Skip to content

Skip to table of contents

“ਹੁਣ ਤੁਸੀਂ ਪਰਮੇਸ਼ੁਰ ਦੇ ਲੋਕ ਹੋ”

“ਹੁਣ ਤੁਸੀਂ ਪਰਮੇਸ਼ੁਰ ਦੇ ਲੋਕ ਹੋ”

“ਪਹਿਲਾਂ ਤੁਹਾਡੀ ਆਪਣੀ ਕੋਈ ਪਛਾਣ ਨਹੀਂ ਸੀ, ਪਰ ਹੁਣ ਤੁਸੀਂ ਪਰਮੇਸ਼ੁਰ ਦੇ ਲੋਕ ਹੋ।”1 ਪਤ. 2:10.

1, 2. ਪੰਤੇਕੁਸਤ 33 ਈ. ਦੇ ਦਿਨ ਕਿਹੜੀ ਅਹਿਮ ਘਟਨਾ ਹੋਈ ਅਤੇ ਕੌਣ ਯਹੋਵਾਹ ਦੀ ਨਵੀਂ ਕੌਮ ਦੇ ਮੈਂਬਰ ਬਣੇ ਸਨ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

ਪੰਤੇਕੁਸਤ 33 ਈ. ਵਿਚ ਯਹੋਵਾਹ ਦੇ ਲੋਕਾਂ ਦੇ ਇਤਿਹਾਸ ਵਿਚ ਇਕ ਨਵਾਂ ਮੋੜ ਆਇਆ। ਉਸ ਦਿਨ ਇਕ ਅਹਿਮ ਘਟਨਾ ਹੋਈ। ਉਸ ਦਿਨ ਯਹੋਵਾਹ ਨੇ ਆਪਣੀ ਸ਼ਕਤੀ ਨਾਲ ਇਕ ਨਵੀਂ ਕੌਮ ਪੈਦਾ ਕੀਤੀ ਜਿਸ ਨੂੰ ‘ਪਰਮੇਸ਼ੁਰ ਦਾ ਇਜ਼ਰਾਈਲ’ ਕਿਹਾ ਜਾਂਦਾ ਹੈ। (ਗਲਾ. 6:16) ਇਸ ਦਿਨ ਤੋਂ ਪਰਮੇਸ਼ੁਰ ਦੇ ਲੋਕਾਂ ਨੂੰ ਆਪਣੀ ਪਛਾਣ ਲਈ ਸੁੰਨਤ ਕਰਾਉਣ ਦੀ ਲੋੜ ਨਹੀਂ ਰਹੀ ਜਿਸ ਤਰ੍ਹਾਂ ਉਹ ਅਬਰਾਹਾਮ ਦੇ ਦਿਨਾਂ ਵਿਚ ਕਰਾਉਂਦੇ ਸਨ। ਇਸ ਦੀ ਬਜਾਇ, ਉਸ ਕੌਮ ਦੇ ਮੈਂਬਰਾਂ ਬਾਰੇ ਪੌਲੁਸ ਨੇ ਲਿਖਿਆ: “[ਉਨ੍ਹਾਂ ਦੀ] ਅਸਲੀ ਸੁੰਨਤ ਦਿਲ ਦੀ ਸੁੰਨਤ ਹੈ ਜਿਹੜੀ ਪਵਿੱਤਰ ਸ਼ਕਤੀ ਅਨੁਸਾਰ ਹੈ।”ਰੋਮੀ. 2:29.

2 ਪਰਮੇਸ਼ੁਰ ਦੀ ਨਵੀਂ ਕੌਮ ਦੇ ਪਹਿਲੇ ਮੈਂਬਰ ਰਸੂਲ ਅਤੇ ਮਸੀਹ ਦੇ 100 ਤੋਂ ਜ਼ਿਆਦਾ ਹੋਰ ਚੇਲੇ ਸਨ ਜੋ ਯਰੂਸ਼ਲਮ ਵਿਚ ਚੁਬਾਰੇ ਵਿਚ ਇਕੱਠੇ ਹੋਏ ਸਨ। (ਰਸੂ. 1:12-15) ਉਨ੍ਹਾਂ ਉੱਤੇ ਪਵਿੱਤਰ ਸ਼ਕਤੀ ਪਾਈ ਗਈ ਸੀ ਜਿਸ ਕਰਕੇ ਉਹ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨਾਲ ਚੁਣੇ ਹੋਏ ਪੁੱਤਰ ਬਣ ਗਏ। (ਰੋਮੀ. 8:15, 16; 2 ਕੁਰਿੰ. 1:21) ਇਹ ਇਸ ਗੱਲ ਦਾ ਸਬੂਤ ਸੀ ਕਿ ਯਹੋਵਾਹ ਨੇ ਮਸੀਹ ਦੀ ਕੁਰਬਾਨੀ ਕਬੂਲ ਕਰ ਲਈ ਸੀ ਤੇ ਮੂਸਾ ਰਾਹੀਂ ਕੀਤੇ ਇਕਰਾਰ ਦੀ ਜਗ੍ਹਾ ਨਵੇਂ ਇਕਰਾਰ ਨੇ ਲੈ ਲਈ ਸੀ। (ਲੂਕਾ 22:20; ਇਬਰਾਨੀਆਂ 9:15 ਪੜ੍ਹੋ।) ਇਹ ਚੇਲੇ ਯਹੋਵਾਹ ਦੀ ਨਵੀਂ ਕੌਮ ਦੇ ਮੈਂਬਰ ਬਣ ਗਏ। ਪਵਿੱਤਰ ਸ਼ਕਤੀ ਦੀ ਮਦਦ ਨਾਲ ਇਨ੍ਹਾਂ ਚੇਲਿਆਂ ਨੇ ਯਹੂਦੀਆਂ ਅਤੇ ਯਹੂਦੀ ਧਰਮ ਅਪਣਾਉਣ ਵਾਲੇ ਲੋਕਾਂ ਦੀਆਂ ਵੱਖੋ-ਵੱਖਰੀਆਂ ਭਾਸ਼ਾਵਾਂ  ਵਿਚ ਪ੍ਰਚਾਰ ਕੀਤਾ। ਇਹ ਲੋਕ ਪੂਰੇ ਰੋਮੀ ਸਾਮਰਾਜ ਤੋਂ ਯਰੂਸ਼ਲਮ ਵਿਚ ਹਫ਼ਤਿਆਂ ਦਾ ਤਿਉਹਾਰ ਯਾਨੀ ਪੰਤੇਕੁਸਤ ਦਾ ਤਿਉਹਾਰ ਮਨਾਉਣ ਆਏ ਹੋਏ ਸਨ। ਇਨ੍ਹਾਂ ਲੋਕਾਂ ਨੇ ਚੁਣੇ ਹੋਏ ਮਸੀਹੀਆਂ ਦੁਆਰਾ ਦੱਸੇ “ਪਰਮੇਸ਼ੁਰ ਦੇ ਸ਼ਾਨਦਾਰ ਕੰਮਾਂ” ਬਾਰੇ ਆਪਣੀ ਭਾਸ਼ਾ ਵਿਚ ਸੁਣਿਆ ਤੇ ਸਮਝਿਆ।ਰਸੂ. 2:1-11.

ਪਰਮੇਸ਼ੁਰ ਦੇ ਨਵੇਂ ਲੋਕ

3-5. (ੳ) ਪੰਤੇਕੁਸਤ ਦੇ ਦਿਨ ਪਤਰਸ ਨੇ ਯਹੂਦੀਆਂ ਨੂੰ ਕੀ ਕਿਹਾ? (ਅ) ਯਹੋਵਾਹ ਦੀ ਨਵੀਂ ਕੌਮ ਦੇ ਸ਼ੁਰੂਆਤੀ ਸਾਲਾਂ ਵਿਚ ਕਿਹੜੀਆਂ ਗੱਲਾਂ ਕਰਕੇ ਕੌਮ ਵਿਚ ਵਾਧਾ ਹੋਇਆ?

3 ਯਹੋਵਾਹ ਨੇ ਪਤਰਸ ਰਸੂਲ ਰਾਹੀਂ ਯਹੂਦੀਆਂ ਅਤੇ ਯਹੂਦੀ ਧਰਮ ਅਪਣਾਉਣ ਵਾਲਿਆਂ ਨੂੰ ਸੱਦਾ ਦਿੱਤਾ ਕਿ ਉਹ ਨਵੀਂ ਕੌਮ ਯਾਨੀ ਮਸੀਹੀ ਮੰਡਲੀ ਦੇ ਮੈਂਬਰ ਬਣਨ। ਪੰਤੇਕੁਸਤ ਦੇ ਦਿਨ ਪਤਰਸ ਨੇ ਦਲੇਰੀ ਨਾਲ ਯਹੂਦੀਆਂ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਯਿਸੂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਜਿਸ ਨੂੰ ਉਨ੍ਹਾਂ ਨੇ “ਸੂਲ਼ੀ ’ਤੇ ਟੰਗਿਆ ਸੀ।” ਕਿਉਂ? ਕਿਉਂਕਿ “ਯਿਸੂ ਨੂੰ ਪਰਮੇਸ਼ੁਰ ਨੇ ਪ੍ਰਭੂ ਅਤੇ ਮਸੀਹ ਬਣਾਇਆ ਹੈ।” ਜਦੋਂ ਭੀੜ ਨੇ ਪਤਰਸ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ, ਤਾਂ ਉਸ ਨੇ ਕਿਹਾ: “ਤੁਸੀਂ ਸਾਰੇ ਤੋਬਾ ਕਰੋ ਅਤੇ ਆਪਣੇ ਪਾਪਾਂ ਦੀ ਮਾਫ਼ੀ ਲਈ ਯਿਸੂ ਮਸੀਹ ਦੇ ਨਾਂ ’ਤੇ ਬਪਤਿਸਮਾ ਲਓ ਅਤੇ ਤੁਹਾਨੂੰ ਪਵਿੱਤਰ ਸ਼ਕਤੀ ਦੀ ਦਾਤ ਮਿਲੇਗੀ।” (ਰਸੂ. 2:22, 23, 36-38) ਉਸ ਦਿਨ ਲਗਭਗ 3,000 ਲੋਕ ਪਰਮੇਸ਼ੁਰ ਦੀ ਨਵੀਂ ਕੌਮ ਦਾ ਹਿੱਸਾ ਬਣੇ। (ਰਸੂ. 2:41) ਬਾਅਦ ਵਿਚ ਰਸੂਲਾਂ ਵੱਲੋਂ ਜੋਸ਼ ਨਾਲ ਕੀਤੇ ਪ੍ਰਚਾਰ ਕਾਰਨ ਹੋਰ ਬਹੁਤ ਸਾਰੇ ਲੋਕ ਚੇਲੇ ਬਣੇ। (ਰਸੂ. 6:7) ਇਸ ਤਰ੍ਹਾਂ ਨਵੀਂ ਕੌਮ ਵਿਚ ਵਾਧਾ ਹੁੰਦਾ ਗਿਆ।

4 ਬਾਅਦ ਵਿਚ ਸਾਮਰੀ ਲੋਕਾਂ ਨੂੰ ਵੀ ਪ੍ਰਚਾਰ ਕੀਤਾ ਜਾਣ ਲੱਗਾ ਜਿਸ ਦੇ ਚੰਗੇ ਨਤੀਜੇ ਨਿਕਲੇ। ਪ੍ਰਚਾਰਕ ਫ਼ਿਲਿੱਪੁਸ ਨੇ ਕਈਆਂ ਨੂੰ ਬਪਤਿਸਮਾ ਦਿੱਤਾ, ਪਰ ਉਨ੍ਹਾਂ ਨੂੰ ਉਸੇ ਵੇਲੇ ਪਵਿੱਤਰ ਸ਼ਕਤੀ ਨਹੀਂ ਮਿਲੀ। ਯਰੂਸ਼ਲਮ ਵਿਚ ਪ੍ਰਬੰਧਕ ਸਭਾ ਨੇ ਸਾਮਰੀ ਮਸੀਹੀਆਂ ਕੋਲ ਪਤਰਸ ਅਤੇ ਯੂਹੰਨਾ ਰਸੂਲ ਨੂੰ ਘੱਲਿਆ ਜਿਨ੍ਹਾਂ ਨੇ “ਉਨ੍ਹਾਂ ਉੱਤੇ ਆਪਣੇ ਹੱਥ ਰੱਖੇ ਅਤੇ ਉਨ੍ਹਾਂ ਨੂੰ ਪਵਿੱਤਰ ਸ਼ਕਤੀ ਮਿਲੀ।” (ਰਸੂ. 8:5, 6, 14-17) ਇਸ ਤਰ੍ਹਾਂ ਸਾਮਰੀ ਮਸੀਹੀਆਂ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ ਤੇ ਉਹ ਵੀ ਪਰਮੇਸ਼ੁਰ ਦੀ ਨਵੀਂ ਕੌਮ ਦਾ ਹਿੱਸਾ ਬਣ ਗਏ।

ਪਤਰਸ ਨੇ ਕੁਰਨੇਲੀਅਸ ਤੇ ਉਸ ਦੇ ਘਰਦਿਆਂ ਨੂੰ ਪ੍ਰਚਾਰ ਕੀਤਾ (ਪੈਰਾ 5 ਦੇਖੋ)

5 ਫਿਰ 36 ਈ. ਵਿਚ ਪਤਰਸ ਰਾਹੀਂ ਹੋਰ ਲੋਕਾਂ ਨੂੰ ਨਵੀਂ ਕੌਮ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਗਿਆ। ਇਹ ਸੱਦਾ ਉਦੋਂ ਦਿੱਤਾ ਗਿਆ ਜਦੋਂ ਪਤਰਸ ਨੇ ਰੋਮੀ ਫ਼ੌਜੀ ਕੁਰਨੇਲੀਅਸ, ਉਸ ਦੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਪ੍ਰਚਾਰ ਕੀਤਾ। (ਰਸੂ. 10:22, 24, 34, 35) ਬਾਈਬਲ ਦੱਸਦੀ ਹੈ: “ਜਦੋਂ ਪਤਰਸ ਇਹ ਗੱਲਾਂ ਕਰ ਹੀ ਰਿਹਾ ਸੀ, ਤਾਂ . . . ਸਾਰੇ [ਗ਼ੈਰ-ਯਹੂਦੀ] ਲੋਕਾਂ ਉੱਤੇ ਪਵਿੱਤਰ ਸ਼ਕਤੀ ਆਈ। ਅਤੇ ਪਤਰਸ ਨਾਲ ਆਏ ਯਹੂਦੀ ਚੇਲੇ ਇਹ ਦੇਖ ਕੇ ਹੱਕੇ-ਬੱਕੇ ਰਹਿ ਗਏ ਕਿ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਨੂੰ ਵੀ ਪਵਿੱਤਰ ਸ਼ਕਤੀ ਦੀ ਦਾਤ ਮਿਲ ਰਹੀ ਸੀ।” (ਰਸੂ. 10:44, 45) ਇਸ ਤਰ੍ਹਾਂ ਬੇਸੁੰਨਤੇ ਗ਼ੈਰ-ਯਹੂਦੀਆਂ ਨੂੰ ਵੀ ਪਰਮੇਸ਼ੁਰ ਦੀ ਨਵੀਂ ਕੌਮ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਗਿਆ।

‘ਲੋਕਾਂ ਨੂੰ ਆਪਣਾ ਨਾਂ ਦਿੱਤਾ’

6, 7. ਯਹੋਵਾਹ ਦੀ ਨਵੀਂ ਕੌਮ ਦੇ ਮੈਂਬਰਾਂ ਨੇ ਕੀ ਕਰਨਾ ਸੀ ਜਿਨ੍ਹਾਂ ਨੂੰ ‘ਉਸ ਨੇ ਆਪਣਾ ਨਾਂ ਦਿੱਤਾ’ ਸੀ ਤੇ ਉਨ੍ਹਾਂ ਨੇ ਇਹ ਕੰਮ ਕਿਸ ਹੱਦ ਤਕ ਕੀਤਾ ਸੀ?

6 49 ਈ. ਵਿਚ ਪਹਿਲੀ ਸਦੀ ਦੇ ਮਸੀਹੀਆਂ ਦੀ ਪ੍ਰਬੰਧਕ ਸਭਾ ਦੀ ਮੀਟਿੰਗ ਵਿਚ ਚੇਲੇ ਯਾਕੂਬ ਨੇ ਕਿਹਾ: “ਪਤਰਸ ਨੇ ਖੋਲ੍ਹ ਕੇ ਦੱਸਿਆ ਕਿ ਕਿਵੇਂ ਪਰਮੇਸ਼ੁਰ ਨੇ ਪਹਿਲੀ ਵਾਰ ਗ਼ੈਰ-ਯਹੂਦੀ ਕੌਮਾਂ ਵੱਲ ਧਿਆਨ ਦਿੱਤਾ ਤਾਂਕਿ ਉਹ ਉਨ੍ਹਾਂ ਲੋਕਾਂ ਨੂੰ ਆਪਣਾ ਨਾਂ ਦੇਵੇ।” (ਰਸੂ. 15:14) ਯਹੋਵਾਹ ਦੇ ਨਾਂ ਤੋਂ ਜਾਣੇ ਜਾਣ ਵਾਲੇ ਇਨ੍ਹਾਂ ਨਵੇਂ ਲੋਕਾਂ ਵਿਚ ਯਹੂਦੀ ਅਤੇ ਗ਼ੈਰ-ਯਹੂਦੀ ਮਸੀਹੀ  ਸਨ। (ਰੋਮੀ. 11:25, 26ੳ) ਬਾਅਦ ਵਿਚ ਪਤਰਸ ਨੇ ਲਿਖਿਆ: “ਪਹਿਲਾਂ ਤੁਹਾਡੀ ਆਪਣੀ ਕੋਈ ਪਛਾਣ ਨਹੀਂ ਸੀ, ਪਰ ਹੁਣ ਤੁਸੀਂ ਪਰਮੇਸ਼ੁਰ ਦੇ ਲੋਕ ਹੋ।” ਪਤਰਸ ਨੇ ਇਨ੍ਹਾਂ ਮਸੀਹੀਆਂ ਦੇ ਕੰਮ ਬਾਰੇ ਦੱਸਦੇ ਹੋਏ ਕਿਹਾ: “ਤੁਸੀਂ ‘ਚੁਣਿਆ ਹੋਇਆ ਵੰਸ, ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ, ਪਵਿੱਤਰ ਕੌਮ ਅਤੇ ਪਰਮੇਸ਼ੁਰ ਦੇ ਖ਼ਾਸ ਲੋਕ ਹੋ, ਤਾਂਕਿ ਤੁਸੀਂ ਹਰ ਪਾਸੇ ਉਸ ਦੇ ਗੁਣ ਗਾਓ’ ਜਿਹੜਾ ਤੁਹਾਨੂੰ ਹਨੇਰੇ ਵਿੱਚੋਂ ਕੱਢ ਕੇ ਆਪਣੇ ਸ਼ਾਨਦਾਰ ਚਾਨਣ ਵਿਚ ਲਿਆਇਆ ਹੈ।” (1 ਪਤ. 2:9, 10) ਇਹ ਮਸੀਹੀ ਜਿਸ ਪਰਮੇਸ਼ੁਰ ਦੇ ਨਾਂ ਤੋਂ ਜਾਣੇ ਜਾਂਦੇ ਸਨ, ਇਨ੍ਹਾਂ ਨੇ ਉਸ ਪਰਮੇਸ਼ੁਰ ਦੀ ਵਡਿਆਈ ਕਰਨੀ ਸੀ ਤੇ ਸਾਰੇ ਲੋਕਾਂ ਸਾਮ੍ਹਣੇ ਉਸ ਦਾ ਨਾਂ ਰੌਸ਼ਨ ਕਰਨਾ ਸੀ। ਇਨ੍ਹਾਂ ਨੇ ਪੂਰੇ ਜਹਾਨ ਦੇ ਮਾਲਕ ਯਹੋਵਾਹ ਬਾਰੇ ਦਲੇਰੀ ਨਾਲ ਗਵਾਹੀ ਦੇਣੀ ਸੀ।

7 ਪੈਦਾਇਸ਼ੀ ਇਜ਼ਰਾਈਲੀਆਂ ਵਾਂਗ ਨਵੀਂ ਕੌਮ ਦੇ ਮੈਂਬਰਾਂ ਬਾਰੇ ਵੀ ਯਹੋਵਾਹ ਨੇ ਕਿਹਾ: “ਮੈਂ ਇਸ ਪਰਜਾ ਨੂੰ ਆਪਣੇ ਲਈ ਸਾਜਿਆ, ਭਈ ਉਹ ਮੇਰੀ ਉਸਤਤ ਦਾ ਵਰਨਣ ਕਰੇ।” (ਯਸਾ. 43:21) ਪਹਿਲੀ ਸਦੀ ਦੇ ਮਸੀਹੀਆਂ ਨੇ ਉਸ ਸਮੇਂ ਪੂਜੇ ਜਾਂਦੇ ਸਾਰੇ ਦੇਵੀ-ਦੇਵਤਿਆਂ ਦਾ ਪਰਦਾਫ਼ਾਸ਼ ਕਰਦੇ ਹੋਏ ਦਲੇਰੀ ਨਾਲ ਐਲਾਨ ਕੀਤਾ ਕਿ ਯਹੋਵਾਹ ਹੀ ਇੱਕੋ-ਇਕ ਸੱਚਾ ਪਰਮੇਸ਼ੁਰ ਹੈ। (1 ਥੱਸ. 1:9) ਉਨ੍ਹਾਂ ਨੇ “ਯਰੂਸ਼ਲਮ, ਪੂਰੇ ਯਹੂਦੀਆ, ਸਾਮਰੀਆ ਅਤੇ ਧਰਤੀ ਦੇ ਕੋਨੇ-ਕੋਨੇ ਵਿਚ” ਯਹੋਵਾਹ ਅਤੇ ਯਿਸੂ ਬਾਰੇ ਗਵਾਹੀ ਦਿੱਤੀ।ਰਸੂ. 1:8; ਕੁਲੁ. 1:23.

8. ਪਹਿਲੀ ਸਦੀ ਵਿਚ ਪੌਲੁਸ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਕਿਹੜੀ ਚੇਤਾਵਨੀ ਦਿੱਤੀ ਸੀ?

8 ਪਹਿਲੀ ਸਦੀ ਵਿਚ ਰਹਿਣ ਵਾਲਾ ਦਲੇਰ ਪੌਲੁਸ ਰਸੂਲ ਵੀ ਯਹੋਵਾਹ ਦੇ ਨਾਂ ਤੋਂ ਜਾਣਿਆ ਜਾਂਦਾ ਸੀ। ਉਸ ਨੇ ਫ਼ਿਲਾਸਫ਼ਰਾਂ ਦੇ ਸਾਮ੍ਹਣੇ ਸੱਚੇ ਪਰਮੇਸ਼ੁਰ ਯਹੋਵਾਹ ਦੇ ਪੱਖ ਵਿਚ ਦਲੇਰੀ ਨਾਲ ਗਵਾਹੀ ਦਿੰਦੇ ਹੋਏ ਕਿਹਾ: “ਪਰਮੇਸ਼ੁਰ ਜਿਸ ਨੇ ਸਾਰੀ ਦੁਨੀਆਂ ਅਤੇ ਇਸ ਵਿਚਲੀਆਂ ਸਾਰੀਆਂ ਚੀਜ਼ਾਂ ਬਣਾਈਆਂ, ਉਹੀ ਸਵਰਗ ਅਤੇ ਧਰਤੀ ਦਾ ਮਾਲਕ ਹੈ।” (ਰਸੂ. 17:18, 23-25) ਆਪਣੇ ਤੀਸਰੇ ਮਿਸ਼ਨਰੀ ਦੌਰੇ ਦੇ ਅਖ਼ੀਰ ਵਿਚ ਪੌਲੁਸ ਨੇ ਪਰਮੇਸ਼ੁਰ ਦੇ ਨਾਂ ਤੋਂ ਜਾਣੇ ਜਾਂਦੇ ਲੋਕਾਂ ਨੂੰ ਚੇਤਾਵਨੀ ਦਿੱਤੀ: “ਮੈਂ ਜਾਣਦਾ ਹਾਂ ਕਿ ਮੇਰੇ ਜਾਣ ਤੋਂ ਬਾਅਦ ਖੂੰਖਾਰ ਬਘਿਆੜ ਤੁਹਾਡੇ ਵਿਚ ਆ ਜਾਣਗੇ ਅਤੇ ਭੇਡਾਂ ਨਾਲ ਬੇਰਹਿਮੀ ਭਰਿਆ ਸਲੂਕ ਕਰਨਗੇ ਅਤੇ ਤੁਹਾਡੇ ਵਿੱਚੋਂ ਹੀ ਅਜਿਹੇ ਆਦਮੀ ਉੱਠ ਖੜ੍ਹੇ ਹੋਣਗੇ ਜਿਹੜੇ ਚੇਲਿਆਂ ਨੂੰ ਆਪਣੇ ਮਗਰ ਲਾਉਣ ਲਈ ਸੱਚਾਈ ਨੂੰ ਤੋੜ-ਮਰੋੜ ਕੇ ਪੇਸ਼ ਕਰਨਗੇ।” (ਰਸੂ. 20:29, 30) ਪੌਲੁਸ ਨੇ ਜਿਸ ਧਰਮ-ਤਿਆਗ ਬਾਰੇ ਦੱਸਿਆ ਸੀ, ਉਹ ਪਹਿਲੀ ਸਦੀ ਦੇ ਅਖ਼ੀਰ ਵਿਚ ਸਾਫ਼ ਨਜ਼ਰ ਆਉਣ ਲੱਗ ਪਿਆ।1 ਯੂਹੰ. 2:18, 19.

9. ਰਸੂਲਾਂ ਦੀ ਮੌਤ ਤੋਂ ਬਾਅਦ ਯਹੋਵਾਹ ਦੇ ਨਾਂ ਤੋਂ ਜਾਣੇ ਜਾਂਦੇ ਲੋਕਾਂ ਨੇ ਕੀ ਕੀਤਾ?

9 ਰਸੂਲਾਂ ਦੀ ਮੌਤ ਤੋਂ ਬਾਅਦ ਮੰਡਲੀਆਂ ਵਿਚ ਬਹੁਤ ਸਾਰੇ ਲੋਕ ਧਰਮ-ਤਿਆਗੀ ਬਣ ਗਏ ਜਿਨ੍ਹਾਂ ਕਰਕੇ ਈਸਾਈ-ਜਗਤ ਦੇ ਵੱਖੋ-ਵੱਖਰੇ ਧਰਮਾਂ ਦੀ ਸ਼ੁਰੂਆਤ ਹੋਈ। ਯਹੋਵਾਹ ਦੇ ਨਾਂ ਤੋਂ ਜਾਣੇ ਜਾਣ ਦੇ ਸਨਮਾਨ ਦੀ ਕਦਰ ਕਰਨ ਦੀ ਬਜਾਇ ਧਰਮ-ਤਿਆਗੀ ਮਸੀਹੀਆਂ ਨੇ ਬਾਈਬਲ ਦੇ ਆਪਣੇ ਤਰਜਮਿਆਂ ਵਿੱਚੋਂ ਯਹੋਵਾਹ ਦਾ ਨਾਂ ਕੱਢ ਦਿੱਤਾ। ਇਸ ਤੋਂ ਇਲਾਵਾ, ਉਹ ਹੋਰ ਧਰਮਾਂ ਦੀਆਂ ਰੀਤਾਂ-ਰਸਮਾਂ ਨੂੰ ਮੰਨਣ ਲੱਗ ਪਏ ਤੇ ਉਹ ਸਿੱਖਿਆਵਾਂ ਦੇਣ ਲੱਗ ਪਏ ਜੋ ਬਾਈਬਲ ਵਿਚ ਨਹੀਂ ਸਨ। ਉਨ੍ਹਾਂ ਨੇ ਧਰਮ ਦੇ ਨਾਂ ’ਤੇ ਲੜਾਈਆਂ ਲੜੀਆਂ ਅਤੇ ਅਨੈਤਿਕ ਕੰਮ ਕੀਤੇ। ਇਸ ਕਰਕੇ ਸਦੀਆਂ ਤੋਂ ਧਰਤੀ ਉੱਤੇ ਯਹੋਵਾਹ ਦੇ ਵਫ਼ਾਦਾਰ ਲੋਕ ਟਾਵੇਂ-ਟਾਵੇਂ ਹੀ ਸਨ, ਪਰ ਉਹ ਸਮੂਹ ਦੇ ਤੌਰ ਤੇ ਉਸ ਦੇ ਨਾਂ ਤੋਂ ਨਹੀਂ ਜਾਣੇ ਜਾਂਦੇ ਸਨ।

ਪਰਮੇਸ਼ੁਰ ਦੇ ਲੋਕਾਂ ਦਾ ਦੁਬਾਰਾ ਜਨਮ

10, 11. (ੳ) ਯਿਸੂ ਨੇ ਕਣਕ ਅਤੇ ਜੰਗਲੀ ਬੂਟੀ ਦੀ ਮਿਸਾਲ ਦੇ ਕੇ ਕਿਹੜੀ ਭਵਿੱਖਬਾਣੀ ਕੀਤੀ? (ਅ) 1914 ਤੋਂ ਬਾਅਦ ਯਿਸੂ ਦੀ ਭਵਿੱਖਬਾਣੀ ਕਿਵੇਂ ਪੂਰੀ ਹੋਈ ਤੇ ਇਸ ਦਾ ਕੀ ਨਤੀਜਾ ਨਿਕਲਿਆ?

10 ਯਿਸੂ ਨੇ ਕਣਕ ਅਤੇ ਜੰਗਲੀ ਬੂਟੀ ਦੀ ਮਿਸਾਲ ਦੇ ਕੇ ਭਵਿੱਖਬਾਣੀ ਕੀਤੀ ਕਿ ਧਰਮ-ਤਿਆਗੀਆਂ ਕਰਕੇ ਸੱਚੇ ਮਸੀਹੀਆਂ ਨੂੰ ਪਛਾਣਨਾ ਬਹੁਤ ਮੁਸ਼ਕਲ ਹੋਵੇਗਾ। ਉਸ ਨੇ ਕਿਹਾ ਕਿ “ਜਦੋਂ ਸਾਰੇ ਸੌਂ ਰਹੇ ਸਨ,” ਤਾਂ ਸ਼ੈਤਾਨ ਨੇ ਖੇਤ ਵਿਚ ਜੰਗਲੀ ਬੂਟੀ ਦੇ ਬੀ ਬੀਜ ਦਿੱਤੇ ਜਿੱਥੇ ਮਨੁੱਖ ਦੇ ਪੁੱਤਰ ਨੇ ਕਣਕ ਦੇ ਬੀ ਬੀਜੇ ਸਨ। ਦੋਹਾਂ ਨੇ “ਯੁਗ ਦੇ ਆਖ਼ਰੀ ਸਮੇਂ” ਤਕ ਇਕੱਠੇ ਵਧਣਾ ਸੀ। ਯਿਸੂ ਨੇ ਸਮਝਾਇਆ ਕਿ “ਚੰਗੇ ਬੀ ਰਾਜ ਦੇ ਪੁੱਤਰ ਹਨ” ਅਤੇ “ਜੰਗਲੀ ਬੂਟੀ ਸ਼ੈਤਾਨ ਦੇ ਪੁੱਤਰ ਹਨ।” ਆਖ਼ਰੀ ਸਮੇਂ ਦੌਰਾਨ ਮਨੁੱਖ ਦਾ ਪੁੱਤਰ “ਫ਼ਸਲ ਵੱਢਣ  ਵਾਲੇ” ਦੂਤਾਂ ਨੂੰ ਘੱਲੇਗਾ ਜੋ ਕਣਕ ਨੂੰ ਜੰਗਲੀ ਬੂਟੀ ਤੋਂ ਵੱਖਰਾ ਕਰਨਗੇ। ਫਿਰ ਉਹ ਰਾਜ ਦੇ ਪੁੱਤਰਾਂ ਨੂੰ ਇਕੱਠਾ ਕਰਨਗੇ। (ਮੱਤੀ 13:24-30, 36-43) ਇਨ੍ਹਾਂ ਪੁੱਤਰਾਂ ਨੂੰ ਕਿਵੇਂ ਇਕੱਠਾ ਕੀਤਾ ਗਿਆ? ਪਰਮੇਸ਼ੁਰ ਨੇ ਧਰਤੀ ਉੱਤੇ ਦੁਬਾਰਾ ਆਪਣੀ ਭਗਤੀ ਕਰਾਉਣ ਲਈ ਲੋਕਾਂ ਦਾ ਸਮੂਹ ਕਿਵੇਂ ਬਣਾਇਆ?

11 ‘ਯੁਗ ਦਾ ਆਖ਼ਰੀ ਸਮਾਂ’ 1914 ਵਿਚ ਸ਼ੁਰੂ ਹੋਇਆ। ਉਸ ਸਾਲ ਹੋਏ ਵਿਸ਼ਵ ਯੁੱਧ ਦੌਰਾਨ ਕੁਝ ਹਜ਼ਾਰ ਚੁਣੇ ਹੋਏ ਮਸੀਹੀ ਯਾਨੀ “ਰਾਜ ਦੇ ਪੁੱਤਰ” ਮਹਾਂ ਬਾਬਲ ਦੇ ਸ਼ਿਕੰਜੇ ਵਿਚ ਜਕੜੇ ਹੋਏ ਸਨ। 1919 ਵਿਚ ਯਹੋਵਾਹ ਨੇ ਉਨ੍ਹਾਂ ਨੂੰ ਆਜ਼ਾਦ ਕਰਾਇਆ ਜਿਸ ਕਰਕੇ ਸੱਚੇ ਮਸੀਹੀਆਂ ਅਤੇ “ਜੰਗਲੀ ਬੂਟੀ” ਯਾਨੀ ਝੂਠੇ ਮਸੀਹੀਆਂ ਵਿਚ ਫ਼ਰਕ ਸਾਫ਼ ਨਜ਼ਰ ਆਉਣ ਲੱਗਾ। ਉਸ ਨੇ ‘ਰਾਜ ਦੇ ਪੁੱਤਰਾਂ’ ਨੂੰ ਇਕੱਠਾ ਕਰ ਕੇ ਇਕ ਸਮੂਹ ਬਣਾਇਆ ਜੋ ਯਸਾਯਾਹ ਦੀ ਭਵਿੱਖਬਾਣੀ ਦੀ ਪੂਰਤੀ ਸੀ: ‘ਭਲਾ, ਇੱਕ ਦਿਨ ਵਿੱਚ ਕੋਈ ਦੇਸ ਪੈਦਾ ਹੋ ਜਾਵੇਗਾ? ਯਾ ਇੱਕ ਪਲ ਵਿੱਚ ਕੋਈ ਕੌਮ ਜੰਮ ਪਵੇਗੀ? ਜਦੋਂ ਤਾਂ ਸੀਯੋਨ ਨੂੰ ਪੀੜਾਂ ਲੱਗੀਆਂ, ਓਸ ਆਪਣੇ ਪੁੱਤ੍ਰ ਜਣੇ।’ (ਯਸਾ. 66:8) ਸੀਯੋਨ ਦੂਤਾਂ ਨਾਲ ਬਣਿਆ ਯਹੋਵਾਹ ਦਾ ਸੰਗਠਨ ਹੈ ਅਤੇ ਇਸ ਸੰਗਠਨ ਨੇ ਧਰਤੀ ਉੱਤੇ ਚੁਣੇ ਹੋਏ ਪੁੱਤਰਾਂ ਨੂੰ ਇਕੱਠਾ ਕਰ ਕੇ ਉਨ੍ਹਾਂ ਨੂੰ ਇਕ ਕੌਮ ਬਣਾਇਆ।

12. ਚੁਣੇ ਹੋਏ ਮਸੀਹੀਆਂ ਨੇ ਕਿਵੇਂ ਦਿਖਾਇਆ ਹੈ ਕਿ ਉਨ੍ਹਾਂ ਨੂੰ ‘ਯਹੋਵਾਹ ਨੇ ਆਪਣਾ ਨਾਂ ਦਿੱਤਾ’ ਹੈ?

12 ਪਹਿਲੀ ਸਦੀ ਦੇ ਮਸੀਹੀਆਂ ਵਾਂਗ ਚੁਣੇ ਹੋਏ ‘ਰਾਜ ਦੇ ਪੁੱਤਰਾਂ’ ਨੇ ਵੀ ਯਹੋਵਾਹ ਦੇ ਗਵਾਹ ਬਣਨਾ ਸੀ। (ਯਸਾਯਾਹ 43:1, 10, 11 ਪੜ੍ਹੋ।) ਗਵਾਹ ਹੋਣ ਕਰਕੇ ਉਨ੍ਹਾਂ ਨੇ ਝੂਠੇ ਮਸੀਹੀਆਂ ਤੋਂ ਵੱਖਰੇ ਨਜ਼ਰ ਆਉਣਾ ਸੀ ਕਿਉਂਕਿ ਉਨ੍ਹਾਂ ਨੇ ਆਪਣਾ ਚਾਲ-ਚਲਣ ਨੇਕ ਰੱਖਣਾ ਸੀ ਅਤੇ “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ” ਕਰਨਾ ਸੀ। (ਮੱਤੀ 24:14; ਫ਼ਿਲਿ. 2:15) ਇਸ ਤਰ੍ਹਾਂ ਕਰਕੇ ਉਨ੍ਹਾਂ ਨੇ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਜੋੜਨ ਵਿਚ ਲੱਖਾਂ ਹੀ ਲੋਕਾਂ ਦੀ ਮਦਦ ਕੀਤੀ।ਦਾਨੀਏਲ 12:3 ਪੜ੍ਹੋ।

“ਅਸੀਂ ਤੁਹਾਡੇ ਨਾਲ ਚੱਲਾਂਗੇ”

13, 14. ਜਿਹੜੇ ਚੁਣੇ ਹੋਏ ਮਸੀਹੀ ਨਹੀਂ ਹਨ, ਉਨ੍ਹਾਂ ਨੂੰ ਯਹੋਵਾਹ ਦੀ ਭਗਤੀ ਕਰਨ ਲਈ ਕੀ ਕਰਨ ਦੀ ਲੋੜ ਹੈ ਅਤੇ ਇਸ ਬਾਰੇ ਬਾਈਬਲ ਵਿਚ ਕਿਹੜੀਆਂ ਭਵਿੱਖਬਾਣੀਆਂ ਕੀਤੀਆਂ ਗਈਆਂ ਸਨ?

13 ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ ਕਿ ਪ੍ਰਾਚੀਨ ਇਜ਼ਰਾਈਲ ਵਿਚ ਪਰਦੇਸੀ ਯਹੋਵਾਹ ਦੀ ਭਗਤੀ ਕਰ ਸਕਦੇ ਸਨ, ਪਰ ਉਨ੍ਹਾਂ ਨੂੰ ਯਹੋਵਾਹ ਦੇ ਲੋਕਾਂ ਨਾਲ  ਸੰਗਤ ਕਰਨੀ ਪੈਂਦੀ ਸੀ। (1 ਰਾਜ. 8:41-43) ਉਸੇ ਤਰ੍ਹਾਂ ਅੱਜ ਵੀ ਮਸੀਹੀਆਂ ਨੂੰ ‘ਰਾਜ ਦੇ ਪੁੱਤਰਾਂ’ ਯਾਨੀ ਪਵਿੱਤਰ ਸ਼ਕਤੀ ਨਾਲ ਯਹੋਵਾਹ ਦੇ ਚੁਣੇ ਹੋਏ ਮਸੀਹੀਆਂ ਨਾਲ ਮਿਲ ਕੇ ਭਗਤੀ ਕਰਨੀ ਚਾਹੀਦੀ ਹੈ।

14 ਪੁਰਾਣੇ ਜ਼ਮਾਨੇ ਦੇ ਦੋ ਨਬੀਆਂ ਨੇ ਭਵਿੱਖਬਾਣੀ ਕੀਤੀ ਸੀ ਕਿ ਯੁਗ ਦੇ ਆਖ਼ਰੀ ਸਮੇਂ ਵਿਚ ਬਹੁਤ ਸਾਰੇ ਲੋਕ ਯਹੋਵਾਹ ਦੇ ਲੋਕਾਂ ਨਾਲ ਮਿਲ ਕੇ ਭਗਤੀ ਕਰਨਗੇ। ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ: “ਬਹੁਤੀਆਂ ਉੱਮਤਾਂ ਆਉਣਗੀਆਂ ਅਤੇ ਆਖਣਗੀਆਂ, ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ, ਯਾਕੂਬ ਦੇ ਪਰਮੇਸ਼ੁਰ ਦੇ ਭਵਨ ਵੱਲ ਚੜ੍ਹੀਏ, ਭਈ ਉਹ ਸਾਨੂੰ ਆਪਣੇ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਮਾਰਗਾਂ ਵਿੱਚ ਚੱਲੀਏ, ਕਿਉਂ ਜੋ ਬਿਵਸਥਾ ਸੀਯੋਨ ਤੋਂ ਨਿੱਕਲੇਗੀ, ਅਤੇ ਯਹੋਵਾਹ ਦਾ ਬਚਨ ਯਰੂਸ਼ਲਮ ਤੋਂ।” (ਯਸਾ. 2:2, 3) ਇਸੇ ਤਰ੍ਹਾਂ ਜ਼ਕਰਯਾਹ ਨਬੀ ਨੇ ਭਵਿੱਖਬਾਣੀ ਕੀਤੀ ਸੀ ਕਿ “ਬਹੁਤ ਸਾਰੇ ਲੋਕ ਅਤੇ ਸੂਰ ਬੀਰ ਕੌਮਾਂ ਸੈਨਾਂ ਦੇ ਯਹੋਵਾਹ ਦੇ ਭਾਲਣ ਲਈ ਯਰੂਸ਼ਲਮ ਵਿੱਚ ਆਉਣਗੀਆਂ ਅਤੇ ਯਹੋਵਾਹ ਦੇ ਅੱਗੇ ਬੇਨਤੀ ਕਰਨਗੀਆਂ।” ਉਸ ਨੇ ਇਨ੍ਹਾਂ ਲੋਕਾਂ ਨੂੰ “ਵੱਖੋ ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਦਸ ਮਨੁੱਖ” ਕਿਹਾ। ਇਹ ਲੋਕ ਚੁਣੇ ਹੋਏ ਮਸੀਹੀਆਂ ਦਾ ਪੱਲਾ ਫੜਨਗੇ ਯਾਨੀ ਉਨ੍ਹਾਂ ਨਾਲ ਮਿਲ ਕੇ ਭਗਤੀ ਕਰਨਗੇ ਅਤੇ ਕਹਿਣਗੇ: “ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ!”ਜ਼ਕ. 8:20-23.

15. “ਹੋਰ ਭੇਡਾਂ” ਕਿਹੜਾ ਕੰਮ ਕਰ ਕੇ ਚੁਣੇ ਹੋਏ ਮਸੀਹੀਆਂ ਨਾਲ ‘ਚੱਲਦੀਆਂ’ ਹਨ?

15 “ਹੋਰ ਭੇਡਾਂ” ਚੁਣੇ ਹੋਏ ਮਸੀਹੀਆਂ ਨਾਲ ਮਿਲ ਕੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਉਨ੍ਹਾਂ ਨਾਲ ‘ਚੱਲਦੀਆਂ’ ਹਨ। (ਮਰ. 13:10) ਉਹ ਪਰਮੇਸ਼ੁਰ ਦੇ ਲੋਕਾਂ ਦਾ ਹਿੱਸਾ ਬਣਦੀਆਂ ਹਨ। ਕਹਿਣ ਦਾ ਮਤਲਬ ਹੈ ਕਿ ਉਹ ਅਤੇ ਚੁਣੇ ਹੋਏ ਮਸੀਹੀ ਆਪਣੇ ‘ਵਧੀਆ ਚਰਵਾਹੇ’ ਯਿਸੂ ਮਸੀਹ ਅਧੀਨ “ਇੱਕੋ ਝੁੰਡ” ਵਿਚ ਹਨ।ਯੂਹੰਨਾ 10:14-16 ਪੜ੍ਹੋ।

ਯਹੋਵਾਹ ਦੇ ਲੋਕਾਂ ਨਾਲ ਸੁਰੱਖਿਅਤ ਹੋਵੋ

16. ਯਹੋਵਾਹ ਕੀ ਕਰੇਗਾ ਜਿਸ ਨਾਲ ਆਰਮਾਗੇਡਨ ਦੀ ਲੜਾਈ ਸ਼ੁਰੂ ਹੋਵੇਗੀ?

16 ਮਹਾਂ ਬਾਬਲ ਦੇ ਨਾਸ਼ ਤੋਂ ਬਾਅਦ ਯਹੋਵਾਹ ਦੇ ਲੋਕਾਂ ’ਤੇ ਬਹੁਤ ਹੀ ਜ਼ਬਰਦਸਤ ਹਮਲਾ ਹੋਵੇਗਾ। ਉਸ ਵੇਲੇ ਸਾਨੂੰ ਆਪਣੇ ਬਚਾਅ ਲਈ ਯਹੋਵਾਹ ਤੋਂ ਸੁਰੱਖਿਆ ਦੀ ਲੋੜ ਪਵੇਗੀ ਜੋ ਉਹ ਆਪਣੇ ਸੇਵਕਾਂ ਨੂੰ ਦੇਵੇਗਾ। ਇਹ ਹਮਲਾ ਇਕ ਚੰਗਿਆੜੀ ਵਾਂਗ ਹੋਵੇਗਾ ਜਿਸ ਨਾਲ “ਮਹਾਂਕਸ਼ਟ” ਦਾ ਆਖ਼ਰੀ ਪੜਾਅ ਯਾਨੀ ਆਰਮਾਗੇਡਨ ਦੀ ਲੜਾਈ ਸ਼ੁਰੂ ਹੋਵੇਗੀ। ਇਹ ਯਹੋਵਾਹ ਦੀ ਲੜਾਈ ਹੋਵੇਗੀ ਜਿਸ ਵਿਚ ਦੋ ਧਿਰਾਂ ਆਪਸ ਵਿਚ ਭਿੜਨਗੀਆਂ। (ਮੱਤੀ 24:21; ਹਿਜ਼. 38:2-4) ਉਸ ਸਮੇਂ ਗੋਗ “ਸਾਰੀਆਂ ਕੌਮਾਂ ਵਿੱਚੋਂ ਇਕੱਠੇ ਹੋਏ” ਪਰਮੇਸ਼ੁਰ ਦੇ ਲੋਕਾਂ ’ਤੇ ਹਮਲਾ ਕਰੇਗਾ। (ਹਿਜ਼. 38:10-12) ਇਹ ਹਮਲਾ ਹੁੰਦਿਆਂ ਹੀ ਯਹੋਵਾਹ ਗੋਗ ਤੇ ਉਸ ਦੀਆਂ ਫ਼ੌਜਾਂ ਨਾਲ ਲੜੇਗਾ ਅਤੇ ਆਪਣੇ ਲੋਕਾਂ ਨੂੰ ਬਚਾਵੇਗਾ। ਫਿਰ ਯਹੋਵਾਹ ਦਿਖਾਵੇਗਾ ਕਿ ਸਿਰਫ਼ ਉਸ ਕੋਲ ਹੀ ਰਾਜ ਕਰਨ ਦਾ ਹੱਕ ਹੈ ਤੇ ਉਹ ਆਪਣੇ ਨਾਂ ’ਤੇ ਲੱਗੇ ਕਲੰਕ ਨੂੰ ਮਿਟਾਵੇਗਾ ਕਿਉਂਕਿ ਉਹ ਕਹਿੰਦਾ ਹੈ: “[ਮੈਂ] ਬਹੁਤ ਸਾਰੀਆਂ ਕੌਮਾਂ ਦੀਆਂ ਨਜ਼ਰਾਂ ਵਿੱਚ ਜਾਣਿਆ ਜਾਵਾਂਗਾ ਅਤੇ ਓਹ ਜਾਣਨਗੇ ਕਿ ਮੈਂ ਯਹੋਵਾਹ ਹਾਂ!”ਹਿਜ਼. 38:18-23.

“ਮਹਾਂਕਸ਼ਟ” ਦੌਰਾਨ ਸਾਨੂੰ ਆਪਣੀ ਮੰਡਲੀ ਨਾਲ ਮਿਲ ਕੇ ਭਗਤੀ ਕਰਦੇ ਰਹਿਣ ਦੀ ਲੋੜ ਪਵੇਗੀ (ਪੈਰੇ 16-18 ਦੇਖੋ)

17, 18. (ੳ) ਜਦੋਂ ਗੋਗ ਯਹੋਵਾਹ ਦੇ ਲੋਕਾਂ ’ਤੇ ਹਮਲਾ ਕਰੇਗਾ, ਤਾਂ ਉਨ੍ਹਾਂ ਨੂੰ ਕਿਹੜੀਆਂ ਹਿਦਾਇਤਾਂ ਮਿਲਣਗੀਆਂ? (ਅ) ਜੇ ਅਸੀਂ ਯਹੋਵਾਹ ਤੋਂ ਸੁਰੱਖਿਆ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ?

17 ਜਦੋਂ ਗੋਗ ਹਮਲਾ ਕਰਨਾ ਸ਼ੁਰੂ ਕਰੇਗਾ, ਉਦੋਂ ਯਹੋਵਾਹ ਆਪਣੇ ਸੇਵਕਾਂ ਨੂੰ ਕਹੇਗਾ: “ਹੇ ਮੇਰੀ ਪਰਜਾ, ਆਪਣੀਆਂ ਕੋਠੜੀਆਂ ਵਿੱਚ ਵੜ, ਆਪਣੇ ਬੂਹੇ ਆਪਣੇ ਉੱਤੇ ਭੇੜ ਲੈ, ਥੋੜੇ ਚਿਰ ਲਈ ਆਪ ਨੂੰ ਲੁਕਾ, ਜਦ ਤੀਕ ਕਹਿਰ ਟਲ ਨਾ ਜਾਵੇ।” (ਯਸਾ. 26:20) ਉਸ ਨਾਜ਼ੁਕ ਸਮੇਂ ਤੇ ਯਹੋਵਾਹ ਸਾਨੂੰ ਬਚਣ ਲਈ ਹਿਦਾਇਤਾਂ ਦੇਵੇਗਾ ਅਤੇ “ਕੋਠੜੀਆਂ” ਸ਼ਾਇਦ ਸਾਡੀਆਂ ਮੰਡਲੀਆਂ ਹੋ ਸਕਦੀਆਂ ਹਨ।

18 ਇਸ ਲਈ ਜੇ ਅਸੀਂ ਮਹਾਂਕਸ਼ਟ ਦੌਰਾਨ ਯਹੋਵਾਹ ਤੋਂ ਸੁਰੱਖਿਆ ਚਾਹੁੰਦੇ ਹਾਂ, ਤਾਂ ਸਾਨੂੰ ਮੰਨਣਾ ਪੈਣਾ ਹੈ ਕਿ ਧਰਤੀ ਉੱਤੇ ਯਹੋਵਾਹ ਦੇ ਲੋਕ ਹਨ ਜੋ ਮੰਡਲੀਆਂ ਵਿਚ ਇਕੱਠੇ ਹੁੰਦੇ ਹਨ। ਸਾਨੂੰ ਉਨ੍ਹਾਂ ਦਾ ਪੱਖ ਲੈਣਾ ਚਾਹੀਦਾ ਹੈ ਤੇ ਆਪਣੀ ਮੰਡਲੀ ਵਿਚ ਉਨ੍ਹਾਂ ਨਾਲ ਮਿਲ ਕੇ ਭਗਤੀ ਕਰਨੀ ਚਾਹੀਦੀ ਹੈ। ਆਓ ਆਪਾਂ ਦਿਲੋਂ ਜ਼ਬੂਰਾਂ ਦੇ ਲਿਖਾਰੀ ਵਾਂਗ ਕਹੀਏ: “ਬਚਾਓ ਯਹੋਵਾਹ ਵੱਲੋਂ ਹੈ, ਤੇਰੀ ਬਰਕਤ ਤੇਰੀ ਪਰਜਾ ਦੇ ਉੱਤੇ ਹੋਵੇ।”ਜ਼ਬੂ. 3:8.