Skip to content

Skip to table of contents

 ਮੁੱਖ ਪੰਨੇ ਤੋਂ | ਕਿਵੇਂ ਛੁਡਾਈਏ ਚਿੰਤਾ ਤੋਂ ਖਹਿੜਾ?

ਖ਼ਤਰੇ ਬਾਰੇ ਚਿੰਤਾ

ਖ਼ਤਰੇ ਬਾਰੇ ਚਿੰਤਾ

ਅਲੋਨਾ ਕਹਿੰਦੀ ਹੈ, “ਜਦੋਂ ਮੈਂ ਸਾਇਰਨ ਸੁਣਿਆ, ਤਾਂ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ ਤੇ ਮੈਂ ਬੰਬਾਂ ਤੋਂ ਬਚਣ ਵਾਲੀ ਜਗ੍ਹਾ ’ਤੇ ਭੱਜ ਗਈ। ਪਰ ਉੱਥੇ ਵੀ ਮੇਰੀ ਚਿੰਤਾ ਦੂਰ ਨਹੀਂ ਹੋਈ। ਬਾਹਰ ਤਾਂ ਹੋਰ ਵੀ ਡਰ ਲੱਗਦਾ ਸੀ ਕਿਉਂਕਿ ਉੱਥੇ ਲੁਕਣ ਲਈ ਕੋਈ ਜਗ੍ਹਾ ਨਹੀਂ ਸੀ। ਮਿਸਾਲ ਲਈ, ਜਦੋਂ ਮੈਂ ਇਕ ਵਾਰ ਸੜਕ ’ਤੇ ਤੁਰੀ ਜਾ ਰਹੀ ਸੀ, ਤਾਂ ਲੁਕਣ ਲਈ ਜਗ੍ਹਾ ਨਾ ਹੋਣ ਕਰਕੇ ਮੈਂ ਇੰਨਾ ਰੋਣ ਲੱਗ ਪਈ ਕਿ ਮੈਨੂੰ ਸਾਹ ਨਹੀਂ ਸੀ ਆ ਰਿਹਾ। ਮੈਂ ਕਈ ਘੰਟਿਆਂ ਬਾਅਦ ਸ਼ਾਂਤ ਹੋਈ। ਫਿਰ ਸਾਇਰਨ ਵੱਜਣ ਲੱਗ ਪਿਆ।”

ਅਲੋਨਾ

ਜੰਗ ਖ਼ਤਰਨਾਕ ਚੀਜ਼ ਹੈ, ਪਰ ਹੋਰ ਵੀ ਬਹੁਤ ਸਾਰੇ ਕਾਰਨਾਂ ਕਰਕੇ ਸਾਨੂੰ ਖ਼ਤਰਾ ਹੁੰਦਾ ਹੈ। ਮਿਸਾਲ ਲਈ, ਜਦੋਂ ਪਤਾ ਲੱਗਦਾ ਹੈ ਕਿ ਤੁਹਾਨੂੰ ਜਾਂ ਤੁਹਾਡੇ ਕਿਸੇ ਪਿਆਰੇ ਨੂੰ ਜਾਨ-ਲੇਵਾ ਬੀਮਾਰੀ ਹੈ, ਤਾਂ ਤੁਹਾਨੂੰ ਇੱਦਾਂ ਲੱਗਦਾ ਹੈ ਜਿਵੇਂ ਤੁਹਾਡੇ ਉੱਤੇ ਕੋਈ ਬੰਬ ਡਿੱਗ ਗਿਆ ਹੋਵੇ। ਹੋਰ ਲੋਕ ਭਵਿੱਖ ਦੇ ਡਰ ਕਰਕੇ ਚਿੰਤਾ ਵਿਚ ਪੈ ਸਕਦੇ ਹਨ। ਉਹ ਚਿੰਤਾ ਕਰਦੇ ਹਨ, ‘ਕੀ ਸਾਡੇ ਬੱਚਿਆਂ ਜਾਂ ਪੋਤੇ-ਪੋਤੀਆਂ ਨੂੰ ਇੱਦਾਂ ਦੀ ਦੁਨੀਆਂ ਵਿਚ ਰਹਿਣਾ ਪੈਣਾ ਜਿੱਥੇ ਜੰਗ, ਅਪਰਾਧ, ਪ੍ਰਦੂਸ਼ਣ, ਖ਼ਰਾਬ ਵਾਤਾਵਰਣ ਅਤੇ ਮਹਾਂਮਾਰੀਆਂ ਹਨ?’ ਅਸੀਂ ਇਨ੍ਹਾਂ ਚਿੰਤਾਵਾਂ ’ਤੇ ਕਾਬੂ ਕਿਵੇਂ ਪਾ ਸਕਦੇ ਹਾਂ?

“ਸਿਆਣਾ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ” ਕਿਉਂਕਿ ਉਹ ਜਾਣਦਾ ਹੈ ਕਿ ਬੁਰੀਆਂ ਗੱਲਾਂ ਹੋਣੀਆਂ ਹੀ ਹਨ। (ਕਹਾਉਤਾਂ 27:12) ਨਾਲੇ ਜਿਸ ਤਰ੍ਹਾਂ ਅਸੀਂ ਆਪਣੇ ਸਰੀਰ ਦਾ ਖ਼ਿਆਲ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਉਸੇ ਤਰ੍ਹਾਂ ਅਸੀਂ ਮਾਨਸਿਕ ਤੇ ਭਾਵਾਤਮਕ ਤੌਰ ਤੇ ਆਪਣਾ ਧਿਆਨ ਰੱਖ ਸਕਦੇ ਹਾਂ। ਮਾਰ-ਧਾੜ ਵਾਲਾ ਮਨੋਰੰਜਨ ਅਤੇ ਖ਼ਬਰਾਂ ਵਿਚ ਡਰਾਉਣੀਆਂ ਤਸਵੀਰਾਂ ਦੇਖ ਕੇ ਸਾਡੀ ਤੇ ਸਾਡੇ ਬੱਚਿਆਂ ਦੀ ਚਿੰਤਾ ਵਧ ਜਾਂਦੀ ਹੈ।  ਇਸ ਲਈ ਜੇ ਅਸੀਂ ਇਨ੍ਹਾਂ ਤਸਵੀਰਾਂ ਵੱਲ ਬੇਵਜ੍ਹਾ ਧਿਆਨ ਨਹੀਂ ਦਿੰਦੇ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਹਕੀਕਤ ਤੋਂ ਅੱਖਾਂ ਮੀਟ ਰਹੇ ਹਾਂ। ਰੱਬ ਨੇ ਸਾਡੇ ਦਿਮਾਗ਼ਾਂ ਨੂੰ ਇਸ ਤਰ੍ਹਾਂ ਨਹੀਂ ­ਬਣਾਇਆ ਕਿ ਇਹ ਬੁਰਾਈ ਬਾਰੇ ਹੀ ਸੋਚਦੇ ਰਹਿਣ। ਇਸ ਦੀ ਬਜਾਇ, ਸਾਨੂੰ ਆਪਣੇ ਦਿਮਾਗ਼ ਵਿਚ “ਸੱਚੀਆਂ,  . . . ਸਹੀ, ਸਾਫ਼-ਸੁਥਰੀਆਂ, ਪਿਆਰ ਪੈਦਾ ਕਰਨ ਵਾਲੀਆਂ” ਗੱਲਾਂ ਭਰਨ ਦੀ ਲੋੜ ਹੈ। ਜੇ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ “ਸ਼ਾਂਤੀ ਦਾ ਪਰਮੇਸ਼ੁਰ” ਸਾਨੂੰ ਮਨ ਦੀ ਸ਼ਾਂਤੀ ਦੇਵੇਗਾ।ਫ਼ਿਲਿੱਪੀਆਂ 4:8, 9.

ਪ੍ਰਾਰਥਨਾ ਦੀ ਅਹਿਮੀਅਤ

ਪੱਕੀ ਨਿਹਚਾ ਕਰਨ ਨਾਲ ਸਾਨੂੰ ਚਿੰਤਾ ਨਾਲ ਸਿੱਝਣ ਵਿਚ ਮਦਦ ਮਿਲਦੀ ਹੈ। ਬਾਈਬਲ ਸਾਨੂੰ ਤਾਕੀਦ ਕਰਦੀ ਹੈ ਕਿ ਅਸੀਂ ‘ਪ੍ਰਾਰਥਨਾ ਕਰਨ ਲਈ ਹਮੇਸ਼ਾ ਤਿਆਰ ਰਹੀਏ।’ (1 ਪਤਰਸ 4:7) ਆਪਣੇ ਹਾਲਾਤਾਂ ਨਾਲ ਸਿੱਝਣ ਲਈ ਅਸੀਂ ਰੱਬ ਤੋਂ ਮਦਦ, ਬੁੱਧ ਅਤੇ ਹਿੰਮਤ ਮੰਗ ਸਕਦੇ ਹਾਂ ਕਿਉਂਕਿ ਸਾਨੂੰ ਭਰੋਸਾ ਹੈ ਕਿ “ਅਸੀਂ ਜੋ ਵੀ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ।”1 ਯੂਹੰਨਾ 5:15.

ਆਪਣੇ ਪਤੀ ਅਵੀ ਨਾਲ

ਬਾਈਬਲ ਦੱਸਦੀ ਹੈ ਕਿ ਰੱਬ ਨਹੀਂ, ਸਗੋਂ ਸ਼ੈਤਾਨ ‘ਦੁਨੀਆਂ ਦਾ ਹਾਕਮ’ ਹੈ ਅਤੇ “ਸਾਰੀ ਦੁਨੀਆਂ ਉਸ ਦੁਸ਼ਟ ਦੇ ਵੱਸ ਵਿਚ ਹੈ।” (ਯੂਹੰਨਾ 12:31; 1 ਯੂਹੰਨਾ 5:19) ਯਿਸੂ ਦੀਆਂ ਗੱਲਾਂ ਤੋਂ ਸਾਫ਼ ਹੈ ਕਿ ਸ਼ੈਤਾਨ ਅਸਲੀ ਹੈ ਅਤੇ ਯਹੋਵਾਹ ਸਾਨੂੰ ਜ਼ਰੂਰ ਬਚਾਵੇਗਾ। ਇਸੇ ਕਰਕੇ ਯਿਸੂ ਨੇ ਸਾਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ: “ਸਾਨੂੰ ਉਸ ਦੁਸ਼ਟ ਤੋਂ ਬਚਾ।” (ਮੱਤੀ 6:13) ਅਲੋਨਾ ਕਹਿੰਦੀ ਹੈ, “ਜਦੋਂ ਵੀ ਸਾਇਰਨ ਵੱਜਦਾ ਹੈ, ਮੈਂ ਯਹੋਵਾਹ ਤੋਂ ਮਦਦ ਮੰਗਦੀ ਹਾਂ ਤਾਂਕਿ ਮੈਂ ਆਪਣੇ ਜਜ਼ਬਾਤਾਂ ’ਤੇ ਕਾਬੂ ਪਾ ਸਕਾਂ। ਜੇ ਮੇਰਾ ਪਤੀ ਕਿਤੇ ਨੇੜੇ ਹੁੰਦਾ ਹੈ, ਤਾਂ ਉਹ ਪਤੀ ਮੈਨੂੰ ਫ਼ੋਨ ਕਰਦਾ ਹੈ ਤੇ ਮੇਰੇ ਨਾਲ ਪ੍ਰਾਰਥਨਾ ਕਰਦਾ ਹੈ। ਪ੍ਰਾਰਥਨਾ ਨਾਲ ਸੱਚ-ਮੁੱਚ ਮਦਦ ਮਿਲਦੀ ਹੈ।” ਇਹ ਗੱਲ ਬਾਈਬਲ ਦੇ ਅਨੁਸਾਰ ਹੈ: “ਯਹੋਵਾਹ ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਪੁਕਾਰਦੇ ਹਨ, ਹਾਂ, ਉਨ੍ਹਾਂ ਸਭਨਾਂ ਦੇ ਜਿਹੜੇ ਸਚਿਆਈ ਨਾਲ ਪੁਕਾਰਦੇ ਹਨ।”ਜ਼ਬੂਰਾਂ ਦੀ ਪੋਥੀ 145:18.

ਭਵਿੱਖ ਲਈ ਸਾਡੀ ਉਮੀਦ

ਯਿਸੂ ਨੇ ਪਹਾੜ ਉੱਤੇ ਆਪਣੇ ਉਪਦੇਸ਼ ਵਿਚ ਆਪਣੇ ਚੇਲਿਆਂ ਨੂੰ ਇਹ ਪ੍ਰਾਰਥਨਾ ਕਰਨੀ ਸਿਖਾਈ: “ਤੇਰਾ ਰਾਜ ਆਵੇ।” (ਮੱਤੀ 6:10) ਪਰਮੇਸ਼ੁਰ ਦਾ ਰਾਜ ਹਰ ਤਰ੍ਹਾਂ ਦੀ ਚਿੰਤਾ ਨੂੰ ਜੜ੍ਹੋਂ ਮੁਕਾ ਦੇਵੇਗਾ। ‘ਸ਼ਾਂਤੀ ਦੇ ਰਾਜ ਕੁਮਾਰ’ ਯਿਸੂ ਰਾਹੀਂ ਪਰਮੇਸ਼ੁਰ “ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ” ਦੇਵੇਗਾ। (ਯਸਾਯਾਹ 9:6; ਜ਼ਬੂਰਾਂ ਦੀ ਪੋਥੀ 46:9) “ਉਹ [ਪਰਮੇਸ਼ੁਰ] ਬਹੁਤੀਆਂ ਉੱਮਤਾਂ ਵਿੱਚ ਨਿਆਉਂ ਕਰੇਗਾ, . . . ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਲੜਾਈ ਫੇਰ ਕਦੀ ਨਾ ਸਿੱਖਣਗੇ। . . . ਕੋਈ ਓਹਨਾਂ ਨੂੰ ਨਹੀਂ ਡਰਾਏਗਾ।” (ਮੀਕਾਹ 4:3, 4) ਪਰਿਵਾਰ ਖ਼ੁਸ਼ੀ-ਖ਼ੁਸ਼ੀ “ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ।” (ਯਸਾਯਾਹ 65:21) “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।”ਯਸਾਯਾਹ 33:24.

ਅੱਜ ਭਾਵੇਂ ਅਸੀਂ ਕੋਈ ਵੀ ਸਾਵਧਾਨੀ ਵਰਤ ਲਈਏ, ਫਿਰ ਵੀ ਅਚਾਨਕ ਹੁੰਦੀਆਂ ਘਟਨਾਵਾਂ ਤੋਂ ਹਮੇਸ਼ਾ ਬਚਿਆ ਨਹੀਂ ਜਾ ਸਕਦਾ ਕਿਉਂਕਿ ‘ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ’ ਅਤੇ ਅਸੀਂ ਗ਼ਲਤ ਸਮੇਂ ਤੇ ਗ਼ਲਤ ਜਗ੍ਹਾ ’ਤੇ ਹੋ ਸਕਦੇ ਹਾਂ। (ਉਪਦੇਸ਼ਕ 9:11, CL) ਸਦੀਆਂ ਤੋਂ ਹੀ ਜੰਗ, ਹਿੰਸਾ ਅਤੇ ਬੀਮਾਰੀਆਂ ਕਾਰਨ ਚੰਗੇ ਲੋਕ ਮਰ ਰਹੇ ਹਨ। ਕੀ ਉਨ੍ਹਾਂ ਬੇਕਸੂਰ ਲੋਕਾਂ ਲਈ ਕੋਈ ਉਮੀਦ ਹੈ?

ਲੱਖਾਂ-ਕਰੋੜਾਂ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਜਿਨ੍ਹਾਂ ਦੀ ਗਿਣਤੀ ਸਿਰਫ਼ ਰੱਬ ਹੀ ਜਾਣਦਾ ਹੈ। ਹੁਣ ਉਹ ਮੌਤ ਦੀ ਨੀਂਦ ਸੁੱਤੇ ਪਏ ਹਨ ਤੇ ਉਸ ਦਿਨ ਤਕ ਪਰਮੇਸ਼ੁਰ ਦੀ ਮੁਕੰਮਲ ਯਾਦਾਸ਼ਤ ਵਿਚ ਸੁਰੱਖਿਅਤ ਹਨ ਜਦੋਂ ‘ਕਬਰਾਂ ਵਿਚ ਪਏ ਸਾਰੇ ਲੋਕ ਬਾਹਰ ਨਿਕਲ ਆਉਣਗੇ।’ (ਯੂਹੰਨਾ 5:28, 29) ਮਰੇ ਹੋਏ ਲੋਕਾਂ ਦੇ ਦੁਬਾਰਾ ਜੀਉਂਦਾ ਹੋਣ ਬਾਰੇ ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ: “ਇਹ ਉਮੀਦ ਸਾਡੀਆਂ ਜ਼ਿੰਦਗੀਆਂ ਲਈ ਸਮੁੰਦਰੀ ਜਹਾਜ਼ ਦੇ ਲੰਗਰ ਵਾਂਗ ਪੱਕੀ ਤੇ ਮਜ਼ਬੂਤ ਹੈ।” (ਇਬਰਾਨੀਆਂ 6:19) ਪਰਮੇਸ਼ੁਰ ਨੇ “[ਯਿਸੂ] ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕਰ ਕੇ ਇਸ ਗੱਲ ਦੀ ਗਾਰੰਟੀ ਦਿੱਤੀ ਹੈ ਕਿ ਉਹ ਦਿਨ ਜ਼ਰੂਰ ਆਵੇਗਾ।”ਰਸੂਲਾਂ ਦੇ ਕੰਮ 17:31.

ਪਰ ਹੁਣ ਉਨ੍ਹਾਂ ਲੋਕਾਂ ਨੂੰ ਵੀ ਚਿੰਤਾਵਾਂ ਹੋਣਗੀਆਂ ਜੋ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਢੁਕਵੇਂ ਕਦਮ ਚੁੱਕਣ, ਪ੍ਰਾਰਥਨਾ ਰਾਹੀਂ ਪਰਮੇਸ਼ੁਰ ਦੇ ਨੇੜੇ ਜਾਣ ਅਤੇ ਭਵਿੱਖ ਬਾਰੇ ਬਾਈਬਲ ਵਿਚ ਦੱਸੀ ਉਮੀਦ ’ਤੇ ਪੱਕੀ ਨਿਹਚਾ ਕਰਨ ਦੁਆਰਾ ਪੌਲ, ਜੈੱਨਟ ਅਤੇ ਅਲੋਨਾ ਚਿੰਤਾਵਾਂ ਦਾ ਕਾਮਯਾਬੀ ਨਾਲ ਸਾਮ੍ਹਣਾ ਕਰ ਰਹੇ ਹਨ। ਸਾਡੀ ਇਹੀ “ਦੁਆ ਹੈ ਕਿ ਉਮੀਦ ਦੇਣ ਵਾਲਾ ਪਰਮੇਸ਼ੁਰ, ਜਿਸ ਉੱਤੇ ਤੁਸੀਂ ਨਿਹਚਾ ਕਰਦੇ ਹੋ, ਤੁਹਾਨੂੰ ਖ਼ੁਸ਼ੀ ਅਤੇ ਸ਼ਾਂਤੀ ਬਖ਼ਸ਼ੇ” ਜਿਸ ਤਰ੍ਹਾਂ ਉਸ ਨੇ ਪੌਲ, ਜੈੱਨਟ ਅਤੇ ਅਲੋਨਾ ਨੂੰ ਬਖ਼ਸ਼ੀ।ਰੋਮੀਆਂ 15:13.▪(w15-E 07/01)