Skip to content

Skip to table of contents

ਕੀ ਅਸੀਂ ਵਾਕਈ ਰੱਬ ਨੂੰ ਖ਼ੁਸ਼ ਕਰ ਸਕਦੇ ਹਾਂ?

ਕੀ ਅਸੀਂ ਵਾਕਈ ਰੱਬ ਨੂੰ ਖ਼ੁਸ਼ ਕਰ ਸਕਦੇ ਹਾਂ?

ਕੀ ਤੁਸੀਂ ਉਨ੍ਹਾਂ ਲੋਕਾਂ ਬਾਰੇ ਪੜ੍ਹਿਆ ਹੈ ਜਿਨ੍ਹਾਂ ਦੇ ਬਾਈਬਲ ਵਿਚ ਤਾਰੀਫ਼ਾਂ ਦੇ ਪੁਲ ਬੰਨੇ ਗਏ ਹਨ ਤੇ ਫਿਰ ਤੁਸੀਂ ਆਪਣੇ ਆਪ ਨੂੰ ਕਿਹਾ, ‘ਮੈਂ ਉਨ੍ਹਾਂ ਵਰਗਾ ਕਦੇ ਵੀ ਨਹੀਂ ਬਣ ਸਕਦਾ!’ ਤੁਸੀਂ ਸ਼ਾਇਦ ਕਹੋ, ‘ਮੈਂ ਨਿਹਕਲੰਕ ਜਾਂ ਧਰਮੀ ਨਹੀਂ ਹਾਂ ਤੇ ਮੈਂ ਹਮੇਸ਼ਾ ਚੰਗੇ ਕੰਮ ਨਹੀਂ ਕਰਦਾ।’

ਅੱਯੂਬ “ਭਲਾ ਤੇ ਨਿਹਕਲੰਕ ਆਦਮੀ” ਸੀ।ਅੱਯੂਬ 1:1, CL

ਪੁਰਾਣੇ ਜ਼ਮਾਨੇ ਦੇ ਇਕ ਭਗਤ ਅੱਯੂਬ ਬਾਰੇ ਕਿਹਾ ਗਿਆ ਸੀ ਕਿ ਉਹ “ਭਲਾ ਤੇ ਨਿਹਕਲੰਕ ਆਦਮੀ” ਸੀ। (ਅੱਯੂਬ 1:1, CL) ਲੂਤ ਨੂੰ “ਧਰਮੀ ਬੰਦਾ” ਕਿਹਾ ਗਿਆ ਸੀ। (2 ਪਤਰਸ 2:8) ਦਾਊਦ ਬਾਰੇ ਕਿਹਾ ਗਿਆ ਸੀ ਕਿ ਉਸ ਨੇ ਉਹੀ ਕੀਤਾ ਜੋ ਰੱਬ ਦੀਆਂ ਨਜ਼ਰਾਂ ਵਿਚ “ਠੀਕ ਸੀ।” (1 ਰਾਜਿਆਂ 14:8) ਇਸ ਲਈ ਆਓ ਆਪਾਂ ਬਾਈਬਲ ਵਿਚ ਦੱਸੇ ਇਨ੍ਹਾਂ ਕਿਰਦਾਰਾਂ ਦੀ ਜ਼ਿੰਦਗੀ ’ਤੇ ਝਾਤ ਮਾਰੀਏ। ਅਸੀਂ ਦੇਖਾਂਗੇ ਕਿ (1) ਉਨ੍ਹਾਂ ਨੇ ਗ਼ਲਤੀਆਂ ਕੀਤੀਆਂ, (2) ਅਸੀਂ ਉਨ੍ਹਾਂ ਦੀਆਂ ਮਿਸਾਲਾਂ ਤੋਂ ਕਾਫ਼ੀ ਕੁਝ ਸਿੱਖ ਸਕਦੇ ਹਾਂ ਅਤੇ (3) ਨਾਮੁਕੰਮਲ ਇਨਸਾਨ ਵਾਕਈ ਰੱਬ ਨੂੰ ਖ਼ੁਸ਼ ਕਰ ਸਕਦੇ ਹਨ।

ਉਨ੍ਹਾਂ ਨੇ ਗ਼ਲਤੀਆਂ ਕੀਤੀਆਂ

“[ਰੱਬ] ਨੇ ਧਰਮੀ ਲੂਤ ਨੂੰ ਵੀ ਬਚਾਇਆ ਜਿਹੜਾ ਇਸ ਗੱਲੋਂ ਬੜਾ ਦੁਖੀ ਹੁੰਦਾ ਸੀ ਕਿ ਬੁਰੇ ਲੋਕ ਕਿੰਨੇ ਬੇਸ਼ਰਮ ਹੋ ਕੇ ਗ਼ਲਤ ਕੰਮ ਕਰਦੇ ਸਨ।”2 ਪਤਰਸ 2:7

ਅੱਯੂਬ ਉੱਤੇ ਇਕ ਤੋਂ ਬਾਅਦ ਇਕ ਦੁੱਖ ਆਏ ਜਿਸ ਕਰਕੇ ਉਸ ਨੂੰ ਲੱਗਾ ਕਿ ਉਸ ਨਾਲ ਅਨਿਆਂ ਹੋ ਰਿਹਾ ਸੀ। ਉਸ ਦੇ ਮਨ ਵਿਚ ਇਹ ਗ਼ਲਤ ਖ਼ਿਆਲ ਘਰ ਕਰ ਗਿਆ ਕਿ ਰੱਬ ਉਸ ਦੀ ਕੋਈ ਪਰਵਾਹ ਨਹੀਂ ਕਰਦਾ ਭਾਵੇਂ ਉਹ ਉਸ ’ਤੇ ਵਿਸ਼ਵਾਸ ਕਰੇ ਜਾਂ ਨਾ। (ਅੱਯੂਬ 9:20-22) ਅੱਯੂਬ ਆਪਣੇ ਆਪ ਨੂੰ ਇੰਨਾ ਧਰਮੀ ਸਮਝਣ ਲੱਗ ਪਿਆ ਸੀ ਕਿ ਦੂਜਿਆਂ ਨੂੰ ਇਵੇਂ ਲੱਗਾ ਜਿਵੇਂ ਉਹ ਕਹਿ ਰਿਹਾ ਹੋਵੇ ਕਿ ਉਹ ਰੱਬ ਨਾਲੋਂ ਜ਼ਿਆਦਾ ਧਰਮੀ ਸੀ।ਅੱਯੂਬ 32:1, 2; 35:1, 2.

 ਲੂਤ ਨੇ ਇਕ ਸੌਖਾ ਜਿਹਾ ਫ਼ੈਸਲਾ ਕਰਨ ਵਿਚ ਢਿੱਲ-ਮੱਠ ਕੀਤੀ। ਉਹ ਸਦੂਮ ਤੇ ਗਮੋਰਾ ਸ਼ਹਿਰਾਂ ਦੇ ਲੋਕਾਂ ਦੇ ਅਨੈਤਿਕ ਕੰਮਾਂ ਕਰਕੇ ਬਹੁਤ ਦੁਖੀ ਸੀ, ਇੱਥੋਂ ਤਕ ਕਿ ਉਹ ਲੋਕਾਂ ਦੇ ਰਵੱਈਏ ਕਰਕੇ “ਮਨ ਹੀ ਮਨ ਤੜਫਦਾ ਸੀ।” (2 ਪਤਰਸ 2:8) ਰੱਬ ਨੇ ਐਲਾਨ ਕੀਤਾ ਕਿ ਉਹ ਇਨ੍ਹਾਂ ਬੁਰੇ ਸ਼ਹਿਰਾਂ ਨੂੰ ਨਾਸ਼ ਕਰੇਗਾ ਤੇ ਲੂਤ ਨੂੰ ਆਪਣੇ ਪਰਿਵਾਰ ਸਮੇਤ ਬਚਣ ਦਾ ਮੌਕਾ ਦੇਵੇਗਾ। ਤੁਸੀਂ ਸ਼ਾਇਦ ਸੋਚੋ ਕਿ ਇਨ੍ਹਾਂ ਸ਼ਹਿਰਾਂ ਵਿੱਚੋਂ ਨਿਕਲਣ ਵਾਲਾ ਪਹਿਲਾ ਇਨਸਾਨ ਲੂਤ ਹੋਵੇਗਾ। ਪਰ ਇਸ ਨਾਜ਼ੁਕ ਘੜੀ ਵਿਚ ਲੂਤ ਨੇ ਢਿੱਲ-ਮੱਠ ਕੀਤੀ। ਦੂਤਾਂ ਨੂੰ ਲੂਤ ਅਤੇ ਉਸ ਦੇ ਪਰਿਵਾਰ ਨੂੰ ਹੱਥੋਂ ਫੜ ਕੇ ਸ਼ਹਿਰੋਂ ਬਾਹਰ ਸੁਰੱਖਿਅਤ ਜਗ੍ਹਾ ’ਤੇ ਲਿਆਉਣਾ ਪਿਆ।ਉਤਪਤ 19:15, 16.

ਦਾਊਦ “ਸਾਰੇ ਮਨ ਨਾਲ [ਪਰਮੇਸ਼ੁਰ] ਮਗਰ ਚੱਲਿਆ ਅਤੇ ਉਹੋ ਹੀ ਕੀਤਾ ਜੋ [ਪਰਮੇਸ਼ੁਰ ਦੀ] ਨਿਗਾਹ ਵਿੱਚ ਠੀਕ ਸੀ।”1 ਰਾਜਿਆਂ 14:8

ਦਾਊਦ ਇਕ ਵਾਰ ਆਪਣੇ ’ਤੇ ਕਾਬੂ ਨਹੀਂ ਰੱਖ ਸਕਿਆ ਤੇ ਉਸ ਨੇ ਕਿਸੇ ਹੋਰ ਦੀ ਤੀਵੀਂ ਨਾਲ ਹਰਾਮਕਾਰੀ ਕੀਤੀ। ਹੈਰਾਨੀ ਦੀ ਗੱਲ ਹੈ ਕਿ ਦਾਊਦ ਨੇ ਆਪਣੇ ਇਸ ਪਾਪ ਨੂੰ ਲੁਕਾਉਣ ਲਈ ਉਸ ਦੇ ਪਤੀ ਨੂੰ ਮਰਵਾ ਦਿੱਤਾ। (2 ਸਮੂਏਲ, ਅਧਿਆਇ 11) ਬਾਈਬਲ ਕਹਿੰਦੀ ਹੈ ਕਿ ਦਾਊਦ ਨੇ ਜੋ ਕੀਤਾ, ਉਹ “ਯਹੋਵਾਹ ਨੂੰ ਬੁਰਾ ਲੱਗਾ।”2 ਸਮੂਏਲ 11:27.

ਅੱਯੂਬ, ਲੂਤ ਅਤੇ ਦਾਊਦ ਨੇ ਗ਼ਲਤੀਆਂ ਕੀਤੀਆਂ ਜਿਨ੍ਹਾਂ ਵਿੱਚੋਂ ਕੁਝ ਬਹੁਤ ਗੰਭੀਰ ਸਨ। ਪਰ ਜਿਵੇਂ ਅਸੀਂ ਦੇਖਾਂਗੇ, ਉਹ ਦਿਲੋਂ ਰੱਬ ਦੀ ਭਗਤੀ ਕਰਨੀ ਚਾਹੁੰਦੇ ਸਨ। ਉਨ੍ਹਾਂ ਨੇ ਦਿਖਾਇਆ ਕਿ ਉਨ੍ਹਾਂ ਨੂੰ ਆਪਣੀਆਂ ਗ਼ਲਤੀਆਂ ਦਾ ਕਿੰਨਾ ਪਛਤਾਵਾ ਸੀ ਤੇ ਉਹ ਆਪਣੇ ਆਪ ਨੂੰ ਸੁਧਾਰਨਾ ਚਾਹੁੰਦੇ ਸਨ। ਇਸ ਲਈ ਰੱਬ ਨੇ ਉਨ੍ਹਾਂ ’ਤੇ ਮਿਹਰ ਕੀਤੀ ਤੇ ਪੂਰੀ ਬਾਈਬਲ ਵਿਚ ਉਨ੍ਹਾਂ ਨੂੰ ਵਫ਼ਾਦਾਰ ਆਦਮੀ ਕਿਹਾ।

ਅਸੀਂ ਕੀ ਸਿੱਖ ਸਕਦੇ ਹਾਂ?

ਨਾਮੁਕੰਮਲ ਹੋਣ ਕਰਕੇ ਅਸੀਂ ਗ਼ਲਤੀਆਂ ਕਰਨ ਤੋਂ ਬਚ ਨਹੀਂ ਸਕਦੇ। (ਰੋਮੀਆਂ 3:23) ਪਰ ਜਦੋਂ ਗ਼ਲਤੀ ਹੋ ਜਾਂਦੀ ਹੈ, ਤਾਂ ਸਾਨੂੰ ਦਿਖਾਉਣਾ ਚਾਹੀਦਾ ਹੈ ਕਿ ਸਾਨੂੰ ਕਿੰਨਾ ਪਛਤਾਵਾ ਹੈ ਤੇ ਫਿਰ ਸਾਨੂੰ ਆਪਣੀ ਗ਼ਲਤੀ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਅੱਯੂਬ, ਲੂਤ ਅਤੇ ਦਾਊਦ ਨੇ ਆਪਣੀਆਂ ਗ਼ਲਤੀਆਂ ਨੂੰ ਸੁਧਾਰਨ ਦੀ ਕਿਵੇਂ ਕੋਸ਼ਿਸ਼ ਕੀਤੀ? ਅੱਯੂਬ ਦਿਲੋਂ ਵਫ਼ਾਦਾਰ ਇਨਸਾਨ ਸੀ। ਜਦੋਂ ਰੱਬ ਨੇ ਉਸ ਨੂੰ ਸੁਧਾਰਿਆ, ਤਾਂ ਅੱਯੂਬ ਨੇ ਆਪਣੀ ਗ਼ਲਤ ਸੋਚ  ਨੂੰ ਬਦਲਿਆ ਤੇ ਉਹ ਆਪਣੀਆਂ ਕਹੀਆਂ ਗੱਲਾਂ ’ਤੇ ਪਛਤਾਇਆ। (ਅੱਯੂਬ 42:6) ਸਦੂਮ ਅਤੇ ਗਮੋਰਾ ਦੇ ਲੋਕਾਂ ਦੇ ਅਨੈਤਿਕ ਚਾਲ-ਚਲਣ ਬਾਰੇ ਲੂਤ ਦਾ ਨਜ਼ਰੀਆ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਬਿਲਕੁਲ ਸਹੀ ਸੀ। ਪਰ ਥੋੜ੍ਹੇ ਸਮੇਂ ਲਈ ਉਹ ਸਮੇਂ ਦੀ ਨਾਜ਼ੁਕਤਾ ਨੂੰ ਸਮਝ ਨਹੀਂ ਪਾਇਆ। ਪਰ ਬਾਅਦ ਵਿਚ ਉਹ ਇਨ੍ਹਾਂ ਸ਼ਹਿਰਾਂ ਵਿੱਚੋਂ ਭੱਜ ਗਿਆ ਤੇ ਪਰਮੇਸ਼ੁਰ ਵੱਲੋਂ ਸ਼ਹਿਰਾਂ ਦੇ ਲੋਕਾਂ ਨੂੰ ਦਿੱਤੀ ਸਜ਼ਾ ਤੋਂ ਬਚ ਗਿਆ। ਆਗਿਆ­ਕਾਰ ਹੋਣ ਕਰਕੇ ਉਸ ਨੇ ਪਿੱਛੇ ਛੱਡੀਆਂ ਚੀਜ਼ਾਂ ਵੱਲ ਇਕ ਵਾਰੀ ਵੀ ਮੁੜ ਕੇ ਨਹੀਂ ਦੇਖਿਆ। ਭਾਵੇਂ ਦਾਊਦ ਨੇ ਪਰਮੇਸ਼ੁਰ ਦੇ ਕਾਨੂੰਨ ਨੂੰ ਤੋੜ ਕੇ ਗੰਭੀਰ ਗ਼ਲਤੀ ਕੀਤੀ, ਫਿਰ ਵੀ ਉਸ ਨੇ ਤੋਬਾ ਕਰ ਕੇ ਅਤੇ ਰੱਬ ਤੋਂ ਦਇਆ ਦੀ ਭੀਖ ਮੰਗ ਕੇ ਦਿਖਾਇਆ ਕਿ ਉਹ ਦਿਲੋਂ ਕਿਹੋ ਜਿਹਾ ਇਨਸਾਨ ਸੀ।ਜ਼ਬੂਰਾਂ ਦੀ ਪੋਥੀ 51.

ਇਨ੍ਹਾਂ ਆਦਮੀਆਂ ਬਾਰੇ ਰੱਬ ਦੇ ਨਜ਼ਰੀਏ ਤੋਂ ਪਤਾ ਲੱਗਦਾ ਹੈ ਕਿ ਉਹ ਨਾਮੁਕੰਮਲ ਇਨਸਾਨਾਂ ਤੋਂ ਜ਼ਿਆਦਾ ਉਮੀਦਾਂ ਨਹੀਂ ਰੱਖਦਾ। ਪਰਮੇਸ਼ੁਰ “ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!” (ਜ਼ਬੂਰਾਂ ਦੀ ਪੋਥੀ 103:14) ਇਸ ਲਈ ਜੇ ਪਰਮੇਸ਼ੁਰ ਜਾਣਦਾ ਹੈ ਕਿ ਸਾਡੇ ਤੋਂ ਗ਼ਲਤੀਆਂ ਹੋਣਗੀਆਂ, ਤਾਂ ਫਿਰ ਉਹ ਸਾਡੇ ਤੋਂ ਕੀ ਉਮੀਦ ਰੱਖਦਾ ਹੈ?

ਪਰਮੇਸ਼ੁਰ “ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!”ਜ਼ਬੂਰਾਂ ਦੀ ਪੋਥੀ 103:14

ਨਾਮੁਕੰਮਲ ਇਨਸਾਨ ਰੱਬ ਨੂੰ ਕਿਵੇਂ ਖ਼ੁਸ਼ ਕਰ ਸਕਦੇ ਹਨ?

ਦਾਊਦ ਦੀ ਆਪਣੇ ਪੁੱਤਰ ਸੁਲੇਮਾਨ ਨੂੰ ਦਿੱਤੀ ਸਲਾਹ ਤੋਂ ਪਤਾ ਲੱਗਦਾ ਹੈ ਕਿ ਅਸੀਂ ਰੱਬ ਨੂੰ ਕਿਵੇਂ ਖ਼ੁਸ਼ ਕਰ ਸਕਦੇ ਹਾਂ। ‘ਹੇ ਮੇਰੇ ਪੁੱਤ੍ਰ ਸੁਲੇਮਾਨ, ਤੂੰ ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਜਾਣ ਅਰ ਪੱਕੇ ਮਨ ਨਾਲ ਉਸ ਦੀ ਟਹਿਲ ਸੇਵਾ ਕਰ।’ (1 ਇਤਹਾਸ 28:9) ਪੱਕੇ ਮਨ ਦਾ ਕੀ ਮਤਲਬ ਹੈ? ਪੱਕੇ ਮਨ ਵਾਲਾ ਇਨਸਾਨ ਰੱਬ ਨੂੰ ਪਿਆਰ ਕਰਦਾ ਹੈ ਅਤੇ ਉਸ ਦੀ ਮਰਜ਼ੀ ਜਾਣਨੀ ਤੇ ਪੂਰੀ ਕਰਨੀ ਚਾਹੁੰਦਾ ਹੈ। ਇਸ ਤਰ੍ਹਾਂ ਦੇ ਮਨ ਵਾਲਾ ਇਨਸਾਨ ਮੁਕੰਮਲ ਨਹੀਂ ਹੁੰਦਾ, ਪਰ ਉਸ ਦੇ ਮਨ ਵਿਚ ਆਗਿਆਕਾਰੀ ਨਾਲ ਸੇਵਾ ਕਰਨ ਦੀ ਲੋਚ ਹੁੰਦੀ ਹੈ ਤੇ ਉਹ ਆਪਣੇ ਆਪ ਨੂੰ ਸੁਧਾਰਨ ਲਈ ਤਿਆਰ ਰਹਿੰਦਾ ਹੈ। ਪਰਮੇਸ਼ੁਰ ਲਈ ਪਿਆਰ ਅਤੇ ਉਸ ਦੇ ਆਗਿਆਕਾਰ ਰਹਿਣ ਦੀ ਇੱਛਾ ਹੋਣ ਕਰਕੇ ਹੀ ਅੱਯੂਬ “ਨਿਹਕਲੰਕ” ਸੀ, ਲੂਤ “ਧਰਮੀ” ਸੀ ਅਤੇ ਦਾਊਦ ਨੇ “ਉਹੋ ਹੀ ਕੀਤਾ” ਜੋ ਰੱਬ ਦੀਆਂ ਨਜ਼ਰਾਂ ਵਿਚ “ਠੀਕ ਸੀ।” ਭਾਵੇਂ ਉਨ੍ਹਾਂ ਨੇ ਗ਼ਲਤੀਆਂ ਕੀਤੀਆਂ, ਫਿਰ ਵੀ ਉਹ ਰੱਬ ਨੂੰ ਖ਼ੁਸ਼ ਕਰ ਸਕੇ।

ਪੱਕੇ ਮਨ ਵਾਲਾ ਇਨਸਾਨ ਰੱਬ ਦੀ ਮਰਜ਼ੀ ਜਾਣਨੀ ਤੇ ਪੂਰੀ ਕਰਨੀ ਚਾਹੁੰਦਾ ਹੈ ਤੇ ਉਸ ਦੇ ਮਨ ਵਿਚ ਆਗਿਆਕਾਰੀ ਨਾਲ ਸੇਵਾ ਕਰਨ ਦੀ ਲੋਚ ਹੁੰਦੀ ਹੈ

ਜੇ ਸਾਡੇ ਦਿਮਾਗ਼ ਵਿਚ ਅਜਿਹੇ ਖ਼ਿਆਲ ਆਉਂਦੇ ਹਨ ਜੋ ਅਸੀਂ ਨਹੀਂ ਲਿਆਉਣੇ ਚਾਹੁੰਦੇ ਸੀ ਜਾਂ ਅਜਿਹਾ ਕੁਝ ਕਹਿ ਦਿੰਦੇ ਹਾਂ ਜਿਸ ਤੋਂ ਬਾਅਦ ਅਸੀਂ ਸ਼ਰਮਿੰਦਾ ਹੁੰਦੇ ਹਾਂ ਜਾਂ ਅਜਿਹੇ ਕੰਮ ਕਰਦੇ ਹਾਂ ਜਿਨ੍ਹਾਂ ਤੋਂ ਬਾਅਦ ਸਾਨੂੰ ਅਹਿਸਾਸ ਹੁੰਦਾ ਹੈ ਕਿ ਉਹ ਗ਼ਲਤ ਸਨ, ਤਾਂ ਆਓ ਆਪਾਂ ਉੱਪਰ ਦੱਸੀਆਂ ਮਿਸਾਲਾਂ ਤੋਂ ਹੌਸਲਾ ਪਾਈਏ। ਰੱਬ ਜਾਣਦਾ ਹੈ ਕਿ ਇਸ ਸਮੇਂ ਵਿਚ ਸਾਡੇ ਤੋਂ ਮੁਕੰਮਲਤਾ ਦੀ ਆਸ ਨਹੀਂ ਰੱਖੀ ਜਾ ਸਕਦੀ। ਪਰ ਉਹ ਸਾਡੇ ਤੋਂ ਉਮੀਦ ਰੱਖਦਾ ਹੈ ਕਿ ਅਸੀਂ ਉਸ ਨੂੰ ਪਿਆਰ ਕਰੀਏ ਤੇ ਉਸ ਦਾ ਕਹਿਣਾ ਮੰਨਣ ਦੀ ਕੋਸ਼ਿਸ਼ ਕਰੀਏ। ਜੇ ਅਸੀਂ ਪੂਰੇ ਦਿਲ ਨਾਲ ਇਸ ਤਰ੍ਹਾਂ ਕਰਦੇ ਹਾਂ, ਤਾਂ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਅਸੀਂ ਵੀ ਰੱਬ ਨੂੰ ਖ਼ੁਸ਼ ਕਰ ਸਕਦੇ ਹਾਂ।▪(w15-E 07/01)