Skip to content

Skip to table of contents

ਮੂਸਾ ਇਕ ਨਿਹਚਾ ਕਰਨ ਵਾਲਾ ਇਨਸਾਨ

ਮੂਸਾ ਇਕ ਨਿਹਚਾ ਕਰਨ ਵਾਲਾ ਇਨਸਾਨ

ਨਿਹਚਾ ਕੀ ਹੈ?

ਬਾਈਬਲ ਮੁਤਾਬਕ “ਨਿਹਚਾ” ਦਾ ਮਤਲਬ ਹੈ ਠੋਸ ਸਬੂਤ ਉੱਤੇ ਆਧਾਰਿਤ ਪੱਕਾ ਵਿਸ਼ਵਾਸ। ਪਰਮੇਸ਼ੁਰ ਉੱਤੇ ਨਿਹਚਾ ਰੱਖਣ ਵਾਲੇ ਇਨਸਾਨ ਨੂੰ ਪੱਕਾ ਯਕੀਨ ਹੁੰਦਾ ਹੈ ਕਿ ਪਰਮੇਸ਼ੁਰ ਆਪਣੇ ਸਾਰੇ ਵਾਅਦੇ ਪੂਰੇ ਕਰੇਗਾ।

ਮੂਸਾ ਨੇ ਨਿਹਚਾ ਕਿਵੇਂ ਦਿਖਾਈ?

ਮੂਸਾ ਜੋ ਵੀ ਕਰਦਾ ਸੀ, ਉਸ ਤੋਂ ਜ਼ਾਹਰ ਹੋਇਆ ਕਿ ਉਸ ਨੂੰ ਪਰਮੇਸ਼ੁਰ ਦੇ ਵਾਅਦਿਆਂ ’ਤੇ ਵਿਸ਼ਵਾਸ ਸੀ। (ਉਤਪਤ 22:15-18) ਉਸ ਕੋਲ ਮਿਸਰ ਵਿਚ ਐਸ਼ੋ-ਆਰਾਮ ਦੀ ਜ਼ਿੰਦਗੀ ਜੀਉਣ ਦਾ ਮੌਕਾ ਸੀ, ਪਰ ਉਸ ਨੇ ਇਸ ਮੌਕੇ ਦੀ ਪਰਵਾਹ ਨਹੀਂ ਕੀਤੀ, ਸਗੋਂ “ਥੋੜ੍ਹੇ ਚਿਰ ਲਈ ਪਾਪ ਦਾ ਮਜ਼ਾ ਲੈਣ ਨਾਲੋਂ ਪਰਮੇਸ਼ੁਰ ਦੇ ਲੋਕਾਂ ਨਾਲ ਬਦਸਲੂਕੀ ਸਹਿਣੀ ਚੰਗੀ ਸਮਝੀ।” (ਇਬਰਾਨੀਆਂ 11:25) ਕੀ ਉਸ ਨੇ ਇਹ ਫ਼ੈਸਲਾ ਕਾਹਲੀ ਵਿਚ ਕੀਤਾ ਸੀ ਜਿਸ ’ਤੇ ਉਹ ਬਾਅਦ ਵਿਚ ਪਛਤਾਇਆ? ਨਹੀਂ, ਕਿਉਂਕਿ ਬਾਈਬਲ ਦੱਸਦੀ ਹੈ ਕਿ ਮੂਸਾ “ਅਦਿੱਖ ਪਰਮੇਸ਼ੁਰ ਨੂੰ ਦੇਖਦਾ ਹੋਇਆ ਆਪਣੀ ਨਿਹਚਾ ਵਿਚ ਪੱਕਾ ਰਿਹਾ।” (ਇਬਰਾਨੀਆਂ 11:27) ਮੂਸਾ ਨਿਹਚਾ ਨਾਲ ਕੀਤੇ ਆਪਣੇ ਫ਼ੈਸਲਿਆਂ ’ਤੇ ਕਦੇ ਨਹੀਂ ਪਛਤਾਇਆ।

ਮੂਸਾ ਦੂਜਿਆਂ ਦੀ ਵੀ ਨਿਹਚਾ ਪੱਕੀ ਕਰਨੀ ਚਾਹੁੰਦਾ ਸੀ। ਮਿਸਾਲ ਲਈ, ਜ਼ਰਾ ਸੋਚੋ ਕਿ ਉਦੋਂ ਕੀ ਹੋਇਆ ਜਦੋਂ ਇਜ਼ਰਾਈਲੀਆਂ ਨੂੰ ਲੱਗਾ ਕਿ ਉਹ ਫ਼ਿਰਊਨ ਯਾਨੀ ਰਾਜੇ ਦੀ ਫ਼ੌਜ ਅਤੇ ਲਾਲ ਸਮੁੰਦਰ ਵਿਚਕਾਰ ਫਸ ਗਏ ਸਨ। ਅੰਜਾਮ ਬਾਰੇ ਸੋਚ ਕੇ ਖ਼ੌਫ਼ ਨਾਲ ਕੰਬਦੇ ਇਜ਼ਰਾਈਲੀਆਂ ਨੇ ਯਹੋਵਾਹ ਅਤੇ ਮੂਸਾ ਅੱਗੇ ਦੁਹਾਈ ਦਿੱਤੀ। ਹੁਣ ਮੂਸਾ ਕੀ ਕਰੇਗਾ?

ਮੂਸਾ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਪਰਮੇਸ਼ੁਰ ਲਾਲ ਸਮੁੰਦਰ ਦੇ ਦੋ ਹਿੱਸੇ ਕਰਨ ਵਾਲਾ ਸੀ ਤਾਂਕਿ ਇਜ਼ਰਾਈਲੀ ਸੁੱਕੀ ਜ਼ਮੀਨ ਤੋਂ ਦੀ ਲੰਘ ਕੇ ਬਚ ਸਕਣ। ਪਰ ਮੂਸਾ ਨੂੰ ਪੱਕਾ ਯਕੀਨ ਸੀ ਕਿ ਪਰਮੇਸ਼ੁਰ ਆਪਣੇ ਲੋਕਾਂ ਨੂੰ ਬਚਾਉਣ ਲਈ ਜ਼ਰੂਰ ਕੁਝ ਕਰੇਗਾ। ਅਤੇ ਉਹ ਚਾਹੁੰਦਾ ਸੀ ਕਿ ਇਜ਼ਰਾਈਲੀ ਵੀ ਉਸ ਵਾਂਗ ਪੱਕਾ ਯਕੀਨ ਕਰਨ। ਅਸੀਂ ਪੜ੍ਹਦੇ ਹਾਂ: “ਨਾ ਡਰੋ, ਖੜੇ ਰਹੋ ਅਰ ਯਹੋਵਾਹ ਦੇ ਬਚਾਉ ਨੂੰ ਵੇਖੋ ਜਿਹੜਾ ਅੱਜ ਦੇ ਦਿਨ ਤੁਹਾਡੇ ਲਈ ਕਰੇਗਾ।” (ਕੂਚ 14:13) ਕੀ ਮੂਸਾ ਇਜ਼ਰਾਈਲੀਆਂ ਦੀ ਨਿਹਚਾ ਪੱਕੀ ਕਰਨ ਵਿਚ ਕਾਮਯਾਬ ਹੋਇਆ? ਬਿਲਕੁਲ, ਕਿਉਂਕਿ ਬਾਈਬਲ ਮੂਸਾ ਅਤੇ ਸਾਰੇ ਇਜ਼ਰਾਈਲੀਆਂ ਬਾਰੇ ਕਹਿੰਦੀ ਹੈ: “ਨਿਹਚਾ ਨਾਲ ਇਜ਼ਰਾਈਲੀ ਲਾਲ ਸਮੁੰਦਰ ਵਿੱਚੋਂ ਦੀ ਇੱਦਾਂ ਲੰਘੇ ਜਿਵੇਂ ਸੁੱਕੀ ਜ਼ਮੀਨ ਉੱਤੇ ਤੁਰ ਰਹੇ ਹੋਣ।” (ਇਬਰਾਨੀਆਂ 11:29) ਨਿਹਚਾ ਰੱਖਣ ਦਾ ਨਾ ਸਿਰਫ਼ ਮੂਸਾ ਨੂੰ ਫ਼ਾਇਦਾ ਹੋਇਆ, ਸਗੋਂ ਸਾਰਿਆਂ ਨੂੰ ਫ਼ਾਇਦਾ ਹੋਇਆ ਜਿਨ੍ਹਾਂ ਨੇ ਨਿਹਚਾ ਕਰਨ ਦੀ ਅਹਿਮੀਅਤ ਨੂੰ ਜਾਣਿਆ।

ਅਸੀਂ ਕੀ ਸਿੱਖਦੇ ਹਾਂ?

ਅਸੀਂ ਵੀ ਮੂਸਾ ਦੀ ਨਕਲ ਕਰ ਕੇ ਅਜਿਹੇ ਕੰਮ ਕਰ ਸਕਦੇ ਹਾਂ ਜਿਨ੍ਹਾਂ ਤੋਂ ਲੱਗੇ ਕਿ ਸਾਨੂੰ ਪਰਮੇਸ਼ੁਰ ਦੇ ਵਾਅਦਿਆਂ ’ਤੇ ਵਿਸ਼ਵਾਸ ਹੈ। ਮਿਸਾਲ ਲਈ, ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ਉਹ ਸਾਡੀਆਂ ਲੋੜਾਂ ਪੂਰੀਆਂ ਕਰੇਗਾ ਜੇ ਅਸੀਂ ਜ਼ਿੰਦਗੀ ਵਿਚ ਉਸ ਦੀ ਭਗਤੀ ਨੂੰ ਪਹਿਲ ਦੇਵਾਂਗੇ। (ਮੱਤੀ 6:33) ਇਹ ਤਾਂ ਸੱਚ ਹੈ ਕਿ ਸਾਡੇ ਲਈ ਸ਼ਾਇਦ ਪੈਸੇ ਜਾਂ ਚੀਜ਼ਾਂ ਨੂੰ ਪਹਿਲ ਨਾ ਦੇਣੀ ਔਖੀ ਹੋਵੇ ਕਿਉਂਕਿ ਜ਼ਿਆਦਾਤਰ ਲੋਕ ਇਸ ਤਰ੍ਹਾਂ ਕਰਦੇ ਹਨ। ਪਰ ਸਾਨੂੰ ਇਸ ਗੱਲ ਦਾ ਭਰੋਸਾ ਹੈ ਕਿ ਜੇ ਅਸੀਂ ਜ਼ਿੰਦਗੀ ਨੂੰ ਸਾਦੀ ਰੱਖਣ ਅਤੇ ਪਰਮੇਸ਼ੁਰ ਦੀ ਭਗਤੀ ਨੂੰ ਪਹਿਲ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ, ਤਾਂ ਯਹੋਵਾਹ ਸਾਡੀ ਹਰ ਲੋੜ ਪੂਰੀ ਕਰੇਗਾ। ਉਹ ਗਾਰੰਟੀ ਦਿੰਦਾ ਹੈ: “ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ।”—ਇਬਰਾਨੀਆਂ 13:5.

ਅਸੀਂ ਵੀ ਦੂਜਿਆਂ ਦੀ ਨਿਹਚਾ ਨੂੰ ਪੱਕੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮਿਸਾਲ ਲਈ, ਬੁੱਧੀਮਾਨ ਮਾਪੇ ਜਾਣਦੇ ਹਨ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਵਿਚ ਨਿਹਚਾ ਪੈਦਾ ਕਰਨ ਦੀ ਲੋੜ ਹੈ। ਜਿਉਂ-ਜਿਉਂ ਬੱਚੇ ਵੱਡੇ ਹੁੰਦੇ ਹਨ, ਉਨ੍ਹਾਂ ਨੂੰ ਇਹ ਜ਼ਰੂਰੀ ਗਿਆਨ ਲੈਣ ਦੀ ਲੋੜ ਹੈ ਕਿ ਪਰਮੇਸ਼ੁਰ ਅਸਲ ਵਿਚ ਹੈ ਅਤੇ ਉਸ ਨੇ ਸਾਨੂੰ ਸਹੀ-ਗ਼ਲਤ ਬਾਰੇ ਮਿਆਰ ਦਿੱਤੇ ਹਨ। ਇਸ ਤੋਂ ਇਲਾਵਾ, ਬੱਚਿਆਂ ਨੂੰ ਇਹ ਭਰੋਸਾ ਦਿਵਾਉਣ ਦੀ ਲੋੜ ਹੈ ਕਿ ਪਰਮੇਸ਼ੁਰ ਦੇ ਮਿਆਰਾਂ ’ਤੇ ਚੱਲਣਾ ਹੀ ਜੀਉਣ ਦਾ ਸਭ ਤੋਂ ਬਿਹਤਰ ਤਰੀਕਾ ਹੈ। (ਯਸਾਯਾਹ 48:17, 18) ਮਾਪੇ ਆਪਣੇ ਬੱਚਿਆਂ ਨੂੰ ਅਨਮੋਲ ਤੋਹਫ਼ਾ ਦਿੰਦੇ ਹਨ ਜਦੋਂ ਉਹ ਉਨ੍ਹਾਂ ਦੀ ਨਿਹਚਾ ਪੱਕੀ ਕਰਦੇ ਹਨ ਕਿ ਪਰਮੇਸ਼ੁਰ “ਸੱਚ-ਮੁੱਚ ਹੈ ਅਤੇ ਉਹ ਉਨ੍ਹਾਂ ਸਾਰਿਆਂ ਨੂੰ ਇਨਾਮ ਦਿੰਦਾ ਹੈ ਜਿਹੜੇ ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ।”—ਇਬਰਾਨੀਆਂ 11:6. (w13-E 02/01)