Skip to content

Skip to table of contents

ਧਰਮ ਅਤੇ ਪੈਸਾ

ਧਰਮ ਅਤੇ ਪੈਸਾ

ਅਸਟੈਲ * ਆਪਣੇ ਚਾਰ ਮੁੰਡਿਆਂ ਤੇ ਤਿੰਨ ਕੁੜੀਆਂ ਨਾਲ ਬਾਕਾਇਦਾ ਚਰਚ ਜਾਂਦੀ ਸੀ। ਉਹ ਦੱਸਦੀ ਹੈ: “ਮੈਂ ਪਾਦਰੀ ਨੂੰ ਦੱਸਿਆ ਕਿ ਮੈਂ ਬਾਈਬਲ ਬਾਰੇ ਸਿੱਖਣਾ ਚਾਹੁੰਦੀ ਹਾਂ, ਪਰ ਉਸ ਨੇ ਮੈਨੂੰ ਕੁਝ ਨਹੀਂ ਸਿਖਾਇਆ। ਅਖ਼ੀਰ ਮੈਂ ਚਰਚ ਜਾਣਾ ਛੱਡ ਦਿੱਤਾ।” ਉਹ ਅੱਗੇ ਦੱਸਦੀ ਹੈ: “ਚਰਚ ਦੇ ਅਧਿਕਾਰੀਆਂ ਨੇ ਮੈਨੂੰ ਲਿਖਿਆ ਕਿ ਜੇ ਮੈਂ ਚਰਚ ਨਹੀਂ ਆ ਸਕਦੀ, ਤਾਂ ਸਿਰਫ਼ ਪੈਸੇ ਭੇਜ ਦਿਆ ਕਰਾਂ। ਮੈਂ ਸੋਚਿਆ, ‘ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਮੈਂ ਚਰਚ ਆਵਾਂ ਜਾਂ ਨਾ, ਪਰ ਉਨ੍ਹਾਂ ਨੂੰ ਸਿਰਫ਼ ਪੈਸਿਆਂ ਦੀ ਹੀ ਭੁੱਖ ਹੈ।’”

ਰੱਬ ’ਤੇ ਵਿਸ਼ਵਾਸ ਕਰਨ ਵਾਲੀ ਐਂਜਲੀਨਾ ਦੱਸਦੀ ਹੈ: “ਜਿਸ ਚਰਚ ਵਿਚ ਮੈਂ ਜਾਂਦੀ ਸੀ, ਉੱਥੇ ਦਾਨ ਵਾਸਤੇ ਟੋਕਰੀ ਤਿੰਨ ਵਾਰ ਸਾਰਿਆਂ ਸਾਮ੍ਹਣਿਓਂ ਦੀ ਲੰਘਾਈ ਜਾਂਦੀ ਸੀ ਤੇ ਹਰ ਵਾਰ ਸਾਨੂੰ ਉਸ ਟੋਕਰੀ ਵਿਚ ਪੈਸੇ ਪਾਉਣੇ ਪੈਂਦੇ ਸਨ। ਉਹ ਹਮੇਸ਼ਾ ਪੈਸੇ ਮੰਗਦੇ ਰਹਿੰਦੇ ਸਨ। ਮੈਂ ਸੋਚਿਆ, ‘ਰੱਬ ਇਨ੍ਹਾਂ ਲੋਕਾਂ ਨਾਲ ਨਹੀਂ ਹੈ।’”

ਕੀ ਤੁਹਾਡੇ ਇਲਾਕੇ ਵਿਚ ਧਰਮ ਦੇ ਨਾਂ ’ਤੇ ਲੋਕਾਂ ਤੋਂ ਪੈਸੇ ਮੰਗੇ ਜਾਂਦੇ ਹਨ? ਕੀ ਇਹ ਬਾਈਬਲ ਅਨੁਸਾਰ ਹੈ?

ਬਾਈਬਲ ਕੀ ਸਿਖਾਉਂਦੀ ਹੈ?

ਮਸੀਹੀ ਧਰਮ ਦੀ ਨੀਂਹ ਰੱਖਣ ਵਾਲੇ ਯਿਸੂ ਨੇ ਕਿਹਾ ਸੀ: “ਤੁਹਾਨੂੰ ਮੁਫ਼ਤ ਮਿਲਿਆ ਹੈ, ਤੁਸੀਂ ਵੀ ਮੁਫ਼ਤ ਦਿਓ।” (ਮੱਤੀ 10:8) ਬਾਈਬਲ ਦਾ ਗਿਆਨ ਅਨਮੋਲ ਹੈ ਅਤੇ ਉਨ੍ਹਾਂ ਸਾਰਿਆਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਜੋ ਲੈਣਾ ਚਾਹੁੰਦੇ ਹਨ।

ਪਹਿਲੀ ਸਦੀ ਵਿਚ ਰੱਬ ਦੇ ਭਗਤ ਮੰਡਲੀ ਦੇ ਖ਼ਰਚੇ ਕਿਵੇਂ ਚਲਾਉਂਦੇ ਸਨ?

ਹਰ ਕੋਈ ਉੱਨਾ ਦਾਨ ਦਿੰਦਾ ਸੀ ਜਿੰਨਾ ਉਸ ਨੇ ‘ਆਪਣੇ ਦਿਲ ਵਿਚ ਧਾਰਿਆ ਹੁੰਦਾ ਸੀ, ਨਾ ਕਿ ਬੇਦਿਲੀ ਨਾਲ ਜਾਂ ਮਜਬੂਰੀ ਨਾਲ ਕਿਉਂਕਿ ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।’ (2 ਕੁਰਿੰਥੀਆਂ 9:7) ਪੌਲੁਸ ਰਸੂਲ ਨੇ ਕਿਹਾ: “ਜਦੋਂ ਅਸੀਂ ਤੁਹਾਨੂੰ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਸੁਣਾਈ, ਤਾਂ ਅਸੀਂ ਦਿਨ-ਰਾਤ ਕੰਮ ਕੀਤਾ ਤਾਂਕਿ ਅਸੀਂ ਤੁਹਾਡੇ ਵਿੱਚੋਂ ਕਿਸੇ ਉੱਤੇ ਵੀ ਆਪਣੇ ਖ਼ਰਚਿਆਂ ਦਾ ਬੋਝ ਨਾ ਪਾਈਏ।” (1 ਥੱਸਲੁਨੀਕੀਆਂ 2:9) ਪੌਲੁਸ ਨੇ ਤੰਬੂ ਬਣਾ ਕੇ ਆਪਣਾ ਖ਼ਰਚਾ ਚਲਾਇਆ ਤਾਂਕਿ ਉਹ ਪ੍ਰਚਾਰ ਕਰ ਸਕੇ।​—ਰਸੂਲਾਂ ਦੇ ਕੰਮ 18:2, 3.

ਯਹੋਵਾਹ ਦੇ ਗਵਾਹਾਂ ਬਾਰੇ ਕੀ?

ਯਹੋਵਾਹ ਦੇ ਗਵਾਹ ਸਾਦੀਆਂ ਇਮਾਰਤਾਂ ਵਿਚ ਇਕੱਠੇ ਹੁੰਦੇ ਹਨ ਜਿਨ੍ਹਾਂ ਨੂੰ ਕਿੰਗਡਮ ਹਾਲ ਕਿਹਾ ਜਾਂਦਾ ਹੈ। ਉਹ ਖ਼ਰਚਾ ਕਿਵੇਂ ਚਲਾਉਂਦੇ ਹਨ? ਉਹ ਕਦੇ ਵੀ ਮੀਟਿੰਗਾਂ ਵਿਚ ਪੈਸੇ ਲੈਣ ਲਈ ਪਲੇਟਾਂ ਨਹੀਂ ਲੰਘਾਉਂਦੇ ਤੇ ਨਾ ਹੀ ਉਹ ਇਕੱਲੇ-ਇਕੱਲੇ ਨੂੰ ਪੈਸੇ ਪਾਉਣ ਲਈ ਲਿਫ਼ਾਫ਼ੇ ਘੱਲਦੇ ਹਨ। ਇਸ ਦੀ ਬਜਾਇ, ਜਿਹੜੇ ਵੀ ਰੱਬ ਦੀ ਸਿੱਖਿਆ ਦੀ ਕਦਰ ਕਰਦੇ ਹਨ ਉਹ ਚੁੱਪ-ਚੁਪੀਤੇ ਕਿੰਗਡਮ ਹਾਲ ਵਿਚ ਰੱਖੀਆਂ ਦਾਨ-ਪੇਟੀਆਂ ਵਿਚ ਦਾਨ ਪਾਉਂਦੇ ਹਨ।

ਕਿਸੇ ਵੀ ਧਰਮ ਵਿਚ ਖ਼ਰਚਾ ਕਿਵੇਂ ਚਲਾਇਆ ਜਾਣਾ ਚਾਹੀਦਾ ਹੈ?

ਇਸ ਮੈਗਜ਼ੀਨ ਦੀ ਛਪਾਈ ਅਤੇ ਸ਼ਿਪਿੰਗ ’ਤੇ ਖ਼ਰਚਾ ਆਉਂਦਾ ਹੈ। ਪਰ ਪੈਸੇ ਇਕੱਠੇ ਕਰਨ ਲਈ ਨਾ ਤਾਂ ਮਸ਼ਹੂਰੀ ਕੀਤੀ ਜਾਂਦੀ ਹੈ ਤੇ ਨਾ ਹੀ ਹੋਰ ਤਰੀਕਿਆਂ ਨਾਲ ਪੈਸੇ ਮੰਗੇ ਜਾਂਦੇ ਹਨ। ਇਸ ਦੇ ਉਲਟ ਬਾਈਬਲ ਦੀ ਸੱਚਾਈ ਸਿਖਾਉਣ ’ਤੇ ਜ਼ੋਰ ਦਿੱਤਾ ਜਾਂਦਾ ਹੈ।

ਤੁਸੀਂ ਕੀ ਸੋਚਦੇ ਹੋ: ਕੀ ਇਸ ਤਰ੍ਹਾਂ ਖ਼ਰਚਾ ਚਲਾਉਣਾ ਯਿਸੂ ਦੇ ਸ਼ਬਦਾਂ ਅਤੇ ਪਹਿਲੀ ਸਦੀ ਵਿਚ ਰੱਬ ਦੇ ਭਗਤਾਂ ਦੀ ਮਿਸਾਲ ਮੁਤਾਬਕ ਹੈ ਜਾਂ ਨਹੀਂ? (w13-E 07/01)

^ ਪੇਰਗ੍ਰੈਫ 2 ਲੇਖਾਂ ਦੀ ਇਸ ਲੜੀ ਵਿਚ ਕੁਝ ਨਾਂ ਬਦਲੇ ਗਏ ਹਨ।