Skip to content

Skip to table of contents

 ਮੁੱਖ ਪੰਨੇ ਤੋਂ | ਕੌਣ ਪੁੱਟੇਗਾ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ?

ਸਰਕਾਰਾਂ ਵਿਚ ਫੈਲਿਆ ਭ੍ਰਿਸ਼ਟਾਚਾਰ ਦਾ ਜ਼ਹਿਰ

ਸਰਕਾਰਾਂ ਵਿਚ ਫੈਲਿਆ ਭ੍ਰਿਸ਼ਟਾਚਾਰ ਦਾ ਜ਼ਹਿਰ

ਸਰਕਾਰ ਵਿਚ ਭ੍ਰਿਸ਼ਟਾਚਾਰ ਦਾ ਮਤਲਬ ਹੈ ਕਿ ਸਰਕਾਰੀ ਅਧਿਕਾਰੀ ਆਪਣੇ ਫ਼ਾਇਦੇ ਲਈ ਆਪਣੇ ਅਧਿਕਾਰ ਦੀ ਗ਼ਲਤ ਵਰਤੋਂ ਕਰਦੇ ਹਨ। ਇਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਕੋਈ ਨਵੀਂ ਗੱਲ ਨਹੀਂ ਹੈ। ਮਿਸਾਲ ਲਈ, 3,500 ਤੋਂ ਜ਼ਿਆਦਾ ਸਾਲ ਪਹਿਲਾਂ ਬਾਈਬਲ ਵਿਚ ਇਕ ਕਾਨੂੰਨ ਦਿੱਤਾ ਗਿਆ ਕਿ ਨਿਆਂ ਕਰਦਿਆਂ ਰਿਸ਼ਵਤ ਨਹੀਂ ਲੈਣੀ ਚਾਹੀਦੀ। (ਕੂਚ 23:8) ਦਰਅਸਲ ਭ੍ਰਿਸ਼ਟਾਚਾਰ ਵਿਚ ਰਿਸ਼ਵਤ ਲੈਣ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਸ਼ਾਮਲ ਹੈ। ਭ੍ਰਿਸ਼ਟ ਸਰਕਾਰੀ ਅਧਿਕਾਰੀ ਕਦੇ-ਕਦੇ ਚੀਜ਼ਾਂ ਚੋਰੀ ਕਰਦੇ ਹਨ, ਸਹੂਲਤਾਂ ਦਾ ਨਾਜਾਇਜ਼ ਫ਼ਾਇਦਾ ਉਠਾਉਂਦੇ ਹਨ ਅਤੇ ਇੱਥੋਂ ਤਕ ਕਿ ਪੈਸੇ ਦੀ ਵੀ ਸ਼ਰੇਆਮ ਚੋਰੀ ਕਰਦੇ ਹਨ। ਉਹ ਸ਼ਾਇਦ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਦੇ ਫ਼ਾਇਦੇ ਲਈ ਵੀ ਆਪਣੇ ਅਧਿਕਾਰ ਦੀ ਗ਼ਲਤ ਵਰਤੋਂ ਕਰਨ।

ਭਾਵੇਂ ਭ੍ਰਿਸ਼ਟਾਚਾਰ ਹਰ ਸੰਗਠਨ ਵਿਚ ਹੋ ਸਕਦਾ ਹੈ, ਪਰ ਸਭ ਤੋਂ ਜ਼ਿਆਦਾ ਭ੍ਰਿਸ਼ਟਾਚਾਰ ਸਰਕਾਰਾਂ ਵਿਚ ਪਾਇਆ ਜਾਂਦਾ ਹੈ। ਭ੍ਰਿਸ਼ਟਾਚਾਰ ’ਤੇ ਨਜ਼ਰ ਰੱਖਣ ਵਾਲੇ ਇਕ ਸੰਗਠਨ ਨੇ 2013 ਵਿਚ ਇਕ ਸਰਵੇਖਣ ਕੀਤਾ ਜਿਸ ਤੋਂ ਪਤਾ ਲੱਗਾ ਕਿ ਦੁਨੀਆਂ ਭਰ ਦੇ ਲੋਕਾਂ ਮੁਤਾਬਕ ਪੰਜ ਸੰਸਥਾਵਾਂ ਸਭ ਤੋਂ ਜ਼ਿਆਦਾ ਭ੍ਰਿਸ਼ਟ ਹਨ, ਉਹ ਹਨ: ਰਾਜਨੀਤਿਕ ਪਾਰਟੀਆਂ, ਪੁਲਿਸ, ਸਰਕਾਰੀ ਅਧਿਕਾਰੀ, ਵਿਧਾਨ ਸਭਾ ਤੇ ਅਦਾਲਤਾਂ। ਆਓ ਆਪਾਂ ਕੁਝ ਦੇਸ਼ਾਂ ਦੀਆਂ ਰਿਪੋਰਟਾਂ ਦੇਖੀਏ ਜਿਸ ਤੋਂ ਪਤਾ ਲੱਗਦਾ ਹੈ ਕਿ ਭ੍ਰਿਸ਼ਟਾਚਾਰ ਦਾ ਜ਼ਹਿਰ ਕਿਸ ਹੱਦ ਤਕ ਫੈਲ ਚੁੱਕਾ ਹੈ।

  • ਅਫ਼ਰੀਕਾ: ਸਾਲ 2013 ਵਿਚ ਦੱਖਣੀ ਅਫ਼ਰੀਕਾ ਦੇ ਕੁਝ 22,000 ਸਰਕਾਰੀ ਅਧਿਕਾਰੀਆਂ ’ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ ਗਿਆ।

  • ਦੱਖਣੀ ਅਮਰੀਕਾ: 2012 ਵਿਚ ਬ੍ਰਾਜ਼ੀਲ ਦੇ ਕੁਝ 25 ਸਰਕਾਰੀ ਅਧਿਕਾਰੀ ਦੋਸ਼ੀ ਪਾਏ ਗਏ ਕਿਉਂਕਿ ਉਨ੍ਹਾਂ ਨੇ ਲੋਕਾਂ ਦੀ ਭਲਾਈ ਲਈ ਰੱਖੇ ਫ਼ੰਡਾਂ ਨੂੰ ਰਾਜਨੀਤਿਕ ਪਾਰਟੀਆਂ ਨੂੰ ਸਮਰਥਨ ਦੇਣ ਲਈ ਵਰਤਿਆ। ਇਸ ਘੋਟਾਲੇ ਵਿਚ ਦੇਸ਼ ਦਾ ਸੈਨਾ ਮੁਖੀ ਵੀ ਸ਼ਾਮਲ ਸੀ ਜਿਸ ਕੋਲ ਰਾਸ਼ਟਰਪਤੀ ਤੋਂ ਬਾਅਦ ਸਭ ਤੋਂ ਜ਼ਿਆਦਾ ਅਧਿਕਾਰ ਹੁੰਦਾ ਹੈ।

  • ਏਸ਼ੀਆ: ਦੱਖਣੀ ਕੋਰੀਆ ਦੇ ਸਿਓਲ ਸ਼ਹਿਰ ਵਿਚ 1995 ਵਿਚ ਇਕ ਸ਼ਾਪਿੰਗ-ਮਾਲ ਦੇ ਢਹਿ ਜਾਣ ਕਰਕੇ 502 ਲੋਕ ਮਾਰੇ ਗਏ। ਜਾਂਚ-ਪੜਤਾਲ ਕਰਨ ਵਾਲਿਆਂ ਨੇ ਪਤਾ ਲਗਾਇਆ ਕਿ ਉਸ ਸ਼ਹਿਰ ਦੇ ਅਧਿਕਾਰੀਆਂ ਨੇ ਰਿਸ਼ਵਤ ਲੈ ਕੇ ਠੇਕੇਦਾਰਾਂ ਨੂੰ ਘਟੀਆ ਸਾਮਾਨ ਵਰਤਣ ਦੀ ਇਜਾਜ਼ਤ ਦਿੱਤੀ ਸੀ ਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕੀਤੀ ਸੀ।

  • ਯੂਰਪ: ਯੂਰਪ ਕਮਿਸ਼ਨ ਦੀ ਗ੍ਰਹਿ ਮੰਤਰੀ ਸੇਸੀਲਿਯਾ ਮਾਲਸਟਰੋਮ ਨੇ ਕਿਹਾ ਕਿ ਯੂਰਪ ਵਿਚ ਫੈਲੇ “ਭ੍ਰਿਸ਼ਟਾਚਾਰ ਬਾਰੇ ਸੁਣ ਕੇ ਤੁਸੀਂ ਹੱਕੇ-ਬੱਕੇ ਰਹਿ ਜਾਓਗੇ।” ਉਸ ਨੇ ਅੱਗੇ ਕਿਹਾ ਕਿ “ਲੱਗਦਾ ਹੈ ਕਿ ਸਰਕਾਰਾਂ ਦਾ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਦਾ ਕੋਈ ਇਰਾਦਾ ਹੈ ਹੀ ਨਹੀਂ।”

ਭ੍ਰਿਸ਼ਟਾਚਾਰ ਸਰਕਾਰਾਂ ਦੀਆਂ ਜੜ੍ਹਾਂ ਤਕ ਫੈਲਿਆ ਹੋਇਆ ਹੈ। ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨਾਂ ਦੀ ਮਾਹਰ ਪ੍ਰੋਫ਼ੈਸਰ ਸੂਜ਼ਨ ਰੋਜ਼ ਅਕਾਰਮਾਨ ਨੇ ਲਿਖਿਆ ਕਿ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਜ਼ਰੂਰੀ ਹੈ ਕਿ “ਸਰਕਾਰਾਂ ਦੇ ਕੰਮ ਕਰਨ ਦੇ ਤਰੀਕੇ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ ਜਾਣ।” ਭਾਵੇਂ ਅੱਜ ਦੇ ਹਾਲਾਤਾਂ ਨੂੰ ਦੇਖ ਕੇ ਸ਼ਾਇਦ ਲੱਗੇ ਕਿ ਸੁਧਾਰ ਨਹੀਂ ਹੋਵੇਗਾ, ਪਰ ਬਾਈਬਲ ਦੱਸਦੀ ਹੈ ਕਿ ਨਾ ਇਹ ਸਿਰਫ਼ ਮੁਮਕਿਨ ਹੈ, ਸਗੋਂ ਇਹ ਸੁਧਾਰ ਜ਼ਰੂਰ ਹੋ ਕੇ ਰਹੇਗਾ। (w15-E 01/01)