Skip to content

Skip to table of contents

ਬਾਈਬਲ ਬਦਲਦੀ ਹੈ ਜ਼ਿੰਦਗੀਆਂ

“ਮੈਂ ਪਾਦਰੀ ਬਣਨਾ ਚਾਹੁੰਦਾ ਸੀ”

“ਮੈਂ ਪਾਦਰੀ ਬਣਨਾ ਚਾਹੁੰਦਾ ਸੀ”
  • ਜਨਮ: 1957

  • ਦੇਸ਼: ਮੈਕਸੀਕੋ

  • ਅਤੀਤ: ਪਾਦਰੀ ਵਜੋਂ ਸਿੱਖਿਆ ਲਈ; ਗੁੱਸੇਖ਼ੋਰ ਅਤੇ ਹਿੰਸਕ

ਮੇਰੇ ਅਤੀਤ ਬਾਰੇ ਕੁਝ ਗੱਲਾਂ:

ਮੇਰਾ ਜਨਮ ਮੈਕਸੀਕੋ ਦੇ ਇਕ ਛੋਟੇ ਜਿਹੇ ਕਸਬੇ ਟੈਸਕੋਕੋ ਵਿਚ ਹੋਇਆ। ਉਸ ਸਮੇਂ ਬਹੁਤ ਸਾਰੀਆਂ ਗਲੀਆਂ ਕੱਚੀਆਂ ਅਤੇ ਮਿੱਟੀ-ਘੱਟੇ ਨਾਲ ਭਰੀਆਂ ਸਨ। ਲੋਕ ਨੇੜੇ ਦੇ ਪਿੰਡਾਂ ਵਿੱਚੋਂ ਗਧਿਆਂ ’ਤੇ ਚੀਜ਼ਾਂ ਲੱਦ ਕੇ ਕਸਬਿਆਂ ਵਿਚ ਵੇਚਣ ਆਉਂਦੇ ਸਨ। ਅਸੀਂ ਨੌਂ ਭੈਣ-ਭਰਾ ਸੀ ਜਿਨ੍ਹਾਂ ਵਿੱਚੋਂ ਮੈਂ ਸੱਤਵਾਂ ਸੀ। ਸਾਡਾ ਪਰਿਵਾਰ ਬਹੁਤ ਗ਼ਰੀਬ ਸੀ। ਮੇਰੇ ਡੈਡੀ ਜੀ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਚਮੜੇ ਤੋਂ ਬਣੀਆਂ ਚੱਪਲਾਂ ਗੰਢਦੇ ਸਨ। ਪਰ ਜਦੋਂ ਮੈਂ ਸੱਤ ਸਾਲਾਂ ਦਾ ਸੀ, ਤਾਂ ਉਨ੍ਹਾਂ ਦੀ ਮੌਤ ਹੋ ਗਈ। ਉਸ ਸਮੇਂ ਤੋਂ ਮੰਮੀ ਜੀ ਨੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਬਹੁਤ ਮਿਹਨਤ ਕੀਤੀ।

ਮੇਰੇ ਨਾਨਾ ਜੀ ਵਾਇਲਨ ਵਜਾਉਂਦੇ ਸਨ ਤੇ ਆਰਕੈਸਟਰਾ ਦੀ ਅਗਵਾਈ ਵੀ ਕਰਦੇ ਸਨ। ਇਹ ਆਰਕੈਸਟਰਾ ਖ਼ਾਸ ਕਰਕੇ ਧਾਰਮਿਕ ਸੰਗੀਤ ਵਜਾਉਂਦਾ ਸੀ। ਮੇਰੇ ਪਰਿਵਾਰ ਦੇ ਤਕਰੀਬਨ ਸਾਰੇ ਮੈਂਬਰ ਕੋਈ-ਨਾ-ਕੋਈ ਸਾਜ਼ ਵਜਾਉਂਦੇ ਸਨ। ਮੇਰੇ ਮੰਮੀ ਜੀ ਚਰਚ ਦੀ ਭਜਨ-ਮੰਡਲੀ ਵਿਚ ਗਾਉਂਦੇ ਸਨ ਅਤੇ ਮੇਰੇ ਮਾਮਾ ਜੀ ਓਪੇਰਾ ਗਾਉਂਦੇ ਸਨ ਤੇ ਪਿਆਨੋ ਵਜਾਉਂਦੇ ਸਨ। ਅਸੀਂ ਸਾਰੇ ਕੈਥੋਲਿਕ ਧਰਮ ਨੂੰ ਮੰਨਦੇ ਸੀ। ਮੈਂ ਚਰਚ ਵਿਚ ਸੇਵਾ ਵੀ ਕਰਦਾ ਸੀ ਅਤੇ ਮੈਂ ਵੱਡਾ ਹੋ ਕੇ ਪਾਦਰੀ ਬਣਨਾ ਚਾਹੁੰਦਾ ਸੀ। ਪਰ ਉਸੇ ਸਮੇਂ ਮੈਂ ਕਰਾਟੇ ਵਾਲੀਆਂ ਫ਼ਿਲਮਾਂ ਦੇਖਣੀਆਂ ਬਹੁਤ ਪਸੰਦ ਕਰਦਾ ਸੀ। ਮੈਂ ਜਿੰਨੀਆਂ ਜ਼ਿਆਦਾ ਇਹ ਫ਼ਿਲਮਾਂ ਦੇਖਦਾ ਸੀ, ਉੱਨਾ ਹੀ ਜ਼ਿਆਦਾ ਮੈਂ ਗੁੱਸੇਖ਼ੋਰ ਹੁੰਦਾ ਜਾਂਦਾ ਸੀ।

ਮੈਂ ਪੁਐਬਲਾ ਸ਼ਹਿਰ ਵਿਚ ਇਕ ਧਾਰਮਿਕ ਸਕੂਲ ਵਿਚ ਦਾਖ਼ਲਾ ਲੈ ਲਿਆ ਜਿੱਥੇ ਪਾਦਰੀ ਬਣਨ ਦੀ ਸਿੱਖਿਆ ਦਿੱਤੀ ਜਾਂਦੀ ਸੀ। ਮੇਰਾ ਕੈਥੋਲਿਕ ਪਾਦਰੀ ਬਣਨ ਦਾ ਇਰਾਦਾ ਸੀ। ਪਰ ਪੜ੍ਹਾਈ ਦੇ ਅਖ਼ੀਰਲੇ ਸਾਲ ਮੈਂ ਕੈਥੋਲਿਕ ਚਰਚ ਤੋਂ ਨਿਰਾਸ਼ ਹੋ ਗਿਆ। ਇਕ ਜਵਾਨ ਨਨ ਮੇਰੇ ਨਾਲ ਸੈਕਸ ਕਰਨਾ ਚਾਹੁੰਦੀ ਸੀ, ਪਰ ਮੈਂ ਉਸ ਦੇ ਬਹਿਕਾਵੇ ਵਿਚ ਨਹੀਂ ਆਇਆ। ਲੇਕਿਨ ਇਸ ਮਗਰੋਂ ਮੇਰੇ ਅੰਦਰ ਵਿਆਹ ਕਰਾਉਣ ਦੀ ਇੱਛਾ ਪੈਦਾ ਹੋਈ। ਇਸ ਤੋਂ ਇਲਾਵਾ, ਮੈਂ ਦੇਖਿਆ ਕਿ ਬਹੁਤ ਸਾਰੇ ਪਾਦਰੀ ਉਹ ਨਹੀਂ ਕਰ ਰਹੇ ਸਨ ਜੋ ਉਹ ਸਿਖਾ ਰਹੇ ਸਨ। ਅਖ਼ੀਰ ਮੈਂ ਪਾਦਰੀ ਬਣਨ ਦਾ ਇਰਾਦਾ ਛੱਡ ਦਿੱਤਾ।

ਮੈਂ ਵੱਡਾ ਹੋ ਕੇ ਪਾਦਰੀ ਬਣਨਾ ਚਾਹੁੰਦਾ ਸੀ। ਪਰ ਉਸੇ ਸਮੇਂ ਮੈਂ ਕਰਾਟੇ ਵਾਲੀਆਂ ਫ਼ਿਲਮਾਂ ਦੇਖਣੀਆਂ ਬਹੁਤ ਪਸੰਦ ਕਰਦਾ ਸੀ। ਮੈਂ ਜਿੰਨੀਆਂ ਜ਼ਿਆਦਾ ਇਹ ਫ਼ਿਲਮਾਂ ਦੇਖਦਾ ਸੀ, ਉੱਨਾ ਹੀ ਜ਼ਿਆਦਾ ਮੈਂ ਗੁੱਸੇਖ਼ੋਰ ਹੁੰਦਾ ਜਾਂਦਾ ਸੀ

ਮੈਂ ਮੈਕਸੀਕੋ ਸ਼ਹਿਰ ਦੇ ਇਕ ਸੰਗੀਤ ਸੰਸਥਾ ਵਿਚ ਸੰਗੀਤ ਸਿੱਖਣ ਦਾ ਫ਼ੈਸਲਾ ਕੀਤਾ। ਜਦੋਂ ਮੈਂ ਸੰਗੀਤ ਦੀ ਪੜ੍ਹਾਈ ਖ਼ਤਮ ਕਰ ਲਈ, ਤਾਂ ਮੈਂ ਵਿਆਹ ਕਰਾ ਲਿਆ। ਸਾਡੇ ਘਰ ਚਾਰ ਬੱਚਿਆਂ ਨੇ ਜਨਮ ਲਿਆ। ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਮੈਂ ਕੈਥੋਲਿਕ ਚਰਚ ਵਿਚ ਰੱਬੀ ਭੋਜ ਸਮੇਂ ਗਾਉਂਦਾ ਹੁੰਦਾ ਸੀ।

ਸਾਡੇ ਵਿਆਹ ਵਿਚ ਸ਼ੁਰੂ ਤੋਂ ਹੀ ਮੁਸ਼ਕਲਾਂ ਆਉਣ ਲੱਗੀਆਂ। ਮੈਂ ਤੇ ਮੇਰੀ ਪਤਨੀ ਇਕ-ਦੂਜੇ ਨੂੰ ਮਾਰਦੇ-ਕੁੱਟਦੇ ਸੀ ਕਿਉਂਕਿ ਅਸੀਂ ਇਕ-ਦੂਜੇ ਨਾਲ ਨਾਰਾਜ਼ ਰਹਿੰਦੇ ਸੀ। ਪਹਿਲਾਂ-ਪਹਿਲਾਂ ਤਾਂ ਅਸੀਂ ਇਕ-ਦੂਜੇ ਨੂੰ ਗਾਲ਼ਾਂ ਕੱਢਦੇ ਸੀ, ਪਰ ਬਾਅਦ ਵਿਚ ਅਸੀਂ ਮਾਰਨ-ਕੁੱਟਣ ਵੀ ਲੱਗ ਗਏ। ਅਖ਼ੀਰ 13 ਸਾਲ ਬਾਅਦ ਅਸੀਂ ਅਲੱਗ ਹੋਣ ਦਾ ਫ਼ੈਸਲਾ ਕਰ ਲਿਆ ਅਤੇ ਬਾਅਦ ਵਿਚ ਤਲਾਕ ਲੈ ਲਿਆ।

ਮੇਰੀ ਜ਼ਿੰਦਗੀ ’ਤੇ ਬਾਈਬਲ ਦਾ ਅਸਰ:

ਆਪਣੀ ਪਤਨੀ ਨੂੰ ਛੱਡਣ ਤੋਂ ਪਹਿਲਾਂ ਮੈਂ ਯਹੋਵਾਹ ਦੇ ਗਵਾਹਾਂ ਨੂੰ ਮਿਲ ਚੁੱਕਾ ਸੀ। ਦੋ ਗਵਾਹਾਂ ਨੇ ਸਾਡੇ ਘਰ ਆ ਕੇ ਬਾਈਬਲ ਸਟੱਡੀ ਦੀ ਪੇਸ਼ਕਸ਼ ਕੀਤੀ। ਮੈਨੂੰ ਲੱਗਦਾ ਸੀ ਕਿ ਮੈਂ ਬਾਈਬਲ ਬਾਰੇ ਬਹੁਤ ਕੁਝ ਜਾਣਦਾ ਸੀ ਇਸ ਕਰਕੇ ਮੈਂ ਉਨ੍ਹਾਂ ਨੂੰ ਝੂਠਾ ਸਾਬਤ ਕਰਨਾ ਚਾਹੁੰਦਾ ਸੀ। ਮੈਂ ਉਨ੍ਹਾਂ ਨੂੰ ਅਜਿਹੇ ਮੁਸ਼ਕਲ ਸਵਾਲ ਪੁੱਛੇ ਤੇ ਮੈਨੂੰ ਲੱਗਦਾ ਸੀ ਕਿ ਉਨ੍ਹਾਂ ਕੋਲ ਜਵਾਬ ਨਹੀਂ ਹੋਣੇ। ਪਰ ਮੈਂ ਹੈਰਾਨ ਸੀ ਕਿ ਉਨ੍ਹਾਂ ਨੇ ਹਮੇਸ਼ਾ ਬਾਈਬਲ ਵਿੱਚੋਂ ਮੇਰੇ ਸਵਾਲਾਂ ਦੇ ਸਹੀ-ਸਹੀ ਜਵਾਬ ਦਿੱਤੇ। ਇਸ ਤੋਂ ਮੈਨੂੰ ਪਤਾ ਲੱਗਾ ਕਿ ਬਾਈਬਲ ਬਾਰੇ ਮੈਨੂੰ ਕੁਝ ਨਹੀਂ ਸੀ ਪਤਾ। ਪਰ ਅਫ਼ਸੋਸ ਦੀ ਗੱਲ ਹੈ ਕਿ ਮੇਰੀ ਸਟੱਡੀ ਬੰਦ ਹੋ ਗਈ ਕਿਉਂਕਿ ਮੇਰੀ ਪਤਨੀ ਉਨ੍ਹਾਂ ਨਾਲ ਰੁੱਖੇ ਢੰਗ ਨਾਲ ਪੇਸ਼ ਆਉਂਦੀ ਸੀ ਅਤੇ ਮੈਂ ਆਪਣੇ ਕੰਮ ਵਿਚ ਬਿਜ਼ੀ ਹੁੰਦਾ ਸੀ।

ਪੰਜ ਸਾਲਾਂ ਬਾਅਦ ਮੈਂ ਯਹੋਵਾਹ ਦੇ ਗਵਾਹਾਂ ਨੂੰ ਦੁਬਾਰਾ ਮਿਲਿਆ। ਉਦੋਂ ਮੈਂ ਐਲਵੀਰਾ ਨਾਂ ਦੀ ਔਰਤ ਨਾਲ ਰਹਿੰਦਾ ਸੀ ਤੇ ਉਸ ਨੇ ਗਵਾਹਾਂ ਦਾ ਵਿਰੋਧ ਨਹੀਂ ਕੀਤਾ ਜਿਸ ਕਰਕੇ ਮੇਰੇ ਲਈ ਸਟੱਡੀ ਕਰਨੀ ਸੌਖੀ ਸੀ। ਇਸ ਦੇ ਬਾਵਜੂਦ ਵੀ ਮੈਨੂੰ ਆਪਣੀ ਜ਼ਿੰਦਗੀ ਬਦਲਣ ਵਿਚ ਕਾਫ਼ੀ ਸਾਲ ਲੱਗ ਗਏ।

ਮੈਨੂੰ ਅਹਿਸਾਸ ਹੋਇਆ ਕਿ ਜੇ ਮੈਂ ਯਹੋਵਾਹ ਦੀ ਭਗਤੀ ਪੂਰੇ ਦਿਲੋਂ ਕਰਨੀ ਚਾਹੁੰਦਾ ਸੀ, ਤਾਂ ਮੈਨੂੰ ਕੁਝ ਵੱਡੀਆਂ ਤਬਦੀਲੀਆਂ ਕਰਨ ਦੀ ਲੋੜ ਸੀ। ਸਭ ਤੋਂ ਪਹਿਲਾਂ ਮੈਂ ਕੈਥੋਲਿਕ ਚਰਚ ਵਿਚ ਗਾਉਣਾ ਛੱਡਿਆ ਤੇ ਹੋਰ ਨੌਕਰੀ ਦੀ ਤਲਾਸ਼ ਕਰਨ ਲੱਗ ਪਿਆ। (ਪ੍ਰਕਾਸ਼ ਦੀ ਕਿਤਾਬ 18:4) ਨਾਲੇ ਮੈਨੂੰ ਐਲਵੀਰਾ ਨਾਲ ਆਪਣੇ ਵਿਆਹ ਨੂੰ ਕਾਨੂੰਨੀ ਤੌਰ ਤੇ ਰਜਿਸਟਰ ਕਰਨ ਦੀ ਲੋੜ ਸੀ।

ਇਨ੍ਹਾਂ ਤਬਦੀਲੀਆਂ ਵਿੱਚੋਂ ਸਭ ਤੋਂ ਔਖੀ ਗੱਲ ਸੀ ਆਪਣੇ ਗੁੱਸੇ ਉੱਤੇ ਕਾਬੂ ਕਰਨਾ। ਖ਼ਾਸ ਕਰਕੇ ਬਾਈਬਲ ਦੇ ਦੋ ਹਵਾਲਿਆਂ ਨੇ ਮੇਰੀ ਮਦਦ ਕੀਤੀ: ਜ਼ਬੂਰਾਂ ਦੀ ਪੋਥੀ 11:5 ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਹਿੰਸਾ ਨੂੰ ਨਫ਼ਰਤ ਕਰਦਾ ਹੈ ਅਤੇ 1 ਪਤਰਸ 3:7 ਤੋਂ ਮੈਂ ਸਿੱਖਿਆ ਕਿ ਜੇ ਮੈਂ ਚਾਹੁੰਦਾ ਹਾਂ ਕਿ ਯਹੋਵਾਹ ਮੇਰੀਆਂ ਪ੍ਰਾਰਥਨਾਵਾਂ ਸੁਣੇ, ਤਾਂ ਮੈਨੂੰ ਆਪਣੀ ਪਤਨੀ ਦੀ ਇੱਜ਼ਤ ਕਰਨੀ ਚਾਹੀਦੀ ਹੈ। ਜਿੱਦਾਂ-ਜਿੱਦਾਂ ਮੈਂ ਇਨ੍ਹਾਂ ਹਵਾਲਿਆਂ ਉੱਤੇ ਮਨਨ ਕੀਤਾ ਅਤੇ ਯਹੋਵਾਹ ਦੀ ਮਦਦ ਮੰਗੀ, ਉੱਦਾਂ-ਉੱਦਾਂ ਮੈਂ ਆਪਣੇ ਗੁੱਸੇ ਉੱਤੇ ਕੰਟ੍ਰੋਲ ਕਰਨਾ ਸਿੱਖਿਆ।

ਬਾਈਬਲ ਤੋਂ ਮੈਂ ਸਿੱਖਿਆ ਕਿ ਜੇ ਮੈਂ ਚਾਹੁੰਦਾ ਹਾਂ ਕਿ ਯਹੋਵਾਹ ਮੇਰੀਆਂ ਪ੍ਰਾਰਥਨਾਵਾਂ ਸੁਣੇ, ਤਾਂ ਮੈਨੂੰ ਆਪਣੀ ਪਤਨੀ ਦੀ ਇੱਜ਼ਤ ਕਰਨੀ ਚਾਹੀਦੀ ਹੈ

ਅੱਜ ਮੇਰੀ ਜ਼ਿੰਦਗੀ:

ਹੁਣ ਮੈਂ ਆਪਣੇ ਪਰਿਵਾਰ ਨਾਲ ਖ਼ੁਸ਼ੀ ਨਾਲ ਜ਼ਿੰਦਗੀ ਬਿਤਾਉਂਦਾ ਹਾਂ। ਮੈਂ ਪਹਿਲੇ ਵਿਆਹ ਤੋਂ ਆਪਣੇ ਮੁੰਡਿਆਂ ਨਾਲ ਰਿਸ਼ਤਾ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਤੇ ਆਪਣੇ ਹੁਣ ਦੇ ਪਰਿਵਾਰ ਨੂੰ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣ ਵਿਚ ਮਦਦ ਕਰਦਾ ਹਾਂ।

ਬਚਪਨ ਵਿਚ ਮੈਂ ਪਾਦਰੀ ਬਣਨ ਦੇ ਸੁਪਨੇ ਲੈਂਦਾ ਸੀ ਤਾਂਕਿ ਮੈਂ ਦੂਸਰਿਆਂ ਦੀ ਮਦਦ ਕਰ ਸਕਾਂ। ਪਰ ਹੁਣ ਮੇਰੀ ਜ਼ਿੰਦਗੀ ਖ਼ੁਸ਼ੀਆਂ ਭਰੀ ਹੈ। ਮੈਂ ਸੰਗੀਤ ਸਿਖਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਦਾ ਹਾਂ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਨੇ ਧੀਰਜ ਰੱਖ ਕੇ ਮੈਨੂੰ ਬਦਲਣ ਤੇ ਚੰਗਾ ਇਨਸਾਨ ਬਣਨ ਦਾ ਮੌਕਾ ਦਿੱਤਾ! (w13-E 05/01)