Skip to content

ਇਹ ਕਿਸ ਦਾ ਕਮਾਲ ਹੈ?

ਕੁੱਤੇ ਦੀ ਸੁੰਘਣ ਦੀ ਕਾਬਲੀਅਤ

ਕੁੱਤੇ ਦੀ ਸੁੰਘਣ ਦੀ ਕਾਬਲੀਅਤ

ਖੋਜਕਾਰ ਕਹਿੰਦੇ ਹਨ ਕਿ ਕੁੱਤੇ ਆਪਣੀ ਸੁੰਘਣ ਦੀ ਕਾਬਲੀਅਤ ਵਰਤ ਕੇ ਦੂਸਰੇ ਕੁੱਤਿਆਂ ਦੀ ਉਮਰ, ਉਨ੍ਹਾਂ ਦਾ ਲਿੰਗ ਅਤੇ ਮੂਡ ਜਾਣ ਸਕਦੇ ਹਨ। ਕੁੱਤਿਆਂ ਨੂੰ ਬੰਬ ਤੇ ਡ੍ਰੱਗਜ਼ ਲੱਭਣ ਦੀ ਸਿਖਲਾਈ ਵੀ ਦਿੱਤੀ ਜਾ ਸਕਦੀ ਹੈ। ਇਨਸਾਨ ਮੁੱਖ ਤੌਰ ਤੇ ਦੇਖਣ ਦੀ ਕਾਬਲੀਅਤ ਨੂੰ ਵਰਤ ਕੇ ਆਪਣੇ ਆਲੇ-ਦੁਆਲੇ ਦੀ ਜਾਂਚ-ਪੜਤਾਲ ਕਰਦੇ ਹਨ ਜਦ ਕਿ ਕੁੱਤੇ ਆਪਣੀ ਸੁੰਘਣ ਦੀ ਕਾਬਲੀਅਤ ਵਰਤ ਕੇ ਇਸ ਤਰ੍ਹਾਂ ਕਰਦੇ ਹਨ। ਉਹ ਆਪਣੇ ਨੱਕ ਰਾਹੀਂ “ਪੜ੍ਹਦੇ” ਹਨ।

ਜ਼ਰਾ ਸੋਚੋ: ਕੁੱਤਿਆਂ ਦੀ ਸੁੰਘਣ ਦੀ ਕਾਬਲੀਅਤ ਸਾਡੇ ਨਾਲੋਂ ਹਜ਼ਾਰ ਗੁਣਾ ਬਿਹਤਰ ਹੈ। ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਸਟੈਂਡਰਡ ਐਂਡ ਟੈਕਨਾਲੋਜੀ ਮੁਤਾਬਕ ਇਕ ਕੁੱਤਾ “ਖਰਬਾਂ ਦੀ ਮਾਤਰਾ ਵਿਚ ਪਈ ਕਿਸੇ ਚੀਜ਼ ਵਿੱਚੋਂ ਖ਼ਾਸ ਚੀਜ਼ਾਂ ਨੂੰ ਬਾਰੀਕੀ ਨਾਲ ਪਛਾਣ ਸਕਦਾ ਹੈ। ਇਹ ਕਮਾਲ ਇਸ ਬਰਾਬਰ ਹੈ ਕਿ ਕੋਈ ਵਿਅਕਤੀ ਓਲੰਪਕ ਖੇਡਾਂ ਵਿਚ ਵਰਤੇ ਜਾਂਦੇ ਸਵਿਮਿੰਗ ਪੂਲ ਦੇ ਅੰਦਰ ਖੰਡ ਦੇ ਇਕ ਚੌਥਾਈ ਚਮਚੇ ਦੀ ਮਿਠਾਸ ਚੱਖ ਸਕੇ।”

ਕੁੱਤਿਆਂ ਦੀ ਸੁੰਘਣ ਦੀ ਕਾਬਲੀਅਤ ਇੰਨੀ ਵਧੀਆ ਕਿਉਂ ਹੈ?

  • ਇਕ ਕੁੱਤੇ ਦਾ ਨੱਕ ਅੰਦਰੋਂ ਗਿੱਲਾ ਹੁੰਦਾ ਹੈ ਜਿਸ ਕਰਕੇ ਉਹ ਆਸਾਨੀ ਨਾਲ ਚੀਜ਼ਾਂ ਨੂੰ ਸੁੰਘ ਸਕਦਾ ਹੈ।

  • ਇਕ ਕੁੱਤੇ ਦੇ ਨੱਕ ਵਿਚ ਹਵਾ ਲਈ ਦੋ ਰਾਹ ਹੁੰਦੇ ਹਨ​—ਇਕ ਸਾਹ ਲੈਣ ਲਈ ਅਤੇ ਦੂਸਰਾ ਸੁੰਘਣ ਲਈ। ਜਦ ਇਕ ਕੁੱਤਾ ਸੁੰਘਦਾ ਹੈ, ਤਾਂ ਹਵਾ ਉਸ ਦੇ ਨੱਕ ਦੇ ਉਸ ਰਾਹ ਵਿੱਚੋਂ ਦੀ ਲੰਘਦੀ ਹੈ ਜਿਸ ਵਿਚ ਸੁੰਘਣ ਦੀ ਕਾਬਲੀਅਤ ਹੁੰਦੀ ਹੈ।

  • ਇਕ ਕੁੱਤੇ ਦੇ ਨੱਕ ਅੰਦਰ ਸੁੰਘਣ ਲਈ ਜਗ੍ਹਾ 130 ਵਰਗ ਸੈਂਟੀਮੀਟਰ (20 ਵਰਗ ਇੰਚ) ਜਾਂ ਇਸ ਤੋਂ ਵੀ ਜ਼ਿਆਦਾ ਹੋ ਸਕਦੀ ਹੈ ਜਦ ਕਿ ਇਨਸਾਨਾਂ ਦੇ ਨੱਕ ਅੰਦਰ ਸਿਰਫ਼ 5 ਵਰਗ ਸੈਂਟੀਮੀਟਰ (0.8 ਵਰਗ ਇੰਚ) ਦੀ ਜਗ੍ਹਾ ਹੁੰਦੀ ਹੈ।

  • ਇਕ ਕੁੱਤੇ ਦੇ ਨੱਕ ਅੰਦਰ ਸਾਡੇ ਨਾਲੋਂ 50 ਗੁਣਾ ਜ਼ਿਆਦਾ ਸੁੰਘਣ ਲਈ ਰੀਸੈਪਟਰ ਸੈੱਲ ਹੋ ਸਕਦੇ ਹਨ।

ਇਨ੍ਹਾਂ ਸਾਰੀਆਂ ਗੱਲਾਂ ਕਰਕੇ ਇਕ ਕੁੱਤਾ ਸੁੰਘ ਕੇ ਕਿਸੇ ਚੀਜ਼ ਵਿਚ ਪਾਏ ਗਏ ਵੱਖੋ-ਵੱਖਰੇ ਪਦਾਰਥਾਂ ਦੀ ਖ਼ੁਸ਼ਬੂ ਵਿਚ ਫ਼ਰਕ ਪਛਾਣ ਸਕਦਾ ਹੈ। ਮਿਸਾਲ ਲਈ, ਅਸੀਂ ਸੁੰਘ ਕੇ ਸੂਪ ਦੀ ਪਛਾਣ ਕਰ ਸਕਦੇ ਹਾਂ, ਪਰ ਖੋਜਕਾਰਾਂ ਦੇ ਅਨੁਸਾਰ ਇਕ ਕੁੱਤਾ ਉਸ ਸੂਪ ਨੂੰ ਸੁੰਘ ਕੇ ਉਸ ਵਿਚ ਪਾਈ ਗਈ ਹਰ ਚੀਜ਼ ਦੀ ਪਛਾਣ ਕਰ ਸਕਦਾ ਹੈ।

ਪਾਈਨ ਸਟ੍ਰੀਟ ਫਾਉਂਡੇਸ਼ਨ ਨਾਂ ਦੀ ਇਕ ਕੈਂਸਰ ਸੰਸਥਾ ਦੇ ਕੁਝ ਖੋਜਕਾਰ ਕਹਿੰਦੇ ਹਨ ਕਿ ਕੁੱਤੇ ਦਾ ਦਿਮਾਗ਼ ਤੇ ਨੱਕ ਮਿਲ ਕੇ ਕੰਮ ਕਰਦੇ ਹਨ ਜਿਸ ਕਰਕੇ ਉਹ “ਵੱਖ-ਵੱਖ ਖ਼ੁਸ਼ਬੂਆਂ ਨੂੰ ਪਛਾਣਨ ਲਈ ਧਰਤੀ ’ਤੇ ਇਕ ਵਧੀਆ ਯੰਤਰ ਹਨ।” ਸਾਇੰਸਦਾਨ ਇਲੈਕਟ੍ਰਾਨਿਕ ਯੰਤਰ ਬਣਾ ਰਹੇ ਹਨ ਜੋ ਬੰਬ, ਸਮਗਲਿੰਗ ਕਰਨ ਵਾਲੇ ਸਮਾਨ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਦੀ ਪਛਾਣ ਕਰ ਸਕਣ।

ਤੁਹਾਡਾ ਕੀ ਖ਼ਿਆਲ ਹੈ? ਕੀ ਕੁੱਤੇ ਦੀ ਸੁੰਘਣ ਦੀ ਕਾਬਲੀਅਤ ਵਿਕਾਸਵਾਦ ਦਾ ਨਤੀਜਾ ਹੈ? ਜਾਂ ਕੀ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ?