Skip to content

Skip to table of contents

ਕੀ ਤੁਸੀਂ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦਾ ਹੱਥ ਦੇਖਦੇ ਹੋ?

ਕੀ ਤੁਸੀਂ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦਾ ਹੱਥ ਦੇਖਦੇ ਹੋ?

“ਮਲੂਮ ਹੋ ਜਾਵੇਗਾ ਭਈ ਯਹੋਵਾਹ ਦਾ ਹੱਥ ਆਪਣੇ ਦਾਸਾਂ ਉੱਤੇ ਹੈ।”ਯਸਾ. 66:14.

ਗੀਤ: 32, 26

1, 2. ਕੁਝ ਲੋਕ ਪਰਮੇਸ਼ੁਰ ਬਾਰੇ ਕੀ ਸੋਚਦੇ ਹਨ?

ਬਹੁਤ ਸਾਰੇ ਲੋਕ ਸੋਚਦੇ ਹਨ ਕਿ ਉਹ ਜੋ ਮਰਜ਼ੀ ਕਰਨ, ਇਸ ਨਾਲ ਪਰਮੇਸ਼ੁਰ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਹ ਸੋਚਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਦੀ ਕੋਈ ਪਰਵਾਹ ਨਹੀਂ ਕਰਦਾ। ਮਿਸਾਲ ਲਈ, ਨਵੰਬਰ 2013 ਵਿਚ ਕੇਂਦਰੀ ਫ਼ਿਲਪੀਨ ਵਿਚ ਹਾਈਆਨ ਨਾਂ ਦੇ ਤੂਫ਼ਾਨ ਨਾਲ ਹੋਏ ਨੁਕਸਾਨ ਤੋਂ ਬਾਅਦ ਇਕ ਵੱਡੇ ਸ਼ਹਿਰ ਦੇ ਮੇਅਰ ਨੇ ਕਿਹਾ: “ਪਤਾ ਨਹੀਂ ਰੱਬ ਕਿੱਥੇ ਸੀ।”

2 ਕੁਝ ਲੋਕ ਸੋਚਦੇ ਹਨ ਕਿ ਰੱਬ ਕਿਹੜਾ ਦੇਖਦਾ ਕਿ ਉਹ ਕੀ ਕਰ ਰਹੇ ਹਨ। (ਯਸਾ. 26:10, 11; 3 ਯੂਹੰ. 11) ਇਹ ਲੋਕ ਉਨ੍ਹਾਂ ਲੋਕਾਂ ਵਰਗੇ ਹਨ ਜਿਨ੍ਹਾਂ ਬਾਰੇ ਪੌਲੁਸ ਰਸੂਲ ਨੇ ਲਿਖਿਆ ਸੀ: “ਉਨ੍ਹਾਂ ਨੇ ਪਰਮੇਸ਼ੁਰ ਨੂੰ ਸਹੀ ਤਰ੍ਹਾਂ ਨਾਲ ਜਾਣਨਾ ਨਹੀਂ ਚਾਹਿਆ।” ਇਹ ਲੋਕ “ਹਰ ਤਰ੍ਹਾਂ ਦੇ ਕੁਧਰਮ, ਦੁਸ਼ਟਤਾ, ਲੋਭ ਤੇ ਬੁਰਾਈ ਨਾਲ ਭਰੇ ਹੋਏ ਸਨ।”ਰੋਮੀ. 1:28, 29.

3. (ੳ) ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ? (ਅ) ਬਾਈਬਲ ਵਿਚ ਪਰਮੇਸ਼ੁਰ ਦਾ “ਹੱਥ” ਕਿਸ ਨੂੰ ਦਰਸਾਉਂਦਾ ਹੈ?

3 ਸਾਡੇ ਬਾਰੇ ਕੀ? ਅਸੀਂ ਜਾਣਦੇ ਹਾਂ ਕਿ ਅਸੀਂ ਜੋ ਵੀ ਕਰਦੇ ਹਾਂ ਯਹੋਵਾਹ ਉਹ ਸਭ ਕੁਝ ਦੇਖਦਾ ਹੈ। ਪਰ ਕੀ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਯਹੋਵਾਹ ਸਾਡੀ ਪਰਵਾਹ ਕਰਦਾ ਹੈ? ਕੀ ਅਸੀਂ ਆਪਣੀ ਜ਼ਿੰਦਗੀ ਵਿਚ ਉਸ ਦਾ ਹੱਥ ਦੇਖਦੇ ਹਾਂ? ਇਨ੍ਹਾਂ ਗੱਲਾਂ ’ਤੇ ਗੌਰ ਕਰਦਿਆਂ ਯਾਦ ਰੱਖੋ ਕਿ ਬਾਈਬਲ ਵਿਚ ਪਰਮੇਸ਼ੁਰ ਦਾ “ਹੱਥ” ਅਕਸਰ  ਉਸ ਦੀ ਤਾਕਤ ਨੂੰ ਦਰਸਾਉਂਦਾ ਹੈ ਜੋ ਉਹ ਆਪਣੇ ਸੇਵਕਾਂ ਦੀ ਮਦਦ ਕਰਨ ਲਈ ਤੇ ਆਪਣੇ ਵਿਰੋਧੀਆਂ ਨੂੰ ਹਰਾਉਣ ਲਈ ਵਰਤਦਾ ਹੈ। (ਬਿਵਸਥਾ ਸਾਰ 26:8 ਪੜ੍ਹੋ।) ਯਿਸੂ ਨੇ ਕਿਹਾ ਕਿ ਕੁਝ ਲੋਕ “ਪਰਮੇਸ਼ੁਰ ਨੂੰ ਦੇਖਣਗੇ।” (ਮੱਤੀ 5:8) ਕੀ ਅਸੀਂ ਉਨ੍ਹਾਂ ਲੋਕਾਂ ਵਿੱਚੋਂ ਹਾਂ? ਅਸੀਂ ਕਿਵੇਂ ‘ਪਰਮੇਸ਼ੁਰ ਨੂੰ ਦੇਖ’ ਸਕਦੇ ਹਾਂ? ਆਓ ਆਪਾਂ ਬਾਈਬਲ ਦੀਆਂ ਉਨ੍ਹਾਂ ਮਿਸਾਲਾਂ ਤੋਂ ਸਿੱਖੀਏ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦਾ ਹੱਥ ਦੇਖਿਆ ਹੈ ਤੇ ਜਿਨ੍ਹਾਂ ਨੇ ਨਹੀਂ। ਅਸੀਂ ਇਹ ਵੀ ਸਿੱਖਾਂਗੇ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦਾ ਹੱਥ ਹੋਰ ਵੀ ਸਾਫ਼ ਤਰੀਕੇ ਨਾਲ ਕਿਵੇਂ ਦੇਖ ਸਕਦੇ ਹਾਂ?

ਉਨ੍ਹਾਂ ਨੇ ਪਰਮੇਸ਼ੁਰ ਦਾ ਹੱਥ ਦੇਖਣ ਤੋਂ ਇਨਕਾਰ ਕੀਤਾ

4. ਇਜ਼ਰਾਈਲੀਆਂ ਦੇ ਦੁਸ਼ਮਣਾਂ ਨੇ ਪਰਮੇਸ਼ੁਰ ਦਾ ਹੱਥ ਦੇਖਣ ਤੋਂ ਕਿਉਂ ਇਨਕਾਰ ਕੀਤਾ?

4 ਬੀਤੇ ਸਮੇਂ ਵਿਚ ਬਹੁਤ ਸਾਰੇ ਲੋਕਾਂ ਕੋਲ ਇਹ ਦੇਖਣ ਤੇ ਸੁਣਨ ਦਾ ਮੌਕਾ ਸੀ ਕਿ ਪਰਮੇਸ਼ੁਰ ਨੇ ਇਜ਼ਰਾਈਲੀਆਂ ਦੀ ਕਿਵੇਂ ਮਦਦ ਕੀਤੀ ਸੀ। ਯਹੋਵਾਹ ਨੇ ਚਮਤਕਾਰ ਕਰ ਕੇ ਆਪਣੇ ਲੋਕਾਂ ਨੂੰ ਮਿਸਰ ਤੋਂ ਛੁਡਾਇਆ ਅਤੇ ਵਾਅਦਾ ਕੀਤੇ ਹੋਏ ਦੇਸ਼ ਵਿਚ ਬਹੁਤ ਸਾਰੇ ਰਾਜਿਆਂ ਨੂੰ ਹਰਾਇਆ। (ਯਹੋ. 9:3, 9, 10) ਭਾਵੇਂ ਕਿ ਦੂਜੇ ਰਾਜਿਆਂ ਨੇ ਸੁਣਿਆ ਤੇ ਦੇਖਿਆ ਕਿ ਯਹੋਵਾਹ ਨੇ ਕਿਵੇਂ ਆਪਣੇ ਲੋਕਾਂ ਨੂੰ ਬਚਾਇਆ, ਫਿਰ ਵੀ “ਉਨ੍ਹਾਂ ਨੇ ਇੱਕ ਮਨ ਹੋ ਕੇ ਆਪਣੇ ਆਪ ਨੂੰ ਯਹੋਸ਼ੁਆ ਅਤੇ ਇਸਰਾਏਲ ਦੇ ਨਾਲ ਜੁੱਧ ਕਰਨ ਲਈ ਇਕੱਠਾ ਕੀਤਾ।” (ਯਹੋ. 9:1, 2) ਜਦੋਂ ਉਹ ਇਜ਼ਰਾਈਲ ਦੇ ਖ਼ਿਲਾਫ਼ ਲੜੇ, ਤਾਂ ਉਨ੍ਹਾਂ ਰਾਜਿਆਂ ਕੋਲ ਪਰਮੇਸ਼ੁਰ ਦਾ ਹੱਥ ਦੇਖਣ ਦਾ ਮੌਕਾ ਸੀ। ਯਹੋਵਾਹ ਦੀ ਮਹਾਨ ਸ਼ਕਤੀ ਕਰਕੇ “ਸੂਰਜ ਠਹਿਰ ਗਿਆ ਅਤੇ ਚੰਦਰਮਾ ਖੜਾ ਰਿਹਾ, ਜਦ ਤੀਕ ਕੌਮ ਨੇ ਆਪਣੇ ਵੈਰੀਆਂ ਤੋਂ ਵੱਟਾ ਨਾ ਲਿਆ।” (ਯਹੋ. 10:13) ਪਰ ਯਹੋਵਾਹ ਨੇ ਇਜ਼ਰਾਈਲੀਆਂ ਦੇ ਦੁਸ਼ਮਣਾਂ ਦੇ ਦਿਲਾਂ ਨੂੰ “ਕਠੋਰ” ਹੋਣ ਦਿੱਤਾ ਤਾਂਕਿ ਉਹ ਇਜ਼ਰਾਈਲੀਆਂ ਦੇ ਖ਼ਿਲਾਫ਼ ਲੜਨ। (ਯਹੋ. 11:20) ਇਜ਼ਰਾਈਲੀਆਂ ਦੇ ਦੁਸ਼ਮਣਾਂ ਨੇ ਹਾਰ ਦਾ ਮੂੰਹ ਦੇਖਿਆ ਕਿਉਂਕਿ ਉਨ੍ਹਾਂ ਨੇ ਇਹ ਮੰਨਣ ਤੋਂ ਇਨਕਾਰ ਕੀਤਾ ਕਿ ਯਹੋਵਾਹ ਆਪਣੇ ਲੋਕਾਂ ਲਈ ਲੜ ਰਿਹਾ ਸੀ।

5. ਦੁਸ਼ਟ ਰਾਜੇ ਅਹਾਬ ਨੇ ਕੀ ਮੰਨਣ ਤੋਂ ਇਨਕਾਰ ਕੀਤਾ?

5 ਬਾਅਦ ਵਿਚ ਦੁਸ਼ਟ ਰਾਜੇ ਅਹਾਬ ਨੂੰ ਕਈ ਵਾਰ ਪਰਮੇਸ਼ੁਰ ਦਾ ਹੱਥ ਦੇਖਣ ਦਾ ਮੌਕਾ ਮਿਲਿਆ। ਏਲੀਯਾਹ ਨੇ ਕਿਹਾ: “ਇਨ੍ਹਾਂ ਵਰਿਹਾਂ ਵਿੱਚ ਮੇਰੇ ਬਚਨ ਤੋਂ ਬਿਨਾ ਨਾ ਤ੍ਰੇਲ ਪਵੇਗੀ ਨਾ ਮੀਂਹ।” (1 ਰਾਜ. 17:1) ਇਹ ਸਿਰਫ਼ ਪਰਮੇਸ਼ੁਰ ਦੇ ਹੱਥ ਕਰਕੇ ਹੀ ਮੁਮਕਿਨ ਹੋਇਆ ਸੀ, ਪਰ ਅਹਾਬ ਨੇ ਇਹ ਗੱਲ ਮੰਨਣ ਤੋਂ ਇਨਕਾਰ ਕੀਤਾ। ਬਾਅਦ ਵਿਚ ਏਲੀਯਾਹ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਅਤੇ ਪਰਮੇਸ਼ੁਰ ਨੇ ਸਵਰਗ ਤੋਂ ਅੱਗ ਭੇਜ ਕੇ ਉਸ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ। ਅਹਾਬ ਨੇ ਇਹ ਸਭ ਕੁਝ ਦੇਖਿਆ। ਫਿਰ ਏਲੀਯਾਹ ਨੇ ਅਹਾਬ ਨੂੰ ਕਿਹਾ ਕਿ ਯਹੋਵਾਹ ਸੋਕੇ ਨੂੰ ਖ਼ਤਮ ਕਰੇਗਾ ਅਤੇ ਮੀਂਹ ਪਾਵੇਗਾ। (1 ਰਾਜ. 18:22-45) ਅਹਾਬ ਨੇ ਸਾਰੇ ਚਮਤਕਾਰ ਦੇਖੇ ਸਨ, ਪਰ ਫਿਰ ਵੀ ਉਸ ਨੇ ਪਰਮੇਸ਼ੁਰ ਦੀ ਤਾਕਤ ਨੂੰ ਮੰਨਣ ਤੋਂ ਇਨਕਾਰ ਕੀਤਾ। ਅਸੀਂ ਇਸ ਤੋਂ ਕੀ ਸਿੱਖਦੇ ਹਾਂ? ਜਦੋਂ ਵੀ ਯਹੋਵਾਹ ਸਾਡੀ ਜ਼ਿੰਦਗੀ ਵਿਚ ਕੁਝ ਕਰਦਾ ਹੈ, ਤਾਂ ਜ਼ਰੂਰੀ ਹੈ ਕਿ ਅਸੀਂ ਉਸ ਦਾ ਹੱਥ ਪਛਾਣੀਏ।

ਉਨ੍ਹਾਂ ਨੇ ਯਹੋਵਾਹ ਦਾ ਹੱਥ ਦੇਖਿਆ

6, 7. ਗਿਬਓਨੀਆਂ ਤੇ ਰਾਹਾਬ ਨੇ ਕਿਹੜੀ ਗੱਲ ਪਛਾਣੀ?

6 ਗਿਬਓਨੀ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਤੋਂ ਬਿਲਕੁਲ ਵੱਖਰੇ ਸਨ। ਗਿਬਓਨੀਆਂ ਨੇ ਪਰਮੇਸ਼ੁਰ ਦਾ ਹੱਥ ਦੇਖਿਆ। ਇਜ਼ਰਾਈਲੀਆਂ ਨਾਲ ਲੜਨ ਦੀ ਬਜਾਇ ਗਿਬਓਨੀ ਉਨ੍ਹਾਂ ਨਾਲ ਸ਼ਾਂਤੀ ਬਣਾਉਣੀ ਚਾਹੁੰਦੇ ਸਨ। ਕਿਉਂ? ਕਿਉਂਕਿ ਉਨ੍ਹਾਂ ਨੇ ਕਿਹਾ: “ਤੁਹਾਡੇ ਦਾਸ . . . ਤੁਹਾਡੇ ਪਰਮੇਸ਼ੁਰ ਦੇ ਨਾਮ ਦੇ ਕਾਰਨ ਆਏ ਹਨ ਕਿਉਂ ਜੋ ਅਸਾਂ ਉਹ ਦੀ ਧੁੰਮ ਸੁਣੀ ਹੈ ਨਾਲੇ ਜੋ ਕੁਝ ਉਹ ਨੇ ਮਿਸਰ ਵਿੱਚ ਕੀਤਾ।” (ਯਹੋ. 9:3, 9, 10) ਇਹ ਸਮਝਦਾਰੀ ਦੀ ਗੱਲ ਸੀ ਕਿ ਉਨ੍ਹਾਂ ਨੇ ਪਛਾਣਿਆ ਕਿ ਯਹੋਵਾਹ ਇਜ਼ਰਾਈਲੀਆਂ ਲਈ ਲੜ ਰਿਹਾ ਸੀ।

7 ਰਾਹਾਬ ਨੇ ਵੀ ਯਹੋਵਾਹ ਦਾ ਹੱਥ ਦੇਖਿਆ। ਉਹ ਇਜ਼ਰਾਈਲੀ ਨਹੀਂ ਸੀ, ਪਰ ਉਸ ਨੇ ਸੁਣਿਆ ਸੀ ਕਿ ਯਹੋਵਾਹ ਨੇ ਕਿਵੇਂ ਆਪਣੇ ਲੋਕਾਂ ਨੂੰ ਮਿਸਰ ਤੋਂ ਛੁਡਾਇਆ ਸੀ। ਜਦੋਂ ਦੋ ਇਜ਼ਰਾਈਲੀ ਜਾਸੂਸ ਉਸ ਕੋਲ ਆਏ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਮੈਂ ਤਾਂ ਜਾਣਦੀ ਹਾਂ ਕਿ ਯਹੋਵਾਹ ਨੇ ਏਹ ਦੇਸ ਤੁਹਾਨੂੰ ਦੇ ਦਿੱਤਾ ਹੈ।” ਰਾਹਾਬ ਨੂੰ ਵਿਸ਼ਵਾਸ ਸੀ ਕਿ ਯਹੋਵਾਹ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਬਚਾ ਸਕਦਾ ਹੈ। ਉਸ ਨੇ ਯਹੋਵਾਹ ’ਤੇ ਆਪਣੀ ਨਿਹਚਾ ਦਿਖਾਈ ਭਾਵੇਂ ਉਸ ਨੂੰ ਪਤਾ ਸੀ ਕਿ ਇਸ ਤਰ੍ਹਾਂ ਕਰਨਾ ਉਸ ਲਈ ਖ਼ਤਰਨਾਕ ਸੀ।ਯਹੋ. 2:9-13; 4:23, 24.

8. ਕੁਝ ਇਜ਼ਰਾਈਲੀਆਂ ਨੇ ਪਰਮੇਸ਼ੁਰ ਦਾ ਹੱਥ ਕਿਵੇਂ ਦੇਖਿਆ?

8 ਦੁਸ਼ਟ ਰਾਜੇ ਅਹਾਬ ਤੋਂ ਉਲਟ ਕੁਝ ਇਜ਼ਰਾਈਲੀਆਂ ਨੇ ਯਕੀਨ ਕੀਤਾ ਕਿ ਏਲੀਯਾਹ ਦੀ ਪ੍ਰਾਰਥਨਾ ਦੇ ਜਵਾਬ ਵਿਚ ਯਹੋਵਾਹ ਨੇ ਸਵਰਗ ਤੋਂ ਅੱਗ ਭੇਜੀ ਸੀ।  ਉਨ੍ਹਾਂ ਨੇ ਕਿਹਾ: “ਯਹੋਵਾਹ [“ਸੱਚਾ,” NW] ਪਰਮੇਸ਼ੁਰ ਹੈ!” (1 ਰਾਜ. 18:39) ਉਨ੍ਹਾਂ ਲਈ ਇਹ ਗੱਲ ਸਾਫ਼ ਸੀ ਕਿ ਉਨ੍ਹਾਂ ਨੇ ਪਰਮੇਸ਼ੁਰ ਦੀ ਤਾਕਤ ਦੇਖੀ ਸੀ।

9. ਅਸੀਂ ਅੱਜ ਯਹੋਵਾਹ ਤੇ ਉਸ ਦੇ ਹੱਥ ਨੂੰ ਕਿਵੇਂ ਦੇਖ ਸਕਦੇ ਹਾਂ?

9 ਅਸੀਂ ਚੰਗੀਆਂ ਤੇ ਬੁਰੀਆਂ ਮਿਸਾਲਾਂ ’ਤੇ ਗੌਰ ਕੀਤਾ ਹੈ ਜੋ ਸਾਡੀ ਇਹ ਸਮਝਣ ਵਿਚ ਮਦਦ ਕਰਦੀਆਂ ਹਨ ਕਿ ‘ਪਰਮੇਸ਼ੁਰ ਨੂੰ ਦੇਖਣ’ ਜਾਂ ਉਸ ਦੇ ਹੱਥ ਨੂੰ ਦੇਖਣ ਦਾ ਕੀ ਮਤਲਬ ਹੈ? ਜਦੋਂ ਅਸੀਂ ਯਹੋਵਾਹ ਤੇ ਉਸ ਦੇ ਗੁਣਾਂ ਨੂੰ ਜਾਣਨ ਲੱਗਦੇ ਹਾਂ, ਤਾਂ ਅਸੀਂ ਆਪਣੀਆਂ “ਮਨ ਦੀਆਂ ਅੱਖਾਂ” ਨਾਲ ਉਸ ਦਾ ਹੱਥ ਦੇਖਦੇ ਹਾਂ। (ਅਫ਼. 1:18) ਯਕੀਨਨ ਅਸੀਂ ਬੀਤੇ ਸਮੇਂ ਤੇ ਅੱਜ ਦੇ ਉਨ੍ਹਾਂ ਵਫ਼ਾਦਾਰ ਸੇਵਕਾਂ ਦੀ ਰੀਸ ਕਰਨੀ ਚਾਹੁੰਦੇ ਹਾਂ ਜਿਨ੍ਹਾਂ ਨੇ ਦੇਖਿਆ ਕਿ ਯਹੋਵਾਹ ਨੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ। ਪਰ ਕੀ ਸਾਡੇ ਕੋਲ ਕੋਈ ਸਬੂਤ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਅੱਜ ਵੀ ਆਪਣੇ ਲੋਕਾਂ ਦੀ ਮਦਦ ਕਰ ਰਿਹਾ ਹੈ?

ਅੱਜ ਪਰਮੇਸ਼ੁਰ ਦੇ ਹੱਥ ਦਾ ਸਬੂਤ

10. ਸਾਡੇ ਕੋਲ ਕੀ ਸਬੂਤ ਹੈ ਕਿ ਯਹੋਵਾਹ ਅੱਜ ਵੀ ਲੋਕਾਂ ਦੀ ਮਦਦ ਕਰ ਰਿਹਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

10 ਅੱਜ ਬਹੁਤ ਸਾਰੇ ਸਬੂਤ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਲਗਾਤਾਰ ਲੋਕਾਂ ਦੀ ਮਦਦ ਕਰ ਰਿਹਾ ਹੈ। ਅਸੀਂ ਅਕਸਰ ਉਨ੍ਹਾਂ ਦੇ ਤਜਰਬੇ ਸੁਣਦੇ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਤੋਂ ਮਦਦ ਲਈ ਪ੍ਰਾਰਥਨਾ ਕੀਤੀ ਤੇ ਉਨ੍ਹਾਂ ਨੂੰ ਆਪਣੀਆਂ ਪ੍ਰਾਰਥਨਾਵਾਂ ਦਾ ਜਵਾਬ ਮਿਲਿਆ ਸੀ। (ਜ਼ਬੂ. 53:2) ਮਿਸਾਲ ਲਈ, ਫ਼ਿਲਪੀਨ ਵਿਚ ਇਕ ਛੋਟੇ ਟਾਪੂ ’ਤੇ ਪ੍ਰਚਾਰ ਕਰਦਿਆਂ ਐਲਨ ਨਾਂ ਦਾ ਭਰਾ ਇਕ ਔਰਤ ਨੂੰ ਮਿਲਿਆ ਜੋ ਰੋਣ ਲੱਗ ਪਈ। ਉਸ ਨੇ ਕਿਹਾ: “ਉਸੇ ਸਵੇਰੇ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਸੀ ਕਿ ਉਸ ਦੇ ਗਵਾਹ ਉਸ ਨੂੰ ਲੱਭ ਲੈਣ।” ਨੌਜਵਾਨ ਹੁੰਦਿਆਂ ਉਹ ਗਵਾਹਾਂ ਨਾਲ ਬਾਈਬਲ ਸਟੱਡੀ ਕਰਦੀ ਹੁੰਦੀ ਸੀ। ਪਰ ਵਿਆਹ ਹੋ ਜਾਣ ਕਰਕੇ ਤੇ ਇਕ ਟਾਪੂ ’ਤੇ ਆ ਕੇ ਰਹਿਣ ਕਰਕੇ ਉਹ ਆਪਣੀ ਸਟੱਡੀ ਜਾਰੀ ਨਹੀਂ ਰੱਖ ਸਕੀ। ਪਰਮੇਸ਼ੁਰ ਨੇ ਉਸ ਦੀ ਪ੍ਰਾਰਥਨਾ ਦਾ ਇਕਦਮ ਜਵਾਬ ਦਿੱਤਾ ਜੋ ਉਸ ਦੇ ਦਿਲ ਨੂੰ ਛੂਹ ਗਿਆ। ਸਾਲ ਦੇ ਅੰਦਰ-ਅੰਦਰ ਉਸ ਨੇ ਆਪਣੀ ਜ਼ਿੰਦਗੀ ਯਹੋਵਾਹ ਨੂੰ ਸੌਂਪ ਦਿੱਤੀ।

ਕੀ ਤੁਸੀਂ ਉਹ ਸਬੂਤ ਦੇਖਦੇ ਹੋ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਦੀ ਮਦਦ ਕਰ ਰਿਹਾ ਹੈ? (ਪੈਰੇ 11-13 ਦੇਖੋ)

11, 12. (ੳ) ਯਹੋਵਾਹ ਆਪਣੇ ਸੇਵਕਾ ਦੀ ਕਿਵੇਂ ਮਦਦ ਕਰ ਰਿਹਾ ਹੈ? (ਅ) ਸਮਝਾਓ ਕਿ ਯਹੋਵਾਹ ਨੇ ਇਕ ਭੈਣ ਦੀ ਕਿਵੇਂ ਮਦਦ ਕੀਤੀ?

11 ਜਦੋਂ ਯਹੋਵਾਹ ਦੇ ਬਹੁਤ ਸਾਰੇ ਸੇਵਕਾਂ ਨੇ ਸਿਗਰਟਾਂ ਪੀਣੀਆਂ, ਨਸ਼ੇ ਕਰਨੇ ਜਾਂ ਅਸ਼ਲੀਲ ਤਸਵੀਰਾਂ ਦੇਖਣੀਆਂ ਛੱਡੀਆਂ, ਤਾਂ ਉਨ੍ਹਾਂ ਨੇ ਦੇਖਿਆ ਕਿ ਯਹੋਵਾਹ ਨੇ ਇੱਦਾਂ ਕਰਨ ਵਿਚ ਉਨ੍ਹਾਂ ਦੀ ਮਦਦ ਕੀਤੀ। ਕਈਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਆਦਤਾਂ ਆਪਣੇ ਬਲਬੂਤੇ ’ਤੇ ਛੱਡਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਨਹੀਂ ਛੱਡ ਸਕੇ। ਫਿਰ ਜਦੋਂ ਉਨ੍ਹਾਂ ਨੇ ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਕੀਤੀ, ਤਾਂ ਉਸ ਨੇ ਉਨ੍ਹਾਂ ਨੂੰ ਉਹ ਤਾਕਤ ਦਿੱਤੀ ਜੋ “ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ।” ਇਸ ਕਰਕੇ ਅਖ਼ੀਰ ਉਹ ਆਪਣੀਆਂ ਬੁਰੀਆਂ ਆਦਤਾਂ ਤੋਂ ਛੁਟਕਾਰਾ ਪਾ ਸਕੇ।2 ਕੁਰਿੰ. 4:7; ਜ਼ਬੂ. 37:23, 24.

12 ਯਹੋਵਾਹ ਆਪਣੇ ਸੇਵਕਾਂ ਦੀਆਂ ਕਮੀਆਂ-ਕਮਜ਼ੋਰੀਆਂ ਦਾ ਸਾਮ੍ਹਣਾ ਕਰਨ ਵਿਚ ਵੀ ਮਦਦ ਕਰਦਾ ਹੈ। ਏਮੀ ਨੂੰ ਵੀ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਜਦੋਂ ਉਸ ਨੂੰ ਸ਼ਾਂਤ ਮਹਾਂਸਾਗਰ ਦੇ ਇਕ ਛੋਟੇ ਟਾਪੂ ’ਤੇ ਕਿੰਗਡਮ ਹਾਲ ਤੇ ਮਿਸ਼ਨਰੀ ਘਰ ਬਣਾਉਣ ਵਿਚ ਮਦਦ ਕਰਨ ਲਈ ਭੇਜਿਆ ਗਿਆ। ਉਹ ਦੱਸਦੀ ਹੈ: “ਅਸੀਂ ਉਨ੍ਹਾਂ ਹੋਟਲਾਂ ਵਿਚ ਰਹੇ ਜਿਨ੍ਹਾਂ ਦੇ ਕਮਰੇ ਬਹੁਤ ਛੋਟੇ ਸਨ ਤੇ ਅਸੀਂ ਹਰ ਰੋਜ਼ ਪਾਣੀ ਨਾਲ ਭਰੀਆਂ ਸੜਕਾਂ ਵਿੱਚੋਂ ਤੁਰ ਕੇ ਜਾਂਦੇ ਹੁੰਦੇ ਸੀ।” ਉਸ ਨੂੰ ਉੱਥੇ ਦੇ ਰਹਿਣ-ਸਹਿਣ ਅਨੁਸਾਰ ਵੀ ਢਲ਼ਣਾ ਪਿਆ ਤੇ ਅਕਸਰ ਉੱਥੇ ਬਿਜਲੀ ਤੇ ਪਾਣੀ ਨਹੀਂ ਆਉਂਦਾ ਸੀ। ਏਮੀ ਅੱਗੇ ਦੱਸਦੀ ਹੈ: “ਇਸ ਤੋਂ ਵੀ ਬੁਰੀ ਗੱਲ ਇਹ ਹੋਈ ਕਿ ਮੈਂ ਆਪਣੇ ਨਾਲ ਕੰਮ ਕਰਨ ਵਾਲੀ ਇਕ ਭੈਣ ’ਤੇ ਗੁੱਸਾ ਕੱਢ ਦਿੱਤਾ। ਮੈਂ ਘਰ ਚਲੀ ਗਈ ਤੇ ਮੈਨੂੰ ਲੱਗਾ ਕਿ ਮੈਂ ਕਿਸੇ ਕੰਮ ਦੀ ਨਹੀਂ ਹਾਂ। ਮੈਂ ਹੋਟਲ ਦੇ ਆਪਣੇ ਹਨੇਰੇ ਕਮਰੇ ਵਿਚ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹਿਆ ਤੇ ਉਸ ਤੋਂ ਮਦਦ ਮੰਗੀ।” ਫਿਰ ਜਦੋਂ ਬਿਜਲੀ ਆਈ, ਤਾਂ ਏਮੀ ਨੇ ਪਹਿਰਾਬੁਰਜ ਵਿੱਚੋਂ ਗਿਲਿਅਡ ਗ੍ਰੈਜੂਏਸ਼ਨ ਦੇ ਪ੍ਰੋਗ੍ਰਾਮ ਬਾਰੇ ਲੇਖ ਪੜ੍ਹਿਆ। ਇਸ ਲੇਖ ਵਿਚ ਉਨ੍ਹਾਂ ਚੁਣੌਤੀਆਂ ਬਾਰੇ ਦੱਸਿਆ ਗਿਆ ਸੀ ਜਿਨ੍ਹਾਂ ਦਾ ਉਹ ਸਾਮ੍ਹਣਾ ਕਰ ਰਹੀ ਸੀ, ਜਿਵੇਂ ਕਿ ਨਵਾਂ ਸਭਿਆਚਾਰ, ਘਰ ਦੀ ਯਾਦ ਅਤੇ ਨਵੇਂ ਲੋਕਾਂ ਨਾਲ ਰਹਿਣਾ-ਸਹਿਣਾ। ਉਹ ਕਹਿੰਦੀ ਹੈ: “ਮੈਂ ਮਹਿਸੂਸ ਕੀਤਾ ਕਿ ਉਸ ਰਾਤ ਯਹੋਵਾਹ ਮੇਰੇ ਨਾਲ ਗੱਲ ਕਰ ਰਿਹਾ ਸੀ। ਉਸ ਲੇਖ ਤੋਂ ਮੈਨੂੰ ਇੰਨੀ ਹਿੰਮਤ ਮਿਲੀ ਕਿ ਮੈਂ ਆਪਣੀ ਸੇਵਾ ਕਰਦੀ ਰਹਿ ਸਕੀ।”ਜ਼ਬੂ. 44:25, 26; ਯਸਾ. 41:10, 13.

13. ਸਾਡੇ ਕੋਲ ਕੀ ਸਬੂਤ ਹਨ ਕਿ ਯਹੋਵਾਹ ਨੇ ਪ੍ਰਚਾਰ ਕਰਨ ਦਾ ਹੱਕ ਪ੍ਰਾਪਤ ਕਰਨ ਵਿਚ ਸਾਡੀ ਮਦਦ ਕੀਤੀ ਹੈ?

13 ਯਹੋਵਾਹ ਨੇ ਆਪਣੇ ਲੋਕਾਂ ਦੀ ਰੱਖਿਆ ਕੀਤੀ ਅਤੇ ਕਾਨੂੰਨੀ ਤੌਰ ਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ  ਹੱਕ ਪ੍ਰਾਪਤ ਕਰਨ ਵਿਚ ਮਦਦ ਕੀਤੀ ਹੈ। (ਫ਼ਿਲਿ. 1:7) ਮਿਸਾਲ ਲਈ, ਜਦੋਂ ਕੁਝ ਸਰਕਾਰਾਂ ਨੇ ਸਾਡੇ ਪ੍ਰਚਾਰ ਦੇ ਕੰਮ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਅਸੀਂ ਕੋਰਟ ਵਿਚ ਆਪਣੇ ਹੱਕਾਂ ਲਈ ਲੜੇ। ਸਾਲ 2000 ਤੋਂ ਅਸੀਂ ਘੱਟੋ-ਘੱਟ ਦੁਨੀਆਂ ਭਰ ਵਿਚ 268 ਕੇਸ ਹਾਈਕੋਰਟ ਵਿਚ ਜਿੱਤੇ ਹਨ, ਜਿਨ੍ਹਾਂ ਵਿਚ 24 ਕੇਸ ਮਾਨਵੀ ਅਧਿਕਾਰਾਂ ਦੀ ਯੂਰਪੀ ਅਦਾਲਤ ਦੇ ਵੀ ਹਨ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕੋਈ ਵੀ ਯਹੋਵਾਹ ਦੇ ਹੱਥ ਨੂੰ ਨਹੀਂ ਰੋਕ ਸਕਦਾ।ਯਸਾ. 54:17; ਯਸਾਯਾਹ 59:1 ਪੜ੍ਹੋ।

14. ਸਾਡੇ ਕੋਲ ਕਿਹੜੇ ਸਬੂਤ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਆਪਣੇ ਲੋਕਾਂ ਨਾਲ ਹੈ?

14 ਖ਼ੁਸ਼ ਖ਼ਬਰੀ ਦੇ ਕੰਮ ਤੋਂ ਵੀ ਪਰਮੇਸ਼ੁਰ ਦੇ ਹੱਥ ਦਾ ਸਬੂਤ ਮਿਲਦਾ ਹੈ। (ਮੱਤੀ 24:14; ਰਸੂ. 1:8) ਯਹੋਵਾਹ ਦੀ ਮਦਦ ਕਰਕੇ ਹੀ ਪੂਰੀ ਦੁਨੀਆਂ ਵਿਚ ਯਹੋਵਾਹ ਦੇ ਸੇਵਕਾਂ ਵਿਚ ਏਕਤਾ ਹੈ। ਇਹ ਏਕਤਾ ਅਨੋਖੀ ਹੈ! ਇੱਥੋਂ ਤਕ ਕਿ ਜਿਹੜੇ ਲੋਕ ਯਹੋਵਾਹ ਦੀ ਭਗਤੀ ਨਹੀਂ ਕਰਦੇ, ਉਹ ਵੀ ਮੰਨਦੇ ਹਨ: “ਪਰਮੇਸ਼ੁਰ ਵਾਕਈ ਤੁਹਾਡੇ ਨਾਲ ਹੈ।” (1 ਕੁਰਿੰ. 14:25) ਸਾਡੇ ਕੋਲ ਹੋਰ ਵੀ ਬਹੁਤ ਸਾਰੇ ਸਬੂਤ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਆਪਣੇ ਲੋਕਾਂ ਨਾਲ ਹੈ। (ਯਸਾਯਾਹ 66:14 ਪੜ੍ਹੋ।) ਤੁਹਾਡੇ ਬਾਰੇ ਕੀ? ਕੀ ਤੁਸੀਂ ਆਪਣੀ ਜ਼ਿੰਦਗੀ ਵਿਚ ਯਹੋਵਾਹ ਦਾ ਹੱਥ ਦੇਖਦੇ ਹੋ?

ਕੀ ਤੁਸੀਂ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦਾ ਹੱਥ ਦੇਖਦੇ ਹੋ?

15. ਅਸੀਂ ਕਈ ਵਾਰ ਸ਼ਾਇਦ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦਾ ਹੱਥ ਕਿਉਂ ਨਾ ਦੇਖ ਸਕੀਏ?

15 ਅਸੀਂ ਕਈ ਵਾਰ ਸ਼ਾਇਦ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦਾ ਹੱਥ ਕਿਉਂ ਨਾ ਦੇਖ ਸਕੀਏ? ਜਦੋਂ ਅਸੀਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਾਂ, ਤਾਂ ਸ਼ਾਇਦ ਅਸੀਂ ਭੁੱਲ ਜਾਈਏ ਕਿ ਯਹੋਵਾਹ ਨੇ ਪਹਿਲਾਂ ਵੀ ਕਈ ਵਾਰ ਸਾਡੀ ਮਦਦ ਕੀਤੀ ਸੀ। ਏਲੀਯਾਹ ਨਾਲ ਵੀ ਇਸੇ ਤਰ੍ਹਾਂ ਹੋਇਆ ਸੀ। ਭਾਵੇਂ ਉਹ ਬਹੁਤ ਦਲੇਰ ਸੀ, ਫਿਰ ਵੀ ਉਹ ਡਰ ਗਿਆ ਜਦੋਂ ਰਾਣੀ ਈਜ਼ਬਲ ਉਸ ਨੂੰ ਮਾਰਨਾ ਚਾਹੁੰਦੀ ਸੀ। ਕੁਝ ਸਮੇਂ ਲਈ ਉਹ ਭੁੱਲ ਗਿਆ ਕਿ ਯਹੋਵਾਹ ਨੇ ਪਹਿਲਾਂ ਕਿਵੇਂ ਉਸ ਦੀ ਮਦਦ ਕੀਤੀ ਸੀ। ਏਲੀਯਾਹ ਬਾਰੇ ਬਾਈਬਲ ਦੱਸਦੀ ਹੈ: “ਉਸ ਆਪਣੀ ਜਾਨ ਲਈ ਮੌਤ ਮੰਗੀ।” (1 ਰਾਜ. 19:1-4) ਉਸ ਨੂੰ ਹਿੰਮਤ ਤੇ ਮਦਦ ਕਿੱਥੋਂ ਭਾਲਣ ਦੀ ਲੋੜ ਸੀ? ਯਹੋਵਾਹ ਤੋਂ।—1 ਰਾਜ. 19:14-18.

16. ਸਮੱਸਿਆਵਾਂ ਆਉਣ ’ਤੇ ਅਸੀਂ ਯਹੋਵਾਹ ਦਾ ਹੱਥ ਕਿਵੇਂ ਦੇਖ ਸਕਦੇ ਹਾਂ?

16 ਅੱਯੂਬ ਨੇ ਆਪਣੀਆਂ ਮੁਸ਼ਕਲਾਂ ’ਤੇ ਹੱਦੋਂ ਵੱਧ ਧਿਆਨ ਲਾਇਆ ਹੋਇਆ ਸੀ ਜਿਸ ਕਰਕੇ ਉਸ ਨੇ ਆਪਣੇ ਹਾਲਾਤਾਂ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਨਹੀਂ  ਦੇਖਿਆ। (ਅੱਯੂ. 42:3-6) ਅੱਯੂਬ ਵਾਂਗ ਸ਼ਾਇਦ ਸਾਨੂੰ ਵੀ ਕਈ ਵਾਰ ਯਹੋਵਾਹ ਦਾ ਹੱਥ ਦੇਖਣ ਲਈ ਬਹੁਤ ਕੋਸ਼ਿਸ਼ ਕਰਨੀ ਪਵੇ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਬਾਈਬਲ ਦੀ ਮਦਦ ਨਾਲ ਸਾਨੂੰ ਸੋਚ-ਵਿਚਾਰ ਕਰਨ ਦੀ ਲੋੜ ਹੈ ਕਿ ਸਾਡੇ ਆਲੇ-ਦੁਆਲੇ ਕੀ ਹੋ ਰਿਹਾ ਹੈ। ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਯਹੋਵਾਹ ਸਾਡੀ ਕਿਵੇਂ ਮਦਦ ਕਰਦਾ ਹੈ, ਤਾਂ ਯਹੋਵਾਹ ਸਾਡੇ ਲਈ ਹੋਰ ਵੀ ਅਸਲੀ ਹੋਵੇਗਾ। ਫਿਰ ਅਸੀਂ ਅੱਯੂਬ ਦੀ ਤਰ੍ਹਾਂ ਕਹਿ ਸਕਾਂਗੇ: “ਮੈਂ ਤੇਰੇ ਵਿਖੇ ਸੁਣੀਆਂ ਸੁਣਾਈਆਂ ਗੱਲਾਂ ਸੁਣੀਆਂ, ਪਰ ਹੁਣ ਮੇਰੀ ਅੱਖ ਤੈਨੂੰ ਵੇਖਦੀ ਹੈ।”

ਕੀ ਯਹੋਵਾਹ ਦੂਜਿਆਂ ਦੀ ਮਦਦ ਕਰਨ ਲਈ ਤੁਹਾਨੂੰ ਵਰਤ ਰਿਹਾ ਹੈ? (ਪੈਰੇ 17, 18 ਦੇਖੋ)

17, 18. (ੳ) ਤੁਸੀਂ ਆਪਣੀ ਜ਼ਿੰਦਗੀ ਵਿਚ ਯਹੋਵਾਹ ਦਾ ਹੱਥ ਕਿਵੇਂ ਦੇਖ ਸਕਦੇ ਹੋ? (ਅ) ਇਕ ਤਜਰਬਾ ਦੱਸੋ ਜਿਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਅੱਜ ਸਾਡੀ ਮਦਦ ਕਰਦਾ ਹੈ।

17 ਤੁਸੀਂ ਆਪਣੀ ਜ਼ਿੰਦਗੀ ਵਿਚ ਯਹੋਵਾਹ ਦਾ ਹੱਥ ਕਿਵੇਂ ਦੇਖ ਸਕਦੇ ਹੋ? ਆਓ ਆਪਾਂ ਪੰਜ ਮਿਸਾਲਾਂ ’ਤੇ ਗੌਰ ਕਰੀਏ। ਪਹਿਲੀ, ਸ਼ਾਇਦ ਤੁਹਾਨੂੰ ਲੱਗੇ ਕਿ ਜਿਸ ਤਰੀਕੇ ਨਾਲ ਤੁਹਾਨੂੰ ਸੱਚਾਈ ਮਿਲੀ ਉਸ ਪਿੱਛੇ ਯਹੋਵਾਹ ਦਾ ਹੀ ਹੱਥ ਸੀ। ਦੂਜੀ, ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਤੁਸੀਂ ਮੀਟਿੰਗ ’ਤੇ ਕੋਈ ਭਾਸ਼ਣ ਸੁਣ ਕੇ ਕਿਹਾ ਹੋਵੇ, “ਇਹ ਤਾਂ ਮੇਰੇ ਲਈ ਸੀ।” ਤੀਜੀ, ਸ਼ਾਇਦ ਤੁਸੀਂ ਦੇਖਿਆ ਹੋਵੇ ਕਿ ਯਹੋਵਾਹ ਨੇ ਤੁਹਾਡੀ ਪ੍ਰਾਰਥਨਾ ਦਾ ਕਿਵੇਂ ਜਵਾਬ ਦਿੱਤਾ ਸੀ। ਚੌਥੀ, ਸ਼ਾਇਦ ਤੁਸੀਂ ਯਹੋਵਾਹ ਦੀ ਸੇਵਾ ਵਿਚ ਕੁਝ ਹੋਰ ਜ਼ਿਆਦਾ ਕਰਨਾ ਚਾਹੁੰਦੇ ਸੀ ਤੇ ਤੁਸੀਂ ਦੇਖਿਆ ਕਿ ਕਿਵੇਂ ਯਹੋਵਾਹ ਨੇ ਤੁਹਾਡੀ ਮਦਦ ਕੀਤੀ। ਪੰਜਵੀਂ, ਸ਼ਾਇਦ ਤੁਹਾਨੂੰ ਆਪਣਾ ਕੰਮ ਛੱਡਣਾ ਪਿਆ ਹੋਵੇ ਕਿਉਂਕਿ ਇਹ ਕੰਮ ਤੁਹਾਡੇ ਲਈ ਯਹੋਵਾਹ ਦੀ ਸੇਵਾ ਵਿਚ ਰੋੜਾ ਬਣ ਰਿਹਾ ਸੀ। ਫਿਰ ਤੁਸੀਂ ਪਰਮੇਸ਼ੁਰ ਦਾ ਇਹ ਵਾਅਦਾ ਪੂਰਾ ਹੁੰਦਾ ਦੇਖਿਆ: ‘ਮੈਂ ਤੈਨੂੰ ਕਦੀ ਨਹੀਂ ਤਿਆਗਾਂਗਾ।’ (ਇਬ. 13:5) ਜਦੋਂ ਯਹੋਵਾਹ ਨਾਲ ਸਾਡੇ ਰਿਸ਼ਤੇ ਦੀ ਡੋਰ ਮਜ਼ਬੂਤ ਹੁੰਦੀ ਹੈ, ਤਾਂ ਅਸੀਂ ਸੌਖਿਆਂ ਹੀ ਆਪਣੀ ਜ਼ਿੰਦਗੀ ਵਿਚ ਯਹੋਵਾਹ ਦਾ ਹੱਥ ਦੇਖ ਸਕਦੇ ਹਾਂ।

18 ਕੀਨੀਆ ਤੋਂ ਸੇਰਾਹ ਨਾਂ ਦੀ ਇਕ ਭੈਣ ਦੱਸਦੀ ਹੈ: “ਮੈਂ ਆਪਣੀ ਇਕ ਬਾਈਬਲ ਵਿਦਿਆਰਥਣ ਬਾਰੇ ਪ੍ਰਾਰਥਨਾ ਕੀਤੀ ਜਿਸ ਬਾਰੇ ਮੈਨੂੰ ਲੱਗਦਾ ਸੀ ਕਿ ਉਹ ਬਾਈਬਲ ਸਟੱਡੀ ਦੀ ਕੋਈ ਕਦਰ ਨਹੀਂ ਕਰਦੀ। ਮੈਂ ਯਹੋਵਾਹ ਨੂੰ ਪੁੱਛਿਆ ਕਿ ਮੈਨੂੰ ਇਹ ਸਟੱਡੀ ਛੱਡ ਦੇਣੀ ਚਾਹੀਦੀ ਹੈ। ‘ਆਮੀਨ’ ਕਹਿਣ ਤੋਂ ਇਕਦਮ ਬਾਅਦ ਮੇਰੇ ਫ਼ੋਨ ਦੀ ਘੰਟੀ ਵੱਜੀ। ਉਸ ਵਿਦਿਆਰਥਣ ਨੇ ਮੈਨੂੰ ਫ਼ੋਨ ਕਰ ਕੇ ਪੁੱਛਿਆ ਕਿ ਉਹ ਮੇਰੇ ਨਾਲ ਮੀਟਿੰਗ ’ਤੇ ਜਾ ਸਕਦੀ ਹੈ। ਮੇਰੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ! ਜੇ ਅਸੀਂ ਦੇਖਾਂਗੇ ਕਿ ਯਹੋਵਾਹ ਸਾਡੇ ਲਈ ਕੀ ਕਰ ਰਿਹਾ ਹੈ, ਤਾਂ ਅਸੀਂ ਦੇਖ ਸਕਾਂਗੇ ਕਿ ਉਹ ਸਾਡੀ ਮਦਦ ਕਰ ਰਿਹਾ ਹੈ। ਏਸ਼ੀਆ ਦੀ ਰਹਿਣ ਵਾਲੀ ਰੌਨਾ ਨਾਂ ਦੀ ਭੈਣ ਕਹਿੰਦੀ ਹੈ ਕਿ ਸਾਨੂੰ ਇਹ ਦੇਖਣਾ ਸਿੱਖਣਾ ਚਾਹੀਦਾ ਹੈ ਕਿ ਯਹੋਵਾਹ ਸਾਡੀ ਕਿਵੇਂ ਮਦਦ ਕਰ ਰਿਹਾ ਹੈ। ਉਸ ਨੇ ਇਹ ਵੀ ਕਿਹਾ: “ਜਦੋਂ ਤੁਸੀਂ ਇੱਦਾਂ ਕਰੋਗੇ, ਤਾਂ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਯਹੋਵਾਹ ਸਾਡੀ ਕਿੰਨੀ ਪਰਵਾਹ ਕਰਦਾ ਹੈ!”

19. ਸਾਨੂੰ ਪਰਮੇਸ਼ੁਰ ਨੂੰ ਦੇਖਣ ਲਈ ਹੋਰ ਕੀ ਕਰਨਾ ਚਾਹੀਦਾ ਹੈ?

19 ਯਿਸੂ ਨੇ ਕਿਹਾ: “ਖ਼ੁਸ਼ ਹਨ ਸਾਫ਼ ਦਿਲ ਵਾਲੇ; ਕਿਉਂਕਿ ਉਹ ਪਰਮੇਸ਼ੁਰ ਨੂੰ ਦੇਖਣਗੇ।” (ਮੱਤੀ 5:8) ਅਸੀਂ “ਸਾਫ਼ ਦਿਲ ਵਾਲੇ” ਕਿਵੇਂ ਬਣ ਸਕਦੇ ਹਾਂ? ਸਾਨੂੰ ਆਪਣੇ ਖ਼ਿਆਲ ਸ਼ੁੱਧ ਰੱਖਣੇ ਚਾਹੀਦੇ ਹਨ ਤੇ ਗ਼ਲਤ ਕੰਮ ਕਰਨ ਤੋਂ ਦੂਰ ਰਹਿਣਾ ਚਾਹੀਦਾ ਹੈ। (2 ਕੁਰਿੰਥੀਆਂ 4:2 ਪੜ੍ਹੋ।) ਇਸ ਲੇਖ ਵਿਚ ਅਸੀਂ ਸਿੱਖਿਆ ਹੈ ਕਿ ਸਾਨੂੰ ਪਰਮੇਸ਼ੁਰ ਨੂੰ ਦੇਖਦੇ ਹੋਏ ਉਸ ਨਾਲ ਆਪਣੇ ਰਿਸ਼ਤੇ ਦੀ ਡੋਰ ਨੂੰ ਮਜ਼ਬੂਤ ਕਰਦੇ ਰਹਿਣਾ ਚਾਹੀਦਾ ਹੈ। ਅਗਲੇ ਲੇਖ ਵਿਚ ਅਸੀਂ ਚਰਚਾ ਕਰਾਂਗੇ ਕਿ ਆਪਣੀ ਜ਼ਿੰਦਗੀ ਵਿਚ ਯਹੋਵਾਹ ਦਾ ਹੱਥ ਹੋਰ ਜ਼ਿਆਦਾ ਸਾਫ਼ ਦੇਖਣ ਲਈ ਨਿਹਚਾ ਸਾਡੀ ਕਿਵੇਂ ਮਦਦ ਕਰ ਸਕਦੀ ਹੈ।