Skip to content

Skip to table of contents

ਅਧਿਐਨ ਲੇਖ 6

ਯਹੋਵਾਹ ਜੋ ਵੀ ਕਰਦਾ ਹੈ, ਸਹੀ ਕਰਦਾ ਹੈ

ਯਹੋਵਾਹ ਜੋ ਵੀ ਕਰਦਾ ਹੈ, ਸਹੀ ਕਰਦਾ ਹੈ

“ਉਹ ਚਟਾਨ ਹੈ ਤੇ ਉਸ ਦਾ ਹਰ ਕੰਮ ਖਰਾ ਹੈ, ਉਸ ਦੇ ਸਾਰੇ ਰਾਹ ਨਿਆਂ ਦੇ ਹਨ। ਉਹ ਵਫ਼ਾਦਾਰ ਪਰਮੇਸ਼ੁਰ ਹੈ ਜੋ ਕਦੇ ਅਨਿਆਂ ਨਹੀਂ ਕਰਦਾ; ਉਹ ਜੋ ਵੀ ਕਰਦਾ ਹੈ, ਸਹੀ ਕਰਦਾ ਹੈ ਅਤੇ ਉਹ ਸੱਚਾ ਹੈ।”​—ਬਿਵ. 32:4.

ਗੀਤ 3 ਯਹੋਵਾਹ ਸਾਡਾ ਸਹਾਰਾ, ਉਮੀਦ ਤੇ ਭਰੋਸਾ

ਖ਼ਾਸ ਗੱਲਾਂ *

1-2. (ੳ) ਅੱਜ ਬਹੁਤ ਸਾਰੇ ਲੋਕ ਅਧਿਕਾਰ ਰੱਖਣ ਵਾਲਿਆਂ ’ਤੇ ਭਰੋਸਾ ਕਿਉਂ ਨਹੀਂ ਕਰਦੇ? (ਅ) ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

ਅੱਜ ਬਹੁਤ ਸਾਰੇ ਲੋਕਾਂ ਨੂੰ ਅਧਿਕਾਰ ਰੱਖਣ ਵਾਲਿਆਂ ’ਤੇ ਭਰੋਸਾ ਰੱਖਣਾ ਔਖਾ ਲੱਗਦਾ ਹੈ। ਉਨ੍ਹਾਂ ਨੇ ਦੇਖਿਆ ਹੈ ਕਿ ਚਾਹੇ ਕੋਈ ਮੰਤਰੀ ਹੋਵੇ ਜਾਂ ਫਿਰ ਅਦਾਲਤ ਦਾ ਜੱਜ ਜਾਂ ਵਕੀਲ ਹੋਵੇ, ਉਹ ਸਾਰੇ ਅਮੀਰਾਂ ਦਾ ਪੱਖ ਲੈਂਦੇ ਹਨ ਅਤੇ ਗ਼ਰੀਬਾਂ ਨਾਲ ਅਨਿਆਂ ਕਰਦੇ ਹਨ। ਬਾਈਬਲ ਵਿਚ ਲਿਖੀ ਇਹ ਗੱਲ ਸੋਲਾਂ ਆਨੇ ਸੱਚ ਹੈ ਕਿ “ਇਨਸਾਨ ਨੇ ਇਨਸਾਨ ’ਤੇ ਹੁਕਮ ਚਲਾ ਕੇ ਦੁੱਖ-ਤਕਲੀਫ਼ਾਂ ਹੀ ਲਿਆਂਦੀਆਂ ਹਨ।” (ਉਪ. 8:9) ਇੰਨਾ ਹੀ ਨਹੀਂ, ਕੁਝ ਧਾਰਮਿਕ ਆਗੂ ਵੀ ਬੁਰੇ ਕੰਮ ਕਰਦੇ ਹਨ ਜਿਸ ਕਰਕੇ ਲੋਕਾਂ ਦਾ ਪਰਮੇਸ਼ੁਰ ਤੋਂ ਭਰੋਸਾ ਉੱਠ ਗਿਆ ਹੈ। ਇਸ ਲਈ ਜਦੋਂ ਕੋਈ ਬਾਈਬਲ ਬਾਰੇ ਸਿੱਖਣਾ ਸ਼ੁਰੂ ਕਰਦਾ ਹੈ, ਤਾਂ ਉਸ ਲਈ ਯਹੋਵਾਹ ਅਤੇ ਉਸ ਦੇ ਸੰਗਠਨ ਵਿਚ ਅਗਵਾਈ ਕਰਨ ਵਾਲੇ ਭਰਾਵਾਂ ’ਤੇ ਭਰੋਸਾ ਕਰਨਾ ਔਖਾ ਹੁੰਦਾ ਹੈ।

2 ਇਸ ਲਈ ਬਾਈਬਲ ਵਿਦਿਆਰਥੀ ਨੂੰ ਯਹੋਵਾਹ ਅਤੇ ਉਸ ਦੇ ਸੰਗਠਨ ’ਤੇ ਭਰੋਸਾ ਕਰਨਾ ਸਿੱਖਣਾ ਚਾਹੀਦਾ ਹੈ। ਪਰ ਇਸ ਦੇ ਨਾਲ-ਨਾਲ ਸਾਨੂੰ ਆਪਣਾ ਵੀ ਭਰੋਸਾ ਪੱਕਾ ਕਰਨਾ ਚਾਹੀਦਾ। ਚਾਹੇ ਸਾਨੂੰ ਸੱਚਾਈ ਵਿਚ ਕਿੰਨੇ ਹੀ ਸਾਲ ਕਿਉਂ ਨਾ ਹੋ ਗਏ ਹੋਣ, ਫਿਰ ਵੀ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਯਹੋਵਾਹ ਦੇ ਕੰਮ ਕਰਨ ਦਾ ਤਰੀਕਾ ਹਮੇਸ਼ਾ ਸਭ ਤੋਂ ਵਧੀਆ ਹੁੰਦਾ ਹੈ। ਕਈ ਵਾਰ ਕੁਝ ਹਾਲਾਤਾਂ ਵਿਚ ਯਹੋਵਾਹ ’ਤੇ ਸਾਡੇ ਭਰੋਸੇ ਦੀ ਪਰਖ ਹੋ ਸਕਦੀ ਹੈ। ਇਸ ਲੇਖ ਵਿਚ ਅਸੀਂ ਖ਼ਾਸ ਕਰਕੇ ਇੱਦਾਂ ਦੇ ਹੀ ਤਿੰਨ ਹਾਲਾਤਾਂ ’ਤੇ ਗੌਰ ਕਰਾਂਗੇ ਜਦੋਂ ਸਾਡੀ ਨਿਹਚਾ ਦੀ ਪਰਖ ਹੋ ਸਕਦੀ ਹੈ: (1) ਬਾਈਬਲ ਵਿੱਚੋਂ ਕੋਈ ਘਟਨਾ ਪੜ੍ਹਦੇ ਵੇਲੇ, (2) ਯਹੋਵਾਹ ਅਤੇ ਉਸ ਦੇ ਸੰਗਠਨ ਵੱਲੋਂ ਕੋਈ ਹਿਦਾਇਤ ਮਿਲਦੇ ਵੇਲੇ ਅਤੇ (3) ਭਵਿੱਖ ਵਿਚ ਮੁਸ਼ਕਲਾਂ ਸਹਿੰਦੇ ਵੇਲੇ।

ਬਾਈਬਲ ਪੜ੍ਹਦੇ ਵੇਲੇ ਯਹੋਵਾਹ ’ਤੇ ਭਰੋਸਾ ਰੱਖੋ

3. ਬਾਈਬਲ ਵਿੱਚੋਂ ਕਿਸੇ ਘਟਨਾ ਬਾਰੇ ਪੜ੍ਹਦੇ ਵੇਲੇ ਸ਼ਾਇਦ ਸਾਡੇ ਮਨ ਵਿਚ ਕੀ ਆਵੇ?

 3 ਬਾਈਬਲ ਵਿੱਚੋਂ ਕਿਸੇ ਘਟਨਾ ਬਾਰੇ ਪੜ੍ਹਦੇ ਵੇਲੇ ਸ਼ਾਇਦ ਸਾਨੂੰ ਸਮਝ ਨਾ ਆਵੇ ਕਿ ਯਹੋਵਾਹ ਨੇ ਕਿਸੇ ਵਿਅਕਤੀ ਨਾਲ ਜੋ ਕੀਤਾ, ਉਹ ਕਿਉਂ ਕੀਤਾ ਜਾਂ ਯਹੋਵਾਹ ਨੇ ਜੋ ਫ਼ੈਸਲਾ ਲਿਆ, ਉਹ ਕਿਉਂ ਲਿਆ। ਉਦਾਹਰਣ ਲਈ, ਗਿਣਤੀ ਦੀ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਨੇ ਉਸ ਇਜ਼ਰਾਈਲੀ ਨੂੰ ਮੌਤ ਦੀ ਸਜ਼ਾ ਦਿੱਤੀ ਜੋ ਸਬਤ ਦੇ ਦਿਨ ਲੱਕੜਾਂ ਇਕੱਠੀਆਂ ਕਰ ਰਿਹਾ ਸੀ। (ਗਿਣ. 15:32, 35) ਪਰ ਦੂਜਾ ਸਮੂਏਲ ਵਿਚ ਦੱਸਿਆ ਗਿਆ ਹੈ ਕਿ ਕਈ ਸਦੀਆਂ ਬਾਅਦ ਯਹੋਵਾਹ ਨੇ ਦਾਊਦ ਦੇ ਹਰਾਮਕਾਰੀ ਅਤੇ ਕਤਲ ਵਰਗੇ ਵੱਡੇ-ਵੱਡੇ ਪਾਪ ਮਾਫ਼ ਕਰ ਦਿੱਤੇ। (2 ਸਮੂ. 12:9, 13) ਇਨ੍ਹਾਂ ਘਟਨਾਵਾਂ ਨੂੰ ਪੜ੍ਹਨ ਤੋਂ ਬਾਅਦ ਸ਼ਾਇਦ ਅਸੀਂ ਸੋਚੀਏ: ‘ਯਹੋਵਾਹ ਨੇ ਕਿਉਂ ਦਾਊਦ ਦੇ ਇੰਨੇ ਵੱਡੇ-ਵੱਡੇ ਪਾਪ ਮਾਫ਼ ਕਰ ਦਿੱਤੇ, ਪਰ ਉਸ ਇਜ਼ਰਾਈਲੀ ਦੀ ਛੋਟੀ ਜਿਹੀ ਗ਼ਲਤੀ ਲਈ ਉਸ ਨੂੰ ਮੌਤ ਦੀ ਸਜ਼ਾ ਦੇ ਦਿੱਤੀ?’ ਇਸ ਸਵਾਲ ਦਾ ਜਵਾਬ ਸਾਨੂੰ ਮਿਲ ਸਕਦਾ ਹੈ ਜੇ ਅਸੀਂ ਬਾਈਬਲ ਪੜ੍ਹਦੇ ਵੇਲੇ ਅੱਗੇ ਦੱਸੀਆਂ ਤਿੰਨ ਗੱਲਾਂ ਨੂੰ ਧਿਆਨ ਵਿਚ ਰੱਖੀਏ।

4. ਉਤਪਤ 18:20, 21 ਅਤੇ ਬਿਵਸਥਾ ਸਾਰ 10:17 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਦੇ ਫ਼ੈਸਲੇ ਹਮੇਸ਼ਾ ਸਹੀ ਹੁੰਦੇ ਹਨ?

4ਬਾਈਬਲ ਵਿਚ ਹਰ ਘਟਨਾ ਦੀ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ। ਉਦਾਹਰਣ ਲਈ, ਅਸੀਂ ਜਾਣਦੇ ਹਾਂ ਕਿ ਦਾਊਦ ਨੇ ਆਪਣੀਆਂ ਗ਼ਲਤੀਆਂ ਲਈ ਦਿਲੋਂ ਤੋਬਾ ਕੀਤੀ ਸੀ। (ਜ਼ਬੂ. 51:2-4) ਪਰ ਜਿਸ ਇਜ਼ਰਾਈਲੀ ਆਦਮੀ ਨੇ ਸਬਤ ਦਾ ਕਾਨੂੰਨ ਤੋੜਿਆ ਸੀ, ਉਹ ਕਿਹੋ ਜਿਹਾ ਇਨਸਾਨ ਸੀ? ਕੀ ਉਸ ਨੇ ਆਪਣੀ ਗ਼ਲਤੀ ਤੋਂ ਤੋਬਾ ਕੀਤੀ ਸੀ? ਕੀ ਉਸ ਨੇ ਪਹਿਲਾਂ ਵੀ ਪਰਮੇਸ਼ੁਰ ਦੇ ਹੁਕਮ ਤੋੜੇ ਸਨ? ਕੀ ਉਸ ਨੇ ਪਹਿਲਾਂ ਵੀ ਪਰਮੇਸ਼ੁਰ ਦੀਆਂ ਚੇਤਾਵਨੀਆਂ ਨੂੰ ਅਣਸੁਣਿਆ ਕੀਤਾ ਸੀ? ਇਸ ਬਾਰੇ ਬਾਈਬਲ ਵਿਚ ਕੁਝ ਨਹੀਂ ਦੱਸਿਆ ਗਿਆ। ਪਰ ਇਕ ਗੱਲ ਤਾਂ ਪੱਕੀ ਹੈ ਕਿ ਯਹੋਵਾਹ “ਕਦੇ ਅਨਿਆਂ ਨਹੀਂ ਕਰਦਾ।” (ਬਿਵ. 32:4) ਉਹ ਇਨਸਾਨਾਂ ਵਾਂਗ ਸੁਣੀਆਂ-ਸੁਣਾਈਆਂ ਗੱਲਾਂ ’ਤੇ ਯਕੀਨ ਨਹੀਂ ਕਰਦਾ, ਕਿਸੇ ਦਾ ਪੱਖ ਨਹੀਂ ਲੈਂਦਾ ਅਤੇ ਕਿਸੇ ਵੀ ਵਜ੍ਹਾ ਕਰਕੇ ਅਨਿਆਂ ਨਹੀਂ ਕਰਦਾ। ਉਸ ਦੇ ਫ਼ੈਸਲੇ ਹਮੇਸ਼ਾ ਸਬੂਤਾਂ ’ਤੇ ਆਧਾਰਿਤ ਹੁੰਦੇ ਹਨ। (ਉਤਪਤ 18:20, 21; ਬਿਵਸਥਾ ਸਾਰ 10:17 ਪੜ੍ਹੋ।) ਅਸੀਂ ਯਹੋਵਾਹ ਅਤੇ ਉਸ ਦੇ ਮਿਆਰਾਂ ਬਾਰੇ ਜਿੰਨਾ ਜ਼ਿਆਦਾ ਸਿੱਖਾਂਗੇ, ਉੱਨਾ ਜ਼ਿਆਦਾ ਸਾਡਾ ਯਕੀਨ ਪੱਕਾ ਹੋਵੇਗਾ ਕਿ ਯਹੋਵਾਹ ਦੇ ਫ਼ੈਸਲੇ ਹਮੇਸ਼ਾ ਸਹੀ ਹੁੰਦੇ ਹਨ। ਭਾਵੇਂ ਬਾਈਬਲ ਵਿੱਚੋਂ ਕੋਈ ਘਟਨਾ ਪੜ੍ਹਦੇ ਵੇਲੇ ਸਾਡੇ ਮਨ ਵਿਚ ਸਵਾਲ ਆਵੇ ਅਤੇ ਸਾਨੂੰ ਉਸ ਸਵਾਲ ਦਾ ਜਵਾਬ ਬਾਈਬਲ ਵਿੱਚੋਂ ਨਾ ਮਿਲੇ, ਫਿਰ ਵੀ ਅਸੀਂ ਯਹੋਵਾਹ ਬਾਰੇ ਜਿੰਨਾ ਜਾਣਦੇ ਹਾਂ, ਉਸ ਤੋਂ ਸਾਨੂੰ ਪੱਕਾ ਯਕੀਨ ਹੁੰਦਾ ਹੈ ਕਿ “ਯਹੋਵਾਹ ਹਮੇਸ਼ਾ ਉਹੀ ਕਰਦਾ ਹੈ, ਜੋ ਸਹੀ ਹੈ।”​—ਜ਼ਬੂ. 145:17.

5. ਨਾਮੁਕੰਮਲ ਹੋਣ ਕਰਕੇ ਕੀ ਹੁੰਦਾ ਹੈ? (“ ਨਾਮੁਕੰਮਲਤਾ ਸਾਡੇ ਨਜ਼ਰੀਏ ਨੂੰ ਧੁੰਦਲਾ ਕਰ ਦਿੰਦੀ ਹੈ” ਨਾਂ ਦੀ ਡੱਬੀ ਦੇਖੋ।)

5ਨਾਮੁਕੰਮਲ ਹੋਣ ਕਰਕੇ ਅਸੀਂ ਹਰ ਮਾਮਲੇ ਬਾਰੇ ਸਹੀ ਨਜ਼ਰੀਆ ਨਹੀਂ ਰੱਖ ਪਾਉਂਦੇ। ਯਹੋਵਾਹ ਨੇ ਸਾਨੂੰ ਆਪਣੇ ਸਰੂਪ ’ਤੇ ਬਣਾਇਆ ਹੈ, ਇਸ ਲਈ ਅਸੀਂ ਵੀ ਚਾਹੁੰਦੇ ਹਾਂ ਕਿ ਸਾਰਿਆਂ ਨਾਲ ਨਿਆਂ ਹੋਵੇ। (ਉਤ. 1:26) ਪਰ ਨਾਮੁਕੰਮਲ ਹੋਣ ਕਰਕੇ ਕਈ ਵਾਰ ਅਸੀਂ ਕਿਸੇ ਮਾਮਲੇ ਨੂੰ ਸਹੀ ਨਜ਼ਰੀਏ ਤੋਂ ਨਹੀਂ ਦੇਖ ਪਾਉਂਦੇ, ਫਿਰ ਚਾਹੇ ਸਾਨੂੰ ਮਾਮਲੇ ਦੀ ਪੂਰੀ ਜਾਣਕਾਰੀ ਕਿਉਂ ਨਾ ਹੋਵੇ। ਯਾਦ ਕਰੋ ਕਿ ਯੂਨਾਹ ਨਾਲ ਵੀ ਕੁਝ ਅਜਿਹਾ ਹੀ ਹੋਇਆ। ਜਦੋਂ ਨੀਨਵਾਹ ਦੇ ਲੋਕਾਂ ਨੇ ਤੋਬਾ ਕੀਤੀ, ਤਾਂ ਯਹੋਵਾਹ ਨੇ ਉਨ੍ਹਾਂ ਉੱਤੇ ਦਇਆ ਕਰਨ ਦਾ ਫ਼ੈਸਲਾ ਕੀਤਾ। (ਯੂਨਾ. 3:10–4:1) ਇਹ ਦੇਖ ਕੇ ਯੂਨਾਹ ਨੂੰ ਬਹੁਤ ਗੁੱਸਾ ਆਇਆ ਤੇ ਉਸ ਨੂੰ ਲੱਗਾ ਕਿ ਯਹੋਵਾਹ ਦਾ ਫ਼ੈਸਲਾ ਗ਼ਲਤ ਸੀ। ਜ਼ਰਾ ਗੌਰ ਕਰੋ ਕਿ ਯਹੋਵਾਹ ਦੇ ਦਇਆ ਦਿਖਾਉਣ ਕਰਕੇ ਕੀ ਹੋਇਆ। 1 ਲੱਖ 20 ਹਜ਼ਾਰ ਲੋਕਾਂ ਦੀ ਜਾਨ ਬਚ ਗਈ। ਬਾਅਦ ਵਿਚ ਯੂਨਾਹ ਨੂੰ ਅਹਿਸਾਸ ਹੋਇਆ ਕਿ ਉਹ ਹੀ ਗ਼ਲਤ ਸੀ, ਨਾ ਕਿ ਯਹੋਵਾਹ।

6. ਯਹੋਵਾਹ ਨੂੰ ਆਪਣੇ ਹਰ ਫ਼ੈਸਲੇ ਦਾ ਕਾਰਨ ਦੱਸਣ ਦੀ ਲੋੜ ਕਿਉਂ ਨਹੀਂ ਹੈ?

6ਯਹੋਵਾਹ ਨੂੰ ਆਪਣੇ ਹਰ ਫ਼ੈਸਲੇ ਦਾ ਕਾਰਨ ਦੱਸਣ ਦੀ ਲੋੜ ਨਹੀਂ ਹੈ। ਇਹ ਗੱਲ ਸੱਚ ਹੈ ਕਿ ਕਈ ਵਾਰ ਕੋਈ ਫ਼ੈਸਲਾ ਲੈਣ ਤੋਂ ਪਹਿਲਾਂ ਜਾਂ ਬਾਅਦ ਵਿਚ ਯਹੋਵਾਹ ਨੇ ਆਪਣੇ ਸੇਵਕਾਂ ਦੀ ਸਲਾਹ ਲਈ। (ਉਤ. 18:25; ਯੂਨਾ. 4:2, 3) ਨਾਲੇ ਕੁਝ ਮੌਕਿਆਂ ’ਤੇ ਉਸ ਨੇ ਆਪਣੇ ਫ਼ੈਸਲੇ ਦਾ ਕਾਰਨ ਵੀ ਦੱਸਿਆ। (ਯੂਨਾ. 4:10, 11) ਪਰ ਇਸ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਹਰ ਵਾਰ ਇੱਦਾਂ ਹੀ ਕਰਨਾ ਚਾਹੀਦਾ ਹੈ। ਯਹੋਵਾਹ ਨੇ ਹੀ ਸਭ ਕੁਝ ਬਣਾਇਆ ਹੈ, ਇਸ ਲਈ ਕੁਝ ਕਰਨ ਤੋਂ ਪਹਿਲਾਂ ਜਾਂ ਬਾਅਦ ਵਿਚ ਉਸ ਨੂੰ ਨਾ ਤਾਂ ਸਾਨੂੰ ਕੁਝ ਪੁੱਛਣ ਅਤੇ ਨਾ ਹੀ ਸਾਨੂੰ ਸਫ਼ਾਈ ਦੇਣ ਦੀ ਲੋੜ ਹੈ।​—ਯਸਾ. 40:13, 14; 55:9.

ਯਹੋਵਾਹ ’ਤੇ ਭਰੋਸਾ ਰੱਖੋ ਅਤੇ ਹਿਦਾਇਤਾਂ ਮੰਨੋ

7. ਸਾਨੂੰ ਕਿਨ੍ਹਾਂ ’ਤੇ ਭਰੋਸਾ ਕਰਨਾ ਮੁਸ਼ਕਲ ਲੱਗ ਸਕਦਾ ਹੈ ਅਤੇ ਕਿਉਂ?

7 ਬਿਨਾਂ ਸ਼ੱਕ, ਸਾਨੂੰ ਇਸ ਗੱਲ ਦਾ ਪੱਕਾ ਭਰੋਸਾ ਹੈ ਕਿ ਯਹੋਵਾਹ ਦੇ ਕੰਮ ਕਰਨ ਦਾ ਤਰੀਕਾ ਹਮੇਸ਼ਾ ਸਹੀ ਹੁੰਦਾ ਹੈ। ਪਰ ਸ਼ਾਇਦ ਸਾਨੂੰ ਉਨ੍ਹਾਂ ਭਰਾਵਾਂ ’ਤੇ ਭਰੋਸਾ ਕਰਨਾ ਔਖਾ ਲੱਗੇ ਜਿਨ੍ਹਾਂ ਨੂੰ ਯਹੋਵਾਹ ਆਪਣੇ ਸੰਗਠਨ ਵਿਚ ਅਗਵਾਈ ਕਰਨ ਲਈ ਠਹਿਰਾਉਂਦਾ ਹੈ। ਅਸੀਂ ਸ਼ਾਇਦ ਸੋਚੀਏ, ਕੀ ਇਹ ਭਰਾ ਯਹੋਵਾਹ ਦੀਆਂ ਹਿਦਾਇਤਾਂ ਮੁਤਾਬਕ ਕੰਮ ਕਰਦੇ ਹਨ ਜਾਂ ਆਪਣੀ ਮਨ-ਮਰਜ਼ੀ ਮੁਤਾਬਕ? ਬਾਈਬਲ ਦੇ ਜ਼ਮਾਨੇ ਵਿਚ ਵੀ ਕੁਝ ਲੋਕਾਂ ਨੂੰ ਇੱਦਾਂ ਹੀ ਲੱਗਾ ਹੋਣਾ। ਆਓ  ਪੈਰਾ 3 ਵਿਚ ਦਿੱਤੀ ਮਿਸਾਲ ’ਤੇ ਫਿਰ ਤੋਂ ਗੌਰ ਕਰੀਏ। ਜਿਸ ਆਦਮੀ ਨੇ ਸਬਤ ਦਾ ਕਾਨੂੰਨ ਤੋੜਿਆ ਸੀ, ਉਸ ਦੇ ਕਿਸੇ ਰਿਸ਼ਤੇਦਾਰ ਨੇ ਸ਼ਾਇਦ ਸੋਚਿਆ ਹੋਣਾ, ਕੀ ਮੌਤ ਦੀ ਸਜ਼ਾ ਸੁਣਾਉਣ ਤੋਂ ਪਹਿਲਾਂ ਮੂਸਾ ਨੇ ਯਹੋਵਾਹ ਨਾਲ ਗੱਲ ਕੀਤੀ ਸੀ ਜਾਂ ਨਹੀਂ? ਹੁਣ ਜ਼ਰਾ ਦਾਊਦ ਬਾਰੇ ਸੋਚੋ ਜਿਸ ਨੇ ਹਿੱਤੀ ਊਰੀਯਾਹ ਦੀ ਪਤਨੀ ਨਾਲ ਹਰਾਮਕਾਰੀ ਕੀਤੀ ਸੀ। ਹਿੱਤੀ ਊਰੀਯਾਹ ਦੇ ਇਕ ਦੋਸਤ ਨੇ ਵੀ ਸੋਚਿਆ ਹੋਣਾ ਕਿ ਦਾਊਦ ਨੇ ਰਾਜਾ ਹੋਣ ਕਰਕੇ ਆਪਣੀ ਪਦਵੀ ਦਾ ਜ਼ਰੂਰ ਫ਼ਾਇਦਾ ਉਠਾਇਆ ਹੋਣਾ ਤਾਂਕਿ ਉਹ ਸਜ਼ਾ ਤੋਂ ਬਚ ਸਕੇ। ਪਰ ਜ਼ਰਾ ਸੋਚੋ ਕਿ ਯਹੋਵਾਹ ਅਗਵਾਈ ਕਰਨ ਵਾਲੇ ਭਰਾਵਾਂ ’ਤੇ ਭਰੋਸਾ ਕਰਦਾ ਹੈ। ਇਸ ਲਈ ਜੇ ਅਸੀਂ ਉਨ੍ਹਾਂ ਭਰਾਵਾਂ ’ਤੇ ਭਰੋਸਾ ਨਹੀਂ ਰੱਖਦੇ, ਤਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਯਹੋਵਾਹ ’ਤੇ ਭਰੋਸਾ ਰੱਖਦੇ ਹਾਂ।

8. ਪਹਿਲੀ ਸਦੀ ਵਾਂਗ ਅੱਜ ਵੀ ਮੰਡਲੀਆਂ ਨੂੰ ਕਿਵੇਂ ਚਲਾਇਆ ਜਾਂਦਾ ਹੈ? (ਰਸੂਲਾਂ ਦੇ ਕੰਮ 16:4, 5)

8 ਯਹੋਵਾਹ ਦੇ ਸੰਗਠਨ ਦਾ ਜੋ ਹਿੱਸਾ ਧਰਤੀ ’ਤੇ ਹੈ, ਉਸ ਦੀ ਅਗਵਾਈ ਕਰਨ ਲਈ ਉਸ ਨੇ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ ਠਹਿਰਾਇਆ ਹੈ। (ਮੱਤੀ 24:45) ਪਹਿਲੀ ਸਦੀ ਵਾਂਗ, ਯਹੋਵਾਹ ਅੱਜ ਵੀ ਪ੍ਰਬੰਧਕ ਸਭਾ ਦੁਆਰਾ ਦੁਨੀਆਂ ਭਰ ਦੀਆਂ ਮੰਡਲੀਆਂ ਦੀ ਅਗਵਾਈ ਕਰਦਾ ਹੈ ਅਤੇ ਬਜ਼ੁਰਗਾਂ ਨੂੰ ਹਿਦਾਇਤਾਂ ਦਿੰਦਾ ਹੈ। (ਰਸੂਲਾਂ ਦੇ ਕੰਮ 16:4, 5 ਪੜ੍ਹੋ।) ਬਜ਼ੁਰਗ ਮੰਡਲੀਆਂ ਵਿਚ ਇਨ੍ਹਾਂ ਹਿਦਾਇਤਾਂ ਨੂੰ ਲਾਗੂ ਕਰਦੇ ਹਨ। ਇਸ ਲਈ ਜਦੋਂ ਅਸੀਂ ਸੰਗਠਨ ਅਤੇ ਬਜ਼ੁਰਗਾਂ ਵੱਲੋਂ ਮਿਲਦੀਆਂ ਹਿਦਾਇਤਾਂ ਨੂੰ ਮੰਨਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਸਾਨੂੰ ਯਹੋਵਾਹ ਦੇ ਕੰਮ ਕਰਨ ਦੇ ਤਰੀਕੇ ’ਤੇ ਪੂਰਾ ਭਰੋਸਾ ਹੈ।

9. ਬਜ਼ੁਰਗਾਂ ਦੇ ਫ਼ੈਸਲੇ ਮੰਨਣੇ ਸਾਨੂੰ ਕਦੋਂ ਔਖੇ ਲੱਗ ਸਕਦੇ ਹਨ ਅਤੇ ਕਿਉਂ?

9 ਕਈ ਵਾਰ ਸਾਨੂੰ ਬਜ਼ੁਰਗਾਂ ਦੇ ਫ਼ੈਸਲਿਆਂ ਨੂੰ ਮੰਨਣਾ ਔਖਾ ਲੱਗ ਸਕਦਾ ਹੈ। ਉਦਾਹਰਣ ਲਈ, ਹਾਲ ਹੀ ਦੇ ਸਾਲਾਂ ਵਿਚ ਬਹੁਤ ਸਾਰੀਆਂ ਮੰਡਲੀਆਂ ਅਤੇ ਸਰਕਟਾਂ ਵਿਚ ਕੁਝ ਬਦਲਾਅ ਕੀਤੇ ਗਏ, ਜਿਵੇਂ ਕਿੰਗਡਮ ਹਾਲਾਂ ਦਾ ਵਧੀਆਂ ਇਸਤੇਮਾਲ ਕਰਨ ਲਈ ਕਈ ਮੰਡਲੀਆਂ ਦੇ ਬਜ਼ੁਰਗਾਂ ਨੇ ਕੁਝ ਪ੍ਰਚਾਰਕਾਂ ਨੂੰ ਕਿਹਾ ਕਿ ਉਹ ਕਿਸੇ ਹੋਰ ਮੰਡਲੀ ਵਿਚ ਜਾਣ। ਜੇ ਸਾਨੂੰ ਵੀ ਕਿਸੇ ਹੋਰ ਮੰਡਲੀ ਵਿਚ ਜਾਣ ਲਈ ਕਿਹਾ ਜਾਵੇ, ਤਾਂ ਕੀ ਅਸੀਂ ਜਾਵਾਂਗੇ? ਸ਼ਾਇਦ ਸਾਡੇ ਲਈ ਜਾਣਾ ਔਖਾ ਹੋਵੇ ਕਿਉਂਕਿ ਸਾਨੂੰ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਛੱਡ ਕੇ ਜਾਣਾ ਪੈਣਾ। ਇਕ ਹੋਰ ਗੱਲ ਕਰਕੇ ਵੀ ਸਾਡੇ ਲਈ ਬਜ਼ੁਰਗਾਂ ਦਾ ਫ਼ੈਸਲਾ ਮੰਨਣਾ ਔਖਾ ਹੋ ਸਕਦਾ ਹੈ। ਯਹੋਵਾਹ ਬਜ਼ੁਰਗਾਂ ਨੂੰ ਇਹ ਨਹੀਂ ਦੱਸਦਾ ਕਿ ਉਨ੍ਹਾਂ ਨੇ ਕਿਸ ਨੂੰ ਭੇਜਣਾ ਤੇ ਕਿਸ ਨੂੰ ਨਹੀਂ। ਇਹ ਫ਼ੈਸਲਾ ਬਜ਼ੁਰਗ ਖ਼ੁਦ ਕਰਦੇ ਹਨ। ਪਰ ਯਹੋਵਾਹ ਨੂੰ ਉਨ੍ਹਾਂ ’ਤੇ ਪੂਰਾ ਭਰੋਸਾ ਹੈ। ਇਸ ਲਈ ਸਾਨੂੰ ਵੀ ਉਨ੍ਹਾਂ ’ਤੇ ਭਰੋਸਾ ਕਰਨਾ ਚਾਹੀਦਾ ਅਤੇ ਉਨ੍ਹਾਂ ਦੀ ਗੱਲ ਮੰਨਣੀ ਚਾਹੀਦੀ ਹੈ। *

10. ਸਾਨੂੰ ਬਜ਼ੁਰਗਾਂ ਦੇ ਫ਼ੈਸਲਿਆਂ ਨੂੰ ਕਿਉਂ ਮੰਨਣਾ ਚਾਹੀਦਾ ਹੈ? (ਇਬਰਾਨੀਆਂ 13:17)

10 ਸਾਨੂੰ ਉਦੋਂ ਵੀ ਬਜ਼ੁਰਗਾਂ ਦੇ ਫ਼ੈਸਲਿਆਂ ਨੂੰ ਮੰਨਣਾ ਚਾਹੀਦਾ ਹੈ ਜਦੋਂ ਅਸੀਂ ਉਨ੍ਹਾਂ ਨਾਲ ਸਹਿਮਤ ਨਹੀਂ ਹੁੰਦੇ। ਕਿਉਂ? ਕਿਉਂਕਿ ਇਸ ਤਰ੍ਹਾਂ ਕਰ ਕੇ ਸਾਡੇ ਵਿਚ ਸ਼ਾਂਤੀ ਤੇ ਏਕਤਾ ਬਣੀ ਰਹੇਗੀ। (ਅਫ਼. 4:2, 3) ਇਸ ਤੋਂ ਇਲਾਵਾ, ਬਜ਼ੁਰਗਾਂ ਦੇ ਸਮੂਹ ਦੇ ਫ਼ੈਸਲਿਆਂ ਨੂੰ ਮੰਨਣ ਨਾਲ ਮੰਡਲੀ ਵਿਚ ਪਿਆਰ ਤੇ ਖ਼ੁਸ਼ੀਆਂ ਭਰਿਆ ਮਾਹੌਲ ਬਣਿਆ ਰਹੇਗਾ। (ਇਬਰਾਨੀਆਂ 13:17 ਪੜ੍ਹੋ।) ਬਜ਼ੁਰਗਾਂ ਦੇ ਫ਼ੈਸਲੇ ਮੰਨਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਯਹੋਵਾਹ ਨੇ ਬਜ਼ੁਰਗਾਂ ’ਤੇ ਭਰੋਸਾ ਕਰ ਕੇ ਮੰਡਲੀਆਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਹੈ। (ਰਸੂ. 20:28) ਇਸ ਲਈ ਜਦੋਂ ਅਸੀਂ ਬਜ਼ੁਰਗਾਂ ’ਤੇ ਭਰੋਸਾ ਕਰਦੇ ਹਾਂ, ਤਾਂ ਅਸੀਂ ਯਹੋਵਾਹ ’ਤੇ ਭਰੋਸਾ ਦਿਖਾਉਂਦੇ ਹਾਂ।

11. ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਬਜ਼ੁਰਗਾਂ ਵੱਲੋਂ ਮਿਲਦੀਆਂ ਹਿਦਾਇਤਾਂ ਸਹੀ ਹਨ?

11 ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਬਜ਼ੁਰਗ ਜੋ ਵੀ ਹਿਦਾਇਤਾਂ ਦਿੰਦੇ ਹਨ, ਉਹ ਸਹੀ ਹੁੰਦੀਆਂ ਹਨ? ਧਿਆਨ ਦਿਓ ਕਿ ਜਦੋਂ ਵੀ ਬਜ਼ੁਰਗ ਮੰਡਲੀ ਨਾਲ ਜੁੜੇ ਮਾਮਲਿਆਂ ਬਾਰੇ ਕੋਈ ਫ਼ੈਸਲਾ ਕਰਦੇ ਹਨ, ਤਾਂ ਉਹ ਸਭ ਤੋਂ ਪਹਿਲਾਂ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਪਵਿੱਤਰ ਸ਼ਕਤੀ ਮੰਗਦੇ ਹਨ। ਫਿਰ ਉਹ ਬਾਈਬਲ ਦੇ ਅਸੂਲਾਂ ਅਤੇ ਸੰਗਠਨ ਵੱਲੋਂ ਮਿਲਦੀਆਂ ਹਿਦਾਇਤਾਂ ’ਤੇ ਵੀ ਗੌਰ ਕਰਦੇ ਹਨ। ਬਜ਼ੁਰਗ ਯਹੋਵਾਹ ਨੂੰ ਦਿਲੋਂ ਖ਼ੁਸ਼ ਕਰਨਾ ਚਾਹੁੰਦੇ ਹਨ ਅਤੇ ਉਸ ਦੇ ਲੋਕਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਨੀ ਚਾਹੁੰਦੇ ਹਨ। ਇਹ ਵਫ਼ਾਦਾਰ ਭਰਾ ਜਾਣਦੇ ਹਨ ਕਿ ਉਨ੍ਹਾਂ ਨੇ ਇਸ ਦਾ ਲੇਖਾ ਯਹੋਵਾਹ ਨੂੰ ਦੇਣਾ ਹੈ। (1 ਪਤ. 5:2, 3) ਜ਼ਰਾ ਸੋਚੋ, ਜਿੱਥੇ ਇਕ ਪਾਸੇ ਦੁਨੀਆਂ ਵਿਚ ਜਾਤ-ਪਾਤ, ਧਰਮ ਤੇ ਰਾਜਨੀਤਿਕ ਮਾਮਲਿਆਂ ਨੂੰ ਲੈ ਕੇ ਫੁੱਟ ਪਈ ਹੈ, ਉੱਥੇ ਦੂਜੇ ਪਾਸੇ ਯਹੋਵਾਹ ਦੀ ਭਗਤੀ ਕਰਨ ਵਾਲਿਆਂ ਵਿਚ ਏਕਤਾ ਹੈ। ਇਹ ਸਿਰਫ਼ ਇਸ ਕਰਕੇ ਹੈ ਕਿਉਂਕਿ ਯਹੋਵਾਹ ਆਪਣੇ ਸੰਗਠਨ ਨੂੰ ਬਰਕਤ ਦੇ ਰਿਹਾ ਹੈ।

12. ਬਜ਼ੁਰਗ ਕਿਵੇਂ ਪਤਾ ਲਗਾ ਸਕਦੇ ਹਨ ਕਿ ਪਾਪ ਕਰਨ ਵਾਲੇ ਨੇ ਦਿਲੋਂ ਤੋਬਾ ਕੀਤੀ ਹੈ ਜਾਂ ਨਹੀਂ?

12 ਯਹੋਵਾਹ ਨੇ ਬਜ਼ੁਰਗਾਂ ਨੂੰ ਇਕ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਕਿ ਉਹ ਮੰਡਲੀ ਨੂੰ ਪਵਿੱਤਰ ਬਣਾਈ ਰੱਖਣ। ਜੇ ਕੋਈ ਮਸੀਹੀ ਪਾਪ ਕਰਦਾ ਹੈ, ਤਾਂ ਯਹੋਵਾਹ ਨੇ ਬਜ਼ੁਰਗਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਉਹ ਦੇਖਣ ਕਿ ਉਹ ਵਿਅਕਤੀ ਮੰਡਲੀ ਵਿਚ ਰਹਿਣ ਦੇ ਲਾਇਕ ਹੈ ਜਾਂ ਨਹੀਂ। ਪਰ ਇਹ ਫ਼ੈਸਲਾ ਕਰਨਾ ਸੌਖਾ ਨਹੀਂ ਹੁੰਦਾ। ਬਜ਼ੁਰਗਾਂ ਨੇ ਦੇਖਣਾ ਹੁੰਦਾ ਹੈ ਕਿ ਉਸ ਵਿਅਕਤੀ ਨੇ ਦਿਲੋਂ ਤੋਬਾ ਕੀਤੀ ਹੈ ਜਾਂ ਨਹੀਂ। ਉਹ ਵਿਅਕਤੀ ਸ਼ਾਇਦ ਕਹੇ ਕਿ ਉਸ ਨੇ ਦਿਲੋਂ ਤੋਬਾ ਕੀਤੀ ਹੈ। ਕੀ ਉਸ ਨੂੰ ਬੁਰੇ ਕੰਮ ਨਾਲ ਨਫ਼ਰਤ ਹੈ ਜੋ ਉਸ ਨੇ ਕੀਤਾ ਹੈ? ਕੀ ਉਸ ਨੇ ਇਹ ਗ਼ਲਤੀ ਦੁਬਾਰਾ ਨਾ ਕਰਨ ਦਾ ਪੱਕਾ ਇਰਾਦਾ ਕੀਤਾ ਹੈ? ਜੇ ਉਸ ਨੇ ਆਪਣੇ ਬੁਰੇ ਦੋਸਤਾਂ ਕਰਕੇ ਪਾਪ ਕੀਤਾ ਹੈ, ਤਾਂ ਕੀ ਉਹ ਉਨ੍ਹਾਂ ਨੂੰ ਛੱਡਣ ਲਈ ਤਿਆਰ ਹੈ? ਬਜ਼ੁਰਗ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਨ, ਸਬੂਤਾਂ ਦੀ ਜਾਂਚ ਕਰਦੇ ਹਨ ਤੇ ਦੇਖਦੇ ਹਨ ਕਿ ਇਸ ਮਾਮਲੇ ਬਾਰੇ ਬਾਈਬਲ ਕੀ ਕਹਿੰਦੀ ਹੈ ਅਤੇ ਉਹ ਪਾਪ ਕਰਨ ਵਾਲੇ ਦਾ ਰਵੱਈਆ ਦੇਖਦੇ ਹਨ। ਇਸ ਤੋਂ ਬਾਅਦ ਹੀ ਉਹ ਫ਼ੈਸਲਾ ਕਰਦੇ ਹਨ ਕਿ ਉਸ ਵਿਅਕਤੀ ਨੂੰ ਛੇਕਿਆ ਜਾਣਾ ਚਾਹੀਦਾ ਹੈ ਜਾਂ ਨਹੀਂ। ਕੁਝ ਮਾਮਲਿਆਂ ਵਿਚ ਇਕ ਵਿਅਕਤੀ ਦਾ ਛੇਕਿਆ ਜਾਣਾ ਜ਼ਰੂਰੀ ਹੁੰਦਾ ਹੈ।​—1 ਕੁਰਿੰ. 5:11-13.

13. ਜਦੋਂ ਸਾਡਾ ਕੋਈ ਦੋਸਤ ਜਾਂ ਰਿਸ਼ਤੇਦਾਰ ਛੇਕਿਆ ਜਾਂਦਾ ਹੈ, ਤਾਂ ਸ਼ਾਇਦ ਅਸੀਂ ਕੀ ਸੋਚ ਸਕਦੇ ਹਾਂ?

13 ਬਜ਼ੁਰਗਾਂ ’ਤੇ ਸਾਡੇ ਭਰੋਸੇ ਦੀ ਪਰਖ ਕਿਵੇਂ ਹੁੰਦੀ ਹੈ? ਜਦੋਂ ਛੇਕਿਆ ਗਿਆ ਵਿਅਕਤੀ ਸਾਡਾ ਦੋਸਤ ਜਾਂ ਰਿਸ਼ਤੇਦਾਰ ਨਹੀਂ ਹੁੰਦਾ, ਉਦੋਂ ਸਾਡੇ ਲਈ ਬਜ਼ੁਰਗਾਂ ਦਾ ਫ਼ੈਸਲਾ ਮੰਨਣਾ ਸੌਖਾ ਹੁੰਦਾ ਹੈ। ਪਰ ਜੇ ਛੇਕਿਆ ਗਿਆ ਵਿਅਕਤੀ ਸਾਡਾ ਦੋਸਤ ਜਾਂ ਰਿਸ਼ਤੇਦਾਰ ਹੋਵੇ, ਤਾਂ ਕੀ ਅਸੀਂ ਉਦੋਂ ਵੀ ਬਜ਼ੁਰਗਾਂ ’ਤੇ ਭਰੋਸਾ ਕਰਾਂਗੇ ਤੇ ਉਨ੍ਹਾਂ ਦਾ ਫ਼ੈਸਲਾ ਮੰਨਾਂਗੇ? ਹੋ ਸਕਦਾ ਹੈ, ਅਸੀਂ ਸੋਚੀਏ ਕਿ ਬਜ਼ੁਰਗਾਂ ਨੇ ਸਾਰੇ ਮਾਮਲੇ ਦੀ ਜਾਂਚ ਨਹੀਂ ਕੀਤੀ। ਜਾਂ ਉਨ੍ਹਾਂ ਨੇ ਮਾਮਲੇ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਹੱਲ ਨਹੀਂ ਕੀਤਾ। ਇਨ੍ਹਾਂ ਹਾਲਾਤਾਂ ਵਿਚ ਅਸੀਂ ਸਹੀ ਨਜ਼ਰੀਆ ਬਣਾਈ ਰੱਖਣ ਲਈ ਕੀ ਕਰ ਸਕਦੇ ਹਾਂ?

14. ਜੇ ਸਾਡੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਨੂੰ ਛੇਕਿਆ ਜਾਂਦਾ ਹੈ, ਤਾਂ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?

14 ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਛੇਕੇ ਜਾਣ ਦਾ ਪ੍ਰਬੰਧ ਯਹੋਵਾਹ ਦਾ ਹੈ। ਨਾਲੇ ਇਸ ਪ੍ਰਬੰਧ ਤੋਂ ਮੰਡਲੀ ਨੂੰ ਤਾਂ ਫ਼ਾਇਦਾ ਹੁੰਦਾ ਹੀ ਹੈ, ਇਸ ਦੇ ਨਾਲ-ਨਾਲ ਪਾਪ ਕਰਨ ਵਾਲੇ ਨੂੰ ਵੀ ਫ਼ਾਇਦਾ ਹੁੰਦਾ ਹੈ। ਜੇਕਰ ਪਾਪ ਕਰਨ ਵਾਲੇ ਨੂੰ ਛੇਕਣ ਦੀ ਬਜਾਇ ਮੰਡਲੀ ਵਿਚ ਰਹਿਣ ਦਿੱਤਾ ਜਾਂਦਾ ਹੈ, ਤਾਂ ਉਸ ਨੂੰ ਦੇਖ ਕੇ ਦੂਸਰੇ ਵੀ ਬੁਰੇ ਕੰਮ ਕਰਨ ਲੱਗ ਸਕਦੇ ਹਨ। (ਗਲਾ. 5:9) ਨਾਲੇ ਪਾਪ ਕਰਨ ਵਾਲੇ ਨੂੰ ਵੀ ਆਪਣੀ ਗ਼ਲਤੀ ਦਾ ਅਹਿਸਾਸ ਨਹੀਂ ਹੋਵੇਗਾ। ਉਹ ਨਾ ਤਾਂ ਆਪਣੀ ਸੋਚ ਸੁਧਾਰੇਗਾ ਅਤੇ ਨਾ ਹੀ ਗ਼ਲਤ ਕੰਮ ਛੱਡ ਕੇ ਦੁਬਾਰਾ ਯਹੋਵਾਹ ਦੀ ਮਿਹਰ ਪਾਉਣ ਦੀ ਕੋਸ਼ਿਸ਼ ਕਰੇਗਾ। (ਉਪ. 8:11) ਅਸੀਂ ਯਕੀਨ ਰੱਖ ਸਕਦੇ ਹਾਂ ਕਿ ਇਸ ਮਾਮਲੇ ਵਿਚ ਬਜ਼ੁਰਗ ਬਹੁਤ ਸੋਚ-ਸਮਝ ਕੇ ਫ਼ੈਸਲਾ ਕਰਦੇ ਹਨ। ਉਨ੍ਹਾਂ ਨੂੰ ਅਹਿਸਾਸ ਹੈ ਕਿ ਇਜ਼ਰਾਈਲ ਦੇ ਨਿਆਈਆਂ ਵਾਂਗ ਉਹ “ਕਿਸੇ ਇਨਸਾਨ ਵੱਲੋਂ ਨਿਆਂ ਨਹੀਂ ਕਰਦੇ, ਸਗੋਂ ਯਹੋਵਾਹ ਵੱਲੋਂ ਕਰਦੇ” ਹਨ।​—2 ਇਤਿ. 19:6, 7.

ਅੱਜ ਯਹੋਵਾਹ ’ਤੇ ਭਰੋਸਾ ਕਰਾਂਗੇ, ਤਾਂ ਭਵਿੱਖ ਵਿਚ ਵੀ ਕਰ ਸਕਾਂਗੇ

ਕਿਹੜੀ ਗੱਲ ਮਹਾਂਕਸ਼ਟ ਦੌਰਾਨ ਆਪਣਾ ਭਰੋਸਾ ਜ਼ਾਹਰ ਕਰਨ ਅਤੇ ਮਿਲਦੀਆਂ ਹਿਦਾਇਤਾਂ ਨੂੰ ਮੰਨਣ ਵਿਚ ਸਾਡੀ ਮਦਦ ਕਰੇਗੀ? (ਪੈਰਾ 15 ਦੇਖੋ)

15. ਅੱਜ ਸਾਨੂੰ ਯਹੋਵਾਹ ਦੀ ਹਰ ਹਿਦਾਇਤ ਕਿਉਂ ਮੰਨਣੀ ਚਾਹੀਦੀ ਹੈ?

15 ਇਸ ਦੁਨੀਆਂ ਦਾ ਅੰਤ ਬਹੁਤ ਨੇੜੇ ਹੈ। ਇਸ ਲਈ ਸਾਨੂੰ ਯਹੋਵਾਹ ਦੇ ਕੰਮ ਕਰਨ ਦੇ ਤਰੀਕੇ ’ਤੇ ਹੋਰ ਵੀ ਭਰੋਸਾ ਕਰਨਾ ਚਾਹੀਦਾ ਹੈ। ਕਿਉਂ? ਕਿਉਂਕਿ ਮਹਾਂਕਸ਼ਟ ਦੌਰਾਨ ਸ਼ਾਇਦ ਸਾਨੂੰ ਅਜਿਹੀਆਂ ਹਿਦਾਇਤਾਂ ਮਿਲਣ ਜੋ ਸਾਨੂੰ ਅਜੀਬ ਜਾਂ ਬੇਤੁਕੀਆਂ ਲੱਗਣ। ਬਿਨਾਂ ਸ਼ੱਕ, ਉਸ ਸਮੇਂ ਯਹੋਵਾਹ ਸਾਡੇ ਵਿੱਚੋਂ ਹਰੇਕ ਨਾਲ ਗੱਲ ਨਹੀਂ ਕਰੇਗਾ, ਸਗੋਂ ਉਹ ਅਗਵਾਈ ਕਰਨ ਵਾਲੇ ਭਰਾਵਾਂ ਰਾਹੀਂ ਸਾਨੂੰ ਹਿਦਾਇਤਾਂ ਦੇਵੇਗਾ। ਉਹ ਸਮਾਂ ਇਹ ਸੋਚਣ ਦਾ ਨਹੀਂ ਹੋਵੇਗਾ: ‘ਕੀ ਇਹ ਹਿਦਾਇਤਾਂ ਸੱਚੀ ਯਹੋਵਾਹ ਵੱਲੋਂ ਹਨ ਜਾਂ ਬਜ਼ੁਰਗ ਆਪਣੀ ਮਨ-ਮਰਜ਼ੀ ਕਰ ਰਹੇ ਹਨ?’ ਕੀ ਉਸ ਮੁਸ਼ਕਲ ਸਮੇਂ ਦੌਰਾਨ ਤੁਸੀਂ ਯਹੋਵਾਹ ਅਤੇ ਉਸ ਦੇ ਸੰਗਠਨ ’ਤੇ ਭਰੋਸਾ ਕਰੋਗੇ? ਇਸ ਦਾ ਜਵਾਬ ਇਸ ਗੱਲ ਤੋਂ ਮਿਲੇਗਾ ਕਿ ਤੁਸੀਂ ਹੁਣ ਕੀ ਕਰ ਰਹੇ ਹੋ। ਜੇ ਤੁਸੀਂ ਅੱਜ ਯਹੋਵਾਹ ਵੱਲੋਂ ਮਿਲਣ ਵਾਲੀ ਹਰ ਹਿਦਾਇਤ ਮੰਨ ਰਹੇ ਹੋ, ਤਾਂ ਮਹਾਂਕਸ਼ਟ ਦੌਰਾਨ ਵੀ ਤੁਸੀਂ ਅਜਿਹਾ ਕਰ ਸਕੋਗੇ।​—ਲੂਕਾ 16:10.

16. ਭਵਿੱਖ ਵਿਚ ਯਹੋਵਾਹ ’ਤੇ ਭਰੋਸਾ ਕਰਨਾ ਕਿਉਂ ਮੁਸ਼ਕਲ ਹੋ ਸਕਦਾ ਹੈ?

16 ਸਾਨੂੰ ਇਕ ਹੋਰ ਗੱਲ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਕਿ ਇਸ ਦੁਸ਼ਟ ਦੁਨੀਆਂ ਦੇ ਅੰਤ ਦੇ ਸਮੇਂ ਯਹੋਵਾਹ ਜੋ ਨਿਆਂ ਕਰੇਗਾ, ਕੀ ਅਸੀਂ ਉਸ ਨੂੰ ਮੰਨਾਂਗੇ। ਅਸੀਂ ਉਮੀਦ ਕਰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ, ਇੱਥੋਂ ਤਕ ਕਿ ਸਾਡੇ ਰਿਸ਼ਤੇਦਾਰ ਵੀ ਯਹੋਵਾਹ ਨੂੰ ਜਾਣਨ ਅਤੇ ਉਹ ਬਚਾਏ ਜਾਣ। ਪਰ ਆਰਮਾਗੇਡਨ ਵਿਚ ਉਨ੍ਹਾਂ ਦੀ ਜਾਨ ਬਚੇਗੀ ਜਾਂ ਨਹੀਂ, ਇਹ ਸਭ ਯਹੋਵਾਹ ਦੇ ਹੱਥਾਂ ਵਿਚ ਹੈ। ਉਹ ਯਿਸੂ ਦੇ ਜ਼ਰੀਏ ਫ਼ੈਸਲਾ ਕਰੇਗਾ ਕਿ ਕਿਸ ’ਤੇ ਦਇਆ ਕੀਤੀ ਜਾਣੀ ਚਾਹੀਦੀ ਹੈ ਅਤੇ ਕਿਸ ’ਤੇ ਨਹੀਂ। (ਮੱਤੀ 25:31-34, 41, 46; 2 ਥੱਸ. 1:7-9) ਕੀ ਉਸੇ ਸਮੇਂ ਅਸੀਂ ਯਹੋਵਾਹ ਦਾ ਫ਼ੈਸਲਾ ਮੰਨ ਕੇ ਉਸ ਦੀ ਸੇਵਾ ਕਰਦੇ ਰਹਾਂਗੇ ਜਾਂ ਉਸ ਦੀ ਸੇਵਾ ਕਰਨੀ ਛੱਡ ਦੇਵਾਂਗੇ? ਜੇ ਅਸੀਂ ਅੱਜ ਤੋਂ ਹੀ ਭਰੋਸਾ ਕਰਾਂਗੇ, ਤਾਂ ਭਵਿੱਖ ਵਿਚ ਕਰ ਸਕਾਂਗੇ।

17. ਭਵਿੱਖ ਵਿਚ ਯਹੋਵਾਹ ਜੋ ਫ਼ੈਸਲੇ ਕਰੇਗਾ, ਉਸ ਤੋਂ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?

17 ਜਦੋਂ ਯਹੋਵਾਹ ਦੁਸ਼ਟ ਦੁਨੀਆਂ ਦਾ ਨਾਸ਼ ਕਰ ਕੇ ਨਵੀਂ ਦੁਨੀਆਂ ਲਿਆਵੇਗਾ, ਤਾਂ ਉਦੋਂ ਸਾਨੂੰ ਕਿਵੇਂ ਲੱਗੇਗਾ। ਝੂਠੇ ਧਰਮ ਨਹੀਂ ਹੋਣਗੇ, ਇੱਦਾਂ ਦੇ ਕਾਰੋਬਾਰ ਤੇ ਸਰਕਾਰਾਂ ਖ਼ਤਮ ਹੋ ਜਾਣਗੀਆਂ ਜਿਨ੍ਹਾਂ ਕਰਕੇ ਲੋਕਾਂ ਨੂੰ ਬਹੁਤ ਦੁੱਖ ਝੱਲਣੇ ਪੈਂਦੇ ਹਨ, ਸਾਰੇ ਲੋਕ ਤੰਦਰੁਸਤ ਹੋਣਗੇ, ਬੁਢਾਪਾ ਨਹੀਂ ਹੋਵੇਗਾ ਅਤੇ ਇੱਥੋਂ ਤਕ ਕਿ ਮੌਤ ਵੀ ਨਹੀਂ ਹੋਵੇਗੀ। ਸ਼ੈਤਾਨ ਤੇ ਉਸ ਦੇ ਦੁਸ਼ਟ ਦੂਤਾਂ ਨੂੰ ਹਜ਼ਾਰ ਸਾਲ ਲਈ ਕੈਦ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਬਗਾਵਤ ਕਰਕੇ ਜੋ ਨੁਕਸਾਨ ਹੋਏ ਹਨ, ਉਨ੍ਹਾਂ ਦੀ ਭਰਪਾਈ ਕੀਤੀ ਜਾਵੇਗੀ। (ਪ੍ਰਕਾ. 20:2, 3) ਉਸ ਸਮੇਂ ਅਸੀਂ ਕਿੰਨੇ ਖ਼ੁਸ਼ ਹੋਵਾਂਗੇ ਕਿ ਅਸੀਂ ਯਹੋਵਾਹ ਦੇ ਕੰਮ ਕਰਨ ਦੇ ਤਰੀਕੇ ’ਤੇ ਭਰੋਸਾ ਕੀਤਾ!

18. ਗਿਣਤੀ 11:4-6 ਅਤੇ 21:5 ਮੁਤਾਬਕ ਅਸੀਂ ਇਜ਼ਰਾਈਲੀਆਂ ਤੋਂ ਕੀ ਸਿੱਖਦੇ ਹਾਂ?

18 ਨਵੀਂ ਦੁਨੀਆਂ ਵਿਚ ਅਜਿਹੇ ਹਾਲਾਤ ਹੋ ਸਕਦੇ ਹਨ ਜਿਨ੍ਹਾਂ ਵਿਚ ਸਾਨੂੰ ਯਹੋਵਾਹ ਦੇ ਕੰਮ ਕਰਨ ਦੇ ਤਰੀਕੇ ’ਤੇ ਭਰੋਸਾ ਕਰਨਾ ਪਵੇ। ਯਾਦ ਕਰੋ ਕਿ ਮਿਸਰ ਤੋਂ ਆਜ਼ਾਦ ਹੋਣ ਤੋਂ ਥੋੜ੍ਹੀ ਦੇਰ ਬਾਅਦ ਹੀ ਕੁਝ ਇਜ਼ਰਾਈਲੀਆਂ ਨੇ ਕੀ ਕੀਤਾ। ਯਹੋਵਾਹ ਦੇ ਸ਼ੁਕਰਗੁਜ਼ਾਰ ਹੋਣ ਦੀ ਬਜਾਇ ਉਹ ਸ਼ਿਕਾਇਤ ਕਰਨ ਲੱਗੇ। ਮਿਸਰ ਵਿਚ ਉਨ੍ਹਾਂ ਨੂੰ ਜੋ ਤਾਜ਼ਾ ਖਾਣਾ ਮਿਲ ਰਿਹਾ ਸੀ, ਉਸ ਨੂੰ ਯਾਦ ਕਰਨ ਲੱਗੇ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਜੋ ਮੰਨ ਦਿੱਤਾ ਸੀ ਉਸ ਨੂੰ ਬੇਕਾਰ ਸਮਝਣ ਲੱਗੇ। (ਗਿਣਤੀ 11:4-6; 21:5 ਪੜ੍ਹੋ।) ਜੇ ਅਸੀਂ ਵੀ ਸਾਵਧਾਨ ਨਾ ਰਹੇ, ਤਾਂ ਮਹਾਂਕਸ਼ਟ ਤੋਂ ਬਾਅਦ ਸਾਡਾ ਵੀ ਇਹੀ ਹਾਲ ਹੋ ਸਕਦਾ ਹੈ। ਅਸੀਂ ਨਹੀਂ ਜਾਣਦੇ ਕਿ ਧਰਤੀ ਨੂੰ ਸੋਹਣੀ ਬਣਾਉਣ ਲਈ ਕਿੰਨਾ ਕੁ ਕੰਮ ਕਰਨਾ ਪਵੇਗਾ ਅਤੇ ਕਿੰਨਾ ਸਮਾਂ ਲੱਗੇਗਾ। ਸ਼ਾਇਦ ਉਦੋਂ ਸ਼ੁਰੂ-ਸ਼ੁਰੂ ਵਿਚ ਜ਼ਿੰਦਗੀ ਇੰਨੀ ਸੌਖੀ ਨਾ ਹੋਵੇ। ਕੀ ਉਸ ਸਮੇਂ ਅਸੀਂ ਸ਼ਿਕਾਇਤ ਕਰਾਂਗੇ ਜਾਂ ਯਹੋਵਾਹ ਦਾ ਅਹਿਸਾਨ ਮੰਨਾਂਗੇ? ਯਹੋਵਾਹ ਅੱਜ ਸਾਡੇ ਲਈ ਜੋ ਕਰ ਰਿਹਾ ਹੈ ਜੇ ਅਸੀਂ ਉਸ ਦਾ ਅਹਿਸਾਨ ਮੰਨੀਏ, ਤਾਂ ਭਵਿੱਖ ਵਿਚ ਵੀ ਅਸੀਂ ਉਸ ਦਾ ਅਹਿਸਾਨ ਮੰਨਾਂਗੇ।

19. ਇਸ ਲੇਖ ਵਿਚ ਅਸੀਂ ਕਿਹੜੀਆਂ ਖ਼ਾਸ ਗੱਲਾਂ ਸਿੱਖੀਆਂ?

19 ਸਾਨੂੰ ਇਸ ਗੱਲ ’ਤੇ ਪੱਕਾ ਭਰੋਸਾ ਹੋਣਾ ਚਾਹੀਦਾ ਹੈ ਕਿ ਯਹੋਵਾਹ ਦੇ ਕੰਮ ਕਰਨ ਦਾ ਤਰੀਕਾ ਹਮੇਸ਼ਾ ਸਹੀ ਹੁੰਦਾ ਹੈ। ਨਾਲੇ ਸਾਨੂੰ ਉਨ੍ਹਾਂ ਭਰਾਵਾਂ ’ਤੇ ਭਰੋਸਾ ਕਰਨਾ ਚਾਹੀਦਾ ਹੈ ਜਿਨ੍ਹਾਂ ’ਤੇ ਯਹੋਵਾਹ ਭਰੋਸਾ ਕਰਦਾ ਹੈ ਅਤੇ ਜਿਨ੍ਹਾਂ ਰਾਹੀਂ ਉਹ ਸਾਨੂੰ ਹਿਦਾਇਤਾਂ ਦਿੰਦਾ ਹੈ। ਸਾਨੂੰ ਯਸਾਯਾਹ ਨਬੀ ਦੁਆਰਾ ਕਹੀ ਯਹੋਵਾਹ ਦੀ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਕਿ “ਸ਼ਾਂਤ ਰਹਿਣ ਅਤੇ ਮੇਰੇ ਉੱਤੇ ਭਰੋਸਾ ਰੱਖਣ ਨਾਲ ਤੁਹਾਨੂੰ ਤਾਕਤ ਮਿਲੇਗੀ।”​—ਯਸਾ. 30:15.

ਗੀਤ 98 ਪਰਮੇਸ਼ੁਰ ਦਾ ਬਚਨ

^ ਪੈਰਾ 5 ਇਸ ਲੇਖ ਵਿਚ ਅਸੀਂ ਸਿੱਖਾਂਗੇ ਕਿ ਸਾਡੇ ਲਈ ਯਹੋਵਾਹ ਅਤੇ ਧਰਤੀ ’ਤੇ ਅਗਵਾਈ ਕਰਨ ਵਾਲੇ ਸਾਰੇ ਭਰਾਵਾਂ ’ਤੇ ਭਰੋਸਾ ਕਰਨਾ ਕਿਉਂ ਜ਼ਰੂਰੀ ਹੈ। ਨਾਲੇ ਅਸੀਂ ਇਹ ਵੀ ਸਿੱਖਾਂਗੇ ਕਿ ਸਾਨੂੰ ਅੱਜ ਇਨ੍ਹਾਂ ’ਤੇ ਭਰੋਸਾ ਕਰਨ ਦੇ ਕੀ ਫ਼ਾਇਦੇ ਹੁੰਦੇ ਹਨ ਅਤੇ ਅਸੀਂ ਭਵਿੱਖ ਵਿਚ ਮੁਸ਼ਕਲਾਂ ਝੱਲਣ ਲਈ ਕਿਵੇਂ ਤਿਆਰ ਹੁੰਦੇ ਹਾਂ।

^ ਪੈਰਾ 9 ਕਈ ਭੈਣਾਂ-ਭਰਾਵਾਂ ਦੇ ਕੁਝ ਹਾਲਾਤਾਂ ਕਰਕੇ ਉਨ੍ਹਾਂ ਦੀ ਮੰਡਲੀ ਬਦਲੀ ਨਹੀਂ ਜਾਂਦੀ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਨਵੰਬਰ 2002 ਦੀ ਸਾਡੀ ਰਾਜ ਸੇਵਕਾਈ ਵਿੱਚੋਂ “ਪ੍ਰਸ਼ਨ ਡੱਬੀ” ਦੇਖੋ।