Skip to content

Skip to table of contents

ਮੁੱਖ ਪੰਨੇ ਤੋਂ | ਬਾਈਬਲ ਪੜ੍ਹਨ ਦਾ ਮਜ਼ਾ ਕਿਵੇਂ ਲਈਏ?

ਮੈਂ ਸ਼ੁਰੂ ਕਿਵੇਂ ਕਰਾਂ?

ਮੈਂ ਸ਼ੁਰੂ ਕਿਵੇਂ ਕਰਾਂ?

ਕਿਹੜੇ ਤਰੀਕੇ ਨਾਲ ਬਾਈਬਲ ਪੜ੍ਹ ਕੇ ਤੁਹਾਨੂੰ ਮਜ਼ਾ ਆਵੇਗਾ ਤੇ ਫ਼ਾਇਦਾ ਹੋਵੇਗਾ? ਪੰਜ ਸੁਝਾਵਾਂ ’ਤੇ ਗੌਰ ਕਰੋ ਜਿਨ੍ਹਾਂ ’ਤੇ ਚੱਲ ਕੇ ਬਹੁਤ ਸਾਰਿਆਂ ਦੀ ਮਦਦ ਹੋਈ ਹੈ।

ਸਹੀ ਮਾਹੌਲ ਚੁਣੋ। ਅਜਿਹੀ ਜਗ੍ਹਾ ਚੁਣੋ ਜਿੱਥੇ ਸ਼ਾਂਤੀ ਹੈ। ਧਿਆਨ ਭਟਕਾਉਣ ਵਾਲੀਆਂ ਗੱਲਾਂ ਤੋਂ ਦੂਰ ਰਹੋ ਤਾਂਕਿ ਤੁਸੀਂ ਧਿਆਨ ਨਾਲ ਪੜ੍ਹ ਸਕੋ। ਚੰਗੀ ਰੌਸ਼ਨੀ ਅਤੇ ਤਾਜ਼ੀ ਹਵਾ ਨਾਲ ਤੁਸੀਂ ਬਾਈਬਲ ਪੜ੍ਹਾਈ ਤੋਂ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਲੈ ਸਕਦੇ ਹੋ।

ਮਨ ਨੂੰ ਪੂਰੀ ਤਰ੍ਹਾਂ ਤਿਆਰ ਕਰੋ। ਬਾਈਬਲ ਸਾਡੇ ਸਵਰਗੀ ਪਿਤਾ ਤੋਂ ਹੈ, ਇਸ ਲਈ ਤੁਹਾਨੂੰ ਇਸ ਤੋਂ ਤਾਂ ਹੀ ਫ਼ਾਇਦਾ ਹੋਵੇਗਾ ਜੇ ਤੁਹਾਡਾ ਰਵੱਈਆ ਉਸ ਬੱਚੇ ਵਰਗਾ ਹੈ ਜੋ ਆਪਣੇ ਪਿਆਰ ਕਰਨ ਵਾਲੇ ਮਾਪਿਆਂ ਤੋਂ ਸਿੱਖਣ ਲਈ ਤਿਆਰ ਰਹਿੰਦਾ ਹੈ। ਜੇ ਤੁਸੀਂ ਬਾਈਬਲ ਬਾਰੇ ਪਹਿਲਾਂ ਤੋਂ ਹੀ ਮਾੜੀ ਰਾਇ ਕਾਇਮ ਕੀਤੀ ਹੋਈ ਹੈ, ਤਾਂ ਉਸ ਨੂੰ ਭੁੱਲ ਜਾਓ ਤਾਂਕਿ ਰੱਬ ਤੁਹਾਨੂੰ ਸਿਖਾ ਸਕੇ।ਜ਼ਬੂਰਾਂ ਦੀ ਪੋਥੀ 25:4.

ਪੜ੍ਹਨ ਤੋਂ ਪਹਿਲਾਂ ਪ੍ਰਾਰਥਨਾ ਕਰੋ। ਬਾਈਬਲ ਵਿਚ ਰੱਬ ਦੇ ਵਿਚਾਰ ਹਨ, ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਸ ਨੂੰ ਸਮਝਣ ਲਈ ਸਾਨੂੰ ਉਸ ਦੀ ਮਦਦ ਦੀ ਲੋੜ ਹੈ। ਰੱਬ ਵਾਅਦਾ ਕਰਦਾ ਹੈ ਕਿ ਉਹ “ਮੰਗਣ ਤੇ ਤੁਹਾਨੂੰ ਪਵਿੱਤਰ ਸ਼ਕਤੀ ਜ਼ਰੂਰ ਦੇਵੇਗਾ।” (ਲੂਕਾ 11:13) ਪਵਿੱਤਰ ਸ਼ਕਤੀ ਰੱਬ ਦੀ ਸੋਚ ਨੂੰ ਸਮਝਣ ਵਿਚ ਤੁਹਾਡੀ ਮਦਦ ਕਰ ਸਕਦੀ ਹੈ। ਸਮੇਂ ਦੇ ਬੀਤਣ ਨਾਲ ਇਹ ਤੁਹਾਡੇ ਮਨਾਂ ਨੂੰ ਖੋਲ੍ਹੇਗੀ ਤਾਂਕਿ ਤੁਸੀਂ “ਪਰਮੇਸ਼ੁਰ ਦੇ ਡੂੰਘੇ ਭੇਤਾਂ” ਨੂੰ ਸਮਝ ਸਕੋ।1 ਕੁਰਿੰਥੀਆਂ 2:10.

ਸਮਝਣ ਦੇ ਮਕਸਦ ਨਾਲ ਪੜ੍ਹੋ। ਜਾਣਕਾਰੀ ਨੂੰ ਸਿਰਫ਼ ਖ਼ਤਮ ਕਰਨ ਲਈ ਹੀ ਨਾ ਪੜ੍ਹੋ। ਧਿਆਨ ਨਾਲ ਸੋਚੋ ਕਿ ਤੁਸੀਂ ਕੀ ਪੜ੍ਹ ਰਹੇ ਹੋ। ਆਪਣੇ ਆਪ ਤੋਂ ਇਸ ਤਰ੍ਹਾਂ ਦੇ ਸਵਾਲ ਪੁੱਛੋ: ‘ਮੈਂ ਜਿਸ ਵਿਅਕਤੀ ਬਾਰੇ ਪੜ੍ਹ ਰਿਹਾ ਹਾਂ, ਉਸ ਵਿਚ ਕਿਹੜੇ ਖ਼ਾਸ ਗੁਣ ਹਨ? ਮੈਂ ਇਨ੍ਹਾਂ ਗੁਣਾਂ ਨੂੰ ਆਪਣੇ ਵਿਚ ਕਿਵੇਂ ਪੈਦਾ ਕਰ ਸਕਦਾ ਹਾਂ?’

ਖ਼ਾਸ ਟੀਚੇ ਰੱਖੋ। ਜੇ ਤੁਸੀਂ ਚਾਹੁੰਦੇ ਹੋ ਕਿ ਬਾਈਬਲ ਪੜ੍ਹ ਕੇ ਤੁਹਾਨੂੰ ਫ਼ਾਇਦਾ ਹੋਵੇ, ਤਾਂ ਕੁਝ ਸਿੱਖਣ ਦਾ ਟੀਚਾ ਰੱਖੋ ਜਿਸ ਨਾਲ ਤੁਹਾਡੀ ਜ਼ਿੰਦਗੀ ਬਿਹਤਰ ਬਣੇਗੀ। ਤੁਸੀਂ ਇਸ ਤਰ੍ਹਾਂ ਦੇ ਟੀਚੇ ਰੱਖ ਸਕਦੇ ਹੋ: ‘ਮੈਂ ਰੱਬ ਬਾਰੇ ਹੋਰ ਜਾਣਨਾ ਚਾਹੁੰਦਾ ਹਾਂ।’ ‘ਮੈਂ ਇਕ ਚੰਗਾ ਇਨਸਾਨ ਜਾਂ ਚੰਗਾ ਪਤੀ ਬਣਨਾ ਚਾਹੁੰਦਾ ਹਾਂ ਜਾਂ ਚੰਗੀ ਪਤਨੀ ਬਣਨਾ ਚਾਹੁੰਦੀ ਹਾਂ।’ ਫਿਰ ਬਾਈਬਲ ਦੇ ਕੁਝ ਹਿੱਸੇ ਚੁਣੋ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਟੀਚਿਆਂ ’ਤੇ ਪਹੁੰਚ ਸਕਦੇ ਹੋ। *

ਇਨ੍ਹਾਂ ਪੰਜ ਸੁਝਾਵਾਂ ਦੀ ਮਦਦ ਨਾਲ ਤੁਸੀਂ ਬਾਈਬਲ ਪੜ੍ਹਨੀ ਸ਼ੁਰੂ ਕਰ ਸਕਦੇ ਹੋ। ਪਰ ਤੁਸੀਂ ਆਪਣੀ ਬਾਈਬਲ ਪੜ੍ਹਾਈ ਨੂੰ ਹੋਰ ਮਜ਼ੇਦਾਰ ਕਿਵੇਂ ਬਣਾ ਸਕਦੇ ਹੋ? ਅਗਲੇ ਲੇਖ ਵਿਚ ਕੁਝ ਸੁਝਾਅ ਦਿੱਤੇ ਗਏ ਹਨ।

^ ਪੈਰਾ 8 ਜੇ ਤੁਹਾਨੂੰ ਪਤਾ ਨਹੀਂ ਕਿ ਇਨ੍ਹਾਂ ਟੀਚਿਆਂ ’ਤੇ ਪਹੁੰਚਣ ਲਈ ਤੁਹਾਨੂੰ ਬਾਈਬਲ ਦੇ ਕਿਹੜੇ ਹਿੱਸੇ ਪੜ੍ਹਨੇ ਚਾਹੀਦੇ ਹਨ, ਤਾਂ ਯਹੋਵਾਹ ਦੇ ਗਵਾਹਾਂ ਨੂੰ ਤੁਹਾਡੀ ਮਦਦ ਕਰ ਕੇ ਖ਼ੁਸ਼ੀ ਹੋਵੇਗੀ।