Skip to content

Skip to table of contents

 ਜੀਵਨੀ

ਮੈਂ ਆਪਣੇ ਮੰਮੀ ਜੀ ਅਤੇ ਪਰਮੇਸ਼ੁਰ ਦੋਹਾਂ ਨੂੰ ਖ਼ੁਸ਼ ਕੀਤਾ

ਮੈਂ ਆਪਣੇ ਮੰਮੀ ਜੀ ਅਤੇ ਪਰਮੇਸ਼ੁਰ ਦੋਹਾਂ ਨੂੰ ਖ਼ੁਸ਼ ਕੀਤਾ

ਮੇਰੇ ਮੰਮੀ ਜੀ ਨੇ ਮੈਨੂੰ ਕਿਹਾ: “ਦੱਸ, ਤੂੰ ਆਪਣੇ ਜਠੇਰਿਆਂ ਦੀ ਭਗਤੀ ਕਿਉਂ ਨਹੀਂ ਕਰਨੀ ਚਾਹੁੰਦੀ? ਤੈਨੂੰ ਪਤਾ ਨਹੀਂ ਕਿ ਤੇਰਾ ਜਨਮ ਉਨ੍ਹਾਂ ਕਰਕੇ ਹੀ ਹੋਇਆ ਹੈ। ਕੀ ਇਸ ਕਰਕੇ ਤੂੰ ਉਨ੍ਹਾਂ ਲਈ ਕੋਈ ਸ਼ੁਕਰਗੁਜ਼ਾਰੀ ਨਹੀਂ ਦਿਖਾਵੇਂਗੀ? ਤੂੰ ਆਪਣੇ ਦਾਦੇ-ਪੜਦਾਦਿਆਂ ਦੀਆਂ ਰੀਤਾਂ ਨੂੰ ਕਿਵੇਂ ਠੁਕਰਾ ਸਕਦੀ ਹੈਂ? ਕੀ ਤੂੰ ਇਹ ਕਹਿ ਰਹੀ ਹੈਂ ਕਿ ਜਠੇਰਿਆਂ ਦੀ ਭਗਤੀ ਕਰਨੀ ਬੇਵਕੂਫ਼ੀ ਦੀ ਗੱਲ ਹੈ?” ਇਹ ਕਹਿ ਕੇ ਮੰਮੀ ਜੀ ਫੁੱਟ-ਫੁੱਟ ਕੇ ਰੋਣ ਲੱਗ ਪਏ।

ਮੰਮੀ ਜੀ ਨੇ ਪਹਿਲਾਂ ਕਦੀ ਵੀ ਮੇਰੇ ਨਾਲ ਇੱਦਾਂ ਗੱਲ ਨਹੀਂ ਕੀਤੀ ਸੀ। ਉਨ੍ਹਾਂ ਨੇ ਹੀ ਤਾਂ ਮੇਰੀ ਸਟੱਡੀ ਸ਼ੁਰੂ ਕਰਵਾਈ ਸੀ ਕਿਉਂਕਿ ਉਹ ਯਹੋਵਾਹ ਦੇ ਗਵਾਹਾਂ ਨੂੰ ਨਾਂਹ ਨਹੀਂ ਕਹਿਣਾ ਚਾਹੁੰਦੇ ਸਨ। ਮੈਂ ਮੰਮੀ ਜੀ ਦਾ ਹਮੇਸ਼ਾ ਕਹਿਣਾ ਮੰਨਦੀ ਸੀ, ਪਰ ਹੁਣ ਉਨ੍ਹਾਂ ਦੀ ਗੱਲ ਮੰਨਣੀ ਮੇਰੇ ਲਈ ਔਖੀ ਸੀ ਕਿਉਂਕਿ ਇਸ ਵਾਰ ਮੈਂ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੀ ਸੀ। ਯਹੋਵਾਹ ਦੀ ਮਦਦ ਤੋਂ ਬਿਨਾਂ ਮੈਂ ਮੰਮੀ ਜੀ ਦੀ ਇੱਛਾ ਤੋਂ ਉਲਟ ਕਦੀ ਨਹੀਂ ਜਾ ਸਕਦੀ ਸੀ।

ਯਹੋਵਾਹ ਬਾਰੇ ਸਿੱਖਣਾ

ਜ਼ਿਆਦਾਤਰ ਜਪਾਨੀ ਲੋਕਾਂ ਵਾਂਗ ਅਸੀਂ ਵੀ ਬੋਧੀ ਸੀ। ਪਰ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਤੋਂ ਸਿਰਫ਼ ਦੋ ਮਹੀਨਿਆਂ ਦੇ ਅੰਦਰ-ਅੰਦਰ ਮੈਨੂੰ ਯਕੀਨ ਹੋ ਗਿਆ ਕਿ ਬਾਈਬਲ ਦੀਆਂ ਗੱਲਾਂ ਬਿਲਕੁਲ ਸੱਚ ਹਨ। ਜਦੋਂ ਮੈਨੂੰ ਪਤਾ ਲੱਗਾ ਕਿ ਮੇਰਾ ਇਕ ਸਵਰਗੀ ਪਿਤਾ ਹੈ, ਤਾਂ ਮੇਰੇ ਅੰਦਰ ਉਸ ਬਾਰੇ ਜਾਣਨ ਦੀ ਤਾਂਘ ਪੈਦਾ ਹੋਈ। ਮੈਂ ਜੋ ਸਿੱਖਦੀ ਸੀ ਉਸ ਬਾਰੇ ਮੈਂ ਆਪਣੇ ਮੰਮੀ ਜੀ ਨੂੰ ਖ਼ੁਸ਼ੀ-ਖ਼ੁਸ਼ੀ ਦੱਸਦੀ ਸੀ। ਮੈਂ ਐਤਵਾਰ ਨੂੰ ਮੀਟਿੰਗ ਲਈ ਕਿੰਗਡਮ ਹਾਲ ਜਾਣ ਲੱਗ ਪਈ। ਬਾਈਬਲ ਦਾ ਗਿਆਨ ਲੈਣ ਤੋਂ ਬਾਅਦ ਮੈਂ ਮੰਮੀ ਜੀ ਨੂੰ ਦੱਸਿਆ ਕਿ ਮੈਂ ਹੁਣ ਤੋਂ ਬੋਧੀ ਰੀਤੀ-ਰਿਵਾਜਾਂ ਵਿਚ ਹਿੱਸਾ ਨਹੀਂ ਲਵਾਂਗੀ। ਇਹ ਗੱਲ ਸੁਣ ਕੇ ਮੰਮੀ ਜੀ ਇਕਦਮ ਬਦਲ ਗਏ। ਉਨ੍ਹਾਂ ਨੇ ਕਿਹਾ: “ਤੂੰ ਜਠੇਰਿਆਂ ਦੀ ਭਗਤੀ ਨਹੀਂ ਕਰਦੀ, ਇਸ ਕਰਕੇ ਅਸੀਂ ਲੋਕਾਂ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹੇ।” ਉਨ੍ਹਾਂ ਨੇ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ, ‘ਅੱਜ ਤੋਂ ਬਾਅਦ ਨਾ ਤਾਂ ਤੂੰ ਬਾਈਬਲ ਸਟੱਡੀ ਕਰਨੀ ਤੇ ਨਾ ਹੀ ਮੀਟਿੰਗਾਂ ’ਤੇ ਜਾਣਾ।’ ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਮੰਮੀ ਜੀ ਮੈਨੂੰ ਇੱਦਾਂ ਕਹਿਣਗੇ। ਉਹ ਬਿਲਕੁਲ ਹੀ ਬਦਲ ਗਏ ਸਨ।

ਅਫ਼ਸੀਆਂ 6 ਤੋਂ ਮੈਂ ਸਿੱਖਿਆ ਕਿ ਯਹੋਵਾਹ ਚਾਹੁੰਦਾ ਹੈ ਕਿ ਮੈਂ ਆਪਣੇ ਮਾਪਿਆਂ ਦਾ ਕਹਿਣਾ ਮੰਨਾਂ। ਡੈਡੀ ਜੀ ਵੀ ਮੰਮੀ ਵੱਲ ਦੇ ਹੋ ਗਏ। ਪਹਿਲਾਂ ਮੈਂ ਸੋਚਦੀ ਸੀ ਕਿ ਜੇ ਮੈਂ ਉਨ੍ਹਾਂ ਦੀ ਗੱਲ ਸੁਣਾਂ, ਤਾਂ ਉਹ ਵੀ ਮੇਰੀ ਗੱਲ ਸੁਣਨਗੇ ਤੇ ਘਰ ਵਿਚ ਦੁਬਾਰਾ ਖ਼ੁਸ਼ੀਆਂ ਆ ਜਾਣਗੀਆਂ। ਨਾਲੇ ਉਸ ਵੇਲੇ ਮੈਂ ਆਪਣੇ ਪੇਪਰਾਂ ਦੀ ਤਿਆਰ ਕਰਨੀ ਸੀ, ਇਸ ਕਰਕੇ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਤਿੰਨ ਮਹੀਨਿਆਂ ਲਈ ਮੀਟਿੰਗਾਂ ’ਤੇ ਨਹੀਂ ਜਾਵਾਂਗੀ। ਪਰ ਮੈਂ ਯਹੋਵਾਹ ਨਾਲ ਵਾਅਦਾ ਕੀਤਾ ਕਿ ਮੈਂ ਤਿੰਨ ਮਹੀਨਿਆਂ ਬਾਅਦ ਦੁਬਾਰਾ ਮੀਟਿੰਗਾਂ ’ਤੇ ਜਾਵਾਂਗੀ।

ਪਰ ਇਸ ਫ਼ੈਸਲੇ ਦੇ ਦੋ ਬੁਰੇ ਨਤੀਜੇ ਨਿਕਲੇ। ਪਹਿਲਾ, ਮੈਂ ਸੋਚਿਆ ਕਿ ਤਿੰਨ ਮਹੀਨਿਆਂ ਬਾਅਦ ਵੀ ਯਹੋਵਾਹ ਨਾਲ ਮੇਰਾ ਰਿਸ਼ਤਾ ਮਜ਼ਬੂਤ ਰਹੇਗਾ, ਪਰ ਜਲਦੀ ਹੀ ਇਹ ਰਿਸ਼ਤਾ ਕਮਜ਼ੋਰ ਹੋ ਗਿਆ। ਦੂਜਾ, ਮੰਮੀ-ਡੈਡੀ ਜੀ ਨੇ ਮੇਰੇ ਉੱਤੇ ਦਬਾਅ  ਪਾਉਣਾ ਸ਼ੁਰੂ ਕਰ ਦਿੱਤਾ ਕਿ ਮੈਂ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਵਾਂ।

ਮਦਦ ਦੇ ਨਾਲ-ਨਾਲ ਵਿਰੋਧ ਵੀ ਹੋਇਆ

ਕਿੰਗਡਮ ਹਾਲ ਵਿਚ ਮੈਂ ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਮਿਲੀ ਜੋ ਮੇਰੇ ਵਾਂਗ ਪਰਿਵਾਰ ਦੇ ਵਿਰੋਧ ਦਾ ਸਾਮ੍ਹਣਾ ਕਰ ਰਹੇ ਸਨ। ਉਨ੍ਹਾਂ ਨੇ ਮੈਨੂੰ ਭਰੋਸਾ ਦਿਵਾਇਆ ਕਿ ਯਹੋਵਾਹ ਮੈਨੂੰ ਤਾਕਤ ਦੇਵੇਗਾ। (ਮੱਤੀ 10:34-37) ਉਨ੍ਹਾਂ ਨੇ ਮੈਨੂੰ ਸਮਝਾਇਆ ਕਿ ਜੇ ਮੈਂ ਯਹੋਵਾਹ ਦੇ ਵਫ਼ਾਦਾਰ ਰਹਾਂ, ਤਾਂ ਮੇਰਾ ਪਰਿਵਾਰ ਉਸ ਬਾਰੇ ਸਿੱਖ ਸਕਦਾ ਹੈ। ਮੈਂ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰਨ ਲੱਗ ਪਈ ਕਿ ਉਹ ਮੇਰੀ ਮਦਦ ਕਰੇ ਤਾਂਕਿ ਮੈਂ ਉਸ ਉੱਤੇ ਹੋਰ ਭਰੋਸਾ ਰੱਖ ਸਕਾਂ।

ਮੇਰੇ ਪਰਿਵਾਰ ਨੇ ਕਈ ਤਰੀਕਿਆਂ ਨਾਲ ਮੇਰਾ ਵਿਰੋਧ ਕੀਤਾ। ਮੰਮੀ ਜੀ ਨੇ ਮੇਰੇ ਅੱਗੇ ਸਟੱਡੀ ਬੰਦ ਕਰਨ ਦੇ ਤਰਲੇ ਪਾਏ ਅਤੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਜ਼ਿਆਦਾਤਰ ਮੈਂ ਮੰਮੀ ਜੀ ਦੇ ਅੱਗੇ ਬੋਲਦੀ ਨਹੀਂ ਹੁੰਦੀ ਸੀ। ਪਰ ਜਦੋਂ ਮੈਂ ਜਵਾਬ ਦਿੰਦੀ ਸੀ, ਤਾਂ ਸਾਡੀ ਬਹਿਸ ਹੋ ਜਾਂਦੀ ਸੀ ਕਿਉਂਕਿ ਅਸੀਂ ਦੋਵੇਂ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦੀਆਂ ਸੀ। ਹੁਣ ਮੈਨੂੰ ਅਹਿਸਾਸ ਹੁੰਦਾ ਹੈ ਕਿ ਜੇ ਮੈਂ ਉਸ ਵੇਲੇ ਮੰਮੀ ਜੀ ਦੀਆਂ ਭਾਵਨਾਵਾਂ ਤੇ ਵਿਸ਼ਵਾਸਾਂ ਦੀ ਕਦਰ ਕਰਦੀ, ਤਾਂ ਘਰ ਵਿਚ ਸ਼ਾਂਤੀ ਹੋ ਸਕਦੀ ਸੀ। ਮੇਰੇ ਮਾਪਿਆਂ ਨੇ ਮੈਨੂੰ ਜ਼ਿਆਦਾ ਕੰਮ ਦੇਣੇ ਸ਼ੁਰੂ ਕਰ ਦਿੱਤੇ ਤਾਂਕਿ ਮੈਂ ਘਰ ਵਿਚ ਹੀ ਰਹਾਂ। ਕਈ ਵਾਰ ਤਾਂ ਉਹ ਮੈਨੂੰ ਘਰੋਂ ਬਾਹਰ ਕੱਢ ਕੇ ਜਿੰਦਾ ਮਾਰ ਦਿੰਦੇ ਸਨ ਜਾਂ ਘਰ ਵਿਚ ਖਾਣ ਲਈ ਕੁਝ ਛੱਡ ਕੇ ਨਹੀਂ ਜਾਂਦੇ ਸਨ।

ਮੰਮੀ ਜੀ ਨੇ ਦੂਜਿਆਂ ਤੋਂ ਵੀ ਮਦਦ ਮੰਗੀ। ਉਨ੍ਹਾਂ ਨੇ ਮੇਰੇ ਅਧਿਆਪਕ ਨਾਲ ਗੱਲ ਕੀਤੀ, ਪਰ ਇਸ ਦਾ ਕੋਈ ਫ਼ਾਇਦਾ ਨਹੀਂ ਹੋਇਆ। ਮੇਰੇ ਮੰਮੀ ਜੀ ਮੈਨੂੰ ਆਪਣੇ ਮੈਨੇਜਰ ਕੋਲ ਲੈ ਕੇ ਗਏ ਤਾਂਕਿ ਉਹ ਮੈਨੂੰ ਯਕੀਨ ਦਿਵਾ ਸਕੇ ਕਿ ਸਾਰੇ ਧਰਮ ਬੇਕਾਰ ਹਨ। ਮੰਮੀ ਜੀ ਨੇ ਸਾਡੇ ਰਿਸ਼ਤੇਦਾਰਾਂ ਨੂੰ ਵੀ ਫ਼ੋਨ ਕੀਤਾ ਤੇ ਰੋ-ਰੋ ਕੇ ਉਨ੍ਹਾਂ ਤੋਂ ਮਦਦ ਮੰਗੀ। ਇਨ੍ਹਾਂ ਗੱਲਾਂ ਕਰਕੇ ਮੈਂ ਬਹੁਤ ਦੁਖੀ ਸੀ। ਪਰ ਸਭਾਵਾਂ ਵਿਚ ਬਜ਼ੁਰਗਾਂ ਨੇ ਮੈਨੂੰ ਦੱਸਿਆ ਕਿ ਜਦੋਂ ਮੰਮੀ ਜੀ ਦੂਜਿਆਂ ਨੂੰ ਮੇਰੇ ਬਾਰੇ ਦੱਸਦੇ ਹਨ, ਤਾਂ ਅਸਲ ਵਿਚ ਉਹ ਉਨ੍ਹਾਂ ਨੂੰ ਗਵਾਹੀ ਦੇ ਰਹੇ ਹੁੰਦੇ ਹਨ।

ਮੇਰੇ ਮਾਪੇ ਚਾਹੁੰਦੇ ਸਨ ਕਿ ਮੈਂ ਉੱਚ-ਸਿੱਖਿਆ ਲਵਾਂ ਤਾਂਕਿ  ਮੈਨੂੰ ਚੰਗਾ ਕੰਮ ਮਿਲ ਸਕੇ। ਅਸੀਂ ਇੰਨੇ ਪਰੇਸ਼ਾਨ ਸੀ ਕਿ ਅਸੀਂ ਇਸ ਮਾਮਲੇ ਬਾਰੇ ਸ਼ਾਂਤੀ ਨਾਲ ਗੱਲ ਨਹੀਂ ਕਰ ਸਕਦੇ ਸੀ। ਇਸ ਲਈ ਮੈਂ ਕਈ ਚਿੱਠੀਆਂ ਲਿਖ ਕੇ ਉਨ੍ਹਾਂ ਨੂੰ ਸਮਝਾਇਆ ਕਿ ਮੈਂ ਕੀ ਕਰਨਾ ਚਾਹੁੰਦੀ ਸੀ। ਡੈਡੀ ਜੀ ਨੇ ਗੁੱਸੇ ਵਿਚ ਆ ਕੇ ਮੈਨੂੰ ਕਿਹਾ: “ਜੇ ਤੂੰ ਸੋਚਦੀ ਹੈ ਕਿ ਤੈਨੂੰ ਕੰਮ ਮਿਲ ਸਕਦਾ ਹੈ, ਤਾਂ ਕੱਲ੍ਹ ਤਕ ਕੰਮ ਲੱਭ ਲੈ ਜਾਂ ਇਹ ਘਰ ਛੱਡ ਦੇ।” ਮੈਂ ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਕੀਤੀ। ਅਗਲੇ ਹੀ ਦਿਨ ਜਦੋਂ ਮੈਂ ਪ੍ਰਚਾਰ ’ਤੇ ਸੀ, ਤਾਂ ਦੋ ਭੈਣਾਂ ਨੇ ਅਲੱਗ-ਅਲੱਗ ਸਮੇਂ ’ਤੇ ਆ ਕੇ ਮੈਨੂੰ ਆਪਣੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਲਈ ਪੁੱਛਿਆ। ਇਹ ਕੰਮ ਮਿਲਣ ਕਰਕੇ ਡੈਡੀ ਜੀ ਖ਼ੁਸ਼ ਨਹੀਂ ਸਨ। ਇਸ ਲਈ ਉਨ੍ਹਾਂ ਨੇ ਮੈਨੂੰ ਬੁਲਾਉਣਾ ਛੱਡ ਦਿੱਤਾ। ਮੰਮੀ ਜੀ ਨੇ ਕਿਹਾ, ‘ਯਹੋਵਾਹ ਦੀ ਗਵਾਹ ਬਣਨ ਨਾਲੋਂ ਚੰਗਾ ਹੁੰਦਾ ਕਿ ਤੂੰ ਅਪਰਾਧੀ ਬਣ ਜਾਂਦੀ।’

ਯਹੋਵਾਹ ਨੇ ਮੇਰੀ ਸੋਚ ਸੁਧਾਰਨ ਦੇ ਨਾਲ-ਨਾਲ ਮੇਰੀ ਇਹ ਵੀ ਮਦਦ ਕੀਤੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ

ਕਈ ਵਾਰ ਮੈਂ ਸੋਚਦੀ ਸੀ, ਕੀ ਯਹੋਵਾਹ ਸੱਚ-ਮੁੱਚ ਚਾਹੁੰਦਾ ਹੈ ਕਿ ਮੈਂ ਇਸ ਹੱਦ ਤਕ ਆਪਣੇ ਮਾਪਿਆਂ ਦੇ ਖ਼ਿਲਾਫ਼ ਜਾਵਾਂ? ਇਸ ਲਈ ਮੈਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਇਸ ਗੱਲ ’ਤੇ ਸੋਚ-ਵਿਚਾਰ ਕੀਤਾ ਕਿ ਬਾਈਬਲ ਯਹੋਵਾਹ ਦੇ ਪਿਆਰ ਬਾਰੇ ਕੀ ਕਹਿੰਦੀ ਹੈ। ਇੱਦਾਂ ਕਰ ਕੇ ਮੇਰੀ ਸਹੀ ਨਜ਼ਰੀਆ ਰੱਖਣ ਵਿਚ ਮਦਦ ਹੋਈ। ਨਾਲੇ ਇਹ ਸਮਝਣ ਵਿਚ ਮਦਦ ਹੋਈ ਕਿ ਮੇਰੇ ਮਾਪੇ ਮੇਰਾ ਵਿਰੋਧ ਇਸ ਲਈ ਕਰਦੇ ਹਨ ਕਿਉਂਕਿ ਉਹ ਮੇਰੀ ਚਿੰਤਾ ਕਰਦੇ ਹਨ। ਯਹੋਵਾਹ ਨੇ ਮੇਰੀ ਸੋਚ ਸੁਧਾਰਨ ਦੇ ਨਾਲ-ਨਾਲ ਮੇਰੀ ਇਹ ਵੀ ਮਦਦ ਕੀਤੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ, ਮੈਂ ਜਿੰਨਾ ਜ਼ਿਆਦਾ ਪ੍ਰਚਾਰ ’ਤੇ ਜਾਂਦੀ ਸੀ, ਉੱਨਾ ਜ਼ਿਆਦਾ ਮੈਂ ਇਸ ਦਾ ਮਜ਼ਾ ਲੈਂਦੀ ਸੀ। ਇਸ ਲਈ ਮੈਂ ਪਾਇਨੀਅਰ ਬਣਨਾ ਚਾਹੁੰਦੀ ਸੀ।

ਪਾਇਨੀਅਰ ਵਜੋਂ ਸੇਵਾ ਕਰਨੀ

ਜਦੋਂ ਕੁਝ ਭੈਣਾਂ ਨੇ ਸੁਣਿਆ ਕਿ ਮੈਂ ਪਾਇਨੀਅਰਿੰਗ ਕਰਨਾ ਚਾਹੁੰਦੀ ਹਾਂ, ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਨੂੰ ਉਦੋਂ ਤਕ ਇੰਤਜ਼ਾਰ ਕਰਨਾ ਚਾਹੀਦਾ ਹੈ ਜਦੋਂ ਤਕ ਮੇਰੇ ਮਾਪਿਆਂ ਦਾ ਗੁੱਸਾ ਠੰਢਾ ਨਹੀਂ ਹੋ ਜਾਂਦਾ। ਮੈਂ ਯਹੋਵਾਹ ਨੂੰ ਬੁੱਧ ਲਈ ਪ੍ਰਾਰਥਨਾ ਕੀਤੀ, ਪ੍ਰਕਾਸ਼ਨਾਂ ਵਿਚ ਖੋਜਬੀਨ ਕੀਤੀ ਅਤੇ ਇਸ ਗੱਲ ’ਤੇ ਸੋਚ-ਵਿਚਾਰ ਕੀਤਾ ਕਿ ਮੈਂ ਪਾਇਨੀਅਰਿੰਗ ਕਿਉਂ ਕਰਨਾ ਚਾਹੁੰਦੀ ਹਾਂ। ਨਾਲੇ ਮੈਂ ਤਜਰਬੇਕਾਰ ਭੈਣਾਂ-ਭਰਾਵਾਂ ਨਾਲ ਗੱਲ ਕੀਤੀ। ਅਖ਼ੀਰ ਮੈਂ ਫ਼ੈਸਲਾ ਕੀਤਾ ਕਿ ਮੈਂ ਬਸ ਯਹੋਵਾਹ ਨੂੰ ਹੀ ਖ਼ੁਸ਼ ਕਰਨਾ ਚਾਹੁੰਦੀ ਹਾਂ। ਨਾਲੇ ਮੈਨੂੰ ਇਹ ਗੱਲ ਵੀ ਸਮਝ ਆ ਗਈ ਕਿ ਭਾਵੇਂ ਮੈਂ ਪਾਇਨੀਅਰਿੰਗ ਸ਼ੁਰੂ ਕਰਨ ਲਈ ਥੋੜ੍ਹਾ ਇੰਤਜ਼ਾਰ ਕਰਾਂ, ਫਿਰ ਵੀ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਮੇਰੇ ਮਾਪੇ ਮੇਰਾ ਵਿਰੋਧ ਕਰਨਾ ਛੱਡ ਦੇਣਗੇ।

ਮੈਂ ਆਪਣੇ ਹਾਈ ਸਕੂਲ ਦੇ ਆਖ਼ਰੀ ਸਾਲ ਦੌਰਾਨ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਥੋੜ੍ਹਾ ਸਮਾਂ ਪਾਇਨੀਅਰਿੰਗ ਕਰਨ ਤੋਂ ਬਾਅਦ ਮੈਂ ਉਸ ਜਗ੍ਹਾ ਜਾਣਾ ਚਾਹੁੰਦੀ ਸੀ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਪਰ ਮੇਰੇ ਮਾਪੇ ਨਹੀਂ ਚਾਹੁੰਦੇ ਸਨ ਕਿ ਮੈਂ ਘਰ ਛੱਡਾਂ। ਇਸ ਲਈ ਮੈਂ 20 ਸਾਲ ਦੀ ਹੋਣ ਤਕ ਇੰਤਜ਼ਾਰ ਕੀਤਾ। ਫਿਰ ਮੈਂ ਬ੍ਰਾਂਚ ਆਫ਼ਿਸ ਨੂੰ ਦੱਖਣੀ ਜਪਾਨ ਵਿਚ ਜਾ ਕੇ ਪ੍ਰਚਾਰ ਕਰਨ ਬਾਰੇ ਪੁੱਛਿਆ ਜਿੱਥੇ ਮੇਰੇ ਰਿਸ਼ਤੇਦਾਰ ਸਨ ਤਾਂਕਿ ਮੇਰੇ ਮੰਮੀ ਜੀ ਜ਼ਿਆਦਾ ਪਰੇਸ਼ਾਨ ਨਾ ਹੋਣ।

ਉੱਥੇ ਪ੍ਰਚਾਰ ਕਰਦਿਆਂ ਮੈਂ ਆਪਣੀਆਂ ਕਈ ਸਟੱਡੀਆਂ ਨੂੰ ਬਪਤਿਸਮਾ ਲੈਂਦੇ ਦੇਖਿਆ ਜਿਸ ਕਰਕੇ ਮੈਨੂੰ ਬਹੁਤ ਖ਼ੁਸ਼ੀ ਹੋਈ। ਮੈਂ ਅੰਗ੍ਰੇਜ਼ੀ ਸਿੱਖਣੀ ਸ਼ੁਰੂ ਕੀਤੀ ਕਿਉਂਕਿ ਮੈਂ ਹੋਰ ਜ਼ਿਆਦਾ ਪ੍ਰਚਾਰ ਕਰਨਾ ਚਾਹੁੰਦੀ ਸੀ। ਮੇਰੀ ਮੰਡਲੀ ਵਿਚ ਦੋ ਸਪੈਸ਼ਲ ਪਾਇਨੀਅਰ ਭਰਾ ਸਨ। ਮੈਂ ਦੇਖ ਸਕਦੀ ਸੀ ਕਿ ਉਨ੍ਹਾਂ ਵਿਚ ਕਿੰਨਾ ਜੋਸ਼ ਸੀ ਅਤੇ ਉਹ ਦੂਜਿਆਂ ਦੀ ਕਿੰਨੀ ਮਦਦ ਕਰਦੇ ਸਨ। ਇਹ ਦੇਖਣ ਤੋਂ ਬਾਅਦ ਮੈਂ ਵੀ ਸਪੈਸ਼ਲ ਪਾਇਨੀਅਰਿੰਗ ਕਰਨਾ ਚਾਹੁੰਦੀ ਸੀ। ਇਸ ਸਮੇਂ ਦੌਰਾਨ ਮੰਮੀ ਜੀ ਦੋ ਵਾਰ ਬਹੁਤ ਬੀਮਾਰ ਹੋ ਗਏ ਅਤੇ ਦੋਵੇਂ ਵਾਰ ਮੈਂ ਉਨ੍ਹਾਂ ਦੀ ਦੇਖ-ਭਾਲ ਕਰਨ ਲਈ ਵਾਪਸ ਗਈ। ਇਹ ਦੇਖ ਕੇ ਉਹ ਹੈਰਾਨ ਸਨ ਅਤੇ ਉਨ੍ਹਾਂ ਦਾ ਰਵੱਈਆ ਮੇਰੇ ਪ੍ਰਤੀ ਥੋੜ੍ਹਾ ਨਰਮ ਹੋ ਗਿਆ।

ਬਰਕਤਾਂ ਦੀ ਬੁਛਾੜ

ਸੱਤ ਸਾਲਾਂ ਬਾਅਦ ਅਟੁਸ਼ੀ ਨਾਂ ਦੇ ਇਕ ਸਪੈਸ਼ਲ ਪਾਇਨੀਅਰ ਭਰਾ ਨੇ, ਜਿਸ ਬਾਰੇ ਮੈਂ ਪਹਿਲਾਂ ਗੱਲ ਕੀਤੀ ਸੀ, ਮੈਨੂੰ ਚਿੱਠੀ ਲਿਖੀ। ਉਸ ਨੇ ਲਿਖਿਆ ਕਿ ਉਹ ਵਿਆਹ ਕਰਾਉਣਾ ਚਾਹੁੰਦਾ ਹੈ ਅਤੇ ਜਾਣਨਾ ਚਾਹੁੰਦਾ ਸੀ ਕਿ ਮੈਂ ਉਸ ਬਾਰੇ ਕਿਵੇਂ ਮਹਿਸੂਸ ਕਰਦੀ ਹਾਂ। ਪਰ ਮੈਂ ਅਟੁਸ਼ੀ ਬਾਰੇ ਕਦੀ ਵੀ ਇੱਦਾਂ ਨਹੀਂ ਸੀ ਸੋਚਿਆ। ਨਾਲੇ ਨਾ ਹੀ ਇਹ ਸੋਚਿਆ ਸੀ ਕਿ ਉਸ ਦੇ ਦਿਲ ਵਿਚ ਮੇਰੇ ਬਾਰੇ ਇੱਦਾਂ ਦੀ ਕੋਈ ਇੱਛਾ ਸੀ। ਇਕ ਮਹੀਨੇ ਬਾਅਦ ਮੈਂ ਉਸ ਨੂੰ ਕਿਹਾ ਕਿ ਸਾਨੂੰ ਇਕ-ਦੂਜੇ ਬਾਰੇ ਹੋਰ ਜਾਣਨਾ ਚਾਹੀਦਾ ਹੈ। ਸਾਨੂੰ ਪਤਾ ਲੱਗਾ ਕਿ ਅਸੀਂ ਦੋਵੇਂ ਆਪਣੀ ਪੂਰੇ ਸਮੇਂ ਦੀ ਸੇਵਾ ਜਾਰੀ ਰੱਖਣੀ ਚਾਹੁੰਦੇ ਸੀ ਅਤੇ ਕੋਈ ਵੀ ਜ਼ਿੰਮੇਵਾਰੀ ਲੈਣ ਲਈ ਤਿਆਰ ਸੀ। ਕੁਝ ਸਮੇਂ ਬਾਅਦ ਸਾਡਾ ਵਿਆਹ ਹੋ ਗਿਆ। ਮੈਂ ਬਹੁਤ ਖ਼ੁਸ਼ ਸੀ ਕਿ ਮੇਰੇ ਮੰਮੀ-ਡੈਡੀ ਜੀ ਅਤੇ ਹੋਰ ਰਿਸ਼ਤੇਦਾਰ ਸਾਡੇ ਵਿਆਹ ’ਤੇ ਆਏ ਸਨ।

ਨੇਪਾਲ

ਸਾਨੂੰ ਰੈਗੂਲਰ ਪਾਇਨੀਅਰਿੰਗ ਕਰਦਿਆਂ ਅਜੇ ਥੋੜ੍ਹਾ ਹੀ ਸਮਾਂ ਹੋਇਆ ਸੀ ਕਿ ਅਟੁਸ਼ੀ ਨੂੰ ਕਦੇ-ਕਦੇ ਸਰਕਟ ਓਵਰਸੀਅਰ  ਵਜੋਂ ਸੇਵਾ ਕਰਨ ਦੀ ਜ਼ਿੰਮੇਵਾਰੀ ਮਿਲੀ। ਇਸ ਤੋਂ ਬਾਅਦ ਸਾਨੂੰ ਜਲਦੀ ਹੀ ਸਪੈਸ਼ਲ ਪਾਇਨੀਅਰ ਬਣਾ ਦਿੱਤਾ ਗਿਆ। ਫਿਰ ਸਾਨੂੰ ਪੱਕੇ ਤੌਰ ਤੇ ਸਰਕਟ ਕੰਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ। ਜਦੋਂ ਅਸੀਂ ਪਹਿਲੀ ਵਾਰ ਆਪਣੇ ਸਰਕਟ ਦੀਆਂ ਸਾਰੀਆਂ ਮੰਡਲੀਆਂ ਦਾ ਦੌਰਾ ਖ਼ਤਮ ਕਰ ਲਿਆ, ਤਾਂ ਬ੍ਰਾਂਚ ਆਫ਼ਿਸ ਤੋਂ ਸਾਨੂੰ ਫ਼ੋਨ ਆਇਆ। ਉਨ੍ਹਾਂ ਨੇ ਸਾਨੂੰ ਪੁੱਛਿਆ: ‘ਕੀ ਤੁਸੀਂ ਨੇਪਾਲ ਜਾ ਕੇ ਸਰਕਟ ਕੰਮ ਕਰਨ ਲਈ ਤਿਆਰ ਹੋ?’

ਵੱਖੋ-ਵੱਖਰੇ ਦੇਸ਼ਾਂ ਵਿਚ ਸੇਵਾ ਕਰ ਕੇ ਮੈਂ ਯਹੋਵਾਹ ਬਾਰੇ ਬਹੁਤ ਕੁਝ ਸਿੱਖਿਆ

ਮੈਨੂੰ ਇਸ ਗੱਲ ਦੀ ਚਿੰਤਾ ਸੀ ਕਿ ਮੇਰੇ ਮਾਪਿਆਂ ਨੂੰ ਕਿੱਦਾਂ ਲੱਗੇਗਾ ਕਿ ਮੈਂ ਇੰਨੀ ਦੂਰ ਜਾ ਰਹੀ ਹਾਂ। ਜਦੋਂ ਮੈਂ ਉਨ੍ਹਾਂ ਨੂੰ ਫ਼ੋਨ ਕੀਤਾ, ਤਾਂ ਮੇਰੇ ਡੈਡੀ ਜੀ ਨੇ ਕਿਹਾ, “ਤੂੰ ਬਹੁਤ ਹੀ ਵਧੀਆ ਜਗ੍ਹਾ ’ਤੇ ਜਾ ਰਹੀ ਹੈਂ।” ਸਿਰਫ਼ ਇਕ ਹਫ਼ਤਾ ਪਹਿਲਾਂ ਹੀ ਉਨ੍ਹਾਂ ਦੇ ਕਿਸੇ ਦੋਸਤ ਨੇ ਉਨ੍ਹਾਂ ਨੂੰ ਨੇਪਾਲ ਬਾਰੇ ਇਕ ਕਿਤਾਬ ਦਿੱਤੀ ਸੀ ਅਤੇ ਡੈਡੀ ਜੀ ਤਾਂ ਖ਼ੁਦ ਨੇਪਾਲ ਘੁੰਮਣ ਜਾਣ ਬਾਰੇ ਸੋਚ ਰਹੇ ਸਨ।

ਅਸੀਂ ਨੇਪਾਲ ਜਾ ਕੇ ਖ਼ੁਸ਼ ਸੀ ਕਿਉਂਕਿ ਉੱਥੋਂ ਦੇ ਲੋਕ ਦੋਸਤਾਨਾ ਸੁਭਾਅ ਦੇ ਸਨ। ਬਾਅਦ ਵਿਚ ਬੰਗਲਾਦੇਸ਼ ਨੂੰ ਵੀ ਸਾਡੇ ਸਰਕਟ ਵਿਚ ਪਾ ਦਿੱਤਾ ਗਿਆ। ਭਾਵੇਂ ਇਹ ਨੇਪਾਲ ਦੇ ਨੇੜੇ ਸੀ, ਪਰ ਫਿਰ ਵੀ ਇਹ ਕਾਫ਼ੀ ਗੱਲਾਂ ਵਿਚ ਵੱਖਰਾ ਸੀ। ਸਾਨੂੰ ਪ੍ਰਚਾਰ ਵਿਚ ਅਲੱਗ-ਅਲੱਗ ਤਰ੍ਹਾਂ ਦੇ ਲੋਕ ਮਿਲਦੇ ਸਨ। ਪੰਜ ਸਾਲਾਂ ਬਾਅਦ ਸਾਨੂੰ ਦੁਬਾਰਾ ਜਪਾਨ ਵਿਚ ਭੇਜਿਆ ਗਿਆ ਜਿੱਥੇ ਅਸੀਂ ਹੁਣ ਸਰਕਟ ਕੰਮ ਦਾ ਆਨੰਦ ਮਾਣ ਰਹੇ ਹਾਂ।

ਮੈਂ ਜਪਾਨ, ਨੇਪਾਲ ਅਤੇ ਬੰਗਲਾਦੇਸ਼ ਵਿਚ ਸੇਵਾ ਕਰਦਿਆਂ ਯਹੋਵਾਹ ਬਾਰੇ ਬਹੁਤ ਕੁਝ ਸਿੱਖਿਆ। ਹਰ ਦੇਸ਼ ਦੇ ਲੋਕਾਂ ਦਾ ਸਭਿਆਚਾਰ, ਆਦਤਾਂ ਅਤੇ ਰਿਵਾਜ ਅਲੱਗ-ਅਲੱਗ ਹੁੰਦੇ ਹਨ। ਹਰੇਕ ਦੇਸ਼ ਦਾ ਹਰ ਇਨਸਾਨ ਵੱਖੋ-ਵੱਖਰਾ ਹੁੰਦਾ ਹੈ। ਮੈਂ ਦੇਖਿਆ ਕਿ ਯਹੋਵਾਹ ਕਿਵੇਂ ਹਰ ਇਨਸਾਨ ਦੀ ਪਰਵਾਹ ਕਰਦਾ ਹੈ, ਉਨ੍ਹਾਂ ਨੂੰ ਕਬੂਲ ਕਰਦਾ ਹੈ, ਉਨ੍ਹਾਂ ਦੀ ਮਦਦ ਕਰਦਾ ਹੈ ਤੇ ਬਰਕਤਾਂ ਦਿੰਦਾ ਹੈ।

ਮੇਰੇ ਕੋਲ ਯਹੋਵਾਹ ਦਾ ਧੰਨਵਾਦ ਕਰਨ ਦੇ ਕਈ ਕਾਰਨ ਹਨ। ਉਸ ਨੇ ਮੈਨੂੰ ਆਪਣੇ ਬਾਰੇ ਸਿੱਖਣ ਅਤੇ ਆਪਣਾ ਕੰਮ ਕਰਨ ਦਾ ਸਨਮਾਨ ਦਿੱਤਾ ਹੈ। ਨਾਲੇ ਉਸ ਨੇ ਮੈਨੂੰ ਇਕ ਵਧੀਆ ਮਸੀਹੀ ਪਤੀ ਦਿੱਤਾ। ਪਰਮੇਸ਼ੁਰ ਨੇ ਸਹੀ ਫ਼ੈਸਲੇ ਕਰਨ ਵਿਚ ਮੇਰੀ ਮਦਦ ਕੀਤੀ ਹੈ ਅਤੇ ਹੁਣ ਮੇਰਾ ਪਰਮੇਸ਼ੁਰ ਨਾਲ ਤੇ ਆਪਣੇ ਪਰਿਵਾਰ ਨਾਲ ਵਧੀਆ ਰਿਸ਼ਤਾ ਹੈ। ਮੈਂ ਯਹੋਵਾਹ ਦਾ ਧੰਨਵਾਦ ਕਰਦੀ ਹਾਂ ਕਿ ਮੈਂ ਤੇ ਮੰਮੀ ਜੀ ਦੁਬਾਰਾ ਤੋਂ ਚੰਗੇ ਦੋਸਤ ਬਣ ਗਏ ਹਾਂ। ਮੈਂ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਮੈਂ ਆਪਣੇ ਮੰਮੀ ਜੀ ਅਤੇ ਪਰਮੇਸ਼ੁਰ ਦੋਹਾਂ ਨੂੰ ਖ਼ੁਸ਼ ਕੀਤਾ।

ਸਾਨੂੰ ਸਰਕਟ ਕੰਮ ਕਰ ਕੇ ਬਹੁਤ ਖ਼ੁਸ਼ੀ ਮਿਲਦੀ ਹੈ