Skip to content

Skip to table of contents

 ਮੁੱਖ ਪੰਨੇ ਤੋਂ | ਕੀ ਰੱਬ ਨੂੰ ਤੁਹਾਡਾ ਫ਼ਿਕਰ ਹੈ?

ਰੱਬ ਤੁਹਾਨੂੰ ਸਮਝਦਾ ਹੈ

ਰੱਬ ਤੁਹਾਨੂੰ ਸਮਝਦਾ ਹੈ

“ਹੇ ਯਹੋਵਾਹ, ਤੈਂ ਮੈਨੂੰ ਪਰਖ ਲਿਆ ਤੇ ਜਾਣ ਲਿਆ।”​—ਜ਼ਬੂਰਾਂ ਦੀ ਪੋਥੀ 139:1.

“ਤੇਰੀਆਂ ਅੱਖਾਂ ਨੇ ਮੇਰੇ ਬੇਡੌਲ ਮਲਬੇ ਨੂੰ ਵੇਖਿਆ।”​—ਜ਼ਬੂਰਾਂ ਦੀ ਪੋਥੀ 139:16

ਕੁਝ ਲੋਕ ਸ਼ੱਕ ਕਿਉਂ ਕਰਦੇ ਹਨ: ਬਹੁਤ ਲੋਕ ਸੋਚਦੇ ਹਨ ਕਿ ਰੱਬ ਦੀਆਂ ਨਜ਼ਰਾਂ ਵਿਚ ਸਾਰੇ ਇਨਸਾਨ ਪਾਪੀ ਹਨ ਅਤੇ ਉਸ ਦੇ ਲਾਇਕ ਨਹੀਂ। ਇਸ ਲਈ ਉਨ੍ਹਾਂ ਨੂੰ ਲੱਗਦਾ ਹੈ ਕਿ ਰੱਬ ਉਨ੍ਹਾਂ ਦਾ ਫ਼ਿਕਰ ਨਹੀਂ ਕਰਦਾ। ਜ਼ਰਾ ਕੈਨਡਰਾ ਨਾਂ ਦੀ ਔਰਤ ਵੱਲ ਧਿਆਨ ਦਿਓ। ਉਸ ਨੂੰ ਡਿਪਰੈਸ਼ਨ ਸੀ ਅਤੇ ਉਹ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦੀ ਸੀ ਕਿਉਂਕਿ ਉਹ ਪਰਮੇਸ਼ੁਰ ਦੇ ਉੱਚੇ-ਸੁੱਚੇ ਮਿਆਰਾਂ ’ਤੇ ਪੂਰੀ ਤਰ੍ਹਾਂ ਨਹੀਂ ਸੀ ਚੱਲ ਸਕਦੀ। ਨਤੀਜੇ ਵਜੋਂ, ਉਹ ਕਹਿੰਦੀ ਹੈ ਕਿ “ਮੈਂ ਪ੍ਰਾਰਥਨਾ ਕਰਨੀ ਛੱਡ ਦਿੱਤੀ।”

ਰੱਬ ਦਾ ਬਚਨ ਸਿਖਾਉਂਦਾ ਹੈ: ਯਹੋਵਾਹ ਤੁਹਾਡੀਆਂ ਕਮੀਆਂ-ਕਮਜ਼ੋਰੀਆਂ ਨਹੀਂ ਦੇਖਦਾ, ਸਗੋਂ ਉਹ ਸਮਝਦਾ ਹੈ ਕਿ ਤੁਸੀਂ ਕਿਹੋ ਜਿਹੇ ਇਨਸਾਨ ਹੋ। ਬਾਈਬਲ ਦੱਸਦੀ ਹੈ: “ਉਹ ਤਾਂ ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!” ਇੰਨਾ ਹੀ ਨਹੀਂ, ‘ਉਹ ਸਾਡੇ ਪਾਪਾਂ ਅਨੁਸਾਰ ਸਾਡੇ ਨਾਲ ਨਹੀਂ ਵਰਤਦਾ, ਨਾ ਸਾਡੀਆਂ ਬਦੀਆਂ ਅਨੁਸਾਰ ਸਾਨੂੰ ਬਦਲਾ ਦਿੰਦਾ ਹੈ।’​—ਜ਼ਬੂਰਾਂ ਦੀ ਪੋਥੀ 103:10, 14.

ਪਹਿਲੇ ਲੇਖ ਵਿਚ ਜ਼ਿਕਰ ਕੀਤੇ ਗਏ ਇਜ਼ਰਾਈਲ ਦੇ ਰਾਜਾ ਦਾਊਦ ਉੱਤੇ ਦੁਬਾਰਾ ਗੌਰ ਕਰੋ। ਉਸ ਨੇ ਪ੍ਰਾਰਥਨਾ ਵਿਚ ਪਰਮੇਸ਼ੁਰ ਨੂੰ ਕਿਹਾ: “ਤੇਰੀਆਂ ਅੱਖਾਂ ਨੇ ਮੇਰੇ ਬੇਡੌਲ ਮਲਬੇ ਨੂੰ ਵੇਖਿਆ, ਅਤੇ ਤੇਰੀ ਪੋਥੀ ਵਿੱਚ ਓਹ ਸਭ ਲਿਖੇ ਗਏ। ਹੇ ਪਰਮੇਸ਼ੁਰ, ਮੈਨੂੰ ਪਰਖ ਅਤੇ ਮੇਰੇ ਦਿਲ ਨੂੰ ਜਾਣ।” (ਜ਼ਬੂਰਾਂ ਦੀ ਪੋਥੀ 139:16, 23) ਜੀ ਹਾਂ, ਭਾਵੇਂ ਕਿ ਦਾਊਦ ਨੇ ਵੱਡੇ-ਵੱਡੇ ਪਾਪ ਕੀਤੇ ਸਨ, ਪਰ ਉਸ ਨੂੰ ਯਕੀਨ ਸੀ ਕਿ ਯਹੋਵਾਹ ਨੇ ਉਸ ਨੂੰ ਮਾਫ਼ ਕਰ ਦਿੱਤਾ ਸੀ। ਕਿਉਂ? ਕਿਉਂਕਿ ਸਿਰਫ਼ ਯਹੋਵਾਹ ਦੇਖ ਸਕਦਾ ਸੀ ਕਿ ਦਾਊਦ ਨੇ ਦਿਲੋਂ ਤੋਬਾ ਕੀਤੀ ਸੀ।

ਕਿਸੇ ਹੋਰ ਇਨਸਾਨ ਨਾਲੋਂ ਯਹੋਵਾਹ ਤੁਹਾਨੂੰ ਚੰਗੀ ਤਰ੍ਹਾਂ ਸਮਝਦਾ ਹੈ। ਬਾਈਬਲ ਕਹਿੰਦੀ ਹੈ: “ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ ਰਿਦੇ [ਦਿਲ] ਨੂੰ ਵੇਖਦਾ ਹੈ।” (1 ਸਮੂਏਲ 16:7) ਉਹ ਜਾਣਦਾ ਹੈ ਕਿ ਤੁਹਾਡੀ ਪਰਵਰਿਸ਼ ਕਿਸ ਮਾਹੌਲ ਵਿਚ ਹੋਈ ਹੈ ਅਤੇ ਤੁਹਾਡੇ ਪਰਿਵਾਰ ਦੇ ਹਾਲਾਤ ਕਿਹੋ ਜਿਹੇ ਸਨ। ਇਨ੍ਹਾਂ ਗੱਲਾਂ ਦਾ ਤੁਹਾਡੇ ਸੁਭਾਅ ’ਤੇ ਅਸਰ ਪੈਂਦਾ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਰੱਬ ਤੁਹਾਨੂੰ ਚੰਗੀ ਤਰ੍ਹਾਂ ਸਮਝਦਾ ਹੈ। ਭਾਵੇਂ ਤੁਸੀਂ ਗ਼ਲਤੀਆਂ ਕਰਦੇ ਹੋ, ਫਿਰ ਵੀ ਯਹੋਵਾਹ ਦੇਖਦਾ ਹੈ ਕਿ ਤੁਸੀਂ ਆਪਣੇ ਵਿਚ ਸੁਧਾਰ ਕਰਨ ਦੀ ਕੋਸ਼ਿਸ਼ ਕਰਦੇ ਹੋ ਅਤੇ ਉਹ ਇਸ ਗੱਲ ਦੀ ਕਦਰ ਕਰਦਾ ਹੈ।

ਤੁਹਾਡੇ ਬਾਰੇ ਸਾਰਾ ਕੁਝ ਜਾਣਦੇ ਹੋਏ ਪਰਮੇਸ਼ੁਰ ਤੁਹਾਨੂੰ ਕਿਵੇਂ ਹੌਸਲਾ ਦਿੰਦਾ ਹੈ? (w14-E 08/01)