Skip to content

Skip to table of contents

ਕਹਾਣੀ 85

ਯਿਸੂ ਤਬੇਲੇ ਵਿਚ ਪੈਦਾ ਹੋਇਆ

ਯਿਸੂ ਤਬੇਲੇ ਵਿਚ ਪੈਦਾ ਹੋਇਆ

ਤੁਹਾਨੂੰ ਪਤਾ ਇਹ ਛੋਟਾ ਜਿਹਾ ਬੱਚਾ ਕੌਣ ਹੈ? ਇਹ ਯਿਸੂ ਹੈ। ਹੁਣੇ-ਹੁਣੇ ਉਹ ਦਾ ਜਨਮ ਇਕ ਤਬੇਲੇ ਵਿਚ ਹੋਇਆ ਹੈ। ਤਬੇਲਾ ਉਸ ਜਗ੍ਹਾ ਨੂੰ ਕਹਿੰਦੇ ਹਨ ਜਿੱਥੇ ਪਸ਼ੂਆਂ ਨੂੰ ਰੱਖਿਆ ਜਾਂਦਾ ਹੈ। ਮਰਿਯਮ ਯਿਸੂ ਨੂੰ ਖੁਰਲੀ ਵਿਚ ਰੱਖ ਰਹੀ ਹੈ ਜਿੱਥੇ ਗਧਿਆਂ ਅਤੇ ਦੂਸਰੇ ਪਸ਼ੂਆਂ ਨੂੰ ਪੱਠੇ ਪਾਏ ਜਾਂਦੇ ਸਨ। ਪਰ ਮਰਿਯਮ ਤੇ ਯੂਸੁਫ਼ ਇੱਥੇ ਤਬੇਲੇ ਵਿਚ ਕੀ ਕਰਨ ਆਏ ਸਨ? ਭਲਾ, ਬੱਚੇ ਨੂੰ ਜਨਮ ਦੇਣ ਦੀ ਇਹ ਵੀ ਕੋਈ ਜਗ੍ਹਾ ਹੈ?

ਨਹੀਂ, ਇਹ ਜਗ੍ਹਾ ਬੱਚੇ ਨੂੰ ਜਨਮ ਦੇਣ ਲਈ ਨਹੀਂ। ਆਓ ਦੇਖੀਏ ਉਹ ਇੱਥੇ ਕਿਉਂ ਆਏ। ਰੋਮ ਦੇ ਰਾਜੇ ਕੈਸਰ ਔਗੂਸਤੁਸ ਨੇ ਕਾਨੂੰਨ ਬਣਾਇਆ ਕਿ ਹਰ ਵਿਅਕਤੀ ਨੂੰ ਆਪਣੇ ਜੱਦੀ ਸ਼ਹਿਰ ਵਿਚ ਜਾ ਕੇ ਆਪਣਾ ਨਾਂ ਲਿਖਵਾਉਣਾ ਪਵੇਗਾ। ਯੂਸੁਫ਼ ਦਾ ਜਨਮ ਬੈਤਲਹਮ ਸ਼ਹਿਰ ਵਿਚ ਹੋਇਆ ਸੀ। ਇਸ ਲਈ ਮਰਿਯਮ ਤੇ ਯੂਸੁਫ਼ ਇੱਥੇ ਆਏ ਸਨ। ਪਰ ਬੈਤਲਹਮ ਵਿਚ ਉਨ੍ਹਾਂ ਨੂੰ ਰਹਿਣ ਲਈ ਕੋਈ ਜਗ੍ਹਾ ਨਹੀਂ ਮਿਲੀ। ਇਸ ਲਈ ਉਨ੍ਹਾਂ ਨੂੰ ਇੱਥੇ ਤਬੇਲੇ ਵਿਚ ਹੀ ਠਹਿਰਨਾ ਪਿਆ। ਇਸੇ ਦਿਨ ਮਰਿਯਮ ਨੇ ਯਿਸੂ ਨੂੰ ਜਨਮ ਦਿੱਤਾ। ਪਰ ਜਿਵੇਂ ਤੁਸੀਂ ਤਸਵੀਰ ਵਿਚ ਦੇਖ ਸਕਦੇ ਹੋ ਤਬੇਲੇ ਵਿਚ ਪੈਦਾ ਹੋਣ ਦੇ ਬਾਵਜੂਦ ਯਿਸੂ ਠੀਕ-ਠਾਕ ਹੈ।

ਕੀ ਤੁਸੀਂ ਤਸਵੀਰ ਵਿਚ ਦੇਖ ਸਕਦੇ ਹੋ ਕਿ ਕੁਝ ਚਰਵਾਹੇ ਯਿਸੂ ਨੂੰ ਦੇਖਣ ਆ ਰਹੇ ਹਨ? ਜਿਸ ਰਾਤ ਯਿਸੂ ਦਾ ਜਨਮ ਹੋਇਆ ਸੀ, ਉਸ ਰਾਤ ਇਹ ਚਰਵਾਹੇ ਖੇਤਾਂ ਵਿਚ ਆਪਣੀਆਂ ਭੇਡਾਂ ਦੀ ਦੇਖ-ਭਾਲ ਕਰ ਰਹੇ ਸਨ। ਅਚਾਨਕ ਉਨ੍ਹਾਂ ਦੇ ਚਾਰੇ ਪਾਸੇ ਚਾਨਣ ਹੀ ਚਾਨਣ ਹੋ ਗਿਆ। ਇਹ ਚਾਨਣ ਇਕ ਫ਼ਰਿਸ਼ਤੇ ਕਾਰਨ ਹੋਇਆ ਸੀ ਜੋ ਉਨ੍ਹਾਂ ਦੇ ਸਾਮ੍ਹਣੇ ਖੜ੍ਹਾ ਸੀ। ਫ਼ਰਿਸ਼ਤੇ ਨੇ ਦੇਖਿਆ ਕਿ ਚਰਵਾਹੇ ਡਰ ਗਏ ਸਨ। ਇਸ ਲਈ ਫ਼ਰਿਸ਼ਤੇ ਨੇ ਉਨ੍ਹਾਂ ਨੂੰ ਕਿਹਾ: ‘ਡਰੋ ਨਾ! ਮੈਂ ਤੁਹਾਡੇ ਲਈ ਖ਼ੁਸ਼ ਖ਼ਬਰੀ ਲਿਆਇਆ ਹਾਂ। ਅੱਜ, ਬੈਤਲਹਮ ਵਿਚ, ਮਸੀਹ ਪ੍ਰਭੂ ਦਾ ਜਨਮ ਹੋਇਆ ਹੈ। ਉਹ ਲੋਕਾਂ ਨੂੰ ਬਚਾਵੇਗਾ! ਤੁਸੀਂ ਉਸ ਨੂੰ ਕੱਪੜੇ ਵਿਚ ਲਪੇਟਿਆ ਖੁਰਲੀ ਵਿਚ ਪਾਓਗੇ।’ ਇਸ ਤੋਂ ਇਕਦਮ ਬਾਅਦ ਕਿੰਨੇ ਸਾਰੇ ਫ਼ਰਿਸ਼ਤੇ ਆ ਕੇ ਪਰਮੇਸ਼ੁਰ ਦੀ ਮਹਿਮਾ ਕਰਨ ਲੱਗ ਪਏ। ਉਸੇ ਵੇਲੇ ਚਰਵਾਹੇ ਯਿਸੂ ਨੂੰ ਲੱਭਣ ਤੁਰ ਪਏ। ਹੁਣ ਉਨ੍ਹਾਂ ਨੇ ਯਿਸੂ ਨੂੰ ਲੱਭ ਲਿਆ ਸੀ।

ਤੁਹਾਨੂੰ ਪਤਾ ਯਿਸੂ ਇੰਨਾ ਖ਼ਾਸ ਬੱਚਾ ਕਿਉਂ ਸੀ? ਕੀ ਤੁਸੀਂ ਜਾਣਦੇ ਹੋ ਉਹ ਅਸਲ ਵਿਚ ਕੌਣ ਸੀ? ਤੁਹਾਨੂੰ ਯਾਦ ਹੋਵੇਗਾ, ਅਸੀਂ ਇਸ ਕਿਤਾਬ ਦੀ ਸਭ ਤੋਂ ਪਹਿਲੀ ਕਹਾਣੀ ਵਿਚ ਪਰਮੇਸ਼ੁਰ ਦੇ ਜੇਠੇ ਪੁੱਤਰ ਬਾਰੇ ਪੜ੍ਹਿਆ ਸੀ। ਇਸ ਨੇ ਆਪਣੇ ਪਿਤਾ ਯਹੋਵਾਹ ਨਾਲ ਮਿਲ ਕੇ ਧਰਤੀ ਤੇ ਸਵਰਗ ਨੂੰ ਬਣਾਉਣ ਦੇ ਨਾਲ-ਨਾਲ ਬਾਕੀ ਦੀਆਂ ਸਾਰੀਆਂ ਚੀਜ਼ਾਂ ਨੂੰ ਵੀ ਬਣਾਇਆ ਸੀ। ਪਰਮੇਸ਼ੁਰ ਦਾ ਇਹ ਜੇਠਾ ਪੁੱਤਰ ਯਿਸੂ ਹੀ ਹੈ।

ਯਹੋਵਾਹ ਨੇ ਹੀ ਆਪਣੇ ਪੁੱਤਰ ਦੀ ਜਾਨ ਸਵਰਗ ਤੋਂ ਮਰਿਯਮ ਦੀ ਕੁੱਖ ਵਿਚ ਪਾਈ ਸੀ। ਫਿਰ ਜਿਵੇਂ ਆਮ ਬੱਚਾ ਮਾਂ ਦੇ ਅੰਦਰ ਪਲਦਾ ਹੈ, ਉਸੇ ਤਰ੍ਹਾਂ ਹੀ ਮਰਿਯਮ ਦੀ ਕੁੱਖ ਵਿਚ ਯਿਸੂ ਪਲਣ ਲੱਗਾ। ਅਖ਼ੀਰ ਉਸ ਦਾ ਜਨਮ ਇਸ ਤਬੇਲੇ ਵਿਚ ਹੋਇਆ। ਤਾਂ ਫਿਰ ਇਹ ਬੱਚਾ ਖ਼ਾਸ ਇਸ ਲਈ ਸੀ ਕਿਉਂਕਿ ਇਹ ਪਰਮੇਸ਼ੁਰ ਦਾ ਪੁੱਤਰ ਸੀ। ਤਾਹੀਓਂ ਤਾਂ ਫ਼ਰਿਸ਼ਤੇ ਖ਼ੁਸ਼ੀ-ਖ਼ੁਸ਼ੀ ਲੋਕਾਂ ਨੂੰ ਯਿਸੂ ਦੇ ਜਨਮ ਬਾਰੇ ਦੱਸ ਰਹੇ ਸਨ।