Skip to content

Skip to table of contents

ਇਤਿਹਾਸ ਦੇ ਪੰਨਿਆਂ ਤੋਂ

“ਕੋਈ ਵੀ ਚੀਜ਼ ਤੁਹਾਨੂੰ ਨਾ ਰੋਕੇ!”

“ਕੋਈ ਵੀ ਚੀਜ਼ ਤੁਹਾਨੂੰ ਨਾ ਰੋਕੇ!”

ਇਹ ਗੱਲ 1931 ਦੇ ਬਸੰਤ ਦੀ ਹੈ। ਪੈਰਿਸ ਦੇ ਮਸ਼ਹੂਰ ਪਲਿਆਲ ਸੰਗੀਤ ਹਾਲ ਦੇ ਅੱਗੇ 23 ਦੇਸ਼ਾਂ ਤੋਂ ਆਏ ਲੋਕਾਂ ਦੀ ਭੀੜ ਖੜ੍ਹੀ ਹੈ। ਵੱਡੀਆਂ-ਵੱਡੀਆਂ ਟੈਕਸੀਆਂ ਅਮੀਰ ਲੋਕਾਂ ਨੂੰ ਹਾਲ ਦੇ ਸਾਮ੍ਹਣੇ ਉਤਾਰ ਰਹੀਆਂ ਹਨ। ਕੁਝ ਹੀ ਪਲਾਂ ਵਿਚ ਹਾਲ ਲਗਭਗ 3,000 ਲੋਕਾਂ ਨਾਲ ਪੂਰੀ ਤਰ੍ਹਾਂ ਭਰ ਜਾਂਦਾ ਹੈ। ਇਹ ਲੋਕ ਕੋਈ ਸੰਗੀਤ ਸੁਣਨ ਨਹੀਂ, ਸਗੋਂ ਭਰਾ ਜੋਸਫ਼ ਐੱਫ਼. ਰਦਰਫ਼ਰਡ ਦਾ ਭਾਸ਼ਣ ਸੁਣਨ ਆਏ ਹਨ ਜੋ ਉਨ੍ਹਾਂ ਦਿਨਾਂ ਵਿਚ ਪ੍ਰਚਾਰ ਦੇ ਕੰਮ ਦੀ ਅਗਵਾਈ ਕਰ ਰਿਹਾ ਸੀ। ਉਸ ਦੇ ਜ਼ਬਰਦਸਤ ਭਾਸ਼ਣਾਂ ਨੂੰ ਫ਼੍ਰੈਂਚ, ਜਰਮਨ ਤੇ ਪੋਲਿਸ਼ ਭਾਸ਼ਾ ਵਿਚ ਅਨੁਵਾਦ ਕੀਤਾ ਜਾ ਰਿਹਾ ਹੈ। ਭਰਾ ਰਦਰਫ਼ਰਡ ਦੀ ਜ਼ੋਰਦਾਰ ਆਵਾਜ਼ ਪੂਰੇ ਹਾਲ ਵਿਚ ਗੂੰਜ ਰਹੀ ਹੈ।

ਪੈਰਿਸ ਵਿਚ ਹੋਏ ਇਸ ਵੱਡੇ ਸੰਮੇਲਨ ਤੋਂ ਬਾਅਦ ਫਰਾਂਸ ਵਿਚ ਹੋ ਰਹੇ ਪ੍ਰਚਾਰ ਦੇ ਕੰਮ ਵਿਚ ਇਕ ਜ਼ਬਰਦਸਤ ਮੋੜ ਆਇਆ। ਭਰਾ ਰਦਰਫ਼ਰਡ ਨੇ ਅਲੱਗ-ਅਲੱਗ ਦੇਸ਼ਾਂ ਤੋਂ ਆਏ ਮਸੀਹੀਆਂ ਖ਼ਾਸ ਕਰਕੇ ਨੌਜਵਾਨਾਂ ਨੂੰ ਫਰਾਂਸ ਵਿਚ ਕੋਲਪੋਰਟਰਾਂ ਯਾਨੀ ਪਾਇਨੀਅਰਾਂ ਵਜੋਂ ਸੇਵਾ ਕਰਨ ਦਾ ਸੱਦਾ ਦਿੱਤਾ। ਇੰਗਲੈਂਡ ਤੋਂ ਆਇਆ ਨੌਜਵਾਨ ਭਰਾ ਜੌਨ ਕੁੱਕ ਜੋਸ਼ ਪੈਦਾ ਕਰਨ ਵਾਲੇ ਇਸ ਸੱਦੇ ਨੂੰ ਕਦੀ ਨਹੀਂ ਭੁੱਲਿਆ: “ਪਿਆਰੇ ਨੌਜਵਾਨੋ, ਤੁਹਾਨੂੰ ਪਾਇਨੀਅਰਿੰਗ ਕਰਨ ਤੋਂ ਕੋਈ ਵੀ ਚੀਜ਼ ਨਾ ਰੋਕੇ।” *

ਜੌਨ ਕੁੱਕ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਜੌਨ ਕੁੱਕ ਬਾਅਦ ਵਿਚ ਮਿਸ਼ਨਰੀ ਬਣਿਆ। (ਰਸੂ. 16:9, 10) ਭਰਾ ਰਦਰਫ਼ਰਡ ਦੇ ਸੱਦੇ ਕਰਕੇ ਫਰਾਂਸ ਵਿਚ ਇਕ ਸਾਲ ਦੇ ਅੰਦਰ-ਅੰਦਰ ਪਾਇਨੀਅਰਾਂ ਦੀ ਗਿਣਤੀ ਵਿਚ ਉਸ ਦੀਆਂ ਉਮੀਦਾਂ ਤੋਂ ਕਿਤੇ ਜ਼ਿਆਦਾ ਵਾਧਾ ਹੋਇਆ। 1930 ਵਿਚ ਉੱਥੇ ਸਿਰਫ਼ 27 ਪਾਇਨੀਅਰ ਸਨ, ਪਰ 1931 ਵਿਚ ਇਨ੍ਹਾਂ ਦੀ ਗਿਣਤੀ ਵਧ ਕੇ 104 ਹੋ ਗਈ। ਉਸ ਸਮੇਂ ਜ਼ਿਆਦਾਤਰ ਪਾਇਨੀਅਰ ਫ਼੍ਰੈਂਚ ਨਹੀਂ ਬੋਲ ਸਕਦੇ ਸਨ। ਤਾਂ ਫਿਰ ਉਨ੍ਹਾਂ ਨੇ ਲੋਕਾਂ ਨੂੰ ਪ੍ਰਚਾਰ ਕਿੱਦਾਂ ਕੀਤਾ? ਇਸ ਸਮੱਸਿਆ ਦੇ ਨਾਲ-ਨਾਲ ਉਨ੍ਹਾਂ ਨੇ ਥੋੜ੍ਹੀਆਂ ਚੀਜ਼ਾਂ ਨਾਲ ਗੁਜ਼ਾਰਾ ਕਿੱਦਾਂ ਕੀਤਾ ਅਤੇ ਇਕੱਲੇਪਣ ਦਾ ਸਾਮ੍ਹਣਾ ਕਿੱਦਾਂ ਕੀਤਾ?

ਹੋਰ ਭਾਸ਼ਾ ਵਿਚ ਪ੍ਰਚਾਰ ਕਰਨ ਦੀ ਚੁਣੌਤੀ

ਹੋਰ ਦੇਸ਼ਾਂ ਤੋਂ ਆਏ ਪਾਇਨੀਅਰ ਫ਼੍ਰੈਂਚ ਭਾਸ਼ਾ ਨਹੀਂ ਜਾਣਦੇ ਸਨ, ਇਸ ਲਈ ਉਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਲਈ ਟੈਸਟੀਮਨੀ ਕਾਰਡ (ਗਵਾਹੀ ਕਾਰਡ) ਦਾ ਇਸਤੇਮਾਲ ਕੀਤਾ। ਪੈਰਿਸ ਵਿਚ ਬਿਨਾਂ ਡਰੇ ਗਵਾਹੀ ਦੇਣ ਵਾਲਾ ਜਰਮਨ ਭਾਸ਼ਾ ਬੋਲਣ ਵਾਲਾ ਭਰਾ ਯਾਦ ਕਰਦਾ ਹੈ: “ਅਸੀਂ ਜਾਣਦੇ ਹਾਂ ਕਿ ਸਾਡਾ ਪਰਮੇਸ਼ੁਰ ਸਭ ਤੋਂ ਤਾਕਤਵਰ ਹੈ। ਪ੍ਰਚਾਰ ਦੌਰਾਨ ਜਦੋਂ ਸਾਡਾ ਦਿਲ ਜ਼ੋਰ-ਜ਼ੋਰ ਦੀ ਧੜਕਦਾ ਸੀ, ਤਾਂ ਇਹ ਇਨਸਾਨਾਂ ਦੇ ਡਰ ਕਰਕੇ ਨਹੀਂ, ਸਗੋਂ ਇਸ ਕਰਕੇ ਸੀ ਕਿ ਅਸੀਂ ਜੋ ਕਹਿਣਾ ਚਾਹੁੰਦੇ ਸੀ ਕਿਤੇ ਉਹ ਭੁੱਲ ਨਾ ਜਾਈਏ। ‘Voulez-vous lire cette carte, sil vous plait? [ਕਿਰਪਾ ਕਰਕੇ ਕੀ ਤੁਸੀਂ ਇਹ ਕਾਰਡ ਪੜ੍ਹੋਗੇ?]’ ਸਾਨੂੰ ਪੂਰਾ ਯਕੀਨ ਸੀ ਕਿ ਸਾਡਾ ਇਹ ਕੰਮ ਬਹੁਤ ਅਹਿਮ ਸੀ।”

ਉਸ ਸਮੇਂ ਦੇ ਪਾਇਨੀਅਰ ਫਰਾਂਸ ਵਿਚ ਖ਼ੁਸ਼ ਖ਼ਬਰੀ ਫੈਲਾਉਣ ਲਈ ਸਾਈਕਲ ਤੇ ਮੋਟਰ ਸਾਈਕਲ ਵਰਤਦੇ ਸਨ

ਜਦੋਂ ਪਾਇਨੀਅਰ ਫਲੈਟਾਂ ਵਿਚ ਪ੍ਰਚਾਰ ਕਰਦੇ ਸਨ, ਤਾਂ ਚੌਕੀਦਾਰ ਪਾਇਨੀਅਰਾਂ ਨੂੰ ਅਕਸਰ ਭਜਾ ਦਿੰਦੇ ਸਨ। ਇਕ ਦਿਨ ਫਲੈਟਾਂ ਵਿਚ ਬਹੁਤ ਹੀ ਘੱਟ ਫ਼੍ਰੈਂਚ ਬੋਲਣ ਵਾਲੀਆਂ ਦੋ ਇੰਗਲੈਂਡ ਦੀਆਂ ਭੈਣਾਂ ਪ੍ਰਚਾਰ ਕਰ ਰਹੀਆਂ ਸਨ। ਉੱਥੋਂ ਦਾ ਚੌਕੀਦਾਰ ਉਨ੍ਹਾਂ ਨੂੰ ਟੁੱਟ ਕੇ ਪਿਆ ਤੇ ਪੁੱਛਿਆ ਕਿ ਉਹ ਕਿਸ ਨੂੰ ਮਿਲਣਾ ਚਾਹੁੰਦੀਆਂ ਸਨ। ਅਚਾਨਕ ਇਕ ਭੈਣ ਦੀ ਨਜ਼ਰ ਕਿਸੇ ਦਰਵਾਜ਼ੇ ਉੱਤੇ ਲੱਗੀ ਪਲੇਟ ਉੱਤੇ ਪਈ ਜਿਸ ਉੱਤੇ ਲਿਖਿਆ ਹੋਇਆ ਸੀ:“ਘੰਟੀ ਮਾਰੋ [Tournez le bouton].” ਉਸ ਨੇ ਸੋਚਿਆ ਕਿ ਉਸ ਪਲੇਟ ਉੱਤੇ ਘਰ ਮਾਲਕ ਦਾ ਨਾਂ ਲਿਖਿਆ ਹੈ। ਚੌਕੀਦਾਰ ਨੂੰ ਸ਼ਾਂਤ ਕਰਨ ਲਈ ਉਸ ਨੇ ਮੁਸਕਰਾਉਂਦਿਆਂ ਕਿਹਾ: “ਅਸੀਂ ਮੈਡਮ ਘੰਟੀ ਮਾਰੋ ਨੂੰ ਮਿਲਣ ਆਏ ਹਾਂ।” ਪਾਇਨੀਅਰਾਂ ਦੀ ਹਾਸੇ-ਮਜ਼ਾਕ ਦੀ ਆਦਤ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ।

ਘੱਟ ਚੀਜ਼ਾਂ ਅਤੇ ਹੋਰ ਭੈਣਾਂ-ਭਰਾਵਾਂ ਤੋਂ ਦੂਰ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੇ ਹੌਸਲੇ ਬੁਲੰਦ ਰੱਖੇ

1930 ਵਿਚ ਫਰਾਂਸ ਦੇ ਜ਼ਿਆਦਾਤਰ ਲੋਕਾਂ ਨੂੰ ਗ਼ਰੀਬੀ ਦੇ ਨਾਲ-ਨਾਲ ਹੋਰ ਵੀ ਤੰਗੀਆਂ ਸਹਿਣੀਆਂ ਪਈਆਂ। ਹੋਰ ਦੇਸ਼ਾਂ ਤੋਂ ਆਏ ਪਾਇਨੀਅਰਾਂ ਨੂੰ ਵੀ ਇਨ੍ਹਾਂ ਹਾਲਾਤਾਂ ਨਾਲ ਜੂਝਣਾ ਪਿਆ। ਅੰਗ੍ਰੇਜ਼ੀ ਬੋਲਣ ਵਾਲੀ ਮੋਨਾ ਬਜ਼ਹੋਸਕਾ ਤੇ ਉਸ ਦੀ ਪਾਇਨੀਅਰ ਸਾਥਣ ਨਾਲ ਜੋ ਤਜਰਬਾ ਹੋਇਆ, ਉਸ ਬਾਰੇ ਉਹ ਦੱਸਦੀ ਹੈ: “ਅਸੀਂ ਜਿੱਥੇ ਵੀ ਰਹਿੰਦੇ ਸੀ ਉਨ੍ਹਾਂ ਘਰਾਂ ਵਿਚ ਬਹੁਤ ਹੀ ਘੱਟ ਸਹੂਲਤਾਂ ਸਨ। ਸਰਦੀਆਂ ਦੌਰਾਨ ਸਾਡੇ ਕਮਰੇ ਠੰਢੇ ਹੁੰਦੇ ਸਨ ਅਤੇ ਸਾਡੇ ਕੋਲ ਕਮਰੇ ਗਰਮ ਕਰਨ ਲਈ ਕੁਝ ਵੀ ਨਹੀਂ ਸੀ। ਸਾਨੂੰ ਕਮਰੇ ਵਿਚ ਔਖਾ-ਸੌਖਾ ਗੁਜ਼ਾਰਾ ਕਰਨਾ ਪੈਂਦਾ ਸੀ ਜਿੱਥੇ ਕੜਾਕੇ ਦੀ ਠੰਢ ਹੁੰਦੀ ਸੀ। ਸਵੇਰ ਨੂੰ ਮੂੰਹ ਧੋਣ ਲਈ ਸਾਨੂੰ ਜੱਗ ਉੱਤੇ ਜੰਮੀ ਬਰਫ਼ ਦੀ ਤਹਿ ਨੂੰ ਤੋੜਨਾ ਪੈਂਦਾ ਸੀ।” ਕੀ ਸਹੂਲਤਾਂ ਦੀ ਕਮੀ ਹੋਣ ਕਰਕੇ ਪਾਇਨੀਅਰ ਨਿਰਾਸ਼ ਹੋ ਗਏ ਸਨ? ਬਿਲਕੁਲ ਵੀ ਨਹੀਂ। ਇਕ ਪਾਇਨੀਅਰ ਨੇ ਸਾਰਿਆਂ ਦੀਆਂ ਭਾਵਨਾਵਾਂ ਨੂੰ ਜ਼ਾਹਰ ਕਰਦਿਆਂ ਕਿਹਾ: “ਨਾ ਸਾਡੇ ਕੋਲ ਕੁਝ ਸੀ ਤੇ ਨਾ ਹੀ ਸਾਨੂੰ ਕਿਸੇ ਚੀਜ਼ ਦੀ ਕਮੀ ਸੀ।”ਮੱਤੀ 6:33.

ਇੰਗਲੈਂਡ ਤੋਂ ਆਏ ਪਾਇਨੀਅਰ 1931 ਵਿਚ ਪੈਰਿਸ ਵਿਚ ਹੋਏ ਵੱਡੇ ਸੰਮੇਲਨ ’ਤੇ ਹਾਜ਼ਰ ਹੋਏ

ਇਨ੍ਹਾਂ ਹਿੰਮਤ ਵਾਲੇ ਪਾਇਨੀਅਰਾਂ ਨੇ ਇਕ ਹੋਰ ਚੁਣੌਤੀ ਦਾ ਸਾਮ੍ਹਣਾ ਕੀਤਾ। ਇਹ ਦੂਰ-ਦੂਰ ਇਲਾਕਿਆਂ ਵਿਚ ਰਹਿੰਦੇ ਸਨ ਜਿਸ ਕਰਕੇ ਇਨ੍ਹਾਂ ਲਈ ਇਕ ਦੂਜੇ ਨਾਲ ਮਿਲਣਾ ਔਖਾ ਸੀ। 1930 ਦੇ ਸ਼ੁਰੂ ਵਿਚ ਫਰਾਂਸ ਵਿਚ ਪ੍ਰਚਾਰਕਾਂ ਦੀ ਗਿਣਤੀ 700 ਤੋਂ ਘੱਟ ਸੀ ਅਤੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਪੂਰੇ ਦੇਸ਼ ਵਿਚ ਫੈਲੇ ਹੋਏ ਸਨ। ਭੈਣਾਂ-ਭਰਾਵਾਂ ਤੋਂ ਦੂਰ ਰਹਿੰਦਿਆਂ ਵੀ ਇਹ ਪਾਇਨੀਅਰ ਕਿਵੇਂ ਖ਼ੁਸ਼ ਰਹਿ ਸਕੇ। ਮੋਨਾ, ਜਿਸ ਨੇ ਆਪਣੀ ਪਾਇਨੀਅਰ ਸਾਥਣ ਨਾਲ ਇਸ ਚੁਣੌਤੀ ਦਾ ਸਾਮ੍ਹਣਾ ਕੀਤਾ, ਦੱਸਦੀ ਹੈ: “ਅਸੀਂ ਇਸ ਚੁਣੌਤੀ ਦਾ ਸਾਮ੍ਹਣਾ ਕਰਨ ਲਈ ਸੰਸਥਾ ਦੇ ਪ੍ਰਕਾਸ਼ਨ ਇਕੱਠੇ ਮਿਲ ਕੇ ਪੜ੍ਹਦੀਆਂ ਸੀ। ਉਨ੍ਹਾਂ ਦਿਨਾਂ ਵਿਚ ਅਸੀਂ ਸਾਰੇ ਪਾਇਨੀਅਰ ਨਾ ਤਾਂ ਰਿਟਰਨ ਵਿਜ਼ਿਟ ਕਰਦੇ ਸੀ ਤੇ ਨਾ ਹੀ ਬਾਈਬਲ ਸਟੱਡੀਆਂ ਕਰਵਾਉਂਦੇ ਸੀ। ਸ਼ਾਮ ਵੇਲੇ ਸਾਡੇ ਕੋਲ ਆਪਣੇ ਪਰਿਵਾਰ ਅਤੇ ਖ਼ਾਸ ਕਰਕੇ ਹੋਰ ਪਾਇਨੀਅਰਾਂ ਨੂੰ ਚਿੱਠੀਆਂ ਲਿਖਣ ਦਾ ਸਮਾਂ ਹੁੰਦਾ ਸੀ। ਅਸੀਂ ਆਪਣੇ ਤਜਰਬੇ ਸਾਂਝੇ ਕਰ ਕੇ ਇਕ-ਦੂਸਰੇ ਦਾ ਹੌਸਲਾ ਵਧਾਉਂਦੇ ਸੀ।”1 ਥੱਸ. 5:11.

ਇਨ੍ਹਾਂ ਨਿਰਸੁਆਰਥ ਪਾਇਨੀਅਰਾਂ ਨੇ ਮੁਸ਼ਕਲਾਂ ਦੇ ਬਾਵਜੂਦ ਵੀ ਵਧੀਆ ਰਵੱਈਆ ਰੱਖਿਆ। ਇਨ੍ਹਾਂ ਸਾਰੀਆਂ ਗੱਲਾਂ ਦਾ ਪਤਾ ਸਾਨੂੰ ਉਨ੍ਹਾਂ ਚਿੱਠੀਆਂ ਤੋਂ ਲੱਗਦਾ ਹੈ ਜੋ ਉਨ੍ਹਾਂ ਨੇ ਫਰਾਂਸ ਦੇ ਬ੍ਰਾਂਚ ਆਫ਼ਿਸ ਨੂੰ ਲਿਖਿਆਂ ਸਨ। ਇਹ ਚਿੱਠੀਆਂ ਪਾਇਨੀਅਰਾਂ ਨੇ ਫਰਾਂਸ ਵਿਚ ਪਾਇਨੀਅਰਿੰਗ ਕਰਨ ਤੋਂ ਕੁਝ ਸਾਲਾਂ ਬਾਅਦ ਜਾਂ ਕਈ ਦਹਾਕਿਆਂ ਬਾਅਦ ਲਿਖੀਆਂ ਸਨ। ਸਵਰਗ ਜਾਣ ਦੀ ਉਮੀਦ ਰੱਖਣ ਵਾਲੀ ਭੈਣ ਐਨੀ ਕਰਾਜੀਨ ਨੇ 1931 ਤੋਂ ਲੈ ਕੇ 1935 ਤਕ ਆਪਣੇ ਪਤੀ ਨਾਲ ਫਰਾਂਸ ਦੇ ਇਕ ਸਿਰੇ ਤੋਂ ਦੂਜੇ ਸਿਰੇ ਤਕ ਪ੍ਰਚਾਰ ਕੀਤਾ। ਉਨ੍ਹਾਂ ਸਾਲਾਂ ਨੂੰ ਯਾਦ ਕਰਦਿਆਂ ਉਸ ਨੇ ਲਿਖਿਆ: “ਅਸੀਂ ਜਿੰਨੇ ਚਿਰ ਸੇਵਾ ਕੀਤੀ ਅਸੀਂ ਉਸ ਦਾ ਬਹੁਤ ਆਨੰਦ ਮਾਣਿਆ। ਸਾਡੇ ਸਾਰਿਆਂ ਪਾਇਨੀਅਰਾਂ ਵਿਚ ਗੂੜ੍ਹੀ ਦੋਸਤੀ ਸੀ। ਜਿੱਦਾਂ ਪੌਲੁਸ ਰਸੂਲ ਨੇ ਕਿਹਾ ਸੀ ਕਿ ‘ਮੈਂ ਬੂਟਾ ਲਾਇਆ, ਅਪੁੱਲੋਸ ਨੇ ਪਾਣੀ ਦਿੱਤਾ, ਪਰ ਪਰਮੇਸ਼ੁਰ ਉਸ ਨੂੰ ਵਧਾਉਂਦਾ ਰਿਹਾ।’ ਇਹ ਗੱਲ ਯਾਦ ਕਰ ਕੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਕਈ ਸਾਲ ਪਹਿਲਾਂ ਸਾਨੂੰ ਵੀ ਬਹੁਤ ਸਾਰੇ ਲੋਕਾਂ ਦੀ ਮਦਦ ਕਰਨ ਦਾ ਸਨਮਾਨ ਮਿਲਿਆ।”1 ਕੁਰਿੰ. 3:6.

ਵਾਕਈ, ਇਨ੍ਹਾਂ ਪਾਇਨੀਅਰਾਂ ਨੇ ਉਨ੍ਹਾਂ ਲਈ ਧੀਰਜ ਅਤੇ ਜੋਸ਼ ਦੀ ਵਧੀਆ ਮਿਸਾਲ ਛੱਡੀ ਜੋ ਪ੍ਰਚਾਰ ਵਿਚ ਹੋਰ ਵੀ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੁੰਦੇ ਹਨ। ਅੱਜ ਫਰਾਂਸ ਵਿਚ ਲਗਭਗ 14,000 ਰੈਗੂਲਰ ਪਾਇਨੀਅਰ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਪਾਇਨੀਅਰ ਅਲੱਗ-ਅਲੱਗ ਭਾਸ਼ਾਵਾਂ ਦੇ ਗਰੁੱਪਾਂ ਜਾਂ ਮੰਡਲੀਆਂ ਵਿਚ ਸੇਵਾ ਕਰ ਰਹੇ ਹਨ। * ਇਹ ਪਾਇਨੀਅਰ ਵੀ ਉਨ੍ਹਾਂ ਪਾਇਨੀਅਰਾਂ ਵਾਂਗ ਸੇਵਾ ਕਰ ਰਹੇ ਹਨ ਜਿਨ੍ਹਾਂ ਨੂੰ ਸੇਵਾ ਕਰਨ ਤੋਂ ਕਿਸੇ ਵੀ ਚੀਜ਼ ਨੇ ਨਹੀਂ ਰੋਕਿਆ।—ਫਰਾਂਸ ਵਿਚ ਸਾਡੇ ਇਤਿਹਾਸਕ ਰਿਕਾਰਡ ਤੋਂ।

^ ਪੈਰਾ 4 ਫਰਾਂਸ ਵਿਚ ਪੋਲੈਂਡ ਤੋਂ ਆਏ ਭੈਣਾਂ-ਭਰਾਵਾਂ ਦੇ ਪ੍ਰਚਾਰ ਦੇ ਕੰਮ ਬਾਰੇ 15 ਅਗਸਤ 2015 ਦੇ ਪਹਿਰਾਬੁਰਜ ਵਿੱਚੋਂ “ਸੱਚਾਈ ਸਿਖਾਉਣ ਲਈ ਯਹੋਵਾਹ ਨੇ ਤੁਹਾਨੂੰ ਫਰਾਂਸ ਲਿਆਂਦਾ” ਨਾਂ ਦਾ ਲੇਖ ਦੇਖੋ।

^ ਪੈਰਾ 13 2014 ਵਿਚ ਫਰਾਂਸ ਬ੍ਰਾਂਚ 70 ਭਾਸ਼ਾਵਾਂ ਦੀਆਂ 900 ਤੋਂ ਜ਼ਿਆਦਾ ਮੰਡਲੀਆਂ ਅਤੇ ਗਰੁੱਪਾਂ ਦੇ ਕੰਮ ਦੀ ਦੇਖ-ਰੇਖ ਕਰਦੀ ਸੀ ਅਤੇ ਨੇਕਦਿਲ ਲੋਕਾਂ ਦੀ ਸੱਚਾਈ ਸਿੱਖਣ ਵਿਚ ਮਦਦ ਕਰਦੀ ਸੀ।