Skip to content

Skip to table of contents

ਕੀ ਤੁਸੀਂ ਜਾਣਦੇ ਹੋ?

ਕੀ ਤੁਸੀਂ ਜਾਣਦੇ ਹੋ?

ਕੀ ਪੁਰਾਣੀਆਂ ਲੱਭਤਾਂ ਬਾਈਬਲ ਨਾਲ ਸਹਿਮਤ ਹਨ?

ਅੱਸ਼ੂਰ ਦਾ ਰਾਜਾ ਸਰਗੋਨ ਦੂਜਾ, ਜਿਸ ਦਾ ਜ਼ਿਕਰ ਯਸਾਯਾਹ 20:1 ਵਿਚ ਕੀਤਾ ਗਿਆ ਹੈ

ਬਿਬਲੀਕਲ ਆਰਕਿਓਲੋਜੀ ਰਿਵਿਊ ਨਾਂ ਦੇ ਰਸਾਲੇ ਵਿਚ ਇਕ ਲੇਖ ਵਿਚ ਦੱਸਿਆ ਗਿਆ ਕਿ ਪੁਰਾਤੱਤਵ-ਵਿਗਿਆਨੀਆਂ ਨੂੰ “ਘੱਟੋ-ਘੱਟ 50” ਵਿਅਕਤੀਆਂ ਦੇ ਨਾਂ ਮਿਲੇ ਹਨ ਜੋ ਇਬਰਾਨੀ ਲਿਖਤਾਂ ਵਿਚ ਵੀ ਦਰਜ ਹਨ। ਇਹ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਇਹ ਲੋਕ ਸੱਚ-ਮੁੱਚ ਸਨ। ਇਨ੍ਹਾਂ ਵਿੱਚੋਂ ਯਹੂਦਾਹ ਅਤੇ ਇਜ਼ਰਾਈਲ ਦੇ 14 ਰਾਜਿਆਂ ਦੇ ਨਾਂ ਮਿਲੇ ਸਨ ਜਿਨ੍ਹਾਂ ਵਿੱਚੋਂ ਕੁਝ ਮੰਨੇ-ਪ੍ਰਮੰਨੇ ਰਾਜੇ ਹਨ, ਜਿਵੇਂ ਦਾਊਦ ਅਤੇ ਹਿਜ਼ਕੀਯਾਹ। ਪਰ ਉਨ੍ਹਾਂ ਰਾਜਿਆਂ ਦੇ ਨਾਂ ਵੀ ਹਨ ਜਿਨ੍ਹਾਂ ਬਾਰੇ ਜ਼ਿਆਦਾ ਕੁਝ ਨਹੀਂ ਪਤਾ, ਜਿਵੇਂ ਮਨਹੇਮ ਅਤੇ ਪਕਹ। ਇਸ ਲਿਸਟ ਵਿਚ 5 ਮਿਸਰ ਦੇ ਰਾਜਿਆਂ ਅਤੇ ਅੱਸ਼ੂਰ, ਸੀਰੀਆ, ਫਾਰਸੀ, ਬਾਬਲ ਅਤੇ ਮੋਆਬ ਦੇ 19 ਰਾਜਿਆਂ ਦੇ ਨਾਂ ਵੀ ਦਰਜ ਹਨ। ਬਾਈਬਲ ਅਤੇ ਇਤਿਹਾਸਕ ਰਿਕਾਰਡ ਵਿਚ ਰਾਜਿਆਂ ਤੋਂ ਸਿਵਾਇ ਹੋਰਨਾਂ ਵਿਅਕਤੀਆਂ ਦੇ ਨਾਂ ਵੀ ਦਰਜ ਹਨ, ਜਿਵੇਂ ਕੁਝ ਮਹਾਂ ਪੁਜਾਰੀ, ਇਕ ਗ੍ਰੰਥੀ ਅਤੇ ਹੋਰ ਅਧਿਕਾਰੀ।

ਲੇਖ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਇਨ੍ਹਾਂ ਸਾਰੇ ਵਿਅਕਤੀਆਂ ਦੀ ਪਛਾਣ ਬਾਰੇ “ਵਿਦਵਾਨ ਇਕ-ਦੂਜੇ ਨਾਲ ਪੂਰੀ ਤਰ੍ਹਾਂ ਸਹਿਮਤ ਹਨ।” ਇਹ ਸੱਚ ਹੈ ਕਿ ਮਸੀਹੀ ਯੂਨਾਨੀ ਲਿਖਤਾਂ ਵਿਚ ਹੋਰ ਬਹੁਤ ਸਾਰੇ ਇਤਿਹਾਸਕ ਹਸਤੀਆਂ ਬਾਰੇ ਗੱਲ ਕੀਤੀ ਗਈ ਹੈ ਅਤੇ ਪੁਰਾਣੀਆਂ ਲੱਭਤਾਂ ਤੋਂ ਇਨ੍ਹਾਂ ਵਿਅਕਤੀਆਂ ਬਾਰੇ ਵੀ ਸਬੂਤ ਮਿਲਿਆ ਹੈ ਕਿ ਇਹ ਵਿਅਕਤੀ ਅਸਲੀ ਸਨ। ਇਨ੍ਹਾਂ ਵਿੱਚੋਂ ਕੁਝ ਦੇ ਨਾਂ ਹਨ, ਜਿਵੇਂ ਹੇਰੋਦੇਸ, ਪੁੰਤੀਅਸ ਪਿਲਾਤੁਸ, ਤਾਈਬੀਰੀਅਸ, ਕਾਇਫ਼ਾ ਅਤੇ ਸਰਗੀਉਸ ਪੌਲੂਸ। ▪ (w15-E 05/01)

ਬਾਈਬਲ ਦੇ ਦੇਸ਼ਾਂ ਵਿੱਚੋਂ ਸ਼ੇਰ ਕਦੋਂ ਅਲੋਪ ਹੋ ਗਏ?

ਪ੍ਰਾਚੀਨ ਬਾਬਲ ਤੋਂ ਰੰਗ-ਬਰੰਗੀਆਂ ਅਤੇ ਸ਼ਾਨਦਾਰ ਇੱਟਾਂ ਨਾਲ ਬਣੀ ਸ਼ੇਰ ਦੀ ਤਸਵੀਰ

ਭਾਵੇਂ ਕਿ ਬਾਈਬਲ ਵਿਚ ਜ਼ਿਕਰ ਕੀਤੇ ਗਏ ਇਲਾਕਿਆਂ ਵਿਚ ਅੱਜ ਸ਼ੇਰ ਦੇਖਣ ਨੂੰ ਨਹੀਂ ਮਿਲਦੇ, ਪਰ ਬਾਈਬਲ ਦੇ ਕੁਝ 150 ਹਵਾਲਿਆਂ ਵਿਚ ਇਸ ਜਾਨਵਰ ਦਾ ਜ਼ਿਕਰ ਆਉਂਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਦੇ ਲਿਖਾਰੀ ਇਸ ਜਾਨਵਰ ਬਾਰੇ ਜਾਣਦੇ ਸਨ। ਇਨ੍ਹਾਂ ਹਵਾਲਿਆਂ ਵਿੱਚ ਜ਼ਿਕਰ ਕੀਤੇ ਗਏ ਜ਼ਿਆਦਾਤਰ ਸ਼ੇਰ ਕਿਸੇ ਹੋਰ ਵਿਅਕਤੀ ਜਾਂ ਚੀਜ਼ ਨੂੰ ਦਰਸਾਉਂਦੇ ਹਨ, ਪਰ ਬਾਈਬਲ ਦੀਆਂ ਕੁਝ ਆਇਤਾਂ ਵਿਚ ਸੱਚ-ਮੁੱਚ ਦੇ ਸ਼ੇਰਾਂ ਬਾਰੇ ਗੱਲ ਕੀਤੀ ਗਈ ਹੈ। ਮਿਸਾਲ ਲਈ, ਸਮਸੂਨ, ਦਾਊਦ ਅਤੇ ਬਨਾਯਾਹ ਨਾਂ ਦੇ ਆਦਮੀਆਂ ਨੇ ਸ਼ੇਰਾਂ ਨੂੰ ਮਾਰਿਆ ਸੀ। (ਨਿਆਈਆਂ 14:5, 6; 1 ਸਮੂਏਲ 17:34, 35; 2 ਸਮੂਏਲ 23:20) ਕਈ ਵਿਅਕਤੀਆਂ ਨੂੰ ਸ਼ੇਰਾਂ ਨੇ ਪਾੜਿਆ ਸੀ।1 ਰਾਜਿਆਂ 13:24; 2 ਰਾਜਿਆਂ 17:25.

ਪੁਰਾਣੇ ਜ਼ਮਾਨੇ ਵਿਚ ਏਸ਼ੀਆਈ ਸ਼ੇਰ ਏਸ਼ੀਆ ਮਾਈਨਰ ਅਤੇ ਯੂਨਾਨ ਤੋਂ ਲੈ ਕੇ ਫਲਸਤੀਨ, ਸੀਰੀਆ, ਮਸੋਪੋਤਾਮੀਆ ਅਤੇ ਉੱਤਰੀ-ਪੱਛਮੀ ਭਾਰਤ ਵਿਚ ਪਾਏ ਜਾਂਦੇ ਸਨ। ਲੋਕ ਇਸ ਜਾਨਵਰ ਤੋਂ ਡਰਦੇ ਸਨ ਅਤੇ ਇਸ ਦਾ ਆਦਰ ਵੀ ਕਰਦੇ ਸਨ। ਪ੍ਰਾਚੀਨ ਪੂਰਬੀ ਦੇਸ਼ਾਂ ਵਿਚ ਅਕਸਰ ਸ਼ੇਰਾਂ ਦੀਆਂ ਤਸਵੀਰਾਂ ਬਣਾਈਆਂ ਜਾਂਦੀਆਂ ਸਨ। ਪ੍ਰਾਚੀਨ ਬਾਬਲ ਦੀ ਮੁੱਖ ਸੜਕ ਉੱਤੇ ਰੰਗ-ਬਰੰਗੀਆਂ ਅਤੇ ਸ਼ਾਨਦਾਰ ਇੱਟਾਂ ਦੀਆਂ ਬਣੀਆਂ ਸ਼ੇਰਾਂ ਦੀਆਂ ਤਸਵੀਰਾਂ ਵੀ ਸਨ।

ਧਰਮ-ਯੁੱਧ ਲੜਨ ਵਾਲਿਆਂ ਨੇ 12ਵੀਂ ਸਦੀ ਈਸਵੀ ਦੇ ਅਖ਼ੀਰ ਵਿਚ ਫਲਸਤੀਨ ਵਿਚ ਸ਼ੇਰਾਂ ਦਾ ਸ਼ਿਕਾਰ ਕੀਤਾ ਸੀ। ਲੱਗਦਾ ਹੈ ਕਿ 14ਵੀਂ ਸਦੀ ਦੇ ਸ਼ੁਰੂ ਵਿਚ ਹੀ ਇਸ ਇਲਾਕੇ ਵਿੱਚੋਂ ਸ਼ੇਰ ਅਲੋਪ ਹੋ ਗਏ ਸਨ। ਪਰ ਰਿਪੋਰਟਾਂ ਮਿਲੀਆਂ ਸਨ ਕਿ 19ਵੀਂ ਸਦੀ ਤਕ ਮਸੋਪੋਤਾਮੀਆ ਅਤੇ ਸੀਰੀਆ ਵਿਚ ਹਾਲੇ ਵੀ ਸ਼ੇਰ ਸਨ ਅਤੇ 20ਵੀਂ ਸਦੀ ਦੇ ਸ਼ੁਰੂ ਵਿਚ ਇਨ੍ਹਾਂ ਨੂੰ ਈਰਾਨ ਅਤੇ ਇਰਾਕ ਵਿਚ ਵੀ ਦੇਖਿਆ ਗਿਆ ਸੀ। ▪ (w15-E 05/01)