Skip to content

Skip to table of contents

ਕੀ ਮੇਰੇ ਪੂਰਵਜਾਂ ਲਈ ਕੋਈ ਉਮੀਦ ਹੈ?

ਕੀ ਮੇਰੇ ਪੂਰਵਜਾਂ ਲਈ ਕੋਈ ਉਮੀਦ ਹੈ?

ਕੁਝ ਸਮਾਂ ਪਹਿਲਾਂ ਇਕ ਕੋਰੀਆਈ ਅਖ਼ਬਾਰ ਦੀਆਂ ਸੁਰਖੀਆਂ ਵਿਚ ਇਕ ਦਿਲਚਸਪ ਖ਼ਬਰ ਛਪੀ: “ਮਹਾਨ ਸ਼ਿਮ ਚੰਗ ਜਿਸ ਨੂੰ ਯਿਸੂ ਬਾਰੇ ਕੁਝ ਪਤਾ ਨਹੀਂ ਸੀ​—ਕੀ ਉਹ ਨਰਕ ਵਿਚ ਗਈ ਹੈ?”

ਇਸ ਖ਼ਬਰ ਨੇ ਲੋਕਾਂ ਦਾ ਗੁੱਸਾ ਭੜਕਾ ਦਿੱਤਾ ਕਿਉਂਕਿ ਕੋਰੀਆ ਦੀਆਂ ਲੋਕ-ਕਥਾਵਾਂ ਵਿਚ ਸ਼ਿਮ ਚੰਗ ਨੂੰ ਬਹੁਤ ਮੰਨਿਆ ਜਾਂਦਾ ਹੈ। ਉਸ ਨੇ ਆਪਣੇ ਅੰਨ੍ਹੇ ਪਿਤਾ ਦੀ ਮਦਦ ਕਰਨ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਸਾਲਾਂ ਤੋਂ ਹੀ ਲੋਕ ਉਸ ਦੀਆਂ ਤਾਰੀਫ਼ਾਂ ਕਰਦੇ ਨਹੀਂ ਥੱਕਦੇ। ਕੋਰੀਆ ਵਿਚ ਸ਼ਿਮ ਚੰਗ ਸਾਰੀਆਂ ਧੀਆਂ ਲਈ ਬਹੁਤ ਵਧੀਆ ਮਿਸਾਲ ਮੰਨੀ ਜਾਂਦੀ ਹੈ।

ਕਈਆਂ ਨੂੰ ਉਸ ਦਾ ਨਰਕ ਵਿਚ ਜਾਣਾ ਇਸ ਲਈ ਅਪਮਾਨਜਨਕ ਲੱਗਾ ਕਿਉਂਕਿ ਉਸ ਨੇ ਮਸੀਹੀ ਵਜੋਂ ਬਪਤਿਸਮਾ ਨਹੀਂ ਲਿਆ ਸੀ। ਇਸ ਪਿੰਡ ਵਿਚ ਇਹ ਘਟਨਾ ਯਿਸੂ ਮਸੀਹ ਬਾਰੇ ਪ੍ਰਚਾਰ ਹੋਣ ਤੋਂ ਬਹੁਤ ਸਮਾਂ ਪਹਿਲਾਂ ਵਾਪਰੀ ਸੀ।

ਉਸ ਅਖ਼ਬਾਰ ਦੇ ਲੇਖ ਵਿਚ ਇਕ ਪਾਦਰੀ ਦੀ ਇੰਟਰਵਿਊ ਵੀ ਦਿੱਤੀ ਗਈ। ਉਸ ਨੂੰ ਪੁੱਛਿਆ ਗਿਆ ਕਿ ਜਿਨ੍ਹਾਂ ਲੋਕਾਂ ਨੂੰ ਯਿਸੂ ਬਾਰੇ ਜਾਣਨ ਦਾ ਮੌਕਾ ਨਹੀਂ ਮਿਲਿਆ ਤੇ ਉਹ ਮਰ ਗਏ, ਕੀ ਉਨ੍ਹਾਂ ਸਾਰੇ ਲੋਕਾਂ ਨੂੰ ਨਰਕ ਦੀ ਸਜ਼ਾ ਦਿੱਤੀ ਗਈ ਹੈ? ਉਸ ਨੇ ਜਵਾਬ ਵਿਚ ਕਿਹਾ: “ਅਸੀਂ ਇਸ ਬਾਰੇ ਕੁਝ ਨਹੀਂ ਜਾਣਦੇ। ਅਸੀਂ ਸਿਰਫ਼ ਅੰਦਾਜ਼ਾ ਲਾ ਸਕਦੇ ਹਾਂ ਕਿ ਰੱਬ ਨੇ ਉਨ੍ਹਾਂ ਲਈ ਜ਼ਰੂਰ ਕੋਈ-ਨਾ-ਕੋਈ ਮਕਸਦ ਰੱਖਿਆ ਹੋਵੇਗਾ।”

ਮੁਕਤੀ ਪਾਉਣ ਲਈ ਕੀ ਜ਼ਰੂਰੀ ਹੈ?

ਨਿਊ ਕੈਥੋਲਿਕ ਐਨਸਾਈਕਲੋਪੀਡੀਆ ਕਹਿੰਦਾ ਹੈ: “ਮੁਕਤੀ ਪਾਉਣ ਲਈ ਬਪਤਿਸਮਾ ਲੈਣਾ ਜ਼ਰੂਰੀ ਹੈ। ਜਿੱਦਾਂ ਯਿਸੂ ਨੇ ਖ਼ੁਦ ਕਿਹਾ ਸੀ ਕਿ ਜਿਹੜਾ ਪਾਣੀ ਅਤੇ ਪਵਿੱਤਰ ਸ਼ਕਤੀ ਨਾਲ ਜਨਮ ਨਹੀਂ ਲੈਂਦਾ, ਉਹ ਪਰਮੇਸ਼ੁਰ ਦੇ ਰਾਜ ਵਿਚ ਨਹੀਂ ਜਾ ਸਕਦਾ (ਯੂਹੰਨਾ 3:5)।” ਇਸ ਆਇਤ ਕਾਰਨ ਕੁਝ ਲੋਕ ਮੰਨਦੇ ਹਨ ਕਿ ਜਿਨ੍ਹਾਂ ਮਰ ਚੁੱਕੇ ਲੋਕਾਂ ਨੇ ਬਪਤਿਸਮਾ ਨਹੀਂ ਲਿਆ ਸੀ, ਉਨ੍ਹਾਂ ਨੂੰ ਨਰਕ ਵਿਚ ਸੁੱਟਿਆ ਜਾਂਦਾ ਹੈ ਜਾਂ ਉਹ ਮਰਨ ਤੋਂ ਬਾਅਦ ਹੋਰ ਤਰ੍ਹਾਂ ਦੇ ਤਸੀਹੇ ਸਹਿੰਦੇ ਹਨ।

ਪਰ ਹੋਰ ਬਹੁਤ ਸਾਰੇ ਲੋਕਾਂ ਨੂੰ ਇਹ ਸਿੱਖਿਆ ਅਜੀਬ ਲੱਗਦੀ ਹੈ। ਲੱਖਾਂ ਹੀ ਮਰ ਚੁੱਕੇ ਲੋਕਾਂ ਨੂੰ ਬਾਈਬਲ ਬਾਰੇ ਕੁਝ ਪਤਾ ਨਹੀਂ ਸੀ। ਕੀ ਉਨ੍ਹਾਂ ਨੂੰ ਹਮੇਸ਼ਾ ਲਈ ਨਰਕ ਵਿਚ ਤੜਫ਼ਾਇਆ ਜਾਂਦਾ ਹੈ? ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?

ਬਾਈਬਲ ਵਿਚ ਦਿੱਤੀ ਉਮੀਦ

ਬਾਈਬਲ ਸਾਫ਼ ਦੱਸਦੀ ਹੈ ਕਿ ਜੋ ਲੋਕ ਰੱਬ ਦੇ ਹੁਕਮਾਂ ਨੂੰ ਜਾਣੇ ਬਿਨਾਂ ਮਰ ਗਏ, ਰੱਬ ਉਨ੍ਹਾਂ ਲੋਕਾਂ ਨੂੰ ਸਜ਼ਾ ਨਹੀਂ ਦਿੰਦਾ। ਰਸੂਲਾਂ ਦੇ ਕੰਮ 17:30 ਸਾਨੂੰ ਯਕੀਨ ਦਿਵਾਉਂਦਾ ਹੈ: “ਪਰਮੇਸ਼ੁਰ ਨੇ ਉਨ੍ਹਾਂ ਸਮਿਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ ਜਦੋਂ ਲੋਕ ਅਣਜਾਣ ਹੁੰਦੇ ਸਨ।” ਸੋ ਜਿਹੜੇ ਲੋਕ ਪਰਮੇਸ਼ੁਰ ਨੂੰ ਜਾਣੇ ਬਿਨਾਂ ਮਰ ਗਏ, ਕੀ ਬਾਈਬਲ ਵਿਚ ਉਨ੍ਹਾਂ ਲਈ ਕੋਈ ਉਮੀਦ ਹੈ?

ਯਿਸੂ ਦੇ ਇਸ ਵਾਅਦੇ ਦਾ ਕੀ ਮਤਲਬ ਹੈ: ‘ਤੂੰ ਮੇਰੇ ਨਾਲ ਜ਼ਿੰਦਗੀ ਦੇ ਬਾਗ਼ ਵਿਚ ਹੋਵੇਂਗਾ’?

ਇਸ ਗੱਲ ਦਾ ਜਵਾਬ ਯਿਸੂ ਨੇ ਆਪਣੇ ਨਾਲ ਸੂਲ਼ੀ ’ਤੇ ਟੰਗੇ ਇਕ ਅਪਰਾਧੀ ਨੂੰ ਦਿੱਤਾ। ਉਸ ਆਦਮੀ ਨੇ ਯਿਸੂ ਨੂੰ ਕਿਹਾ: “ਜਦੋਂ ਤੂੰ ਰਾਜਾ ਬਣੇਂਗਾ, ਤਾਂ ਮੈਨੂੰ ਯਾਦ ਰੱਖੀਂ।” ਯਿਸੂ ਨੇ ਕੀ ਜਵਾਬ ਦਿੱਤਾ? “ਮੈਂ ਅੱਜ ਤੈਨੂੰ ਸੱਚ ਕਹਿੰਦਾ ਹਾਂ, ਤੂੰ ਮੇਰੇ ਨਾਲ ਜ਼ਿੰਦਗੀ ਦੇ ਬਾਗ਼ ਵਿਚ ਹੋਵੇਂਗਾ।”​—ਲੂਕਾ 23:39-43.

ਕੀ ਯਿਸੂ ਨੇ ਉਸ ਆਦਮੀ ਨੂੰ ਇਹ ਕਿਹਾ ਕਿ ਉਹ ਸਵਰਗ ਵਿਚ ਜਾਵੇਗਾ? ਨਹੀਂ, ਕਿਉਂਕਿ ਸਵਰਗ ਦੇ ਰਾਜ ਵਿਚ ਜਾਣ ਲਈ ਉਸ ਆਦਮੀ ਨੇ ਪਾਣੀ ਅਤੇ ਪਵਿੱਤਰ ਸ਼ਕਤੀ ਨਾਲ “ਦੁਬਾਰਾ ਜਨਮ” ਨਹੀਂ ਲਿਆ ਸੀ। (ਯੂਹੰਨਾ 3:3-6) ਇਸ ਦੀ ਬਜਾਇ, ਯਿਸੂ ਨੇ ਉਸ ਅਪਰਾਧੀ ਨੂੰ ਵਾਅਦਾ ਕੀਤਾ ਕਿ ਉਹ ਜ਼ਿੰਦਗੀ ਦੇ ਬਾਗ਼ ਵਿਚ ਦੁਬਾਰਾ ਜੀਉਂਦਾ ਹੋਵੇਗਾ। ਯਹੂਦੀ ਹੋਣ ਦੇ ਨਾਤੇ ਇਸ ਆਦਮੀ ਨੂੰ ਬਾਈਬਲ ਦੀ ਪਹਿਲੀ ਕਿਤਾਬ ਵਿਚ ਦਰਜ ਅਦਨ ਦੇ ਬਾਗ਼ ਬਾਰੇ ਪਤਾ ਸੀ। (ਉਤਪਤ 2:8) ਯਿਸੂ ਨੇ ਉਸ ਨਾਲ ਵਾਅਦਾ ਕੀਤਾ ਕਿ ਜਦੋਂ ਧਰਤੀ ਨੂੰ ਬਾਗ਼ ਵਰਗਾ ਸੋਹਣਾ ਬਣਾਇਆ ਜਾਵੇਗਾ ਉਦੋਂ ਉਸ ਨੂੰ ਜ਼ਰੂਰ ਜੀਉਂਦਾ ਕੀਤਾ ਜਾਵੇਗਾ।

ਅਸਲ ਵਿਚ ਬਾਈਬਲ ਵਾਅਦਾ ਕਰਦੀ ਹੈ ਕਿ “ਧਰਮੀ ਅਤੇ ਕੁਧਰਮੀ ਲੋਕਾਂ ਨੂੰ ਦੁਬਾਰਾ ਜੀਉਂਦਾ” ਕੀਤਾ ਜਾਵੇਗਾ। (ਰਸੂਲਾਂ ਦੇ ਕੰਮ 24:15) “ਕੁਧਰਮੀ ਲੋਕ” ਉਹ ਹਨ ਜਿਨ੍ਹਾਂ ਨੂੰ ਰੱਬ ਦੇ ਧਰਮੀ ਅਸੂਲਾਂ ਬਾਰੇ ਪਤਾ ਨਹੀਂ ਸੀ ਕਿਉਂਕਿ ਉਹ ਉਸ ਦੀ ਇੱਛਾ ਨਹੀਂ ਜਾਣਦੇ ਸਨ। ਯਿਸੂ ਨੇ ਜਿਸ ਅਪਰਾਧੀ ਨਾਲ ਗੱਲ ਕੀਤੀ ਸੀ, ਉਸ ਦੇ ਨਾਲ-ਨਾਲ ਅਰਬਾਂ-ਖਰਬਾਂ ਹੋਰ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ। ਫਿਰ ਬਾਗ਼ ਵਰਗੀ ਸੋਹਣੀ ਧਰਤੀ ’ਤੇ ਉਨ੍ਹਾਂ ਨੂੰ ਰੱਬ ਦੇ ਅਸੂਲ ਸਿਖਾਏ ਜਾਣਗੇ। ਇਸ ਤੋਂ ਬਾਅਦ ਉਨ੍ਹਾਂ ਨੂੰ ਇਹ ਸਾਬਤ ਕਰਨ ਦਾ ਮੌਕਾ ਦਿੱਤਾ ਜਾਵੇਗਾ ਕਿ ਉਹ ਰੱਬ ਨੂੰ ਪਿਆਰ ਕਰਦੇ ਹਨ ਜਾਂ ਨਹੀਂ ਅਤੇ ਉਸ ਦਾ ਕਹਿਣਾ ਮੰਨਣਾ ਚਾਹੁੰਦੇ ਹਨ ਜਾਂ ਨਹੀਂ।

 ਜਦ ਕੁਧਰਮੀ ਜੀਉਂਦੇ ਕੀਤੇ ਜਾਣਗੇ

ਜਦ ਕੁਧਰਮੀ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ, ਤਾਂ ਕੀ ਉਨ੍ਹਾਂ ਦਾ ਨਿਆਂ ਪਿਛਲੇ ਕੰਮਾਂ ਦੇ ਆਧਾਰ ’ਤੇ ਕੀਤਾ ਜਾਵੇਗਾ? ਨਹੀਂ। ਰੋਮੀਆਂ 6:7 ਦੱਸਦਾ ਹੈ: “ਜਿਹੜਾ ਮਰ ਜਾਂਦਾ ਹੈ, ਉਸ ਨੂੰ ਉਸ ਦੇ ਪਾਪਾਂ ਤੋਂ ਬਰੀ ਕਰ ਦਿੱਤਾ ਜਾਂਦਾ ਹੈ।” ਕੁਧਰਮੀ ਲੋਕਾਂ ਨੇ ਮਰ ਕੇ ਆਪਣੇ ਪਾਪਾਂ ਦਾ ਕਰਜ਼ਾ ਉਤਾਰ ਦਿੱਤਾ ਹੈ। ਇਸ ਲਈ ਉਨ੍ਹਾਂ ਦਾ ਨਿਆਂ ਜੀਉਂਦੇ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਕੰਮਾਂ ਮੁਤਾਬਕ ਕੀਤਾ ਜਾਵੇਗਾ, ਨਾ ਕਿ ਮਰਨ ਤੋਂ ਪਹਿਲਾਂ ਅਣਜਾਣੇ ਵਿਚ ਕੀਤੇ ਗਏ ਕੰਮਾਂ ਮੁਤਾਬਕ। ਇਸ ਦਾ ਉਨ੍ਹਾਂ ਨੂੰ ਕੀ ਫ਼ਾਇਦਾ ਹੋਵੇਗਾ?

ਦੁਬਾਰਾ ਜੀਉਂਦੇ ਕੀਤੇ ਜਾਣ ਤੋਂ ਬਾਅਦ ਕੁਧਰਮੀ ਲੋਕਾਂ ਨੂੰ ਉਸ ਵੇਲੇ ਖੋਲ੍ਹੀਆਂ ਗਈਆਂ ਕਿਤਾਬਾਂ ਯਾਨੀ ਪਰਮੇਸ਼ੁਰ ਦੇ ਹੁਕਮਾਂ ਨੂੰ ਸਿੱਖਣ ਦਾ ਮੌਕਾ ਮਿਲੇਗਾ। ਫਿਰ ਉਨ੍ਹਾਂ ਦੇ “ਕੰਮਾਂ” ਅਨੁਸਾਰ ਨਿਆਂ ਕੀਤਾ ਜਾਵੇਗਾ ਯਾਨੀ ਇਹ ਦੇਖਿਆ ਜਾਵੇਗਾ ਕਿ ਉਹ ਰੱਬ ਦੇ ਹੁਕਮ ਮੰਨਦੇ ਹਨ ਜਾਂ ਨਹੀਂ। (ਪ੍ਰਕਾਸ਼ ਦੀ ਕਿਤਾਬ 20:12, 13) ਬਹੁਤ ਸਾਰੇ ਕੁਧਰਮੀ ਲੋਕਾਂ ਲਈ ਪਰਮੇਸ਼ੁਰ ਦੀ ਇੱਛਾ ਨੂੰ ਜਾਣਨ ਅਤੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਆਖ਼ਰੀ ਮੌਕਾ ਮਿਲੇਗਾ।

ਬਾਈਬਲ ਦੀ ਇਸ ਸਿੱਖਿਆ ਨੇ ਬਹੁਤ ਸਾਰੇ ਲੋਕਾਂ ਨੂੰ ਰੱਬ ’ਤੇ ਦੁਬਾਰਾ ਨਿਹਚਾ ਕਰਨ ਦੀ ਮਦਦ ਕੀਤੀ ਹੈ। ਇਨ੍ਹਾਂ ਵਿੱਚੋਂ ਇਕ ਹੈ ਯਿਆਂਗ ਸੁਗ ਜਿਸ ਦੀ ਪਰਵਰਿਸ਼ ਇਕ ਕੈਥੋਲਿਕ ਪਰਿਵਾਰ ਵਿਚ ਹੋਈ। ਉਸ ਦੇ ਪਰਿਵਾਰ ਦੇ ਮੈਂਬਰ ਪਾਦਰੀ ਸਨ। ਉਹ ਨਨ ਬਣਨਾ ਚਾਹੁੰਦੀ ਸੀ ਜਿਸ ਕਾਰਨ ਉਹ ਇਕ ਕੈਥੋਲਿਕ ਆਸ਼ਰਮ ਵਿਚ ਚਲੀ ਗਈ। ਪਰ ਉੱਥੇ ਹੁੰਦੇ ਕੰਮਾਂ ਨੂੰ ਦੇਖ ਕੇ ਉਸ ਦਾ ਦਿਲ ਬਹੁਤ ਦੁਖੀ ਹੋਇਆ ਅਤੇ ਫਿਰ ਉਸ ਨੇ ਆਸ਼ਰਮ ਛੱਡ ਦਿੱਤਾ। ਇੱਥੋਂ ਤਕ ਕਿ ਯਿਆਂਗ ਸੁਗ ਨਰਕ ਦੀ ਸਿੱਖਿਆ ਨੂੰ ਵੀ ਸਵੀਕਾਰ ਨਹੀਂ ਕਰ ਸਕੀ ਕਿਉਂਕਿ ਉਸ ਨੂੰ ਲੱਗਾ ਕਿ ਨਰਕ ਦੀ ਅੱਗ ਵਿਚ ਲੋਕਾਂ ਨੂੰ ਤੜਫ਼ਾਇਆ ਜਾਣਾ ਨਾ ਤਾਂ ਸਹੀ ਹੈ ਅਤੇ ਨਾ ਹੀ ਇਹ ਰੱਬ ਦੇ ਪਿਆਰ ਦਾ ਸਬੂਤ ਹੈ।

ਫਿਰ ਯਹੋਵਾਹ ਦੀ ਇਕ ਗਵਾਹ ਨੇ ਯਿਆਂਗ ਸੁਗ ਨੂੰ ਬਾਈਬਲ ਦੇ ਇਹ ਲਫ਼ਜ਼ ਦਿਖਾਏ: “ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ ਅਤੇ ਓਹਨਾਂ ਦੇ ਲਈ ਹੋਰ ਕੋਈ ਬਦਲਾ ਨਹੀਂ।” (ਉਪਦੇਸ਼ਕ ਦੀ ਪੋਥੀ 9:5) ਯਹੋਵਾਹ ਦੀ ਗਵਾਹ ਨੇ ਉਸ ਨੂੰ ਅਹਿਸਾਸ ਦਿਵਾਇਆ ਕਿ ਉਸ ਦੇ ਦਾਦੇ-ਪੜਦਾਦਿਆਂ ਨੂੰ ਨਰਕ ਵਿਚ ਤਸੀਹੇ ਨਹੀਂ ਦਿੱਤੇ ਜਾ ਰਹੇ। ਇਸ ਦੀ ਬਜਾਇ, ਉਹ ਮੌਤ ਦੀ ਨੀਂਦ ਸੁੱਤੇ ਪਏ ਹਨ ਅਤੇ ਦੁਬਾਰਾ ਜੀਉਂਦੇ ਕੀਤੇ ਜਾਣ ਦੀ ਉਡੀਕ ਕਰ ਰਹੇ ਹਨ।

ਜਦ ਯਿਆਂਗ ਸੁਗ ਨੂੰ ਪਤਾ ਲੱਗਾ ਕਿ ਬਹੁਤ ਸਾਰੇ ਲੋਕਾਂ ਨੇ ਬਾਈਬਲ ਦੀਆਂ ਇਹ ਗੱਲਾਂ ਕਦੇ ਨਹੀਂ ਸੁਣੀਆਂ, ਤਾਂ ਮੱਤੀ 24:14 ਵਿਚ ਲਿਖੀ ਯਿਸੂ ਦੀ ਇਸ ਗੱਲ ਦਾ ਉਸ ’ਤੇ ਗਹਿਰਾ ਅਸਰ ਪਿਆ: “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਅਤੇ ਫਿਰ ਅੰਤ ਆਵੇਗਾ।” ਹੁਣ ਉਹ ਦੂਜਿਆਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੀ ਹੈ ਅਤੇ ਉਨ੍ਹਾਂ ਨਾਲ ਬਾਈਬਲ ਵਿਚ ਦਿੱਤੀ ਉਮੀਦ ਸਾਂਝੀ ਕਰਦੀ ਹੈ।

“ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ”

ਬਾਈਬਲ ਸਾਨੂੰ ਦੱਸਦੀ ਹੈ: “ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਪਰ ਹਰ ਕੌਮ ਵਿਚ ਜਿਹੜਾ ਵੀ ਇਨਸਾਨ ਉਸ ਤੋਂ ਡਰਦਾ ਹੈ ਅਤੇ ਸਹੀ ਕੰਮ ਕਰਦਾ ਹੈ, ਪਰਮੇਸ਼ੁਰ ਉਸ ਨੂੰ ਕਬੂਲ ਕਰਦਾ ਹੈ।” (ਰਸੂਲਾਂ ਦੇ ਕੰਮ 10:34, 35) ਜੀ ਹਾਂ, ਅਸੀਂ “ਧਰਮ ਤੇ ਨਿਆਉਂ ਨਾਲ ਪ੍ਰੀਤ” ਰੱਖਣ ਵਾਲੇ ਰੱਬ ਤੋਂ ਇਸੇ ਇਨਸਾਫ਼ ਦੀ ਉਮੀਦ ਰੱਖਦੇ ਹਾਂ।​—ਜ਼ਬੂਰਾਂ ਦੀ ਪੋਥੀ 33:5. ▪ (w14-E 06/01)