ਮੁੱਖ ਪੰਨੇ ਤੋਂ | ਬਾਈਬਲ ਪੜ੍ਹਨ ਦਾ ਮਜ਼ਾ ਕਿਵੇਂ ਲਈਏ?
ਕਿਹੜੀਆਂ ਗੱਲਾਂ ਕਰਕੇ ਬਾਈਬਲ ਪੜ੍ਹਾਈ ਮਜ਼ੇਦਾਰ ਬਣੇਗੀ?
ਬੋਰਿੰਗ? ਜਾਂ ਮਜ਼ੇਦਾਰ? ਬਾਈਬਲ ਨੂੰ ਪੜ੍ਹਨਾ ਤੁਹਾਨੂੰ ਕਿੱਦਾਂ ਲੱਗੇਗਾ? ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਬਾਈਬਲ ਨੂੰ ਕਿਸ ਤਰੀਕੇ ਨਾਲ ਪੜ੍ਹਦੇ ਹੋ। ਆਓ ਦੇਖੀਏ ਕਿ ਕਿਹੜੀਆਂ ਗੱਲਾਂ ਬਾਈਬਲ ਪੜ੍ਹਨ ਲਈ ਤੁਹਾਡੀ ਦਿਲਚਸਪੀ ਨੂੰ ਵਧਾ ਸਕਦੀਆਂ ਹਨ ਅਤੇ ਇਸ ਪੜ੍ਹਾਈ ਨੂੰ ਮਜ਼ੇਦਾਰ ਬਣਾ ਸਕਦੀਆਂ ਹਨ।
ਭਰੋਸੇਯੋਗ ਤੇ ਅੱਜ ਦੀ ਭਾਸ਼ਾ ਦਾ ਅਨੁਵਾਦ ਚੁਣੋ। ਜੇ ਤੁਸੀਂ ਇੱਦਾਂ ਦੀ ਜਾਣਕਾਰੀ ਪੜ੍ਹਦੇ ਹੋ ਜਿਸ ਵਿਚ ਔਖੇ ਅਤੇ ਪੁਰਾਣੇ ਸ਼ਬਦ ਹਨ ਜਿਨ੍ਹਾਂ ਬਾਰੇ ਤੁਹਾਨੂੰ ਨਹੀਂ ਪਤਾ, ਤਾਂ ਤੁਹਾਨੂੰ ਪੜ੍ਹਨ ਵਿਚ ਮਜ਼ਾ ਨਹੀਂ ਆਵੇਗਾ। ਇਸ ਲਈ ਆਸਾਨ ਭਾਸ਼ਾ ਵਾਲੀ ਬਾਈਬਲ ਚੁਣੋ ਜੋ ਤੁਹਾਡੇ ਦਿਲ ਨੂੰ ਛੋਹੇਗੀ। ਪਰ ਇਸ ਦੇ ਨਾਲ-ਨਾਲ ਇਹ ਬੜੇ ਧਿਆਨ ਨਾਲ ਸਹੀ-ਸਹੀ ਅਨੁਵਾਦ ਕੀਤੀ ਹੋਣੀ ਚਾਹੀਦੀ ਹੈ। *
ਨਵੀਂ ਤਕਨਾਲੋਜੀ ਵਰਤੋ। ਅੱਜ ਬਾਈਬਲ ਨਾ ਸਿਰਫ਼ ਜਿਲਦਬੱਧ ਕਿਤਾਬ ਦੇ ਰੂਪ ਵਿਚ, ਸਗੋਂ ਡਿਜੀਟਲ ਰੂਪ ਵਿਚ ਵੀ ਉਪਲਬਧ ਹੈ। ਕੁਝ ਬਾਈਬਲਾਂ ਨੂੰ ਆਨ-ਲਾਈਨ ਪੜ੍ਹਿਆ ਜਾ ਸਕਦਾ ਹੈ ਜਾਂ ਆਪਣੇ ਕੰਪਿਊਟਰਾਂ, ਟੈਬਲੇਟਾਂ ਅਤੇ ਫ਼ੋਨਾਂ ’ਤੇ ਡਾਊਨਲੋਡ ਕੀਤਾ ਜਾ ਸਕਦਾ ਹੈ। ਇੰਟਰਨੈੱਟ ’ਤੇ ਜਾਂ ਡਾਊਨਲੋਡ ਕੀਤੇ ਬਾਈਬਲ ਦੇ ਕੁਝ ਅਨੁਵਾਦਾਂ ਵਿਚ ਅਜਿਹੀ ਸਹੂਲਤ ਹੈ ਕਿ ਤੁਸੀਂ ਇੱਕੋ ਵਿਸ਼ੇ ਬਾਰੇ ਬਾਈਬਲ ਦੀਆਂ ਹੋਰ ਆਇਤਾਂ ਦੇਖ ਸਕਦੇ ਹੋ ਜਾਂ ਵੱਖੋ-ਵੱਖਰੇ ਅਨੁਵਾਦਾਂ ਦੀ ਤੁਲਨਾ ਕਰ ਸਕਦੇ ਹੋ। ਜੇ ਤੁਸੀਂ ਪੜ੍ਹਨ ਦੀ ਬਜਾਇ ਸੁਣਨਾ ਪਸੰਦ ਕਰਦੇ ਹੋ, ਤਾਂ ਕੁਝ ਭਾਸ਼ਾਵਾਂ ਵਿਚ ਬਾਈਬਲ ਦੀ ਰਿਕਾਰਡਿੰਗ ਵੀ ਉਪਲਬਧ ਹੈ। ਕਈ ਲੋਕ ਸਫ਼ਰ ਕਰਦੇ ਵੇਲੇ, ਕੱਪੜੇ ਧੋਂਦੇ ਵੇਲੇ ਜਾਂ ਕੋਈ ਹੋਰ ਕੰਮ ਕਰਦੇ ਵੇਲੇ ਰਿਕਾਰਡਿੰਗ ਸੁਣਦੇ ਹਨ। ਕਿਉਂ ਨਾ ਤੁਸੀਂ ਵੀ ਕੋਈ ਤਰੀਕਾ ਅਪਣਾਓ ਜੋ ਤੁਹਾਡੇ ਲਈ ਢੁਕਵਾਂ ਹੈ?
ਬਾਈਬਲ ਸਟੱਡੀ ਕਰਨ ਲਈ ਅਲੱਗ-ਅਲੱਗ ਪ੍ਰਕਾਸ਼ਨ ਵਰਤੋ। ਪ੍ਰਕਾਸ਼ਨਾਂ ਦੀ ਮਦਦ ਨਾਲ ਤੁਸੀਂ ਬਾਈਬਲ ਪੜ੍ਹਾਈ ਦਾ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਲੈ ਸਕਦੇ ਹੋ। ਪੜ੍ਹਦੇ ਵੇਲੇ ਤੁਸੀਂ ਬਾਈਬਲ ਵਿਚ ਦੱਸੇ ਦੇਸ਼ਾਂ ਦੇ ਨਕਸ਼ੇ ਦੇਖ ਸਕਦੇ ਹੋ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਉਨ੍ਹਾਂ ਥਾਵਾਂ
ਨੂੰ ਲੱਭ ਸਕਦੇ ਹੋ ਜਿਨ੍ਹਾਂ ਬਾਰੇ ਤੁਸੀਂ ਪੜ੍ਹ ਰਹੇ ਹੋ ਅਤੇ ਦੇਖ ਸਕਦੇ ਹੋ ਕਿ ਉੱਥੇ ਕਿਹੜੀਆਂ ਘਟਨਾਵਾਂ ਹੋਈਆਂ ਸਨ। ਇਸ ਰਸਾਲੇ ਵਿੱਚ ਦਿੱਤੇ ਲੇਖ ਜਾਂ jw.org ਵੈੱਬਸਾਈਟ ’ਤੇ ਦਿੱਤੇ ਲੇਖ ਬਾਈਬਲ ਦੇ ਕਈ ਹਿੱਸਿਆਂ ਦਾ ਮਤਲਬ ਸਮਝਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ।ਅਲੱਗ-ਅਲੱਗ ਤਰੀਕੇ ਅਪਣਾਓ। ਜੇ ਤੁਹਾਨੂੰ ਸ਼ੁਰੂ ਤੋਂ ਲੈ ਕੇ ਅਖ਼ੀਰ ਤਕ ਬਾਈਬਲ ਪੜ੍ਹਨੀ ਬੋਰਿੰਗ ਲੱਗਦੀ ਹੈ, ਤਾਂ ਕਿਉਂ ਨਾ ਆਪਣੀ ਦਿਲਚਸਪੀ ਜਗਾਉਣ ਲਈ ਉਸ ਹਿੱਸੇ ਤੋਂ ਪੜ੍ਹਨਾ ਸ਼ੁਰੂ ਪੜ੍ਹੋ ਜੋ ਤੁਹਾਨੂੰ ਬਹੁਤ ਪਸੰਦ ਹੈ? ਜੇ ਤੁਸੀਂ ਬਾਈਬਲ ਵਿਚ ਦੱਸੇ ਮਸ਼ਹੂਰ ਲੋਕਾਂ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ ਬਾਈਬਲ ਦੇ ਪਾਤਰਾਂ ਬਾਰੇ ਪੜ੍ਹਨ ਦੀ ਕੋਸ਼ਿਸ਼ ਕਰ ਸਕਦੇ ਹੋ। ਇਸ ਲੇਖ ਨਾਲ ਦਿੱਤੀ ਡੱਬੀ “ ਬਾਈਬਲ ਵਿਚ ਦੱਸੇ ਲੋਕਾਂ ਨੂੰ ਜਾਣਨ ਲਈ ਬਾਈਬਲ ਪੜ੍ਹੋ” ਵਿਚ ਇਕ ਤਰੀਕਾ ਦੱਸਿਆ ਗਿਆ ਹੈ। ਜਾਂ ਫਿਰ ਤੁਸੀਂ ਬਾਈਬਲ ਦੇ ਇਕ-ਇਕ ਵਿਸ਼ੇ ਬਾਰੇ ਜਾਂ ਜਿਸ ਤਰਤੀਬ ਵਿਚ ਘਟਨਾਵਾਂ ਹੋਈਆਂ ਸਨ, ਉਸ ਤਰਤੀਬ ਵਿਚ ਬਾਈਬਲ ਵਿੱਚੋਂ ਪੜ੍ਹਨਾ ਚਾਹੋ। ਕਿਉਂ ਨਾ ਤੁਸੀਂ ਇਨ੍ਹਾਂ ਵਿੱਚੋਂ ਕੋਈ ਇਕ ਤਰੀਕਾ ਵਰਤੋ?
^ ਪੈਰਾ 4 ਬਹੁਤ ਸਾਰੇ ਲੋਕਾਂ ਨੂੰ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਸਹੀ, ਭਰੋਸੇਯੋਗ ਅਤੇ ਪੜ੍ਹਨ ਵਿਚ ਆਸਾਨ ਲੱਗਦੀ ਹੈ। ਇਹ ਬਾਈਬਲ ਯਹੋਵਾਹ ਦੇ ਗਵਾਹਾਂ ਨੇ ਤਿਆਰ ਕੀਤੀ ਹੈ ਅਤੇ ਇਹ 130 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਉਪਲਬਧ ਹੈ। ਤੁਸੀਂ ਇਸ ਦੀ ਕਾਪੀ jw.org ਵੈੱਬਸਾਈਟ ਤੋਂ ਡਾਊਨਲੋਡ ਕਰ ਸਕਦੇ ਹੋ ਜਾਂ JW Library ਐਪ ਡਾਊਨਲੋਡ ਕਰ ਸਕਦੇ ਹੋ। ਜਾਂ ਜੇ ਤੁਸੀਂ ਚਾਹੁੰਦੇ ਹੋ, ਤਾਂ ਯਹੋਵਾਹ ਦੇ ਗਵਾਹ ਬਾਈਬਲ ਦੀ ਇਕ ਕਾਪੀ ਤੁਹਾਨੂੰ ਤੁਹਾਡੇ ਘਰ ਆ ਕੇ ਦੇ ਸਕਦੇ ਹਨ।