Skip to content

Skip to table of contents

ਯਿਸੂ ਦੀ ਸਿਖਾਈ ਪ੍ਰਾਰਥਨਾ ਅਨੁਸਾਰ ਜੀਓ—ਭਾਗ 2

ਯਿਸੂ ਦੀ ਸਿਖਾਈ ਪ੍ਰਾਰਥਨਾ ਅਨੁਸਾਰ ਜੀਓ—ਭਾਗ 2

‘ਤੁਹਾਡਾ ਪਿਤਾ ਪਰਮੇਸ਼ੁਰ ਜਾਣਦਾ ਹੈ ਕਿ ਤੁਹਾਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ।’—ਮੱਤੀ 6:8.

1-3. ਇਕ ਭੈਣ ਨੂੰ ਕਿਉਂ ਯਕੀਨ ਸੀ ਕਿ ਯਹੋਵਾਹ ਉਸ ਦੀਆਂ ਲੋੜਾਂ ਜਾਣਦਾ ਸੀ?

ਇਕ ਰੈਗੂਲਰ ਪਾਇਨੀਅਰ ਲਾਨਾ ਕਦੇ ਵੀ ਨਹੀਂ ਭੁੱਲੇਗੀ ਕਿ 2012 ਵਿਚ ਉਸ ਨਾਲ ਇਕ ਦਿਨ ਕੀ ਹੋਇਆ ਜਦੋਂ ਉਹ ਜਰਮਨੀ ਗਈ ਸੀ। ਉਸ ਨੂੰ ਯਕੀਨ ਹੈ ਕਿ ਯਹੋਵਾਹ ਨੇ ਉਸ ਦੀਆਂ ਦੋ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ ਸੀ। ਜਦੋਂ ਉਹ ਟ੍ਰੇਨ ਵਿਚ ਏਅਰਪੋਰਟ ਨੂੰ ਜਾ ਰਹੀ ਸੀ, ਤਾਂ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਕਿਸੇ ਅਜਿਹੇ ਵਿਅਕਤੀ ਨੂੰ ਲੱਭਣ ਵਿਚ ਉਸ ਦੀ ਮਦਦ ਕਰੇ ਜਿਸ ਨੂੰ ਉਹ ਪ੍ਰਚਾਰ ਕਰ ਸਕੇ। ਏਅਰਪੋਰਟ ਪਹੁੰਚ ਕੇ ਉਸ ਨੂੰ ਪਤਾ ਲੱਗਾ ਕਿ ਉਸ ਦਾ ਹਵਾਈ ਜਹਾਜ਼ ਉਸ ਦਿਨ ਉਡਾਣ ਭਰਣ ਦੀ ਬਜਾਇ ਅਗਲੇ ਦਿਨ ਉਡਾਣ ਭਰੇਗਾ। ਲਾਨਾ ਨੇ ਯਹੋਵਾਹ ਨੂੰ ਮਦਦ ਲਈ ਫਿਰ ਪ੍ਰਾਰਥਨਾ ਕੀਤੀ ਕਿਉਂਕਿ ਉਸ ਦੇ ਸਾਰੇ ਪੈਸੇ ਖ਼ਰਚ ਹੋ ਗਏ ਸਨ ਤੇ ਉਸ ਨੂੰ ਰਾਤ ਗੁਜ਼ਾਰਨ ਲਈ ਕਿਸੇ ਜਗ੍ਹਾ ਦੀ ਲੋੜ ਸੀ।

2 ਲਾਨਾ ਜਿਉਂ ਹੀ ਪ੍ਰਾਰਥਨਾ ਕਰ ਕੇ ਹਟੀ, ਉਸ ਦੇ ਕੰਨੀ ਇਕ ਆਵਾਜ਼ ਪਈ, “ਹੈਲੋ, ਲਾਨਾ, ਤੂੰ ਇੱਥੇ? ਇਹ ਆਵਾਜ਼ ਉਸ ਨੌਜਵਾਨ ਦੀ ਸੀ ਜਿਸ ਨਾਲ ਉਹ ਸਕੂਲੇ ਪੜ੍ਹਦੀ ਹੁੰਦੀ ਸੀ। ਉਸ ਦੀ ਮੰਮੀ ਤੇ ਨਾਨੀ ਉਸ ਨੂੰ ਵਿਦਿਆ ਕਰਨ ਆਈਆਂ ਸਨ ਕਿਉਂਕਿ ਉਹ ਦੱਖਣੀ ਅਫ਼ਰੀਕਾ ਜਾ ਰਿਹਾ ਸੀ। ਜਦੋਂ ਲਾਨਾ ਨੇ ਉਨ੍ਹਾਂ ਨੂੰ ਆਪਣੀ ਸਮੱਸਿਆ ਦੱਸੀ, ਤਾਂ ਉਸ ਨੌਜਵਾਨ ਦੀ ਮੰਮੀ ਤੇ ਨਾਨੀ ਨੇ ਉਸ ਨੂੰ ਆਪਣੇ ਘਰ ਰਹਿਣ ਲਈ ਕਿਹਾ। ਉਨ੍ਹਾਂ ਨੇ ਲਾਨਾ ਨੂੰ ਉਸ ਦੇ ਵਿਸ਼ਵਾਸਾਂ ਅਤੇ ਪਾਇਨੀਅਰ ਵਜੋਂ ਉਸ ਦੇ ਕੰਮ ਬਾਰੇ ਬਹੁਤ ਸਾਰੇ ਸਵਾਲ ਪੁੱਛੇ।

 3 ਅਗਲੇ ਦਿਨ ਸਵੇਰ ਨੂੰ ਰੱਜ ਕੇ ਨਾਸ਼ਤਾ ਕਰਨ ਤੋਂ ਬਾਅਦ ਲਾਨਾ ਨੇ ਬਾਈਬਲ ਬਾਰੇ ਉਨ੍ਹਾਂ ਦੇ ਹੋਰ ਸਵਾਲਾਂ ਦੇ ਜਵਾਬ ਦਿੱਤੇ। ਲਾਨਾ ਨੇ ਉਨ੍ਹਾਂ ਦੇ ਘਰ ਦਾ ਪਤਾ ਲਿਆ ਤਾਂਕਿ ਕੋਈ ਆ ਕੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇ ਸਕੇ। ਲਾਨਾ ਸਹੀ-ਸਲਾਮਤ ਘਰ ਪਹੁੰਚ ਗਈ ਤੇ ਉਹ ਹਾਲੇ ਵੀ ਪਾਇਨੀਅਰਿੰਗ ਕਰ ਰਹੀ ਹੈ। ਉਸ ਨੂੰ ਲੱਗਦਾ ਹੈ ਕਿ “ਪ੍ਰਾਰਥਨਾ ਦੇ ਸੁਣਨ ਵਾਲੇ” ਨੇ ਉਸ ਦੀਆਂ ਪ੍ਰਾਰਥਨਾਵਾਂ ਸੁਣੀਆਂ ਕਿਉਂਕਿ ਯਹੋਵਾਹ ਉਸ ਦੀਆਂ ਲੋੜਾਂ ਜਾਣਦਾ ਸੀ ਜਿਸ ਕਰਕੇ ਉਸ ਨੇ ਉਸ ਦੀ ਮਦਦ ਕੀਤੀ।—ਜ਼ਬੂ. 65:2.

4. ਅਸੀਂ ਕਿਨ੍ਹਾਂ ਲੋੜਾਂ ’ਤੇ ਗੌਰ ਕਰਾਂਗੇ?

4 ਜਦੋਂ ਸਾਡੇ ਅੱਗੇ ਇਕਦਮ ਮੁਸ਼ਕਲ ਖੜ੍ਹੀ ਹੁੰਦੀ ਹੈ, ਤਾਂ ਅਸੀਂ ਸੌਖਿਆਂ ਹੀ ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਕਰ ਸਕਦੇ ਹਾਂ ਤੇ ਉਹ ਸਾਡੀ ਪ੍ਰਾਰਥਨਾ ਸੁਣ ਕੇ ਖ਼ੁਸ਼ ਹੁੰਦਾ ਹੈ। (ਜ਼ਬੂ. 34:15; ਕਹਾ. 15:8) ਪਰ ਜੇ ਅਸੀਂ ਯਿਸੂ ਦੀ ਪ੍ਰਾਰਥਨਾ ’ਤੇ ਸੋਚ-ਵਿਚਾਰ ਕਰੀਏ, ਤਾਂ ਸਾਨੂੰ ਕੁਝ ਹੋਰ ਜ਼ਰੂਰੀ ਲੋੜਾਂ ਬਾਰੇ ਵੀ ਪਤਾ ਲੱਗੇਗਾ ਜਿਨ੍ਹਾਂ ਨੂੰ ਅਸੀਂ ਕਦੇ-ਕਦੇ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਿਸੂ ਦੀ ਸਿਖਾਈ ਪ੍ਰਾਰਥਨਾ ਵਿਚ ਆਖ਼ਰੀ ਚਾਰ ਬੇਨਤੀਆਂ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਵਿਚ ਸਾਡੀ ਕਿਵੇਂ ਮਦਦ ਕਰ ਸਕਦੀਆਂ ਹਨ।—ਮੱਤੀ 6:11-13 ਪੜ੍ਹੋ।

“ਸਾਨੂੰ ਅੱਜ ਦੀ ਰੋਟੀ ਅੱਜ ਦੇ”

5, 6. ਯਿਸੂ ਨੇ ਇਹ ਕਿਉਂ ਸਿਖਾਇਆ ਸੀ ਕਿ ‘ਸਾਨੂੰ ਅੱਜ ਦੀ ਰੋਟੀ ਦੇ,’ ਭਾਵੇਂ ਸਾਡੇ ਕੋਲ ਖਾਣ ਲਈ ਕਾਫ਼ੀ ਕੁਝ ਹੈ?

5 ਯਿਸੂ ਨੇ ਇਹ ਨਹੀਂ ਸਿਖਾਇਆ ਸੀ ਕਿ “ਮੈਨੂੰ” ਅੱਜ ਦੀ ਰੋਟੀ ਦੇ, ਬਲਕਿ ਇਹ ਕਿਹਾ ਸੀ ਕਿ “ਸਾਨੂੰ” ਅੱਜ ਦੀ ਰੋਟੀ ਦੇ। ਅਫ਼ਰੀਕਾ ਵਿਚ ਇਕ ਸਰਕਟ ਓਵਰਸੀਅਰ ਵਿਕਟਰ ਦੱਸਦਾ ਹੈ: “ਮੈਂ ਅਕਸਰ ਯਹੋਵਾਹ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਸਾਨੂੰ ਪਤੀ-ਪਤਨੀ ਨੂੰ ਇਸ ਗੱਲ ਦੀ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਪੈਂਦੀ ਕਿ ਅਸੀਂ ਅਗਲੇ ਡੰਗ ਦੀ ਰੋਟੀ ਕਿੱਥੇ ਖਾਵਾਂਗੇ ਤੇ ਸਾਡੇ ਘਰ ਦਾ ਕਿਰਾਇਆ ਕੌਣ ਦੇਵੇਗਾ। ਸਾਡੇ ਭੈਣ-ਭਰਾ ਹਰ ਰੋਜ਼ ਪਿਆਰ ਨਾਲ ਸਾਡੀ ਦੇਖ-ਭਾਲ ਕਰਦੇ ਹਨ। ਪਰ ਸਾਡੀ ਮਦਦ ਕਰਨ ਵਾਲੇ ਭੈਣਾਂ-ਭਰਾਵਾਂ ਲਈ ਮੈਂ ਇਹੀ ਦੁਆ ਕਰਦਾ ਹਾਂ ਕਿ ਉਨ੍ਹਾਂ ਨੂੰ ਆਰਥਿਕ ਤੰਗੀਆਂ ਨਾਲ ਨਿਪਟਣ ਦੀ ਤਾਕਤ ਮਿਲੇ।”

6 ਸਾਡੇ ਕੋਲ ਸ਼ਾਇਦ ਕਾਫ਼ੀ ਕੁਝ ਖਾਣ-ਪੀਣ ਲਈ ਹੋਵੇ, ਪਰ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਬਾਰੇ ਸੋਚ ਸਕਦੇ ਹਾਂ ਜੋ ਗ਼ਰੀਬ ਹਨ ਜਾਂ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਹਨ। ਅਸੀਂ ਨਾ ਸਿਰਫ਼ ਉਨ੍ਹਾਂ ਲਈ ਪ੍ਰਾਰਥਨਾ ਕਰ ਸਕਦੇ ਹਾਂ, ਸਗੋਂ ਅਸੀਂ ਉਨ੍ਹਾਂ ਦੀ ਮਦਦ ਕਰਨ ਲਈ ਕੁਝ ਕਰ ਵੀ ਸਕਦੇ ਹਾਂ। ਮਿਸਾਲ ਲਈ, ਸਾਡੇ ਕੋਲ ਜੋ ਕੁਝ ਹੈ, ਉਹ ਅਸੀਂ ਉਨ੍ਹਾਂ ਨਾਲ ਸਾਂਝਾ ਕਰ ਸਕਦੇ ਹਾਂ। ਅਸੀਂ ਦੁਨੀਆਂ ਭਰ ਵਿਚ ਚੱਲ ਰਹੇ ਯਹੋਵਾਹ ਦੇ ਕੰਮ ਲਈ ਬਾਕਾਇਦਾ ਦਾਨ ਵੀ ਦੇ ਸਕਦੇ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਇਹ ਪੈਸਾ ਸਮਝਦਾਰੀ ਨਾਲ ਵਰਤਿਆ ਜਾਂਦਾ ਹੈ।—1 ਯੂਹੰ. 3:17.

7. ਮਿਸਾਲ ਰਾਹੀਂ ਯਿਸੂ ਨੇ ਕਿਵੇਂ ਸਮਝਾਇਆ ਕਿ ਸਾਨੂੰ ‘ਕਦੇ ਵੀ ਕੱਲ੍ਹ ਦੀ ਚਿੰਤਾ ਨਹੀਂ ਕਰਨੀ’ ਚਾਹੀਦੀ?

7 ਪ੍ਰਾਰਥਨਾ ਕਰਨੀ ਸਿਖਾਉਣ ਤੋਂ ਬਾਅਦ ਯਿਸੂ ਨੇ ਸਿਖਾਇਆ ਕਿ ਸਾਨੂੰ ਆਪਣਾ ਧਿਆਨ ਭੌਤਿਕ ਚੀਜ਼ਾਂ ’ਤੇ ਨਹੀਂ ਲਾਈ ਰੱਖਣਾ ਚਾਹੀਦਾ। ਉਸ ਨੇ ਕਿਹਾ ਕਿ ਜੇ ਯਹੋਵਾਹ ਜੰਗਲੀ ਪੇੜ-ਪੌਦਿਆਂ ਨੂੰ ਸੋਹਣਾ ਬਣਾ ਸਕਦਾ ਹੈ, ਤਾਂ “ਹੇ ਥੋੜ੍ਹੀ ਨਿਹਚਾ ਵਾਲਿਓ, ਕੀ ਉਹ ਤੁਹਾਨੂੰ ਪਹਿਨਣ ਲਈ ਕੱਪੜੇ ਨਹੀਂ ਦੇਵੇਗਾ? ਤੁਸੀਂ ਕਦੇ ਚਿੰਤਾ ਨਾ ਕਰੋ ਅਤੇ ਇਹ ਨਾ ਕਹੋ, . . . ‘ਅਸੀਂ ਕੀ ਪਹਿਨਾਂਗੇ?’” ਫਿਰ ਉਸ ਨੇ ਦੁਬਾਰਾ ਇਹ ਜ਼ਰੂਰੀ ਸਲਾਹ ਦਿੱਤੀ: “ਕਦੇ ਵੀ ਕੱਲ੍ਹ ਦੀ ਚਿੰਤਾ ਨਾ ਕਰੋ।” (ਮੱਤੀ 6:30-34) ਇਸ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਭਵਿੱਖ ਦੀਆਂ ਲੋੜਾਂ ਬਾਰੇ ਚਿੰਤਾ ਕਰਨ ਦੀ ਬਜਾਇ ਰੋਜ਼ ਦੀਆਂ ਪੂਰੀਆਂ ਹੁੰਦੀਆਂ ਬੁਨਿਆਦੀ ਲੋੜਾਂ ਨਾਲ ਸੰਤੁਸ਼ਟ ਹੋਣਾ ਚਾਹੀਦਾ ਹੈ। ਮਿਸਾਲ ਲਈ, ਅਸੀਂ ਰਹਿਣ ਵਾਸਤੇ ਜਗ੍ਹਾ, ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਨੌਕਰੀ ਅਤੇ ਆਪਣੀ ਸਿਹਤ ਬਾਰੇ ਚੰਗੇ ਫ਼ੈਸਲੇ ਕਰਨ ਲਈ ਬੁੱਧ ਵਾਸਤੇ ਪ੍ਰਾਰਥਨਾ ਕਰ ਸਕਦੇ ਹਾਂ। ਜੇ ਅਸੀਂ ਸਿਰਫ਼ ਭੌਤਿਕ ਲੋੜਾਂ ਬਾਰੇ ਪ੍ਰਾਰਥਨਾ ਕਰੀ ਜਾਵਾਂਗੇ, ਤਾਂ ਇਹ ਚੰਗੀ ਗੱਲ ਨਹੀਂ ਹੋਵੇਗੀ। ਸਾਨੂੰ ਪਰਮੇਸ਼ੁਰੀ ਗੱਲਾਂ ਬਾਰੇ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਜੋ ਜ਼ਿਆਦਾ ਜ਼ਰੂਰੀ ਹਨ।

8. ਸਾਨੂੰ ਅੱਜ ਦੀ ਰੋਟੀ ਦੇ ਕਹਿ ਕੇ ਯਿਸੂ ਨੇ ਸਾਨੂੰ ਕੀ ਯਾਦ ਕਰਾਇਆ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

8 ਜਦੋਂ ਯਿਸੂ ਨੇ ਕਿਹਾ ਸੀ ਕਿ ਸਾਨੂੰ ਅੱਜ ਦੀ ਰੋਟੀ ਦੇ, ਤਾਂ ਉਸ ਨੇ ਸਾਨੂੰ ਯਾਦ ਕਰਾਇਆ ਕਿ ਸਾਨੂੰ ਪਰਮੇਸ਼ੁਰ ਦੇ ਗਿਆਨ ਦੀ ਲੋੜ ਹੈ। ਉਸ ਨੇ ਕਿਹਾ: “ਇਨਸਾਨ ਨੂੰ ਜੀਉਂਦਾ ਰਹਿਣ ਵਾਸਤੇ ਸਿਰਫ਼ ਰੋਟੀ ਦੀ ਹੀ ਲੋੜ ਨਹੀਂ, ਸਗੋਂ ਯਹੋਵਾਹ ਦੇ ਮੂੰਹੋਂ ਨਿਕਲੇ ਹਰ ਬਚਨ ਦੀ ਲੋੜ ਹੈ।” (ਮੱਤੀ 4:4) ਇਸ ਲਈ ਸਾਨੂੰ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ ਕਿ ਯਹੋਵਾਹ ਸਾਨੂੰ ਸਮੇਂ ਸਿਰ ਆਪਣਾ ਗਿਆਨ ਦਿੰਦੀ ਰਹੇ।

“ਸਾਡੇ ਕਰਜ਼ ਮਾਫ਼ ਕਰ”

9. ਸਾਡੇ ਪਾਪ ਕਰਜ਼ੇ ਵਾਂਗ ਕਿਵੇਂ ਹਨ?

9 ਯਿਸੂ ਨੇ ਕਿਹਾ: “ਸਾਡੇ ਕਰਜ਼ ਮਾਫ਼ ਕਰ।” ਇਕ ਹੋਰ  ਮੌਕੇ ’ਤੇ ਉਸ ਨੇ ਕਿਹਾ: “ਸਾਡੇ ਪਾਪ ਮਾਫ਼ ਕਰ।” (ਮੱਤੀ 6:12, ਫੁਟਨੋਟ; ਲੂਕਾ 11:4) ਇਸ ਤਰ੍ਹਾਂ ਉਸ ਨੇ ਦਿਖਾਇਆ ਕਿ ਸਾਡੇ ਪਾਪ ਕਰਜ਼ੇ ਦੀ ਤਰ੍ਹਾਂ ਹਨ। 1951 ਦੇ ਪਹਿਰਾਬੁਰਜ ਵਿਚ ਸਮਝਾਇਆ ਗਿਆ ਸੀ: ‘ਪਰਮੇਸ਼ੁਰ ਦੇ ਕਾਨੂੰਨ ਦੀ ਉਲੰਘਣਾ ਕਰਨੀ ਪਾਪ ਹੈ ਜਿਸ ਨਾਲ ਅਸੀਂ ਉਸ ਦੇ ਕਰਜ਼ਦਾਰ ਬਣ ਜਾਂਦੇ ਹਾਂ। ਉਹ ਪਾਪ ਦੇ ਵੱਟੇ ਸਾਡੇ ਤੋਂ ਸਾਡੀ ਜਾਨ ਜਬਰੀ ਵਸੂਲ ਕਰ ਸਕਦਾ ਹੈ। ਉਹ ਸਾਡੇ ਤੋਂ ਆਪਣੀ ਸ਼ਾਂਤੀ ਖੋਹ ਸਕਦਾ ਹੈ ਤੇ ਸਾਡੇ ਨਾਲੋਂ ਆਪਣਾ ਚੰਗਾ ਰਿਸ਼ਤਾ ਤੋੜ ਸਕਦਾ ਹੈ। ਉਹ ਸਾਡੇ ਪਿਆਰ ਦਾ ਹੱਕਦਾਰ ਹੈ ਜਿਸ ਕਰਕੇ ਸਾਨੂੰ ਉਸ ਦਾ ਕਹਿਣਾ ਮੰਨਣਾ ਚਾਹੀਦਾ ਹੈ। ਜਦੋਂ ਅਸੀਂ ਪਾਪ ਕਰਦੇ ਹਾਂ, ਤਾਂ ਅਸੀਂ ਆਪਣੇ ਪਿਆਰ ਦੇ ਜ਼ਰੀਏ ਉਸ ਨੂੰ ਕਰਜ਼ਾ ਮੋੜਨ ਵਿਚ ਅਸਫ਼ਲ ਹੋ ਜਾਂਦੇ ਹਾਂ ਕਿਉਂਕਿ ਪਾਪ ਕਰ ਕੇ ਅਸੀਂ ਪਰਮੇਸ਼ੁਰ ਨਾਲ ਚੰਗਾ ਨਹੀਂ ਕਰਦੇ।’—1 ਯੂਹੰ. 5:3.

10. ਯਹੋਵਾਹ ਕਿਸ ਆਧਾਰ ’ਤੇ ਸਾਡੇ ਪਾਪ ਮਾਫ਼ ਕਰ ਸਕਦਾ ਹੈ ਅਤੇ ਸਾਨੂੰ ਇਸ ਬਾਰੇ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ?

10 ਸਾਨੂੰ ਹਰ ਰੋਜ਼ ਆਪਣੇ ਪਾਪਾਂ ਦੀ ਮਾਫ਼ੀ ਦੀ ਲੋੜ ਹੈ। ਇਸ ਲਈ ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਨੇ ਸਾਡੇ ਪਾਪ ਮਾਫ਼ ਕਰਨ ਲਈ ਇਕ ਕਾਨੂੰਨੀ ਆਧਾਰ ਦਿੱਤਾ। ਉਹ ਹੈ ਯਿਸੂ ਦੀ ਕੁਰਬਾਨੀ। ਭਾਵੇਂ ਕਿ ਯਿਸੂ ਦੀ ਕੁਰਬਾਨੀ 2,000 ਸਾਲ ਪਹਿਲਾਂ ਦਿੱਤੀ ਗਈ ਸੀ, ਪਰ ਸਾਨੂੰ ਇਸ ਦੀ ਇੰਨੀ ਕਦਰ ਕਰਨੀ ਚਾਹੀਦੀ ਹੈ ਜਿਵੇਂ ਕਿ ਇਹ ਕੁਰਬਾਨੀ ਅੱਜ ਦਿੱਤੀ ਗਈ ਹੋਵੇ। ਸਾਡੇ ਲਈ ਦਿੱਤਾ “ਨਿਸਤਾਰਾ” ਇੰਨਾ “ਅਨਮੋਲ” ਹੈ ਕਿ ਅਸੀਂ ਪਾਪੀ ਇਨਸਾਨ ਚਾਹੇ ਜੋ ਮਰਜ਼ੀ ਕਰ ਲਈਏ, ਫਿਰ ਵੀ ਇਸ ਨਿਸਤਾਰੇ ਦੀ ਕੀਮਤ ਕਦੀ ਮੋੜ ਹੀ ਨਹੀਂ ਸਕਦੇ। (ਜ਼ਬੂਰਾਂ ਦੀ ਪੋਥੀ 49:7-9; 1 ਪਤਰਸ 1:18, 19 ਪੜ੍ਹੋ।) ਇਸ ਲਈ, ਸਾਨੂੰ ਯਹੋਵਾਹ ਦੇ ਇਸ ਅਨਮੋਲ ਤੋਹਫ਼ੇ ਦੀ ਹਮੇਸ਼ਾ ਕਦਰ ਕਰਦੇ ਰਹਿਣਾ ਚਾਹੀਦਾ ਹੈ। “ਸਾਡੇ ਪਾਪ,” ਨਾ ਕਿ “ਮੇਰੇ ਪਾਪ” ਸ਼ਬਦ ਸਾਨੂੰ ਯਾਦ ਕਰਾਉਂਦੇ ਹਨ ਕਿ ਯਹੋਵਾਹ ਦੇ ਸਾਰੇ ਭਗਤਾਂ ਨੂੰ ਇਸ ਦਇਆ ਭਰੇ ਇੰਤਜ਼ਾਮ ਦੀ ਲੋੜ ਹੈ। ਇਸ ਲਈ ਸਾਨੂੰ ਪਰਮੇਸ਼ੁਰ ਨਾਲ ਸਿਰਫ਼ ਆਪਣੇ ਰਿਸ਼ਤੇ ਬਾਰੇ ਹੀ ਨਹੀਂ, ਬਲਕਿ ਪਰਮੇਸ਼ੁਰ ਨਾਲ ਹੋਰਨਾਂ ਦੇ ਰਿਸ਼ਤੇ ਬਾਰੇ ਵੀ ਸੋਚਣਾ ਚਾਹੀਦਾ ਹੈ। ਇਨ੍ਹਾਂ ਵਿਚ ਉਹ ਵੀ ਸ਼ਾਮਲ ਹਨ ਜਿਨ੍ਹਾਂ ਨੇ ਸਾਡੇ ਵਿਰੁੱਧ ਪਾਪ ਕੀਤਾ ਹੈ। ਆਮ ਤੌਰ ਤੇ ਇਹ ਪਾਪ ਛੋਟੀਆਂ-ਛੋਟੀਆਂ ਗ਼ਲਤੀਆਂ ਹੁੰਦੀਆਂ ਹਨ, ਪਰ ਜਦੋਂ ਅਸੀਂ ਉਨ੍ਹਾਂ ਨੂੰ ਦਿਲੋਂ ਮਾਫ਼ ਕਰ ਦਿੰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ। ਅਸੀਂ ਇਹ ਵੀ ਸਾਬਤ ਕਰਦੇ ਹਾਂ ਕਿ ਯਹੋਵਾਹ ਤੋਂ ਮਿਲੀ ਮਾਫ਼ੀ ਲਈ ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ।—ਕੁਲੁ. 3:13.

ਜੇ ਤੁਸੀਂ ਪਰਮੇਸ਼ੁਰ ਤੋਂ ਮਾਫ਼ੀ ਪਾਉਣੀ ਚਾਹੁੰਦੇ ਹੋ, ਤਾਂ ਦੂਜਿਆਂ ਨੂੰ ਮਾਫ਼ ਕਰੋ (ਪੈਰਾ 11 ਦੇਖੋ)

11. ਦੂਜਿਆਂ ਨੂੰ ਮਾਫ਼ ਕਰਨਾ ਕਿਉਂ ਜ਼ਰੂਰੀ ਹੈ?

11 ਨਾਮੁਕੰਮਲ ਹੋਣ ਕਰਕੇ ਸਾਡੇ ਲਈ ਸ਼ਾਇਦ ਕਦੇ-ਕਦੇ ਉਨ੍ਹਾਂ ਭੈਣਾਂ-ਭਰਾਵਾਂ ਨੂੰ ਮਾਫ਼ ਕਰਨਾ ਔਖਾ ਹੋਵੇ ਜੋ ਸਾਨੂੰ ਠੇਸ ਪਹੁੰਚਾਉਂਦੇ ਹਨ। (ਲੇਵੀ. 19:18) ਜੇ ਅਸੀਂ ਇਸ ਬਾਰੇ ਹੋਰਨਾਂ ਨੂੰ ਦੱਸਦੇ ਹਾਂ, ਤਾਂ ਉਹ ਸ਼ਾਇਦ ਸਾਡਾ ਪੱਖ ਲੈਣ ਜਿਸ ਨਾਲ ਮੰਡਲੀ ਵਿਚ ਫੁੱਟ ਪੈ ਸਕਦੀ ਹੈ। ਜੇ ਅਸੀਂ ਇੱਦਾਂ ਕਰਦੇ ਰਹਿੰਦੇ ਹਾਂ, ਤਾਂ ਅਸੀਂ ਕੁਰਬਾਨੀ ਦੇ ਤੋਹਫ਼ੇ ਦੀ ਕਦਰ ਨਹੀਂ ਕਰ ਰਹੇ ਹੋਵਾਂਗੇ ਤੇ ਸਾਨੂੰ ਇਸ ਦੇ ਫ਼ਾਇਦੇ ਨਹੀਂ  ਹੋਣਗੇ। ਜਦੋਂ ਅਸੀਂ ਦੂਜਿਆਂ ਨੂੰ ਮਾਫ਼ ਨਹੀਂ ਕਰਦੇ, ਤਾਂ ਯਹੋਵਾਹ ਵੀ ਸਾਨੂੰ ਮਾਫ਼ ਨਹੀਂ ਕਰੇਗਾ। (ਮੱਤੀ 6:14, 15 ਪੜ੍ਹੋ; ਮੱਤੀ 18:35) ਨਾਲੇ ਪਰਮੇਸ਼ੁਰ ਤੋਂ ਮਾਫ਼ੀ ਪਾਉਣ ਲਈ ਸਾਨੂੰ ਗੰਭੀਰ ਪਾਪ ਕਰਨ ਦੀ ਆਦਤ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ। ਇਸ ਆਦਤ ਤੋਂ ਬਚਣ ਦੀ ਇੱਛਾ ਕਰਕੇ ਅਸੀਂ ਅੱਗੇ ਦੱਸੀ ਬੇਨਤੀ ਕਰਾਂਗੇ।—1 ਯੂਹੰ. 3:4, 6.

“ਅਸੀਂ ਪਰੀਖਿਆ ਦੌਰਾਨ ਡਿਗ ਨਾ ਪਈਏ”

12, 13. (ੳ) ਯਿਸੂ ਦੇ ਬਪਤਿਸਮੇ ਤੋਂ ਥੋੜ੍ਹੀ ਦੇਰ ਬਾਅਦ ਉਸ ਨਾਲ ਕੀ ਹੋਇਆ? (ਅ) ਸਾਨੂੰ ਦੂਜਿਆਂ ਨੂੰ ਕਸੂਰਵਾਰ ਕਿਉਂ ਨਹੀਂ ਠਹਿਰਾਉਣਾ ਚਾਹੀਦਾ ਜੇ ਅਸੀਂ ਪਰੀਖਿਆ ਦੌਰਾਨ ਡਿਗ ਜਾਂਦੇ ਹਾਂ? (ੲ) ਯਿਸੂ ਨੇ ਮੌਤ ਤਕ ਵਫ਼ਾਦਾਰ ਰਹਿ ਕੇ ਕੀ ਸਾਬਤ ਕੀਤਾ?

12 ਯਿਸੂ ਦੀ ਪ੍ਰਾਰਥਨਾ ਵਿਚ ਕਹੇ “ਅਸੀਂ ਪਰੀਖਿਆ ਦੌਰਾਨ ਡਿਗ ਨਾ ਪਈਏ” ਸ਼ਬਦ ਸਾਨੂੰ ਯਾਦ ਕਰਾਉਂਦੇ ਹਨ ਕਿ ਬਪਤਿਸਮੇ ਤੋਂ ਥੋੜ੍ਹੀ ਦੇਰ ਬਾਅਦ ਯਿਸੂ ਨਾਲ ਕੀ ਹੋਇਆ ਸੀ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੇ ਉਸ ਨੂੰ ਉਜਾੜ ਵਿਚ ਜਾਣ ਲਈ ਪ੍ਰੇਰਿਆ “ਜਿੱਥੇ ਸ਼ੈਤਾਨ ਨੇ ਉਸ ਦੀ ਪਰੀਖਿਆ ਲਈ।” (ਮੱਤੀ 4:1; 6:13) ਯਹੋਵਾਹ ਨੇ ਇੱਦਾਂ ਕਿਉਂ ਹੋਣ ਦਿੱਤਾ? ਸਾਨੂੰ ਇਸ ਦਾ ਕਾਰਨ ਸਮਝਣ ਦੀ ਲੋੜ ਹੈ ਕਿ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਧਰਤੀ ਉੱਤੇ ਕਿਉਂ ਭੇਜਿਆ ਸੀ। ਜਦੋਂ ਆਦਮ ਤੇ ਹੱਵਾਹ ਨੇ ਯਹੋਵਾਹ ਦੀ ਹਕੂਮਤ ਨੂੰ ਠੁਕਰਾ ਦਿੱਤਾ ਸੀ, ਉਦੋਂ ਇਸ ਹਕੂਮਤ ਸੰਬੰਧੀ ਇਕ ਮਸਲਾ ਖੜ੍ਹਾ ਹੋਇਆ ਸੀ। ਸ਼ੈਤਾਨ ਨੇ ਸਵਾਲ ਖੜ੍ਹੇ ਕੀਤੇ ਸਨ ਜਿਨ੍ਹਾਂ ਦਾ ਜਵਾਬ ਦੇਣ ਲਈ ਕਾਫ਼ੀ ਸਮਾਂ ਚਾਹੀਦਾ ਸੀ। ਮਿਸਾਲ ਲਈ, ਯਹੋਵਾਹ ਨੇ ਇਨਸਾਨਾਂ ਨੂੰ ਜਿਸ ਤਰੀਕੇ ਨਾਲ ਬਣਾਇਆ ਸੀ, ਕੀ ਉਸ ਵਿਚ ਕੋਈ ਕਮੀ ਰਹਿ ਗਈ ਸੀ? “ਦੁਸ਼ਟ” ਦੁਆਰਾ ਪਰਖੇ ਜਾਣ ਤੇ ਕੀ ਇਕ ਮੁਕੰਮਲ ਇਨਸਾਨ ਯਹੋਵਾਹ ਦਾ ਵਫ਼ਾਦਾਰ ਰਹਿ ਸਕਦਾ ਸੀ? ਕੀ ਇਨਸਾਨ ਪਰਮੇਸ਼ੁਰ ਤੋਂ ਬਿਨਾਂ ਵਧੀਆ ਹਕੂਮਤ ਕਰ ਸਕਦੇ ਹਨ? (ਉਤ. 3:4, 5) ਪਰਮੇਸ਼ੁਰ ਪ੍ਰਤੀ ਯਿਸੂ ਦੀ ਵਫ਼ਾਦਾਰੀ ਤੋਂ ਸਾਬਤ ਹੋਇਆ ਕਿ ਸ਼ੈਤਾਨ ਝੂਠਾ ਹੈ। ਭਵਿੱਖ ਵਿਚ ਜਦੋਂ ਯਹੋਵਾਹ ਇਨ੍ਹਾਂ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਦੇ ਦੇਵੇਗਾ, ਤਾਂ ਸਵਰਗ ਅਤੇ ਧਰਤੀ ਉੱਤੇ ਸਾਰਿਆਂ ਨੂੰ ਪਤਾ ਲੱਗ ਜਾਵੇਗਾ ਕਿ ਉਸ ਦੇ ਰਾਜ ਕਰਨ ਦਾ ਤਰੀਕਾ ਹੀ ਸਭ ਤੋਂ ਵਧੀਆ ਹੈ।

13 ਯਹੋਵਾਹ ਪਵਿੱਤਰ ਹੈ, ਇਸ ਕਰਕੇ ਉਹ ਬੁਰੇ ਇਰਾਦੇ ਨਾਲ ਕਿਸੇ ਦੀ ਵੀ ਪਰੀਖਿਆ ਨਹੀਂ ਲੈਂਦਾ। ਸਿਰਫ਼ ਸ਼ੈਤਾਨ ਹੀ ਬੁਰੇ ਇਰਾਦੇ ਨਾਲ ‘ਪਰੀਖਿਆ ਲੈਂਦਾ’ ਹੈ। (ਮੱਤੀ 4:3) ਸ਼ੈਤਾਨ ਕਈ ਤਰੀਕਿਆਂ ਨਾਲ ਸਾਡੀ ਪਰੀਖਿਆ ਲੈਣ ਦੀ ਕੋਸ਼ਿਸ਼ ਕਰਦਾ ਹੈ। ਪਰ ਇਹ ਸਾਡੇ ਹੱਥਾਂ ਵਿਚ ਹੈ ਕਿ ਅਸੀਂ ਸ਼ੈਤਾਨ ਦੁਆਰਾ ਲਿਆਂਦੀ ਪਰੀਖਿਆ ਵਿਚ ਫਸਦੇ ਹਾਂ ਜਾਂ ਨਹੀਂ। (ਯਾਕੂਬ 1:13-15 ਪੜ੍ਹੋ।) ਜਦੋਂ ਸ਼ੈਤਾਨ ਨੇ ਯਿਸੂ ਦੀ ਪਰੀਖਿਆ ਲਈ, ਤਾਂ ਯਿਸੂ ਨੇ ਪਰਮੇਸ਼ੁਰ ਦੇ ਬਚਨ ਦਾ ਹਵਾਲਾ ਦਿੰਦੇ ਹੋਏ ਉਸ ਦੇ ਹਰ ਲਾਲਚ ਨੂੰ ਠੁਕਰਾ ਦਿੱਤਾ। ਯਿਸੂ ਪਰਮੇਸ਼ੁਰ ਦਾ ਵਫ਼ਾਦਾਰ ਰਿਹਾ। ਪਰ ਸ਼ੈਤਾਨ ਨੇ ਹਾਰ ਨਹੀਂ ਮੰਨੀ। ਉਹ ਯਿਸੂ ਨੂੰ ਪਰਖਣ ਲਈ “ਕਿਸੇ ਹੋਰ ਮੌਕੇ ਦੀ ਉਡੀਕ ਕਰਨ ਲੱਗਾ।” (ਲੂਕਾ 4:13) ਪਰ ਸ਼ੈਤਾਨ ਨੇ ਅੱਡੀ-ਚੋਟੀ ਦਾ ਜ਼ੋਰ ਲਾਇਆ, ਫਿਰ ਵੀ ਯਿਸੂ ਨੇ ਹਮੇਸ਼ਾ ਪਰਮੇਸ਼ੁਰ ਨੂੰ ਆਪਣਾ ਰਾਜਾ ਮੰਨਿਆ। ਉਸ ਨੇ ਸਾਬਤ ਕੀਤਾ ਕਿ ਇਕ ਮੁਕੰਮਲ ਇਨਸਾਨ ਮੁਸ਼ਕਲ ਤੋਂ ਮੁਸ਼ਕਲ ਹਾਲਾਤਾਂ ਵਿਚ ਵੀ ਯਹੋਵਾਹ ਦਾ ਵਫ਼ਾਦਾਰ ਰਹਿ ਸਕਦਾ ਹੈ। ਪਰ ਸ਼ੈਤਾਨ ਯਿਸੂ ਦੇ ਚੇਲਿਆਂ ਤੋਂ ਵੀ ਯਹੋਵਾਹ ਦੀ ਅਣਆਗਿਆਕਾਰੀ ਕਰਾਉਣ ਦੀ ਕੋਸ਼ਿਸ਼ ਕਰਦਾ ਹੈ ਜਿਨ੍ਹਾਂ ਵਿਚ ਤੁਸੀਂ ਵੀ ਹੋ।

14. ਸਾਨੂੰ ਕੀ ਕਰਨ ਦੀ ਲੋੜ ਹੈ ਤਾਂਕਿ ਅਸੀਂ ਪਰੀਖਿਆ ਦੌਰਾਨ ਡਿਗ ਨਾ ਜਾਈਏ?

14 ਯਹੋਵਾਹ ਦੀ ਹਕੂਮਤ ਸੰਬੰਧੀ ਜੋ ਸਵਾਲ ਖੜ੍ਹੇ ਹੋਏ ਸਨ, ਉਨ੍ਹਾਂ ਦੇ ਜਵਾਬ ਹਾਲੇ ਵੀ ਮਿਲਣੇ ਜ਼ਰੂਰੀ ਹਨ। ਇਸ ਲਈ ਹੁਣ ਯਹੋਵਾਹ ਨੇ ਸ਼ੈਤਾਨ ਨੂੰ ਇਜਾਜ਼ਤ ਦਿੱਤੀ ਹੋਈ ਹੈ ਕਿ ਉਹ ਦੁਨੀਆਂ ਨੂੰ ਵਰਤ ਕੇ ਸਾਨੂੰ ਪਰਖੇ। ਯਹੋਵਾਹ ਸਾਡੀ ਪਰੀਖਿਆ ਨਹੀਂ ਲੈਂਦਾ। ਅਸਲ ਵਿਚ ਉਸ ਨੂੰ ਪੂਰਾ ਭਰੋਸਾ ਹੈ ਕਿ ਅਸੀਂ ਉਸ ਦੇ ਵਫ਼ਾਦਾਰ ਰਹਿ ਸਕਦੇ ਹਾਂ ਤੇ ਉਹ ਸਾਡੀ ਮਦਦ ਕਰਨੀ ਚਾਹੁੰਦਾ ਹੈ। ਪਰ ਉਹ ਸਾਡੇ ਤੋਂ ਧੱਕੇ ਨਾਲ ਸਹੀ ਕੰਮ ਨਹੀਂ ਕਰਾਉਂਦਾ। ਉਸ ਨੇ ਸਾਨੂੰ ਫ਼ੈਸਲੇ ਕਰਨ ਦੀ ਆਜ਼ਾਦੀ ਦਿੱਤੀ ਹੋਈ ਹੈ ਜਿਸ ਦੀ ਉਹ ਕਦਰ ਕਰਦਾ ਹੈ। ਇਸ ਲਈ ਉਸ ਨੇ ਸਾਡੇ ’ਤੇ ਛੱਡਿਆ ਹੈ ਕਿ ਅਸੀਂ ਉਸ ਦੇ ਵਫ਼ਾਦਾਰ ਰਹਿਣਾ ਚਾਹੁੰਦੇ ਹਾਂ ਜਾਂ ਨਹੀਂ। ਪਰੀਖਿਆ ਦੌਰਾਨ ਡਿਗ ਜਾਣ ਤੋਂ ਬਚਣ ਲਈ ਸਾਨੂੰ ਦੋ ਕੰਮ ਕਰਨ ਦੀ ਲੋੜ ਹੈ: ਯਹੋਵਾਹ ਦੇ ਨੇੜੇ ਰਹਿਣਾ ਅਤੇ ਮਦਦ ਲਈ ਉਸ ਨੂੰ ਪ੍ਰਾਰਥਨਾ ਕਰਨੀ। ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਕਿਵੇਂ ਜਵਾਬ ਦਿੰਦਾ ਹੈ ਤਾਂਕਿ ਅਸੀਂ ਪਰੀਖਿਆ ਦੌਰਾਨ ਡਿਗ ਨਾ ਪਈਏ?

ਆਪਣੀ ਨਿਹਚਾ ਅਤੇ ਪ੍ਰਚਾਰ ਲਈ ਆਪਣੇ ਜੋਸ਼ ਨੂੰ ਬਰਕਰਾਰ ਰੱਖੋ (ਪੈਰਾ 15 ਦੇਖੋ)

15, 16. (ੳ) ਸਾਨੂੰ ਕਿਹੜੀਆਂ ਕੁਝ ਪਰੀਖਿਆ ਵਿਚ ਪੈਣ ਤੋਂ ਬਚਣਾ ਚਾਹੀਦਾ ਹੈ? (ਅ) ਜੇ ਅਸੀਂ ਪਰੀਖਿਆ ਦੌਰਾਨ ਡਿਗ ਜਾਂਦੇ ਹਾਂ, ਤਾਂ ਇਸ ਦਾ ਕਸੂਰਵਾਰ ਕੌਣ ਹੈ?

15 ਯਹੋਵਾਹ ਸਾਡੀ ਮਦਦ ਕਰਨ ਲਈ ਸਾਨੂੰ ਆਪਣੀ ਜ਼ਬਰਦਸਤ ਪਵਿੱਤਰ ਸ਼ਕਤੀ ਦਿੰਦਾ ਹੈ ਤਾਂਕਿ ਅਸੀਂ ਸ਼ੈਤਾਨ ਦੀਆਂ ਪਰੀਖਿਆਵਾਂ ਦਾ ਡਟ ਕੇ ਮੁਕਾਬਲਾ ਕਰ ਸਕੀਏ। ਖ਼ਤਰਿਆਂ ਤੋਂ ਸਾਵਧਾਨ ਕਰਨ ਲਈ ਯਹੋਵਾਹ ਨੇ ਸਾਨੂੰ  ਬਾਈਬਲ ਅਤੇ ਮੰਡਲੀ ਦਿੱਤੀ ਹੈ। ਮਿਸਾਲ ਲਈ, ਉਹ ਸਾਨੂੰ ਚੇਤਾਵਨੀ ਦਿੰਦਾ ਹੈ ਕਿ ਅਸੀਂ ਆਪਣਾ ਜ਼ਿਆਦਾਤਰ ਸਮਾਂ, ਪੈਸਾ ਅਤੇ ਤਾਕਤ ਉਨ੍ਹਾਂ ਚੀਜ਼ਾਂ ਵਿਚ ਨਾ ਲਾਈਏ ਜਿਨ੍ਹਾਂ ਦੀ ਸਾਨੂੰ ਅਸਲ ਵਿਚ ਲੋੜ ਨਹੀਂ ਹੈ। ਐਸਪਨ ਤੇ ਯੌਨਾ ਯੂਰਪ ਦੇ ਇਕ ਅਮੀਰ ਦੇਸ਼ ਵਿਚ ਰਹਿੰਦੇ ਹਨ। ਉਹ ਕਈ ਸਾਲਾਂ ਤੋਂ ਆਪਣੇ ਦੇਸ਼ ਦੇ ਉਸ ਇਲਾਕੇ ਵਿਚ ਰੈਗੂਲਰ ਪਾਇਨੀਅਰਿੰਗ ਕਰ ਰਹੇ ਸਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਜਦੋਂ ਉਨ੍ਹਾਂ ਦੇ ਇਕ ਬੱਚਾ ਹੋਇਆ, ਤਾਂ ਉਨ੍ਹਾਂ ਨੂੰ ਪਾਇਨੀਅਰਿੰਗ ਛੱਡਣੀ ਪਈ। ਹੁਣ ਉਨ੍ਹਾਂ ਦੇ ਦੋ ਬੱਚੇ ਹਨ। ਐਸਪਨ ਕਹਿੰਦਾ ਹੈ: “ਅਸੀਂ ਅਕਸਰ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਅਸੀਂ ਪਰੀਖਿਆ ਵਿਚ ਨਾ ਪਈਏ ਕਿਉਂਕਿ ਹੁਣ ਅਸੀਂ ਉੱਨਾ ਸਮਾਂ ਪਰਮੇਸ਼ੁਰ ਦੇ ਕੰਮਾਂ ਵਿਚ ਨਹੀਂ ਲਾ ਸਕਦੇ ਜਿੰਨਾ ਅਸੀਂ ਪਹਿਲਾਂ ਲਾਉਂਦੇ ਸੀ। ਅਸੀਂ ਆਪਣੀ ਨਿਹਚਾ ਅਤੇ ਪ੍ਰਚਾਰ ਲਈ ਜੋਸ਼ ਬਰਕਰਾਰ ਰੱਖਣ ਲਈ ਯਹੋਵਾਹ ਤੋਂ ਮਦਦ ਮੰਗਦੇ ਹਾਂ।”

16 ਸਾਨੂੰ ਇਕ ਹੋਰ ਪਰੀਖਿਆ ਦਾ ਡਟ ਕੇ ਸਾਮ੍ਹਣਾ ਕਰਨ ਦੀ ਲੋੜ ਹੈ। ਉਹ ਹੈ ਪੋਰਨੋਗ੍ਰਾਫੀ। ਜੇ ਅਸੀਂ ਇਸ ਪਰੀਖਿਆ ਕਰਕੇ ਡਿਗ ਗਏ, ਤਾਂ ਅਸੀਂ ਸ਼ੈਤਾਨ ਨੂੰ ਕਸੂਰਵਾਰ ਨਹੀਂ ਠਹਿਰਾ ਸਕਦੇ। ਕਿਉਂ? ਕਿਉਂਕਿ ਸ਼ੈਤਾਨ ਅਤੇ ਉਸ ਦੀ ਦੁਨੀਆਂ ਸਾਡੇ ਤੋਂ ਜ਼ਬਰਦਸਤੀ ਉਹ ਕੰਮ ਨਹੀਂ ਕਰਾ ਸਕਦੀ ਜਿਹੜਾ ਅਸੀਂ ਨਹੀਂ ਕਰਨਾ ਚਾਹੁੰਦੇ। ਕੁਝ ਇਸ ਕਰਕੇ ਪੋਰਨੋਗ੍ਰਾਫੀ ਦੇਖਦੇ ਹਨ ਕਿਉਂਕਿ ਉਹ ਆਪਣੇ ਦਿਮਾਗ਼ ਵਿੱਚੋਂ ਗ਼ਲਤ ਖ਼ਿਆਲਾਂ ਨੂੰ ਨਹੀਂ ਕੱਢਦੇ। ਪਰ ਸਾਡੇ ਬਹੁਤ ਸਾਰੇ ਭੈਣ-ਭਰਾ ਇਸ ਫੰਦੇ ਵਿਚ ਫਸਣ ਤੋਂ ਬਚੇ ਹਨ ਤੇ ਤੁਸੀਂ ਵੀ ਬਚ ਸਕਦੇ ਹੋ।—1 ਕੁਰਿੰ. 10:12, 13.

“ਸਾਨੂੰ ਉਸ ਦੁਸ਼ਟ ਤੋਂ ਬਚਾ”

17. (ੳ) ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ‘ਸਾਨੂੰ ਦੁਸ਼ਟ ਤੋਂ ਬਚਾਵੇ’? (ਅ) ਜਲਦੀ ਹੀ ਸਾਨੂੰ ਕਿਹੜੀ ਰਾਹਤ ਮਿਲਣ ਵਾਲੀ ਹੈ?

17 ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ‘ਸਾਨੂੰ ਦੁਸ਼ਟ ਤੋਂ ਬਚਾਵੇ’? ਸਾਨੂੰ “ਦੁਨੀਆਂ ਵਰਗੇ” ਨਹੀਂ ਬਣਨਾ ਚਾਹੀਦਾ ਤੇ ਨਾ ਹੀ “ਦੁਨੀਆਂ ਅਤੇ ਦੁਨੀਆਂ ਦੀਆਂ ਚੀਜ਼ਾਂ ਨੂੰ ਪਿਆਰ” ਕਰਨਾ ਚਾਹੀਦਾ ਹੈ। (ਯੂਹੰ. 15:19; 1 ਯੂਹੰ. 2:15-17) ਸਾਨੂੰ ਇਹ ਜੱਦੋ-ਜਹਿਦ ਲਗਾਤਾਰ ਕਰਨੀ ਪਵੇਗੀ। ਸਾਨੂੰ ਕਿੰਨੀ ਰਾਹਤ ਮਿਲੇਗੀ ਜਦੋਂ ਯਹੋਵਾਹ ਸ਼ੈਤਾਨ ਤੇ ਉਸ ਦੀ ਇਸ ਬੁਰੀ ਦੁਨੀਆਂ ਨੂੰ ਮਿਟਾ ਦੇਵੇਗਾ! ਪਰ ਉਹ ਸਮਾਂ ਆਉਣ ਤਕ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਸ਼ੈਤਾਨ “ਬਹੁਤ ਗੁੱਸੇ ਵਿਚ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਉਸ ਕੋਲ ਥੋੜ੍ਹਾ ਹੀ ਸਮਾਂ ਹੈ।” ਨਾਲੇ ਸਾਨੂੰ ਯਹੋਵਾਹ ਦੀ ਸੇਵਾ ਕਰਨ ਤੋਂ ਰੋਕਣ ਲਈ ਉਹ ਕੁਝ ਵੀ ਕਰ ਸਕਦਾ ਹੈ। ਇਸ ਲਈ ਸਾਨੂੰ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ ਕਿ ਯਹੋਵਾਹ ਸਾਨੂੰ ਸ਼ੈਤਾਨ ਤੋਂ ਬਚਾਵੇ।—ਪ੍ਰਕਾ. 12:12, 17.

18. ਜੇ ਅਸੀਂ ਸ਼ੈਤਾਨ ਦੀ ਦੁਨੀਆਂ ਦੇ ਅੰਤ ਵਿੱਚੋਂ ਬਚਣਾ ਚਾਹੁੰਦੇ ਹੋ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ?

18 ਕੀ ਤੁਸੀਂ ਸ਼ੈਤਾਨ ਦੇ ਸਾਏ ਤੋਂ ਬਗੈਰ ਦੁਨੀਆਂ ਵਿਚ ਰਹਿਣਾ ਚਾਹੁੰਦੇ ਹੋ? ਤਾਂ ਫਿਰ ਪ੍ਰਾਰਥਨਾ ਕਰਦੇ ਰਹੋ ਕਿ ਪਰਮੇਸ਼ੁਰ ਦਾ ਰਾਜ ਆਵੇ, ਉਸ ਦਾ ਨਾਂ ਪਵਿੱਤਰ ਕੀਤਾ ਜਾਵੇ ਅਤੇ ਉਸ ਦੀ ਇੱਛਾ ਧਰਤੀ ਉੱਤੇ ਪੂਰੀ ਹੋਵੇ। ਹਮੇਸ਼ਾ ਯਹੋਵਾਹ ’ਤੇ ਭਰੋਸਾ ਰੱਖੋ ਕਿ ਉਹ ਤੁਹਾਡੀ ਦੇਖ-ਭਾਲ ਕਰੇਗਾ ਅਤੇ ਤੁਹਾਡੀ ਉਸ ਹਰ ਲੋੜ ਨੂੰ ਪੂਰਾ ਕਰੇਗਾ ਜੋ ਉਸ ਪ੍ਰਤੀ ਵਫ਼ਾਦਾਰ ਰਹਿਣ ਲਈ ਜ਼ਰੂਰੀ ਹੈ। ਇਸ ਲਈ ਪੱਕਾ ਧਾਰ ਲਓ ਕਿ ਤੁਸੀਂ ਯਿਸੂ ਦੀ ਪ੍ਰਾਰਥਨਾ ਅਨੁਸਾਰ ਜੀਉਣ ਲਈ ਕੁਝ ਵੀ ਕਰਨ ਲਈ ਤਿਆਰ ਹੋ।