ਮੁੱਖ ਪੰਨੇ ਤੋਂ | ਰੱਬ ਨਾਲ ਰਿਸ਼ਤਾ ਜੋੜਨਾ ਮੁਮਕਿਨ

ਕੀ ਤੁਸੀਂ ਉਹ ਕੰਮ ਕਰਦੇ ਹੋ ਜੋ ਰੱਬ ਕਰਨ ਨੂੰ ਕਹਿੰਦਾ ਹੈ?

ਕੀ ਤੁਸੀਂ ਉਹ ਕੰਮ ਕਰਦੇ ਹੋ ਜੋ ਰੱਬ ਕਰਨ ਨੂੰ ਕਹਿੰਦਾ ਹੈ?

“ਜੋ ਵੀ ਤੁਹਾਨੂੰ ਚੰਗਾ ਲੱਗਦਾ ਹੈ, ਬਸ ਮੈਨੂੰ ਦੱਸੋ ਤੇ ਮੈਂ ਤੁਹਾਡੇ ਲਈ ਉਹ ਕਰਨ ਨੂੰ ਤਿਆਰ ਹਾਂ।” ਤੁਸੀਂ ਇਹ ਗੱਲ ਉਸ ਵਿਅਕਤੀ ਨੂੰ ਨਹੀਂ ਕਹੋਗੇ ਜਿਸ ਨੂੰ ਤੁਸੀਂ ਬਿਲਕੁਲ ਨਹੀਂ ਜਾਣਦੇ ਜਾਂ ਮਾੜਾ-ਮੋਟਾ ਹੀ ਜਾਣਦੇ ਹੋ। ਪਰ ਤੁਸੀਂ ਇਹ ਗੱਲ ਆਪਣੇ ਜਿਗਰੀ ਦੋਸਤ ਨੂੰ ਜ਼ਰੂਰ ਕਹੋਗੇ। ਪੱਕੇ ਦੋਸਤ ਇਕ-ਦੂਜੇ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ ਭਾਵੇਂ ਉਹ ਜੋ ਮਰਜ਼ੀ ਕਰਨ ਨੂੰ ਕਹਿਣ।

ਬਾਈਬਲ ਦੱਸਦੀ ਹੈ ਕਿ ਯਹੋਵਾਹ ਲਗਾਤਾਰ ਉਹ ਕੰਮ ਕਰਦਾ ਰਹਿੰਦਾ ਹੈ ਜਿਨ੍ਹਾਂ ਕਰਕੇ ਉਸ ਨੂੰ ਪਤਾ ਹੈ ਕਿ ਉਸ ਦੇ ਭਗਤਾਂ ਨੂੰ ਖ਼ੁਸ਼ੀ ਮਿਲੇਗੀ। ਮਿਸਾਲ ਲਈ, ਰਾਜਾ ਦਾਊਦ, ਜਿਸ ਦਾ ਰੱਬ ਨਾਲ ਨਜ਼ਦੀਕੀ ਰਿਸ਼ਤਾ ਸੀ, ਨੇ ਕਿਹਾ ਸੀ: “ਹੇ ਯਹੋਵਾਹ, ਮੇਰੇ ਪਰਮੇਸ਼ੁਰ, ਤੇਰੇ ਅਚਰਜ ਕੰਮ ਜਿਹੜੇ ਤੈਂ ਕੀਤੇ ਬਹੁਤ ਸਾਰੇ ਹਨ, ਨਾਲੇ ਤੇਰੇ ਉਪਾਓ ਜਿਹੜੇ ਸਾਡੇ ਲਈ ਹਨ, . . . ਜੇ ਮੈਂ ਉਨ੍ਹਾਂ ਨੂੰ ਖੋਲ੍ਹ ਕੇ ਦੱਸਾਂ, ਤਾਂ ਓਹ ਲੇਖਿਓਂ ਬਾਹਰ ਹਨ।” (ਜ਼ਬੂਰਾਂ ਦੀ ਪੋਥੀ 40:5) ਇਸ ਤੋਂ ਇਲਾਵਾ, ਜਿਹੜੇ ਲੋਕ ਯਹੋਵਾਹ ਨੂੰ ਨਹੀਂ ਜਾਣਦੇ, ਉਨ੍ਹਾਂ ਲੋਕਾਂ ਲਈ ਵੀ ਉਹ ਅਜਿਹੇ ਕੰਮ ਕਰਦਾ ਹੈ ਜਿਨ੍ਹਾਂ ਤੋਂ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਹੈ। ਉਹ ਉਨ੍ਹਾਂ ਨੂੰ ‘ਬਹੁਤ ਸਾਰੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਦਿੰਦਾ ਹੈ ਅਤੇ ਉਨ੍ਹਾਂ ਦੇ ਦਿਲਾਂ ਨੂੰ ਖ਼ੁਸ਼ੀਆਂ ਨਾਲ ਭਰ ਦਿੰਦਾ ਹੈ।’ਰਸੂਲਾਂ ਦੇ ਕੰਮ 14:17.

ਅਸੀਂ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਲਈ ਉਹ ਕੰਮ ਕਰਾਂਗੇ ਜਿਨ੍ਹਾਂ ਨਾਲ ਅਸੀਂ ਪਿਆਰ ਕਰਦੇ ਹਾਂ ਤੇ ਜਿਨ੍ਹਾਂ ਦਾ ਆਦਰ ਕਰਦੇ ਹਾਂ

ਯਹੋਵਾਹ ਖ਼ੁਸ਼ੀ ਨਾਲ ਉਹ ਕੰਮ ਕਰਦਾ ਹੈ ਜਿਨ੍ਹਾਂ ਤੋਂ ਦੂਜਿਆਂ ਨੂੰ ਖ਼ੁਸ਼ੀ ਮਿਲਦੀ ਹੈ, ਇਸ ਲਈ ਜਿਹੜੇ ਲੋਕ ਰੱਬ ਦੇ ਦੋਸਤ ਬਣਨਾ ਚਾਹੁੰਦੇ ਹਨ, ਉਨ੍ਹਾਂ ਤੋਂ ਇਹ ਉਮੀਦ ਰੱਖਣੀ ਜਾਇਜ਼ ਹੈ ਕਿ ਉਹ ਵੀ ਉਸ ਦੇ “ਜੀ ਨੂੰ ਅਨੰਦ” ਕਰਨ ਵਾਲੇ ਕੰਮ ਕਰਨ। (ਕਹਾਉਤਾਂ 27:11) ਰੱਬ ਨੂੰ ਖ਼ੁਸ਼ ਕਰਨ ਲਈ ਤੁਸੀਂ ਕਿਹੜੇ ਖ਼ਾਸ ਕੰਮ ਕਰ ਸਕਦੇ ਹੋ? ਬਾਈਬਲ ਜਵਾਬ ਦਿੰਦੀ ਹੈ: “ਭਲਾ ਕਰਨਾ ਅਤੇ ਦੂਸਰਿਆਂ ਨਾਲ ਆਪਣੀਆਂ ਚੀਜ਼ਾਂ ਸਾਂਝੀਆਂ ਕਰਨੀਆਂ ਨਾ ਭੁੱਲੋ ਕਿਉਂਕਿ ਪਰਮੇਸ਼ੁਰ ਨੂੰ ਅਜਿਹੇ ਬਲੀਦਾਨਾਂ ਤੋਂ ਬਹੁਤ ਖ਼ੁਸ਼ੀ ਹੁੰਦੀ ਹੈ।” (ਇਬਰਾਨੀਆਂ 13:16) ਕੀ ਇਸ ਦਾ ਇਹ ਮਤਲਬ ਹੈ ਕਿ ਯਹੋਵਾਹ ਨੂੰ ਖ਼ੁਸ਼ ਕਰਨ ਲਈ ਭਲਾ ਕਰਨਾ ਅਤੇ ਦੂਸਰਿਆਂ ਨਾਲ ਆਪਣੀਆਂ ਚੀਜ਼ਾਂ ਸਾਂਝੀਆਂ ਕਰਨੀਆਂ ਹੀ ਕਾਫ਼ੀ ਹਨ?

ਬਾਈਬਲ ਕਹਿੰਦੀ ਹੈ: “ਨਿਹਚਾ ਤੋਂ ਬਿਨਾਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਨਾਮੁਮਕਿਨ ਹੈ।” (ਇਬਰਾਨੀਆਂ 11:6) ਦਿਲਚਸਪੀ ਦੀ ਗੱਲ ਹੈ ਕਿ ‘ਅਬਰਾਹਾਮ ਦੇ ਯਹੋਵਾਹ ਉੱਤੇ ਨਿਹਚਾ ਰੱਖਣ’ ਤੋਂ ਬਾਅਦ ਹੀ “ਉਹ ‘ਯਹੋਵਾਹ ਦਾ ਦੋਸਤ’ ਕਹਾਇਆ ਗਿਆ।” (ਯਾਕੂਬ 2:23) ਯਿਸੂ ਮਸੀਹ ਨੇ ਵੀ ‘ਪਰਮੇਸ਼ੁਰ ਉੱਤੇ ਨਿਹਚਾ ਕਰਨ’ ਦੀ ਲੋੜ ’ਤੇ ਜ਼ੋਰ ਦਿੱਤਾ ਸੀ ਤਾਂਕਿ ਅਸੀਂ ਰੱਬ ਤੋਂ ਬਰਕਤਾਂ ਪਾ ਸਕੀਏ। (ਯੂਹੰਨਾ 14:1) ਤਾਂ ਫਿਰ ਤੁਸੀਂ ਅਜਿਹੀ ਨਿਹਚਾ ਕਿਵੇਂ ਪੈਦਾ ਕਰ ਸਕਦੇ ਹੋ ਜੋ ਰੱਬ ਉਨ੍ਹਾਂ ਲੋਕਾਂ ਵਿਚ ਦੇਖਦਾ ਹੈ ਜਿਨ੍ਹਾਂ ਨੂੰ ਉਹ ਆਪਣੇ ਵੱਲ ਖਿੱਚਦਾ ਹੈ? ਤੁਸੀਂ ਰੱਬ ਦੇ ਬਚਨ ਬਾਈਬਲ ਨੂੰ ਬਾਕਾਇਦਾ ਪੜ੍ਹ ਕੇ ਨਿਹਚਾ ਪੈਦਾ ਕਰਨੀ ਸ਼ੁਰੂ ਕਰ ਸਕਦੇ ਹੋ। ਇਸ ਤਰ੍ਹਾਂ ਕਰ ਕੇ ਤੁਸੀਂ “ਉਸ ਦੀ ਇੱਛਾ ਦੇ ਸਹੀ ਗਿਆਨ” ਨੂੰ ਹਾਸਲ ਕਰੋਗੇ ਅਤੇ ਸਿੱਖੋਗੇ ਕਿ ‘ਉਸ ਨੂੰ ਖ਼ੁਸ਼’ ਕਿਵੇਂ ਕਰਨਾ ਹੈ। ਫਿਰ ਜਿੱਦਾਂ-ਜਿੱਦਾਂ ਤੁਸੀਂ ਯਹੋਵਾਹ ਬਾਰੇ ਸਹੀ ਗਿਆਨ ਲੈਂਦੇ ਜਾਓਗੇ ਅਤੇ ਉਸ ਦੀਆਂ ਮੰਗਾਂ ਨੂੰ ਪੂਰਾ ਕਰੋਗੇ, ਉੱਦਾਂ-ਉੱਦਾਂ ਉਸ ’ਤੇ ਤੁਹਾਡੀ ਨਿਹਚਾ ਵਧੇਗੀ ਅਤੇ ਉਹ ਹੋਰ ਵੀ ਤੁਹਾਡੇ ਨੇੜੇ ਆਵੇਗਾ।ਕੁਲੁੱਸੀਆਂ 1:9, 10. (w14-E 12/01)