Skip to content

Skip to table of contents

 ਪਰਮੇਸ਼ੁਰ ਨੂੰ ਜਾਣੋ

“ਮੰਗਦੇ ਰਹੋ, ਤਾਂ ਤੁਹਾਨੂੰ ਦਿੱਤਾ ਜਾਵੇਗਾ”

“ਮੰਗਦੇ ਰਹੋ, ਤਾਂ ਤੁਹਾਨੂੰ ਦਿੱਤਾ ਜਾਵੇਗਾ”

ਯਿਸੂ ਦੇ ਇਕ ਚੇਲੇ ਨੇ ਉਸ ਨੂੰ ਪੁੱਛਿਆ: “ਪ੍ਰਭੂ, ਸਾਨੂੰ ਪ੍ਰਾਰਥਨਾ ਕਰਨੀ ਸਿਖਾ।” (ਲੂਕਾ 11:1) ਯਿਸੂ ਨੇ ਜਵਾਬ ਵਿਚ ਦੋ ਮਿਸਾਲਾਂ ਰਾਹੀਂ ਸਿਖਾਇਆ ਕਿ ਸਾਨੂੰ ਪਰਮੇਸ਼ੁਰ ਨੂੰ ਪ੍ਰਾਰਥਨਾ ਕਿਵੇਂ ਕਰਨੀ ਚਾਹੀਦੀ ਹੈ ਤਾਂਕਿ ਉਹ ਸਾਡੀ ਸੁਣੇ। ਤੁਸੀਂ ਕਦੇ ਪੁੱਛਿਆ ਹੈ: ‘ਕੀ ਪਰਮੇਸ਼ੁਰ ਮੇਰੀਆਂ ਪ੍ਰਾਰਥਨਾਵਾਂ ਸੁਣਦਾ ਹੈ?’ ਜੇ ਹਾਂ, ਤਾਂ ਤੁਸੀਂ ਯਿਸੂ ਦਾ ਜਵਾਬ ਜ਼ਰੂਰ ਜਾਣਨਾ ਚਾਹੋਗੇ।​ਲੂਕਾ 11:5-13 ਪੜ੍ਹੋ।

ਪਹਿਲੀ ਮਿਸਾਲ ਉਸ ਆਦਮੀ ਵੱਲ ਧਿਆਨ ਖਿੱਚਦੀ ਹੈ ਜੋ ਪ੍ਰਾਰਥਨਾ ਕਰਦਾ ਹੈ। (ਲੂਕਾ 11:5-8) ਕਹਾਣੀ ਵਿਚ ਇਕ ਆਦਮੀ ਦੇ ਘਰ ਅੱਧੀ ਰਾਤ ਨੂੰ ਮਹਿਮਾਨ ਆਉਂਦਾ ਹੈ, ਪਰ ਉਸ ਕੋਲ ਮਹਿਮਾਨ ਨੂੰ ਖਾਣ ਨੂੰ ਦੇਣ ਲਈ ਕੁਝ ਨਹੀਂ ਹੁੰਦਾ। ਇਸ ਲਈ ਅੱਧੀ ਰਾਤ ਹੋਣ ਦੇ ਬਾਵਜੂਦ ਉਹ ਆਪਣੇ ਗੁਆਂਢੀ ਦੇ ਘਰ ਰੋਟੀ ਮੰਗਣ ਜਾਂਦਾ ਹੈ। ਪਹਿਲਾਂ ਤਾਂ ਗੁਆਂਢੀ ਉੱਠਣ ਵਿਚ ਢਿੱਲ-ਮੱਠ ਕਰਦਾ ਹੈ ਕਿਉਂਕਿ ਉਹ ਤੇ ਉਸ ਦਾ ਪਰਿਵਾਰ ਸੁੱਤੇ ਪਏ ਹਨ। ਪਰ ਆਦਮੀ ਉਦੋਂ ਤਕ ਮੰਗਦਾ ਰਹਿੰਦਾ ਹੈ ਜਦ ਤਕ ਉਸ ਦਾ ਗੁਆਂਢੀ ਉੱਠ ਕੇ ਉਸ ਨੂੰ ਰੋਟੀ ਨਹੀਂ ਦੇ ਦਿੰਦਾ। *

ਇਹ ਮਿਸਾਲ ਸਾਨੂੰ ਪ੍ਰਾਰਥਨਾ ਬਾਰੇ ਕੀ ਸਿਖਾਉਂਦੀ ਹੈ? ਯਿਸੂ ਸਾਨੂੰ ਦੱਸ ਰਿਹਾ ਹੈ ਕਿ ਸਾਨੂੰ ਮੰਗਦੇ, ਲੱਭਦੇ ਤੇ ਖੜਕਾਉਂਦੇ ਰਹਿਣਾ ਚਾਹੀਦਾ ਹੈ। (ਲੂਕਾ 11:9, 10) ਕਿਉਂ? ਕੀ ਯਿਸੂ ਦਾ ਇਹ ਮਤਲਬ ਸੀ ਕਿ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਸੁਣਨ ਵਿਚ ਢਿੱਲ ਕਰਦਾ ਹੈ? ਨਹੀਂ। ਯਿਸੂ ਇਹ ਕਹਿ ਰਿਹਾ ਸੀ ਕਿ ਉਸ ਗੁਆਂਢੀ ਦੇ ਉਲਟ, ਪਰਮੇਸ਼ੁਰ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣਨ ਲਈ ਤਿਆਰ ਹੈ ਜੋ ਉਸ ਉੱਤੇ ਨਿਹਚਾ ਰੱਖਦੇ ਹਨ। ਅਸੀਂ ਮੰਗਦੇ ਰਹਿਣ ਨਾਲ ਆਪਣੀ ਨਿਹਚਾ ਦਾ ਸਬੂਤ ਦਿੰਦੇ ਹਾਂ। ਨਾਲੇ ਇਹ ਵੀ ਦਿਖਾਉਂਦੇ ਹਾਂ ਕਿ ਸਾਨੂੰ ਉਸ ਚੀਜ਼ ਦੀ ਲੋੜ ਹੈ ਜੋ ਅਸੀਂ ਮੰਗਦੇ ਹਾਂ। ਜੇ ਪ੍ਰਾਰਥਨਾ ਪਰਮੇਸ਼ੁਰ ਦੀ ਇੱਛਾ ਮੁਤਾਬਕ ਹੈ, ਤਾਂ ਉਹ ਜ਼ਰੂਰ ਸਾਡੀ ਸੁਣੇਗਾ।​—ਮਰਕੁਸ 11:24; 1 ਯੂਹੰਨਾ 5:14.

ਦੂਜੀ ਮਿਸਾਲ “ਪ੍ਰਾਰਥਨਾ ਦੇ ਸੁਣਨ ਵਾਲੇ” ਯਹੋਵਾਹ ਪਰਮੇਸ਼ੁਰ ਵੱਲ ਧਿਆਨ ਖਿੱਚਦੀ ਹੈ। (ਜ਼ਬੂਰਾਂ ਦੀ ਪੋਥੀ 65:2) ਯਿਸੂ ਨੇ ਪੁੱਛਿਆ ਸੀ: “ਤੁਹਾਡੇ ਵਿੱਚੋਂ ਕੌਣ ਆਪਣੇ ਪੁੱਤਰ ਨੂੰ ਮੱਛੀ ਮੰਗਣ ਤੇ ਸੱਪ ਫੜਾ ਦੇਵੇਗਾ? ਜਾਂ ਆਂਡਾ ਮੰਗਣ ਤੇ ਬਿੱਛੂ ਫੜਾ ਦੇਵੇਗਾ?” ਜਵਾਬ ਸਾਫ਼ ਹੈ ਕਿ ਕੋਈ ਵੀ ਪਿਤਾ ਆਪਣੇ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਚੀਜ਼ਾਂ ਨਹੀਂ ਦਿੰਦਾ। ਫਿਰ ਯਿਸੂ ਇਸ ਮਿਸਾਲ ਦਾ ਮਤਲਬ ਸਮਝਾਉਂਦਾ ਹੈ: ਜੇ ਨਾਮੁਕੰਮਲ ਪਿਤਾ ਆਪਣੇ ਬੱਚਿਆਂ ਨੂੰ “ਤੋਹਫ਼ੇ” ਦਿੰਦਾ ਹੈ, ਤਾਂ “ਤੁਹਾਡਾ ਪਿਤਾ, ਜੋ ਸਵਰਗ ਵਿਚ ਹੈ, ਮੰਗਣ ਤੇ ਤੁਹਾਨੂੰ ਪਵਿੱਤਰ ਸ਼ਕਤੀ ਜ਼ਰੂਰ ਦੇਵੇਗਾ!” ਪਵਿੱਤਰ ਸ਼ਕਤੀ ਪਰਮੇਸ਼ੁਰ ਵੱਲੋਂ ਸਭ ਤੋਂ ਵਧੀਆ ਤੋਹਫ਼ਾ ਹੈ! *​—ਲੂਕਾ 11:11-13; ਮੱਤੀ 7:11.

ਪਰਮੇਸ਼ੁਰ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣਨ ਲਈ ਤਿਆਰ ਹੈ ਜੋ ਉਸ ਉੱਤੇ ਨਿਹਚਾ ਰੱਖਦੇ ਹਨ

ਇਹ ਮਿਸਾਲ ਸਾਨੂੰ “ਪ੍ਰਾਰਥਨਾ ਦੇ ਸੁਣਨ ਵਾਲੇ” ਯਹੋਵਾਹ ਬਾਰੇ ਕੀ ਸਿਖਾਉਂਦੀ ਹੈ? ਯਿਸੂ ਸਾਨੂੰ ਇਸ ਗੱਲ ਦਾ ਅਹਿਸਾਸ ਦਿਵਾਉਣਾ ਚਾਹੁੰਦਾ ਹੈ ਕਿ ਯਹੋਵਾਹ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ ਜੋ ਸਾਡੀਆਂ ਪ੍ਰਾਰਥਨਾਵਾਂ ਸੁਣਨ ਲਈ ਤਿਆਰ ਹੈ। ਇਸ ਲਈ ਯਹੋਵਾਹ ਦੇ ਸੇਵਕ ਉਸ ਨੂੰ ਬਿਨਾਂ ਹਿਚਕਿਚਾਏ ਆਪਣੇ ਦਿਲ ਦੀਆਂ ਗੱਲਾਂ ਦੱਸ ਸਕਦੇ ਹਨ। ਫਿਰ ਜੋ ਵੀ ਪਰਮੇਸ਼ੁਰ ਉਨ੍ਹਾਂ ਦੀ ਪ੍ਰਾਰਥਨਾ ਦਾ ਜਵਾਬ ਦਿੰਦਾ ਹੈ ਉਹ ਉਸ ਨੂੰ ਸਵੀਕਾਰ ਕਰ ਲੈਂਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਦਾ ਭਲਾ ਚਾਹੁੰਦਾ ਹੈ। * (w13-E 04/01)

ਸੁਝਾਅ:

ਬਾਈਬਲ ਵਿੱਚੋਂ ਲੂਕਾ 7-21 ਅਧਿਆਇ ਪੜ੍ਹੋ

^ ਪੇਰਗ੍ਰੈਫ 2 ਯਿਸੂ ਨੇ ਉਹ ਮਿਸਾਲ ਦਿੱਤੀ ਜੋ ਉਸ ਸਮੇਂ ਹਰ ਰੋਜ਼ ਲੋਕਾਂ ਦੀ ਜ਼ਿੰਦਗੀ ਵਿਚ ਹੁੰਦਾ ਸੀ। ਇਜ਼ਰਾਈਲ ਵਿਚ ਘਰ ਆਏ ਮਹਿਮਾਨਾਂ ਦੀ ਪਰਾਹੁਣਚਾਰੀ ਕਰਨ ਦਾ ਰਿਵਾਜ ਸੀ। ਘਰਾਂ ਵਿਚ ਰੋਟੀ ਹਰ ਰੋਜ਼ ਬਣਦੀ ਸੀ। ਜੇ ਕਿਸੇ ਦੇ ਘਰ ਰੋਟੀ ਥੁੜ੍ਹ ਜਾਂਦੀ ਸੀ, ਤਾਂ ਗੁਆਂਢੀ ਕੋਲੋਂ ਮੰਗਣੀ ਆਮ ਗੱਲ ਸੀ। ਜੇ ਉਹ ਗ਼ਰੀਬ ਹੁੰਦੇ ਸਨ, ਤਾਂ ਪੂਰਾ ਪਰਿਵਾਰ ਇਕ ਹੀ ਕਮਰੇ ਵਿਚ ਫ਼ਰਸ਼ ’ਤੇ ਸੌਂਦੇ ਸਨ।

^ ਪੇਰਗ੍ਰੈਫ 4 ਯਿਸੂ ਅਕਸਰ ਦੋ ਗੱਲਾਂ ਦੀ ਤੁਲਨਾ ਕਰ ਕੇ ਲੋਕਾਂ ਨੂੰ ਸਿਖਾਉਂਦਾ ਸੀ। ਯਿਸੂ ਨੇ ਇਸ ਮਿਸਾਲ ਰਾਹੀਂ ਇਹ ਗੱਲ ਸਮਝਾਈ ਕਿ ਪਰਮੇਸ਼ੁਰ ਇਨਸਾਨਾਂ ਨਾਲੋਂ ਕਿਤੇ ਬਿਹਤਰ ਹੈ।

^ ਪੇਰਗ੍ਰੈਫ 5 ਇਸ ਬਾਰੇ ਹੋਰ ਜਾਣਨ ਲਈ ਕਿ ਸਾਨੂੰ ਕਿਵੇਂ ਪ੍ਰਾਰਥਨਾ ਕਰਨੀ ਚਾਹੀਦੀ ਹੈ ਤਾਂਕਿ ਪਰਮੇਸ਼ੁਰ ਇਸ ਨੂੰ ਸੁਣੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦਾ 17ਵਾਂ ਅਧਿਆਇ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।