Skip to content

Skip to table of contents

ਉਨ੍ਹਾਂ ਨੇ ਵਾਅਦੇ ਮੁਤਾਬਕ ਗੱਲਾਂ ਪੂਰੀਆਂ ਹੁੰਦੀਆਂ ‘ਦੇਖੀਆਂ’

ਉਨ੍ਹਾਂ ਨੇ ਵਾਅਦੇ ਮੁਤਾਬਕ ਗੱਲਾਂ ਪੂਰੀਆਂ ਹੁੰਦੀਆਂ ‘ਦੇਖੀਆਂ’

“ਇਨ੍ਹਾਂ ਦੇ ਜੀਉਂਦੇ-ਜੀ ਵਾਅਦੇ ਪੂਰੇ ਨਹੀਂ ਹੋਏ ਸਨ, ਪਰ ਇਨ੍ਹਾਂ ਨੇ ਵਾਅਦਿਆਂ ਨੂੰ ਦੂਰੋਂ ਦੇਖ ਕੇ ਖ਼ੁਸ਼ੀ ਮਨਾਈ।”—ਇਬ. 11:13.

1. ਉਨ੍ਹਾਂ ਚੀਜ਼ਾਂ ਦੀ ਮਨ ਵਿਚ ਤਸਵੀਰ ਬਣਾਉਣੀ ਕਿਉਂ ਵਧੀਆ ਗੱਲ ਹੈ ਜੋ ਅਸੀਂ ਨਹੀਂ ਦੇਖੀਆਂ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

ਯਹੋਵਾਹ ਨੇ ਸਾਨੂੰ ਇਕ ਬੇਸ਼ਕੀਮਤੀ ਤੋਹਫ਼ਾ ਦਿੱਤਾ ਹੈ। ਉਹ ਹੈ ਉਨ੍ਹਾਂ ਚੀਜ਼ਾਂ ਦੀ ਮਨ ਵਿਚ ਤਸਵੀਰ ਬਣਾਉਣੀ ਜੋ ਅਸੀਂ ਨਹੀਂ ਦੇਖੀਆਂ। ਇਸ ਕਾਬਲੀਅਤ ਦੀ ਮਦਦ ਨਾਲ ਅਸੀਂ ਹੋਣ ਵਾਲੀਆਂ ਚੰਗੀਆਂ ਗੱਲਾਂ ਦੀ ਉਡੀਕ ਕਰਦੇ ਹਾਂ, ਭਵਿੱਖ ਬਾਰੇ ਸੋਚ ਕੇ ਯੋਜਨਾਵਾਂ ਬਣਾਉਂਦੇ ਹਾਂ ਤੇ ਸਮੱਸਿਆਵਾਂ ਤੋਂ ਬਚਦੇ ਹਾਂ। ਯਹੋਵਾਹ ਜਾਣਦਾ ਹੈ ਕਿ ਭਵਿੱਖ ਵਿਚ ਕੀ ਹੋਣਾ ਹੈ ਅਤੇ ਕੁਝ ਗੱਲਾਂ ਬਾਰੇ ਉਸ ਨੇ ਸਾਨੂੰ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਹੈ। ਹਾਲਾਂਕਿ ਅਸੀਂ ਇਨ੍ਹਾਂ ਹੋਣ ਵਾਲੀਆਂ ਗੱਲਾਂ ਨੂੰ ਦੇਖ ਨਹੀਂ ਸਕਦੇ, ਪਰ ਇਨ੍ਹਾਂ ਦੀ ਮਨ ਵਿਚ ਤਸਵੀਰ ਬਣਾ ਕੇ ਸਾਨੂੰ ਨਿਹਚਾ ਰੱਖਣ ਵਿਚ ਮਦਦ ਮਿਲਦੀ ਹੈ ਕਿ ਇਹ ਜ਼ਰੂਰ ਪੂਰੀਆਂ ਹੋਣਗੀਆਂ।—2 ਕੁਰਿੰ. 4:18.

2, 3. (ੳ) ਕਲਪਨਾ ਕਰਨ ਨਾਲ ਸਾਡੀ ਕਿਵੇਂ ਮਦਦ ਹੋ ਸਕਦੀ ਹੈ? (ਅ) ਇਸ ਲੇਖ ਵਿਚ ਅਸੀਂ ਕਿਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ?

2 ਇਹ ਸੱਚ ਹੈ ਕਿ ਕਦੇ-ਕਦੇ ਅਸੀਂ ਅਜਿਹੀਆਂ ਗੱਲਾਂ ਦੀ ਕਲਪਨਾ ਕਰ ਲੈਂਦੇ ਹਾਂ ਜੋ ਕਦੇ ਨਹੀਂ ਹੋ ਸਕਦੀਆਂ। ਮਿਸਾਲ ਲਈ, ਇਕ ਛੋਟੀ ਜਿਹੀ ਕੁੜੀ ਸ਼ਾਇਦ ਕਲਪਨਾ ਕਰੇ ਕਿ ਉਹ ਤਿੱਤਲੀ ’ਤੇ ਬੈਠ ਕੇ ਉੱਡ ਰਹੀ ਹੈ। ਇਹ ਤਾਂ ਬਸ ਸੁਪਨਾ ਹੀ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ। ਪਰ ਸਮੂਏਲ ਦੀ ਮਾਤਾ ਹੰਨਾਹ ਕਲਪਨਾ ਕਰਦੀ ਰਹਿੰਦੀ ਸੀ ਕਿ ਜਦ ਉਹ ਆਪਣੇ ਪੁੱਤਰ ਨੂੰ ਪੁਜਾਰੀਆਂ ਨਾਲ ਕੰਮ ਕਰਨ ਲਈ ਮੰਦਰ ਲੈ ਕੇ ਜਾਵੇਗੀ, ਤਾਂ ਉਹ ਉੱਥੇ ਕੀ-ਕੀ ਕਰੇਗਾ। ਉਹ ਫੋਕੇ ਸੁਪਨੇ ਨਹੀਂ ਲੈ ਰਹੀ ਸੀ, ਬਲਕਿ ਉਸ ਨੇ ਸਮੂਏਲ  ਨੂੰ ਮੰਦਰ ਲੈ ਜਾਣ ਦਾ ਪੱਕਾ ਫ਼ੈਸਲਾ ਕੀਤਾ ਹੋਇਆ ਸੀ। ਇਸ ਲਈ ਉਸ ਦਿਨ ਬਾਰੇ ਸੋਚਦੇ ਰਹਿਣ ਨਾਲ ਮਿਲੀ ਤਾਕਤ ਕਰਕੇ ਉਹ ਯਹੋਵਾਹ ਨਾਲ ਕੀਤੇ ਵਾਅਦੇ ਨੂੰ ਪੂਰਾ ਕਰ ਸਕੀ। (1 ਸਮੂ. 1:22) ਜਦੋਂ ਅਸੀਂ ਯਹੋਵਾਹ ਵੱਲੋਂ ਵਾਅਦਾ ਕੀਤੀਆਂ ਹੋਈਆਂ ਚੀਜ਼ਾਂ ਦੀ ਕਲਪਨਾ ਕਰਦੇ ਹਾਂ, ਤਾਂ ਅਸੀਂ ਸੋਚਦੇ ਹਾਂ ਕਿ ਇਹ ਜ਼ਰੂਰ ਪੂਰੀਆਂ ਹੋਣਗੀਆਂ।—2 ਪਤ. 1:19-21.

3 ਬਾਈਬਲ ਦੇ ਜ਼ਮਾਨੇ ਦੇ ਬਹੁਤ ਸਾਰੇ ਵਫ਼ਾਦਾਰ ਲੋਕਾਂ ਨੇ ਉਨ੍ਹਾਂ ਗੱਲਾਂ ਦੀ ਮਨ ਵਿਚ ਤਸਵੀਰ ਬਣਾਈ ਜਿਨ੍ਹਾਂ ਦਾ ਪਰਮੇਸ਼ੁਰ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ। ਉਨ੍ਹਾਂ ਲਈ ਇਸ ਤਰ੍ਹਾਂ ਕਰਨਾ ਕਿਉਂ ਵਧੀਆ ਗੱਲ ਸੀ? ਸਾਡੇ ਲਈ ਵੀ ਇਹ ਕਲਪਨਾ ਕਰਨੀ ਕਿਉਂ ਚੰਗੀ ਗੱਲ ਹੈ ਕਿ ਜਦੋਂ ਪਰਮੇਸ਼ੁਰ ਦੇ ਵਾਅਦੇ ਪੂਰੇ ਹੋਣਗੇ, ਤਾਂ ਸਾਡੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ?

ਹੋਣ ਵਾਲੀਆਂ ਗੱਲਾਂ ਦੀ ਕਲਪਨਾ ਕਰਨ ਨਾਲ ਉਨ੍ਹਾਂ ਦੀ ਨਿਹਚਾ ਹੋਈ ਪੱਕੀ

4. ਹਾਬਲ ਸੁਨਹਿਰੇ ਭਵਿੱਖ ਦੀ ਕਲਪਨਾ ਕਿਉਂ ਕਰ ਸਕਿਆ?

4 ਹਾਬਲ ਪਹਿਲਾ ਇਨਸਾਨ ਸੀ ਜਿਸ ਨੇ ਯਹੋਵਾਹ ਦੇ ਵਾਅਦਿਆਂ ’ਤੇ ਨਿਹਚਾ ਕੀਤੀ। ਉਸ ਨੂੰ ਪਤਾ ਸੀ ਕਿ ਯਹੋਵਾਹ ਨੇ ਆਦਮ ਤੇ ਹੱਵਾਹ ਦੇ ਪਾਪ ਕਰਨ ਤੋਂ ਬਾਅਦ ਸੱਪ ਨੂੰ ਕੀ ਕਿਹਾ ਸੀ: “ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।” (ਉਤ. 3:14, 15) ਹਾਬਲ ਨੂੰ ਪੂਰੀ ਤਰ੍ਹਾਂ ਨਹੀਂ ਸੀ ਪਤਾ ਕਿ ਇਹ ਗੱਲ ਕਿਵੇਂ ਪੂਰੀ ਹੋਵੇਗੀ। ਪਰ ਉਸ ਨੇ ਪਰਮੇਸ਼ੁਰ ਦੀ ਇਸ ਗੱਲ ਬਾਰੇ ਗਹਿਰਾਈ ਨਾਲ ਸੋਚ-ਵਿਚਾਰ ਕੀਤਾ ਹੋਣਾ। ਹਾਬਲ ਨੇ ਸੋਚਿਆ ਹੋਣਾ, ‘ਉਹ ਕੌਣ ਹੋਵੇਗਾ ਜਿਸ ਦੀ ਅੱਡੀ ਨੂੰ ਸੱਪ ਦੁਆਰਾ ਡੰਗ ਮਾਰਿਆ ਜਾਵੇਗਾ ਅਤੇ ਜੋ ਇਨਸਾਨਾਂ ਦੀ ਮੁਕੰਮਲ ਬਣਨ ਵਿਚ ਮਦਦ ਕਰੇਗਾ?’ ਹਾਬਲ ਨੂੰ ਨਿਹਚਾ ਸੀ ਕਿ ਯਹੋਵਾਹ ਨੇ ਜੋ ਵੀ ਵਾਅਦੇ ਕੀਤੇ ਸਨ, ਉਹ ਜ਼ਰੂਰ ਪੂਰੇ ਹੋਣਗੇ ਅਤੇ ਜਦੋਂ ਉਸ ਨੇ ਬਲ਼ੀ ਚੜ੍ਹਾਈ, ਤਾਂ ਯਹੋਵਾਹ ਨੇ ਖ਼ੁਸ਼ੀ ਨਾਲ ਬਲ਼ੀ ਸਵੀਕਾਰ ਕੀਤੀ।—ਉਤਪਤ 4:3-5; ਇਬਰਾਨੀਆਂ 11:4 ਪੜ੍ਹੋ।

5. ਹਨੋਕ ਲਈ ਭਵਿੱਖ ਦੀ ਕਲਪਨਾ ਕਰਨੀ ਚੰਗੀ ਗੱਲ ਕਿਉਂ ਸੀ?

5 ਹਨੋਕ ਇਕ ਹੋਰ ਇਨਸਾਨ ਸੀ ਜਿਸ ਨੂੰ ਪਰਮੇਸ਼ੁਰ ’ਤੇ ਪੱਕੀ ਨਿਹਚਾ ਸੀ। ਉਹ ਬੁਰੇ ਲੋਕਾਂ ਵਿਚ ਰਹਿੰਦਾ ਸੀ ਜਿਨ੍ਹਾਂ ਨੇ ਪਰਮੇਸ਼ੁਰ ਖ਼ਿਲਾਫ਼ “ਘਟੀਆ ਗੱਲਾਂ” ਕਹੀਆਂ ਸਨ। ਪਰ ਹਨੋਕ ਦਲੇਰ ਸੀ ਜਿਸ ਕਰਕੇ ਉਸ ਨੇ ਪਰਮੇਸ਼ੁਰ ਦੇ ਸੰਦੇਸ਼ ਦਾ ਪ੍ਰਚਾਰ ਕੀਤਾ। ਉਸ ਨੇ ਲੋਕਾਂ ਨੂੰ ਕਿਹਾ ਸੀ ਕਿ ਯਹੋਵਾਹ ਬੁਰੇ ਲੋਕਾਂ ਦਾ ਨਾਸ਼ ਕਰਨ ਵਾਲਾ ਸੀ। (ਯਹੂ. 14, 15) ਇਸ ਤਰ੍ਹਾਂ ਕਰਨ ਵਿਚ ਉਸ ਦੀ ਕਿਹੜੀ ਗੱਲ ਨੇ ਮਦਦ ਕੀਤੀ? ਹਨੋਕ ਨੇ ਸ਼ਾਇਦ ਉਸ ਦੁਨੀਆਂ ਦੀ ਕਲਪਨਾ ਕੀਤੀ ਹੋਵੇਗੀ ਜਦੋਂ ਸਾਰੇ ਲੋਕ ਯਹੋਵਾਹ ਦੀ ਭਗਤੀ ਕਰਨਗੇ।—ਇਬਰਾਨੀਆਂ 11:5, 6 ਪੜ੍ਹੋ।

6. ਜਲ-ਪਰਲੋ ਤੋਂ ਬਾਅਦ ਨੂਹ ਨੇ ਕੀ ਸੋਚਿਆ ਹੋਣਾ?

6 ਨੂਹ ਯਹੋਵਾਹ ’ਤੇ ਪੱਕੀ ਨਿਹਚਾ ਕਰਦਾ ਸੀ ਜਿਸ ਕਰਕੇ ਉਹ ਜਲ-ਪਰਲੋ ਵਿਚ ਨਾਸ਼ ਹੋਣ ਤੋਂ ਬਚ ਗਿਆ। (ਇਬ. 11:7) ਫਿਰ ਉਸ ਨੇ ਨਿਹਚਾ ਨਾਲ ਯਹੋਵਾਹ ਨੂੰ ਜਾਨਵਰਾਂ ਦੀਆਂ ਬਲ਼ੀਆਂ ਚੜ੍ਹਾਈਆਂ। (ਉਤ. 8:20) ਜਲ-ਪਰਲੋ ਤੋਂ ਬਾਅਦ ਦੁਨੀਆਂ ਫਿਰ ਬੁਰੀ ਹੋ ਗਈ। ਨਿਮਰੋਦ ਦਾ ਰਾਜ ਸ਼ੁਰੂ ਹੋ ਗਿਆ ਜੋ ਚਾਹੁੰਦਾ ਸੀ ਕਿ ਲੋਕ ਯਹੋਵਾਹ ਖ਼ਿਲਾਫ਼ ਬਗਾਵਤ ਕਰਨ। (ਉਤ. 10:8-12) ਪਰ ਨੂਹ ਦੀ ਨਿਹਚਾ ਪੱਕੀ ਰਹੀ। ਹਾਬਲ ਵਾਂਗ ਉਸ ਨੂੰ ਪੱਕਾ ਯਕੀਨ ਸੀ ਕਿ ਪਰਮੇਸ਼ੁਰ ਇਕ ਦਿਨ ਪਾਪ ਤੇ ਮੌਤ ਦਾ ਨਾਮੋ-ਨਿਸ਼ਾਨ ਮਿਟਾਵੇਗਾ। ਨੂਹ ਨੇ ਵੀ ਉਸ ਸਮੇਂ ਬਾਰੇ ਸੋਚਿਆ ਹੋਣਾ ਜਦੋਂ ਕੋਈ ਵੀ ਜ਼ਾਲਮ ਹਾਕਮ ਨਹੀਂ ਹੋਵੇਗਾ। ਅਸੀਂ ਵੀ ਉਸ ਸ਼ਾਨਦਾਰ ਸਮੇਂ ਦੀ ਕਲਪਨਾ ਕਰ ਸਕਦੇ ਹਾਂ ਜੋ ਬਹੁਤ ਹੀ ਨੇੜੇ ਹੈ!—ਰੋਮੀ. 6:23.

ਉਨ੍ਹਾਂ ਨੇ ਮਨ ਦੀਆਂ ਅੱਖਾਂ ਨਾਲ ਵਾਅਦੇ ਪੂਰੇ ਹੁੰਦੇ ਦੇਖੇ

7. ਅਬਰਾਹਾਮ, ਇਸਹਾਕ ਤੇ ਯਾਕੂਬ ਕਿਸ ਤਰ੍ਹਾਂ ਦੇ ਭਵਿੱਖ ਦੀ ਉਡੀਕ ਕਰ ਰਹੇ ਸਨ?

7 ਅਬਰਾਹਾਮ, ਇਸਹਾਕ ਤੇ ਯਾਕੂਬ ਸੁਨਹਿਰੇ ਭਵਿੱਖ ਦੀ ਕਲਪਨਾ ਕਰ ਸਕਦੇ ਸਨ। ਯਹੋਵਾਹ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ “ਅੰਸ” ਦੇ ਜ਼ਰੀਏ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਬਰਕਤਾਂ ਮਿਲਣਗੀਆਂ। (ਉਤ. 22:18; 26:4; 28:14) ਪਰਮੇਸ਼ੁਰ ਨੇ ਉਨ੍ਹਾਂ ਨਾਲ ਇਹ ਵੀ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਔਲਾਦ ਇਕ ਵੱਡੀ ਸਾਰੀ ਕੌਮ ਬਣੇਗੀ ਅਤੇ ਵਾਅਦਾ ਕੀਤੇ ਹੋਏ ਖ਼ੂਬਸੂਰਤ ਦੇਸ਼ ਵਿਚ ਰਹੇਗੀ। (ਉਤ. 15:5-7) ਅਬਰਾਹਾਮ, ਇਸਹਾਕ ਤੇ ਯਾਕੂਬ ਜਾਣਦੇ ਸਨ ਕਿ ਯਹੋਵਾਹ ਦੇ ਵਾਅਦੇ ਜ਼ਰੂਰ ਪੂਰੇ ਹੋਣਗੇ, ਇਸ ਲਈ ਉਹ ਮਨ ਦੀਆਂ ਅੱਖਾਂ ਨਾਲ ਦੇਖ ਸਕਦੇ ਸਨ ਜਿੱਦਾਂ ਕਿ ਉਨ੍ਹਾਂ ਦੇ ਪਰਿਵਾਰ ਪਹਿਲਾਂ ਹੀ  ਉਸ ਦੇਸ਼ ਵਿਚ ਰਹਿ ਰਹੇ ਹੋਣ। ਅਸਲ ਵਿਚ ਜਦੋਂ ਤੋਂ ਆਦਮ ਤੇ ਹੱਵਾਹ ਨੇ ਪਾਪ ਕੀਤਾ ਸੀ, ਉਦੋਂ ਤੋਂ ਹੀ ਯਹੋਵਾਹ ਨੇ ਆਪਣੇ ਵਫ਼ਾਦਾਰ ਸੇਵਕਾਂ ਦੀ ਇਹ ਸਮਝਣ ਵਿਚ ਮਦਦ ਕੀਤੀ ਹੈ ਕਿ ਇਕ ਦਿਨ ਇਨਸਾਨਾਂ ਨੂੰ ਦੁਬਾਰਾ ਮੁਕੰਮਲ ਜ਼ਿੰਦਗੀ ਕਿਵੇਂ ਮਿਲੇਗੀ।

8. ਕਿਹੜੀ ਗੱਲ ਨੇ ਨਿਹਚਾ ਮਜ਼ਬੂਤ ਰੱਖਣ ਤੇ ਯਹੋਵਾਹ ਦਾ ਕਹਿਣਾ ਮੰਨਣ ਵਿਚ ਅਬਰਾਹਾਮ ਦੀ ਮਦਦ ਕੀਤੀ?

8 ਮਜ਼ਬੂਤ ਨਿਹਚਾ ਹੋਣ ਕਰਕੇ ਅਬਰਾਹਾਮ ਨੇ ਯਹੋਵਾਹ ਦਾ ਕਹਿਣਾ ਮੰਨਿਆ, ਉਦੋਂ ਵੀ ਜਦੋਂ ਉਸ ਦੇ ਹਾਲਾਤ ਔਖੇ ਸਨ। ਅਬਰਾਹਾਮ ਤੇ ਹੋਰ ਵਫ਼ਾਦਾਰ ਸੇਵਕ ਆਪਣੀਆਂ ਮਨ ਦੀਆਂ ਅੱਖਾਂ ਨਾਲ ਯਹੋਵਾਹ ਦੁਆਰਾ ਵਾਅਦਾ ਕੀਤੀਆਂ ਚੀਜ਼ਾਂ ਨੂੰ ਸਾਫ਼-ਸਾਫ਼ ਦੇਖ ਸਕਦੇ ਸਨ, ਭਾਵੇਂ ਕਿ ਉਨ੍ਹਾਂ ਦੇ ਜੀਉਂਦੇ-ਜੀ ਇਹ ਵਾਅਦੇ ਪੂਰੇ ਨਹੀਂ ਹੋਏ। ਬਾਈਬਲ ਕਹਿੰਦੀ ਹੈ: “ਇਨ੍ਹਾਂ ਨੇ ਵਾਅਦਿਆਂ ਨੂੰ ਦੂਰੋਂ ਦੇਖ ਕੇ ਖ਼ੁਸ਼ੀ ਮਨਾਈ।” (ਇਬਰਾਨੀਆਂ 11:8-13 ਪੜ੍ਹੋ।) ਅਬਰਾਹਾਮ ਜਾਣਦਾ ਸੀ ਕਿ ਅਤੀਤ ਵਿਚ ਯਹੋਵਾਹ ਦੇ ਕੀਤੇ ਸਾਰੇ ਵਾਅਦੇ ਪੂਰੇ ਹੋਏ ਸਨ ਜੋ ਇਸ ਗੱਲ ਦਾ ਸਬੂਤ ਸੀ ਕਿ ਭਵਿੱਖ ਬਾਰੇ ਕੀਤੇ ਗਏ ਉਸ ਦੇ ਵਾਅਦੇ ਵੀ ਜ਼ਰੂਰ ਪੂਰੇ ਹੋਣਗੇ।

9. ਪਰਮੇਸ਼ੁਰ ਦੇ ਵਾਅਦਿਆਂ ਉੱਤੇ ਨਿਹਚਾ ਹੋਣ ਕਰਕੇ ਅਬਰਾਹਾਮ ਦੀ ਕਿਵੇਂ ਮਦਦ ਹੋਈ?

9 ਯਹੋਵਾਹ ਦੇ ਵਾਅਦਿਆਂ ’ਤੇ ਵਿਸ਼ਵਾਸ ਹੋਣ ਕਰਕੇ ਅਬਰਾਹਾਮ ਉਹੀ ਕੰਮ ਕਰਦਾ ਰਿਹਾ ਜੋ ਯਹੋਵਾਹ ਨੇ ਉਸ ਨੂੰ ਕਰਨ ਲਈ ਕਿਹਾ ਸੀ। ਮਿਸਾਲ ਲਈ, ਉਸ ਨੇ ਊਰ ਸ਼ਹਿਰ ਵਿਚ ਆਪਣਾ ਘਰ-ਬਾਰ ਛੱਡ ਦਿੱਤਾ ਅਤੇ ਉਹ ਕਨਾਨ ਦੇ ਕਿਸੇ ਵੀ ਸ਼ਹਿਰ ਵਿਚ ਪੱਕੇ ਤੌਰ ਤੇ ਨਹੀਂ ਰਿਹਾ। ਉਹ ਜਾਣਦਾ ਸੀ ਕਿ ਇਹ ਸ਼ਹਿਰ ਹਮੇਸ਼ਾ ਲਈ ਨਹੀਂ ਰਹਿਣਗੇ ਕਿਉਂਕਿ ਇਨ੍ਹਾਂ ਦੇ ਰਾਜੇ ਯਹੋਵਾਹ ਦੀ ਸੇਵਾ ਨਹੀਂ ਕਰਦੇ ਸਨ। (ਯਹੋ. 24:2) ਅਬਰਾਹਾਮ, ਹਾਬਲ, ਹਨੋਕ, ਨੂਹ ਅਤੇ ਹੋਰ ਸੇਵਕ ਮੰਨਦੇ ਸਨ ਕਿ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਉਨ੍ਹਾਂ ਨੇ ਆਪਣਾ ਧਿਆਨ ਉਸ ਸਮੇਂ ’ਤੇ ਲਗਾਈ ਰੱਖਿਆ ਜਦੋਂ ਯਹੋਵਾਹ ਅਤੇ ਉਸ ਦੀ ਸਰਕਾਰ ਹਮੇਸ਼ਾ-ਹਮੇਸ਼ਾ ਲਈ ਰਾਜ ਕਰੇਗੀ। ਇਹ ਸਰਕਾਰ ਉਹ “ਸ਼ਹਿਰ” ਹੈ ‘ਜਿਸ ਦੀਆਂ ਨੀਂਹਾਂ ਪੱਕੀਆਂ ਹਨ ਤੇ ਜਿਸ ਦਾ ਨਕਸ਼ਾ ਬਣਾਉਣ ਵਾਲਾ ਤੇ ਰਾਜ ਮਿਸਤਰੀ ਪਰਮੇਸ਼ੁਰ ਹੈ।’ (ਇਬ. 11:10) ਉਨ੍ਹਾਂ ਨੇ ਜਦੋਂ ਵੀ ਖ਼ੂਬਸੂਰਤ ਧਰਤੀ ਉੱਤੇ ਹਮੇਸ਼ਾ ਲਈ ਜੀਉਣ ਬਾਰੇ ਸੋਚਿਆ, ਯਹੋਵਾਹ ਉੱਤੇ ਉਨ੍ਹਾਂ ਦੀ ਨਿਹਚਾ ਹੋਰ ਵੀ ਤਕੜੀ ਹੋਈ।—ਇਬਰਾਨੀਆਂ 11:15, 16 ਪੜ੍ਹੋ।

10. ਸਾਰਾਹ ਲਈ ਭਵਿੱਖ ਦੀ ਕਲਪਨਾ ਕਰਨੀ ਕਿਉਂ ਚੰਗੀ ਗੱਲ ਸੀ?

10 ਅਬਰਾਹਾਮ ਦੀ ਪਤਨੀ ਸਾਰਾਹ ਨੂੰ ਯਹੋਵਾਹ ਦੇ ਵਾਅਦਿਆਂ ’ਤੇ ਪੱਕਾ ਵਿਸ਼ਵਾਸ ਸੀ। 90 ਸਾਲਾਂ ਦੀ ਉਮਰ ਵਿਚ ਹਾਲੇ ਜਦੋਂ ਉਸ ਦੇ ਕੋਈ ਬੱਚਾ ਨਹੀਂ ਸੀ, ਤਾਂ ਉਹ ਉਸ ਸਮੇਂ ਦੀ ਉਡੀਕ ਕਰ ਰਹੀ ਸੀ ਜਦੋਂ ਉਹ ਮਾਂ ਬਣੇਗੀ। ਸਾਰਾਹ ਮਨ ਦੀਆਂ ਅੱਖਾਂ ਨਾਲ ਆਪਣੇ ਬੱਚਿਆਂ ਨੂੰ ਵੱਡੀ ਕੌਮ ਬਣਦਿਆਂ ਦੇਖ ਸਕਦੀ ਸੀ। (ਇਬ. 11:11, 12) ਉਹ ਇਹ ਉਮੀਦ ਕਿਉਂ ਰੱਖ ਸਕੀ? ਕਿਉਂਕਿ ਉਸ ਦੇ ਪਤੀ ਨਾਲ ਯਹੋਵਾਹ ਨੇ ਵਾਅਦਾ ਕੀਤਾ ਸੀ: “ਮੈਂ ਉਹ ਨੂੰ ਅਸੀਸ ਦਿਆਂਗਾ ਅਤੇ ਮੈਂ ਤੈਨੂੰ ਉਸ ਤੋਂ ਇੱਕ ਪੁੱਤ੍ਰ ਵੀ ਦਿਆਂਗਾ। ਮੈਂ ਉਹ ਨੂੰ ਅਸੀਸ ਦਿਆਂਗਾ ਅਤੇ ਉਹ ਕੌਮਾਂ ਦੀ ਮਾਤਾ ਹੋਵੇਗੀ ਅਤੇ ਉੱਮਤਾਂ ਦੇ ਰਾਜੇ ਉਸ ਤੋਂ ਹੋਣਗੇ।” (ਉਤ. 17:16) ਯਹੋਵਾਹ ਦੇ ਵਾਅਦੇ ਮੁਤਾਬਕ ਸਾਰਾਹ ਦੇ ਇਕ ਪੁੱਤਰ ਇਸਹਾਕ ਹੋਇਆ। ਇਸ ਚਮਤਕਾਰ ਕਾਰਨ ਉਸ ਨੂੰ ਯਕੀਨ ਹੋ ਗਿਆ ਕਿ ਅਬਰਾਹਾਮ ਨਾਲ ਕੀਤਾ ਯਹੋਵਾਹ ਦਾ ਬਾਕੀ ਰਹਿੰਦਾ ਵਾਅਦਾ ਵੀ ਜ਼ਰੂਰ ਪੂਰਾ ਹੋਵੇਗਾ। ਅਸੀਂ ਵੀ ਯਹੋਵਾਹ ਦੁਆਰਾ ਵਾਅਦਾ ਕੀਤੀਆਂ ਚੀਜ਼ਾਂ ਨੂੰ ਮਨ ਦੀਆਂ ਅੱਖਾਂ ਨਾਲ ਦੇਖ ਕੇ ਆਪਣੀ ਨਿਹਚਾ ਮਜ਼ਬੂਤ ਕਰ ਸਕਦੇ ਹਾਂ।

ਇਨਾਮ ਪਾਉਣ ਦੀ ਉਡੀਕ ਕੀਤੀ

11, 12. ਮੂਸਾ ਨੇ ਯਹੋਵਾਹ ਲਈ ਪਿਆਰ ਕਿਵੇਂ ਪੈਦਾ ਕੀਤਾ?

11 ਮੂਸਾ ਨੂੰ ਵੀ ਯਹੋਵਾਹ ਦੇ ਵਾਅਦਿਆਂ ’ਤੇ ਵਿਸ਼ਵਾਸ ਸੀ। ਉਸ ਦਾ ਪਾਲਣ-ਪੋਸ਼ਣ ਮਿਸਰ ਵਿਚ ਇਕ ਰਾਜਕੁਮਾਰ ਵਜੋਂ ਹੋਇਆ ਸੀ। ਪਰ ਉਹ ਜਿੰਨਾ ਪਿਆਰ ਯਹੋਵਾਹ ਨੂੰ ਕਰਦਾ ਸੀ, ਉੱਨਾ ਪਿਆਰ ਉਹ ਕਿਸੇ ਹੋਰ ਚੀਜ਼ ਨੂੰ ਨਹੀਂ ਕਰਦਾ ਸੀ। ਇਸ ਕਰਕੇ ਉਹ ਤਾਕਤ ਤੇ ਧਨ-ਦੌਲਤ ਹਾਸਲ ਕਰਨ ਦੇ ਫੰਦੇ ਵਿਚ ਨਹੀਂ ਫਸਿਆ। ਉਸ ਨੇ ਆਪਣੇ ਇਬਰਾਨੀ ਮਾਪਿਆਂ ਤੋਂ ਯਹੋਵਾਹ ਬਾਰੇ ਸਿੱਖਿਆ ਸੀ। ਉਨ੍ਹਾਂ ਨੇ ਸਿਖਾਇਆ ਸੀ ਕਿ ਯਹੋਵਾਹ ਇਬਰਾਨੀ ਲੋਕਾਂ ਨੂੰ ਗ਼ੁਲਾਮੀ ਤੋਂ ਛੁਡਾ ਕੇ ਉਨ੍ਹਾਂ ਨੂੰ ਵਾਅਦਾ ਕੀਤਾ ਹੋਇਆ ਦੇਸ਼ ਦੇਵੇਗਾ। (ਉਤ. 13:14, 15; ਕੂਚ 2:5-10) ਮੂਸਾ ਪਰਮੇਸ਼ੁਰ ਦੇ ਲੋਕਾਂ ਨੂੰ ਮਿਲਣ ਵਾਲੀਆਂ ਬਰਕਤਾਂ ਬਾਰੇ ਅਕਸਰ ਸੋਚਦਾ ਰਹਿੰਦਾ ਸੀ। ਇਸ ਕਰਕੇ ਤੁਹਾਡੇ ਖ਼ਿਆਲ ਵਿਚ ਉਸ ਦੇ ਦਿਲ ਵਿਚ ਕਿਸ ਲਈ ਪਿਆਰ ਪੈਦਾ ਹੋਇਆ ਸੀ—ਯਹੋਵਾਹ ਲਈ ਜਾਂ ਸ਼ਾਨੋ-ਸ਼ੌਕਤ ਪਾਉਣ ਲਈ?

12 ਬਾਈਬਲ ਦੱਸਦੀ ਹੈ: “ਨਿਹਚਾ ਨਾਲ ਮੂਸਾ ਨੇ, ਜਦੋਂ  ਵੱਡਾ ਹੋਇਆ, ਫ਼ਿਰਊਨ ਦੀ ਧੀ ਦਾ ਪੁੱਤਰ ਕਹਾਉਣ ਤੋਂ ਇਨਕਾਰ ਕੀਤਾ, ਅਤੇ ਥੋੜ੍ਹੇ ਚਿਰ ਲਈ ਪਾਪ ਦਾ ਮਜ਼ਾ ਲੈਣ ਨਾਲੋਂ ਪਰਮੇਸ਼ੁਰ ਦੇ ਲੋਕਾਂ ਨਾਲ ਬਦਸਲੂਕੀ ਸਹਿਣੀ ਚੰਗੀ ਸਮਝੀ ਕਿਉਂਕਿ ਉਸ ਨੇ ਪਰਮੇਸ਼ੁਰ ਦੇ ਚੁਣੇ ਹੋਏ ਸੇਵਕ ਦੇ ਤੌਰ ਤੇ ਬੇਇੱਜ਼ਤੀ ਸਹਾਰਨ ਨੂੰ ਮਿਸਰ ਦੇ ਖ਼ਜ਼ਾਨਿਆਂ ਨਾਲੋਂ ਜ਼ਿਆਦਾ ਕੀਮਤੀ ਸਮਝਿਆ; ਅਤੇ ਉਸ ਨੇ ਬੇਸਬਰੀ ਨਾਲ ਇਨਾਮ ਪਾਉਣ ਦੀ ਉਡੀਕ ਕੀਤੀ।”—ਇਬ. 11:24-26.

13. ਯਹੋਵਾਹ ਦੇ ਵਾਅਦਿਆਂ ਬਾਰੇ ਡੂੰਘਾਈ ਨਾਲ ਸੋਚਣ ਦਾ ਮੂਸਾ ਨੂੰ ਕੀ ਫ਼ਾਇਦਾ ਹੋਇਆ?

13 ਮੂਸਾ ਨੇ ਯਹੋਵਾਹ ਦੇ ਇਸ ਵਾਅਦੇ ’ਤੇ ਡੂੰਘਾਈ ਨਾਲ ਸੋਚਿਆ ਹੋਣਾ ਕਿ ਉਹ ਇਬਰਾਨੀ ਲੋਕਾਂ ਨੂੰ ਗ਼ੁਲਾਮੀ ਤੋਂ ਆਜ਼ਾਦ ਕਰਾਵੇਗਾ। ਯਹੋਵਾਹ ਦੇ ਹੋਰ ਸੇਵਕਾਂ ਵਾਂਗ ਮੂਸਾ ਵੀ ਜਾਣਦਾ ਸੀ ਕਿ ਯਹੋਵਾਹ ਸਾਰੇ ਇਨਸਾਨਾਂ ਨੂੰ ਮੌਤ ਦੇ ਚੁੰਗਲ ਵਿੱਚੋਂ ਛੁਡਾਵੇਗਾ। (ਅੱਯੂ. 14:14, 15; ਇਬ. 11:17-19) ਸੋ ਮੂਸਾ ਸਮਝ ਗਿਆ ਕਿ ਯਹੋਵਾਹ ਲੋਕਾਂ ਨੂੰ ਕਿੰਨਾ ਪਿਆਰ ਕਰਦਾ ਹੈ। ਇਸ ਕਰਕੇ ਯਹੋਵਾਹ ਲਈ ਮੂਸਾ ਦਾ ਪਿਆਰ ਤੇ ਨਿਹਚਾ ਹੋਰ ਵਧੀ। ਇਸ ਗੱਲ ਨੇ ਸਾਰੀ ਜ਼ਿੰਦਗੀ ਯਹੋਵਾਹ ਦੀ ਸੇਵਾ ਕਰਨ ਵਿਚ ਮੂਸਾ ਦੀ ਮਦਦ ਕੀਤੀ। (ਬਿਵ. 6:4, 5) ਇੱਥੋਂ ਤਕ ਕਿ ਜਦੋਂ ਫ਼ਿਰਊਨ ਨੇ ਮੂਸਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਤਾਂ ਮੂਸਾ ਜ਼ਰਾ ਵੀ ਨਹੀਂ ਡਰਿਆ। ਉਹ ਜਾਣਦਾ ਸੀ ਕਿ ਯਹੋਵਾਹ ਉਸ ਨੂੰ ਭਵਿੱਖ ਵਿਚ ਇਨਾਮ ਦੇਵੇਗਾ।—ਕੂਚ 10:28, 29.

ਸੋਚੋ ਕਿ ਰੱਬ ਦੀ ਸਰਕਾਰ ਕੀ ਕਰੇਗੀ

14. ਕੁਝ ਲੋਕ ਭਵਿੱਖ ਬਾਰੇ ਕਿਹੋ ਜਿਹੇ ਸੁਪਨੇ ਲੈਂਦੇ ਹਨ?

14 ਬਹੁਤ ਸਾਰੇ ਲੋਕ ਭਵਿੱਖ ਬਾਰੇ ਸੋਚਦੇ ਅਤੇ ਉਨ੍ਹਾਂ ਚੀਜ਼ਾਂ ਦੀ ਕਲਪਨਾ ਕਰਦੇ ਹਨ ਜੋ ਕਦੇ ਨਹੀਂ ਹੋਣਗੀਆਂ। ਮਿਸਾਲ ਲਈ, ਕੁਝ ਗ਼ਰੀਬ ਲੋਕ ਸੁਪਨੇ ਲੈਂਦੇ ਹਨ ਕਿ ਉਹ ਇਕ ਦਿਨ ਅਮੀਰ ਹੋਣਗੇ ਅਤੇ ਉਨ੍ਹਾਂ ਨੂੰ ਕਿਸੇ ਚੀਜ਼ ਦੀ ਚਿੰਤਾ ਨਹੀਂ ਹੋਵੇਗੀ। ਪਰ ਬਾਈਬਲ ਕਹਿੰਦੀ ਹੈ ਕਿ ਜਦ ਤਕ ਸ਼ੈਤਾਨ ਦੀ ਦੁਨੀਆਂ ਰਹੇਗੀ, ਤਦ ਤਕ ਜ਼ਿੰਦਗੀ “ਕਸ਼ਟ ਅਤੇ ਸੋਗ” ਨਾਲ ਭਰੀ ਰਹੇਗੀ। (ਜ਼ਬੂ. 90:10) ਜਾਂ ਕੁਝ ਲੋਕ ਸੋਚਦੇ ਹਨ ਕਿ ਇਨਸਾਨੀ ਸਰਕਾਰਾਂ ਹੀ ਦੁਨੀਆਂ ਦੀਆਂ ਸਮੱਸਿਆਵਾਂ ਸੁਲਝਾਉਣਗੀਆਂ। ਪਰ ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਦੀ ਸਰਕਾਰ ਹੀ ਇੱਦਾਂ ਕਰੇਗੀ। (ਦਾਨੀ. 2:44) ਬਹੁਤ ਸਾਰੇ ਲੋਕ ਸੋਚਦੇ ਹਨ ਕਿ ਦੁਨੀਆਂ ਕਦੇ ਨਹੀਂ ਬਦਲੇਗੀ। ਪਰ ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਇਸ ਦੁਸ਼ਟ ਦੁਨੀਆਂ ਨੂੰ ਖ਼ਤਮ ਕਰ ਦੇਵੇਗਾ। (ਸਫ਼. 1:18; 1 ਯੂਹੰ. 2:15-17) ਉਨ੍ਹਾਂ ਲੋਕਾਂ ਦੇ ਹੱਥ ਨਿਰਾਸ਼ਾ ਹੀ ਲੱਗੇਗੀ ਜੋ ਉਨ੍ਹਾਂ ਚੀਜ਼ਾਂ ਦੀ ਕਲਪਨਾ ਕਰਦੇ ਹਨ ਜੋ ਯਹੋਵਾਹ ਦੇ ਵਾਅਦਿਆਂ ਦੇ ਉਲਟ ਹਨ।

ਕੀ ਤੁਸੀਂ ਮਨ ਦੀਆਂ ਅੱਖਾਂ ਨਾਲ ਆਪਣੇ ਆਪ ਨੂੰ ਨਵੀਂ ਦੁਨੀਆਂ ਵਿਚ ਦੇਖਦੇ ਹੋ? (ਪੈਰਾ 15 ਦੇਖੋ)

15. (ੳ) ਯਹੋਵਾਹ ਦੁਆਰਾ ਵਾਅਦਾ ਕੀਤੀਆਂ ਚੀਜ਼ਾਂ ਬਾਰੇ ਕਲਪਨਾ ਕਰਨ ਦਾ ਸਾਨੂੰ ਕੀ ਫ਼ਾਇਦਾ ਹੋਵੇਗਾ? (ਅ) ਤੁਸੀਂ ਕਿਹੜੀ ਗੱਲ ਦਾ ਆਨੰਦ ਮਾਣਨ ਦੀ ਉਡੀਕ ਕਰ ਰਹੇ ਹੋ?

15 ਯਹੋਵਾਹ ਨੇ ਸਾਡੇ ਨਾਲ ਸੁਨਹਿਰੇ ਭਵਿੱਖ ਦਾ ਵਾਅਦਾ ਕੀਤਾ ਹੈ। ਜਦੋਂ ਅਸੀਂ ਉਸ ਸਮੇਂ ਬਾਰੇ ਸੋਚਦੇ ਹਾਂ, ਤਾਂ ਅਸੀਂ ਹੋਰ ਵੀ ਖ਼ੁਸ਼ ਹੁੰਦੇ ਹਾਂ ਤੇ ਸਾਨੂੰ ਯਹੋਵਾਹ ਦੀ ਸੇਵਾ ਕਰਦੇ ਰਹਿਣ ਲਈ ਹਿੰਮਤ ਮਿਲਦੀ ਹੈ। ਭਾਵੇਂ ਤੁਹਾਡੀ ਉਮੀਦ ਸਵਰਗ ਜਾਣ ਦੀ ਹੈ ਜਾਂ ਧਰਤੀ ਉੱਤੇ ਰਹਿਣ ਦੀ, ਪਰ ਕੀ ਤੁਸੀਂ ਮਨ ਦੀਆਂ ਅੱਖਾਂ ਨਾਲ ਆਪਣੇ-ਆਪ ਨੂੰ ਉਹ ਕੰਮ ਕਰਦਿਆਂ ਦੇਖਦੇ ਹੋ ਜਿਨ੍ਹਾਂ ਦਾ ਯਹੋਵਾਹ ਨੇ ਵਾਅਦਾ ਕੀਤਾ ਹੈ? ਜੇ ਤੁਸੀਂ ਧਰਤੀ ਉੱਤੇ ਹਮੇਸ਼ਾ ਲਈ ਜੀਣ ਦੀ ਉਡੀਕ ਕਰ ਰਹੇ ਹੋ, ਤਾਂ ਕਲਪਨਾ ਕਰੋ ਕਿ ਤੁਸੀਂ ਆਪਣੇ ਦੋਸਤਾਂ ਨਾਲ ਮਿਲ ਕੇ ਇਸ ਧਰਤੀ ਨੂੰ ਬਾਗ਼ ਵਰਗੀ ਸੋਹਣੀ ਬਣਾ ਰਹੇ ਹੋ। ਇਸ ਕੰਮ ਦੀ ਨਿਗਰਾਨੀ ਕਰਨ ਵਾਲੇ ਤੁਹਾਡੀ ਪਰਵਾਹ ਕਰਦੇ ਹਨ, ਇਸ ਲਈ ਤੁਸੀਂ ਜ਼ਿੰਦਗੀ ਦਾ ਲੁਤਫ਼ ਉਠਾਉਂਦੇ ਹੋ। ਨਾਲੇ ਤੁਹਾਡੇ ਆਲੇ-ਦੁਆਲੇ ਰਹਿੰਦਾ ਹਰ ਇਨਸਾਨ ਤੁਹਾਡੇ ਵਾਂਗ ਯਹੋਵਾਹ ਨੂੰ ਪਿਆਰ ਕਰਦਾ ਹੈ। ਤੁਸੀਂ ਤੰਦਰੁਸਤ ਹੋ, ਤੁਹਾਡੇ ਵਿਚ ਬਹੁਤ ਤਾਕਤ ਹੈ ਤੇ ਤੁਹਾਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਹੈ। ਤੁਸੀਂ ਖ਼ੁਸ਼ ਹੋ ਕਿਉਂਕਿ ਤੁਸੀਂ ਆਪਣੇ ਹੁਨਰਾਂ ਅਤੇ ਕਾਬਲੀਅਤਾਂ ਨੂੰ ਵਰਤ ਕੇ ਦੂਜਿਆਂ ਦੀ ਮਦਦ ਅਤੇ ਯਹੋਵਾਹ ਦੀ ਵਡਿਆਈ ਕਰ ਰਹੇ ਹੋ। ਸ਼ਾਇਦ ਤੁਸੀਂ ਯਹੋਵਾਹ ਬਾਰੇ ਜਾਣਨ ਵਿਚ ਉਨ੍ਹਾਂ ਲੋਕਾਂ ਦੀ ਮਦਦ ਕਰ ਰਹੇ ਹੋ ਜਿਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ ਹੈ। (ਯੂਹੰ. 17:3; ਰਸੂ. 24:15) ਜਦੋਂ ਤੁਸੀਂ ਇਨ੍ਹਾਂ ਗੱਲਾਂ ਦੀ ਕਲਪਨਾ ਕਰ ਰਹੇ ਹੁੰਦੇ ਹੋ, ਤਾਂ ਤੁਸੀਂ ਬੇਕਾਰ ਦੇ ਸੁਪਨੇ ਨਹੀਂ ਲੈ ਰਹੇ ਹੁੰਦੇ। ਇਹ ਸਭ ਕੁਝ ਹਕੀਕਤ ਵਿਚ ਹੋਵੇਗਾ ਕਿਉਂਕਿ ਬਾਈਬਲ ਦੱਸਦੀ ਹੈ ਕਿ ਭਵਿੱਖ ਵਿਚ ਇੱਦਾਂ ਹੋਵੇਗਾ।—ਯਸਾ. 11:9; 25:8; 33:24; 35:5-7; 65:22.

ਨਵੀਂ ਦੁਨੀਆਂ ਬਾਰੇ ਆਪਣੇ ਸੁਪਨਿਆਂ ਦੀ ਗੱਲ ਕਰੋ

16, 17. ਸੁਨਹਿਰੇ ਭਵਿੱਖ ਬਾਰੇ ਗੱਲ ਕਰਨ ਦਾ ਕੀ ਫ਼ਾਇਦਾ ਹੈ?

16 ਜਦੋਂ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਗੱਲ ਕਰਦੇ ਹਾਂ ਕਿ ਅਸੀਂ ਨਵੀਂ ਦੁਨੀਆਂ ਵਿਚ ਕੀ ਕਰਨਾ ਚਾਹੁੰਦੇ ਹਾਂ, ਤਾਂ  ਅਸੀਂ ਮਨ ਦੀਆਂ ਅੱਖਾਂ ਨਾਲ ਉਸ ਸੁਨਹਿਰੇ ਭਵਿੱਖ ਨੂੰ ਸਾਫ਼-ਸਾਫ਼ ਦੇਖਣ ਵਿਚ ਇਕ-ਦੂਜੇ ਦੀ ਮਦਦ ਕਰਦੇ ਹਾਂ। ਇਹ ਤਾਂ ਸੱਚ ਹੈ ਕਿ ਸਾਨੂੰ ਪੂਰੀ ਤਰ੍ਹਾਂ ਨਹੀਂ ਪਤਾ ਕਿ ਅਸੀਂ ਉੱਥੇ ਕੀ-ਕੀ ਕਰ ਰਹੇ ਹੋਵਾਂਗੇ। ਪਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਕੀ ਕੁਝ ਦੇਖਣ ਦੀ ਉਡੀਕ ਕਰ ਰਹੇ ਹਾਂ, ਤਾਂ ਅਸੀਂ ਯਹੋਵਾਹ ਦੇ ਵਾਅਦਿਆਂ ਉੱਤੇ ਆਪਣੀ ਨਿਹਚਾ ਜ਼ਾਹਰ ਕਰਦੇ ਹਾਂ। ਇਸ ਤਰ੍ਹਾਂ ਅਸੀਂ ਇਕ-ਦੂਜੇ ਨੂੰ ਮੁਸ਼ਕਲ ਸਮਿਆਂ ਵਿਚ ਵੀ ਯਹੋਵਾਹ ਦੀ ਸੇਵਾ ਕਰਦੇ ਰਹਿਣ ਦੀ ਹੱਲਾਸ਼ੇਰੀ ਦਿੰਦੇ ਹਾਂ ਜਿਵੇਂ ਪੌਲੁਸ ਤੇ ਉਸ ਦੇ ਮਸੀਹੀ ਭਰਾਵਾਂ ਨੇ ਰੋਮ ਵਿਚ ਕੀਤਾ ਸੀ।—ਰੋਮੀ. 1:11, 12.

17 ਜਦੋਂ ਤੁਸੀਂ ਆਉਣ ਵਾਲੇ ਸੁਨਹਿਰੇ ਭਵਿੱਖ ਬਾਰੇ ਸੋਚਦੇ ਰਹਿੰਦੇ ਹੋ, ਤਾਂ ਤੁਸੀਂ ਆਪਣੀਆਂ ਅੱਜ ਦੀਆਂ ਮੁਸ਼ਕਲਾਂ ਬਾਰੇ ਘੱਟ ਸੋਚੋਗੇ। ਇਕ ਵਾਰ ਪਤਰਸ ਚਿੰਤਾ ਵਿਚ ਸੀ ਤੇ ਉਸ ਨੇ ਯਿਸੂ ਨੂੰ ਕਿਹਾ: “ਦੇਖ! ਅਸੀਂ ਸਾਰਾ ਕੁਝ ਛੱਡ ਕੇ ਤੇਰੇ ਪਿੱਛੇ-ਪਿੱਛੇ ਤੁਰ ਪਏ ਹਾਂ; ਫਿਰ ਸਾਨੂੰ ਕੀ ਮਿਲੂ?” ਯਿਸੂ ਚਾਹੁੰਦਾ ਸੀ ਕਿ ਪਤਰਸ ਤੇ ਉਸ ਦੇ ਹੋਰ ਚੇਲੇ ਭਵਿੱਖ ਵਿਚ ਮਿਲਣ ਵਾਲੀਆਂ ਸ਼ਾਨਦਾਰ ਚੀਜ਼ਾਂ ਬਾਰੇ ਸੋਚਣ। ਉਸ ਨੇ ਉਨ੍ਹਾਂ ਨੂੰ ਕਿਹਾ: ‘ਜਦੋਂ ਮਨੁੱਖ ਦਾ ਪੁੱਤਰ ਆਪਣੇ ਸ਼ਾਨਦਾਰ ਸਿੰਘਾਸਣ ਉੱਤੇ ਬੈਠੇਗਾ, ਤਾਂ ਤੁਸੀਂ ਵੀ ਜਿਹੜੇ ਮੇਰੇ ਪਿੱਛੇ-ਪਿੱਛੇ ਚੱਲ ਰਹੇ ਹੋ, ਬਾਰਾਂ ਸਿੰਘਾਸਣਾਂ ਉੱਤੇ ਬੈਠ ਕੇ ਇਜ਼ਰਾਈਲ ਦੇ ਬਾਰਾਂ ਗੋਤਾਂ ਦਾ ਨਿਆਂ ਕਰੋਗੇ। ਜਿਸ ਨੇ ਵੀ ਮੇਰੇ ਨਾਂ ਦੀ ਖ਼ਾਤਰ ਘਰ, ਭਰਾ, ਭੈਣਾਂ, ਮਾਂ-ਪਿਉ, ਬੱਚੇ ਜਾਂ ਜ਼ਮੀਨਾਂ ਛੱਡੀਆਂ ਹਨ, ਉਹ ਇਹ ਸਭ ਕੁਝ ਕਈ ਗੁਣਾ ਪਾਵੇਗਾ, ਨਾਲੇ ਹਮੇਸ਼ਾ ਦੀ ਜ਼ਿੰਦਗੀ।’ (ਮੱਤੀ 19:27-29) ਇਸ ਲਈ ਪਤਰਸ ਅਤੇ ਹੋਰ ਚੇਲੇ ਕਲਪਨਾ ਕਰ ਸਕਦੇ ਸਨ ਕਿ ਉਹ ਸਵਰਗ ਵਿਚ ਯਿਸੂ ਨਾਲ ਰਾਜ ਕਰ ਰਹੇ ਹਨ ਤੇ ਧਰਤੀ ਉੱਤੇ ਆਗਿਆਕਾਰ ਲੋਕਾਂ ਦੀ ਮੁਕੰਮਲ ਬਣਨ ਵਿਚ ਮਦਦ ਕਰ ਰਹੇ ਹਨ।

18. ਉਸ ਸਮੇਂ ਦੀ ਕਲਪਨਾ ਕਰਨੀ ਕਿਉਂ ਚੰਗੀ ਗੱਲ ਹੈ ਜਦੋਂ ਪਰਮੇਸ਼ੁਰ ਆਪਣੇ ਵਾਅਦੇ ਪੂਰੇ ਕਰੇਗਾ?

18 ਅਸੀਂ ਸਿੱਖਿਆ ਹੈ ਕਿ ਕਿਹੜੀਆਂ ਗੱਲਾਂ ਨੇ ਪੱਕੀ ਨਿਹਚਾ ਕਰਨ ਵਿਚ ਯਹੋਵਾਹ ਦੇ ਸੇਵਕਾਂ ਦੀ ਮਦਦ ਕੀਤੀ ਹੈ। ਹਾਬਲ ਨੇ ਯਹੋਵਾਹ ਵੱਲੋਂ ਵਾਅਦਾ ਕੀਤੇ ਸੁਨਹਿਰੇ ਭਵਿੱਖ ਦੀ ਕਲਪਨਾ ਕੀਤੀ ਅਤੇ ਉਸ ਵਾਅਦੇ ’ਤੇ ਨਿਹਚਾ ਦਿਖਾ ਕੇ ਉਸ ਨੇ ਯਹੋਵਾਹ ਨੂੰ ਖ਼ੁਸ਼ ਕੀਤਾ। ਅਬਰਾਹਾਮ ਨੇ ਉਸ ਸਮੇਂ ਦੀ ਕਲਪਨਾ ਕੀਤੀ ਜਦੋਂ “ਸੰਤਾਨ” ਬਾਰੇ ਕੀਤਾ ਯਹੋਵਾਹ ਦਾ ਵਾਅਦਾ ਪੂਰਾ ਹੋਵੇਗਾ। ਇਸ ਲਈ ਉਸ ਨੇ ਮੁਸ਼ਕਲ ਸਮਿਆਂ ਵਿਚ ਵੀ ਯਹੋਵਾਹ ਦੀ ਆਗਿਆ ਮੰਨੀ। (ਉਤ. 3:15) ਮੂਸਾ ਨੇ ਉਸ ਇਨਾਮ ਦੀ ਉਡੀਕ ਕੀਤੀ ਜਿਸ ਦਾ ਯਹੋਵਾਹ ਨੇ ਉਸ ਨਾਲ ਵਾਅਦਾ ਕੀਤਾ ਸੀ। ਇਸ ਗੱਲ ਕਰਕੇ ਉਹ ਯਹੋਵਾਹ ਨੂੰ ਪਿਆਰ ਕਰਦਾ ਰਿਹਾ ਤੇ ਉਸ ਦਾ ਵਫ਼ਾਦਾਰ ਰਿਹਾ। (ਇਬ. 11:26) ਜਦੋਂ ਅਸੀਂ ਉਸ ਸਮੇਂ ਦੀ ਕਲਪਨਾ ਕਰਦੇ ਹਾਂ ਜਦੋਂ ਯਹੋਵਾਹ ਆਪਣੇ ਵਾਅਦੇ ਪੂਰੇ ਕਰੇਗਾ, ਤਾਂ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਤੇ ਯਹੋਵਾਹ ਲਈ ਸਾਡਾ ਪਿਆਰ ਵਧਦਾ ਹੈ। ਅਗਲੇ ਲੇਖ ਵਿਚ ਅਸੀਂ ਆਪਣੀ ਕਲਪਨਾ ਕਰਨ ਦੀ ਕਾਬਲੀਅਤ ਨੂੰ ਵਰਤਣ ਦਾ ਇਕ ਹੋਰ ਤਰੀਕਾ ਦੇਖਾਂਗੇ।