Skip to content

Skip to table of contents

 ਜੀਵਨੀ

ਰੱਬ ਦੀ ਸੇਵਾ ਕਰ ਕੇ ਮਿਲੇ ਮਿੱਠੇ ਫਲ

ਰੱਬ ਦੀ ਸੇਵਾ ਕਰ ਕੇ ਮਿਲੇ ਮਿੱਠੇ ਫਲ

ਬਚਪਨ ਤੋਂ ਹੀ ਮੈਂ ਪਰੇਸ਼ਾਨ ਰਹਿੰਦਾ ਸੀ ਕਿਉਂਕਿ ਮੇਰੇ ਨਾਲ ਜਾਤੀ ਭੇਦ-ਭਾਵ ਹੁੰਦਾ ਸੀ, ਮੈਨੂੰ ਜ਼ਿੰਦਗੀ ਵਿਚ ਨਾਕਾਮ ਹੋਣ ਦਾ ਡਰ ਸੀ ਤੇ ਮੈਂ ਸ਼ਰਮੀਲੇ ਸੁਭਾਅ ਦਾ ਸੀ। ਇਸ ਲਈ ਮੈਂ ਬਾਈਬਲ ਨੂੰ ਸਮਝਣ ਤੇ ਇਸ ਤੋਂ ਦਿਲਾਸਾ ਪਾਉਣ ਦੀ ਆਸ ਨਾਲ ਕੈਥੋਲਿਕ ਚਰਚ ਗਿਆ। ਇਹ ਆਸ ਪੂਰੀ ਨਾ ਹੋਣ ਕਰਕੇ ਮੈਂ ਆਪਣਾ ਧਿਆਨ ਖੇਡਾਂ ਵੱਲ ਲਾ ਲਿਆ।

ਜਲਦੀ ਹੀ ਮੈਂ ਜਿਮਨਾਸਟਿਕ ਦਾ ਖਿਡਾਰੀ ਬਣ ਗਿਆ ਤੇ ਆਪਣੀ ਬਾਡੀ ਬਣਾਉਣ ਲੱਗ ਪਿਆ। ਆਖ਼ਰ ਮੈਂ ਸਾਨ ਲੇਓਨਡਰੁ, ਕੈਲੇਫ਼ੋਰਨੀਆ, ਅਮਰੀਕਾ ਵਿਚ ਆਪਣਾ ਜਿਮ ਖੋਲ੍ਹ ਲਿਆ। ਉੱਥੇ ਮੈਂ ਬਾਡੀ ਬਿਲਡਿਰਾਂ ਨਾਲ ਕੰਮ ਕਰਨ ਲੱਗ ਪਿਆ, ਜਿਨ੍ਹਾਂ ਵਿੱਚੋਂ ਇਕ ਬਾਡੀ ਬਿਲਡਿਰ ਨੇ ਮਿਸਟਰ ਅਮਰੀਕਾ ਦਾ ਖ਼ਿਤਾਬ ਜਿੱਤਿਆ ਸੀ। ਪਰ ਡੋਲੇ-ਸ਼ੋਲੇ ਬਣਾ ਕੇ ਵੀ ਮੇਰੀ ਜ਼ਿੰਦਗੀ ਵਿਚ ਖਾਲੀਪਣ ਸੀ।

ਜੋ ਮੈਂ ਲੱਭਦਾ ਸੀ, ਉਹ ਮੈਨੂੰ ਮਿਲ ਗਿਆ

ਮੇਰੇ ਜਿਮ ਵਿਚ ਮੇਰਾ ਇਕ ਦੋਸਤ ਸੀ ਜਿਸ ਨੂੰ ਪਤਾ ਸੀ ਕਿ ਮੈਂ ਬਾਈਬਲ ਦੀਆਂ ਗੱਲਾਂ ਨੂੰ ਸਮਝਣਾ ਚਾਹੁੰਦਾ ਹਾਂ। ਉਸ ਨੇ ਮੈਨੂੰ ਆਪਣੇ ਜਾਣ-ਪਛਾਣ ਦੇ ਕਿਸੇ ਆਦਮੀ ਨੂੰ ਮਿਲਣ ਲਈ ਕਿਹਾ। ਅਗਲੇ ਦਿਨ ਸਵੇਰ ਨੂੰ ਇਕ ਯਹੋਵਾਹ ਦਾ ਗਵਾਹ ਮੇਰੇ ਘਰ ਆਇਆ। ਉਸ ਨੇ ਚਾਰ ਘੰਟੇ ਬਾਈਬਲ ਵਿੱਚੋਂ ਮੇਰੇ ਸਵਾਲਾਂ ਦੇ ਜਵਾਬ ਦਿੱਤੇ। ਮੈਂ ਉਸ ਨੂੰ ਉਸੇ ਦਿਨ ਸ਼ਾਮ ਨੂੰ ਦੁਬਾਰਾ ਆਉਣ ਲਈ ਕਿਹਾ ਤੇ ਅਸੀਂ ਅੱਧੀ ਰਾਤ ਤਕ ਬਾਈਬਲ ’ਤੇ ਚਰਚਾ ਕਰਦੇ ਰਹੇ। ਮੈਂ ਜੋ ਵੀ ਸਿੱਖਿਆ, ਉਸ ਤੋਂ ਮੈਂ ਬਹੁਤ ਖ਼ੁਸ਼ ਸੀ ਤੇ ਮੈਂ ਉਸ ਨੂੰ ਪੁੱਛਿਆ, ‘ਕੀ ਮੈਂ ਤੁਹਾਡੇ ਨਾਲ ਅਗਲੇ ਦਿਨ ਇਹ ਦੇਖਣ ਲਈ ਆ ਸਕਦਾ ਹਾਂ ਕਿ ਤੁਸੀਂ ਕਿਸ ਤਰ੍ਹਾਂ ਪ੍ਰਚਾਰ ਕਰਦੇ ਹੋ?’ ਮੈਂ ਬਹੁਤ ਹੈਰਾਨ ਸੀ ਕਿ ਉਹ ਕਿੰਨੀ ਛੇਤੀ ਬਾਈਬਲ ਦੀਆਂ ਆਇਤਾਂ ਖੋਲ੍ਹ ਕੇ ਲੋਕਾਂ ਨੂੰ ਦਿਖਾ ਰਿਹਾ ਸੀ ਤੇ ਉਨ੍ਹਾਂ ਨੂੰ ਸਵਾਲਾਂ ਦੇ ਜਵਾਬ ਦੇ ਰਿਹਾ ਸੀ। ਬਸ ਮੈਂ ਉਸੇ ਵੇਲੇ ਫ਼ੈਸਲਾ ਕੀਤਾ ਕਿ ਮੈਂ ਵੀ ਇਹ ਕੰਮ ਕਰਨਾ ਚਾਹੁੰਦਾ ਹਾਂ!

ਇਸ ਲਈ ਮੈਂ ਆਪਣਾ ਜਿਮ ਵੇਚ ਦਿੱਤਾ ਤੇ ਮੈਂ ਇਸ ਯਹੋਵਾਹ ਦੇ ਗਵਾਹ ਨਾਲ ਪ੍ਰਚਾਰ ਕਰਨ ਲੱਗ ਪਿਆ ਜੋ ਕਿ ਪਾਇਨੀਅਰ ਸੀ। ਪਾਇਨੀਅਰ ਯਹੋਵਾਹ ਦੇ ਗਵਾਹਾਂ ਦੇ ਉਹ ਸੇਵਕ ਹਨ ਜੋ ਪ੍ਰਚਾਰ ਕਰਨ ਵਿਚ ਕਾਫ਼ੀ ਸਮਾਂ ਲਾਉਂਦੇ ਹਨ। ਮੈਂ ਮਈ 1948 ਵਿਚ ਕੈਲੇਫ਼ੋਰਨੀਆ ਦੇ ਸਾਨ ਫ਼ਰਾਂਸਿਸਕੋ ਸ਼ਹਿਰ ਦੇ ਕਾਓ ਪੈਲੇਸ ਸਟੇਡੀਅਮ ਵਿਚ ਹੋਏ ਜ਼ਿਲ੍ਹਾ ਸੰਮੇਲਨ ਵਿਚ ਬਪਤਿਸਮਾ ਲੈ ਲਿਆ। ਉਸੇ ਸਾਲ ਮੈਂ ਵੀ ਪਾਇਨੀਅਰ ਬਣ ਗਿਆ।

ਇਸ ਸਮੇਂ ਦੌਰਾਨ ਮੈਂ ਗਵਾਹਾਂ ਨੂੰ ਕਿਹਾ ਕਿ ਉਹ ਮੇਰੇ ਮੰਮੀ ਜੀ ਨੂੰ ਜਾ ਕੇ ਮਿਲਣ। ਮੰਮੀ ਜੀ ਨੇ ਬਾਈਬਲ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ ਤੇ ਉਹ ਜਲਦੀ ਹੀ ਯਹੋਵਾਹ ਦੇ ਗਵਾਹ ਬਣ ਗਏ। ਆਪਣੇ ਪਰਿਵਾਰ ਦੀ ਵਿਰੋਧਤਾ ਦੇ ਬਾਵਜੂਦ ਉਹ ਸਾਲਾਂ ਤਕ ਆਪਣੀ ਮੌਤ ਤਕ ਵਫ਼ਾਦਾਰ ਰਹੇ। ਮੇਰੇ ਪਰਿਵਾਰ ਦਾ ਹੋਰ ਕੋਈ ਵੀ ਮੈਂਬਰ ਯਹੋਵਾਹ ਦਾ ਗਵਾਹ ਨਹੀਂ ਬਣਿਆ।

ਹੋਣ ਵਾਲੀ ਪਤਨੀ ਨਾਲ ਮੁਲਾਕਾਤ

ਮੈਂ 1950 ਵਿਚ ਗਰੈਂਡ ਜੰਕਸ਼ਨ, ਕੋਲੋਰਾਡੋ ਵਿਚ ਚਲਾ ਗਿਆ ਜਿੱਥੇ ਮੈਂ ਬਿਲੀ ਨੂੰ ਮਿਲਿਆ। ਉਸ ਦਾ ਜਨਮ 1928 ਵਿਚ ਹੋਇਆ ਸੀ ਤੇ ਉਸ ਦੀ ਪਰਵਰਿਸ਼ ਉਦੋਂ ਹੋਈ ਜਦੋਂ ਦੁਨੀਆਂ ਵਿਚ ਆਰਥਿਕ ਮਹਾਂ-ਮੰਦੀ ਛਾਈ ਹੋਈ ਸੀ। ਉਸ ਦੇ ਮੰਮੀ ਜੀ, ਮਿੰਨੀ, ਉਸ ਨੂੰ ਹਰ ਰਾਤ ਮਿੱਟੀ ਦੇ ਤੇਲ ਵਾਲੀ ਲੈਂਪ ਦੀ ਲੋਅ ਵਿਚ ਬਾਈਬਲ ਪੜ੍ਹ ਕੇ ਸੁਣਾਉਂਦੇ ਸਨ। ਚਾਰ ਸਾਲਾਂ ਦੀ ਉਮਰ ਵਿਚ ਬਿਲੀ ਪੜ੍ਹ ਸਕਦੀ ਸੀ ਤੇ ਉਸ ਨੂੰ ਬਹੁਤ ਸਾਰੀਆਂ ਕਹਾਣੀਆਂ ਮੂੰਹ-ਜ਼ਬਾਨੀ ਯਾਦ ਸਨ। 1949 ਤੋਂ ਕੁਝ ਸਮਾਂ ਪਹਿਲਾਂ ਉਸ ਦੇ ਮੰਮੀ ਜੀ ਨੇ ਗਵਾਹਾਂ ਨਾਲ ਬਾਈਬਲ ਤੋਂ ਸਟੱਡੀ ਕਰ ਕੇ ਸਿੱਖਿਆ ਕਿ ਪਤਾਲ ਜਾਂ ਨਰਕ ਕੋਈ ਤਸੀਹੇ ਦੇਣ ਵਾਲੀ ਜਗ੍ਹਾ ਨਹੀਂ ਹੈ, ਸਗੋਂ ਇਹ ਇਨਸਾਨ ਦੀ ਆਮ ਕਬਰ ਹੈ। (ਉਪਦੇਸ਼ਕ ਦੀ ਪੋਥੀ 9:5, 10) ਬਿਲੀ ਦੇ ਮੰਮੀ ਤੇ ਡੈਡੀ ਜੀ ਦੋਵੇਂ ਯਹੋਵਾਹ ਦੇ ਗਵਾਹ ਬਣ ਗਏ।

1949 ਵਿਚ ਬਿਲੀ ਬੋਸਟਨ ਦੇ ਕਾਲਜ ਤੋਂ ਪੜ੍ਹਾਈ ਖ਼ਤਮ ਕਰ ਕੇ ਵਾਪਸ ਆ ਗਈ ਤੇ ਉਹ ਗੰਭੀਰਤਾ ਨਾਲ ਬਾਈਬਲ ਦੀ ਸਟੱਡੀ ਕਰਨ ਲੱਗ ਪਈ। ਟੀਚਰ ਬਣਨ ਦੀ ਬਜਾਇ ਉਸ ਨੇ ਪਰਮੇਸ਼ੁਰ ਨੂੰ ਆਪਣੀ  ਜ਼ਿੰਦਗੀ ਸਮਰਪਿਤ ਕਰਨ ਦਾ ਫ਼ੈਸਲਾ ਕੀਤਾ। ਉਸ ਨੇ 1950 ਵਿਚ ਨਿਊਯਾਰਕ ਦੇ ਯੈਂਕੀ ਸਟੇਡੀਅਮ ਵਿਚ ਹੋਏ ਯਹੋਵਾਹ ਦੇ ਗਵਾਹਾਂ ਦੇ ਅੰਤਰਰਾਸ਼ਟਰੀ ਸੰਮੇਲਨ ਵਿਚ ਬਪਤਿਸਮਾ ਲਿਆ। ਇਸ ਤੋਂ ਛੇਤੀ ਬਾਅਦ ਅਸੀਂ ਮਿਲੇ ਤੇ ਸਾਡਾ ਵਿਆਹ ਹੋ ਗਿਆ ਅਤੇ ਅਸੀਂ ਇਕੱਠਿਆਂ ਨੇ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ।

ਅਸੀਂ ਯੂਜੀਨ, ਆਰੇਗਨ ਵਿਚ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ ਤੇ ਇੱਥੇ ਉਮਰ ਭਰ ਸਾਥ ਦੇਣ ਵਾਲੇ ਦੋਸਤ ਬਣਾਏ। ਅਸੀਂ ਇਕ ਛੋਟੀ ਜਿਹੀ ਮੰਡਲੀ ਦੀ ਮਦਦ ਕਰਨ ਲਈ 1953 ਵਿਚ ਗ੍ਰਾਂਟਸ ਪਾਸ, ਆਰੇਗਨ ਚਲੇ ਗਏ। ਅਗਲੇ ਸਾਲ ਸਾਨੂੰ ਗਿਲਿਅਡ ਦੀ 23ਵੀਂ ਕਲਾਸ ਵਿਚ ਆਉਣ ਦਾ ਸੱਦਾ ਮਿਲਿਆ। ਗਿਲਿਅਡ ਯਹੋਵਾਹ ਦੇ ਗਵਾਹਾਂ ਦੇ ਮਿਸ਼ਨਰੀਆਂ ਨੂੰ ਟ੍ਰੇਨਿੰਗ ਦੇਣ ਦਾ ਸਕੂਲ ਹੈ ਜੋ ਸਾਊਥ ਲੈਂਸਿੰਗ, ਨਿਊਯਾਰਕ ਦੇ ਨੇੜੇ ਹੈ। ਇਹ ਲਗਭਗ 400 ਕਿਲੋਮੀਟਰ (250 ਮੀਲ) ਦੂਰ ਨਿਊਯਾਰਕ ਸ਼ਹਿਰ ਦੇ ਉੱਤਰ-ਪੱਛਮ ਵੱਲ ਹੈ।

ਬ੍ਰਾਜ਼ੀਲ ਵਿਚ ਮਿਸ਼ਨਰੀ ਕੰਮ

ਸਾਡੀ ਗਿਲਿਅਡ ਗ੍ਰੈਜੂਏਸ਼ਨ ਤੋਂ ਪੰਜ ਮਹੀਨਿਆਂ ਬਾਅਦ ਮੈਂ ਤੇ ਬਿਲੀ ਦਸੰਬਰ 1954 ਵਿਚ ਬ੍ਰਾਜ਼ੀਲ ਲਈ ਦੋ ਇੰਜਣਾਂ ਵਾਲੇ ਜਹਾਜ਼ ਵਿਚ ਬੈਠ ਕੇ ਰਵਾਨਾ ਹੋਏ। ਇਕ ਘੰਟੇ ਬਾਅਦ ਇਕ ਇੰਜਣ ਖ਼ਰਾਬ ਹੋ ਗਿਆ, ਪਰ ਜਹਾਜ਼ ਸਹੀ-ਸਲਾਮਤ ਬਰਮੂਡਾ ਵਿਚ ਉਤਰ ਗਿਆ। ਇਸ ਤੋਂ ਬਾਅਦ ਇਕ ਹੋਰ ਐਮਰਜੈਂਸੀ ਕਰਕੇ ਜਹਾਜ਼ ਨੂੰ ਕਿਊਬਾ ਵਿਚ ਉਤਾਰਨਾ ਪਿਆ। 36 ਘੰਟਿਆਂ ਦੇ ਲੰਬੇ ਸਫ਼ਰ ਤੋਂ ਬਾਅਦ ਅਸੀਂ ਥੱਕੇ-ਟੁੱਟੇ ਬ੍ਰਾਜ਼ੀਲ ਦੇ ਰਿਓ ਡ ਜਨੇਰੋ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਪਹੁੰਚੇ।

1955 ਵਿਚ ਬਾਊਰੂ ਵਿਚ ਪਹਿਲਾ ਕਿੰਗਡਮ ਹਾਲ ਜੋ ਕਿਰਾਏ ’ਤੇ ਲਿਆ ਸੀ ਤੇ ਉਸ ’ਤੇ ਲੱਗਾ ਬੋਰਡ ਮੈਂ ਪੇਂਟ ਕੀਤਾ ਸੀ

ਉੱਥੇ ਥੋੜ੍ਹੀ ਦੇਰ ਰਹਿਣ ਤੋਂ ਬਾਅਦ ਮੈਂ ਤੇ ਬਿਲੀ ਹੋਰ ਦੋ ਮਿਸ਼ਨਰੀਆਂ ਨਾਲ ਬਾਊਰੂ, ਸਾਓ ਪੌਲੋ ਵਿਚ ਚਲੇ ਗਏ ਤਾਂਕਿ ਅਸੀਂ ਉੱਥੇ ਪਹਿਲਾ ਮਿਸ਼ਨਰੀ ਘਰ ਖੋਲ੍ਹ ਸਕੀਏ। ਉਸ ਸ਼ਹਿਰ ਵਿਚ 50,000 ਤੋਂ ਜ਼ਿਆਦਾ ਲੋਕ ਰਹਿੰਦੇ ਸਨ ਤੇ ਅਸੀਂ ਉੱਥੇ ਪਹਿਲੇ ਗਵਾਹ ਸੀ।

ਜਿਉਂ ਹੀ ਅਸੀਂ ਲੋਕਾਂ ਨੂੰ ਘਰ-ਘਰ ਜਾ ਕੇ ਪ੍ਰਚਾਰ ਕਰਨਾ ਸ਼ੁਰੂ ਕੀਤਾ, ਤਿਉਂ ਹੀ ਉੱਥੇ ਦੇ ਇਕ ਪਾਦਰੀ ਨੇ ਸਾਡੇ ਪ੍ਰਚਾਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਸਾਡਾ ਪਿੱਛਾ ਕੀਤਾ ਤੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਸਾਡੀ ਗੱਲ ਨਾ ਸੁਣਨ। ਪਰ ਜਿਸ ਇਕ ਵੱਡੇ ਪਰਿਵਾਰ ਨਾਲ ਅਸੀਂ ਬਾਈਬਲ ਦੀ ਸਟੱਡੀ ਕਰਦੇ ਸੀ, ਉਨ੍ਹਾਂ ਨੂੰ ਕੁਝ ਹੀ ਹਫ਼ਤਿਆਂ ਦੇ ਅੰਦਰ-ਅੰਦਰ ਪਤਾ ਲੱਗ ਗਿਆ ਕਿ ਬਾਈਬਲ ਵਿਚ ਜੋ ਦੱਸਿਆ ਗਿਆ ਹੈ, ਉਹ ਸੱਚ ਹੈ ਅਤੇ ਬਾਅਦ ਵਿਚ ਉਸ ਪਰਿਵਾਰ ਨੇ ਬਪਤਿਸਮਾ ਲੈ ਲਿਆ। ਜਲਦੀ ਹੀ ਹੋਰਾਂ ਨੇ ਵੀ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ।

ਜਿਸ ਪਰਿਵਾਰ ਨੇ ਬਪਤਿਸਮਾ ਲਿਆ ਸੀ, ਉਸ ਪਰਿਵਾਰ ਦਾ ਰਿਸ਼ਤੇਦਾਰ ਇਕ ਜਾਣੀ-ਮਾਣੀ ਸੋਸ਼ਲ ਕਲੱਬ ਦਾ ਪ੍ਰੈਜ਼ੀਡੈਂਟ ਸੀ। ਮੈਂ ਪ੍ਰਬੰਧ ਕੀਤਾ ਕਿ ਉਸ ਕਲੱਬ ਵਿਚ ਅਸੈਂਬਲੀ ਕੀਤੀ ਜਾ ਸਕੇ। ਜਦੋਂ ਉਸ ਸ਼ਹਿਰ ਦੇ ਪਾਦਰੀ ਨੇ ਕਲੱਬ ਦੇ ਮੈਂਬਰਾਂ ’ਤੇ ਸਾਡੀ ਅਸੈਂਬਲੀ ਦੇ ਪ੍ਰੋਗ੍ਰਾਮ ਨੂੰ ਕੈਂਸਲ ਕਰਨ ਦਾ ਜ਼ੋਰ ਪਾਇਆ, ਤਾਂ ਪ੍ਰੈਜ਼ੀਡੈਂਟ ਨੇ ਕਲੱਬ ਦੇ ਮੈਂਬਰਾਂ ਨੂੰ ਮਿਲ ਕੇ ਕਿਹਾ: “ਜੇ ਤੁਸੀਂ ਪ੍ਰੋਗ੍ਰਾਮ ਕੈਂਸਲ ਕੀਤਾ, ਤਾਂ ਮੈਂ ਅਸਤੀਫ਼ਾ ਦੇ ਦੇਵਾਂਗਾ।” ਉਨ੍ਹਾਂ ਨੇ ਅਸੈਂਬਲੀ ਦਾ ਪ੍ਰੋਗ੍ਰਾਮ ਕੈਂਸਲ ਨਹੀਂ ਕੀਤਾ।

ਅਗਲੇ ਸਾਲ 1956 ਵਿਚ ਸਾਨੂੰ ਸੈਂਟਸ, ਸਾਓ ਪੌਲੋ ਵਿਚ ਜ਼ਿਲ੍ਹਾ ਸੰਮੇਲਨ ਵਿਚ ਹਾਜ਼ਰ ਹੋਣ ਦਾ ਸੱਦਾ ਦਿੱਤਾ ਗਿਆ। ਸਾਡੀ ਮੰਡਲੀ ਤੋਂ ਲਗਭਗ 40 ਗਵਾਹ ਉੱਥੇ ਟ੍ਰੇਨ ਵਿਚ ਗਏ। ਬਾਊਰੂ ਵਾਪਸ ਆਉਣ ਤੇ ਮੈਨੂੰ ਇਕ ਚਿੱਠੀ ਮਿਲੀ ਜਿਸ ਵਿਚ ਮੈਨੂੰ ਸਰਕਟ ਓਵਰਸੀਅਰ ਵਜੋਂ ਕੰਮ ਕਰਨ ਲਈ ਕਿਹਾ ਗਿਆ ਸੀ ਜੋ ਯਹੋਵਾਹ ਦੇ ਗਵਾਹਾਂ ਦੀਆਂ ਅਲੱਗ-ਅਲੱਗ ਮੰਡਲੀਆਂ ਦਾ ਦੌਰਾ ਕਰਦਾ ਹੈ। ਅਸੀਂ ਬ੍ਰਾਜ਼ੀਲ ਵਿਚ ਲਗਭਗ 25 ਸਾਲ ਸੇਵਾ ਕੀਤੀ ਤੇ ਇਸ ਵੱਡੇ ਦੇਸ਼ ਦੇ ਲਗਭਗ ਸਾਰੇ ਹਿੱਸਿਆਂ ਵਿਚ ਗਏ।

ਸਿਰਫ਼ ਇਕ ਸਾਲ ਵਿਚ ਬਾਊਰੂ ਵਿਚ ਜੋਸ਼ੀਲੇ ਪ੍ਰਚਾਰਕਾਂ ਦਾ ਸਮੂਹ

ਪ੍ਰਚਾਰ ਦਾ ਕੰਮ ਕਿੱਦਾਂ ਸੀ?

ਉਨ੍ਹਾਂ ਦਿਨਾਂ ਵਿਚ ਸਫ਼ਰ ਕਰਨਾ ਮੁਸ਼ਕਲ ਸੀ। ਫਿਰ ਵੀ ਅਸੀਂ ਬੱਸ, ਟ੍ਰੇਨ, ਟਾਂਗੇ, ਸਾਈਕਲ ’ਤੇ ਅਤੇ ਪੈਦਲ ਜਾ ਕੇ ਸਾਰੇ ਦੇਸ਼ ਵਿਚ ਪ੍ਰਚਾਰ ਕੀਤਾ। ਸਭ ਤੋਂ ਪਹਿਲਾਂ ਅਸੀਂ ਸਾਓ ਪੌਲੋ ਦੇ ਜ਼ਾਊ ਸ਼ਹਿਰ ਗਏ। ਉੱਥੇ ਵੀ ਪਾਦਰੀ ਨੇ ਸਾਡੇ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

ਉਸ ਨੇ ਕਿਹਾ: ‘ਤੁਸੀਂ ਮੇਰੇ ਲੋਕਾਂ ਨੂੰ ਪ੍ਰਚਾਰ ਨਹੀਂ ਕਰ ਸਕਦੇ।’

ਅਸੀਂ ਕਿਹਾ: ‘ਇਹ ਲੋਕ ਤੇਰੇ ਨਹੀਂ, ਸਗੋਂ ਰੱਬ ਦੇ ਹਨ।’

ਅਸੀਂ ਦੁਨੀਆਂ ਭਰ ਵਿਚ ਹੋ ਰਹੇ ਆਪਣੇ ਪ੍ਰਚਾਰ ਦੇ ਕੰਮ ਬਾਰੇ ਫ਼ਿਲਮ ਦਿਖਾਉਣ ਦਾ ਪ੍ਰਬੰਧ ਕੀਤਾ ਜਿਸ ਦਾ ਵਿਸ਼ਾ ਸੀ: ਦ ਨਿਊ ਵਰਲਡ ਸੋਸਾਇਟੀ ਇਨ ਐਕਸ਼ਨ। ਪਰ ਪਾਦਰੀ ਨੇ ਭੀੜ ਇਕੱਠੀ ਕਰ ਲਈ ਤਾਂਕਿ ਉਹ ਸਾਡੇ ’ਤੇ ਹਮਲਾ ਕਰੇ। ਅਸੀਂ ਇਕਦਮ ਪੁਲਿਸ ਨੂੰ ਖ਼ਬਰ ਦੇ ਦਿੱਤੀ। ਜਦੋਂ ਪਾਦਰੀ ਤੇ ਉਸ ਦੀ ਭੀੜ ਥੀਏਟਰ ਵਿਚ ਆਈ, ਤਾਂ ਥੀਏਟਰ ਦੇ ਗੇਟ ’ਤੇ ਪੁਲਿਸ ਬੰਦੂਕਾਂ ਲੈ ਕੇ ਕੰਧ ਬਣ ਕੇ ਖੜ੍ਹੀ ਸੀ। ਬਹੁਤ ਸਾਰੇ ਲੋਕਾਂ ਨੇ ਇਸ ਫ਼ਿਲਮ ਦਾ ਭਰਪੂਰ ਮਜ਼ਾ ਲਿਆ।

ਉਸ ਵੇਲੇ ਅਸੀਂ ਜਿੱਥੇ ਵੀ ਗਏ, ਸਾਨੂੰ ਸਾਰੇ ਪਾਸੇ ਪ੍ਰਚਾਰ ਦੇ ਕੰਮ ਕਰਕੇ ਨਫ਼ਰਤ ਤੇ ਵਿਰੋਧ ਦਾ ਸਾਮ੍ਹਣਾ ਕਰਨਾ ਪਿਆ। ਮਿਸਾਲ ਲਈ,  ਸਾਂਤਾ ਕਾਤਰੀਨਾ ਦੇ ਬਲੂਮੇਨਾਓ ਸ਼ਹਿਰ ਦੇ ਨੇੜੇ ਬ੍ਰੱਸਕੀ ਸ਼ਹਿਰ ਵਿਚ ਅਸੀਂ ਦੋ ਪਾਇਨੀਅਰਾਂ ਨੂੰ ਮਿਲੇ ਜਿਨ੍ਹਾਂ ਦਾ ਲੋਕ ਕਾਫ਼ੀ ਵਿਰੋਧ ਕਰ ਰਹੇ ਸਨ। ਪਰ ਉਹ ਧੀਰਜ ਨਾਲ ਪ੍ਰਚਾਰ ਦੇ ਕੰਮ ਵਿਚ ਲੱਗੀਆਂ ਰਹੀਆਂ ਜਿਸ ਕਰਕੇ ਉਨ੍ਹਾਂ ਨੂੰ ਬਹੁਤ ਬਰਕਤਾਂ ਮਿਲੀਆਂ। ਅੱਜ 50 ਤੋਂ ਜ਼ਿਆਦਾ ਸਾਲਾਂ ਬਾਅਦ ਉੱਥੇ 60 ਤੋਂ ਜ਼ਿਆਦਾ ਮੰਡਲੀਆਂ ਹਨ ਜੋ ਵਧ-ਫੁੱਲ ਰਹੀਆਂ ਹਨ। ਇਸ ਦੇ ਨਾਲ-ਨਾਲ ਨੇੜੇ ਦੇ ਸ਼ਹਿਰ ਈਟਾਜ਼ਾਈ ਵਿਚ ਇਕ ਸੋਹਣਾ ਅਸੈਂਬਲੀ ਹਾਲ ਵੀ ਹੈ।

ਵੱਖੋ-ਵੱਖਰੀਆਂ ਮੰਡਲੀਆਂ ਦਾ ਦੌਰਾ ਕਰਦਿਆਂ ਸਾਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਉਦੋਂ ਮਿਲਦੀ ਸੀ ਜਦੋਂ ਅਸੀਂ ਹੋਰ ਗਵਾਹਾਂ ਨਾਲ ਮਿਲ ਕੇ ਵੱਡੇ-ਵੱਡੇ ਸੰਮੇਲਨਾਂ ਦੀਆਂ ਤਿਆਰੀਆਂ ਕਰਦੇ ਸੀ। 1975 ਤੋਂ 1977 ਤਕ ਮੈਨੂੰ ਵੱਡੇ ਮੋਰੂਮਬੀ ਸਟੇਡੀਅਮ ਵਿਚ ਸੰਮੇਲਨ ਦੇ ਓਵਰਸੀਅਰ ਵਜੋਂ ਸੇਵਾ ਕਰਨ ਦਾ ਸਨਮਾਨ ਮਿਲਿਆ। ਲਾਗੇ ਦੀਆਂ ਲਗਭਗ 100 ਮੰਡਲੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਸੰਮੇਲਨ ਤੋਂ ਪਹਿਲਾਂ ਦੀ ਰਾਤ ਸਟੇਡੀਅਮ ਦੀ ਸਫ਼ਾਈ ਕਰਨ ਲਈ ਹਰ ਮੰਡਲੀ 10 ਗਵਾਹਾਂ ਨੂੰ ਭੇਜੇ।

ਉਸ ਰਾਤ ਜਦੋਂ ਫੁਟਬਾਲ ਦੇ ਖਿਡਾਰੀ ਸਟੇਡੀਅਮ ਤੋਂ ਜਾ ਰਹੇ ਸਨ, ਤਾਂ ਕੁਝ ਜਣਿਆਂ ਨੇ ਮਜ਼ਾਕ ਉਡਾਉਦਿਆਂ ਕਿਹਾ: “ਇਨ੍ਹਾਂ ਜਨਾਨੀਆਂ ਨੂੰ ਦੇਖੋ, ਬੜੀਆਂ ਆਈਆਂ ਝਾੜੂ-ਪੋਚੇ ਲੈ ਕੇ, ਇਨ੍ਹਾਂ ਕੋਲੋਂ ਕਿੱਥੇ ਸਫ਼ਾਈ ਹੋਣੀ।” ਪਰ ਅੱਧੀ ਰਾਤ ਤਕ ਪੂਰਾ ਸਟੇਡੀਅਮ ਸਾਫ਼ ਹੋ ਚੁੱਕਾ ਸੀ। ਸਟੇਡੀਅਮ ਦੇ ਮੈਨੇਜਰ ਨੇ ਕਿਹਾ: “ਜਿਹੜਾ ਕੰਮ ਤੁਸੀਂ ਗਵਾਹਾਂ ਨੇ ਸਿਰਫ਼ ਕੁਝ ਘੰਟਿਆਂ ਵਿਚ ਹੀ ਕਰ ਦਿੱਤਾ, ਉਹ ਕੰਮ ਮੇਰੇ ਕਰਮਚਾਰੀਆਂ ਨੇ ਪੂਰੇ ਹਫ਼ਤੇ ਵਿਚ ਕਰਨਾ ਸੀ!”

ਵਾਪਸ ਅਮਰੀਕਾ

1980 ਵਿਚ ਮੇਰੇ ਡੈਡੀ ਜੀ ਦੀ ਮੌਤ ਹੋ ਗਈ ਤੇ ਇਸ ਤੋਂ ਛੇਤੀ ਬਾਅਦ ਮੇਰੇ ਮੰਮੀ ਦੀ ਦੇਖ-ਭਾਲ ਕਰਨ ਲਈ ਅਸੀਂ ਫਰੀਮੌਂਟ, ਕੈਲੇਫ਼ੋਰਨੀਆ ਅਮਰੀਕਾ ਆ ਗਏ। ਅਸੀਂ ਰਾਤ ਨੂੰ ਇਮਾਰਤਾਂ ਦੀ ਸਫ਼ਾਈ ਕਰਨ ਦਾ ਕੰਮ ਲੱਭ ਲਿਆ ਤੇ ਪਾਇਨੀਅਰਿੰਗ ਕਰਨੀ ਜਾਰੀ ਰੱਖੀ। ਅਸੀਂ ਉਸ ਇਲਾਕੇ ਵਿਚ ਪੁਰਤਗਾਲੀ ਲੋਕਾਂ ਦੀ ਬਾਈਬਲ ਦੀ ਸਿੱਖਿਆ ਲੈਣ ਵਿਚ ਮਦਦ ਕੀਤੀ। ਬਾਅਦ ਵਿਚ ਅਸੀਂ ਸਾਨ ਵਾਕਿਨ ਵੈਲੀ ਦੇ ਨੇੜੇ ਇਲਾਕੇ ਵਿਚ ਚਲੇ ਗਏ ਜਿੱਥੇ ਅਸੀਂ ਸੈਕਰਾਮੈਂਤੋ ਤੋਂ ਲੈ ਕੇ ਬੇਕਰਸਫੀਲਡ ਤਕ ਪੁਰਤਗਾਲੀ ਲੋਕਾਂ ਨੂੰ ਲੱਭ ਕੇ ਪ੍ਰਚਾਰ ਕਰਦੇ ਸੀ। ਕੈਲੇਫ਼ੋਰਨੀਆ ਵਿਚ ਅੱਜ ਲਗਭਗ 10 ਪੁਰਤਗਾਲੀ ਮੰਡਲੀਆਂ ਹਨ।

1995 ਵਿਚ ਮੇਰੇ ਮੰਮੀ ਜੀ ਦੀ ਮੌਤ ਤੋਂ ਬਾਅਦ ਅਸੀਂ ਫ਼ਲੋਰਿਡਾ ਚਲੇ ਗਏ ਤੇ ਉੱਥੇ ਬਿਲੀ ਦੇ ਡੈਡੀ ਜੀ ਦੀ ਮੌਤ ਹੋਣ ਤਕ ਅਸੀਂ ਉਨ੍ਹਾਂ ਦੀ ਦੇਖ-ਭਾਲ ਕੀਤੀ। 1975 ਵਿਚ ਬਿਲੀ ਦੇ ਮੰਮੀ ਜੀ ਦੀ ਮੌਤ ਹੋ ਗਈ। 2000 ਵਿਚ ਅਸੀਂ ਕੋਲੋਰਾਡੋ ਇਲਾਕੇ ਵਿਚ ਚਲੇ ਗਏ। ਇਹ ਇਲਾਕਾ ਪਹਾੜੀ ਤੇ ਰੇਗਿਸਤਾਨੀ ਹੈ। ਉੱਥੇ ਅਸੀਂ ਨਾਵਾਹੋ ਤੇ ਯੂਟ ਵਿਚ ਅਮਰੀਕਾ ਦੇ ਆਦਿਵਾਸੀ ਲੋਕਾਂ ਨੂੰ ਪਾਇਨੀਅਰਾਂ ਵਜੋਂ ਪ੍ਰਚਾਰ ਕੀਤਾ। ਅਫ਼ਸੋਸ ਦੀ ਗੱਲ ਹੈ ਕਿ ਫਰਵਰੀ 2014 ਵਿਚ ਬਿਲੀ ਗੁਜ਼ਰ ਗਈ।

ਮੈਂ ਕਿੰਨਾ ਖ਼ੁਸ਼ ਹਾਂ ਕਿ 65 ਤੋਂ ਜ਼ਿਆਦਾ ਸਾਲ ਪਹਿਲਾਂ ਮੈਂ ਯਹੋਵਾਹ ਦੇ ਇਕ ਗਵਾਹ ਨੂੰ ਮਿਲਿਆ ਜਿਸ ਨੇ ਬਾਈਬਲ ਵਿੱਚੋਂ ਮੇਰੇ ਸਵਾਲਾਂ ਦੇ ਜਵਾਬ ਦਿੱਤੇ! ਮੈਂ ਖ਼ਾਸ ਕਰਕੇ ਇਸ ਗੱਲੋਂ ਖ਼ੁਸ਼ ਹਾਂ ਕਿ ਉਸ ਨੇ ਮੈਨੂੰ ਜੋ ਗੱਲਾਂ ਦੱਸੀਆਂ ਸਨ, ਉਨ੍ਹਾਂ ਨੂੰ ਮੈਂ ਖ਼ੁਦ ਬਾਈਬਲ ਵਿੱਚੋਂ ਦੇਖਿਆ ਕਿ ਉਹ ਸਹੀ ਸਨ ਜਾਂ ਨਹੀਂ। ਇਸ ਕਰਕੇ ਮੈਂ ਯਹੋਵਾਹ ਦੀ ਸੇਵਾ ਕਰਨ ਲੱਗ ਪਿਆ ਜਿਸ ਦੇ ਮੈਨੂੰ ਮਿੱਠੇ ਫਲ ਮਿਲੇ। ▪ (w14-E 09/01)