨਾ ਬਣਾਈ ਸੀ, ਉਸ ਤੋਂ ਲਗਭਗ 1,000 ਸਾਲ ਬਾਅਦ 1902 ਵਿਚ ਅਸਵਾਨ ਵਿਚ ਇਹ ਕੰਮ ਪੂਰਾ ਕੀਤਾ ਗਿਆ।

ਅਲਹਜ਼ੈਨ ਦੀ ਯੋਜਨਾ ਸੀ ਕਿ ਨੀਲ ਨਦੀ ʼਤੇ ਬੰਨ੍ਹ ਬਣਾ ਕੇ ਮਿਸਰ ਵਿਚ ਹੜ੍ਹ ਅਤੇ ਸੋਕੇ ਨੂੰ ਘਟਾਇਆ ਜਾ ਸਕੇ। ਜਦੋਂ ਕਾਹਿਰਾ ਦੇ ਰਾਜੇ ਖ਼ਲੀਫ਼ਾ ਅਲ-ਕਾਕੀਮ ਨੂੰ ਇਹ ਗੱਲ ਪਤਾ ਲੱਗੀ, ਤਾਂ ਉਸ ਨੇ ਅਲਹਜ਼ੈਨ ਨੂੰ ਬੰਨ੍ਹ ਬਣਾਉਣ ਲਈ ਮਿਸਰ ਬੁਲਾਇਆ। ਪਰ ਨਦੀ ਨੂੰ ਆਪਣੀ ਅੱਖੀਂ ਦੇਖ ਕੇ ਉਹ ਜਾਣ ਗਿਆ ਸੀ ਕਿ ਇਹ ਉਸ ਦੇ ਵੱਸ ਦੀ ਗੱਲ ਨਹੀਂ। ਇਸ ਜ਼ਾਲਮ ਰਾਜੇ ਦੀ ਸਜ਼ਾ ਦੇ ਡਰ ਕਰਕੇ ਅਲਹਜ਼ੈਨ ਨੇ ਪਾਗਲਪਣ ਦਾ ਨਾਟਕ ਕੀਤਾ। ਉਸ ਨੇ ਲਗਭਗ 11 ਸਾਲ ਪਾਗਲਪਣ ਦਾ ਨਾਟਕ ਕੀਤਾ ਜਦ ਤਕ ਖ਼ਲੀਫ਼ਾ ਦੀ ਮੌਤ ਨਹੀਂ ਹੋ ਗਈ। ਖ਼ਲੀਫ਼ਾ ਦੀ ਮੌਤ 1021 ਵਿਚ ਹੋਈ। ਕੈਦ ਵਿਚ ਹੁੰਦਿਆਂ ਅਲਹਜ਼ੈਨ ਕੋਲ ਕਾਫ਼ੀ ਸਮਾਂ ਸੀ ਕਿ ਉਹ ਆਪਣੇ ਹੋਰ ਸ਼ੌਕ ਪੂਰੇ ਕਰ ਸਕੇ।

ਪ੍ਰਕਾਸ਼ ਵਿਗਿਆਨ ਦੀ ਕਿਤਾਬ

ਕੈਦ ਵਿਚ ਹੁੰਦਿਆਂ ਅਲਹਜ਼ੈਨ ਨੇ ਸੱਤ ਖੰਡਾਂ ਵਾਲੀ ਪ੍ਰਕਾਸ਼ ਵਿਗਿਆਨ ਦੀ ਕਿਤਾਬ ਦਾ ਜ਼ਿਆਦਾਤਰ ਹਿੱਸਾ ਪੂਰਾ ਕਰ ਲਿਆ ਸੀ। ਇਸ ਕਿਤਾਬ ਨੂੰ “ਭੌਤਿਕ ਵਿਗਿਆਨ ਦੇ ਇਤਿਹਾਸ ਦੀਆਂ ਸਭ ਤੋਂ ਅਹਿਮ ਕਿਤਾਬਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ।” ਇਸ ਵਿਚ ਉਸ ਨੇ ਪ੍ਰਕਾਸ਼ ਬਾਰੇ, ਪ੍ਰਕਾਸ਼ ਦੀਆਂ ਕਿਰਨਾਂ ਦਾ ਰੰਗਾਂ ਵਿਚ ਵੰਡੇ ਜਾਣ ਬਾਰੇ ਅਤੇ ਸ਼ੀਸ਼ੇ ਨਾਲ ਟਕਰਾਉਣ ʼਤੇ ਪ੍ਰਤਿਕ੍ਰਿਆ ਬਾਰੇ ਸਮਝਾਇਆ। ਇਸ ਤੋਂ ਇਲਾਵਾ, ਉਸ ਨੇ ਇਹ ਵੀ ਦੱਸਿਆ ਕਿ ਪ੍ਰਕਾਸ਼ ਇਕ ਮਾਧਿਅਮ ਤੋਂ ਦੂਸਰੇ ਮਾਧਿਅਮ ਵਿੱਚੋਂ ਗੁਜ਼ਰਦੇ ਸਮੇਂ ਕਿਵੇਂ ਮੁੜਦਾ ਹੈ। ਉਸ ਨੇ ਮਨੁੱਖੀ ਅੱਖ ਦੀ ਅੰਦਰੂਨੀ ਬਣਤਰ ਅਤੇ ਕੰਮ ਕਰਨ ਦੇ ਤਰੀਕੇ ਦਾ ਵੀ ਅਧਿਐਨ ਕੀਤਾ।

13ਵੀਂ ਸਦੀ ਤਕ ਅਲਹਜ਼ੈਨ ਦੀਆਂ ਕਿਤਾਬਾਂ ਦਾ ਅਰਬੀ ਤੋਂ ਲਾਤੀਨੀ ਭਾਸ਼ਾ ਵਿਚ ਅਨੁਵਾਦ ਹੋ ਚੁੱਕਾ ਸੀ। ਸਦੀਆਂ ਤਕ ਯੂਰਪ ਦੇ ਵਿਦਵਾਨ ਅਲਹਜ਼ੈਨ ਦੀਆਂ ਕਿਤਾਬਾਂ ਦਾ ਹਵਾਲਾ ਦਿੰਦੇ ਰਹੇ। ਅਲਹਜ਼ੈਨ ਨੇ ਲੈੱਨਜ਼ ਦੀਆਂ ਵਿਸ਼ੇਸ਼ਤਾਵਾਂ ਬਾਰੇ ਜੋ ਲਿਖਿਆ, ਉਸ ਦੀ ਮਦਦ ਨਾਲ ਯੂਰਪ ਦੇ ਐਨਕਾਂ ਬਣਾਉਣ ਵਾਲਿਆਂ ਨੇ ਦੂਰਬੀਨ ਅਤੇ ਮਾਈਕ੍ਰੋਸਕੋਪ ਦੀ ਕਾਢ ਕੱਢੀ। ਉਨ੍ਹਾਂ ਨੇ ਦੂਰਬੀਨ ਅਤੇ ਮਾਈਕ੍ਰੋਸਕੋਪ ਬਣਾਉਣ ਲਈ ਇਕ ਲੈੱਨਜ਼ ਨੂੰ ਦੂਸਰੇ ਲੈੱਨਜ਼ ਦੇ ਸਾਮ੍ਹਣੇ ਰੱਖਿਆ।

ਪੁਰਾਣੇ ਜ਼ਮਾਨੇ ਦਾ ਕੈਮਰਾ

ਅਲਹਜ਼ੈਨ ਨੇ ਫੋਟੋਗ੍ਰਾਫੀ ਦੇ ਜਿਹੜੇ ਮੂਲ ਸਿਧਾਂਤਾਂ ਦਾ ਪਤਾ ਲਗਾਇਆ ਸੀ, ਉਨ੍ਹਾਂ ਦਾ ਇਸਤੇਮਾਲ ਕਰ ਕੇ ਉਸ ਨੇ ਪੁਰਾਣੇ ਜ਼ਮਾਨੇ ਦਾ ਕੈਮਰਾ ਕੀਤਾ ਜਿਸ ਨੂੰ ਕੈਮਰਾ ਆਬਸਕਿਓਰਾ ਕਿਹਾ ਜਾਂਦਾ ਹੈ। ਕੈਮਰਾ ਆਬਸਕਿਓਰਾ ਤਿਆਰ ਕਰਨ ਲਈ ਉਸ ਨੇ ਇਕ “ਹਨੇਰੇ ਕਮਰੇ” ਦਾ ਇਸਤੇਮਾਲ ਕੀਤਾ ਅਤੇ ਉਸ ਦੀ ਕੰਧ ਵਿਚ ਇਕ ਛੋਟਾ ਜਿਹਾ ਛੇਕ ਕੀਤਾ। ਇਸ ਛੇਕ ਰਾਹੀਂ ਰੌਸ਼ਨੀ ਅੰਦਰ ਜਾਂਦੀ ਸੀ ਅਤੇ ਕਮਰੇ ਦੇ ਬਾਹਰ ਜਿਹੜੀ ਚੀਜ਼ ਹੁੰਦੀ ਸੀ, ਉਸ ਚੀਜ਼ ਦੀ ਕਮਰੇ ਦੀ ਕੰਧ ʼਤੇ ਉਲਟੀ ਤਸਵੀਰ ਬਣਦੀ ਸੀ।

ਕੈਮਰਾ ਆਬਸਕਿਓਰਾ

ਅਲਹਜ਼ੈਨ ਨੇ ਪਹਿਲਾ ਕੈਮਰਾ ਆਬਸਕਿਓਰਾ ਤਿਆਰ ਕੀਤਾ

19ਵੀਂ ਸਦੀ ਵਿਚ ਕੈਮਰਾ ਆਬਸਕਿਓਰਾ ਵਿਚ ਫੋਟੋਗ੍ਰਾਫੀ ਪਲੇਟਾਂ ਦਾ ਇਸਤੇਮਾਲ ਕੀਤਾ ਗਿਆ ਤਾਂਕਿ ਤਸਵੀਰਾਂ ਹਮੇਸ਼ਾ ਰਹਿਣ। ਇਸ ਦਾ ਕੀ ਨਤੀਜਾ ਨਿਕਲਿਆ? ਕੈਮਰੇ ਦੀ ਕਾਢ ਹੋਈ। ਭੌਤਿਕ ਵਿਗਿਆਨ ਦੇ ਜਿਨ੍ਹਾਂ ਸਿਧਾਂਤਾਂ ਅਨੁਸਾਰ ਕੈਮਰਾ ਆਬਸਕਿਓਰਾ a ਕੰਮ ਕਰਦਾ ਸੀ, ਅੱਜ ਦੇ ਜ਼ਮਾਨੇ ਦੇ ਕੈਮਰੇ ਅਤੇ ਇੱਥੋਂ ਤਕ ਕਿ ਸਾਡੀ ਅੱਖ ਵੀ ਇਨ੍ਹਾਂ ਸਿਧਾਂਤਾਂ ਅਨੁਸਾਰ ਕੰਮ ਕਰਦੀ ਹੈ।

ਵਿਗਿਆਨਕ ਤਰੀਕੇ

ਅਲਹਜ਼ੈਨ ਦੇ ਕੰਮ ਦਾ ਇਕ ਹੋਰ ਸ਼ਾਨਦਾਰ ਪਹਿਲੂ ਸੀ ਕਿ ਉਸ ਨੇ ਕੁਦਰਤੀ ਨਿਯਮਾਂ ਦਾ ਬਾਰੀਕੀ ਅਤੇ ਵਧੀਆ ਢੰਗ ਨਾਲ ਅਧਿਐਨ ਕੀਤਾ। ਉਸ ਦੇ ਦਿਨਾਂ ਵਿਚ ਇਸ ਤਰ੍ਹਾਂ ਦਾ ਅਧਿਐਨ ਕਰਨਾ ਕੋਈ ਆਮ ਗੱਲ ਨਹੀਂ ਸੀ। ਉਹ ਉਨ੍ਹਾਂ ਵਿਗਿਆਨੀਆਂ ਵਿੱਚੋਂ ਇਕ ਸੀ ਜਿਨ੍ਹਾਂ ਨੇ ਸਿਧਾਂਤਾਂ ਦੀ ਜਾਂਚ ਕਰਨ ਲਈ ਪ੍ਰਯੋਗ ਕੀਤੇ। ਵਿਗਿਆਨੀ ਜਿਹੜੀਆਂ ਗੱਲਾਂ ਨੂੰ ਮੰਨਦੇ ਸਨ, ਜੇ ਉਨ੍ਹਾਂ ਦੇ ਸਹੀ ਹੋਣ ਦਾ ਕੋਈ ਸਬੂਤ ਨਹੀਂ ਹੁੰਦਾ ਸੀ, ਤਾਂ ਉਹ ਇਨ੍ਹਾਂ ਗੱਲਾਂ ʼਤੇ ਸਵਾਲ ਉਠਾਉਣ ਤੋਂ ਡਰਦਾ ਨਹੀਂ ਸੀ।

ਵਿਗਿਆਨ ਦੇ ਸਿਧਾਂਤ ਦਾ ਸਾਰ ਇਨ੍ਹਾਂ ਲਫ਼ਜ਼ਾਂ ਵਿਚ ਦਿੱਤਾ ਜਾ ਸਕਦਾ ਹੈ: “ਤੁਸੀਂ ਜਿਹੜੀ ਗੱਲ ਨੂੰ ਮੰਨਦੇ ਹੋ, ਉਸ ਨੂੰ ਸਾਬਤ ਕਰੋ।” ਕਈ ਵਿਗਿਆਨੀ ਅਲਹਜ਼ੈਨ ਨੂੰ “ਅੱਜ ਦੇ ਜ਼ਮਾਨੇ ਦੇ ਵਿਗਿਆਨਕ ਤਰੀਕਿਆਂ ਦਾ ਮੋਢੀ ਮੰਨਦੇ ਹਨ।” ਇਨ੍ਹਾਂ ਸਾਰੀਆਂ ਗੱਲਾਂ ਕਰਕੇ ਅਸੀਂ ਉਸ ਦੇ ਅਹਿਸਾਨਮੰਦ ਹਾਂ।

a 17ਵੀਂ ਸਦੀ ਵਿਚ ਵਿਗਿਆਨੀ ਜੋਹਨਸ ਕੈਪਲਰ ਨੇ ਕੈਮਰਾ ਆਬਸਕਿਓਰਾ ਅਤੇ ਮਨੁੱਖੀ ਅੱਖ ਵਿਚ ਸਮਾਨਤਾਵਾਂ ਬਾਰੇ ਸਮਝਾਇਆ। ਇਸ ਤੋਂ ਪਹਿਲਾਂ ਯੂਰਪ ਅਤੇ ਅਮਰੀਕਾ ਦੇ ਲੋਕਾਂ ਨੂੰ ਇਸ ਬਾਰੇ ਪੂਰੀ ਸਮਝ ਨਹੀਂ ਸੀ।