Skip to content

Skip to table of contents

ਕੀ ਤੁਸੀਂ ਪਰਮੇਸ਼ੁਰ ’ਤੇ ਭਰੋਸਾ ਰੱਖੋਗੇ?

ਕੀ ਤੁਸੀਂ ਪਰਮੇਸ਼ੁਰ ’ਤੇ ਭਰੋਸਾ ਰੱਖੋਗੇ?

ਕਲਪਨਾ ਕਰੋ ਕਿ ਤੁਹਾਡਾ ਕੋਈ ਬਹੁਤ ਕਰੀਬੀ ਦੋਸਤ ਹੈ ਜਿਸ ਦਾ ਤੁਸੀਂ ਬਹੁਤ ਆਦਰ ਕਰਦੇ ਹੋ। ਪਰ ਇਕ ਦਿਨ ਉਹ ਕੋਈ ਅਜਿਹਾ ਕੰਮ ਕਰਦਾ ਹੈ ਜਿਸ ਦੀ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਉਸ ਨੇ ਇੱਦਾਂ ਕਿਉਂ ਕੀਤਾ। ਕਈ ਲੋਕ ਉਸ ਦੇ ਇਰਾਦਿਆਂ ’ਤੇ ਸ਼ੱਕ ਕਰਦੇ ਹਨ ਅਤੇ ਕਹਿੰਦੇ ਹਨ ਕਿ ਤੁਹਾਡਾ ਦੋਸਤ ਭੈੜਾ ਹੈ। ਕੀ ਤੁਸੀਂ ਲੋਕਾਂ ਨਾਲ ਸਹਿਮਤ ਹੋਵੋਗੇ ਜਾਂ ਤੁਸੀਂ ਆਪਣੇ ਦੋਸਤ ਨੂੰ ਆਪਣੀ ਸਫ਼ਾਈ ਦੇਣ ਦਾ ਮੌਕਾ ਦਿਓਗੇ? ਜੇ ਉਹ ਉਸ ਵੇਲੇ ਮੌਜੂਦ ਨਾ ਹੋਵੇ, ਤਾਂ ਕੀ ਤੁਸੀਂ ਉਸ ਨੂੰ ਪੂਰੀ ਗੱਲ ਦੱਸਣ ਦਾ ਮੌਕਾ ਦਿਓਗੇ?

ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਸ਼ਾਇਦ ਤੁਸੀਂ ਹੋਰ ਜਾਣਨਾ ਚਾਹੋ। ਸ਼ਾਇਦ ਤੁਸੀਂ ਪੁੱਛੋ: ‘ਮੈਂ ਆਪਣੇ ਦੋਸਤ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦਾ ਹਾਂ ਅਤੇ ਉਹ ਮੈਨੂੰ ਕਿਉਂ ਚੰਗਾ ਲੱਗਦਾ ਹੈ?’ ਤਾਂ ਫਿਰ ਜ਼ਰਾ ਇਸ ਬਾਰੇ ਵੀ ਸੋਚੋ: ਪਰਮੇਸ਼ੁਰ ਨੂੰ ਬੇਰਹਿਮ ਕਹਿਣ ਤੋਂ ਪਹਿਲਾਂ ਕੀ ਸਾਨੂੰ ਉਸ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਲੈਣੀ ਚਾਹੀਦੀ?

ਕਈ ਗੱਲਾਂ ਸ਼ਾਇਦ ਤੁਹਾਨੂੰ ਸਮਝਣੀਆਂ ਔਖੀਆਂ ਲੱਗਣ ਕਿ ਰੱਬ ਨੇ ਇਸ ਤਰ੍ਹਾਂ ਕਿਉਂ ਕੀਤਾ ਸੀ ਜਾਂ ਅੱਜ ਉਹ ਬੁਰੇ ਕੰਮ ਕਿਉਂ ਹੋਣ ਦਿੰਦਾ ਹੈ। ਬਹੁਤ ਸਾਰੇ ਲੋਕ ਤੁਹਾਨੂੰ ਦੱਸਣਗੇ ਕਿ ਰੱਬ ਬੇਰਹਿਮ ਹੈ ਤੇ ਉਹ ਤੁਹਾਨੂੰ ਵੀ ਉਸ ਦੇ ਇਰਾਦਿਆਂ ’ਤੇ ਸ਼ੱਕ ਕਰਨ ਲਈ ਕਹਿਣਗੇ। ਕੀ ਤੁਸੀਂ ਵੀ ਉਨ੍ਹਾਂ ਦੀਆਂ ਗੱਲਾਂ ਵਿਚ ਆ ਕੇ ਰੱਬ ’ਤੇ ਸ਼ੱਕ ਕਰਨ ਲੱਗ ਪਓਗੇ? ਜਵਾਬ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਰੱਬ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦੇ ਹੋ। ਜ਼ਰਾ ਸੋਚੋ: ‘ਪਰਮੇਸ਼ੁਰ ਨੇ ਮੇਰੇ ਲਈ ਕੀ ਕੁਝ ਨਹੀਂ ਕੀਤਾ।’

ਜੇ ਤੁਹਾਡੀ ਜ਼ਿੰਦਗੀ ਵਿਚ ਮੁਸ਼ਕਲਾਂ ਆਈਆਂ ਹਨ, ਤਾਂ ਤੁਸੀਂ ਸ਼ਾਇਦ ਕਹੋ ਕਿ ਪਰਮੇਸ਼ੁਰ ਨੇ ਮੇਰਾ ਕਦੀ ਸਾਥ ਨਹੀਂ ਦਿੱਤਾ। ਪਰ ਜ਼ਰਾ ਸੋਚੋ: ਕੀ ਪਰਮੇਸ਼ੁਰ ਨੇ ਤੁਹਾਨੂੰ ਜ਼ਿੰਦਗੀ ਵਿਚ ਦੁੱਖ ਦਿੱਤੇ ਹਨ ਜਾਂ ਸੁੱਖ? ਅਸੀਂ ਦੇਖ ਚੁੱਕੇ ਹਾਂ ਕਿ ਸ਼ੈਤਾਨ ‘ਦੁਨੀਆਂ ਦਾ ਹਾਕਮ’ ਹੈ, ਨਾ ਕਿ ਯਹੋਵਾਹ ਪਰਮੇਸ਼ੁਰ। (ਯੂਹੰਨਾ 12:31) ਇਸ ਲਈ ਦੁਨੀਆਂ ਵਿਚ ਹੋ ਰਹੇ ਅਨਿਆਂ ਤੇ ਦੁੱਖਾਂ ਪਿੱਛੇ ਸ਼ੈਤਾਨ ਦਾ ਹੱਥ ਹੈ। ਨਾਲੇ ਤੁਸੀਂ ਇਸ ਗੱਲ ਨਾਲ ਵੀ ਸਹਿਮਤ ਹੋਵੋਗੇ ਕਿ ਸਾਡੀਆਂ ਆਪਣੀਆਂ ਕਮੀਆਂ-ਕਮਜ਼ੋਰੀਆਂ ਤੇ ਅਣਹੋਣੀਆਂ ਘਟਨਾਵਾਂ ਕਰਕੇ ਵੀ ਅਸੀਂ ਕਦੀ-ਕਦੀ ਦੁੱਖ ਝੱਲਦੇ ਹਾਂ।

ਕੀ ਪਰਮੇਸ਼ੁਰ ਨੇ ਤੁਹਾਨੂੰ ਜ਼ਿੰਦਗੀ ਵਿਚ ਦੁੱਖ ਦਿੱਤੇ ਹਨ ਜਾਂ ਸੁੱਖ?

ਦੂਸਰੇ ਪਾਸੇ, ਪਰਮੇਸ਼ੁਰ ਨੇ ਸਾਡੇ ਲਈ ਕੀ ਕੀਤਾ ਹੈ? ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ “ਅਕਾਸ਼ ਤੇ ਧਰਤੀ ਦਾ ਕਰਤਾ ਹੈ।” ਇਸ ਦੇ ਨਾਲ-ਨਾਲ ਅਸੀਂ “ਅਚਰਜ” ਤਰੀਕੇ ਨਾਲ ਬਣਾਏ ਗਏ ਹਾਂ। ਬਾਈਬਲ ਇਹ ਵੀ ਦੱਸਦੀ ਹੈ ਕਿ ਯਹੋਵਾਹ ਉਹ ਪਰਮੇਸ਼ੁਰ ਹੈ ‘ਜਿਹ ਦੇ ਹੱਥ ਵਿੱਚ ਸਾਡਾ ਦਮ’ ਹੈ। (ਜ਼ਬੂਰਾਂ ਦੀ ਪੋਥੀ 124:8; 139:14; ਦਾਨੀਏਲ 5:23) ਇਨ੍ਹਾਂ ਸਾਰੀਆਂ ਗੱਲਾਂ ਦਾ ਕੀ ਮਤਲਬ ਹੈ?

ਇਸ ਦਾ ਮਤਲਬ ਹੈ ਕਿ ਅਸੀਂ ਪਰਮੇਸ਼ੁਰ ਦੇ ਸਹਾਰੇ ਤੁਰਦੇ-ਫਿਰਦੇ ਹਾਂ। (ਰਸੂਲਾਂ ਦੇ ਕੰਮ 17:28) ਨਾਲੇ ਸਾਡੀ ਜ਼ਿੰਦਗੀ ਪਰਮੇਸ਼ੁਰ ਵੱਲੋਂ ਇਕ ਤੋਹਫ਼ਾ ਹੈ। ਪਰ ਇੰਨਾ ਹੀ ਨਹੀਂ ਉਸ ਨੇ ਸਾਨੂੰ ਹੋਰ ਬਹੁਤ ਸਾਰੇ ਤੋਹਫ਼ੇ ਦਿੱਤੇ ਹਨ, ਜਿਵੇਂ ਇਹ ਖੂਬਸੂਰਤ ਦੁਨੀਆਂ, ਦੋਸਤਾਂ-ਮਿੱਤਰਾਂ ਦਾ ਪਿਆਰ ਪਾਉਣਾ, ਵਧੀਆ ਭੋਜਨ ਖਾਣਾ, ਆਪਣਿਆਂ ਨੂੰ ਗਲੇ ਲਾਉਣਾ, ਸੰਗੀਤ ਸੁਣਨਾ ਅਤੇ ਫੁੱਲਾਂ ਦੀ ਮਹਿਕ ਲੈਣੀ। (ਯਾਕੂਬ 1:17) ਕੀ ਤੁਹਾਡੇ ਮੁਤਾਬਕ ਇਹ ਸਾਰੀਆਂ ਬਰਕਤਾਂ ਤੋਂ ਜ਼ਾਹਰ ਨਹੀਂ ਹੁੰਦਾ ਕਿ ਰੱਬ ਸਾਡੇ ਆਦਰ ਤੇ ਭਰੋਸੇ ਦੇ ਲਾਇਕ ਹੈ?

ਹਾਂ, ਤੁਹਾਨੂੰ ਸ਼ਾਇਦ ਰੱਬ ’ਤੇ ਭਰੋਸਾ ਰੱਖਣਾ ਔਖਾ ਲੱਗੇ। ਸ਼ਾਇਦ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਉਸ ਨੂੰ ਇੰਨੀ ਚੰਗੀ ਤਰ੍ਹਾਂ ਨਹੀਂ ਜਾਣਦੇ ਕਿ ਤੁਸੀਂ ਉਸ ’ਤੇ ਭਰੋਸਾ ਕਰ ਸਕੋ। ਇਹ ਗੱਲ ਅਸੀਂ ਸਮਝ ਸਕਦੇ ਹਾਂ। ਇਨ੍ਹਾਂ ਛੋਟੇ ਲੇਖਾਂ ਵਿਚ ਅਸੀਂ ਉਹ ਸਾਰੇ ਕਾਰਨ ਨਹੀਂ ਦੱਸ ਸਕਦੇ ਜਿਨ੍ਹਾਂ ਕਰਕੇ ਕੁਝ ਲੋਕ ਰੱਬ ਨੂੰ ਬੇਰਹਿਮ ਕਹਿੰਦੇ ਹਨ। ਪਰ ਕੀ ਇਹ ਵਧੀਆ ਨਹੀਂ ਹੋਵੇਗਾ ਕਿ ਤੁਸੀਂ ਰੱਬ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਦੀ ਕੋਸ਼ਿਸ਼ ਕਰੋ। * ਅਸੀਂ ਭਰੋਸੇ ਨਾਲ ਕਹਿ ਸਕਦੇ ਹਾਂ ਕਿ ਜੇ ਤੁਸੀਂ ਇੱਦਾਂ ਕਰੋਗੇ, ਤਾਂ ਤੁਸੀਂ ਰੱਬ ਬਾਰੇ ਸੱਚਾਈ ਜਾਣ ਸਕੋਗੇ। ਕੀ ਉਹ ਬੇਰਹਿਮ ਹੈ? ਨਹੀਂ, ਪਰ ਇਸ ਦੇ ਉਲਟ: “ਪਰਮੇਸ਼ੁਰ ਪਿਆਰ ਹੈ।”​—1 ਯੂਹੰਨਾ 4:8. (w13-E 05/01)

^ ਪੈਰਾ 8 ਮਿਸਾਲ ਲਈ, ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦਾ 11ਵਾਂ ਅਧਿਆਇ ਦੇਖੋ ਜਿਸ ਵਿਚ ਸਮਝਾਇਆ ਗਿਆ ਹੈ ਕਿ ਰੱਬ ਨੇ ਹਾਲੇ ਤਕ ਦੁੱਖਾਂ ਦਾ ਅੰਤ ਕਿਉਂ ਨਹੀਂ ਕੀਤਾ।