Skip to content

Skip to table of contents

ਯਹੋਵਾਹ ਤੁਹਾਨੂੰ ਸੰਭਾਲੇਗਾ

ਯਹੋਵਾਹ ਤੁਹਾਨੂੰ ਸੰਭਾਲੇਗਾ

“ਯਹੋਵਾਹ ਉਹ ਦੀ ਮਾਂਦਗੀ ਦੇ ਮੰਜੇ ਉੱਤੇ ਉਹ ਨੂੰ ਸੰਭਾਲੇਗਾ।”ਜ਼ਬੂ. 41:3.

ਗੀਤ: 23, 138

1, 2. ਬਾਈਬਲ ਦੇ ਜ਼ਮਾਨੇ ਵਿਚ ਪਰਮੇਸ਼ੁਰ ਨੇ ਕੀ ਕੀਤਾ ਅਤੇ ਅੱਜ ਕੁਝ ਬੀਮਾਰ ਲੋਕ ਸ਼ਾਇਦ ਕੀ ਸੋਚਣ?

ਜੇ ਤੁਹਾਨੂੰ ਕਦੀ ਕੋਈ ਗੰਭੀਰ ਬੀਮਾਰੀ ਲੱਗੀ ਸੀ, ਤਾਂ ਸ਼ਾਇਦ ਤੁਸੀਂ ਆਪਣੇ ਆਪ ਤੋਂ ਪੁੱਛਿਆ ਹੋਵੇ: ‘ਕੀ ਮੈਂ ਕਦੀ ਠੀਕ ਹੋਵਾਂਗਾ?’ ਜਾਂ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਜਾਂ ਦੋਸਤ ਬੀਮਾਰ ਹੈ, ਤਾਂ ਸ਼ਾਇਦ ਤੁਸੀਂ ਸੋਚਦੇ ਹੋਵੋ ਕਿ ਇਹ ਕਦੀ ਠੀਕ ਹੋਵੇਗਾ ਕਿ ਨਹੀਂ। ਅਸੀਂ ਸਾਰੇ ਆਪਣੇ ਲਈ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਜਾਂ ਕਰੀਬੀ ਦੋਸਤਾਂ ਲਈ ਚੰਗੀ ਸਿਹਤ ਚਾਹੁੰਦੇ ਹਾਂ। ਬਾਈਬਲ ਵਿਚ ਅਸੀਂ ਕੁਝ ਅਜਿਹੇ ਵਿਅਕਤੀਆਂ ਬਾਰੇ ਪੜ੍ਹ ਸਕਦੇ ਹਾਂ ਜਿਹੜੇ ਇਹ ਜਾਣਨਾ ਚਾਹੁੰਦੇ ਸਨ ਕਿ ਉਹ ਆਪਣੀ ਬੀਮਾਰੀ ਤੋਂ ਠੀਕ ਹੋਣਗੇ। ਮਿਸਾਲ ਲਈ, ਅਹਾਬ ਅਤੇ ਈਜ਼ਬਲ ਦਾ ਮੁੰਡਾ ਰਾਜਾ ਅਹਜ਼ਯਾਹ ਸੋਚਦਾ ਸੀ ਕਿ ਉਸ ਦੀ ਸੱਟ ਕਦੀ ਠੀਕ ਹੋਵੇਗੀ। ਕੁਝ ਸਾਲਾਂ ਬਾਅਦ ਸੀਰੀਆ ਦੇ ਰਾਜੇ ਬਨ-ਹਦਦ ਨੇ ਵੀ ਬੀਮਾਰੀ ਦੀ ਹਾਲਾਤ ਵਿਚ ਸੋਚਿਆ ਕਿ ਉਹ ਕਦੀ ਠੀਕ ਹੋਵੇਗਾ।2 ਰਾਜ. 1:2; 8:7, 8.

2 ਬਾਈਬਲ ਸਾਨੂੰ ਇਹ ਵੀ ਦੱਸਦੀ ਹੈ ਕਿ ਬੀਤੇ ਸਾਲਾਂ ਵਿਚ ਯਹੋਵਾਹ ਨੇ ਕਈ ਵਾਰ ਚਮਤਕਾਰ ਕਰ ਕੇ ਲੋਕਾਂ ਨੂੰ ਠੀਕ ਕੀਤਾ, ਇੱਥੋਂ ਤਕ ਕਿ ਮਰੇ ਹੋਏ ਲੋਕਾਂ ਨੂੰ ਵੀ ਜੀਉਂਦਾ ਕੀਤਾ। (1 ਰਾਜ. 17:17-24; 2 ਰਾਜ. 4:17-20, 32-35) ਅੱਜ ਸ਼ਾਇਦ ਕੁਝ ਬੀਮਾਰ ਲੋਕ ਸੋਚਣ ਕਿ ਪਰਮੇਸ਼ੁਰ ਉਨ੍ਹਾਂ ਨੂੰ ਵੀ ਠੀਕ ਕਰਨ ਲਈ ਕੁਝ ਕਰੇਗਾ।

3-5. ਯਹੋਵਾਹ ਅਤੇ ਯਿਸੂ ਕੀ ਕਰ ਸਕਦੇ ਹਨ ਅਤੇ ਅਸੀਂ ਕਿਹੜੇ ਸਵਾਲਾਂ ’ਤੇ ਗੌਰ ਕਰਾਂਗੇ?

3 ਬਾਈਬਲ ਦੱਸਦੀ ਹੈ ਕਿ ਯਹੋਵਾਹ ਕੋਲ ਲੋਕਾਂ ਦੀ ਸਿਹਤ ਵਿਗਾੜਨ ਅਤੇ  ਸੁਧਾਰਨ ਦੀ ਸ਼ਕਤੀ ਹੈ। ਉਸ ਨੇ ਕੁਝ ਲੋਕਾਂ ਨੂੰ ਬੀਮਾਰੀਆਂ ਲਾ ਕੇ ਸਜ਼ਾ ਦਿੱਤੀ, ਜਿਵੇਂ ਅਬਰਾਹਾਮ ਦੇ ਸਮੇਂ ਵਿਚ ਫ਼ਿਰਾਊਨ ਨੂੰ ਅਤੇ ਕੁਝ ਸਾਲਾਂ ਬਾਅਦ ਮੂਸਾ ਦੀ ਭੈਣ ਮਿਰਯਮ ਨੂੰ। (ਉਤ. 12:17; ਗਿਣ. 12:9, 10; 2 ਸਮੂ. 24:15) ਨਾਲੇ ਉਸ ਨੇ ਇਜ਼ਰਾਈਲ ਕੌਮ ਨੂੰ ਵੀ “ਬਿਮਾਰੀ ਅਤੇ ਹਰ ਬਿਪਤਾ” ਲਾ ਕੇ ਸਜ਼ਾ ਦਿੱਤੀ ਜਦੋਂ ਉਹ ਯਹੋਵਾਹ ਦੇ ਵਫ਼ਾਦਾਰ ਨਹੀਂ ਰਹੀ। (ਬਿਵ. 28:58-61) ਪਰ ਹੋਰ ਮੌਕਿਆਂ ’ਤੇ ਯਹੋਵਾਹ ਨੇ ਆਪਣੇ ਲੋਕਾਂ ਨੂੰ ਬੀਮਾਰ ਹੋਣ ਤੋਂ ਬਚਾਇਆ। (ਕੂਚ 23:25; ਬਿਵ. 7:15) ਉਸ ਨੇ ਕੁਝ ਲੋਕਾਂ ਨੂੰ ਚੰਗਾ ਵੀ ਕੀਤਾ। ਮਿਸਾਲ ਲਈ, ਜਦੋਂ ਅੱਯੂਬ ਬਹੁਤ ਬੀਮਾਰ ਸੀ ਅਤੇ ਮਰਨਾ ਚਾਹੁੰਦਾ ਸੀ, ਤਾਂ ਯਹੋਵਾਹ ਨੇ ਉਸ ਨੂੰ ਠੀਕ ਕੀਤਾ।ਅੱਯੂ. 2:7; 3:11-13; 42:10, 16.

4 ਸਾਨੂੰ ਪੱਕਾ ਯਕੀਨ ਹੈ ਕਿ ਯਹੋਵਾਹ ਕੋਲ ਬੀਮਾਰਾਂ ਨੂੰ ਚੰਗਾ ਕਰਨ ਦੀ ਤਾਕਤ ਹੈ। ਯਿਸੂ ਵੀ ਬੀਮਾਰਾਂ ਨੂੰ ਠੀਕ ਕਰ ਸਕਦਾ ਹੈ। ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਉਸ ਨੇ ਕੋੜ੍ਹੀਆਂ, ਮਿਰਗੀ ਦੇ ਰੋਗੀਆਂ, ਅੰਨ੍ਹਿਆਂ ਅਤੇ ਅਧਰੰਗੀ ਲੋਕਾਂ ਨੂੰ ਠੀਕ ਕੀਤਾ। (ਮੱਤੀ 4:23, 24 ਪੜ੍ਹੋ; ਯੂਹੰ. 9:1-7) ਇਨ੍ਹਾਂ ਚਮਤਕਾਰਾਂ ਬਾਰੇ ਸੋਚ ਕੇ ਅਸੀਂ ਆਉਣ ਵਾਲੀ ਨਵੀਂ ਦੁਨੀਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਜਿੱਥੇ ਯਿਸੂ ਵੱਡੇ ਪੈਮਾਨੇ ’ਤੇ ਚਮਤਕਾਰ ਕਰੇਗਾ। ਉਸ ਵੇਲੇ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।”ਯਸਾ. 33:24.

5 ਪਰ ਜੇ ਸਾਨੂੰ ਕੋਈ ਗੰਭੀਰ ਬੀਮਾਰ ਲੱਗ ਜਾਵੇ, ਤਾਂ ਕੀ ਅਸੀਂ ਯਹੋਵਾਹ ਜਾਂ ਯਿਸੂ ਤੋਂ ਇਹ ਆਸ ਰੱਖ ਸਕਦੇ ਹਾਂ ਕਿ ਉਹ ਸਾਨੂੰ ਚਮਤਕਾਰੀ ਢੰਗ ਨਾਲ ਠੀਕ ਕਰਨਗੇ? ਨਾਲੇ ਇਲਾਜ ਦੀ ਚੋਣ ਕਰਦਿਆਂ ਸਾਨੂੰ ਕਿਹੜੀ ਗੱਲ ਬਾਰੇ ਸੋਚਣਾ ਚਾਹੀਦਾ ਹੈ?

ਬੀਮਾਰੀ ਵੇਲੇ ਯਹੋਵਾਹ ’ਤੇ ਭਰੋਸਾ ਰੱਖੋ

6. ਪਹਿਲੀ ਸਦੀ ਵਿਚ ਮਸੀਹੀਆਂ ਵੱਲੋਂ ਕੀਤੇ ਚਮਤਕਾਰਾਂ ਬਾਰੇ ਬਾਈਬਲ ਕੀ ਕਹਿੰਦੀ ਹੈ?

6 ਪਹਿਲੀ ਸਦੀ ਵਿਚ ਯਹੋਵਾਹ ਨੇ ਪਵਿੱਤਰ ਸ਼ਕਤੀ ਨਾਲ ਮਸੀਹੀਆਂ ਨੂੰ ਚੁਣਿਆ ਅਤੇ ਉਨ੍ਹਾਂ ਵਿੱਚੋਂ ਕਈਆਂ ਨੂੰ ਚਮਤਕਾਰ ਕਰਨ ਦੀ ਸ਼ਕਤੀ ਦਿੱਤੀ। (ਰਸੂ. 3:2-7; 9:36-42) ‘ਵੱਖੋ-ਵੱਖਰੀਆਂ ਦਾਤਾਂ’ ਵਿੱਚੋਂ ਇਕ ਦਾਤ ਸੀ, “ਬੀਮਾਰਾਂ ਨੂੰ ਚੰਗਾ” ਕਰਨਾ। (1 ਕੁਰਿੰ. 12:4-11) ਪਰ ਇਹ ਤੇ ਹੋਰ ਦਾਤਾਂ, ਜਿਵੇਂ ਕਿ ਵੱਖੋ-ਵੱਖਰੀਆਂ ਬੋਲੀਆਂ ਬੋਲਣੀਆਂ ਅਤੇ ਭਵਿੱਖਬਾਣੀਆਂ ਕਰਨੀਆਂ, ਖ਼ਤਮ ਹੋ ਜਾਣੀਆਂ ਸਨ। (1 ਕੁਰਿੰ. 13:8) ਅੱਜ ਇਹ ਦਾਤਾਂ ਖ਼ਤਮ ਹੋ ਚੁੱਕੀਆਂ ਹਨ। ਇਸ ਲਈ ਅੱਜ ਅਸੀਂ ਇਹ ਉਮੀਦ ਨਹੀਂ ਰੱਖ ਸਕਦੇ ਕਿ ਪਰਮੇਸ਼ੁਰ ਚਮਤਕਾਰੀ ਢੰਗ ਨਾਲ ਸਾਨੂੰ ਜਾਂ ਉਨ੍ਹਾਂ ਲੋਕਾਂ ਨੂੰ ਠੀਕ ਕਰੇਗਾ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ।

7. ਸਾਨੂੰ ਜ਼ਬੂਰ 41:3 ਤੋਂ ਕੀ ਹੌਸਲਾ ਮਿਲਦਾ ਹੈ?

7 ਪਰ ਜੇ ਤੁਸੀਂ ਬੀਮਾਰ ਹੋ, ਤਾਂ ਤੁਸੀਂ ਪੱਕਾ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਨੂੰ ਦਿਲਾਸਾ ਦੇਵੇਗਾ ਅਤੇ ਤੁਹਾਡੀ ਸਹਾਇਤਾ ਕਰੇਗਾ, ਜਿੱਦਾਂ ਉਸ ਨੇ ਪੁਰਾਣੇ ਸਮੇਂ ਵਿਚ ਆਪਣੇ ਸੇਵਕਾਂ ਨਾਲ ਕੀਤਾ ਸੀ। ਰਾਜਾ ਦਾਊਦ ਨੇ ਲਿਖਿਆ: “ਧੰਨ ਹੈ ਉਹ ਜਿਹੜਾ ਗਰੀਬ ਦੀ ਸੁੱਧ ਲੈਂਦਾ ਹੈ, ਯਹੋਵਾਹ ਉਹ ਨੂੰ ਬੁਰਿਆਈ ਦੇ ਵੇਲੇ ਛੁਡਾਵੇਗਾ। ਯਹੋਵਾਹ ਉਹ ਦੀ ਪਾਲਨਾ ਕਰੇਗਾ ਅਤੇ ਉਹ ਨੂੰ ਜੀਉਂਦਿਆਂ ਰੱਖੇਗਾ।” (ਜ਼ਬੂ. 41:1, 2) ਪਰ ਦਾਊਦ ਦੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਜਿਹੜਾ ਗ਼ਰੀਬ ਦੀ ਸੁੱਧ ਲੈਂਦਾ ਹੈ ਉਹ ਕਦੀ ਨਹੀਂ ਮਰੇਗਾ। ਸੋ ਯਹੋਵਾਹ ਗ਼ਰੀਬ ਦੀ ਸੁੱਧ ਲੈਣ ਵਾਲੇ ਵਿਅਕਤੀ ਦੀ ਕਿਵੇਂ ਮਦਦ ਕਰੇਗਾ? ਦਾਊਦ ਨੇ ਸਮਝਾਇਆ: “ਯਹੋਵਾਹ ਉਹ ਦੀ ਮਾਂਦਗੀ ਦੇ ਮੰਜੇ ਉੱਤੇ ਉਹ ਨੂੰ ਸੰਭਾਲੇਗਾ। ਤੂੰ ਉਹ ਦੀ ਬਿਮਾਰੀ ਦੇ ਵੇਲੇ ਉਹ ਦਾ ਸਾਰਾ ਬਿਸਤਰਾ ਉਲਟਾ ਕੇ ਵਿਛਾਵੇਂਗਾ।” (ਜ਼ਬੂ. 41:3) ਯਹੋਵਾਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਸ ਦੇ ਸੇਵਕ ਕਿਹੜੇ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੇ ਹਨ ਅਤੇ ਉਹ ਉਨ੍ਹਾਂ ਨੂੰ ਕਦੀ ਨਹੀਂ ਭੁੱਲਦਾ। ਉਹ ਉਨ੍ਹਾਂ ਨੂੰ ਹਿੰਮਤ ਅਤੇ ਬੁੱਧ ਦੇ ਸਕਦਾ ਹੈ। ਨਾਲੇ ਯਹੋਵਾਹ ਨੇ ਇਨਸਾਨ ਦਾ ਸਰੀਰ ਇੱਦਾਂ ਦਾ ਬਣਾਇਆ ਹੈ ਕਿ ਉਹ ਆਪਣੇ ਆਪ ਹੀ ਠੀਕ ਹੋ ਸਕਦਾ ਹੈ।

8. ਜਦੋਂ ਦਾਊਦ ਬਹੁਤ ਬੀਮਾਰ ਸੀ, ਤਾਂ ਉਸ ਨੇ ਜ਼ਬੂਰ 41:4 ਮੁਤਾਬਕ ਯਹੋਵਾਹ ਤੋਂ ਕੀ ਮੰਗਿਆ?

8 ਜ਼ਬੂਰ 41 ਵਿਚ ਦਾਊਦ ਨੇ ਉਸ ਸਮੇਂ ਬਾਰੇ ਵੀ ਲਿਖਿਆ ਜਦੋਂ ਉਹ ਬਹੁਤ ਹੀ ਬੀਮਾਰ, ਕਮਜ਼ੋਰ ਅਤੇ ਚਿੰਤਾ ਵਿਚ ਸੀ। ਲੱਗਦਾ ਹੈ ਕਿ ਉਸ ਵੇਲੇ ਉਸ ਦਾ ਪੁੱਤ੍ਰ ਅਬਸ਼ਾਲੋਮ ਉਸ ਦੀ ਰਾਜ-ਗੱਦੀ ਹੜੱਪਣ ਦੀ ਕੋਸ਼ਿਸ਼ ਕਰ ਰਿਹਾ ਸੀ। ਦਾਊਦ ਇੰਨਾ ਬੀਮਾਰ ਸੀ ਕਿ ਉਹ ਅਬਸ਼ਾਲੋਮ ਨੂੰ ਰੋਕ ਨਾ ਸਕਿਆ। ਉਹ ਜਾਣਦਾ ਸੀ ਕਿ ਉਸ ਦੇ ਘਰ ਦੇ ਵਿਗੜੇ ਹਾਲਾਤ ਬਥ-ਸ਼ਬਾ ਨਾਲ ਕੀਤੇ ਉਸ ਦੇ ਪਾਪ ਦਾ ਨਤੀਜਾ ਸਨ। (2 ਸਮੂ. 12:7-14) ਫਿਰ ਉਸ ਨੇ ਕੀ ਕੀਤਾ? ਉਸ ਨੇ ਪ੍ਰਾਰਥਨਾ ਵਿਚ ਕਿਹਾ: “ਮੈਂ ਆਖਿਆ, ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ, ਮੇਰੀ  ਜਾਨ ਨੂੰ ਚੰਗਿਆਂ ਕਰ, ਮੈਂ ਤੇਰਾ ਪਾਪ ਜੋ ਕੀਤਾ ਹੈ।” (ਜ਼ਬੂ. 41:4) ਦਾਊਦ ਜਾਣਦਾ ਸੀ ਕਿ ਯਹੋਵਾਹ ਨੇ ਉਸ ਦਾ ਪਾਪ ਮਾਫ਼ ਕਰ ਦਿੱਤਾ ਸੀ। ਇਸ ਕਰਕੇ ਉਸ ਨੇ ਬੀਮਾਰੀ ਦੀ ਹਾਲਤ ਵਿਚ ਯਹੋਵਾਹ ’ਤੇ ਭਰੋਸਾ ਰੱਖਿਆ। ਪਰ ਕੀ ਦਾਊਦ ਨੇ ਇਹ ਆਸ ਰੱਖੀ ਕਿ ਯਹੋਵਾਹ ਚਮਤਕਾਰ ਕਰ ਕੇ ਉਸ ਨੂੰ ਠੀਕ ਕਰੇਗਾ?

9. (ੳ) ਯਹੋਵਾਹ ਨੇ ਰਾਜੇ ਹਿਜ਼ਕੀਯਾਹ ਨਾਲ ਕੀ ਕੀਤਾ? (ਅ) ਦਾਊਦ ਨੇ ਯਹੋਵਾਹ ਤੋਂ ਕਿਹੜੀ ਆਸ ਰੱਖੀ?

9 ਬਹੁਤ ਸਾਲਾਂ ਬਾਅਦ ਜਦੋਂ ਰਾਜਾ “ਹਿਜ਼ਕੀਯਾਹ ਬੀਮਾਰ ਹੋ ਕੇ ਮਰਨ ਲੱਗਾ ਸੀ,” ਤਾਂ ਯਹੋਵਾਹ ਨੇ ਰਾਜੇ ਨੂੰ ਚੰਗਾ ਕਰ ਕੇ ਉਸ ਦੀ ਉਮਰ 15 ਸਾਲ ਹੋਰ ਵਧਾ ਦਿੱਤੀ। (2 ਰਾਜ. 20:1-6) ਪਰ ਦਾਊਦ ਨੇ ਪਰਮੇਸ਼ੁਰ ਨੂੰ ਇਹ ਪ੍ਰਾਰਥਨਾ ਨਹੀਂ ਕੀਤੀ ਕਿ ਉਹ ਉਸ ਨੂੰ ਚਮਤਕਾਰ ਕਰ ਕੇ ਠੀਕ ਕਰੇ। ਇਸ ਦੀ ਬਜਾਇ, ਉਸ ਨੇ ਪਰਮੇਸ਼ੁਰ ਤੋਂ ਇਹ ਉਮੀਦ ਰੱਖੀ ਕਿ ਜਿੱਦਾਂ ਪਰਮੇਸ਼ੁਰ ਨੇ “ਗਰੀਬ ਦੀ ਸੁੱਧ” ਲੈਣ ਵਾਲਿਆਂ ਦੀ ਮਦਦ ਕਰਨ ਦਾ ਵਾਅਦਾ ਕੀਤਾ ਹੈ ਉਸੇ ਤਰ੍ਹਾਂ ਉਹ ਉਸ ਦੀ ਮਦਦ ਕਰੇ। ਦਾਊਦ ਦਾ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਸੀ, ਇਸ ਲਈ ਉਸ ਨੇ ਯਹੋਵਾਹ ਨੂੰ ਕਿਹਾ ਕਿ ਉਹ ਉਸ ਨੂੰ ਬੀਮਾਰੀ ਦੀ ਹਾਲਤ ਵਿਚ ਦਿਲਾਸਾ ਦੇਵੇ ਅਤੇ ਸੰਭਾਲੇ। ਉਸ ਨੇ ਇਹ ਵੀ ਕਿਹਾ ਕਿ ਯਹੋਵਾਹ ਉਸ ਨੂੰ ਬੀਮਾਰੀ ਤੋਂ ਨਰੋਆ ਕਰੇ। ਅਸੀਂ ਵੀ ਦਾਊਦ ਵਾਂਗ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ।ਜ਼ਬੂ. 103:3.

10. ਤ੍ਰੋਫ਼ਿਮੁਸ ਅਤੇ ਇਪਾਫ੍ਰੋਦੀਤੁਸ ਨੂੰ ਕੀ ਹੋਇਆ ਅਤੇ ਅਸੀਂ ਇਸ ਤੋਂ ਕੀ ਸਿੱਖਦੇ ਹਾਂ?

10 ਪਹਿਲੀ ਸਦੀ ਵਿਚ ਸਾਰੇ ਮਸੀਹੀਆਂ ਨੂੰ ਚਮਤਕਾਰ ਕਰ ਕੇ ਠੀਕ ਨਹੀਂ ਕੀਤਾ ਗਿਆ ਸੀ ਭਾਵੇਂ ਪੌਲੁਸ ਰਸੂਲ ਅਤੇ ਹੋਰ ਚੇਲੇ ਇਸ ਤਰ੍ਹਾਂ ਕਰ ਸਕਦੇ ਸਨ। (ਰਸੂਲਾਂ ਦੇ ਕੰਮ 14:8-10 ਪੜ੍ਹੋ।) ਪੌਲੁਸ ਰਸੂਲ ਨੇ ਪੁਬਲਿਯੁਸ ਦੇ ਪਿਤਾ ਨੂੰ ਠੀਕ ਕੀਤਾ ਜਿਸ ਨੂੰ ‘ਬੁਖ਼ਾਰ ਚੜ੍ਹਿਆ ਹੋਇਆ ਸੀ ਅਤੇ ਮਰੋੜ ਲੱਗੇ ਹੋਏ ਸਨ।’ “ਪੌਲੁਸ ਨੇ ਉਸ ਕੋਲ ਜਾ ਕੇ ਪ੍ਰਾਰਥਨਾ ਕੀਤੀ ਅਤੇ ਉਸ ਉੱਤੇ ਆਪਣੇ ਹੱਥ ਰੱਖ ਕੇ ਉਸ ਨੂੰ ਠੀਕ ਕੀਤਾ।” (ਰਸੂ. 28:8) ਪਰ ਪੌਲੁਸ ਨੇ ਆਪਣੇ ਦੋਸਤ ਤ੍ਰੋਫ਼ਿਮੁਸ ਨਾਲ ਇੱਦਾਂ ਨਹੀਂ ਕੀਤਾ ਜੋ ਉਸ ਨਾਲ ਮਿਸ਼ਨਰੀ ਦੌਰੇ ’ਤੇ ਸੀ। (ਰਸੂ. 20:3-5, 22; 21:29) ਜਦੋਂ ਤ੍ਰੋਫ਼ਿਮੁਸ ਬੀਮਾਰ ਹੋ ਗਿਆ ਅਤੇ ਪੌਲੁਸ ਨਾਲ ਅੱਗੇ ਸਫ਼ਰ ’ਤੇ ਨਹੀਂ ਜਾ ਸਕਿਆ, ਤਾਂ ਪੌਲੁਸ ਨੇ ਉਸ ਨੂੰ ਠੀਕ ਨਹੀਂ ਕੀਤਾ, ਸਗੋਂ ਉਹ ਤ੍ਰੋਫ਼ਿਮੁਸ ਨੂੰ ਠੀਕ ਹੋਣ ਲਈ ਮਿਲੇਤੁਸ ਸ਼ਹਿਰ ਛੱਡ ਗਿਆ। (2 ਤਿਮੋ. 4:20) ਪੌਲੁਸ ਦਾ ਇਕ ਹੋਰ ਦੋਸਤ ਇਪਾਫ੍ਰੋਦੀਤੁਸ “ਇੰਨਾ ਬੀਮਾਰ ਹੋ ਗਿਆ ਸੀ ਕਿ ਮਰਨ ਕਿਨਾਰੇ ਪਹੁੰਚ ਗਿਆ ਸੀ।” ਪਰ ਬਾਈਬਲ ਇਹ ਨਹੀਂ ਦੱਸਦੀ ਕਿ ਪੌਲੁਸ ਨੇ ਉਸ ਨੂੰ ਠੀਕ ਕੀਤਾ ਸੀ।ਫ਼ਿਲਿ. 2:25-27, 30.

ਸਾਨੂੰ ਕਿਹੜੀ ਸਲਾਹ ਮੰਨਣੀ ਚਾਹੀਦੀ ਹੈ?

11, 12. ਅਸੀਂ ਲੂਕਾ ਬਾਰੇ ਕੀ ਜਾਣਦੇ ਹਾਂ ਅਤੇ ਉਸ ਨੇ ਸ਼ਾਇਦ ਪੌਲੁਸ ਦੀ ਕਿਵੇਂ ਮਦਦ ਕੀਤੀ?

11 “ਪਿਆਰੇ ਭਰਾ ਅਤੇ ਹਕੀਮ ਲੂਕਾ” ਨੇ ਰਸੂਲਾਂ ਦੇ ਕੰਮ ਦੀ ਕਿਤਾਬ ਲਿਖੀ ਅਤੇ ਪੌਲੁਸ ਨਾਲ ਸਫ਼ਰ ਵੀ ਕੀਤਾ। (ਕੁਲੁ. 4:14; ਰਸੂ. 16:10-12; 20:5, 6) ਲੱਗਦਾ ਹੈ ਕਿ ਲੂਕਾ ਨੇ ਪੌਲੁਸ ਅਤੇ ਉਸ ਨਾਲ ਮਿਸ਼ਨਰੀ ਦੌਰੇ ’ਤੇ ਗਏ ਹੋਰ ਭਰਾਵਾਂ ਨੂੰ ਡਾਕਟਰੀ ਸਲਾਹ ਦੇਣ ਦੇ ਨਾਲ-ਨਾਲ ਦਵਾਈਆਂ ਵੀ ਦਿੱਤੀਆਂ ਸਨ। (ਗਲਾ. 4:13) ਯਿਸੂ ਨੇ ਕਿਹਾ: “ਹਕੀਮ ਦੀ ਲੋੜ ਤੰਦਰੁਸਤ ਲੋਕਾਂ ਨੂੰ ਨਹੀਂ, ਸਗੋਂ ਬੀਮਾਰਾਂ ਨੂੰ ਹੁੰਦੀ ਹੈ।”ਲੂਕਾ 5:31.

12 ਲੂਕਾ ਐਵੇਂ ਦੂਸਰਿਆਂ ਨੂੰ ਸਿਹਤ ਸੰਬੰਧੀ ਸਲਾਹਾਂ ਨਹੀਂ ਸੀ ਦਿੰਦਾ। ਪਰ ਹਕੀਮ ਹੋਣ ਕਰਕੇ ਉਹ ਸਿਹਤ ਸੰਬੰਧੀ ਸਲਾਹ ਦੇਣ ਦੇ ਕਾਬਲ ਸੀ। ਬਾਈਬਲ ਸਾਨੂੰ ਇਹ ਨਹੀਂ ਦੱਸਦੀ ਕਿ ਲੂਕਾ ਨੇ ਕਿੱਥੋਂ ਜਾਂ ਕਦੋਂ ਡਾਕਟਰੀ ਪੜ੍ਹਾਈ ਕੀਤੀ ਸੀ। ਪਰ ਸ਼ਾਇਦ ਲੂਕਾ ਨੇ ਕੁਲੁੱਸੈ ਦੇ ਨੇੜੇ ਲਾਉਦਿਕੀਆ ਸ਼ਹਿਰ ਵਿਚ ਪੜ੍ਹਾਈ ਕੀਤੀ ਸੀ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਕਿਉਂਕਿ ਬਾਈਬਲ ਦੱਸਦੀ ਹੈ ਕਿ ਪੌਲੁਸ ਨੇ ਲੂਕਾ ਵੱਲੋਂ ਕੁਲੁੱਸੀਆਂ ਦੀ ਮੰਡਲੀ ਨੂੰ ਪਿਆਰ ਭੇਜਿਆ। ਨਾਲੇ ਜਦੋਂ ਲੂਕਾ ਨੇ ਰਸੂਲਾਂ ਅਤੇ ਲੂਕਾ ਦੀ ਕਿਤਾਬ ਲਿਖੀ, ਤਾਂ ਉਸ ਨੇ ਡਾਕਟਰੀ ਖੇਤਰ ਨਾਲ ਸੰਬੰਧਿਤ ਕੁਝ ਸ਼ਬਦ ਵਰਤੇ। ਇਸ ਤੋਂ ਇਲਾਵਾ, ਉਸ ਨੇ ਯਿਸੂ ਵੱਲੋਂ ਠੀਕ ਕੀਤੇ ਗਏ ਲੋਕਾਂ ਬਾਰੇ ਲਿਖਿਆ ਕਿ ਉਨ੍ਹਾਂ ਨੂੰ ਕਿਵੇਂ ਠੀਕ ਕੀਤਾ ਗਿਆ ਸੀ।

13. ਸਾਨੂੰ ਸਿਹਤ ਸੰਬੰਧੀ ਕੋਈ ਵੀ ਸਲਾਹ ਲੈਣ ਜਾਂ ਦੇਣ ਬਾਰੇ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?

13 ਭਾਵੇਂ ਕਿ ਅੱਜ ਸਾਡੇ ਮਸੀਹੀ ਭੈਣ-ਭਰਾ ਚਮਤਕਾਰ ਕਰ ਕੇ ਸਾਨੂੰ ਠੀਕ ਨਹੀਂ ਕਰ ਸਕਦੇ, ਪਰ ਫਿਰ ਵੀ ਉਹ ਸਾਡੀ ਮਦਦ ਕਰਨੀ ਚਾਹੁੰਦੇ ਹਨ। ਇਸ ਕਰਕੇ ਉਹ ਸ਼ਾਇਦ ਸਾਨੂੰ ਬਿਨਾਂ ਮੰਗੇ ਹੀ ਸਲਾਹ ਦੇਣ। ਇਹ ਸੱਚ ਹੈ ਕਿ ਕਈ ਸਲਾਹਾਂ ਸਾਨੂੰ ਨੁਕਸਾਨ ਨਾ ਪਹੁੰਚਾਉਣ।  ਮਿਸਾਲ ਲਈ, ਪੌਲੁਸ ਨੇ ਤਿਮੋਥਿਉਸ ਨੂੰ ਥੋੜ੍ਹੀ ਜਿਹੀ ਦਾਖਰਸ ਪੀਣ ਦੀ ਸਲਾਹ ਦਿੱਤੀ ਸੀ। ਸ਼ਾਇਦ ਗੰਦੇ ਪਾਣੀ ਕਰਕੇ ਤਿਮੋਥਿਉਸ ਦੇ ਢਿੱਡ ਵਿਚ ਗੜਬੜ ਰਹਿੰਦੀ ਸੀ। * (1 ਤਿਮੋਥਿਉਸ 5:23 ਪੜ੍ਹੋ।) ਪਰ ਸਾਨੂੰ ਦੂਜਿਆਂ ਵੱਲੋਂ ਦਿੱਤੀ ਸਲਾਹ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਇਕ ਭੈਣ ਜਾਂ ਭਰਾ ਸ਼ਾਇਦ ਸਾਡੇ ’ਤੇ ਖ਼ਾਸ ਦਵਾਈਆਂ, ਜੜ੍ਹੀ-ਬੂਟੀਆਂ ਜਾਂ ਖ਼ਾਸ ਤਰ੍ਹਾਂ ਦਾ ਭੋਜਨ ਖਾਣ ਜਾਂ ਨਾ ਖਾਣ ਦਾ ਜ਼ੋਰ ਪਾਵੇ। ਉਹ ਸ਼ਾਇਦ ਸਾਨੂੰ ਕਹੇ ਕਿ ਉਸ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਇਹੀ ਸਮੱਸਿਆ ਸੀ ਅਤੇ ਉਸ ਨੂੰ ਇਸ ਨਾਲ ਫ਼ਾਇਦਾ ਹੋਇਆ। ਪਰ ਇਸ ਦਾ ਇਹ ਮਤਲਬ ਨਹੀਂ ਕਿ ਇਸ ਨਾਲ ਸਾਨੂੰ ਵੀ ਫ਼ਾਇਦਾ ਹੋਵੇਗਾ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਕਿਸੇ ਨੂੰ ਕੋਈ ਦਵਾਈ ਖਾਣ ਜਾਂ ਇਲਾਜ ਕਰਾਉਣ ਨਾਲ ਫ਼ਾਇਦਾ ਹੋਇਆ ਹੈ, ਤਾਂ ਜ਼ਰੂਰੀ ਨਹੀਂ ਕਿ ਸਾਨੂੰ ਵੀ ਫ਼ਾਇਦਾ ਹੋਵੇ।ਕਹਾਉਤਾਂ 27:12 ਪੜ੍ਹੋ।

ਸਮਝਦਾਰੀ ਤੋਂ ਕੰਮ ਲਓ

14, 15. (ੳ) ਸਾਨੂੰ ਕਿਨ੍ਹਾਂ ਲੋਕਾਂ ਤੋਂ ਖ਼ਬਰਦਾਰ ਰਹਿਣ ਦੀ ਲੋੜ ਹੈ? (ਅ) ਅਸੀਂ ਕਹਾਉਤਾਂ 14:15 ਤੋਂ ਕੀ ਸਿੱਖ ਸਕਦੇ ਹਾਂ?

14 ਅਸੀਂ ਸਾਰੇ ਹੀ ਚੰਗੀ ਸਿਹਤ ਚਾਹੁੰਦੇ ਹਾਂ ਤਾਂਕਿ ਅਸੀਂ ਜ਼ਿੰਦਗੀ ਅਤੇ ਯਹੋਵਾਹ ਦੀ ਸੇਵਾ ਦਾ ਆਨੰਦ ਮਾਣ ਸਕੀਏ। ਪਰ ਪਾਪੀ ਹੋਣ ਕਰਕੇ ਅਸੀਂ ਸਾਰੀਆਂ ਬੀਮਾਰੀਆਂ ਤੋਂ ਬਚ ਨਹੀਂ ਸਕਦੇ। ਜਦੋਂ ਅਸੀਂ ਬੀਮਾਰ ਹੁੰਦੇ ਹਾਂ, ਤਾਂ ਸ਼ਾਇਦ ਉਸ ਬੀਮਾਰੀ ਦੇ ਬਹੁਤ ਸਾਰੇ ਇਲਾਜ ਹੋਣ। ਸਾਡੇ ਕੋਲ ਇਹ ਫ਼ੈਸਲਾ ਕਰਨ ਦਾ ਹੱਕ ਹੈ ਕਿ ਅਸੀਂ ਕਿਹੜਾ ਇਲਾਜ ਕਰਾਵਾਂਗੇ ਤੇ ਕਿਹੜਾ ਨਹੀਂ। ਦੁੱਖ ਦੀ ਗੱਲ ਹੈ ਕਿ ਕੁਝ ਲਾਲਚੀ ਲੋਕ ਅਤੇ ਕੰਪਨੀਆਂ ਪੈਸਾ ਕਮਾਉਣ ਲਈ ਬੀਮਾਰ ਲੋਕਾਂ ਨੂੰ ਮਹਿੰਗੀਆਂ ਦਵਾਈਆਂ ਖਾਣ ਲਈ ਜ਼ੋਰ ਪਾਉਂਦੇ ਹਨ। ਉਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਉਨ੍ਹਾਂ ਦੀ ਬੀਮਾਰੀ ਦਾ ਇਲਾਜ ਲੱਭ ਲਿਆ ਹੈ ਜਾਂ ਝੂਠ ਬੋਲਦੇ ਹਨ ਕਿ ਕਈ ਲੋਕ ਇਹ ਇਲਾਜ ਕਰਾ ਕੇ ਠੀਕ ਹੋਏ ਹਨ। ਕੋਈ ਵੀ ਬੀਮਾਰ ਵਿਅਕਤੀ ਠੀਕ ਹੋਣ ਜਾਂ ਹੋਰ ਜੀਉਣ ਲਈ ਸ਼ਾਇਦ ਕੋਈ ਵੀ ਇਲਾਜ ਕਰਵਾਉਣ ਲਈ ਤਿਆਰ ਹੋ ਜਾਵੇ। ਪਰ ਸਾਨੂੰ ਪਰਮੇਸ਼ੁਰ ਦੇ ਬਚਨ ਵਿਚ ਦਿੱਤੀ ਗਈ ਇਸ ਸਲਾਹ ਨੂੰ ਨਹੀਂ ਭੁੱਲਣਾ ਚਾਹੀਦਾ: “ਭੋਲਾ ਹਰੇਕ ਗੱਲ ਨੂੰ ਸੱਤ ਮੰਨਦਾ ਹੈ, ਪਰ ਸਿਆਣਾ ਵੇਖ ਭਾਲ ਕੇ ਚੱਲਦਾ ਹੈ।”ਕਹਾ. 14:15.

15 ਜੇ ਅਸੀਂ ਸਿਆਣੇ ਜਾਂ ਸਮਝਦਾਰ ਹਾਂ, ਤਾਂ ਅਸੀਂ ਉਸ ਵਿਅਕਤੀ ਵੱਲੋਂ ਦਿੱਤੀ ਸਲਾਹ ਤੋਂ ਖ਼ਬਰਦਾਰ ਰਹਾਂਗੇ ਜਿਸ ਨੇ ਕੋਈ ਡਾਕਟਰੀ ਸਿਖਲਾਈ ਨਹੀਂ ਲਈ। ਆਪਣੇ ਆਪ ਤੋਂ ਪੁੱਛੋ: ‘ਜਿਹੜਾ ਵਿਅਕਤੀ ਕਹਿੰਦਾ ਹੈ ਕਿ ਉਸ ਨੂੰ ਇਸ ਵਿਟਾਮਿਨ, ਜੜ੍ਹੀ-ਬੂਟੀ ਜਾਂ ਖ਼ਾਸ ਤਰ੍ਹਾਂ ਦੇ ਭੋਜਨ ਤੋਂ ਫ਼ਾਇਦਾ ਹੋਇਆ ਹੈ, ਕੀ ਮੈਨੂੰ ਯਕੀਨ ਹੈ ਕਿ ਉਸ ਨੂੰ ਸੱਚ-ਮੁੱਚ ਇਸ ਨਾਲ ਫ਼ਾਇਦਾ ਹੋਇਆ ਹੈ? ਭਾਵੇਂ ਕਿ ਦੂਜਿਆਂ ਨੂੰ ਇਸ ਤੋਂ ਫ਼ਾਇਦਾ ਹੋਇਆ ਹੈ, ਪਰ ਮੈਨੂੰ ਕਿਵੇਂ ਪਤਾ ਹੈ ਕਿ ਇਸ ਤੋਂ ਮੈਨੂੰ ਵੀ ਫ਼ਾਇਦਾ ਹੋਵੇਗਾ? ਕੀ ਮੈਨੂੰ ਹੋਰ ਖੋਜਬੀਨ ਕਰਨੀ ਚਾਹੀਦੀ ਹੈ ਜਾਂ ਉਸ ਨਾਲ ਗੱਲ ਕਰਨੀ ਚਾਹੀਦੀ ਹੈ ਜਿਸ ਨੇ ਚੰਗੀ ਸਿਖਲਾਈ ਲਈ ਹੈ ਜੋ ਮੇਰੀ ਬੀਮਾਰੀ ਨੂੰ ਸਮਝ ਸਕਦਾ ਹੈ?’ਬਿਵ. 17:6.

16. ਸਾਨੂੰ ਆਪਣੀ ਸਿਹਤ ਸੰਬੰਧੀ ਫ਼ੈਸਲੇ ਲੈਂਦਿਆਂ ਕਿਹੜੇ ਸਵਾਲਾਂ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ?

16 ਜਦੋਂ ਅਸੀਂ ਇਹ ਫ਼ੈਸਲਾ ਕਰਨਾ ਹੈ ਕਿ ਅਸੀਂ ਕਿਹੜਾ ਟੈੱਸਟ ਜਾਂ ਇਲਾਜ ਕਰਾਉਣਾ ਹੈ, ਤਾਂ ਸਾਨੂੰ “ਸਮਝਦਾਰੀ” ਤੋਂ ਕੰਮ ਲੈਣ ਦੀ ਲੋੜ ਹੈ। (ਤੀਤੁ. 2:12) ਸਮਝਦਾਰੀ ਤੋਂ ਕੰਮ ਲੈਣਾ ਉਦੋਂ ਬਹੁਤ ਜ਼ਰੂਰੀ ਹੈ ਜਦੋਂ ਕੋਈ ਟੈੱਸਟ ਜਾਂ ਇਲਾਜ ਕਰਾਉਣਾ ਅਜੀਬ ਲੱਗਦਾ ਹੈ। ਜਿਸ ਵਿਅਕਤੀ ਕੋਲ ਅਸੀਂ ਟੈੱਸਟ ਜਾਂ ਇਲਾਜ ਕਰਾਉਣ ਜਾਂਦੇ ਹਾਂ, ਕੀ ਉਹ ਇਸ ਟੈੱਸਟ ਜਾਂ ਇਲਾਜ ਦੇ ਫ਼ਾਇਦੇ ਜਾਂ ਨੁਕਸਾਨ ਚੰਗੀ ਤਰ੍ਹਾਂ ਸਮਝਾ ਸਕਦਾ ਹੈ? ਕੀ ਉਸ ਵੱਲੋਂ ਸਮਝਾਈਆਂ ਗੱਲਾਂ ਅਜੀਬ ਹਨ? ਕੀ ਬਹੁਤ ਸਾਰੇ ਡਾਕਟਰ ਇਸ ਟੈੱਸਟ ਜਾਂ ਇਲਾਜ ਨਾਲ ਸਹਿਮਤ ਹਨ? (ਕਹਾ. 22:29) ਸ਼ਾਇਦ ਕੋਈ ਸਾਨੂੰ ਕਹੇ ਕਿ ਦੂਰ-ਦੁਰਾਡੇ ਇਲਾਕੇ ਵਿਚ ਇਸ ਬੀਮਾਰੀ ਦਾ ਨਵਾਂ ਇਲਾਜ ਲੱਭਾ ਹੈ, ਪਰ ਡਾਕਟਰ ਇਸ ਬਾਰੇ ਅਜੇ ਨਹੀਂ ਜਾਣਦੇ ਹਨ। ਪਰ ਕੀ ਇਸ ਗੱਲ ਦਾ ਕੋਈ ਸਬੂਤ ਹੈ ਕਿ ਸੱਚ-ਮੁੱਚ ਇਸ ਤਰ੍ਹਾਂ ਦਾ ਕੋਈ ਇਲਾਜ ਲੱਭਾ ਹੈ? ਕੁਝ ਸ਼ਾਇਦ ਸਾਨੂੰ ਅਜਿਹਾ ਇਲਾਜ ਕਰਾਉਣ ਲਈ ਕਹਿਣ ਜਿਸ ਵਿਚ ਜਾਦੂ-ਟੂਣਾ ਸ਼ਾਮਲ ਹੋਵੇ। ਪਰ ਇਸ ਤਰ੍ਹਾਂ ਦੇ ਇਲਾਜ ਬਹੁਤ ਖ਼ਤਰਨਾਕ ਸਾਬਤ ਹੋ ਸਕਦੇ ਹਨ। ਯਾਦ ਰੱਖੋ ਕਿ ਪਰਮੇਸ਼ੁਰ ਚੇਤਾਵਨੀ ਦਿੰਦਾ ਹੈ ਕਿ ਸਾਨੂੰ ਨਾ ਤਾਂ “ਜਾਦੂ ਕਰਨੇ” ਤੇ ਨਾ ਹੀ ਭੂਤਾਂ-ਪ੍ਰੇਤਾਂ ਦੇ ਫੰਦਿਆਂ ਵਿਚ ਫਸਣਾ ਚਾਹੀਦਾ ਹੈ।ਲੇਵੀ. 19:26.

 “ਰਾਜ਼ੀ ਰਹੋ!”

17. ਅਸੀਂ ਸਾਰੇ ਕੀ ਚਾਹੁੰਦੇ ਹਾਂ?

17 ਪਹਿਲੀ ਸਦੀ ਵਿਚ ਪ੍ਰਬੰਧਕ ਸਭਾ ਨੇ ਮੰਡਲੀ ਦੇ ਭਰਾਵਾਂ ਨੂੰ ਇਹ ਦੱਸਣ ਲਈ ਚਿੱਠੀਆਂ ਭੇਜੀਆਂ ਕਿ ਉਨ੍ਹਾਂ ਨੂੰ ਕਿਹੜੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਉਸ ਚਿੱਠੀ ਦੇ ਅਖ਼ੀਰ ਵਿਚ ਪ੍ਰਬੰਧਕ ਸਭਾ ਨੇ ਲਿਖਿਆ: “ਜੇ ਤੁਸੀਂ ਧਿਆਨ ਨਾਲ ਇਨ੍ਹਾਂ ਗੱਲਾਂ ਦੀ ਪਾਲਣਾ ਕਰੋਗੇ, ਤਾਂ ਤੁਹਾਡਾ ਭਲਾ ਹੋਵੇਗਾ। ਰਾਜ਼ੀ ਰਹੋ!” (ਰਸੂ. 15:29) ਭਾਵੇਂ ਇਨ੍ਹਾਂ ਆਖ਼ਰੀ ਸ਼ਬਦਾਂ ਦਾ ਮਤਲਬ ਸੀ “ਅਲਵਿਦਾ,” ਫਿਰ ਵੀ ਇਹ ਸ਼ਬਦ ਸਾਨੂੰ ਯਾਦ ਦਿਲਾਉਂਦੇ ਹਨ ਕਿ ਅਸੀਂ ਸਾਰੇ ਵਧੀਆ ਸਿਹਤ ਚਾਹੁੰਦੇ ਹਾਂ ਤਾਂਕਿ ਅਸੀਂ ਯਹੋਵਾਹ ਦੀ ਸੇਵਾ ਕਰ ਸਕੀਏ।

ਅਸੀਂ ਸਾਰੇ ਚੰਗੀ ਸਿਹਤ ਚਾਹੁੰਦੇ ਹਾਂ ਤਾਂਕਿ ਅਸੀਂ ਯਹੋਵਾਹ ਦੀ ਸੇਵਾ ਕਰ ਸਕੀਏ (ਪੈਰਾ 17 ਦੇਖੋ)

18, 19. ਅਸੀਂ ਨਵੀਂ ਦੁਨੀਆਂ ਵਿਚ ਮਿਲਣ ਵਾਲੀ ਕਿਸ ਬਰਕਤ ਦੀ ਉਡੀਕ ਵਿਚ ਹਾਂ?

18 ਅਸੀਂ ਸਾਰੇ ਪਾਪੀ ਹਾਂ, ਇਸ ਕਰਕੇ ਅਸੀਂ ਸਾਰੀਆਂ ਬੀਮਾਰੀਆਂ ਤੋਂ ਬਚ ਨਹੀਂ ਸਕਦੇ। ਜਦੋਂ ਅਸੀਂ ਬੀਮਾਰ ਹੁੰਦੇ ਹਾਂ, ਤਾਂ ਅਸੀਂ ਇਹ ਆਸ ਨਹੀਂ ਰੱਖਦੇ ਕਿ ਯਹੋਵਾਹ ਚਮਤਕਾਰ ਕਰ ਕੇ ਸਾਨੂੰ ਠੀਕ ਕਰੇਗਾ। ਪਰ ਅਸੀਂ ਆਉਣ ਵਾਲੇ ਭਵਿੱਖ ਦੀ ਉਡੀਕ ਕਰਦੇ ਹਾਂ ਜਦੋਂ ਪਰਮੇਸ਼ੁਰ ਸਾਨੂੰ ਸਾਰੀਆਂ ਬੀਮਾਰੀਆਂ ਤੋਂ ਠੀਕ ਕਰ ਦੇਵੇਗਾ। ਪ੍ਰਕਾਸ਼ ਦੀ ਕਿਤਾਬ 22:1, 2 ਵਿਚ ਯੂਹੰਨਾ ਰਸੂਲ ਨੇ “ਅੰਮ੍ਰਿਤ ਜਲ” ਅਤੇ ‘ਜੀਵਨ ਦੇ ਦਰਖ਼ਤਾਂ ਅਤੇ ਇਨ੍ਹਾਂ ਦੇ ਪੱਤਿਆਂ’ ਬਾਰੇ ਗੱਲ ਕੀਤੀ ਜਿਨ੍ਹਾਂ ਨਾਲ “ਕੌਮਾਂ ਦਾ ਇਲਾਜ” ਹੋਵੇਗਾ। ਇਨ੍ਹਾਂ ਆਇਤਾਂ ਵਿਚ ਕਿਸੇ ਜੜੀ-ਬੂਟੀ ਨਾਲ ਇਲਾਜ ਬਾਰੇ ਗੱਲ ਨਹੀਂ ਕੀਤੀ ਗਈ ਜਿਸ ਨਾਲ ਅਸੀਂ ਹੁਣ ਜਾਂ ਭਵਿੱਖ ਵਿਚ ਆਪਣੀਆਂ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਾਂਗੇ। ਇਸ ਦੀ ਬਜਾਇ, ਇਨ੍ਹਾਂ ਆਇਤਾਂ ਦਾ ਮਤਲਬ ਹੈ ਕਿ ਯਹੋਵਾਹ ਅਤੇ ਯਿਸੂ ਸਾਨੂੰ ਹਮੇਸ਼ਾ ਲਈ ਸਾਰੀਆਂ ਬੀਮਾਰੀਆਂ ਤੋਂ ਮੁਕਤ ਕਰ ਦੇਣਗੇ ਤਾਂਕਿ ਅਸੀਂ ਹਮੇਸ਼ਾ ਲਈ ਜੀ ਸਕੀਏ।ਯਸਾ. 35:5, 6.

19 ਅਸੀਂ ਉਸ ਦਿਨ ਦੀ ਬੜੀ ਹੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ। ਪਰ ਅੱਜ ਅਸੀਂ ਇਸ ਗੱਲ ਦਾ ਯਕੀਨ ਰੱਖਦੇ ਹਾਂ ਕਿ ਯਹੋਵਾਹ ਸਾਨੂੰ ਸਾਰਿਆਂ ਨੂੰ ਪਿਆਰ ਕਰਦਾ ਹੈ ਅਤੇ ਸਾਡੇ ਦੁੱਖਾਂ ਵਿਚ ਦੁਖੀ ਹੁੰਦਾ ਹੈ। ਦਾਊਦ ਵਾਂਗ ਸਾਨੂੰ ਵੀ ਪੱਕਾ ਭਰੋਸਾ ਹੈ ਕਿ ਬੀਮਾਰੀ ਵੇਲੇ ਯਹੋਵਾਹ ਸਾਨੂੰ ਕਦੀ ਨਹੀਂ ਤਿਆਗੇਗਾ। ਅਸੀਂ ਵੀ ਦਾਊਦ ਵਾਂਗ ਕਹਿ ਸਕਦੇ ਹਾਂ: “ਪਰ ਮੈਨੂੰ ਮੇਰੀ ਸਿਧਿਆਈ ਵਿੱਚ ਤੂੰ ਸੰਭਾਲਦਾ ਹੈਂ, ਅਤੇ ਸਦਾ ਆਪਣੇ ਸਨਮੁਖ ਰੱਖਦਾ ਹੈਂ।”ਜ਼ਬੂ. 41:12.

^ ਪੈਰਾ 13 ਵਾਈਨ ਦੇ ਇਤਿਹਾਸ ਬਾਰੇ ਅੰਗ੍ਰੇਜ਼ੀ ਦੀ ਇਕ ਕਿਤਾਬ ਦੱਸਦੀ ਹੈ: “ਇਹ ਗੱਲ ਪ੍ਰਯੋਗ ਕਰ ਕੇ ਪਤਾ ਲਗਾਈ ਗਈ ਹੈ ਕਿ ਟਾਈਫਾਈਡ ਅਤੇ ਹੋਰ ਖ਼ਤਰਨਾਕ ਰੋਗਾਣੂ ਉਦੋਂ ਜਲਦੀ ਮਰਦੇ ਹਨ ਜਦੋਂ ਇਨ੍ਹਾਂ ਵਿਚ ਦਾਖਰਸ ਮਿਲਾ ਦਿੱਤਾ ਜਾਂਦਾ ਹੈ।”