‘ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇਗਾ’
‘ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇਗਾ’
“ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਫਿਰ ਅੰਤ ਆਵੇਗਾ।”—ਮੱਤੀ 24:14.
ਇਸ ਦਾ ਕੀ ਮਤਲਬ ਹੈ?: ਇੰਜੀਲ ਦੇ ਲੇਖਕ ਲੂਕਾ ਨੇ ਦੱਸਿਆ ਕਿ ਯਿਸੂ “ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਸ਼ਹਿਰੋ-ਸ਼ਹਿਰ ਤੇ ਪਿੰਡੋ-ਪਿੰਡ ਗਿਆ।” (ਲੂਕਾ 8:1) ਯਿਸੂ ਨੇ ਆਪਣੇ ਬਾਰੇ ਕਿਹਾ: ‘ਇਹ ਜ਼ਰੂਰੀ ਹੈ ਕਿ ਮੈਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾਂ ਕਿਉਂਕਿ ਮੈਨੂੰ ਇਸੇ ਕੰਮ ਲਈ ਭੇਜਿਆ ਗਿਆ ਹੈ।’ (ਲੂਕਾ 4:43) ਉਸ ਨੇ ਆਪਣੇ ਚੇਲਿਆਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਭੇਜਿਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਹੁਕਮ ਦਿੱਤਾ: ‘ਤੁਸੀਂ ਧਰਤੀ ਦੇ ਕੋਨੇ-ਕੋਨੇ ਵਿਚ ਮੇਰੇ ਬਾਰੇ ਗਵਾਹੀ ਦਿਓਗੇ।’—ਰਸੂਲਾਂ ਦੇ ਕੰਮ 1:8; ਲੂਕਾ 10:1.
ਪਹਿਲੀ ਸਦੀ ਦੇ ਮਸੀਹੀਆਂ ਨੇ ਕਿਵੇਂ ਦਿਖਾਇਆ ਕਿ ਉਹ ਸੱਚੇ ਮਸੀਹੀ ਸਨ?: ਯਿਸੂ ਦੇ ਚੇਲਿਆਂ ਨੇ ਬਿਨਾਂ ਸਮਾਂ ਬਰਬਾਦ ਕੀਤਿਆਂ ਉਸ ਦੀ ਗੱਲ ਮੰਨੀ ਅਤੇ “ਉਹ ਹਰ ਰੋਜ਼ ਬਿਨਾਂ ਰੁਕੇ ਮੰਦਰ ਵਿਚ ਤੇ ਘਰ-ਘਰ ਜਾ ਕੇ ਸਿੱਖਿਆ ਦਿੰਦੇ ਰਹੇ ਅਤੇ ਯਿਸੂ ਮਸੀਹ ਬਾਰੇ ਖ਼ੁਸ਼ ਖ਼ਬਰੀ ਦਾ ਐਲਾਨ ਕਰਦੇ ਰਹੇ।” (ਰਸੂਲਾਂ ਦੇ ਕੰਮ 5:42) ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਸਿਰਫ਼ ਕੁਝ ਜਾਣੇ-ਮਾਣੇ ਵਿਅਕਤੀਆਂ ਦੀ ਨਹੀਂ ਸੀ, ਸਗੋਂ ਸਾਰੀ ਮੰਡਲੀ ਦੀ ਸੀ। ਇਤਿਹਾਸਕਾਰ ਨੀਐਂਡਰ ਨੇ ਦੱਸਿਆ ਕਿ “ਮਸੀਹੀ ਧਰਮ ਦੇ ਪਹਿਲੇ ਵਿਰੋਧੀ ਲੇਖਕ ਸੇਲਸਸ ਨੇ ਇਸ ਗੱਲ ਦਾ ਮਜ਼ਾਕ ਉਡਾਇਆ ਕਿ ਉੱਨ ਕੱਤਣ ਵਾਲੇ, ਮੋਚੀ, ਚਮਾਰ, ਅਨਪੜ੍ਹ ਤੇ ਮਾਮੂਲੀ ਲੋਕ ਵੀ ਖ਼ੁਸ਼ ਖ਼ਬਰੀ ਦੇ ਜੋਸ਼ੀਲੇ ਪ੍ਰਚਾਰਕ ਸਨ।” ਜੀਨ ਬਰਨਾਰਡੀ ਨੇ ਆਪਣੀ ਕਿਤਾਬ ਦ ਅਰਲੀ ਸੈਂਚੁਅਰੀਜ਼ ਆਫ਼ ਦ ਚਰਚ ਵਿਚ ਲਿਖਿਆ: “[ਮਸੀਹੀਆਂ] ਨੇ ਹਰ ਜਗ੍ਹਾ ਅਤੇ ਹਰ ਕਿਸੇ ਨੂੰ ਪ੍ਰਚਾਰ ਕਰਨਾ ਸੀ। ਉਨ੍ਹਾਂ ਨੇ ਸੜਕਾਂ ʼਤੇ, ਸ਼ਹਿਰਾਂ ਵਿਚ, ਚੌਂਕਾਂ ਵਿਚ ਅਤੇ ਘਰਾਂ ਵਿਚ ਜਾਣਾ ਸੀ, ਭਾਵੇਂ ਉਨ੍ਹਾਂ ਦਾ ਸੁਆਗਤ ਹੁੰਦਾ ਸੀ ਜਾਂ ਨਹੀਂ। . . . ਉਨ੍ਹਾਂ ਨੇ ਧਰਤੀ ਦੇ ਕੋਨੇ-ਕੋਨੇ ਤਕ ਪ੍ਰਚਾਰ ਕਰਨਾ ਸੀ।”
ਅੱਜ ਕੌਣ ਉਨ੍ਹਾਂ ਦੇ ਨਮੂਨੇ ʼਤੇ ਚੱਲਦੇ ਹਨ?: ਐਂਗਲੀਕਨ ਪਾਦਰੀ ਡੇਵਿਡ ਵਾਟਸਨ ਲਿਖਦਾ ਹੈ: “ਚਰਚ ਨੇ ਪ੍ਰਚਾਰ ਕਰਨ ਅਤੇ ਸਿਖਾਉਣ ਦੇ ਕੰਮ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਸੇ ਕਰਕੇ ਅੱਜ ਲੋਕਾਂ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਕੋਈ ਖ਼ਾਸ ਦਿਲਚਸਪੀ ਨਹੀਂ ਹੈ।” ਹੋਜ਼ੇ ਲੂਈਸ ਪੇਰੇਜ਼ ਗੁਆਡਾਲੂਪੇ ਨੇ ਆਪਣੀ ਕਿਤਾਬ ਕੈਥੋਲਿਕ ਕਿਉਂ ਛੱਡ ਕੇ ਜਾ ਰਹੇ ਹਨ? (ਅੰਗ੍ਰੇਜ਼ੀ) ਵਿਚ ਇਵੈਂਜਲੀਕਲ, ਐਡਵੈਨਟਿਸਟ ਅਤੇ ਹੋਰ ਚਰਚਾਂ ਦੇ ਕੰਮਾਂ ਬਾਰੇ ਲਿਖਿਆ ਅਤੇ ਕਿਹਾ ਕਿ “ਉਹ ਘਰ-ਘਰ ਪ੍ਰਚਾਰ ਕਰਨ ਨਹੀਂ ਜਾਂਦੇ।” ਯਹੋਵਾਹ ਦੇ ਗਵਾਹਾਂ ਬਾਰੇ ਉਸ ਨੇ ਲਿਖਿਆ: “ਉਹ ਕਾਇਦੇ ਨਾਲ ਘਰ-ਘਰ ਪ੍ਰਚਾਰ ਕਰਨ ਜਾਂਦੇ ਹਨ।”
ਜੋਨਾਥਾਨ ਟਰਲੀ ਨੇ ਕਾਟੋ ਸੁਪਰੀਮ ਕੋਰਟ ਦੀ ਰਿਪੋਰਟ 2001-2002 ਵਿਚ ਇਕ ਦਿਲਚਸਪ ਟਿੱਪਣੀ ਕੀਤੀ: “ਜੇ ਕੋਈ ਯਹੋਵਾਹ ਦੇ ਗਵਾਹਾਂ ਦਾ ਨਾਂ ਸੁਣਦਾ ਹੈ, ਤਾਂ ਜ਼ਿਆਦਾਤਰ ਲੋਕਾਂ ਦੇ ਦਿਮਾਗ਼ ਵਿਚ ਝੱਟ ਉਹ ਲੋਕ ਆਉਂਦੇ ਹਨ ਜਿਹੜੇ ਘਰ-ਘਰ ਪ੍ਰਚਾਰ ਕਰਦੇ ਹਨ। ਯਹੋਵਾਹ ਦੇ ਗਵਾਹ ਘਰ-ਘਰ ਪ੍ਰਚਾਰ ਕਰ ਕੇ ਨਾ ਸਿਰਫ਼ ਆਪਣੇ ਵਿਸ਼ਵਾਸਾਂ ਬਾਰੇ ਦੱਸਦੇ ਹਨ, ਸਗੋਂ ਇਸ ਨਾਲ ਉਨ੍ਹਾਂ ਦੀ ਆਪਣੀ ਨਿਹਚਾ ਵੀ ਪੱਕੀ ਹੁੰਦੀ ਹੈ।”
[ਡੱਬੀ]
ਕੀ ਤੁਸੀਂ ਸੱਚੇ ਮਸੀਹੀਆਂ ਨੂੰ ਪਛਾਣਦੇ ਹੋ?
ਇਨ੍ਹਾਂ ਲੇਖਾਂ ਵਿਚ ਜਿਨ੍ਹਾਂ ਆਇਤਾਂ ʼਤੇ ਚਰਚਾ ਕੀਤੀ ਗਈ, ਉਨ੍ਹਾਂ ਦੇ ਆਧਾਰ ʼਤੇ ਤੁਹਾਨੂੰ ਕੀ ਲੱਗਦਾ ਕਿ ਸੱਚੇ ਮਸੀਹੀ ਕੌਣ ਹਨ? ਦੁਨੀਆਂ ਭਰ ਵਿਚ ਲੱਖਾਂ ਹੀ ਸਮੂਹ ਅਤੇ ਪੰਥ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ। ਯਾਦ ਕਰੋ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਹਰ ਕੋਈ ਜੋ ਮੈਨੂੰ ‘ਪ੍ਰਭੂ, ਪ੍ਰਭੂ’ ਕਹਿੰਦਾ ਹੈ, ਸਵਰਗ ਦੇ ਰਾਜ ਵਿਚ ਨਹੀਂ ਜਾਵੇਗਾ, ਸਗੋਂ ਉਹੀ ਜਾਵੇਗਾ ਜਿਹੜਾ ਮੇਰੇ ਸਵਰਗੀ ਪਿਤਾ ਦੀ ਇੱਛਾ ਪੂਰੀ ਕਰਦਾ ਹੈ।” (ਮੱਤੀ 7:21) ਇਸ ਲਈ ਤੁਹਾਡੇ ਵਾਸਤੇ ਇਹ ਪਛਾਣਨਾ ਜ਼ਰੂਰੀ ਹੈ ਕਿ ਅੱਜ ਕੌਣ ਸੱਚੇ ਮਸੀਹੀ ਹੋਣ ਦੇ ਨਾਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਰਹੇ ਹਨ। ਉਨ੍ਹਾਂ ਨਾਲ ਸੰਗਤ ਕਰ ਕੇ ਤੁਹਾਨੂੰ ਪਰਮੇਸ਼ੁਰ ਦੇ ਰਾਜ ਵਿਚ ਹਮੇਸ਼ਾ ਲਈ ਬਰਕਤਾਂ ਮਿਲਣਗੀਆਂ। ਅਸੀਂ ਤੁਹਾਨੂੰ ਯਹੋਵਾਹ ਦੇ ਗਵਾਹਾਂ ਨੂੰ ਮਿਲਣ ਦਾ ਸੱਦਾ ਦਿੰਦੇ ਹਾਂ ਜਿਨ੍ਹਾਂ ਨੇ ਤੁਹਾਨੂੰ ਇਹ ਰਸਾਲਾ ਦਿੱਤਾ। ਨਾਲੇ ਉਨ੍ਹਾਂ ਤੋਂ ਪਰਮੇਸ਼ੁਰ ਦੇ ਰਾਜ ਅਤੇ ਇਸ ਵਿਚ ਮਿਲਣ ਵਾਲੀਆਂ ਬਰਕਤਾਂ ਬਾਰੇ ਹੋਰ ਜਾਣਕਾਰੀ ਲਓ।—ਲੂਕਾ 4:43.