Skip to content

Skip to table of contents

ਬਜ਼ੁਰਗੋ, ਤੁਸੀਂ ਹੋਰ ਭਰਾਵਾਂ ਨੂੰ ਟ੍ਰੇਨਿੰਗ ਦੇਣ ਬਾਰੇ ਕਿਵੇਂ ਮਹਿਸੂਸ ਕਰਦੇ ਹੋ?

ਬਜ਼ੁਰਗੋ, ਤੁਸੀਂ ਹੋਰ ਭਰਾਵਾਂ ਨੂੰ ਟ੍ਰੇਨਿੰਗ ਦੇਣ ਬਾਰੇ ਕਿਵੇਂ ਮਹਿਸੂਸ ਕਰਦੇ ਹੋ?

“ਹਰੇਕ ਕੰਮ ਦਾ ਇੱਕ ਸਮਾ ਹੈ।”—ਉਪ. 3:1.

1, 2. ਸਰਕਟ ਓਵਰਸੀਅਰਾਂ ਨੇ ਬਹੁਤ ਸਾਰੀਆਂ ਮੰਡਲੀਆਂ ਵਿਚ ਕੀ ਦੇਖਿਆ ਹੈ?

ਇਕ ਸਰਕਟ ਓਵਰਸੀਅਰ ਮੰਡਲੀ ਦੇ ਬਜ਼ੁਰਗਾਂ ਨਾਲ ਆਪਣੀ ਮੀਟਿੰਗ ਖ਼ਤਮ ਕਰਨ ਵਾਲਾ ਸੀ। ਉਨ੍ਹਾਂ ਮਿਹਨਤੀ ਬਜ਼ੁਰਗਾਂ ਦੇ ਚਿਹਰਿਆਂ ਵੱਲ ਦੇਖ ਕੇ ਉਸ ਦਾ ਦਿਲ ਪਿਆਰ ਨਾਲ ਭਰ ਆਇਆ। ਕੁਝ ਬਜ਼ੁਰਗ ਤਾਂ ਉਸ ਦੇ ਪਿਤਾ ਦੀ ਉਮਰ ਦੇ ਸਨ। ਪਰ ਉਸ ਨੂੰ ਇਕ ਜ਼ਰੂਰੀ ਗੱਲ ਦੀ ਚਿੰਤਾ ਸੀ। ਉਸ ਨੇ ਉਨ੍ਹਾਂ ਨੂੰ ਪੁੱਛਿਆ: “ਭਰਾਵੋ, ਤੁਸੀਂ ਹੋਰ ਭਰਾਵਾਂ ਨੂੰ ਟ੍ਰੇਨਿੰਗ ਦੇਣ ਲਈ ਕੀ ਕੀਤਾ ਹੈ ਤਾਂਕਿ ਉਹ ਮੰਡਲੀ ਵਿਚ ਜ਼ਿੰਮੇਵਾਰੀਆਂ ਚੁੱਕ ਸਕਣ?” ਭਰਾ ਜਾਣਦੇ ਸਨ ਕਿ ਆਪਣੇ ਪਿਛਲੇ ਦੌਰੇ ਦੌਰਾਨ ਸਰਕਟ ਓਵਰਸੀਅਰ ਨੇ ਉਨ੍ਹਾਂ ਨੂੰ ਤਾਕੀਦ ਕੀਤੀ ਸੀ ਕਿ ਉਹ ਭਰਾਵਾਂ ਨੂੰ ਟ੍ਰੇਨਿੰਗ ਦੇਣ ਵੱਲ ਧਿਆਨ ਦੇਣ। ਅਖ਼ੀਰ ਵਿਚ ਇਕ ਬਜ਼ੁਰਗ ਨੇ ਕਿਹਾ, “ਸੱਚ ਦੱਸੀਏ, ਤਾਂ ਅਸੀਂ ਬਹੁਤਾ ਕੁਝ ਨਹੀਂ ਕੀਤਾ।” ਦੂਸਰੇ ਬਜ਼ੁਰਗਾਂ ਨੇ ਸਿਰ ਹਿਲਾ ਕੇ ਉਸ ਦੀ ਗੱਲ ਦੀ ਹਾਮੀ ਭਰੀ।

2 ਜੇ ਤੁਸੀਂ ਇਕ ਮਸੀਹੀ ਬਜ਼ੁਰਗ ਹੋ, ਤਾਂ ਤੁਸੀਂ ਉਸ ਮੀਟਿੰਗ ਵਿਚ ਬਹੁਤ ਗੱਲਬਾਤ ਨੂੰ ਸਮਝ ਸਕਦੇ ਹੋ। ਦੁਨੀਆਂ ਭਰ ਵਿਚ ਸਰਕਟ ਓਵਰਸੀਅਰਾਂ ਨੇ ਦੇਖਿਆ ਹੈ ਕਿ ਬਹੁਤ ਸਾਰੀਆਂ ਮੰਡਲੀਆਂ ਵਿਚ ਹਰ ਉਮਰ ਦੇ ਭਰਾਵਾਂ ਨੂੰ ਟ੍ਰੇਨਿੰਗ ਦੇਣ ਦੀ ਬਹੁਤ ਲੋੜ ਹੈ ਤਾਂਕਿ ਉਹ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰ ਸਕਣ। ਪਰ ਟ੍ਰੇਨਿੰਗ ਦੇਣੀ ਔਖੀ ਹੋ ਸਕਦੀ ਹੈ। ਕਿਉਂ?

3. (ੳ) ਬਾਈਬਲ ਤੋਂ ਦੂਸਰਿਆਂ ਨੂੰ ਟ੍ਰੇਨਿੰਗ ਦੇਣ ਦੀ ਅਹਿਮੀਅਤ ਬਾਰੇ ਕੀ ਪਤਾ ਲੱਗਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਵਿਚ ਕਿਉਂ ਦਿਲਚਸਪੀ ਲੈਣੀ ਚਾਹੀਦੀ ਹੈ? (ਫੁਟਨੋਟ ਦੇਖੋ।) (ਅ) ਕੁਝ ਬਜ਼ੁਰਗਾਂ ਨੂੰ ਦੂਸਰਿਆਂ ਨੂੰ ਟ੍ਰੇਨਿੰਗ ਦੇਣੀ ਕਿਉਂ ਔਖੀ ਲੱਗਦੀ ਹੈ?

 3 ਬਜ਼ੁਰਗ ਹੋਣ ਦੇ ਨਾਤੇ ਤੁਹਾਨੂੰ ਜ਼ਰੂਰ ਇਸ ਗੱਲ ਦਾ ਅਹਿਸਾਸ ਹੋਣਾ ਕਿ ਹੋਰ ਭਰਾਵਾਂ ਨੂੰ ਟ੍ਰੇਨਿੰਗ ਦੇਣੀ ਕਿੰਨੀ ਜ਼ਰੂਰੀ ਹੈ। * ਤੁਸੀਂ ਜਾਣਦੇ ਹੋ ਕਿ ਮੌਜੂਦਾ ਮੰਡਲੀਆਂ ਵਿਚ ਭੈਣਾਂ-ਭਰਾਵਾਂ ਦੀ ਨਿਹਚਾ ਨੂੰ ਮਜ਼ਬੂਤ ਰੱਖਣ ਅਤੇ ਨਵੀਆਂ ਮੰਡਲੀਆਂ ਬਣਾਉਣ ਲਈ ਹੋਰ ਭਰਾਵਾਂ ਦੀ ਬਹੁਤ ਲੋੜ ਹੈ। (ਯਸਾਯਾਹ 60:22 ਪੜ੍ਹੋ।) ਤੁਸੀਂ ਇਹ ਵੀ ਜਾਣਦੇ ਹੋ ਕਿ ਪਰਮੇਸ਼ੁਰ ਦਾ ਬਚਨ ਤੁਹਾਨੂੰ ਤਾਕੀਦ ਕਰਦਾ ਹੈ ਕਿ ਤੁਸੀਂ ‘ਦੂਸਰਿਆਂ ਨੂੰ ਸਿਖਾਓ।’ (2 ਤਿਮੋਥਿਉਸ 2:2 ਪੜ੍ਹੋ।) ਪਰ ਪਹਿਲੇ ਪੈਰੇ ਵਿਚ ਜ਼ਿਕਰ ਕੀਤੇ ਗਏ ਬਜ਼ੁਰਗਾਂ ਵਾਂਗ ਤੁਹਾਨੂੰ ਇਹ ਕੰਮ ਕਰਨਾ ਸ਼ਾਇਦ ਔਖਾ ਲੱਗੇ। ਤੁਹਾਨੂੰ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ, ਨੌਕਰੀ, ਮੰਡਲੀ ਦੀਆਂ ਜ਼ਿੰਮੇਵਾਰੀਆਂ ਤੇ ਹੋਰ ਜ਼ਰੂਰੀ ਮਾਮਲਿਆਂ ਵੱਲ ਧਿਆਨ ਦੇਣਾ ਪੈਂਦਾ ਹੈ। ਇਸ ਕਰਕੇ ਸ਼ਾਇਦ ਤੁਹਾਡੇ ਕੋਲ ਮੰਡਲੀ ਵਿਚ ਦੂਸਰਿਆਂ ਨੂੰ ਟ੍ਰੇਨਿੰਗ ਦੇਣ ਦਾ ਸਮਾਂ ਹੀ ਨਾ ਬਚੇ। ਜੇ ਇਸ ਤਰ੍ਹਾਂ ਹੈ, ਤਾਂ ਆਓ ਆਪਾਂ ਦੇਖੀਏ ਕਿ ਦੂਸਰਿਆਂ ਨੂੰ ਟ੍ਰੇਨਿੰਗ ਦੇਣ ਲਈ ਸਮਾਂ ਕੱਢਣਾ ਕਿਉਂ ਜ਼ਰੂਰੀ ਹੈ।

ਟ੍ਰੇਨਿੰਗ ਬਹੁਤ ਜ਼ਰੂਰੀ ਹੈ

4. ਕਿਹੜੇ ਇਕ ਕਾਰਨ ਕਰਕੇ ਕਈ ਵਾਰ ਟ੍ਰੇਨਿੰਗ ਦੇਣ ਵਿਚ ਦੇਰੀ ਕੀਤੀ ਜਾਂਦੀ ਹੈ?

4 ਕਿਹੜੇ ਇਕ ਕਾਰਨ ਕਰਕੇ ਬਜ਼ੁਰਗਾਂ ਲਈ ਟ੍ਰੇਨਿੰਗ ਵਾਸਤੇ ਸਮਾਂ ਕੱਢਣਾ ਔਖਾ ਹੋ ਸਕਦਾ ਹੈ? ਕਈ ਸ਼ਾਇਦ ਸੋਚਦੇ ਹਨ: ‘ਟ੍ਰੇਨਿੰਗ ਦੇਣੀ ਜ਼ਰੂਰੀ ਤਾਂ ਹੈ, ਪਰ ਪਹਿਲਾਂ ਮੰਡਲੀ ਦੇ ਕਈ ਹੋਰ ਮਾਮਲਿਆਂ ਵੱਲ ਧਿਆਨ ਦੇਣ ਦੀ ਲੋੜ ਹੈ। ਜੇ ਮੈਂ ਕੁਝ ਸਮਾਂ ਟ੍ਰੇਨਿੰਗ ਨਹੀਂ ਦਿੰਦਾ, ਤਾਂ ਵੀ ਤਾਂ ਮੰਡਲੀ ਚੱਲਦੀ ਰਹੇਗੀ।’ ਇਹ ਸੱਚ ਹੈ ਕਿ ਕਈ ਮਾਮਲਿਆਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਪੈਂਦੀ ਹੈ, ਪਰ ਟ੍ਰੇਨਿੰਗ ਵਿਚ ਦੇਰੀ ਕਰਨ ਨਾਲ ਮੰਡਲੀ ਨੂੰ ਬਹੁਤ ਨੁਕਸਾਨ ਹੋਵੇਗਾ।

5, 6. ਡ੍ਰਾਈਵਰ ਦੀ ਉਦਾਹਰਣ ਤੋਂ ਅਸੀਂ ਕੀ ਸਿੱਖਦੇ ਹਾਂ ਅਤੇ ਇਹ ਉਦਾਹਰਣ ਮੰਡਲੀ ਵਿਚ ਟ੍ਰੇਨਿੰਗ ਦੇਣ ਦੇ ਸੰਬੰਧ ਵਿਚ ਕਿਵੇਂ ਲਾਗੂ ਕੀਤੀ ਜਾ ਸਕਦੀ ਹੈ?

5 ਇਸ ਉਦਾਹਰਣ ’ਤੇ ਗੌਰ ਕਰੋ: ਇਕ ਡ੍ਰਾਈਵਰ ਸ਼ਾਇਦ ਜਾਣਦਾ ਹੋਵੇ ਕਿ ਕਾਰ ਦੇ ਇੰਜਣ ਨੂੰ ਠੀਕ ਰੱਖਣ ਲਈ ਸਮੇਂ-ਸਮੇਂ ਤੇ ਤੇਲ ਬਦਲਣਾ ਜ਼ਰੂਰੀ ਹੈ। ਫਿਰ ਵੀ ਉਹ ਸ਼ਾਇਦ ਸੋਚੇ ਕਿ ਇਹ ਪਟਰੋਲ ਜਾਂ ਡੀਜ਼ਲ ਭਰਾਉਣ ਨਾਲੋਂ ਜ਼ਿਆਦਾ ਜ਼ਰੂਰੀ ਤਾਂ ਨਹੀਂ ਹੈ। ਜੇ ਉਹ ਪਟਰੋਲ ਜਾਂ ਡੀਜ਼ਲ ਨਹੀਂ ਭਰਾਉਂਦਾ, ਤਾਂ ਕਾਰ ਨਹੀਂ ਚੱਲੇਗੀ। ਉਹ ਸ਼ਾਇਦ ਕਹੇ, ‘ਜੇ ਮੈਂ ਤੇਲ ਨਹੀਂ ਵੀ ਬਦਲਦਾ, ਤਾਂ ਵੀ ਇੰਜਣ ਕੰਮ ਕਰਦਾ ਰਹੇਗਾ।’ ਪਰ ਇਸ ਦਾ ਕੀ ਨੁਕਸਾਨ ਹੋਵੇਗਾ? ਤੇਲ ਬਦਲਣ ਵਿਚ ਦੇਰੀ ਕਰਨ ਕਰਕੇ ਇਕ-ਨਾ-ਇਕ ਦਿਨ ਕਾਰ ਦਾ ਇੰਜਣ ਕੰਮ ਕਰਨਾ ਬੰਦ ਕਰ ਦੇਵੇਗਾ। ਉਦੋਂ ਉਸ ਨੂੰ ਕਾਰ ਨੂੰ ਠੀਕ ਕਰਾਉਣ ਲਈ ਜ਼ਿਆਦਾ ਸਮਾਂ ਤੇ ਪੈਸਾ ਲਾਉਣਾ ਪਵੇਗਾ। ਇਸ ਉਦਾਹਰਣ ਤੋਂ ਅਸੀਂ ਕੀ ਸਿੱਖਦੇ ਹਾਂ?

6 ਬਜ਼ੁਰਗ ਬਹੁਤ ਸਾਰੇ ਜ਼ਰੂਰੀ ਕੰਮ ਕਰਦੇ ਹਨ ਜਿਨ੍ਹਾਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੁੰਦੀ ਹੈ। ਨਹੀਂ ਤਾਂ ਮੰਡਲੀ ਨੂੰ ਬਹੁਤ ਨੁਕਸਾਨ ਹੋਵੇਗਾ। ਜਿਵੇਂ ਉਦਾਹਰਣ ਵਿਚ ਡ੍ਰਾਈਵਰ ਕਾਰ ਵਿਚ ਪਟਰੋਲ ਜਾਂ ਡੀਜ਼ਲ ਭਰਾਉਣ ਵੱਲ ਧਿਆਨ ਦਿੰਦਾ ਹੈ, ਉਸੇ ਤਰ੍ਹਾਂ ਬਜ਼ੁਰਗਾਂ ਨੂੰ “ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ” ਵਿਚ ਰੱਖਣ ਦੀ ਲੋੜ ਹੈ। (ਫ਼ਿਲਿ. 1:10) ਪਰ ਕੁਝ ਬਜ਼ੁਰਗ ਜ਼ਰੂਰੀ ਕੰਮਾਂ ਵਿਚ ਇੰਨੇ ਬਿਜ਼ੀ ਹੋ ਜਾਂਦੇ ਹਨ ਕਿ ਉਹ ਦੂਸਰਿਆਂ ਨੂੰ ਟ੍ਰੇਨਿੰਗ ਦੇਣ ਵਿਚ ਅਣਗਹਿਲੀ ਕਰਦੇ ਹਨ। ਪਰ ਟ੍ਰੇਨਿੰਗ ਦੇਣ ਵਿਚ ਦੇਰੀ ਕਰਨ ਕਰਕੇ ਇਕ-ਨਾ-ਇਕ ਦਿਨ ਮੰਡਲੀ ਵਿਚ ਜ਼ਿੰਮੇਵਾਰ ਤੇ ਕਾਬਲ ਭਰਾਵਾਂ ਦੀ ਕਮੀ ਹੋਵੇਗੀ।

7. ਜਿਹੜੇ ਬਜ਼ੁਰਗ ਸਮਾਂ ਕੱਢ ਕੇ ਟ੍ਰੇਨਿੰਗ ਦਿੰਦੇ ਹਨ, ਉਨ੍ਹਾਂ ਬਾਰੇ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ?

7 ਇਸ ਲਈ ਸਾਨੂੰ ਕਦੀ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਟ੍ਰੇਨਿੰਗ ਦੇਣੀ ਇੰਨੀ ਜ਼ਰੂਰੀ ਨਹੀਂ ਹੈ। ਜਿਹੜੇ ਬਜ਼ੁਰਗ ਮੰਡਲੀ ਦੇ ਭਵਿੱਖ ਬਾਰੇ ਸੋਚਦੇ ਹਨ ਅਤੇ ਘੱਟ ਤਜਰਬੇਕਾਰ ਭਰਾਵਾਂ ਨੂੰ ਟ੍ਰੇਨਿੰਗ ਦੇਣ ਲਈ ਸਮਾਂ ਕੱਢਦੇ ਹਨ, ਉਹ ਸਮਝਦਾਰ ਤੇ ਜ਼ਿੰਮੇਵਾਰ ਸੇਵਕ ਹੁੰਦੇ ਹਨ ਤੇ ਮੰਡਲੀ ਲਈ ਬਰਕਤ ਸਾਬਤ ਹੁੰਦੇ ਹਨ।  (1 ਪਤਰਸ 4:10 ਪੜ੍ਹੋ।) ਮੰਡਲੀ ਨੂੰ ਇਸ ਤੋਂ ਕੀ ਫ਼ਾਇਦਾ ਹੁੰਦਾ ਹੈ?

ਸਮੇਂ ਦਾ ਸਹੀ ਇਸਤੇਮਾਲ

8. (ੳ) ਕਿਹੜੇ ਕੁਝ ਕਾਰਨਾਂ ਕਰਕੇ ਬਜ਼ੁਰਗਾਂ ਨੂੰ ਹੋਰ ਭਰਾਵਾਂ ਨੂੰ ਟ੍ਰੇਨਿੰਗ ਦੇਣੀ ਚਾਹੀਦੀ ਹੈ? (ਅ) ਜ਼ਿਆਦਾ ਲੋੜ ਵਾਲੀਆਂ ਥਾਵਾਂ ’ਤੇ ਜਾ ਕੇ ਸੇਵਾ ਕਰਨ ਵਾਲੇ ਬਜ਼ੁਰਗਾਂ ਉੱਤੇ ਕਿਹੜੀ ਇਕ ਭਾਰੀ ਜ਼ਿੰਮੇਵਾਰੀ ਹੈ? (“ ਇਕ ਭਾਰੀ ਜ਼ਿੰਮੇਵਾਰੀ” ਨਾਂ ਦੀ ਡੱਬੀ ਦੇਖੋ।)

8 ਬਹੁਤ ਤਜਰਬੇਕਾਰ ਬਜ਼ੁਰਗਾਂ ਨੂੰ ਵੀ ਨਿਮਰਤਾ ਨਾਲ ਇਹ ਕਬੂਲ ਕਰਨਾ ਪਵੇਗਾ ਕਿ ਵਧਦੀ ਉਮਰ ਕਰਕੇ ਉਹ ਮੰਡਲੀ ਲਈ ਜ਼ਿਆਦਾ ਨਹੀਂ ਕਰ ਸਕਣਗੇ। (ਮੀਕਾ. 6:8) ਨਾਲੇ ਉਨ੍ਹਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਅਚਾਨਕ “ਬੁਰਾ ਸਮਾਂ” ਆਉਣ ਕਰਕੇ ਉਹ ਸ਼ਾਇਦ ਮੰਡਲੀ ਦੀਆਂ ਇੰਨੀਆਂ ਜ਼ਿੰਮੇਵਾਰੀਆਂ ਨਾ ਚੁੱਕ ਸਕਣ। (ਉਪ. 9:11, 12, CL; ਯਾਕੂ. 4:13, 14) ਬਜ਼ੁਰਗ ਪਰਮੇਸ਼ੁਰ ਦੇ ਲੋਕਾਂ ਦੀ ਭਲਾਈ ਦੀ ਚਿੰਤਾ ਕਰਦੇ ਹਨ ਅਤੇ ਉਨ੍ਹਾਂ ਨਾਲ ਪਿਆਰ ਕਰਦੇ ਹਨ, ਇਸ ਲਈ ਉਹ ਨੌਜਵਾਨ ਭਰਾਵਾਂ ਨਾਲ ਆਪਣਾ ਤਜਰਬਾ ਸਾਂਝਾ ਕਰਦੇ ਹਨ ਜੋ ਉਨ੍ਹਾਂ ਨੇ ਕਈ ਸਾਲ ਵਫ਼ਾਦਾਰੀ ਨਾਲ ਸੇਵਾ ਕਰ ਕੇ ਹਾਸਲ ਕੀਤਾ ਹੈ।—ਜ਼ਬੂਰਾਂ ਦੀ ਪੋਥੀ 71:17, 18 ਪੜ੍ਹੋ।

9. ਭਵਿੱਖ ਵਿਚ ਵਾਪਰਨ ਵਾਲੀ ਕਿਹੜੀ ਘਟਨਾ ਕਰਕੇ ਹੁਣ ਟ੍ਰੇਨਿੰਗ ਦੇਣੀ ਬਹੁਤ ਹੀ ਜ਼ਰੂਰੀ ਹੈ?

9 ਦੂਸਰਿਆਂ ਨੂੰ ਟ੍ਰੇਨਿੰਗ ਦੇਣ ਵਾਲੇ ਬਜ਼ੁਰਗ ਮੰਡਲੀ ਲਈ ਬਰਕਤ ਸਾਬਤ ਹੁੰਦੇ ਹਨ ਕਿਉਂਕਿ ਉਹ ਮੰਡਲੀ ਨੂੰ ਮਜ਼ਬੂਤ ਕਰਨ ਲਈ ਮਿਹਨਤ ਕਰਦੇ ਹਨ। ਟ੍ਰੇਨਿੰਗ ਮਿਲਣ ਕਰਕੇ ਜ਼ਿਆਦਾ ਭਰਾ ਮੰਡਲੀ ਦੇ ਭੈਣਾਂ-ਭਰਾਵਾਂ ਦੀ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਅਤੇ ਇਕਮੁੱਠ ਰਹਿਣ ਵਿਚ ਮਦਦ ਕਰ ਸਕਣਗੇ। ਉਹ ਭਰਾ ਖ਼ਾਸ ਤੌਰ ਤੇ ਮਹਾਂਕਸ਼ਟ ਦੌਰਾਨ ਮਦਦਗਾਰ ਸਾਬਤ ਹੋਣਗੇ ਜਦੋਂ ਸਾਰਿਆਂ ਉੱਤੇ ਬਹੁਤ ਹੀ ਮੁਸ਼ਕਲ ਸਮਾਂ ਆਵੇਗਾ। (ਹਿਜ਼. 38:10-12; ਮੀਕਾ. 5:5, 6) ਇਸ ਲਈ ਪਿਆਰੇ ਬਜ਼ੁਰਗੋ, ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਅੱਜ ਹੀ ਹੋਰ ਭਰਾਵਾਂ ਨੂੰ ਬਾਕਾਇਦਾ ਟ੍ਰੇਨਿੰਗ ਦੇਣ ਦਾ ਪ੍ਰਬੰਧ ਕਰੋ।

10. ਭਰਾਵਾਂ ਨੂੰ ਟ੍ਰੇਨਿੰਗ ਦੇਣ ਵਾਸਤੇ ਸ਼ਾਇਦ ਇਕ ਬਜ਼ੁਰਗ ਨੂੰ ਕੀ ਕਰਨਾ ਪਵੇ?

10 ਅਸੀਂ ਜਾਣਦੇ ਹਾਂ ਕਿ ਤੁਸੀਂ ਮੰਡਲੀ ਦੇ ਜ਼ਰੂਰੀ ਕੰਮਾਂ ਵਿਚ ਪਹਿਲਾਂ ਹੀ ਕਾਫ਼ੀ ਸਮਾਂ ਲਗਾਉਂਦੇ ਹੋ। ਪਰ ਸ਼ਾਇਦ ਤੁਹਾਨੂੰ ਉਨ੍ਹਾਂ ਕੰਮਾਂ ਵਿੱਚੋਂ ਟ੍ਰੇਨਿੰਗ ਦੇਣ ਵਾਸਤੇ ਕੁਝ ਸਮਾਂ ਕੱਢਣਾ ਹੀ ਪਵੇ। (ਉਪ. 3:1) ਇਸ ਤਰ੍ਹਾਂ ਤੁਸੀਂ ਆਪਣੇ ਸਮੇਂ ਦਾ ਸਹੀ ਇਸਤੇਮਾਲ ਕਰ ਸਕੋਗੇ ਅਤੇ ਇਸ ਤੋਂ ਭਵਿੱਖ ਵਿਚ ਮੰਡਲੀ ਨੂੰ ਫ਼ਾਇਦਾ ਹੋਵੇਗਾ।

ਸਹੀ ਮਾਹੌਲ ਪੈਦਾ ਕਰੋ

11. (ੳ) ਵੱਖੋ-ਵੱਖਰੇ ਦੇਸ਼ਾਂ ਦੇ ਬਜ਼ੁਰਗਾਂ ਦੁਆਰਾ ਦਿੱਤੀ ਸਲਾਹ ਵਿਚ ਕਿਹੜੀ ਖ਼ਾਸ ਗੱਲ ਹੈ? (ਅ) ਕਹਾਉਤਾਂ 15:22 ਮੁਤਾਬਕ ਹੋਰ ਬਜ਼ੁਰਗਾਂ ਦੁਆਰਾ ਦਿੱਤੇ ਸੁਝਾਵਾਂ ਉੱਤੇ ਚਰਚਾ ਕਰਨੀ ਫ਼ਾਇਦੇਮੰਦ ਕਿਉਂ ਹੋਵੇਗੀ?

11 ਬਹੁਤ ਸਾਰੇ ਬਜ਼ੁਰਗਾਂ ਨੇ ਭਰਾਵਾਂ ਦੀ ਮੰਡਲੀ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਕਾਬਲ ਬਣਨ ਵਿਚ ਮਦਦ ਕੀਤੀ ਹੈ। ਹਾਲ ਹੀ ਵਿਚ ਉਨ੍ਹਾਂ ਵਿੱਚੋਂ ਕੁਝ ਬਜ਼ੁਰਗਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੇ ਭਰਾਵਾਂ ਨੂੰ ਕਿੱਦਾਂ ਟ੍ਰੇਨਿੰਗ ਦਿੱਤੀ। * ਭਾਵੇਂ ਕਿ ਉਨ੍ਹਾਂ ਬਜ਼ੁਰਗਾਂ ਦੇ ਹਾਲਾਤ ਵੱਖੋ-ਵੱਖਰੇ ਸਨ, ਪਰ ਉਨ੍ਹਾਂ ਸਾਰਿਆਂ ਨੇ ਇੱਕੋ ਜਿਹੀ ਸਲਾਹ ਦਿੱਤੀ। ਇਸ ਤੋਂ ਕੀ ਪਤਾ ਲੱਗਦਾ ਹੈ? ਇਹੀ ਕਿ ਬਾਈਬਲ ਦੀ ਮਦਦ ਨਾਲ ਦਿੱਤੀ ਜਾਂਦੀ ਟ੍ਰੇਨਿੰਗ ਤੋਂ “ਹਰ ਜਗ੍ਹਾ ਸਾਰੀਆਂ ਮੰਡਲੀਆਂ” ਦੇ ਭਰਾਵਾਂ ਨੂੰ ਫ਼ਾਇਦਾ ਹੋ ਸਕਦਾ ਹੈ। (1 ਕੁਰਿੰ. 4:17) ਇਸ ਲਈ, ਇਸ ਲੇਖ ਵਿਚ ਅਤੇ ਅਗਲੇ ਲੇਖ ਵਿਚ ਅਸੀਂ ਉਨ੍ਹਾਂ ਬਜ਼ੁਰਗਾਂ ਦੁਆਰਾ ਦਿੱਤੇ ਕੁਝ ਸੁਝਾਵਾਂ ਉੱਤੇ ਚਰਚਾ ਕਰਾਂਗੇ।—ਕਹਾ. 15:22.

12. ਇਕ ਬਜ਼ੁਰਗ ਨੂੰ ਕੀ ਕਰਨ ਦੀ ਲੋੜ ਹੈ ਅਤੇ ਕਿਉਂ?

12 ਬਜ਼ੁਰਗਾਂ ਨੂੰ ਟ੍ਰੇਨਿੰਗ ਵਾਸਤੇ ਸਹੀ ਮਾਹੌਲ ਪੈਦਾ ਕਰਨ ਦੀ ਲੋੜ ਹੈ। ਜਿਵੇਂ ਇਕ ਮਾਲੀ ਨੂੰ ਬੀ ਬੀਜਣ ਤੋਂ ਪਹਿਲਾਂ ਮਿੱਟੀ ਪੋਲੀ ਕਰਨ ਲਈ ਗੋਡੀ ਕਰਨੀ ਪੈਂਦੀ ਹੈ, ਉਸੇ ਤਰ੍ਹਾਂ ਇਕ ਬਜ਼ੁਰਗ ਨੂੰ ਕਿਸੇ ਭਰਾ ਨੂੰ ਕੁਝ ਸਿਖਾਉਣ ਤੋਂ ਪਹਿਲਾਂ ਉਸ ਦੇ ਦਿਲ ਨੂੰ ਤਿਆਰ ਕਰਨ ਯਾਨੀ ਉਸ ਨੂੰ ਹੱਲਾਸ਼ੇਰੀ ਦੇਣ ਦੀ ਲੋੜ ਹੈ। ਬਜ਼ੁਰਗ ਸਹੀ ਮਾਹੌਲ ਕਿਵੇਂ ਪੈਦਾ ਕਰ ਸਕਦੇ ਹਨ? ਉਹ ਇਸ ਮਾਮਲੇ ਵਿਚ ਪੁਰਾਣੇ ਜ਼ਮਾਨੇ ਦੇ ਇਕ ਨਬੀ ਦੀ ਮਿਸਾਲ ਉੱਤੇ ਚੱਲ ਸਕਦੇ ਹਨ। ਉਸ ਨੇ ਕੀ ਕੀਤਾ ਸੀ?

13-15. (ੳ) ਸਮੂਏਲ ਨਬੀ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਗਈ ਸੀ? (ਅ) ਸਮੂਏਲ ਨੇ ਉਹ ਜ਼ਿੰਮੇਵਾਰੀ ਕਿੱਦਾਂ ਨਿਭਾਈ ਸੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ੲ) ਸਮੂਏਲ ਦੇ ਇਸ ਬਿਰਤਾਂਤ ਵਿਚ ਅੱਜ ਬਜ਼ੁਰਗਾਂ ਨੂੰ ਕਿਉਂ ਖ਼ਾਸ ਦਿਲਚਸਪੀ ਲੈਣੀ ਚਾਹੀਦੀ ਹੈ?

 13 ਅੱਜ ਤੋਂ ਲਗਭਗ 3,000 ਸਾਲ ਪਹਿਲਾਂ ਇਕ ਦਿਨ ਯਹੋਵਾਹ ਨੇ ਬਜ਼ੁਰਗ ਨਬੀ ਸਮੂਏਲ ਨੂੰ ਕਿਹਾ ਸੀ: “ਭਲਕੇ ਐਸੇ ਵੇਲੇ ਇੱਕ ਮਨੁੱਖ ਨੂੰ ਬਿਨਯਾਮੀਨ ਦੇ ਦੇਸੋਂ ਮੈਂ ਤੇਰੇ ਕੋਲ ਘੱਲਾਂਗਾ, ਸੋ ਤੂੰ ਉਹ ਨੂੰ ਮਸਹ ਕਰੀਂ ਜੋ ਉਹ ਮੇਰੀ ਪਰਜਾ ਇਸਰਾਏਲ ਦਾ ਪਰਧਾਨ ਬਣੇ।” (1 ਸਮੂ. 9:15, 16) ਸਮੂਏਲ ਨੂੰ ਅਹਿਸਾਸ ਹੋ ਗਿਆ ਕਿ ਹੁਣ ਕੌਮ ਦੇ ਆਗੂ ਦੇ ਤੌਰ ਤੇ ਉਸ ਦੀ ਜ਼ਿੰਮੇਵਾਰੀ ਖ਼ਤਮ ਹੋ ਗਈ ਸੀ ਅਤੇ ਯਹੋਵਾਹ ਨੇ ਉਸ ਨੂੰ ਨਵਾਂ ਆਗੂ ਚੁਣਨ ਲਈ ਕਿਹਾ ਸੀ। ਸਮੂਏਲ ਨੇ ਜ਼ਰੂਰ ਸੋਚਿਆ ਹੋਣਾ, ‘ਮੈਂ ਉਸ ਬੰਦੇ ਨੂੰ ਇਸ ਜ਼ਿੰਮੇਵਾਰੀ ਲਈ ਕਿਵੇਂ ਤਿਆਰ ਕਰ ਸਕਦਾ ਹਾਂ?’ ਉਸ ਨੇ ਸੋਚ-ਵਿਚਾਰ ਕਰ ਕੇ ਇਕ ਪਲੈਨ ਬਣਾਇਆ।

14 ਅਗਲੇ ਦਿਨ ਜਦੋਂ ਸਮੂਏਲ ਨੇ ਸ਼ਾਊਲ ਨੂੰ ਦੇਖਿਆ, ਤਾਂ ਯਹੋਵਾਹ ਨੇ ਉਸ ਨੂੰ ਦੱਸਿਆ: “ਵੇਖ ਇਹੋ ਉਹ ਮਨੁੱਖ ਹੈ।” ਫਿਰ ਸਮੂਏਲ ਨੇ ਆਪਣੇ ਪਲੈਨ ਮੁਤਾਬਕ ਕੰਮ ਕੀਤਾ। ਉਸ ਨੇ ਸ਼ਾਊਲ ਨੂੰ ਰੋਟੀ ਲਈ ਬੁਲਾਇਆ। ਉਸ ਨੇ ਸ਼ਾਊਲ ਅਤੇ ਉਸ ਦੇ ਨੌਕਰ ਨੂੰ ਸਭ ਤੋਂ ਵਧੀਆ ਸੀਟਾਂ ’ਤੇ ਬਿਠਾਇਆ ਅਤੇ ਮੀਟ ਦਾ ਇਕ ਵਧੀਆ ਟੁਕੜਾ ਦੇ ਕੇ ਸ਼ਾਊਲ ਨੂੰ ਕਿਹਾ: “ਵੇਖ, ਏਹ ਜੋ ਰੱਖਿਆ ਹੋਇਆ ਹੈ ਸੋ ਆਪਣੇ ਅੱਗੇ ਧਰ ਕੇ ਖਾਹ ਏਸ ਲਈ ਕਿ ਉਹ ਠਹਿਰਾਏ ਹੋਏ ਸਮੇਂ ਦਾ ਤੇਰੇ ਲਈ ਰੱਖਿਆ ਪਿਆ ਹੈ।” ਇਸ ਤੋਂ ਬਾਅਦ ਸਮੂਏਲ ਸ਼ਾਊਲ ਨੂੰ ਆਪਣੇ ਘਰ ਲੈ ਗਿਆ ਅਤੇ ਉਹ ਰਾਹ ਵਿਚ ਤੁਰਦੇ ਹੋਏ ਗੱਲਾਂ ਕਰਦੇ ਗਏ। ਇਕੱਠਿਆਂ ਰੋਟੀ ਖਾਣ ਅਤੇ ਸੈਰ ਦਾ ਮਜ਼ਾ ਲੈਣ ਨਾਲ ਪੈਦਾ ਹੋਏ ਵਧੀਆ ਮਾਹੌਲ ਦਾ ਸਮੂਏਲ ਪੂਰਾ ਫ਼ਾਇਦਾ ਲੈਣਾ ਚਾਹੁੰਦਾ ਸੀ। ਇਸ ਲਈ ਉਸ ਨੇ ਸ਼ਾਊਲ ਨੂੰ ਕੋਠੇ ’ਤੇ ਬੁਲਾਇਆ। ਸ਼ਾਮ ਦੀ ਠੰਢੀ ਹਵਾ ਦਾ ਮਜ਼ਾ ਲੈਂਦੇ ਹੋਏ ਸਮੂਏਲ ਨੇ ਸੌਣ ਤਕ “ਘਰ ਦੀ ਛੱਤ ਉੱਤੇ ਸ਼ਾਊਲ ਨਾਲ ਗੱਲਾਂ ਕੀਤੀਆਂ।” ਅਗਲੇ ਦਿਨ, ਸਮੂਏਲ ਨੇ ਸ਼ਾਊਲ ਦੇ ਸਿਰ ਉੱਤੇ ਤੇਲ ਪਾ ਕੇ ਉਸ ਨੂੰ ਆਗੂ ਬਣਾਇਆ ਅਤੇ ਉਸ ਨੂੰ ਚੁੰਮਿਆ ਅਤੇ ਹੋਰ ਹਿਦਾਇਤਾਂ ਦਿੱਤੀਆਂ। ਇਸ ਤਰ੍ਹਾਂ ਉਸ ਨੇ ਸ਼ਾਊਲ ਨੂੰ ਨਵੀਂ ਜ਼ਿੰਮੇਵਾਰੀ ਲਈ ਤਿਆਰ ਕਰ ਕੇ ਵਿਦਾ ਕੀਤਾ।—1 ਸਮੂ. 9:17-27; 10:1.

15 ਇਹ ਸੱਚ ਹੈ ਕਿ ਕਿਸੇ ਨੂੰ ਕੌਮ ਦਾ ਆਗੂ ਚੁਣਨ ਅਤੇ ਮੰਡਲੀ ਵਿਚ ਕਿਸੇ ਭਰਾ ਨੂੰ ਬਜ਼ੁਰਗ ਜਾਂ ਸਹਾਇਕ ਸੇਵਕ ਬਣਨ ਲਈ ਟ੍ਰੇਨਿੰਗ ਦੇਣ ਵਿਚ ਫ਼ਰਕ ਹੈ। ਫਿਰ ਵੀ, ਅੱਜ ਬਜ਼ੁਰਗ ਸਮੂਏਲ ਦੇ ਤਰੀਕੇ ਤੋਂ ਕਈ ਵਧੀਆ ਗੱਲਾਂ ਸਿੱਖ ਸਕਦੇ ਹਨ। ਆਓ ਆਪਾਂ ਦੋ ਗੱਲਾਂ ਉੱਤੇ ਗੌਰ ਕਰੀਏ।

ਟ੍ਰੇਨਿੰਗ ਦੇਣ ਲਈ ਤਿਆਰ ਰਹੋ ਅਤੇ ਸੱਚੇ ਦੋਸਤ ਬਣੋ

16. (ੳ) ਜਦੋਂ ਇਜ਼ਰਾਈਲੀਆਂ ਨੇ ਇਕ ਰਾਜੇ ਦੀ ਮੰਗ ਕੀਤੀ, ਤਾਂ ਸਮੂਏਲ ਨੇ ਕਿਵੇਂ ਮਹਿਸੂਸ ਕੀਤਾ? (ਅ) ਸ਼ਾਊਲ ਨੂੰ ਆਗੂ ਚੁਣਨ ਵੇਲੇ ਸਮੂਏਲ ਦਾ ਰਵੱਈਆ ਕੀ ਸੀ?

16 ਤਿਆਰ ਰਹੋ, ਨਾ ਕਿ ਹਿਚਕਿਚਾਓ। ਜਦੋਂ ਸਮੂਏਲ ਨੇ ਪਹਿਲੀ ਵਾਰ ਸੁਣਿਆ ਕਿ ਇਜ਼ਰਾਈਲੀ ਚਾਹੁੰਦੇ ਸਨ ਕਿ ਉਨ੍ਹਾਂ ਉੱਤੇ ਕਿਸੇ ਇਨਸਾਨ ਨੂੰ ਰਾਜਾ ਬਣਾਇਆ ਜਾਵੇ, ਤਾਂ ਉਹ ਬਹੁਤ ਹੀ ਨਿਰਾਸ਼ ਹੋਇਆ। ਉਸ ਨੂੰ ਮਹਿਸੂਸ ਹੋਇਆ ਕਿ ਲੋਕਾਂ ਨੇ ਉਸ ਨੂੰ ਠੁਕਰਾ ਦਿੱਤਾ ਸੀ। (1 ਸਮੂ. 8:4-8) ਅਸਲ ਵਿਚ, ਉਹ ਲੋਕਾਂ ਦੀ ਮੰਗ ਪੂਰੀ ਕਰਨ ਵਿਚ ਇੰਨਾ ਹਿਚਕਿਚਾ ਰਿਹਾ ਸੀ ਕਿ ਯਹੋਵਾਹ ਨੂੰ ਉਸ ਨੂੰ ਤਿੰਨ ਵਾਰ ਕਹਿਣਾ ਪਿਆ ਕਿ ਉਹ ਲੋਕਾਂ ਦੀ ਗੱਲ ਸੁਣੇ। (1 ਸਮੂ. 8:7, 9, 22) ਤਾਂ ਵੀ, ਸਮੂਏਲ ਨੇ ਆਪਣੇ ਦਿਲ ਵਿਚ ਉਸ ਬੰਦੇ ਲਈ ਈਰਖਾ ਜਾਂ ਗੁੱਸਾ ਨਹੀਂ ਪੈਦਾ ਹੋਣ ਦਿੱਤਾ ਜਿਸ ਨੇ ਉਸ ਦੀ ਜਗ੍ਹਾ ਆਗੂ ਬਣਨਾ ਸੀ। ਜਦੋਂ ਯਹੋਵਾਹ ਨੇ ਸਮੂਏਲ ਨੂੰ ਕਿਹਾ ਕਿ ਉਹ ਸ਼ਾਊਲ ਨੂੰ ਆਗੂ ਚੁਣੇ, ਤਾਂ ਉਸ ਨੇ ਮਜਬੂਰੀ ਨਾਲ ਨਹੀਂ, ਸਗੋਂ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦਾ ਕਹਿਣਾ ਮੰਨਿਆ ਕਿਉਂਕਿ ਉਹ ਯਹੋਵਾਹ ਨੂੰ ਪਿਆਰ ਕਰਦਾ ਸੀ।

17. ਬਜ਼ੁਰਗ ਸਮੂਏਲ ਦੇ ਰਵੱਈਏ ਦੀ ਕਿਵੇਂ ਰੀਸ ਕਰਦੇ ਹਨ ਅਤੇ ਇਸ ਤੋਂ ਉਨ੍ਹਾਂ ਨੂੰ ਕਿਵੇਂ ਖ਼ੁਸ਼ੀ ਮਿਲਦੀ ਹੈ?

17 ਸਮੂਏਲ ਵਾਂਗ ਅੱਜ ਤਜਰਬੇਕਾਰ ਬਜ਼ੁਰਗ ਟ੍ਰੇਨਿੰਗ ਦੇਣ ਵੇਲੇ ਇਹੋ ਜਿਹਾ ਰਵੱਈਆ ਦਿਖਾਉਂਦੇ ਹਨ। (1 ਪਤ. 5:2) ਅਜਿਹੇ ਬਜ਼ੁਰਗ ਇਸ ਡਰੋਂ ਟ੍ਰੇਨਿੰਗ ਦੇਣ ਤੋਂ ਨਹੀਂ ਹਿਚਕਿਚਾਉਂਦੇ ਕਿ ਮੰਡਲੀ ਵਿਚ ਕੁਝ ਸਨਮਾਨ ਹੋਰ ਭਰਾਵਾਂ ਨੂੰ ਦੇ ਦਿੱਤੇ ਜਾਣਗੇ। ਖੁੱਲ੍ਹੇ ਦਿਲ ਵਾਲੇ ਬਜ਼ੁਰਗ ਹੋਰ ਭਰਾਵਾਂ ਨੂੰ ‘ਆਪਣੇ ਨਾਲ ਕੰਮ ਕਰਨ ਵਾਲੇ’ ਸਮਝਦੇ ਹਨ ਜੋ ਮੰਡਲੀ ਦੀਆਂ ਜ਼ਿੰਮੇਵਾਰੀਆਂ  ਸੰਭਾਲਣ ਵਿਚ ਮਦਦਗਾਰ ਸਾਬਤ ਹੋਣਗੇ। (2 ਕੁਰਿੰ. 1:24; ਇਬ. 13:16) ਨਾਲੇ ਬਜ਼ੁਰਗਾਂ ਨੂੰ ਇਹ ਦੇਖ ਕੇ ਖ਼ੁਸ਼ੀ ਹੁੰਦੀ ਹੈ ਕਿ ਹੋਰ ਭਰਾ ਮੰਡਲੀ ਦੇ ਫ਼ਾਇਦੇ ਲਈ ਆਪਣੀਆਂ ਕਾਬਲੀਅਤਾਂ ਇਸਤੇਮਾਲ ਕਰਦੇ ਹਨ।—ਰਸੂ. 20:35.

18, 19. ਇਕ ਬਜ਼ੁਰਗ ਕਿਸੇ ਭਰਾ ਦਾ ਦਿਲ ਕਿਵੇਂ ਤਿਆਰ ਕਰ ਸਕਦਾ ਹੈ ਅਤੇ ਇਸ ਤਰ੍ਹਾਂ ਕਰਨਾ ਕਿਉਂ ਜ਼ਰੂਰੀ ਹੈ?

18 ਦੋਸਤ ਬਣੋ, ਨਾ ਕਿ ਸਿਰਫ਼ ਟ੍ਰੇਨਿੰਗ ਦੇਣ ਵਾਲੇ। ਜੇ ਸਮੂਏਲ ਚਾਹੁੰਦਾ, ਤਾਂ ਉਹ ਪਹਿਲੇ ਹੀ ਦਿਨ ਆਪਣੀ ਕੁੱਪੀ ਕੱਢ ਕੇ ਕਾਹਲੀ ਵਿਚ ਸ਼ਾਊਲ ਦੇ ਸਿਰ ਉੱਤੇ ਤੇਲ ਪਾ ਕੇ ਨਵੇਂ ਰਾਜੇ ਨੂੰ ਵਿਦਾ ਕਰ ਸਕਦਾ ਸੀ। ਪਰ ਇਸ ਤਰ੍ਹਾਂ ਕਰਨ ਨਾਲ ਸ਼ਾਊਲ ਨੇ ਆਪਣੀ ਨਵੀਂ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਨਹੀਂ ਹੋਣਾ ਸੀ। ਇਸ ਦੀ ਬਜਾਇ, ਸਮੂਏਲ ਨੇ ਪਿਆਰ ਨਾਲ ਹੌਲੀ-ਹੌਲੀ ਉਸ ਦੇ ਦਿਲ ਨੂੰ ਤਿਆਰ ਕੀਤਾ। ਰੋਟੀ ਖਾ ਕੇ ਸੈਰ ਦਾ ਮਜ਼ਾ ਲੈਣ, ਖੁੱਲ੍ਹ ਕੇ ਗੱਲ ਕਰਨ ਅਤੇ ਚੰਗੀ ਤਰ੍ਹਾਂ ਆਰਾਮ ਕਰਨ ਤੋਂ ਬਾਅਦ ਸਮੂਏਲ ਨਬੀ ਨੂੰ ਮਹਿਸੂਸ ਹੋਇਆ ਕਿ ਸ਼ਾਊਲ ਨੂੰ ਰਾਜਾ ਬਣਾਉਣ ਦਾ ਸਹੀ ਸਮਾਂ ਆ ਗਿਆ ਸੀ।

ਦੂਸਰਿਆਂ ਨੂੰ ਟ੍ਰੇਨਿੰਗ ਦੇਣ ਦੀ ਸ਼ੁਰੂਆਤ ਦੋਸਤੀ ਨਾਲ ਕਰੋ (ਪੈਰੇ 18, 19 ਦੇਖੋ)

19 ਇਸੇ ਤਰ੍ਹਾਂ, ਅੱਜ ਇਕ ਬਜ਼ੁਰਗ ਨੂੰ ਕਿਸੇ ਭਰਾ ਨੂੰ ਟ੍ਰੇਨਿੰਗ ਦੇਣ ਲਈ ਵਧੀਆ ਮਾਹੌਲ ਪੈਦਾ ਕਰਨਾ ਚਾਹੀਦਾ ਹੈ ਅਤੇ ਉਸ ਨਾਲ ਦੋਸਤੀ ਕਰਨੀ ਚਾਹੀਦੀ ਹੈ। ਉਸ ਨਾਲ ਦੋਸਤੀ ਕਰਨ ਲਈ ਬਜ਼ੁਰਗ ਕੀ ਕਰਦਾ ਹੈ, ਇਹ ਹਰ ਦੇਸ਼ ਦੇ ਹਾਲਾਤਾਂ ਅਤੇ ਰਿਵਾਜਾਂ ਉੱਤੇ ਨਿਰਭਰ ਕਰਦਾ ਹੈ। ਪਰ ਤੁਸੀਂ ਭਾਵੇਂ ਜਿੱਥੇ ਮਰਜ਼ੀ ਰਹਿੰਦੇ ਹੋ, ਜੇ ਤੁਸੀਂ ਬਿਜ਼ੀ ਹੋਣ ਦੇ ਬਾਵਜੂਦ ਕਿਸੇ ਭਰਾ ਨਾਲ ਸਮਾਂ ਬਿਤਾਉਂਦੇ ਹੋ, ਤਾਂ ਤੁਸੀਂ ਅਸਲ ਵਿਚ ਉਸ ਨੂੰ ਕਹਿ ਰਹੇ ਹੋ, “ਮੈਂ ਤੇਰੀ ਬਹੁਤ ਕਦਰ ਕਰਦਾ ਹਾਂ।” (ਰੋਮੀਆਂ 12:10 ਪੜ੍ਹੋ।) ਇਸ ਤੋਂ ਉਸ ਭਰਾ ਨੂੰ ਅਹਿਸਾਸ ਹੋਵੇਗਾ ਕਿ ਤੁਸੀਂ ਉਸ ਦੀ ਕਿੰਨੀ ਪਰਵਾਹ ਕਰਦੇ ਹੋ।

20, 21. (ੳ) ਕਾਮਯਾਬੀ ਨਾਲ ਟ੍ਰੇਨਿੰਗ ਦੇਣ ਲਈ ਕੀ ਜ਼ਰੂਰੀ ਹੈ? (ਅ) ਅਗਲੇ ਲੇਖ ਵਿਚ ਕਿਸ ਗੱਲ ’ਤੇ ਚਰਚਾ ਕੀਤੀ ਜਾਵੇਗੀ?

20 ਬਜ਼ੁਰਗੋ, ਯਾਦ ਰੱਖੋ ਕਿ ਭਰਾਵਾਂ ਨੂੰ ਟ੍ਰੇਨਿੰਗ ਦੇਣ ਵਿਚ ਕਾਮਯਾਬ ਹੋਣ ਲਈ ਜ਼ਰੂਰੀ ਹੈ ਕਿ ਤੁਸੀਂ ਉਨ੍ਹਾਂ ਨਾਲ ਪਿਆਰ ਵੀ ਕਰੋ। (ਯੂਹੰਨਾ 5:20 ਵਿਚਲਾ ਨੁਕਤਾ ਦੇਖੋ।) ਇਹ ਕਿਉਂ ਜ਼ਰੂਰੀ ਹੈ? ਕਿਉਂਕਿ ਭਰਾਵਾਂ ਨੂੰ ਮਹਿਸੂਸ ਹੋਵੇਗਾ ਕਿ ਤੁਸੀਂ ਸੱਚ-ਮੁੱਚ ਉਨ੍ਹਾਂ ਦੀ ਪਰਵਾਹ ਕਰਦੇ ਹੋ ਅਤੇ ਉਹ ਖ਼ੁਸ਼ੀ-ਖ਼ੁਸ਼ੀ ਤੁਹਾਡੇ ਤੋਂ ਸਿੱਖਣ ਲਈ ਤਿਆਰ ਹੋਣਗੇ। ਇਸ ਲਈ ਪਿਆਰੇ ਬਜ਼ੁਰਗੋ, ਤੁਸੀਂ ਸਿਰਫ਼ ਟ੍ਰੇਨਿੰਗ ਹੀ ਨਾ ਦਿਓ, ਸਗੋਂ ਦੋਸਤ ਵੀ ਬਣੋ।—ਕਹਾ. 17:17; ਯੂਹੰ. 15:15.

21 ਕਿਸੇ ਭਰਾ ਦੇ ਦਿਲ ਨੂੰ ਤਿਆਰ ਕਰਨ ਤੋਂ ਬਾਅਦ ਇਕ ਬਜ਼ੁਰਗ ਉਸ ਨੂੰ ਜ਼ਰੂਰੀ ਕੰਮਾਂ ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਸਕਦਾ ਹੈ। ਬਜ਼ੁਰਗ ਕਿਹੜੇ ਤਰੀਕੇ ਵਰਤ ਸਕਦਾ ਹੈ? ਇਸ ਬਾਰੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ।

^ ਪੈਰਾ 3 ਇਹ ਲੇਖ ਤੇ ਅਗਲਾ ਲੇਖ ਖ਼ਾਸ ਤੌਰ ਤੇ ਬਜ਼ੁਰਗਾਂ ਲਈ ਲਿਖਿਆ ਗਿਆ ਹੈ। ਪਰ ਮੰਡਲੀ ਵਿਚ ਸਾਰਿਆਂ ਨੂੰ ਇਨ੍ਹਾਂ ਲੇਖਾਂ ਵਿਚ ਦੱਸੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਕਿਉਂ? ਇਸ ਨਾਲ ਬਪਤਿਸਮਾ-ਪ੍ਰਾਪਤ ਭਰਾਵਾਂ ਨੂੰ ਅਹਿਸਾਸ ਹੋਵੇਗਾ ਕਿ ਉਨ੍ਹਾਂ ਨੂੰ ਮੰਡਲੀ ਦੀਆਂ ਜ਼ਿੰਮੇਵਾਰੀਆਂ ਚੁੱਕਣ ਲਈ ਟ੍ਰੇਨਿੰਗ ਲੈਣ ਦੀ ਲੋੜ ਹੈ। ਜਦੋਂ ਮੰਡਲੀ ਵਿਚ ਜ਼ਿਆਦਾ ਭਰਾਵਾਂ ਨੂੰ ਟ੍ਰੇਨਿੰਗ ਮਿਲੇਗੀ, ਤਾਂ ਸਾਰਿਆਂ ਨੂੰ ਫ਼ਾਇਦਾ ਹੋਵੇਗਾ।

^ ਪੈਰਾ 11 ਇਹ ਬਜ਼ੁਰਗ ਅਮਰੀਕਾ, ਆਸਟ੍ਰੇਲੀਆ, ਕੋਰੀਆ, ਜਪਾਨ, ਦੱਖਣੀ ਅਫ਼ਰੀਕਾ, ਨਮੀਬੀਆ, ਨਾਈਜੀਰੀਆ, ਫਰਾਂਸ, ਫ਼੍ਰੈਂਚ ਗੀਆਨਾ, ਬੰਗਲਾਦੇਸ਼, ਬ੍ਰਾਜ਼ੀਲ, ਬੈਲਜੀਅਮ, ਮੈਕਸੀਕੋ, ਰੀਯੂਨੀਅਨ ਅਤੇ ਰੂਸ ਵਿਚ ਰਹਿੰਦੇ ਹਨ।