Skip to content

Skip to table of contents

ਯਹੋਵਾਹ ਨਾਲ ਤੁਹਾਡਾ ਰਿਸ਼ਤਾ ਕਿੰਨਾ ਕੁ ਮਜ਼ਬੂਤ ਹੈ?

ਯਹੋਵਾਹ ਨਾਲ ਤੁਹਾਡਾ ਰਿਸ਼ਤਾ ਕਿੰਨਾ ਕੁ ਮਜ਼ਬੂਤ ਹੈ?

“ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।”—ਯਾਕੂ. 4:8.

1. ਸਾਨੂੰ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਿਉਂ ਰੱਖਣਾ ਚਾਹੀਦਾ ਹੈ?

ਜੇ ਤੁਸੀਂ ਯਹੋਵਾਹ ਦੇ ਬਪਤਿਸਮਾ-ਪ੍ਰਾਪਤ ਗਵਾਹ ਹੋ, ਤਾਂ ਤੁਸੀਂ ਯਹੋਵਾਹ ਨਾਲ ਰਿਸ਼ਤਾ ਜੋੜਿਆ ਹੈ। ਇਹ ਰਿਸ਼ਤਾ ਬਹੁਤ ਹੀ ਅਨਮੋਲ ਹੈ। ਪਰ ਸ਼ੈਤਾਨ ਦੀ ਦੁਨੀਆਂ ਇਸ ਰਿਸ਼ਤੇ ਨੂੰ ਤੋੜਨ ਤੇ ਤੁਲੀ ਹੋਈ ਹੈ ਅਤੇ ਸਾਡੀਆਂ ਆਪਣੀਆਂ ਕਮੀਆਂ-ਕਮਜ਼ੋਰੀਆਂ ਕਾਰਨ ਵੀ ਇਹ ਰਿਸ਼ਤਾ ਟੁੱਟ ਸਕਦਾ ਹੈ। ਇਸ ਕਰਕੇ ਸਾਨੂੰ ਸਾਰਿਆਂ ਨੂੰ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।

2. (ੳ) ਰਿਸ਼ਤਾ ਸ਼ਬਦ ਦਾ ਕੀ ਮਤਲਬ ਹੈ? (ਫੁਟਨੋਟ ਦੇਖੋ।) (ਅ) ਅਸੀਂ ਯਹੋਵਾਹ ਨਾਲ ਆਪਣਾ ਰਿਸ਼ਤਾ ਕਿਵੇਂ ਮਜ਼ਬੂਤ ਕਰ ਸਕਦੇ ਹੋ?

2 ਕੀ ਤੁਹਾਨੂੰ ਲੱਗਦਾ ਕਿ ਯਹੋਵਾਹ ਸੱਚ-ਮੁੱਚ ਹੋਂਦ ਵਿਚ ਹੈ? ਕੀ ਤੁਹਾਨੂੰ ਲੱਗਦਾ ਕਿ ਉਹ ਤੁਹਾਡਾ ਦੋਸਤ ਹੈ? ਕੀ ਤੁਸੀਂ ਯਹੋਵਾਹ ਨਾਲ ਆਪਣਾ ਰਿਸ਼ਤਾ ਹੋਰ ਵੀ ਪੱਕਾ ਕਰਨਾ ਚਾਹੁੰਦੇ ਹੋ? ਯਾਕੂਬ 4:8 ਦੱਸਦਾ ਹੈ ਕਿ ਤੁਹਾਨੂੰ ਇਸ ਬਾਰੇ ਕੀ ਕਰਨ ਦੀ ਲੋੜ ਹੈ: “ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।” ਇਸ ਰਿਸ਼ਤੇ ਵਿਚ ਤੁਹਾਡੇ ਨਾਲ-ਨਾਲ ਯਹੋਵਾਹ ਵੀ ਸ਼ਾਮਲ ਹੈ। * ਜੇ ਤੁਸੀਂ ਯਹੋਵਾਹ ਦੇ ਨੇੜੇ ਆਉਣ ਲਈ ਕਦਮ ਵਧਾਉਂਦੇ ਹੋ, ਤਾਂ ਉਹ ਵੀ ਤੁਹਾਡੇ ਨੇੜੇ ਆਉਣ ਲਈ ਕਦਮ ਵਧਾਵੇਗਾ। ਤੁਸੀਂ  ਜਿੰਨਾ ਜ਼ਿਆਦਾ ਇੱਦਾਂ ਕਰੋਗੇ, ਉੱਨਾ ਜ਼ਿਆਦਾ ਤੁਹਾਨੂੰ ਲੱਗੇਗਾ ਕਿ ਉਹ ਸੱਚ-ਮੁੱਚ ਹੋਂਦ ਵਿਚ ਹੈ। ਨਾਲੇ ਤੁਹਾਡਾ ਰਿਸ਼ਤਾ ਪਰਮੇਸ਼ੁਰ ਨਾਲ ਇੰਨਾ ਮਜ਼ਬੂਤ ਹੋ ਜਾਵੇਗਾ ਕਿ ਤੁਸੀਂ ਯਿਸੂ ਵਾਂਗ ਮਹਿਸੂਸ ਕਰੋਗੇ। ਉਸ ਨੇ ਕਿਹਾ ਸੀ: ‘ਜਿਸ ਨੇ ਮੈਨੂੰ ਘੱਲਿਆ ਹੈ, ਉਹ ਸੱਚ-ਮੁੱਚ ਹੋਂਦ ਵਿਚ ਹੈ ਅਤੇ ਮੈਂ ਉਸ ਨੂੰ ਜਾਣਦਾ ਹਾਂ।’ (ਯੂਹੰ. 7:28, 29) ਪਰ ਤੁਸੀਂ ਯਹੋਵਾਹ ਦੇ ਨੇੜੇ ਆਉਣ ਲਈ ਕਿਹੜੇ ਕਦਮ ਉਠਾ ਸਕਦੇ ਹੋ?

ਤੁਸੀਂ ਪਰਮੇਸ਼ੁਰ ਨਾਲ ਗੱਲ ਕਿਵੇਂ ਕਰ ਸਕਦੇ ਹੋ? (ਪੈਰਾ 3 ਦੇਖੋ)

3. ਅਸੀਂ ਯਹੋਵਾਹ ਨਾਲ ਗੱਲਬਾਤ ਕਿਵੇਂ ਕਰ ਸਕਦੇ ਹਾਂ?

3 ਜੇ ਤੁਸੀਂ ਯਹੋਵਾਹ ਦੇ ਨੇੜੇ ਆਉਣਾ ਚਾਹੁੰਦੇ ਹੋ, ਤਾਂ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਯਹੋਵਾਹ ਨਾਲ ਲਗਾਤਾਰ ਗੱਲਬਾਤ ਕਰੋ। ਪਰ ਇਹ ਕਿਵੇਂ ਸੰਭਵ ਹੋ ਸਕਦਾ ਹੈ? ਜ਼ਰਾ ਸੋਚੋ ਕਿ ਤੁਸੀਂ ਉਸ ਦੋਸਤ ਨਾਲ ਕਿੰਨੀ ਕੁ ਵਾਰ ਗੱਲ ਕਰਦੇ ਹੋ ਜੋ ਤੁਹਾਡੇ ਤੋਂ ਦੂਰ ਰਹਿੰਦਾ ਹੈ। ਤੁਸੀਂ ਅਕਸਰ ਉਸ ਨਾਲ ਫ਼ੋਨ ਤੇ ਗੱਲਬਾਤ ਕਰਦੇ ਰਹਿੰਦੇ ਹੋ। ਉਸੇ ਤਰ੍ਹਾਂ ਤੁਸੀਂ ਲਗਾਤਾਰ ਪ੍ਰਾਰਥਨਾ ਰਾਹੀਂ ਯਹੋਵਾਹ ਨਾਲ ਗੱਲ ਕਰ ਸਕਦੇ ਹੋ। (ਜ਼ਬੂਰਾਂ ਦੀ ਪੋਥੀ 142:2 ਪੜ੍ਹੋ।) ਪਰ ਤੁਸੀਂ ਯਹੋਵਾਹ ਨੂੰ ਗੱਲ ਕਰਨ ਦਾ ਮੌਕਾ ਕਿਵੇਂ ਦੇ ਸਕਦੇ ਹੋ? ਲਗਾਤਾਰ ਬਾਈਬਲ ਪੜ੍ਹ ਕੇ ਅਤੇ ਇਸ ’ਤੇ ਸੋਚ-ਵਿਚਾਰ ਕਰ ਕੇ। (ਯਸਾਯਾਹ 30:20, 21 ਪੜ੍ਹੋ।) ਹੁਣ ਆਪਾਂ ਦੇਖਾਂਗੇ ਕਿ ਇਸ ਗੱਲਬਾਤ ਰਾਹੀਂ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਕਿਵੇਂ ਮਜ਼ਬੂਤ ਹੋਵੇਗਾ ਅਤੇ ਉਹ ਤੁਹਾਡਾ ਸੱਚਾ ਦੋਸਤ ਕਿਵੇਂ ਬਣੇਗਾ।

ਬਾਈਬਲ ਰਾਹੀਂ ਯਹੋਵਾਹ ਨੂੰ ਗੱਲ ਕਰਨ ਦਾ ਮੌਕਾ ਦਿਓ

4, 5. ਬਾਈਬਲ ਦੀ ਸਟੱਡੀ ਦੌਰਾਨ ਯਹੋਵਾਹ ਤੁਹਾਡੇ ਨਾਲ ਕਿਵੇਂ ਗੱਲ ਕਰਦਾ ਹੈ? ਮਿਸਾਲ ਦਿਓ।

4 ਅਸੀਂ ਜਾਣਦੇ ਹਾਂ ਕਿ ਬਾਈਬਲ ਵਿਚ ਪਰਮੇਸ਼ੁਰ ਦਾ ਸੰਦੇਸ਼ ਦਿੱਤਾ ਗਿਆ ਹੈ। ਪਰ ਕੀ ਬਾਈਬਲ ਪਰਮੇਸ਼ੁਰ ਦੇ ਨੇੜੇ ਆਉਣ ਵਿਚ ਤੁਹਾਡੀ ਮਦਦ ਕਰ ਸਕਦੀ ਹੈ? ਹਾਂ! ਬਾਈਬਲ ਦੀ ਸਟੱਡੀ ਕਰਦਿਆਂ ਧਿਆਨ ਨਾਲ ਸੋਚੋ ਕਿ ਤੁਸੀਂ ਪੜ੍ਹੀਆਂ ਗੱਲਾਂ ਬਾਰੇ ਕਿੱਦਾਂ ਮਹਿਸੂਸ ਕਰਦੇ ਹੋ। ਨਾਲੇ ਸੋਚੋ ਕਿ ਤੁਸੀਂ ਉਨ੍ਹਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਯਹੋਵਾਹ ਨੂੰ ਗੱਲ ਕਰਨ ਦਾ ਮੌਕਾ ਦਿੰਦੇ ਹੋ। ਉਹ ਤੁਹਾਡਾ ਜਿਗਰੀ ਦੋਸਤ ਬਣਦਾ ਹੈ ਜੋ ਤੁਹਾਡੀ ਮਦਦ ਕਰਦਾ ਹੈ ਅਤੇ ਫਿਰ ਤੁਸੀਂ ਉਸ ਦੇ ਹੋਰ ਵੀ ਨੇੜੇ ਆਓਗੇ।—ਇਬ. 4:12; ਯਾਕੂ. 1:23-25.

5 ਮਿਸਾਲ ਲਈ, ਯਿਸੂ ਨੇ ਕਿਹਾ ਸੀ: “ਧਰਤੀ ਉੱਤੇ ਆਪਣੇ ਲਈ ਧਨ ਜੋੜਨਾ ਛੱਡ ਦਿਓ।” ਤੁਸੀਂ ਉਸ ਦੇ ਇਹ ਸ਼ਬਦ ਪੜ੍ਹ ਕੇ ਕਿੱਦਾਂ ਮਹਿਸੂਸ ਕਰਦੇ ਹੋ? ਜੇ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਯਹੋਵਾਹ ਤੁਹਾਡੇ ਤੋਂ ਖ਼ੁਸ਼ ਹੈ। ਪਰ ਯਿਸੂ ਦੇ ਇਨ੍ਹਾਂ ਸ਼ਬਦਾਂ ਨੂੰ ਪੜ੍ਹ ਕੇ ਸ਼ਾਇਦ ਤੁਹਾਨੂੰ ਸਮਝ ਆਵੇ ਕਿ ਤੁਹਾਨੂੰ ਆਪਣੀ ਜ਼ਿੰਦਗੀ ਸਾਦੀ ਬਣਾ ਕੇ ਯਹੋਵਾਹ ਦੀ ਸੇਵਾ ਵੱਲ ਹੋਰ ਵੀ ਧਿਆਨ ਦੇਣ ਦੀ ਲੋੜ ਹੈ। ਇਸ ਗੱਲ ਦਾ ਅਹਿਸਾਸ ਕਰਾ ਕੇ ਯਹੋਵਾਹ ਤੁਹਾਡੀ ਇਹ ਜਾਣਨ ਵਿਚ ਮਦਦ ਕਰ ਰਿਹਾ ਹੈ ਕਿ ਤੁਸੀਂ ਉਸ ਦੇ ਨੇੜੇ ਆਉਣ ਲਈ ਕੀ ਕਰ ਸਕਦੇ ਹੋ।—ਮੱਤੀ 6:19, 20.

6, 7. (ੳ) ਬਾਈਬਲ ਸਟੱਡੀ ਕਰਨ ਨਾਲ ਸਾਡੇ ਅਤੇ ਯਹੋਵਾਹ ਵਿਚ ਪਿਆਰ ਕਿਵੇਂ ਵਧਦਾ ਹੈ? (ਅ) ਬਾਈਬਲ ਸਟੱਡੀ ਕਰਨ ਦਾ ਮਕਸਦ ਕੀ ਹੋਣਾ ਚਾਹੀਦਾ ਹੈ?

6 ਇਹ ਸੱਚ ਹੈ ਕਿ ਬਾਈਬਲ ਦੀ ਸਟੱਡੀ ਕਰ ਕੇ ਅਸੀਂ  ਸਿੱਖਦੇ ਹਾਂ ਕਿ ਅਸੀਂ ਯਹੋਵਾਹ ਦੀ ਭਗਤੀ ਹੋਰ ਵਧੀਆ ਤਰੀਕੇ ਨਾਲ ਕਰਨ ਲਈ ਆਪਣੇ ਵਿਚ ਕਿਹੜੀਆਂ ਤਬਦੀਲੀਆਂ ਕਰ ਸਕਦੇ ਹਾਂ। ਪਰ ਅਸੀਂ ਇਹ ਵੀ ਸਿੱਖਦੇ ਹਾਂ ਕਿ ਸਾਡੇ ਨਾਲ ਪਿਆਰ ਹੋਣ ਕਰਕੇ ਯਹੋਵਾਹ ਸਾਡੇ ਲਈ ਕਿੰਨਾ ਕੁਝ ਕਰਦਾ ਹੈ ਤੇ ਅਸੀਂ ਉਸ ਦੇ ਗੁਣਾਂ ਬਾਰੇ ਵੀ ਸਿੱਖਦੇ ਹਾਂ। ਇਸ ਨਾਲ ਸਾਡਾ ਉਸ ਲਈ ਪਿਆਰ ਹੋਰ ਵੀ ਵਧਦਾ ਹੈ। ਜਿੱਦਾਂ-ਜਿੱਦਾਂ ਸਾਡਾ ਉਸ ਲਈ ਪਿਆਰ ਗਹਿਰਾ ਹੁੰਦਾ ਹੈ, ਉੱਦਾਂ-ਉੱਦਾਂ ਉਸ ਦਾ ਵੀ ਸਾਡੇ ਲਈ ਪਿਆਰ ਗਹਿਰਾ ਹੁੰਦਾ ਹੈ। ਇਸ ਕਰਕੇ ਉਸ ਨਾਲ ਸਾਡਾ ਰਿਸ਼ਤਾ ਹੋਰ ਵੀ ਮਜ਼ਬੂਤ ਹੁੰਦਾ ਹੈ।—1 ਕੁਰਿੰਥੀਆਂ 8:3 ਪੜ੍ਹੋ।

7 ਜੇ ਅਸੀਂ ਯਹੋਵਾਹ ਦੇ ਨੇੜੇ ਆਉਣਾ ਚਾਹੁੰਦੇ ਹਾਂ, ਤਾਂ ਬਾਈਬਲ ਦੀ ਸਟੱਡੀ ਸਹੀ ਮਕਸਦ ਨਾਲ ਕਰਨੀ ਜ਼ਰੂਰੀ ਹੈ। ਯਿਸੂ ਨੇ ਕਿਹਾ ਸੀ: “ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਜ਼ਰੂਰੀ ਹੈ ਕਿ ਉਹ ਤੇਰੇ ਬਾਰੇ, ਯਾਨੀ ਇੱਕੋ-ਇਕ ਸੱਚੇ ਪਰਮੇਸ਼ੁਰ ਬਾਰੇ ਅਤੇ ਯਿਸੂ ਮਸੀਹ ਬਾਰੇ, ਜਿਸ ਨੂੰ ਤੂੰ ਘੱਲਿਆ ਹੈ, ਸਿੱਖਦੇ ਰਹਿਣ।” (ਯੂਹੰ. 17:3) ਹਾਲਾਂਕਿ ਬਾਈਬਲ ਪੜ੍ਹ ਕੇ ਅਸੀਂ ਕਈ ਨਵੀਆਂ ਤੇ ਦਿਲਚਸਪ ਗੱਲਾਂ ਸਿੱਖ ਸਕਦੇ ਹਾਂ, ਪਰ ਸਾਡਾ ਮੁੱਖ ਟੀਚਾ ਯਹੋਵਾਹ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣਨਾ ਹੋਣਾ ਚਾਹੀਦਾ ਹੈ।—ਕੂਚ 33:13 ਪੜ੍ਹੋ; ਜ਼ਬੂ. 25:4.

8. (ੳ) ਯਹੋਵਾਹ ਅਜ਼ਰਯਾਹ ਨਾਲ ਜਿੱਦਾਂ ਪੇਸ਼ ਆਇਆ, ਉਸ ਬਾਰੇ ਕਈ ਸ਼ਾਇਦ ਕਿਵੇਂ ਮਹਿਸੂਸ ਕਰਨ? (ਅ) ਜੇ ਤੁਸੀਂ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਦੇ ਹੋ, ਤਾਂ ਉਹ ਜੋ ਕਰਦਾ ਹੈ, ਉਸ ’ਤੇ ਤੁਸੀਂ ਸ਼ੱਕ ਕਿਉਂ ਨਹੀਂ ਕਰੋਗੇ?

8 ਕਈ ਵਾਰ ਬਾਈਬਲ ਇਹ ਨਹੀਂ ਦੱਸਦੀ ਕਿ ਯਹੋਵਾਹ ਨੇ ਕੋਈ ਕੰਮ ਕਿਉਂ ਕੀਤਾ ਸੀ। ਪਰ ਜੇ ਅਸੀਂ ਯਹੋਵਾਹ ਨੂੰ ਜਿਗਰੀ ਦੋਸਤ ਵਜੋਂ ਜਾਣਦੇ ਹਾਂ, ਤਾਂ ਅਸੀਂ ਇਸ ਗੱਲ ਦੀ ਚਿੰਤਾ ਨਹੀਂ ਕਰਾਂਗੇ। ਮਿਸਾਲ ਲਈ, ਯਹੂਦਾਹ ਦੇ ਰਾਜੇ ਅਜ਼ਰਯਾਹ ਦੇ ਸਮੇਂ ਲੋਕ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਦੇ ਸਨ। ਪਰ ਅਜ਼ਰਯਾਹ ਨੇ ਉਨ੍ਹਾਂ ਵਾਂਗ ਝੂਠੀ ਭਗਤੀ ਨਹੀਂ ਕੀਤੀ। ‘ਉਸ ਨੇ ਓਹੋ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ।’ (2 ਰਾਜ. 15:1-5) ਪਰ ਯਹੋਵਾਹ ਨੇ ਅਜ਼ਰਯਾਹ ਨੂੰ ਕੋੜ੍ਹ ਦੀ ਬੀਮਾਰੀ ਲਾ ਦਿੱਤੀ। ਕਿਉਂ? ਇਨ੍ਹਾਂ ਆਇਤਾਂ ਵਿਚ ਇਸ ਦਾ ਕਾਰਨ ਨਹੀਂ ਦੱਸਿਆ ਗਿਆ ਹੈ। ਸੋ ਯਹੋਵਾਹ ਨੇ ਜੋ ਕੀਤਾ ਉਸ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਕੀ ਤੁਸੀਂ ਇਹ ਸੋਚ ਕੇ ਪਰੇਸ਼ਾਨ ਹੋ ਜਾਂਦੇ ਹੋ ਕਿ ਯਹੋਵਾਹ ਨੇ ਉਸ ਨਾਲ ਚੰਗਾ ਨਹੀਂ ਕੀਤਾ ਤੇ ਉਸ ਨੂੰ ਬਿਨਾਂ ਵਜ੍ਹਾ ਸਜ਼ਾ ਦਿੱਤੀ ਸੀ? ਨਹੀਂ। ਜੇ ਤੁਸੀਂ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਦੇ ਹੋ, ਤਾਂ ਤੁਹਾਨੂੰ ਪਤਾ ਹੋਵੇਗਾ ਕਿ ਯਹੋਵਾਹ ਦੀ ਤਾੜਨਾ ਹਮੇਸ਼ਾ ਸਹੀ ਹੁੰਦੀ ਹੈ। ਉਹ ਹਮੇਸ਼ਾ ‘ਜੋਗ ਸਜ਼ਾ’ ਦਿੰਦਾ ਹੈ। (ਯਿਰ. 30:11, CL) ਸੋ ਭਾਵੇਂ ਤੁਹਾਨੂੰ ਇਹ ਨਹੀਂ ਪਤਾ ਕਿ ਯਹੋਵਾਹ ਨੇ ਅਜ਼ਰਯਾਹ ਨੂੰ ਸਜ਼ਾ ਕਿਉਂ ਦਿੱਤੀ ਸੀ, ਪਰ ਫਿਰ ਵੀ ਤੁਸੀਂ ਯਕੀਨ ਰੱਖ ਸਕਦੇ ਹੋ ਕਿ ਯਹੋਵਾਹ ਨੇ ਬਿਲਕੁਲ ਠੀਕ ਕੀਤਾ ਸੀ।

9. ਕਿਹੜੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਅਜ਼ਰਯਾਹ ਨੂੰ ਕੋੜ੍ਹ ਦੀ ਬੀਮਾਰੀ ਕਿਉਂ ਲਾਈ ਸੀ?

9 ਬਾਈਬਲ ਰਾਜਾ ਅਜ਼ਰਯਾਹ ਦੀ ਜ਼ਿੰਦਗੀ ਬਾਰੇ ਕਾਫ਼ੀ ਕੁਝ ਦੱਸਦੀ ਹੈ। ਉਸ ਨੂੰ ਉੱਜ਼ੀਯਾਹ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। (2 ਰਾਜ. 15:7, 32) ਉਸ ਬਾਰੇ 2 ਇਤਹਾਸ 26:3-5, 16-21 ਵਿਚ ਦੱਸਿਆ ਹੈ: “ਉਸ ਨੇ ਉਹ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ।” ਪਰ ਇੱਥੇ ਇਹ ਵੀ ਦੱਸਿਆ ਹੈ ਕਿ “ਉਹ ਦਾ ਦਿਲ ਇੰਨਾ ਹੰਕਾਰਿਆ ਗਿਆ ਕਿ ਉਹ ਵਿਗੜ ਗਿਆ।” ਰਾਜੇ ਨੇ ਮੰਦਰ ਵਿਚ ਧੂਪ ਧੁਖਾਉਣ ਦੀ ਕੋਸ਼ਿਸ਼ ਕੀਤੀ ਜਦ ਕਿ ਇਹ ਕੰਮ ਸਿਰਫ਼ ਪੁਜਾਰੀ ਕਰ ਸਕਦੇ ਸਨ। ਨਾਲੇ 81 ਪੁਜਾਰੀਆਂ ਨੇ ਵੀ ਉਸ ਨੂੰ ਇਹ ਗ਼ਲਤੀ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਉਸ ਦਾ ਕੀ ਰਵੱਈਆ ਸੀ? ਉਹ ਇੰਨਾ ਘਮੰਡੀ ਹੋ ਚੁੱਕਾ ਸੀ ਕਿ ਸਲਾਹ ਮੰਨਣ ਦੀ ਬਜਾਇ ਉਹ ਪੁਜਾਰੀਆਂ ਨੂੰ ਹੀ ਗੁੱਸੇ ਹੋਇਆ। ਇਸ ਜਾਣਕਾਰੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਰਾਜੇ ਨੂੰ ਕੋੜ੍ਹ ਦੀ ਬੀਮਾਰੀ ਕਿਉਂ ਲਾਈ ਸੀ।

10. ਯਹੋਵਾਹ ਦੇ ਹਰ ਕੰਮ ਪਿੱਛੇ ਸਾਨੂੰ ਕਾਰਨ ਜਾਣਨ ਦੀ ਲੋੜ ਕਿਉਂ ਨਹੀਂ ਹੈ? ਸਾਡਾ ਭਰੋਸਾ ਹੋਰ ਵੀ ਪੱਕਾ ਕਿਵੇਂ ਹੋ ਸਕਦਾ ਹੈ ਕਿ ਯਹੋਵਾਹ ਦਾ ਹਰ ਕੰਮ ਹਮੇਸ਼ਾ ਸਹੀ ਹੁੰਦਾ ਹੈ?

10 ਅਸੀਂ ਇਸ ਤੋਂ ਕਿਹੜਾ ਜ਼ਰੂਰੀ ਸਬਕ ਸਿੱਖਦੇ ਹਾਂ? ਰਾਜਾ ਉੱਜ਼ੀਯਾਹ ਦੀ ਕਹਾਣੀ ਵਿਚ ਦੱਸੀਆਂ ਕਈ ਗੱਲਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਉਸ ਨੂੰ ਕਿਉਂ ਸਜ਼ਾ ਦਿੱਤੀ ਸੀ। ਪਰ ਜਦੋਂ ਬਾਈਬਲ ਕਿਸੇ ਗੱਲ ਬਾਰੇ ਪੂਰੀ ਜਾਣਕਾਰੀ ਨਹੀਂ ਦਿੰਦੀ, ਤਾਂ ਉਦੋਂ ਤੁਸੀਂ ਕੀ ਕਰੋਗੇ? ਕੀ ਤੁਸੀਂ ਸ਼ੱਕ ਕਰੋਗੇ ਕਿ ਯਹੋਵਾਹ ਨੇ ਜੋ ਵੀ ਕੀਤਾ ਸਹੀ ਕੀਤਾ? ਜਾਂ ਫਿਰ ਬਾਈਬਲ ਵਿਚ ਜਿੰਨੀ ਵੀ ਜਾਣਕਾਰੀ ਦਿੱਤੀ ਗਈ ਹੈ, ਕੀ ਉਸ ਦੇ ਆਧਾਰ ’ਤੇ ਤੁਸੀਂ ਭਰੋਸਾ ਰੱਖੋਗੇ ਕਿ ਯਹੋਵਾਹ ਜੋ ਵੀ ਕਰਦਾ ਹੈ ਉਹ ਬਿਲਕੁਲ ਸਹੀ ਕਰਦਾ ਹੈ? (ਬਿਵ. 32:4) ਤੁਸੀਂ ਯਹੋਵਾਹ ਬਾਰੇ ਜਿੰਨਾ ਜ਼ਿਆਦਾ ਸਿੱਖੋਗੇ, ਤੁਸੀਂ ਉਸ ਨਾਲ ਉੱਨਾ ਜ਼ਿਆਦਾ ਪਿਆਰ ਕਰੋਗੇ ਅਤੇ ਉਸ ’ਤੇ ਉੱਨਾ ਹੀ ਭਰੋਸਾ ਰੱਖੋਗੇ। ਸੋ ਯਹੋਵਾਹ ਦੇ ਹਰ ਕੰਮ ਪਿੱਛੇ ਤੁਹਾਨੂੰ ਕਾਰਨ ਜਾਣਨ ਦੀ ਲੋੜ  ਨਹੀਂ ਹੋਵੇਗੀ। ਬਾਈਬਲ ਦੀ ਸਟੱਡੀ ਲਗਾਤਾਰ ਕਰ ਕੇ ਤੁਸੀਂ ਯਹੋਵਾਹ ਨੂੰ ਹੋਰ ਚੰਗੀ ਤਰ੍ਹਾਂ ਜਾਣੋਗੇ ਅਤੇ ਉਸ ਦੇ ਨੇੜੇ ਜਾਓਗੇ।—ਜ਼ਬੂ. 77:12, 13.

ਪ੍ਰਾਰਥਨਾ ਰਾਹੀਂ ਯਹੋਵਾਹ ਨਾਲ ਗੱਲ ਕਰੋ

11-13. ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

11 ਪ੍ਰਾਰਥਨਾ ਰਾਹੀਂ ਤੁਸੀਂ ਯਹੋਵਾਹ ਦੇ ਨੇੜੇ ਆਉਂਦੇ ਹੋ। ਅਸੀਂ ਉਸ ਦੀ ਮਹਿਮਾ ਕਰਦੇ ਹਾਂ, ਧੰਨਵਾਦ ਕਰਦੇ ਹਾਂ ਅਤੇ ਮਦਦ ਲਈ ਬੇਨਤੀ ਕਰਦੇ ਹਾਂ। (ਜ਼ਬੂ. 32:8) ਜੇ ਤੁਸੀਂ ਉਸ ਨੂੰ ਆਪਣਾ ਜਿਗਰੀ ਦੋਸਤ ਬਣਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਪੱਕਾ ਯਕੀਨ ਹੋਣਾ ਚਾਹੀਦਾ ਹੈ ਕਿ ਉਹ ਪ੍ਰਾਰਥਨਾਵਾਂ ਸੁਣਦਾ ਹੈ।

12 ਕੁਝ ਲੋਕ ਕਹਿੰਦੇ ਹਨ ਕਿ ਪਰਮੇਸ਼ੁਰ ਪ੍ਰਾਰਥਨਾਵਾਂ ਨਹੀਂ ਸੁਣਦਾ ਅਤੇ ਅਸੀਂ ਸਿਰਫ਼ ਆਪਣੇ ਮਨ ਦੀ ਸ਼ਾਂਤੀ ਲਈ ਹੀ ਪ੍ਰਾਰਥਨਾ ਕਰਦੇ ਹਾਂ। ਉਹ ਮੰਨਦੇ ਹਨ ਕਿ ਪ੍ਰਾਰਥਨਾਵਾਂ ਰਾਹੀਂ ਤੁਸੀਂ ਆਪਣੀਆਂ ਸਮੱਸਿਆਵਾਂ ਬਾਰੇ ਧਿਆਨ ਨਾਲ ਸੋਚ-ਵਿਚਾਰ ਕਰ ਕੇ ਆਪ ਹੱਲ ਲੱਭ ਸਕਦੇ ਹੋ। ਇਹ ਸੱਚ ਹੈ ਕਿ ਪ੍ਰਾਰਥਨਾ ਕਰਨ ਨਾਲ ਤੁਹਾਨੂੰ ਇਹ ਫ਼ਾਇਦੇ ਹੋ ਸਕਦੇ ਹਨ। ਪਰ ਜਦੋਂ ਤੁਸੀਂ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹੋ, ਤਾਂ ਉਹ ਸੱਚ-ਮੁੱਚ ਤੁਹਾਡੀ ਗੱਲ ਸੁਣਦਾ ਹੈ। ਤੁਸੀਂ ਇਸ ਗੱਲ ’ਤੇ ਕਿਵੇਂ ਯਕੀਨ ਕਰ ਸਕਦੇ ਹੋ?

13 ਜ਼ਰਾ ਇਸ ਬਾਰੇ ਸੋਚੋ: ਧਰਤੀ ਉੱਤੇ ਆਉਣ ਤੋਂ ਪਹਿਲਾਂ ਯਿਸੂ ਨੇ ਦੇਖਿਆ ਸੀ ਕਿ ਯਹੋਵਾਹ ਆਪਣੇ ਭਗਤਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਸੀ। ਜਦੋਂ ਉਹ ਧਰਤੀ ਉੱਤੇ ਸੀ, ਤਾਂ ਉਸ ਨੇ ਆਪਣੇ ਸਵਰਗੀ ਪਿਤਾ ਨੂੰ ਆਪਣੇ ਦਿਲ ਦੀਆਂ ਗੱਲਾਂ ਦੱਸੀਆਂ। ਇਕ ਵਾਰ ਉਸ ਨੇ ਪੂਰੀ ਰਾਤ ਪ੍ਰਾਰਥਨਾ ਕੀਤੀ ਸੀ। (ਲੂਕਾ 6:12; 22:40-46) ਕੀ ਯਿਸੂ ਪ੍ਰਾਰਥਨਾ ਕਰਦਾ ਜੇ ਉਹ ਸੋਚਦਾ ਹੁੰਦਾ ਕਿ ਯਹੋਵਾਹ ਅਸਲ ਵਿਚ ਕਿਸੇ ਦੀਆਂ ਪ੍ਰਾਰਥਨਾਵਾਂ ਨਹੀਂ ਸੁਣਦਾ? ਯਿਸੂ ਨੇ ਆਪਣੇ ਚੇਲਿਆਂ ਨੂੰ ਵੀ ਸਿਖਾਇਆ ਸੀ ਕਿ ਯਹੋਵਾਹ ਨੂੰ ਕਿਵੇਂ ਪ੍ਰਾਰਥਨਾ ਕਰਨੀ ਚਾਹੀਦੀ ਹੈ। ਜੇ ਯਹੋਵਾਹ ਪ੍ਰਾਰਥਨਾਵਾਂ ਨਹੀਂ ਸੁਣਦਾ, ਤਾਂ ਕੀ ਯਿਸੂ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨ ਲਈ ਕਹਿੰਦਾ? ਯਿਸੂ ਜਾਣਦਾ ਸੀ ਕਿ ਯਹੋਵਾਹ ਸੱਚ-ਮੁੱਚ ਪ੍ਰਾਰਥਨਾਵਾਂ ਸੁਣਦਾ ਹੈ। ਇਕ ਵਾਰ ਯਿਸੂ ਨੇ ਕਿਹਾ ਸੀ: “ਹੇ ਪਿਤਾ, ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿ ਤੂੰ ਮੇਰੀ ਫ਼ਰਿਆਦ ਸੁਣ ਲਈ ਹੈ। ਮੈਂ ਜਾਣਦਾ ਹਾਂ ਕਿ ਤੂੰ ਹਮੇਸ਼ਾ ਮੇਰੀ ਸੁਣਦਾ ਹੈਂ।” ਉਸ ਵਾਂਗ ਅਸੀਂ ਵੀ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ‘ਪ੍ਰਾਰਥਨਾ ਦਾ ਸੁਣਨ ਵਾਲਾ’ ਹੈ।—ਯੂਹੰ. 11:41, 42; ਜ਼ਬੂ. 65:2.

14, 15. (ੳ) ਜਦ ਅਸੀਂ ਪ੍ਰਾਰਥਨਾ ਵਿਚ ਖੋਲ੍ਹ ਕੇ ਕਿਸੇ ਗੱਲ ਲਈ ਮਦਦ ਦੀ ਲੋੜ ਹੈ, ਤਾਂ ਸਾਨੂੰ ਕੀ ਫ਼ਾਇਦਾ ਹੁੰਦਾ ਹੈ? (ਅ) ਕੁਸੁਮ ਦੀਆਂ ਪ੍ਰਾਰਥਨਾਵਾਂ ਨੇ ਯਹੋਵਾਹ ਦੇ ਨੇੜੇ ਆਉਣ ਵਿਚ ਉਸ ਦੀ ਕਿਵੇਂ ਮਦਦ ਕੀਤੀ?

14 ਕਈ ਵਾਰ ਸਾਨੂੰ ਅਹਿਸਾਸ ਨਹੀਂ ਹੁੰਦਾ ਕਿ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਮਿਲ ਚੁੱਕਾ ਹੈ। ਪਰ ਜਦੋਂ ਤੁਸੀਂ ਯਹੋਵਾਹ ਨੂੰ ਪ੍ਰਾਰਥਨਾ ਵਿਚ ਖੋਲ੍ਹ ਕੇ ਦੱਸਦੇ ਹੋ ਕਿ ਤੁਹਾਨੂੰ ਕਿਸ ਗੱਲ ਵਿਚ ਮਦਦ ਦੀ ਲੋੜ ਹੈ, ਤਾਂ ਤੁਸੀਂ ਸਾਫ਼-ਸਾਫ਼  ਦੇਖ ਸਕੋਗੇ ਕਿ ਯਹੋਵਾਹ ਤੁਹਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇ ਰਿਹਾ ਹੈ। ਇਸ ਨਾਲ ਤੁਹਾਡਾ ਰਿਸ਼ਤਾ ਹੋਰ ਵੀ ਮਜ਼ਬੂਤ ਹੋਵੇਗਾ। ਜੇ ਤੁਸੀਂ ਖੁੱਲ ਕੇ ਆਪਣੀਆਂ ਚਿੰਤਾਵਾਂ ਬਾਰੇ ਯਹੋਵਾਹ ਨੂੰ ਦੱਸੋਗੇ, ਤਾਂ ਉਹ ਤੁਹਾਡੇ ਹੋਰ ਵੀ ਨੇੜੇ ਆਵੇਗਾ।

15 ਮਿਸਾਲ ਲਈ, ਕੁਸੁਮ * ਅਕਸਰ ਪ੍ਰਚਾਰ ਵਿਚ ਜਾਇਆ ਕਰਦੀ ਸੀ, ਪਰ ਉਸ ਨੂੰ ਮਜ਼ਾ ਨਹੀਂ ਆਉਂਦਾ ਸੀ। ਉਸ ਨੇ ਕਿਹਾ: “ਮੈਨੂੰ ਪ੍ਰਚਾਰ ’ਤੇ ਜਾਣਾ ਪਸੰਦ ਨਹੀਂ ਸੀ। ਮੇਰੇ ਕਹਿਣ ਦਾ ਮਤਲਬ ਕਿ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ।” ਜਦ ਉਹ ਰੀਟਾਇਰ ਹੋ ਗਈ, ਤਾਂ ਇਕ ਬਜ਼ੁਰਗ ਨੇ ਉਸ ਨੂੰ ਰੈਗੂਲਰ ਪਾਇਨੀਅਰ ਬਣਨ ਦੀ ਹੱਲਾਸ਼ੇਰੀ ਦਿੱਤੀ। ਉਸ ਨੇ ਕਿਹਾ: “ਉਸ ਬਜ਼ੁਰਗ ਨੇ ਤਾਂ ਮੇਰੇ ਹੱਥ ਵਿਚ ਪਾਇਨੀਅਰਿੰਗ ਦਾ ਫ਼ਾਰਮ ਹੀ ਫੜਾ ਦਿੱਤਾ। ਮੈਂ ਪਾਇਨੀਅਰਿੰਗ ਕਰਨ ਦਾ ਫ਼ੈਸਲਾ ਕੀਤਾ। ਪਰ ਮੈਂ ਯਹੋਵਾਹ ਨੂੰ ਰੋਜ਼ ਪ੍ਰਾਰਥਨਾ ਕਰਨੀ ਵੀ ਸ਼ੁਰੂ ਕੀਤੀ ਕਿ ਉਹ ਮੇਰੀ ਮਦਦ ਕਰੇ ਕਿ ਮੈਨੂੰ ਪ੍ਰਚਾਰ ਵਿਚ ਮਜ਼ਾ ਆਵੇ। ਕੀ ਯਹੋਵਾਹ ਨੇ ਉਸ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ? ਤਿੰਨ ਸਾਲ ਪਾਇਨੀਅਰਿੰਗ ਕਰਨ ਤੋਂ ਬਾਅਦ ਹੁਣ ਉਹ ਕਹਿੰਦੀ ਹੈ: “ਪ੍ਰਚਾਰ ਵਿਚ ਜ਼ਿਆਦਾ ਸਮਾਂ ਬਿਤਾਉਣ ਅਤੇ ਭੈਣਾਂ ਤੋਂ ਕਾਫ਼ੀ ਕੁਝ ਸਿੱਖਣ ਕਰਕੇ ਮੇਰੀ ਪ੍ਰਚਾਰ ਕਰਨ ਦੀ ਕਾਬਲੀਅਤ ਨਿੱਖਰੀ ਹੈ। ਅੱਜ ਮੈਂ ਪ੍ਰਚਾਰ ਦੇ ਕੰਮ ਨੂੰ ਪਸੰਦ ਹੀ ਨਹੀਂ ਕਰਦੀ, ਸਗੋਂ ਪਿਆਰ ਕਰਦੀ ਹਾਂ! ਸਭ ਤੋਂ ਵੱਧ, ਹੁਣ ਯਹੋਵਾਹ ਨਾਲ ਮੇਰਾ ਰਿਸ਼ਤਾ ਪਹਿਲਾਂ ਨਾਲੋਂ ਵੀ ਮਜ਼ਬੂਤ ਹੋਇਆ ਹੈ।” ਵਾਕਈ ਕੁਸੁਮ ਦੀਆਂ ਪ੍ਰਾਰਥਨਾਵਾਂ ਨੇ ਉਸ ਦੀ ਯਹੋਵਾਹ ਦੇ ਨੇੜੇ ਆਉਣ ਵਿਚ ਮਦਦ ਕੀਤੀ।

ਆਪਣਾ ਫ਼ਰਜ਼ ਨਿਭਾਓ

16, 17. (ੳ) ਸਾਨੂੰ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਬਣਾਈ ਰੱਖਣ ਲਈ ਕੀ ਕਰਨਾ ਚਾਹੀਦਾ ਹੈ? (ਅ) ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?

16 ਅਸੀਂ ਯਹੋਵਾਹ ਦੇ ਨੇੜੇ ਆਉਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਰਹਾਂਗੇ। ਸੋ ਆਓ ਆਪਾਂ ਬਾਈਬਲ ਦੀ ਲਗਾਤਾਰ ਸਟੱਡੀ ਕਰ ਕੇ ਉਸ ਦੀ ਗੱਲ ਸੁਣਦੇ ਰਹੀਏ ਅਤੇ ਪ੍ਰਾਰਥਨਾ ਰਾਹੀਂ ਉਸ ਦੇ ਨਾਲ ਗੱਲ ਕਰਦੇ ਰਹੀਏ। ਜੇ ਅਸੀਂ ਇੱਦਾਂ ਕਰਾਂਗੇ, ਤਾਂ ਯਹੋਵਾਹ ਨਾਲ ਸਾਡਾ ਰਿਸ਼ਤਾ ਦਿਨ-ਬਦਿਨ ਮਜ਼ਬੂਤ ਹੁੰਦਾ ਜਾਵੇਗਾ। ਨਾਲੇ ਉਸ ਦੀ ਮਦਦ ਨਾਲ ਸਾਨੂੰ ਅਜ਼ਮਾਇਸ਼ਾਂ ਨੂੰ ਸਹਿਣ ਵਿਚ ਮਦਦ ਮਿਲੇਗੀ।

ਅਸੀਂ ਯਹੋਵਾਹ ਦੇ ਨੇੜੇ ਆਉਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਰਹਾਂਗੇ (ਪੈਰੇ 16, 17 ਦੇਖੋ)

17 ਪਰ ਕਦੇ-ਕਦੇ ਯਹੋਵਾਹ ਨੂੰ ਲਗਾਤਾਰ ਪ੍ਰਾਰਥਨਾ ਕਰਨ ਦੇ ਬਾਵਜੂਦ ਸਾਡੀਆਂ ਮੁਸ਼ਕਲਾਂ ਬਣੀਆਂ ਰਹਿੰਦੀਆਂ ਹਨ। ਉਨ੍ਹਾਂ ਸਮਿਆਂ ਦੌਰਾਨ ਸਾਡਾ ਯਹੋਵਾਹ ’ਤੇ ਭਰੋਸਾ ਘਟ ਸਕਦਾ ਹੈ। ਸਾਨੂੰ ਸ਼ਾਇਦ ਲੱਗ ਸਕਦਾ ਹੈ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਨੂੰ ਨਹੀਂ ਸੁਣਦਾ ਅਤੇ ਪਤਾ ਨਹੀਂ ਕਿ ਅਸੀਂ ਸੱਚ-ਮੁੱਚ ਉਸ ਦੇ ਦੋਸਤ ਹਾਂ ਜਾਂ ਨਹੀਂ। ਜੇ ਤੁਹਾਨੂੰ ਇੱਦਾਂ ਲੱਗਦਾ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ? ਅਗਲਾ ਲੇਖ ਤੁਹਾਨੂੰ ਇਸ ਸਵਾਲ ਦਾ ਜਵਾਬ ਦੇਵੇਗਾ।

^ ਪੈਰਾ 2 ਇਕ ਰਿਸ਼ਤੇ ਵਿਚ ਜ਼ਰੂਰੀ ਹੁੰਦਾ ਹੈ ਕਿ ਦੋ ਜਣੇ ਇਕ-ਦੂਜੇ ਬਾਰੇ ਕੀ ਮਹਿਸੂਸ ਕਰਦੇ ਹਨ ਅਤੇ ਇਕ-ਦੂਜੇ ਲਈ ਕੀ ਕਰਦੇ ਹਨ। ਉਨ੍ਹਾਂ ਦੋਹਾਂ ਨੂੰ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕਣ ਦੀ ਲੋੜ ਹੁੰਦੀ ਹੈ।

^ ਪੈਰਾ 15 ਨਾਂ ਬਦਲੇ ਗਏ ਹਨ।