Skip to content

Skip to table of contents

ਯਹੋਵਾਹ ਪਿਆਰ ਦਾ ਪਰਮੇਸ਼ੁਰ ਹੈ

ਯਹੋਵਾਹ ਪਿਆਰ ਦਾ ਪਰਮੇਸ਼ੁਰ ਹੈ

“ਪਰਮੇਸ਼ੁਰ ਪਿਆਰ ਹੈ।”1 ਯੂਹੰ. 4:8, 16.

ਗੀਤ: 18, 51

1. ਪਰਮੇਸ਼ੁਰ ਦਾ ਮੁੱਖ ਗੁਣ ਕੀ ਹੈ ਅਤੇ ਇਹ ਜਾਣ ਕੇ ਤੁਸੀਂ ਉਸ ਬਾਰੇ ਕਿਵੇਂ ਮਹਿਸੂਸ ਕਰਦੇ ਹੋ?

ਬਾਈਬਲ ਸਾਨੂੰ ਦੱਸਦੀ ਹੈ ਕਿ “ਪਰਮੇਸ਼ੁਰ ਪਿਆਰ ਹੈ।” (1 ਯੂਹੰ. 4:8) ਪਰ ਅਸਲ ਵਿਚ ਇਸ ਦਾ ਕੀ ਮਤਲਬ ਹੈ? ਯਹੋਵਾਹ ਵਿਚ ਹੋਰ ਵੀ ਬਹੁਤ ਸਾਰੇ ਵਧੀਆ ਗੁਣ ਹਨ, ਪਰ ਪਿਆਰ ਉਸ ਦਾ ਮੁੱਖ ਗੁਣ ਹੈ। ਉਸ ਦੀ ਰਗ-ਰਗ ਵਿਚ ਪਿਆਰ ਸਮਾਇਆ ਹੋਇਆ ਹੈ। ਯਹੋਵਾਹ ਦੇ ਹਰ ਕੰਮ ਤੋਂ ਉਸ ਦਾ ਪਿਆਰ ਝਲਕਦਾ ਹੈ। ਅਸੀਂ ਯਹੋਵਾਹ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਪਿਆਰ ਹੋਣ ਕਰਕੇ ਉਸ ਨੇ ਪੂਰੀ ਕਾਇਨਾਤ ਬਣਾਈ ਹੈ!

2. ਯਹੋਵਾਹ ਦਾ ਪਿਆਰ ਸਾਨੂੰ ਕਿਹੜੀ ਗੱਲ ਦਾ ਯਕੀਨ ਦਿਵਾਉਂਦਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

2 ਯਹੋਵਾਹ ਆਪਣੀ ਸ੍ਰਿਸ਼ਟੀ ਨੂੰ ਬੇਹੱਦ ਪਿਆਰ ਕਰਦਾ ਹੈ। ਸਾਡੇ ਲਈ ਉਸ ਦਾ ਪਿਆਰ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਇਨਸਾਨਾਂ ਲਈ ਰੱਖਿਆ ਉਸ ਦਾ ਮਕਸਦ ਸਭ ਤੋਂ ਵਧੀਆ ਤਰੀਕੇ ਨਾਲ ਪੂਰਾ ਹੋਵੇਗਾ। ਯਹੋਵਾਹ ਦਾ ਕਹਿਣਾ ਮੰਨਣ ਵਾਲਿਆਂ ਦੀ ਝੋਲ਼ੀ ਖ਼ੁਸ਼ੀਆਂ ਨਾਲ ਭਰ ਜਾਵੇਗੀ। ਮਿਸਾਲ ਲਈ, ਯਹੋਵਾਹ ਨੇ ਪਿਆਰ ਕਰਕੇ “ਇਕ ਦਿਨ ਮਿਥਿਆ ਹੈ ਜਦੋਂ ਉਹ ਇਕ ਆਦਮੀ ਰਾਹੀਂ, ਜਿਸ ਨੂੰ ਉਸ ਨੇ ਚੁਣਿਆ ਹੈ, ਸਾਰੀ ਦੁਨੀਆਂ ਦਾ ਸਹੀ ਨਿਆਂ ਕਰੇਗਾ।” ਉਹ ਹੈ ਯਿਸੂ ਮਸੀਹ। (ਰਸੂ. 17:31) ਸਾਨੂੰ ਯਕੀਨ ਹੈ ਕਿ ਨਿਆਂ ਦੇ ਉਸ ਦਿਨ ਨੂੰ ਕੋਈ ਨਹੀਂ ਰੋਕ ਸਕਦਾ। ਉਸ ਨੇ  ਆਗਿਆਕਾਰ ਇਨਸਾਨਾਂ ਲਈ ਇਕ ਸੁਨਹਿਰਾ ਭਵਿੱਖ ਰੱਖਿਆ ਹੈ। ਇਸ ਵਿਚ ਮਿਲਣ ਵਾਲੀਆਂ ਖ਼ੁਸ਼ੀਆਂ ਦਾ ਕਦੀ ਅੰਤ ਨਹੀਂ ਹੋਵੇਗਾ।

ਇਤਿਹਾਸ ਨੇ ਕੀ ਜ਼ਾਹਰ ਕੀਤਾ?

3. ਜ਼ਿੰਦਗੀ ਕਿਹੋ ਜਿਹੀ ਹੁੰਦੀ ਜੇ ਪਰਮੇਸ਼ੁਰ ਇਨਸਾਨਾਂ ਨੂੰ ਪਿਆਰ ਨਾ ਕਰਦਾ?

3 ਸੋਚੋ ਕਿ ਜ਼ਿੰਦਗੀ ਕਿਹੋ ਜਿਹੀ ਹੁੰਦੀ ਜੇ ਪਰਮੇਸ਼ੁਰ ਇਨਸਾਨਾਂ ਨੂੰ ਪਿਆਰ ਨਾ ਕਰਦਾ? ਇਨਸਾਨਾਂ ਦੀਆਂ ਸਰਕਾਰਾਂ ਚੱਲਦੀਆਂ ਰਹਿੰਦੀਆਂ ਅਤੇ ਇਸ ਦੁਨੀਆਂ ਦਾ ਬੇਰਹਿਮ ਅਤੇ ਦੁਸ਼ਟ ਈਸ਼ਵਰ ਯਾਨੀ ਸ਼ੈਤਾਨ ਲੋਕਾਂ ਨੂੰ ਆਪਣੀਆਂ ਉਂਗਲਾਂ ’ਤੇ ਨਚਾਉਂਦਾ ਰਹਿੰਦਾ। (2 ਕੁਰਿੰ. 4:4; 1 ਯੂਹੰ. 5:19; ਪ੍ਰਕਾਸ਼ ਦੀ ਕਿਤਾਬ 12:9, 12 ਪੜ੍ਹੋ।) ਅਸੀਂ ਸੋਚ ਵੀ ਨਹੀਂ ਸਕਦੇ ਕਿ ਸਾਡਾ ਭਵਿੱਖ ਕਿੰਨਾ ਹੀ ਭਿਆਨਕ ਹੁੰਦਾ ਜੇ ਯਹੋਵਾਹ ਸਾਨੂੰ ਪਿਆਰ ਨਾ ਕਰਦਾ!

4. ਯਹੋਵਾਹ ਨੇ ਆਪਣੇ ਰਾਜ ਖ਼ਿਲਾਫ਼ ਹੋਈ ਬਗਾਵਤ ਲਈ ਸ਼ੈਤਾਨ ਨੂੰ ਕਿਉਂ ਸਮਾਂ ਦਿੱਤਾ ਹੈ?

4 ਜਦੋਂ ਸ਼ੈਤਾਨ ਨੇ ਪਰਮੇਸ਼ੁਰ ਦੀ ਹਕੂਮਤ ਖ਼ਿਲਾਫ਼ ਬਗਾਵਤ ਕੀਤੀ, ਤਾਂ ਉਸ ਨੇ ਸਾਡੇ ਪਹਿਲੇ ਮਾਪਿਆਂ ਨੂੰ ਵੀ ਆਪਣੇ ਮਗਰ ਲਾ ਲਿਆ। ਉਸ ਨੇ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ’ਤੇ ਉਂਗਲ ਉਠਾਈ। ਸ਼ੈਤਾਨ ਨੇ ਦਾਅਵਾ ਕੀਤਾ ਕਿ ਉਹ ਪਰਮੇਸ਼ੁਰ ਨਾਲੋਂ ਵਧੀਆ ਰਾਜ ਕਰ ਸਕਦਾ ਹੈ। (ਉਤ. 3:1-5) ਯਹੋਵਾਹ ਨੇ ਸਮਝਦਾਰੀ ਨਾਲ ਸ਼ੈਤਾਨ ਨੂੰ ਆਪਣਾ ਦਾਅਵਾ ਸੱਚ ਸਾਬਤ ਕਰਨ ਲਈ ਥੋੜ੍ਹਾ ਸਮਾਂ ਦਿੱਤਾ। ਪਰ ਇਤਿਹਾਸ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਨਾ ਹੀ ਇਨਸਾਨ ਅਤੇ ਨਾ ਹੀ ਸ਼ੈਤਾਨ ਚੰਗੇ ਸ਼ਾਸਕ ਬਣਨ ਦੇ ਲਾਇਕ ਹਨ।

5. ਮਨੁੱਖਜਾਤੀ ਦੇ ਇਤਿਹਾਸ ਤੋਂ ਕੀ ਸਬੂਤ ਮਿਲਦਾ ਹੈ?

5 ਅੱਜ ਦੁਨੀਆਂ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਪਿਛਲੇ 100 ਸਾਲਾਂ ਦੌਰਾਨ ਯੁੱਧਾਂ ਕਰਕੇ 10 ਕਰੋੜ ਤੋਂ ਜ਼ਿਆਦਾ ਲੋਕ ਮੌਤ ਦੇ ਮੂੰਹ ਵਿਚ ਚਲੇ ਗਏ ਹਨ। ‘ਆਖ਼ਰੀ ਦਿਨਾਂ’ ਬਾਰੇ ਬਾਈਬਲ ਕਹਿੰਦੀ ਹੈ: “ਦੁਸ਼ਟ ਅਤੇ ਫਰੇਬੀ ਇਨਸਾਨ ਬੁਰੇ ਤੋਂ ਬੁਰੇ ਹੁੰਦੇ ਜਾਣਗੇ।” (2 ਤਿਮੋ. 3:1, 13) ਬਾਈਬਲ ਇਹ ਵੀ ਕਹਿੰਦੀ ਹੈ: “ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰ. 10:23) ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਹ ਸ਼ਬਦ ਐਨ ਸੱਚ ਸਾਬਤ ਹੋਏ ਹਨ। ਯਹੋਵਾਹ ਨੇ ਇਨਸਾਨਾਂ ਨੂੰ ਨਾ ਤਾਂ ਖ਼ੁਦ ਰਾਜ ਕਰਨ ਦਾ ਹੱਕ ਦਿੱਤਾ ਹੈ ਤੇ ਨਾ ਹੀ ਇੱਦਾਂ ਕਰਨ ਦੀ ਕਾਬਲੀਅਤ ਨਾਲ ਬਣਾਇਆ ਹੈ।

6. ਯਹੋਵਾਹ ਨੇ ਬੁਰਾਈ ਨੂੰ ਇਜਾਜ਼ਤ ਕਿਉਂ ਦਿੱਤੀ ਹੈ?

6 ਬੁਰਾਈ ਨੂੰ ਕੁਝ ਸਮੇਂ ਲਈ ਇਜਾਜ਼ਤ ਦੇ ਕੇ ਯਹੋਵਾਹ ਨੇ ਇਹ ਵੀ ਸਾਬਤ ਕੀਤਾ ਹੈ ਕਿ ਸਿਰਫ਼ ਉਸ ਦੇ ਰਾਜ ਕਰਨ ਦਾ ਹੀ ਤਰੀਕਾ ਸਹੀ ਹੈ। ਭਵਿੱਖ ਵਿਚ ਪਰਮੇਸ਼ੁਰ ਸਾਰੇ ਦੁਸ਼ਟਾਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ। ਇਸ ਤੋਂ ਬਾਅਦ, ਜੇ ਕੋਈ ਵੀ ਪਰਮੇਸ਼ੁਰ ਦੇ ਰਾਜ ਕਰਨ ਦੇ ਤਰੀਕੇ ’ਤੇ ਸਵਾਲ ਖੜ੍ਹਾ ਕਰਨ ਦੀ ਜੁਰਅਤ ਕਰੇਗਾ, ਤਾਂ ਯਹੋਵਾਹ ਉਸੇ ਵੇਲੇ ਕਦਮ ਚੁੱਕੇਗਾ। ਉਹ ਮਨੁੱਖੀ ਇਤਿਹਾਸ ਨੂੰ ਸਬੂਤ ਵਜੋਂ ਵਰਤ ਕੇ ਅਜਿਹੇ ਬਾਗ਼ੀਆਂ ਨੂੰ ਚੁਟਕੀਆਂ ਵਿਚ ਹੀ ਮਿਟਾ ਦੇਵੇਗਾ। ਨਾਲੇ ਫਿਰ ਬੁਰਾਈ ਨੂੰ ਕਦੇ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਪਰਮੇਸ਼ੁਰ ਨੇ ਆਪਣਾ ਪਿਆਰ ਕਿਵੇਂ ਜ਼ਾਹਰ ਕੀਤਾ?

7, 8. ਯਹੋਵਾਹ ਨੇ ਕਿਨ੍ਹਾਂ ਤਰੀਕਿਆਂ ਨਾਲ ਆਪਣਾ ਅਸੀਮ ਪਿਆਰ ਜ਼ਾਹਰ ਕੀਤਾ ਹੈ?

7 ਯਹੋਵਾਹ ਨੇ ਕਈ ਤਰੀਕਿਆਂ ਨਾਲ ਆਪਣਾ ਅਸੀਮ ਪਿਆਰ ਜ਼ਾਹਰ ਕੀਤਾ ਹੈ। ਸ਼ਾਨਦਾਰ ਬ੍ਰਹਿਮੰਡ ਬਾਰੇ ਸੋਚੋ। ਇਹ ਬ੍ਰਹਿਮੰਡ ਅਰਬਾਂ-ਖਰਬਾਂ ਗਲੈਕਸੀਆਂ ਨਾਲ ਭਰਿਆ ਹੋਇਆ ਹੈ ਅਤੇ ਹਰ ਗਲੈਕਸੀ ਵਿਚ ਅਰਬਾਂ ਹੀ ਤਾਰੇ ਅਤੇ ਗ੍ਰਹਿ ਹਨ। ਸਾਡੀ ਆਪਣੀ ਆਕਾਸ਼-ਗੰਗਾ ਨਾਂ ਦੀ ਗਲੈਕਸੀ ਵਿਚ ਸੂਰਜ ਇਕ ਤਾਰਾ ਹੈ। ਸੂਰਜ ਤੋਂ ਬਗੈਰ ਧਰਤੀ ਉੱਤੇ ਜ਼ਿੰਦਗੀ ਨਾਮੁਮਕਿਨ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਹੀ ਸਾਡਾ ਸ੍ਰਿਸ਼ਟੀਕਰਤਾ ਹੈ। ਉਸ ਵੱਲੋਂ ਬਣਾਈ ਹਰ ਇਕ ਚੀਜ਼ ਤੋਂ ਉਸ ਦੇ ਗੁਣ ਦਿਖਾਈ ਦਿੰਦੇ ਹਨ, ਜਿਵੇਂ ਕਿ ਉਸ ਦੀ ਸ਼ਕਤੀ, ਬੁੱਧ ਅਤੇ ਪਿਆਰ। ਜੀ ਹਾਂ, “ਦੁਨੀਆਂ ਨੂੰ ਸਿਰਜਣ ਦੇ ਸਮੇਂ ਤੋਂ ਹੀ [ਪਰਮੇਸ਼ੁਰ] ਦੇ ਗੁਣ ਸਾਫ਼-ਸਾਫ਼ ਦਿਖਾਈ ਦਿੰਦੇ ਰਹੇ ਹਨ। ਉਸ ਦੀਆਂ ਬਣਾਈਆਂ ਚੀਜ਼ਾਂ ਤੋਂ ਇਹ ਗੁਣ ਦੇਖੇ ਜਾ ਸਕਦੇ ਹਨ ਕਿ ਉਸ ਕੋਲ ਬੇਅੰਤ ਤਾਕਤ ਹੈ ਅਤੇ ਉਹੀ ਪਰਮੇਸ਼ੁਰ ਹੈ।”ਰੋਮੀ. 1:20.

 8 ਯਹੋਵਾਹ ਨੇ ਧਰਤੀ ਨੂੰ ਜੀਵ-ਜੰਤੂਆਂ ਅਤੇ ਇਨਸਾਨਾਂ ਦੇ ਰਹਿਣ ਲਈ ਬਣਾਇਆ ਹੈ। ਇਨ੍ਹਾਂ ਨੂੰ ਧਰਤੀ ’ਤੇ ਬਣਾਈ ਹਰ ਚੀਜ਼ ਤੋਂ ਫ਼ਾਇਦਾ ਹੁੰਦਾ ਹੈ। ਯਹੋਵਾਹ ਨੇ ਇਨਸਾਨਾਂ ਲਈ ਇਕ ਸੋਹਣਾ ਬਾਗ਼ ਬਣਾਇਆ ਅਤੇ ਉਸ ਨੇ ਇਨਸਾਨਾਂ ਨੂੰ ਮੁਕੰਮਲ ਸਰੀਰ ਅਤੇ ਦਿਮਾਗ਼ ਦਿੱਤੇ ਜੋ ਕਦੀ ਖ਼ਤਮ ਨਹੀਂ ਹੋਣੇ ਸਨ। (ਪ੍ਰਕਾਸ਼ ਦੀ ਕਿਤਾਬ 4:11 ਪੜ੍ਹੋ।) ਇਸ ਦੇ ਨਾਲ-ਨਾਲ, ਉਹ “ਸਭ ਜੀਵਾਂ ਨੂੰ ਰੋਟੀ ਦਿੰਦਾ ਹੈ, ਉਹ ਦੀ ਦਯਾ ਜੋ ਸਦਾ ਦੀ ਹੈ।”ਜ਼ਬੂ. 136:25.

9. ਭਾਵੇਂ ਯਹੋਵਾਹ ਪਿਆਰ ਦੀ ਮੂਰਤ ਹੈ, ਫਿਰ ਵੀ ਉਹ ਕਿਸ ਨਾਲ ਘਿਣ ਕਰਦਾ ਹੈ?

9 ਯਹੋਵਾਹ ਪਿਆਰ ਦੀ ਮੂਰਤ ਹੈ, ਪਰ ਉਹ ਬੁਰਾਈ ਨਾਲ ਘਿਣ ਕਰਦਾ ਹੈ। ਮਿਸਾਲ ਲਈ, ਜ਼ਬੂਰ 5:4-6 ਯਹੋਵਾਹ ਬਾਰੇ ਕਹਿੰਦਾ ਹੈ: ‘ਤੂੰ ਤਾਂ ਅਜੇਹਾ ਪਰਮੇਸ਼ੁਰ ਨਹੀਂ ਜੋ ਦੁਸ਼ਟਤਾਈ ਤੋਂ ਪਰਸੰਨ ਹੋਵੇਂ। ਤੂੰ ਸਾਰਿਆਂ ਬਦਕਾਰਾਂ ਨਾਲ ਵੈਰ ਰੱਖਦਾ ਹੈਂ। ਯਹੋਵਾਹ ਖ਼ੂਨੀ ਅਤੇ ਛਲੀਏ ਤੋਂ ਘਿਣ ਕਰਦਾ ਹੈ।’

ਬੁਰੇ ਲੋਕਾਂ ਦਾ ਜਲਦੀ ਹੀ ਸੱਤਿਆਨਾਸ

10, 11. (ੳ) ਦੁਸ਼ਟ ਲੋਕਾਂ ਦਾ ਕੀ ਹਸ਼ਰ ਹੋਵੇਗਾ? (ਅ) ਯਹੋਵਾਹ ਆਗਿਆਕਾਰ ਇਨਸਾਨਾਂ ਨੂੰ ਕੀ ਇਨਾਮ ਦੇਵੇਗਾ?

10 ਯਹੋਵਾਹ ਆਪਣੇ ਸਹੀ ਸਮੇਂ ਤੇ ਪੂਰੀ ਕਾਇਨਾਤ ਵਿੱਚੋਂ ਬੁਰਾਈ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ ਕਿਉਂਕਿ ਉਹ ਬੁਰਾਈ ਨਾਲ ਘਿਣ ਕਰਦਾ ਹੈ ਅਤੇ ਉਹ ਪਿਆਰ ਦਾ ਪਰਮੇਸ਼ੁਰ ਹੈ। ਪਰਮੇਸ਼ੁਰ ਦਾ ਬਚਨ ਵਾਅਦਾ ਕਰਦਾ ਹੈ: “ਕੁਕਰਮੀ ਤਾਂ ਛੇਕੇ ਜਾਣਗੇ, ਪਰ ਜਿਹੜੇ ਯਹੋਵਾਹ ਨੂੰ ਉਡੀਕਦੇ ਹਨ ਓਹੋ ਧਰਤੀ ਦੇ ਵਾਰਸ ਹੋਣਗੇ। ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ।” ਨਾਲੇ ਯਹੋਵਾਹ ਦੇ ਦੁਸ਼ਮਣ “ਧੂੰਏਂ ਵਾਂਙੁ ਮਿਟ ਜਾਣਗੇ।”ਜ਼ਬੂ. 37:9, 10, 20.

11 ਪਰਮੇਸ਼ੁਰ ਦਾ ਬਚਨ ਇਹ ਵੀ ਵਾਅਦਾ ਕਰਦਾ ਹੈ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” (ਜ਼ਬੂ. 37:29) ਵਫ਼ਾਦਾਰ ਇਨਸਾਨ “ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” (ਜ਼ਬੂ. 37:11) ਕਿਉਂ? ਕਿਉਂਕਿ ਸਾਡਾ ਪਿਆਰ ਕਰਨ ਵਾਲਾ ਪਿਤਾ ਹਮੇਸ਼ਾ ਆਪਣੇ ਵਫ਼ਾਦਾਰ ਸੇਵਕਾਂ ਦੇ ਭਲੇ ਲਈ ਕੰਮ ਕਰਦਾ ਹੈ। ਬਾਈਬਲ ਸਾਨੂੰ ਦੱਸਦੀ ਹੈ: “ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।” (ਪ੍ਰਕਾ. 21:4) ਪਰਮੇਸ਼ੁਰ ਦੇ ਪਿਆਰ ਦੀ ਕਦਰ ਕਰਨ ਵਾਲੇ ਆਗਿਆਕਾਰ ਇਨਸਾਨਾਂ ਦਾ ਭਵਿੱਖ ਕਿੰਨਾ ਹੀ ਸ਼ਾਨਦਾਰ ਹੋਵੇਗਾ!

12. “ਸੰਪੂਰਨ ਮਨੁੱਖ” ਕੌਣ ਹਨ?

12 ਬਾਈਬਲ ਸਾਨੂੰ ਦੱਸਦੀ ਹੈ: “ਸੰਪੂਰਨ ਮਨੁੱਖ ਵੱਲ ਤੱਕ ਅਤੇ ਸਿੱਧੇ ਪੁਰਖ ਵੱਲ ਵੇਖ, ਕਿ ਸਲਾਮਤੀ ਦੇ ਮਨੁੱਖ ਦੀ ਅੰਸ ਰਹਿੰਦੀ ਹੈ। ਪਰ ਅਪਰਾਧੀ ਇਕੱਠੇ ਹੀ ਨਾਸ ਹੋ ਜਾਣਗੇ, ਦੁਸ਼ਟਾਂ ਦੀ ਅੰਸ ਛੇਕੀ ਜਾਵੇਗੀ!” (ਜ਼ਬੂ. 37:37, 38) “ਸੰਪੂਰਨ ਮਨੁੱਖ” ਯਾਨੀ ਖਰਾ ਇਨਸਾਨ ਯਹੋਵਾਹ ਅਤੇ ਉਸ ਦੇ ਪੁੱਤਰ ਬਾਰੇ ਸਿੱਖਦਾ ਹੈ ਅਤੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਦਾ ਹੈ। (ਯੂਹੰਨਾ 17:3 ਪੜ੍ਹੋ।) ਉਹ ਦਿਲੋਂ ਮੰਨਦਾ ਹੈ ਕਿ “ਦੁਨੀਆਂ ਅਤੇ ਇਸ ਦੀ ਹਰ ਚੀਜ਼ ਜਿਸ ਦੀ ਲਾਲਸਾ ਲੋਕ ਕਰਦੇ ਹਨ ਖ਼ਤਮ ਹੋ ਜਾਵੇਗੀ, ਪਰ ਜਿਹੜਾ ਪਰਮੇਸ਼ੁਰ ਦੀ ਇੱਛਾ ਪੂਰੀ ਕਰਦਾ ਹੈ, ਉਹੀ ਹਮੇਸ਼ਾ ਰਹੇਗਾ।” (1 ਯੂਹੰ. 2:17) ਦੁਨੀਆਂ ਦਾ ਅੰਤ ਨੇੜੇ ਹੋਣ ਕਰਕੇ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ‘ਯਹੋਵਾਹ ਨੂੰ ਉਡੀਕੀਏ ਅਤੇ ਉਹ ਦੇ ਰਾਹ ਦੀ ਪਾਲਨਾ ਕਰੀਏ।’ਜ਼ਬੂ. 37:34.

ਪਰਮੇਸ਼ੁਰ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ

13. ਪਰਮੇਸ਼ੁਰ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਕਿਹੜਾ ਹੈ?

13 ਪਾਪੀ ਹੋਣ ਦੇ ਬਾਵਜੂਦ ਵੀ ਅਸੀਂ ਯਹੋਵਾਹ ਦੇ ਕਹਿਣੇ ਵਿਚ ਰਹਿ ਸਕਦੇ ਹਾਂ। ਯਿਸੂ ਦੀ ਕੁਰਬਾਨੀ ਪਰਮੇਸ਼ੁਰ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਹੈ। ਇਸੇ ਕੁਰਬਾਨੀ ਕਰਕੇ ਅਸੀਂ ਯਹੋਵਾਹ ਨਾਲ ਕਰੀਬੀ ਰਿਸ਼ਤਾ ਜੋੜ ਸਕਦੇ ਹਾਂ। ਯਹੋਵਾਹ ਨੇ ਰਿਹਾਈ ਦੀ ਕੀਮਤ ਦਿੱਤੀ ਤਾਂਕਿ ਆਗਿਆਕਾਰ ਇਨਸਾਨ ਪਾਪ ਤੇ ਮੌਤ ਦੀ ਗ਼ੁਲਾਮੀ ਤੋਂ ਮੁਕਤ ਹੋ ਸਕਣ। (ਰੋਮੀਆਂ 5:12; 6:23 ਪੜ੍ਹੋ।) ਯਿਸੂ ਸਵਰਗ ਵਿਚ ਅਣਗਿਣਤ ਸਾਲ ਯਹੋਵਾਹ ਦੇ ਵਫ਼ਾਦਾਰ ਰਿਹਾ। ਇਸ ਕਰਕੇ ਯਹੋਵਾਹ ਨੂੰ ਅਟੁੱਟ ਭਰੋਸਾ ਸੀ ਕਿ ਯਿਸੂ ਧਰਤੀ ’ਤੇ ਜਾ ਕੇ ਵੀ ਉਸ ਦੇ ਵਫ਼ਾਦਾਰ ਰਹੇਗਾ। ਇਕ ਪਿਆਰੇ ਪਿਤਾ ਵਾਂਗ ਯਹੋਵਾਹ ਦਾ ਕਲੇਜਾ ਵਿੰਨ੍ਹਿਆ ਗਿਆ ਜਦੋਂ ਉਸ ਨੇ  ਦੇਖਿਆ ਕਿ ਲੋਕ ਉਸ ਦੇ ਪੁੱਤਰ ਨਾਲ ਕਿੰਨਾ ਬੁਰਾ ਸਲੂਕ ਕਰ ਰਹੇ ਸਨ। ਇਸ ਮਾੜੇ ਸਲੂਕ ਦੇ ਬਾਵਜੂਦ ਵੀ ਯਿਸੂ ਪਰਮੇਸ਼ੁਰ ਦੇ ਰਾਜ ਦੇ ਪੱਖ ਵਿਚ ਖੜ੍ਹਾ ਰਿਹਾ। ਨਾਲੇ ਯਿਸੂ ਨੇ ਇਹ ਵੀ ਸਾਬਤ ਕੀਤਾ ਕਿ ਇਕ ਮੁਕੰਮਲ ਇਨਸਾਨ ਔਖੀਆਂ ਤੋਂ ਔਖੀਆਂ ਘੜੀਆਂ ਦੌਰਾਨ ਵੀ ਪਰਮੇਸ਼ੁਰ ਦੇ ਵਫ਼ਾਦਾਰ ਰਹਿ ਸਕਦਾ ਹੈ।

ਪਿਆਰ ਕਰਕੇ ਯਹੋਵਾਹ ਨੇ ਆਪਣਾ ਪੁੱਤਰ ਧਰਤੀ ’ਤੇ ਭੇਜਿਆ (ਪੈਰਾ 13 ਦੇਖੋ)

14, 15. ਯਿਸੂ ਦੀ ਮੌਤ ਨੇ ਇਨਸਾਨਾਂ ਲਈ ਕੀ ਮੁਮਕਿਨ ਕੀਤਾ?

14 ਯਿਸੂ ਔਖੀਆਂ ਤੋਂ ਔਖੀਆਂ ਪਰੀਖਿਆਵਾਂ ਵਿਚ ਯਹੋਵਾਹ ਪ੍ਰਤੀ ਵਫ਼ਾਦਾਰ ਰਿਹਾ ਅਤੇ ਉਸ ਨੇ ਯਹੋਵਾਹ ਦੀ ਹਕੂਮਤ ਦਾ ਸਮਰਥਨ ਕੀਤਾ। ਉਹ ਆਖ਼ਰੀ ਦਮ ਤਕ ਆਪਣੇ ਪਿਤਾ ਦੇ ਵਫ਼ਾਦਾਰ ਰਿਹਾ। ਸਾਨੂੰ ਕਿੰਨੇ ਹੀ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਯਿਸੂ ਨੇ ਰਿਹਾਈ ਦੀ ਕੀਮਤ ਦਿੱਤੀ! ਇਸ ਕਰਕੇ ਮਨੁੱਖਜਾਤੀ ਨੂੰ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਮਿਲਿਆ। ਪੌਲੁਸ ਰਸੂਲ ਨੇ ਉਸ ਪਿਆਰ ਬਾਰੇ ਸਮਝਾਇਆ ਜੋ ਯਹੋਵਾਹ ਅਤੇ ਯਿਸੂ ਨੇ ਰਿਹਾਈ ਦੀ ਕੀਮਤ ਦੁਆਰਾ ਦਿਖਾਇਆ। ਉਸ ਨੇ ਕਿਹਾ: “ਜਦੋਂ ਅਸੀਂ ਅਜੇ ਪਾਪੀ ਸਾਂ, ਤਾਂ ਮਸੀਹ ਮਿਥੇ ਹੋਏ ਸਮੇਂ ਤੇ ਦੁਸ਼ਟ ਲੋਕਾਂ ਲਈ ਮਰਿਆ। ਕਿਸੇ ਧਰਮੀ ਇਨਸਾਨ ਲਈ ਸ਼ਾਇਦ ਹੀ ਕੋਈ ਮਰੇ; ਪਰ ਹੋ ਸਕਦਾ ਹੈ ਕਿ ਚੰਗੇ ਇਨਸਾਨ ਲਈ ਕੋਈ ਮਰਨ ਲਈ ਤਿਆਰ ਹੋਵੇ। ਪਰ ਪਰਮੇਸ਼ੁਰ ਸਾਡੇ ਲਈ ਆਪਣੇ ਪਿਆਰ ਦਾ ਸਬੂਤ ਇਸ ਤਰ੍ਹਾਂ ਦਿੰਦਾ ਹੈ: ਜਦੋਂ ਅਸੀਂ ਅਜੇ ਪਾਪੀ ਹੀ ਸਾਂ, ਤਾਂ ਮਸੀਹ ਸਾਡੇ ਲਈ ਮਰਿਆ।” (ਰੋਮੀ. 5:6-8) ਯੂਹੰਨਾ ਰਸੂਲ ਨੇ ਲਿਖਿਆ: “ਸਾਡੇ ਲਈ ਪਰਮੇਸ਼ੁਰ ਦਾ ਪਿਆਰ ਇਸ ਤਰ੍ਹਾਂ ਜ਼ਾਹਰ ਹੋਇਆ ਸੀ ਕਿ ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਦੁਨੀਆਂ ਵਿਚ ਘੱਲਿਆ ਤਾਂਕਿ ਉਸ ਰਾਹੀਂ ਸਾਨੂੰ ਜ਼ਿੰਦਗੀ ਮਿਲੇ। ਪਰਮੇਸ਼ੁਰ ਨੇ ਆਪਣਾ ਪਿਆਰ ਇਸ ਕਰਕੇ ਜ਼ਾਹਰ ਨਹੀਂ ਕੀਤਾ ਕਿ  ਅਸੀਂ ਉਸ ਨੂੰ ਪਿਆਰ ਕੀਤਾ, ਸਗੋਂ ਉਸ ਨੇ ਸਾਡੇ ਨਾਲ ਪਿਆਰ ਕੀਤਾ ਅਤੇ ਸਾਡੇ ਪਾਪਾਂ ਲਈ ਕੁਰਬਾਨੀ ਦੇਣ ਵਾਸਤੇ ਆਪਣੇ ਪੁੱਤਰ ਨੂੰ ਘੱਲਿਆ, ਤਾਂਕਿ ਸਾਡੀ ਉਸ ਨਾਲ ਸੁਲ੍ਹਾ ਹੋ ਸਕੇ।”1 ਯੂਹੰ. 4:9, 10.

15 ਯਿਸੂ ਨੇ ਕਿਹਾ ਕਿ “ਪਰਮੇਸ਼ੁਰ ਨੇ ਦੁਨੀਆਂ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਲੋਕਾਂ ਦੀ ਖ਼ਾਤਰ ਆਪਣਾ ਇਕਲੌਤਾ ਪੁੱਤਰ ਵਾਰ ਦਿੱਤਾ ਤਾਂਕਿ ਜਿਹੜਾ ਵੀ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਨਾਸ਼ ਨਾ ਹੋਵੇ, ਸਗੋਂ ਹਮੇਸ਼ਾ ਦੀ ਜ਼ਿੰਦਗੀ ਪਾਵੇ।” (ਯੂਹੰ. 3:16) ਭਾਵੇਂ ਕਿ ਯਹੋਵਾਹ ਲਈ ਯਿਸੂ ਦੀ ਰਿਹਾਈ ਦੀ ਕੀਮਤ ਦੇਣੀ ਬਹੁਤ ਦੁਖਦਾਈ ਸੀ, ਪਰ ਫਿਰ ਵੀ ਉਸ ਨੇ ਇਹ ਕੀਮਤ ਚੁਕਾਈ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਮਨੁੱਖਜਾਤੀ ਨੂੰ ਕਿੰਨਾ ਹੀ ਪਿਆਰ ਕਰਦਾ ਹੈ! ਨਾਲੇ ਉਹ ਸਾਨੂੰ ਕਦੀ ਵੀ ਪਿਆਰ ਕਰਨਾ ਨਹੀਂ ਛੱਡੇਗਾ। ਪੌਲੁਸ ਨੇ ਲਿਖਿਆ: “ਮੈਨੂੰ ਪੱਕਾ ਭਰੋਸਾ ਹੈ ਕਿ ਨਾ ਮੌਤ, ਨਾ ਜ਼ਿੰਦਗੀ, ਨਾ ਦੂਤ, ਨਾ ਸਰਕਾਰਾਂ, ਨਾ ਹੁਣ ਦੀਆਂ ਚੀਜ਼ਾਂ, ਨਾ ਆਉਣ ਵਾਲੀਆਂ ਚੀਜ਼ਾਂ, ਨਾ ਤਾਕਤਾਂ, ਨਾ ਉਚਾਈ, ਨਾ ਡੂੰਘਾਈ, ਨਾ ਕੋਈ ਹੋਰ ਸ੍ਰਿਸ਼ਟੀ ਪਰਮੇਸ਼ੁਰ ਨੂੰ ਸਾਡੇ ਨਾਲ ਪਿਆਰ ਕਰਨ ਤੋਂ ਰੋਕ ਸਕਦੀ ਹੈ ਜੋ ਪਿਆਰ ਉਹ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਕਰਦਾ ਹੈ।”ਰੋਮੀ. 8:38, 39.

ਪਰਮੇਸ਼ੁਰ ਦਾ ਰਾਜ ਹਕੂਮਤ ਕਰ ਰਿਹਾ ਹੈ

16. ਮਸੀਹ ਦਾ ਰਾਜ ਕੀ ਹੈ ਅਤੇ ਯਹੋਵਾਹ ਨੇ ਇਸ ਰਾਜ ਦਾ ਰਾਜਾ ਕਿਸ ਨੂੰ ਚੁਣਿਆ ਹੈ?

16 ਮਸੀਹ ਦਾ ਰਾਜ ਯਾਨੀ ਪਰਮੇਸ਼ੁਰ ਦੀ ਸਰਕਾਰ ਮਨੁੱਖਜਾਤੀ ਲਈ ਯਹੋਵਾਹ ਦੇ ਪਿਆਰ ਦਾ ਇਕ ਹੋਰ ਸਬੂਤ ਹੈ। ਕਿਵੇਂ? ਯਹੋਵਾਹ ਨੇ ਪਹਿਲਾਂ ਹੀ ਇਸ ਰਾਜ ਦਾ ਰਾਜਾ ਠਹਿਰਾਇਆ ਹੈ ਜੋ ਇਨਸਾਨਾਂ ਨੂੰ ਪਿਆਰ ਕਰਦਾ ਹੈ ਤੇ ਰਾਜ ਕਰਨ ਦੇ ਕਾਬਲ ਹੈ। ਇਹ ਰਾਜਾ ਯਿਸੂ ਮਸੀਹ ਹੈ। (ਕਹਾ. 8:31) ਪਰਮੇਸ਼ੁਰ ਨੇ ਸਵਰਗ ਵਿਚ ਮਸੀਹ ਨਾਲ ਰਾਜ ਕਰਨ ਲਈ 1,44,000 ਲੋਕਾਂ ਨੂੰ ਚੁਣਿਆ ਹੈ। ਜਦੋਂ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ, ਤਾਂ ਉਹ ਧਰਤੀ ’ਤੇ ਆਪਣੀ ਜ਼ਿੰਦਗੀ ਦੇ ਤਜਰਬਿਆਂ ਤੋਂ ਜਾਣਦੇ ਹੋਣਗੇ ਕਿ ਇਨਸਾਨਾਂ ਦੀਆਂ ਕੀ ਸਮੱਸਿਆਵਾਂ ਹਨ। (ਪ੍ਰਕਾ. 14:1) ਧਰਤੀ ’ਤੇ ਹੁੰਦਿਆਂ ਯਿਸੂ ਦੀ ਸਿੱਖਿਆ ਦਾ ਮੁੱਖ ਵਿਸ਼ਾ ਪਰਮੇਸ਼ੁਰ ਦਾ ਰਾਜ ਸੀ। ਉਸ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ: “ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ ਪਵਿੱਤਰ ਕੀਤਾ ਜਾਵੇ। ਤੇਰਾ ਰਾਜ ਆਵੇ। ਤੇਰੀ ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ।” (ਮੱਤੀ 6:9, 10) ਅਸੀਂ ਇਸ ਤਰ੍ਹਾਂ ਦੀਆਂ ਪ੍ਰਾਰਥਨਾਵਾਂ ਦੇ ਪੂਰੇ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਜਦੋਂ ਪਰਮੇਸ਼ੁਰ ਦੇ ਰਾਜ ਅਧੀਨ ਮਨੁੱਖਜਾਤੀ ਨੂੰ ਬੇਸ਼ੁਮਾਰ ਬਰਕਤਾਂ ਮਿਲਣਗੀਆਂ।

17. ਯਿਸੂ ਅਤੇ ਇਨਸਾਨਾਂ ਦੇ ਰਾਜ ਵਿਚ ਕੀ ਫ਼ਰਕ ਹੈ?

17 ਯਿਸੂ ਦੇ ਪਿਆਰ ਭਰੇ ਰਾਜ ਅਤੇ ਇਨਸਾਨਾਂ ਦੇ ਰਾਜ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਇਨਸਾਨੀ ਸਰਕਾਰਾਂ ਅਧੀਨ ਲੱਖਾਂ-ਕਰੋੜਾਂ ਲੋਕ ਯੁੱਧਾਂ ਵਿਚ ਮਾਰੇ ਗਏ ਹਨ। ਪਰ ਸਾਡਾ ਰਾਜਾ ਯਿਸੂ ਵਾਕਈ ਸਾਨੂੰ ਪਿਆਰ ਕਰਦਾ ਹੈ ਅਤੇ ਉਹ ਯਹੋਵਾਹ ਦੇ ਵਧੀਆ ਗੁਣਾਂ ਦੀ ਰੀਸ ਕਰਦਾ ਹੈ, ਖ਼ਾਸ ਕਰਕੇ ਉਸ ਦੇ ਪਿਆਰ ਦੀ। (ਪ੍ਰਕਾ. 7:10, 16, 17) ਯਿਸੂ ਨੇ ਕਿਹਾ: “ਹੇ ਥੱਕੇ ਅਤੇ ਭਾਰ ਹੇਠ ਦੱਬੇ ਹੋਏ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਤਰੋ-ਤਾਜ਼ਾ ਕਰਾਂਗਾ। ਮੇਰਾ ਜੂਲਾ ਆਪਣੇ ਮੋਢਿਆਂ ਉੱਤੇ ਰੱਖ ਲਓ ਅਤੇ ਮੇਰੇ ਤੋਂ ਸਿੱਖੋ, ਕਿਉਂਕਿ ਮੈਂ ਸੁਭਾਅ ਦਾ ਨਰਮ ਅਤੇ ਮਨ ਦਾ ਹਲੀਮ ਹਾਂ ਅਤੇ ਤੁਹਾਡੀਆਂ ਜਾਨਾਂ ਨੂੰ ਤਾਜ਼ਗੀ ਮਿਲੇਗੀ। ਕਿਉਂਕਿ ਮੇਰਾ ਜੂਲਾ ਚੁੱਕਣਾ ਆਸਾਨ ਹੈ ਅਤੇ ਮੈਂ ਤੁਹਾਨੂੰ ਜੋ ਚੁੱਕਣ ਲਈ ਕਹਿੰਦਾ ਹਾਂ, ਉਹ ਭਾਰਾ ਨਹੀਂ ਹੈ।” (ਮੱਤੀ 11:28-30) ਇਹ ਕਿੰਨਾ ਹੀ ਪਿਆਰ ਭਰਿਆ ਵਾਅਦਾ ਹੈ!

18. (ੳ) 1914 ਤੋਂ ਕੀ ਹੋ ਰਿਹਾ ਹੈ? (ਅ) ਅਗਲੇ ਲੇਖ ਵਿਚ ਕਿਨ੍ਹਾਂ ਸਵਾਲਾਂ ’ਤੇ ਚਰਚਾ ਕੀਤੀ ਜਾਵੇਗੀ?

18 ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਦੇ ਰਾਜ ਨੇ ਸਵਰਗ ਵਿਚ 1914 ਵਿਚ ਰਾਜ ਕਰਨਾ ਸ਼ੁਰੂ ਕਰ ਦਿੱਤਾ ਸੀ। ਉਦੋਂ ਤੋਂ ਯਿਸੂ ਨਾਲ ਸਵਰਗ ਵਿਚ ਰਾਜ ਕਰਨ ਲਈ ਆਖ਼ਰੀ ਮੈਂਬਰਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਅਤੇ “ਵੱਡੀ ਭੀੜ” ਨੂੰ ਵੀ ਜੋ ਇਸ ਦੁਨੀਆਂ ਦੇ ਵਿਨਾਸ਼ ਤੋਂ ਬਚ ਕੇ ਨਵੀਂ ਦੁਨੀਆਂ ਵਿਚ ਜਾਵੇਗੀ। (ਪ੍ਰਕਾ. 7:9, 13, 14) ਅੱਜ ਵੱਡੀ ਭੀੜ ਵਿਚ ਕਿੰਨੇ ਕੁ ਲੋਕ ਹਨ? ਪਰਮੇਸ਼ੁਰ ਉਨ੍ਹਾਂ ਤੋਂ ਕੀ ਚਾਹੁੰਦਾ ਹੈ? ਅਗਲੇ ਲੇਖ ਵਿਚ ਇਨ੍ਹਾਂ ਸਵਾਲਾਂ ’ਤੇ ਚਰਚਾ ਕੀਤੀ ਜਾਵੇਗੀ।