Skip to content

Skip to table of contents

“ਤੁਸੀਂ ਮੇਰੇ ਗਵਾਹ ਹੋ”

“ਤੁਸੀਂ ਮੇਰੇ ਗਵਾਹ ਹੋ”

“ਤੁਸੀਂ ਮੇਰੇ ਗਵਾਹ ਹੋ, ਯਹੋਵਾਹ ਦਾ ਵਾਕ ਹੈ।”ਯਸਾ. 43:10.

1, 2. (ੳ) ਗਵਾਹ ਹੋਣ ਦਾ ਕੀ ਮਤਲਬ ਹੈ ਤੇ ਦੁਨੀਆਂ ਭਰ ਦੇ ਨਿਊਜ਼ ਮੀਡੀਆ ਨੇ ਕਿਹੜੀ ਗੱਲ ਨਹੀਂ ਦੱਸੀ ਹੈ? (ਅ) ਕੋਈ ਖ਼ਬਰ ਦੇਣ ਲਈ ਯਹੋਵਾਹ ਨੂੰ ਦੁਨੀਆਂ ਭਰ ਦੇ ਨਿਊਜ਼ ਮੀਡੀਆ ਦੀ ਲੋੜ ਕਿਉਂ ਨਹੀਂ ਹੈ?

ਗਵਾਹ ਹੋਣ ਦਾ ਕੀ ਮਤਲਬ ਹੈ? ਇਕ ਡਿਕਸ਼ਨਰੀ ਵਿਚ ਇਸ ਦੀ ਪਰਿਭਾਸ਼ਾ ਦਿੱਤੀ ਗਈ ਹੈ: “ਉਹ ਵਿਅਕਤੀ ਜੋ ਅੱਖੀਂ ਦੇਖੀ ਘਟਨਾ ਦੀ ਰਿਪੋਰਟ ਦਿੰਦਾ ਹੈ।” ਮਿਸਾਲ ਲਈ, ਦੱਖਣੀ ਅਫ਼ਰੀਕਾ ਦੇ ਪਿਤਰਮਾਰਜ਼ਬਰਗ ਸ਼ਹਿਰ ਵਿਚ ਇਕ ਅਖ਼ਬਾਰ ਨੂੰ ਛਪਦਿਆਂ 160 ਤੋਂ ਜ਼ਿਆਦਾ ਸਾਲ ਹੋ ਗਏ ਹਨ। ਹੁਣ ਇਹ ਅਖ਼ਬਾਰ ਦ ਵਿਟਨਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਨਾਂ ਇਸ ਅਖ਼ਬਾਰ ਲਈ ਢੁਕਵਾਂ ਹੈ ਕਿਉਂਕਿ ਅਖ਼ਬਾਰ ਦਾ ਮਕਸਦ ਹੁੰਦਾ ਹੈ ਦੁਨੀਆਂ ਭਰ ਵਿਚ ਹੋਣ ਵਾਲੀਆਂ ਘਟਨਾਵਾਂ ਦੀ ਸਹੀ-ਸਹੀ ਜਾਣਕਾਰੀ ਦੇਣੀ। ਦ ਵਿਟਨਸ ਅਖ਼ਬਾਰ ਦੇ ਪਹਿਲੇ ਸੰਪਾਦਕ ਨੇ ਸਹੁੰ ਖਾਧੀ ਸੀ ਕਿ ਇਹ ਅਖ਼ਬਾਰ “ਸੱਚਾਈ, ਪੂਰੀ ਸੱਚਾਈ ਤੇ ਸੱਚਾਈ ਤੋਂ ਛੁੱਟ ਕੁਝ ਹੋਰ ਨਹੀਂ” ਦੱਸੇਗਾ।

2 ਪਰ ਅਫ਼ਸੋਸ ਦੀ ਗੱਲ ਹੈ ਕਿ ਦੁਨੀਆਂ ਭਰ ਦਾ ਨਿਊਜ਼ ਮੀਡੀਆ ਬਹੁਤ ਸਾਰੀਆਂ ਘਟਨਾਵਾਂ ਦੀ ਖ਼ਬਰ ਨਹੀਂ ਦਿੰਦਾ ਜਾਂ ਸੱਚਾਈ ਨੂੰ ਤੋੜ-ਮਰੋੜ ਕੇ ਪੇਸ਼ ਕਰਦਾ ਹੈ। ਇਸ ਨੇ ਖ਼ਾਸ ਕਰਕੇ ਪਰਮੇਸ਼ੁਰ ਬਾਰੇ ਤੇ ਉਸ ਨੇ ਜੋ ਕੀਤਾ, ਉਸ ਬਾਰੇ ਸੱਚਾਈ ਨਹੀਂ ਦੱਸੀ ਹੈ। ਪਰ ਕੋਈ ਖ਼ਬਰ ਦੇਣ ਲਈ ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਦੁਨੀਆਂ ਭਰ ਦੇ ਨਿਊਜ਼ ਮੀਡੀਆ ਦੀ ਲੋੜ ਨਹੀਂ ਹੈ। ਪਰਮੇਸ਼ੁਰ ਨੇ ਆਪਣੇ ਨਬੀ ਹਿਜ਼ਕੀਏਲ ਰਾਹੀਂ ਦੱਸਿਆ ਸੀ: “ਕੌਮਾਂ ਜਾਣਨਗੀਆਂ ਕਿ ਮੈਂ ਯਹੋਵਾਹ ਇਸਰਾਏਲ ਦਾ ਪਵਿੱਤ੍ਰ ਪੁਰਖ ਹਾਂ।” (ਹਿਜ਼. 39:7) ਯਹੋਵਾਹ ਦੇ ਲਗਭਗ 80 ਲੱਖ ਗਵਾਹ ਦੁਨੀਆਂ ਭਰ ਵਿਚ ਉਸ ਬਾਰੇ ਗਵਾਹੀ ਦਿੰਦੇ ਹਨ। ਗਵਾਹਾਂ ਦੀ ਇਹ ਫ਼ੌਜ ਲੋਕਾਂ ਨੂੰ ਦੱਸਦੀ ਹੈ ਕਿ ਪਰਮੇਸ਼ੁਰ ਨੇ ਪਹਿਲਾਂ ਕੀ ਕੀਤਾ ਸੀ ਤੇ ਹੁਣ ਉਹ ਕੀ ਕਰ ਰਿਹਾ ਹੈ। ਨਾਲੇ ਉਹ ਇਹ ਵੀ ਦੱਸਦੇ ਹਨ ਕਿ ਪਰਮੇਸ਼ੁਰ ਭਵਿੱਖ ਵਿਚ ਮਨੁੱਖਜਾਤੀ ਨੂੰ ਕਿਹੜੀਆਂ ਬਰਕਤਾਂ ਦੇਵੇਗਾ। ਪ੍ਰਚਾਰ  ਦੇ ਕੰਮ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇ ਕੇ ਅਸੀਂ ਪਰਮੇਸ਼ੁਰ ਵੱਲੋਂ ਦਿੱਤੇ ਨਾਂ ’ਤੇ ਖਰੇ ਉਤਰਦੇ ਹਾਂ ਜਿਵੇਂ ਅਸੀਂ ਯਸਾਯਾਹ 43:10 ਵਿਚ ਪੜ੍ਹਦੇ ਹਾਂ: “ਤੁਸੀਂ ਮੇਰੇ ਗਵਾਹ ਹੋ, ਯਹੋਵਾਹ ਦਾ ਵਾਕ ਹੈ, ਨਾਲੇ ਮੇਰਾ ਦਾਸ ਜਿਹ ਨੂੰ ਮੈਂ ਚੁਣਿਆ।”

3, 4. (ੳ) ਬਾਈਬਲ ਸਟੂਡੈਂਟਸ ਨੇ ਨਵਾਂ ਨਾਂ ਕਦੋਂ ਰੱਖਿਆ ਸੀ ਤੇ ਇਸ ਬਾਰੇ ਜਾਣ ਕੇ ਉਨ੍ਹਾਂ ਨੇ ਕਿਵੇਂ ਮਹਿਸੂਸ ਕੀਤਾ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਅਸੀਂ ਹੁਣ ਕਿਹੜੇ ਸਵਾਲਾਂ ’ਤੇ ਚਰਚਾ ਕਰਾਂਗੇ?

3 ਇਹ ਸਾਡੇ ਲਈ ਕਿੰਨੇ ਸਨਮਾਨ ਦੀ ਗੱਲ ਹੈ ਕਿ ਅਸੀਂ ‘ਯੁਗਾਂ-ਯੁਗਾਂ ਦੇ ਰਾਜੇ’ ਯਹੋਵਾਹ ਦੇ ਨਾਂ ਤੋਂ ਜਾਣੇ ਜਾਂਦੇ ਹਾਂ। ਉਹ ਕਹਿੰਦਾ ਹੈ: “ਸਦੀਪ ਕਾਲ ਤੋਂ ਮੇਰਾ ਏਹੋ ਹੀ ਨਾਮ ਹੈ ਅਤੇ ਪੀੜ੍ਹੀਓਂ ਪੀੜ੍ਹੀ ਮੇਰੀ ਏਹੋ ਹੀ ਯਾਦਗਾਰੀ ਹੈ।” (1 ਤਿਮੋ. 1:17; ਕੂਚ 3:15) ਸਾਲ 1931 ਵਿਚ ਬਾਈਬਲ ਸਟੂਡੈਂਟਸ “ਯਹੋਵਾਹ ਦੇ ਗਵਾਹ” ਵਜੋਂ ਜਾਣੇ ਜਾਣ ਲੱਗੇ। ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਚਿੱਠੀਆਂ ਲਿਖ ਕੇ ਆਪਣੀ ਖ਼ੁਸ਼ੀ ਜ਼ਾਹਰ ਕੀਤੀ ਤੇ ਇਨ੍ਹਾਂ ਵਿੱਚੋਂ ਕੁਝ ਚਿੱਠੀਆਂ ਨੂੰ ਇਸ ਰਸਾਲੇ ਵਿਚ ਵੀ ਛਾਪਿਆ ਗਿਆ ਸੀ। ਕੈਨੇਡਾ ਦੀ ਇਕ ਮੰਡਲੀ ਨੇ ਲਿਖਿਆ: “ਇਹ ਖ਼ਬਰ ਸੁਣ ਕੇ ਅਸੀਂ ਖ਼ੁਸ਼ੀ ਨਾਲ ਝੂਮ ਉੱਠੇ ਕਿ ਹੁਣ ਤੋਂ ਅਸੀਂ ‘ਯਹੋਵਾਹ ਦੇ ਗਵਾਹ’ ਵਜੋਂ ਜਾਣੇ ਜਾਵਾਂਗੇ। ਇਸ ਕਰਕੇ ਸਾਡਾ ਇਰਾਦਾ ਹੋਰ ਵੀ ਪੱਕਾ ਹੋ ਗਿਆ ਕਿ ਅਸੀਂ ਇਸ ਨਾਂ ’ਤੇ ਜ਼ਰੂਰ ਖਰੇ ਉਤਰਾਂਗੇ।”

4 ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਯਹੋਵਾਹ ਦੇ ਗਵਾਹ ਹੋਣਾ ਤੁਹਾਡੇ ਲਈ ਸਨਮਾਨ ਦੀ ਗੱਲ ਹੈ? ਨਾਲੇ ਕੀ ਤੁਸੀਂ ਸਮਝਾ ਸਕਦੇ ਹੋ ਕਿ ਯਹੋਵਾਹ ਸਾਨੂੰ ਆਪਣੇ ਗਵਾਹ ਕਿਉਂ ਕਹਿੰਦਾ ਹੈ ਜਿਵੇਂ ਅਸੀਂ ਯਸਾਯਾਹ ਦੀ ਕਿਤਾਬ ਵਿਚ ਪੜ੍ਹਦੇ ਹਾਂ?

ਪੁਰਾਣੇ ਸਮੇਂ ਵਿਚ ਪਰਮੇਸ਼ੁਰ ਦੇ ਗਵਾਹ

5, 6. (ੳ) ਇਜ਼ਰਾਈਲੀ ਮਾਪਿਆਂ ਨੇ ਯਹੋਵਾਹ ਬਾਰੇ ਗਵਾਹੀ ਕਿਵੇਂ ਦਿੱਤੀ ਸੀ? (ਅ) ਇਜ਼ਰਾਈਲੀ ਮਾਪਿਆਂ ਨੂੰ ਹੋਰ ਕੀ ਕਰਨ ਲਈ ਕਿਹਾ ਗਿਆ ਸੀ ਤੇ ਮਾਪਿਆਂ ’ਤੇ ਅੱਜ ਵੀ ਇਹ ਗੱਲ ਕਿਉਂ ਲਾਗੂ ਹੁੰਦੀ ਹੈ?

5 ਯਸਾਯਾਹ ਦੇ ਦਿਨਾਂ ਵਿਚ ਹਰ ਇਜ਼ਰਾਈਲੀ ਯਹੋਵਾਹ ਦਾ “ਗਵਾਹ” ਸੀ ਤੇ ਪੂਰੀ ਕੌਮ ਪਰਮੇਸ਼ੁਰ ਦੀ “ਦਾਸ” ਸੀ। (ਯਸਾ. 43:10) ਜਦੋਂ ਮਾਪੇ ਆਪਣੇ ਬੱਚਿਆਂ ਨੂੰ ਦੱਸਦੇ ਸਨ ਕਿ ਪਰਮੇਸ਼ੁਰ ਨੇ ਉਨ੍ਹਾਂ ਦੇ ਦਾਦੇ-ਪੜਦਾਦਿਆਂ ਲਈ ਕੀ-ਕੀ ਕੀਤਾ ਸੀ, ਤਾਂ ਉਹ ਉਨ੍ਹਾਂ ਨੂੰ ਯਹੋਵਾਹ ਬਾਰੇ ਗਵਾਹੀ ਦਿੰਦੇ ਸਨ। ਮਿਸਾਲ ਲਈ, ਜਦੋਂ ਇਜ਼ਰਾਈਲੀਆਂ ਨੂੰ ਹਰ ਸਾਲ ਪਸਾਹ ਦਾ ਤਿਉਹਾਰ ਮਨਾਉਣ ਦਾ ਹੁਕਮ ਦਿੱਤਾ ਗਿਆ, ਤਾਂ ਉਨ੍ਹਾਂ ਨੂੰ ਕਿਹਾ  ਗਿਆ: “ਅਜੇਹਾ ਹੋਵੇਗਾ ਕਿ ਜਾਂ ਤੁਹਾਡੇ ਪੁੱਤ੍ਰ ਤੁਹਾਨੂੰ ਪੁੱਛਣ ਕਿ ਤੁਹਾਡਾ ਏਸ ਰੀਤੀ ਤੋਂ ਕੀ ਮਤਲਬ ਹੈ? ਤਾਂ ਤੁਸੀਂ ਆਖਿਓ ਕਿ ਏਹ ਯਹੋਵਾਹ ਦੀ ਪਸਾਹ ਦਾ ਬਲੀਦਾਨ ਹੈ ਜੋ ਮਿਸਰ ਵਿੱਚ ਇਸਰਾਏਲੀਆਂ ਦੇ ਘਰਾਂ ਦੇ ਉੱਤੋਂ ਦੀ ਲੰਘਿਆ ਜਦ ਉਸ ਨੇ ਮਿਸਰੀਆਂ ਨੂੰ ਮਾਰਿਆ ਪਰ ਸਾਡੇ ਘਰਾਂ ਨੂੰ ਬਚਾਇਆ।” (ਕੂਚ 12:26, 27) ਮਾਪਿਆਂ ਨੇ ਆਪਣੇ ਬੱਚਿਆਂ ਨੂੰ ਇਹ ਵੀ ਦੱਸਿਆ ਕਿ ਜਦੋਂ ਮੂਸਾ ਨੇ ਮਿਸਰ ਦੇ ਰਾਜੇ ਕੋਲ ਪਹਿਲੀ ਵਾਰ ਜਾ ਕੇ ਉਸ ਨੂੰ ਕਿਹਾ ਕਿ ਉਹ ਇਜ਼ਰਾਈਲੀਆਂ ਨੂੰ ਜਾਣ ਦੇਵੇ ਤਾਂਕਿ ਉਹ ਉਜਾੜ ਵਿਚ ਯਹੋਵਾਹ ਦੀ ਭਗਤੀ ਕਰ ਸਕਣ, ਤਾਂ ਫ਼ਿਰਊਨ ਨੇ ਜਵਾਬ ਦਿੱਤਾ: “ਯਹੋਵਾਹ ਕੌਣ ਹੈ ਜੋ ਮੈਂ ਉਸ ਦੀ ਅਵਾਜ਼ ਸੁਣਾਂ ਕਿ ਇਸਰਾਏਲ ਨੂੰ ਜਾਣ ਦਿਆਂ।” (ਕੂਚ 5:2) ਫਿਰ ਮਾਪਿਆਂ ਨੇ ਬੱਚਿਆਂ ਨੂੰ ਦੱਸਿਆ ਕਿ ਯਹੋਵਾਹ ਨੇ ਮਿਸਰ ’ਤੇ ਦਸ ਬਿਪਤਾਵਾਂ ਲਿਆ ਕੇ ਅਤੇ ਇਜ਼ਰਾਈਲੀਆਂ ਨੂੰ ਲਾਲ ਸਮੁੰਦਰ ਕੰਢੇ ਮਿਸਰੀ ਫ਼ੌਜ ਦੇ ਹੱਥੋਂ ਛੁਡਾ ਕੇ ਫ਼ਿਰਊਨ ਦੇ ਇਸ ਸਵਾਲ ਦਾ ਜਵਾਬ ਦਿੱਤਾ ਤੇ ਦਿਖਾਇਆ ਕਿ ਉਹ ਹੀ ਸਰਬਸ਼ਕਤੀਮਾਨ ਹੈ। ਇਜ਼ਰਾਈਲੀਆਂ ਨੇ ਆਪਣੀ ਅੱਖੀਂ ਦੇਖਿਆ ਸੀ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ ਤੇ ਉਹ ਹਮੇਸ਼ਾ ਆਪਣੇ ਵਾਅਦੇ ਪੂਰੇ ਕਰਦਾ ਹੈ।

6 ਇਜ਼ਰਾਈਲੀਆਂ ਨੂੰ ਮਾਣ ਸੀ ਕਿ ਉਹ ਯਹੋਵਾਹ ਦੇ ਗਵਾਹ ਸਨ। ਇਸ ਕਰਕੇ ਉਨ੍ਹਾਂ ਨੇ ਅੱਖੀਂ ਦੇਖੀਆਂ ਘਟਨਾਵਾਂ ਨੂੰ ਸਿਰਫ਼ ਆਪਣੇ ਬੱਚਿਆਂ ਨੂੰ ਹੀ ਨਹੀਂ ਦੱਸਿਆ, ਸਗੋਂ ਪ੍ਰਦੇਸੀਆਂ ਨੂੰ ਵੀ ਦੱਸਿਆ ਜੋ ਉਨ੍ਹਾਂ ਦੇ ਘਰ ਗ਼ੁਲਾਮ ਸਨ। ਇਜ਼ਰਾਈਲੀਆਂ ਨੂੰ ਇਹ ਵੀ ਪਤਾ ਸੀ ਕਿ ਉਨ੍ਹਾਂ ਨੂੰ ਆਪਣਾ ਚਾਲ-ਚਲਣ ਪਵਿੱਤਰ ਰੱਖਣ ਦੀ ਲੋੜ ਸੀ। ਯਹੋਵਾਹ ਨੇ ਕਿਹਾ: “ਤੁਸੀਂ ਪਵਿੱਤ੍ਰ ਹੋਵੋ ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਪਵਿੱਤ੍ਰ ਹਾਂ।” ਇਜ਼ਰਾਈਲੀ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਵੀ ਯਹੋਵਾਹ ਦੇ ਮਿਆਰਾਂ ਅਨੁਸਾਰ ਚੱਲ ਕੇ ਪਵਿੱਤਰ ਰਹਿਣ ਦੀ ਸਿੱਖਿਆ ਦੇਣੀ ਸੀ। (ਲੇਵੀ. 19:2; ਬਿਵ. 6:6, 7) ਇਜ਼ਰਾਈਲੀਆਂ ਨੇ ਮਾਪਿਆਂ ਲਈ ਕਿੰਨੀ ਹੀ ਵਧੀਆ ਮਿਸਾਲ ਰੱਖੀ। ਅੱਜ ਵੀ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਉਹ ਆਪਣਾ ਚਾਲ-ਚਲਣ ਸ਼ੁੱਧ ਰੱਖਣ ਤਾਂਕਿ ਪਰਮੇਸ਼ੁਰ ਦੇ ਨਾਂ ਦੀ ਮਹਿਮਾ ਹੋਵੇ!ਕਹਾਉਤਾਂ 1:8; ਅਫ਼ਸੀਆਂ 6:4 ਪੜ੍ਹੋ।

ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾਉਣ ਨਾਲ ਉਸ ਦੇ ਨਾਂ ਦੀ ਮਹਿਮਾ ਹੁੰਦੀ ਹੈ (ਪੈਰੇ 5, 6 ਦੇਖੋ)

7. (ੳ) ਜਦੋਂ ਇਜ਼ਰਾਈਲੀ ਯਹੋਵਾਹ ਦੇ ਵਫ਼ਾਦਾਰ ਸਨ, ਤਾਂ ਇਸ ਦਾ ਬਾਕੀ ਕੌਮਾਂ ’ਤੇ ਕੀ ਅਸਰ ਪਿਆ ਸੀ? (ਅ) ਸਾਰੇ ਯਹੋਵਾਹ ਦੇ ਗਵਾਹਾਂ ਦੇ ਮੋਢਿਆਂ ’ਤੇ ਕਿਹੜੀ ਜ਼ਿੰਮੇਵਾਰੀ ਹੈ?

7 ਜਦੋਂ ਇਜ਼ਰਾਈਲੀ ਵਫ਼ਾਦਾਰ ਸਨ, ਉਦੋਂ ਉਨ੍ਹਾਂ ਨੇ ਪਰਮੇਸ਼ੁਰ ਦੇ ਨਾਂ ਦੀ ਵਧੀਆ ਗਵਾਹੀ ਦਿੱਤੀ। ਉਨ੍ਹਾਂ ਨੂੰ ਕਿਹਾ ਗਿਆ ਸੀ: “ਧਰਤੀ ਦੇ ਸਾਰੇ ਲੋਕ ਵੇਖਣਗੇ ਕਿ ਤੁਸੀਂ ਯਹੋਵਾਹ ਦੇ ਨਾਮ ਉੱਤੇ ਪੁਕਾਰੇ ਜਾਂਦੇ ਹੋ ਅਤੇ ਓਹ ਤੁਹਾਥੋਂ ਡਰਨਗੇ।” (ਬਿਵ. 28:10) ਪਰ ਅਫ਼ਸੋਸ ਦੀ ਗੱਲ ਹੈ ਕਿ ਇਜ਼ਰਾਈਲੀ ਜ਼ਿਆਦਾ ਕਰਕੇ ਪਰਮੇਸ਼ੁਰ ਦੇ ਵਫ਼ਾਦਾਰ ਨਹੀਂ ਰਹੇ ਸਨ। ਉਨ੍ਹਾਂ ਨੇ ਵਾਰ-ਵਾਰ ਮੂਰਤੀ-ਪੂਜਾ ਕੀਤੀ। ਇਸ ਤੋਂ ਇਲਾਵਾ, ਉਹ ਕਨਾਨੀ ਦੇਵੀ-ਦੇਵਤਿਆਂ ਵਾਂਗ ਬੇਰਹਿਮ ਬਣ ਗਏ ਜਿਨ੍ਹਾਂ ਦੀ ਉਹ ਭਗਤੀ ਕਰਦੇ ਸਨ। ਉਨ੍ਹਾਂ ਨੇ ਆਪਣੇ ਬੱਚਿਆਂ ਦੀਆਂ ਬਲ਼ੀਆਂ ਚੜ੍ਹਾਈਆਂ ਅਤੇ ਗ਼ਰੀਬਾਂ ’ਤੇ ਜ਼ੁਲਮ ਕੀਤੇ। ਇਸ ਤੋਂ ਅਸੀਂ ਕਿੰਨਾ ਜ਼ਰੂਰੀ ਸਬਕ ਸਿੱਖਦੇ ਹਾਂ ਕਿ ਸਾਨੂੰ ਹਮੇਸ਼ਾ ਆਪਣੇ ਪਵਿੱਤਰ ਪਰਮੇਸ਼ੁਰ ਵਾਂਗ ਪਵਿੱਤਰ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ਦੇ ਅਸੀਂ ਗਵਾਹ ਹਾਂ!

“ਵੇਖੋ, ਮੈਂ ਇੱਕ ਨਵਾਂ ਕੰਮ ਕਰਨ ਵਾਲਾ ਹਾਂ”

8. ਯਸਾਯਾਹ ਨੂੰ ਪਰਮੇਸ਼ੁਰ ਨੇ ਕਿਹੜਾ ਕੰਮ ਕਰਨ ਨੂੰ ਦਿੱਤਾ ਸੀ ਤੇ ਯਸਾਯਾਹ ਨੇ ਕਿਵੇਂ ਮਹਿਸੂਸ ਕੀਤਾ?

8 ਯਹੋਵਾਹ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਜ਼ਰਾਈਲ ਕੌਮ ਨੂੰ ਸ਼ਾਨਦਾਰ ਤਰੀਕੇ ਨਾਲ ਗ਼ੁਲਾਮੀ ਤੋਂ ਛੁਡਾਇਆ ਜਾਣਾ ਸੀ ਜਿਸ ਨੂੰ ਇਜ਼ਰਾਈਲੀਆਂ ਨੇ ਆਪਣੀ ਅੱਖੀਂ ਦੇਖਣਾ ਸੀ। (ਯਸਾ. 43:19) ਯਸਾਯਾਹ ਦੀ ਕਿਤਾਬ ਦੇ ਪਹਿਲੇ ਛੇ ਅਧਿਆਵਾਂ ਵਿਚ ਚੇਤਾਵਨੀਆਂ ਦਿੱਤੀਆਂ ਗਈਆਂ ਹਨ ਕਿ ਯਰੂਸ਼ਲਮ ਤੇ ਉਸ ਦੇ ਨਾਲ ਦੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਜਾਣਾ ਸੀ। ਯਹੋਵਾਹ ਪਰਮੇਸ਼ੁਰ ਜਾਣਦਾ ਸੀ ਕਿ ਲੋਕ ਤੋਬਾ ਨਹੀਂ ਕਰਨਗੇ, ਫਿਰ ਵੀ ਉਸ ਨੇ ਯਸਾਯਾਹ ਨੂੰ ਇਹ ਚੇਤਾਵਨੀ ਦਿੰਦੇ ਰਹਿਣ ਲਈ ਕਿਹਾ ਸੀ। ਯਸਾਯਾਹ ਨੂੰ ਇਹ ਸੁਣ ਕੇ ਬਹੁਤ ਹੀ ਸਦਮਾ ਲੱਗਾ ਤੇ ਉਹ ਜਾਣਨਾ ਚਾਹੁੰਦਾ ਸੀ ਕਿ ਪਰਮੇਸ਼ੁਰ ਦੀ ਕੌਮ ਕਦੋਂ ਤਕ ਤੋਬਾ ਨਹੀਂ ਕਰੇਗੀ। ਯਹੋਵਾਹ ਨੇ ਉਸ ਨੂੰ ਦੱਸਿਆ: “ਜਦ ਤੀਕ ਸ਼ਹਿਰ ਵਿਰਾਨ ਤੇ ਬੇ ਆਬਾਦ ਨਾ ਹੋਣ, ਅਤੇ ਘਰ ਬੇ ਚਰਾਗ ਨਾ ਹੋਣ, ਅਤੇ ਜਮੀਨ ਉੱਕਾ ਈ ਉਜੜ ਨਾ ਜਾਵੇ।”ਯਸਾਯਾਹ 6:8-11 ਪੜ੍ਹੋ।

9. (ੳ) ਯਰੂਸ਼ਲਮ ਬਾਰੇ ਯਸਾਯਾਹ ਦੀ ਭਵਿੱਖਬਾਣੀ ਕਦੋਂ ਪੂਰੀ ਹੋਈ ਸੀ? (ਅ) ਅੱਜ ਸਾਨੂੰ ਕਿਹੜੀ ਚੇਤਾਵਨੀ ਵੱਲ ਧਿਆਨ ਦੇਣ ਦੀ ਲੋੜ ਹੈ?

9 ਯਸਾਯਾਹ ਨੇ 46 ਤੋਂ ਜ਼ਿਆਦਾ ਸਾਲ ਨਬੀ ਵਜੋਂ ਸੇਵਾ ਕੀਤੀ ਸੀ, ਲਗਭਗ 778 ਈ. ਪੂ. ਵਿਚ ਰਾਜਾ ਉੱਜ਼ੀਯਾਹ ਦੇ ਆਖ਼ਰੀ ਸਾਲ ਤੋਂ ਲੈ ਕੇ 732 ਈ. ਪੂ. ਵਿਚ ਰਾਜਾ ਹਿਜ਼ਕੀਯਾਹ ਦੇ ਰਾਜ ਤਕ। ਇਹ 607 ਈ. ਪੂ. ਵਿਚ ਯਰੂਸ਼ਲਮ ਦੇ ਵਿਨਾਸ਼ ਤੋਂ 125 ਸਾਲ ਪਹਿਲਾਂ ਦੀ  ਗੱਲ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਲੋਕਾਂ ਨੂੰ ਕਾਫ਼ੀ ਚਿਰ ਪਹਿਲਾਂ ਹੀ ਖ਼ਬਰਦਾਰ ਕਰ ਦਿੱਤਾ ਗਿਆ ਸੀ ਕਿ ਭਵਿੱਖ ਵਿਚ ਉਨ੍ਹਾਂ ਦੀ ਕੌਮ ਨਾਲ ਕੀ ਹੋਣਾ ਸੀ। ਅੱਜ ਵੀ ਯਹੋਵਾਹ ਆਪਣੇ ਸੇਵਕਾਂ ਦੇ ਜ਼ਰੀਏ ਲੋਕਾਂ ਨੂੰ ਕਾਫ਼ੀ ਸਮਾਂ ਪਹਿਲਾਂ ਤੋਂ ਹੀ ਦੱਸ ਰਿਹਾ ਹੈ ਕਿ ਅੱਗੇ ਕੀ ਹੋਣ ਵਾਲਾ ਹੈ। ਪਹਿਰਾਬੁਰਜ ਦੇ ਪਹਿਲੇ ਅੰਕ ਤੋਂ ਯਾਨੀ 135 ਸਾਲਾਂ ਤੋਂ ਇਹ ਰਸਾਲਾ ਲੋਕਾਂ ਨੂੰ ਖ਼ਬਰਦਾਰ ਕਰ ਰਿਹਾ ਹੈ ਕਿ ਬਹੁਤ ਜਲਦੀ ਹੀ ਸ਼ੈਤਾਨ ਦਾ ਦੁਸ਼ਟ ਰਾਜ ਖ਼ਤਮ ਹੋ ਜਾਵੇਗਾ ਤੇ ਇਸ ਦੀ ਜਗ੍ਹਾ ਯਿਸੂ ਮਸੀਹ ਹਜ਼ਾਰ ਸਾਲ ਲਈ ਰਾਜ ਕਰੇਗਾ।ਪ੍ਰਕਾ. 20:1-3, 6.

10, 11. ਬਾਬਲ ਵਿਚ ਰਹਿੰਦੇ ਇਜ਼ਰਾਈਲੀਆਂ ਨੇ ਯਸਾਯਾਹ ਦੀ ਕਿਹੜੀ ਭਵਿੱਖਬਾਣੀ ਪੂਰੀ ਹੁੰਦੀ ਦੇਖੀ?

10 ਜਿਹੜੇ ਯਹੂਦੀਆਂ ਨੇ ਯਰੂਸ਼ਲਮ ਦੇ ਵਿਨਾਸ਼ ਵੇਲੇ ਪਰਮੇਸ਼ੁਰ ਦੇ ਕਹਿਣੇ ਅਨੁਸਾਰ ਆਪਣੇ ਆਪ ਨੂੰ ਬਾਬਲੀਆਂ ਦੇ ਅਧੀਨ ਕਰ ਦਿੱਤਾ ਸੀ, ਉਨ੍ਹਾਂ ਨੂੰ ਮਾਰਿਆ ਨਹੀਂ ਗਿਆ, ਪਰ ਉਨ੍ਹਾਂ ਨੂੰ ਬਾਬਲ ਵਿਚ ਗ਼ੁਲਾਮਾਂ ਵਜੋਂ ਲਿਜਾਇਆ ਗਿਆ। (ਯਿਰ. 27:11, 12) ਫਿਰ 70 ਸਾਲ ਬਾਅਦ ਪਰਮੇਸ਼ੁਰ ਦੇ ਲੋਕਾਂ ਨੇ ਇਸ ਭਵਿੱਖਬਾਣੀ ਨੂੰ ਪੂਰਾ ਹੁੰਦਿਆਂ ਦੇਖਿਆ: “ਯਹੋਵਾਹ ਤੁਹਾਡਾ ਛੁਡਾਉਣ ਵਾਲਾ, ਇਸਰਾਏਲ ਦਾ ਪਵਿੱਤਰ ਪੁਰਖ ਐਉਂ ਫ਼ਰਮਾਉਂਦਾ ਹੈ, ਤੁਹਾਡੇ ਨਮਿੱਤ ਮੈਂ ਬਾਬਲ ਵੱਲ ਘੱਲਿਆ, ਮੈਂ ਸਾਰੇ ਅਰਲਾਂ ਨੂੰ ਲਾਹ ਦਿਆਂਗਾ।”ਯਸਾ. 43:14.

11 ਯਹੋਵਾਹ ਨੇ ਇਕ ਸ਼ਾਨਦਾਰ ਤਰੀਕੇ ਨਾਲ ਇਸ ਭਵਿੱਖਬਾਣੀ ਨੂੰ ਪੂਰਾ ਕੀਤਾ। 539 ਈ. ਪੂ. ਦੇ ਅਕਤੂਬਰ ਮਹੀਨੇ ਦੀ ਇਕ ਰਾਤ ਬਾਬਲ ਦਾ ਰਾਜਾ ਤੇ ਉਸ ਦੇ ਮੰਤਰੀ ਯਰੂਸ਼ਲਮ ਦੇ ਮੰਦਰ ਤੋਂ ਲਿਆਂਦੇ ਭਾਂਡਿਆਂ ਵਿਚ ਸ਼ਰਾਬ ਪੀ ਰਹੇ ਸਨ ਤੇ ਆਪਣੇ ਦੇਵੀ-ਦੇਵਤਿਆਂ ਦੀ ਵਡਿਆਈ ਕਰ ਰਹੇ ਸਨ। ਪਰ ਉਸੇ ਰਾਤ ਰਾਜਾ ਖੋਰੁਸ ਤੇ ਉਸ ਦੀ ਫ਼ੌਜ ਨੇ ਬਾਬਲ ’ਤੇ ਜਿੱਤ ਪ੍ਰਾਪਤ ਕਰ ਲਈ। 538 ਜਾਂ 537 ਈ. ਪੂ. ਵਿਚ ਰਾਜਾ ਖੋਰੁਸ ਨੇ ਯਹੂਦੀਆਂ ਨੂੰ ਯਰੂਸ਼ਲਮ ਵਾਪਸ ਜਾ ਕੇ ਦੁਬਾਰਾ ਮੰਦਰ ਬਣਾਉਣ ਦਾ ਹੁਕਮ ਦਿੱਤਾ। ਇਹ ਸਭ ਕੁਝ ਯਸਾਯਾਹ ਨੇ ਪਹਿਲਾਂ ਹੀ ਦੱਸਿਆ ਸੀ। ਨਾਲੇ ਉਸ ਨੇ ਯਹੋਵਾਹ ਦੇ ਇਸ ਵਾਅਦੇ ਬਾਰੇ ਵੀ ਦੱਸਿਆ ਸੀ ਕਿ ਜਦੋਂ ਤੋਬਾ ਕਰ ਚੁੱਕੇ ਲੋਕ ਯਰੂਸ਼ਲਮ ਨੂੰ ਵਾਪਸ ਜਾਣਗੇ, ਤਾਂ ਉਹ ਰਾਹ ਵਿਚ ਉਨ੍ਹਾਂ ਦੀ ਦੇਖ-ਭਾਲ ਤੇ ਰੱਖਿਆ ਕਰੇਗਾ। ਪਰਮੇਸ਼ੁਰ ਨੇ ਕਿਹਾ: “ਮੈਂ ਇਸ ਪਰਜਾ ਨੂੰ ਆਪਣੇ ਲਈ ਸਾਜਿਆ, ਭਈ ਉਹ ਮੇਰੀ ਉਸਤਤ ਦਾ ਵਰਨਣ ਕਰੇ।” (ਯਸਾ. 43:21; 44:26-28) ਜਦੋਂ ਉਨ੍ਹਾਂ ਗ਼ੁਲਾਮਾਂ ਨੇ ਯਰੂਸ਼ਲਮ ਵਾਪਸ ਜਾ ਕੇ ਮੰਦਰ ਨੂੰ ਦੁਬਾਰਾ ਬਣਾਇਆ, ਤਾਂ ਉਹ ਇਸ ਗੱਲ ਦੇ ਗਵਾਹ ਬਣੇ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ ਜੋ ਹਮੇਸ਼ਾ ਆਪਣੇ ਵਾਅਦੇ ਪੂਰਾ ਕਰਦਾ ਹੈ।

12, 13. (ੳ) ਯਹੋਵਾਹ ਦੀ ਭਗਤੀ ਦੁਬਾਰਾ ਸ਼ੁਰੂ ਹੋਣ ਵੇਲੇ ਇਜ਼ਰਾਈਲੀਆਂ ਨਾਲ ਹੋਰ ਕਿਹੜੇ ਲੋਕ ਸ਼ਾਮਲ ਹੋਏ ਸਨ? (ਅ) “ਪਰਮੇਸ਼ੁਰ ਦੇ ਇਜ਼ਰਾਈਲ” ਦਾ ਸਾਥ ਦੇਣ ਵਾਲੀਆਂ “ਹੋਰ ਭੇਡਾਂ” ਤੋਂ ਕੀ ਆਸ ਰੱਖੀ ਜਾਂਦੀ ਹੈ ਤੇ ਉਨ੍ਹਾਂ ਨੂੰ ਭਵਿੱਖ ਲਈ ਕੀ ਉਮੀਦ ਹੈ?

12 ਜਦੋਂ ਇਜ਼ਰਾਈਲੀ ਦੁਬਾਰਾ ਮੰਦਰ ਬਣਾਉਣ ਨੂੰ ਵਾਪਸ ਮੁੜੇ, ਤਾਂ ਉਨ੍ਹਾਂ ਨਾਲ ਆਏ ਹਜ਼ਾਰਾਂ ਹੀ ਪਰਦੇਸੀ ਯਹੋਵਾਹ ਦੀ ਭਗਤੀ ਕਰਨ ਲੱਗ ਪਏ। ਬਾਅਦ ਵਿਚ ਹੋਰ ਕੌਮਾਂ ਦੇ ਲੋਕਾਂ ਨੇ ਯਹੂਦੀ ਧਰਮ ਅਪਣਾ ਲਿਆ ਸੀ। (ਅਜ਼. 2:58, 64, 65; ਅਸ. 8:17) ਅੱਜ ਚੁਣੇ ਹੋਏ ਮਸੀਹੀ ‘ਪਰਮੇਸ਼ੁਰ ਦਾ ਇਜ਼ਰਾਈਲ’ ਹਨ ਅਤੇ “ਹੋਰ ਭੇਡਾਂ” ਦੀ “ਵੱਡੀ ਭੀੜ” ਉਨ੍ਹਾਂ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਦੀ ਹੈ। (ਪ੍ਰਕਾ. 7:9, 10; ਯੂਹੰ. 10:16;  ਗਲਾ. 6:16) ਚੁਣੇ ਹੋਏ ਮਸੀਹੀਆਂ ਤੇ ਵੱਡੀ ਭੀੜ ਕੋਲ ਯਹੋਵਾਹ ਦੇ ਗਵਾਹਾਂ ਵਜੋਂ ਜਾਣੇ ਜਾਣ ਦਾ ਸਨਮਾਨ ਹੈ।

13 ਮਸੀਹ ਦੇ ਹਜ਼ਾਰ ਸਾਲ ਦੌਰਾਨ ਵੱਡੀ ਭੀੜ ਦੁਬਾਰਾ ਜੀਉਂਦੇ ਹੋਏ ਲੋਕਾਂ ਨੂੰ ਖ਼ੁਸ਼ੀ ਨਾਲ ਦੱਸੇਗੀ ਕਿ ਦੁਨੀਆਂ ਦੇ ਆਖ਼ਰੀ ਸਮਿਆਂ ਵਿਚ ਉਨ੍ਹਾਂ ਨੂੰ ਯਹੋਵਾਹ ਦੇ ਗਵਾਹਾਂ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ ਸੀ। ਪਰ ਸਾਡੀ ਇਹ ਇੱਛਾ ਤਾਂ ਹੀ ਪੂਰੀ ਹੋਵੇਗੀ ਜੇ ਅਸੀਂ ਹੁਣ ਆਪਣੇ ਨਾਂ ’ਤੇ ਖਰੇ ਉਤਰਾਂਗੇ ਤੇ ਪਵਿੱਤਰ ਬਣੇ ਰਹਿਣ ਦੀ ਕੋਸ਼ਿਸ਼ ਕਰਾਂਗੇ। ਭਾਵੇਂ ਕਿ ਅਸੀਂ ਯਹੋਵਾਹ ਦੇ ਮਿਆਰਾਂ ਅਨੁਸਾਰ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਫਿਰ ਵੀ ਅਸੀਂ ਹਰ ਰੋਜ਼ ਗ਼ਲਤੀਆਂ ਕਰਦੇ ਹਾਂ। ਇਸ ਲਈ ਸਾਨੂੰ ਹਰ ਰੋਜ਼ ਯਹੋਵਾਹ ਤੋਂ ਮਾਫ਼ੀ ਮੰਗਣ ਦੀ ਲੋੜ ਹੈ। ਪਵਿੱਤਰ ਰਹਿ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਦੇ ਨਾਂ ਤੋਂ ਜਾਣੇ ਜਾਣ ਦੇ ਸਨਮਾਨ ਦੀ ਕਦਰ ਕਰਦੇ ਹਾਂ।1 ਯੂਹੰਨਾ 1:8, 9 ਪੜ੍ਹੋ।

ਪਰਮੇਸ਼ੁਰ ਦੇ ਨਾਂ ਦਾ ਮਤਲਬ

14. ਯਹੋਵਾਹ ਦੇ ਨਾਂ ਦਾ ਕੀ ਮਤਲਬ ਹੈ?

14 ਯਹੋਵਾਹ ਦੇ ਗਵਾਹਾਂ ਵਜੋਂ ਜਾਣੇ ਜਾਣਾ ਮਾਣ ਦੀ ਗੱਲ ਹੈ। ਇਸ ਸਨਮਾਨ ਪ੍ਰਤੀ ਆਪਣੀ ਕਦਰ ਹੋਰ ਵਧਾਉਣ ਲਈ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦੇ ਨਾਂ ਦਾ ਮਤਲਬ ਸਮਝੀਏ। ਆਮ ਕਰਕੇ ਪਰਮੇਸ਼ੁਰ ਦੇ ਨਾਂ ਦਾ ਅਨੁਵਾਦ “ਯਹੋਵਾਹ” ਕੀਤਾ ਜਾਂਦਾ ਹੈ। ਇਹ ਨਾਂ ਇਬਰਾਨੀ ਭਾਸ਼ਾ ਵਿਚ ਅਜਿਹੀ ਕ੍ਰਿਆ ਤੋਂ ਬਣਿਆ ਹੈ ਜੋ ਕੁਝ ਕਰਨ, ਹੋਣ ਜਾਂ ਬਣਨ ਨੂੰ ਸੰਕੇਤ ਕਰਦੀ ਹੈ। ਇਸ ਲਈ ਯਹੋਵਾਹ ਦੇ ਨਾਂ ਦਾ ਮਤਲਬ ਸਮਝਿਆ ਜਾਂਦਾ ਹੈ “ਉਹ ਕਰਨ ਤੇ ਕਰਾਉਣ ਵਾਲਾ ਬਣਦਾ ਹੈ।” ਇਹ ਮਤਲਬ ਸਹੀ ਹੈ ਕਿਉਂਕਿ ਯਹੋਵਾਹ ਜਹਾਨ ਦਾ ਸ੍ਰਿਸ਼ਟੀਕਰਤਾ ਹੈ। ਉਸ ਨੇ ਦੂਤਾਂ ਤੇ ਇਨਸਾਨਾਂ ਨੂੰ ਬਣਾਇਆ ਹੈ ਤੇ ਉਹ ਆਪਣਾ ਮਕਸਦ ਪੂਰਾ ਕਰਦਾ ਹੈ। ਯਹੋਵਾਹ ਨੂੰ ਆਪਣੀ ਇੱਛਾ ਤੇ ਆਪਣਾ ਮਕਸਦ ਪੂਰਾ ਕਰਨ ਤੋਂ ਕੋਈ ਰੋਕ ਨਹੀਂ ਸਕਦਾ, ਇੱਥੋਂ ਤਕ ਕਿ ਸ਼ੈਤਾਨ ਵੀ ਉਸ ਨੂੰ ਰੋਕ ਨਹੀਂ ਸਕਦਾ।

15. ਯਹੋਵਾਹ ਨੇ ਮੂਸਾ ਨੂੰ ਜੋ ਦੱਸਿਆ, ਉਸ ਤੋਂ ਅਸੀਂ ਉਸ ਦੇ ਨਾਂ ਬਾਰੇ ਕੀ ਸਿੱਖਦੇ ਹਾਂ? (“ ਯਹੋਵਾਹ ਦੇ ਨਾਂ ਦਾ ਗਹਿਰਾ ਮਤਲਬ” ਨਾਂ ਦੀ ਡੱਬੀ ਦੇਖੋ।)

15 ਯਹੋਵਾਹ ਨੇ ਮੂਸਾ ਨੂੰ ਆਪਣੇ ਨਾਂ ਦੇ ਮਤਲਬ ਬਾਰੇ ਹੋਰ ਵੀ ਦੱਸਿਆ। ਜਦੋਂ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਛੁਡਾਉਣ ਦਾ ਕੰਮ ਮੂਸਾ ਨੂੰ ਸੌਂਪਿਆ, ਤਾਂ ਉਸ ਨੇ ਮੂਸਾ ਨੂੰ ਕਿਹਾ: “ਮੈਂ ਉਹ ਬਣਾਂਗਾ ਜੋ ਮੈਂ ਬਣਨਾ ਚਾਹੁੰਦਾ ਹਾਂ।” (ਕੂਚ 3:14, NW) ਸੋ ਯਹੋਵਾਹ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਜੋ ਮਰਜ਼ੀ ਬਣ ਸਕਦਾ ਹੈ। ਉਹ ਇਜ਼ਰਾਈਲੀਆਂ ਲਈ ਮੁਕਤੀਦਾਤਾ, ਰੱਖਿਅਕ, ਆਗੂ ਤੇ ਲੋੜਾਂ ਪੂਰੀਆਂ ਕਰਨ ਵਾਲਾ ਬਣਿਆ।

ਸ਼ੁਕਰਗੁਜ਼ਾਰੀ ਦਿਖਾਓ

16, 17. (ੳ) ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਸਾਡੇ ਲਈ ਯਹੋਵਾਹ ਦੇ ਗਵਾਹ ਹੋਣਾ ਮਾਣ ਦੀ ਗੱਲ ਹੈ? (ਅ) ਅਗਲੇ ਲੇਖ ਵਿਚ ਅਸੀਂ ਕਿਸ ਸਵਾਲ ’ਤੇ ਚਰਚਾ ਕਰਾਂਗੇ?

16 ਯਹੋਵਾਹ ਅੱਜ ਵੀ ਬਦਲਿਆ ਨਹੀਂ ਹੈ। ਉਸ ਦੇ ਨਾਂ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਲੋਕਾਂ ਦੀ ਦੇਖ-ਭਾਲ ਕਰਨ ਲਈ ਜੋ ਚਾਹੇ ਬਣ ਸਕਦਾ ਹੈ। ਮਿਸਾਲ ਲਈ, ਉਹ ਹਰ ਰੋਜ਼ ਸਾਡੀਆਂ ਲੋੜਾਂ ਪੂਰੀਆਂ ਕਰਦਾ ਹੈ ਤੇ ਸਾਡੀ ਨਿਹਚਾ ਮਜ਼ਬੂਤ ਕਰਨ ਲਈ ਕਈ ਪ੍ਰਬੰਧ ਕਰਦਾ ਹੈ। ਯਹੋਵਾਹ ਦਾ ਨਾਂ ਸਾਨੂੰ ਉਸ ਬਾਰੇ ਕੁਝ ਹੋਰ ਵੀ ਦੱਸਦਾ ਹੈ। ਉਹ ਕੀ ਹੈ? ਯਹੋਵਾਹ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਆਪਣੀ ਸ੍ਰਿਸ਼ਟੀ ਨੂੰ ਵੀ ਵਰਤ ਸਕਦਾ ਹੈ। ਮਿਸਾਲ ਲਈ, ਉਹ ਆਪਣਾ ਕੰਮ ਪੂਰਾ ਕਰਵਾਉਣ ਲਈ ਆਪਣੇ ਗਵਾਹਾਂ ਨੂੰ ਵਰਤਦਾ ਹੈ। ਇਸ ਗੱਲ ’ਤੇ ਸੋਚ-ਵਿਚਾਰ ਕਰ ਕੇ ਸਾਨੂੰ ਉਸ ਬਾਰੇ ਵਧੀਆ ਗਵਾਹੀ ਦੇਣ ਦੀ ਪ੍ਰੇਰਣਾ ਮਿਲਦੀ ਹੈ। 84 ਸਾਲਾਂ ਦਾ ਭਰਾ ਕੂਰਾ ਪਿਛਲੇ 70 ਸਾਲਾਂ ਤੋਂ ਨਾਰਵੇ ਵਿਚ ਜੋਸ਼ ਨਾਲ ਗਵਾਹੀ ਦੇ ਰਿਹਾ ਹੈ। ਉਹ ਦੱਸਦਾ ਹੈ: “ਯੁਗਾਂ-ਯੁਗਾਂ ਦੇ ਰਾਜੇ ਯਹੋਵਾਹ ਦੀ ਸੇਵਾ ਕਰਨੀ ਤੇ ਉਸ ਦੇ ਪਵਿੱਤਰ ਨਾਂ ਤੋਂ ਜਾਣੇ ਜਾਂਦੇ ਲੋਕਾਂ ਵਿਚ ਗਿਣੇ ਜਾਣਾ ਬਹੁਤ ਵੱਡੇ ਸਨਮਾਨ ਦੀ ਗੱਲ ਹੈ। ਦੂਜਿਆਂ ਨੂੰ ਬਾਈਬਲ ਦੀਆਂ ਸੱਚਾਈਆਂ ਬਾਰੇ ਦੱਸਣਾ ਮੇਰੇ ਲਈ ਮਾਣ ਦੀ ਗੱਲ ਹੈ। ਜਦੋਂ ਲੋਕ ਸੱਚਾਈ ਦੀਆਂ ਗੱਲਾਂ ਨੂੰ ਸਮਝਦੇ ਹਨ, ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਚਮਕ ਦੇਖ ਕੇ ਖ਼ੁਸ਼ੀ ਹੁੰਦੀ ਹੈ। ਮਿਸਾਲ ਲਈ, ਲੋਕਾਂ ਨੂੰ ਇਹ ਸਮਝਾ ਕੇ ਮੈਨੂੰ ਖ਼ੁਸ਼ੀ ਮਿਲਦੀ ਹੈ ਕਿ ਯਿਸੂ ਮਸੀਹ ਨੇ ਕੁਰਬਾਨੀ ਕਿਉਂ ਦਿੱਤੀ ਸੀ ਤੇ ਇਸ ਕੁਰਬਾਨੀ ਕਰਕੇ ਉਹ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਕਿਵੇਂ ਪਾ ਸਕਦੇ ਹਨ।”

17 ਇਹ ਸੱਚ ਹੈ ਕਿ ਕੁਝ ਇਲਾਕਿਆਂ ਵਿਚ ਉਹ ਲੋਕ ਘੱਟ ਹੀ ਮਿਲਦੇ ਹਨ ਜੋ ਰੱਬ ਬਾਰੇ ਸਿੱਖਣਾ ਚਾਹੁੰਦੇ ਹਨ। ਫਿਰ ਵੀ ਕੀ ਤੁਹਾਨੂੰ ਕੂਰਾ ਦੀ ਤਰ੍ਹਾਂ ਉਦੋਂ ਖ਼ੁਸ਼ੀ ਨਹੀਂ ਹੁੰਦੀ ਜਦੋਂ ਕੋਈ ਤੁਹਾਡੀ ਗੱਲ ਸੁਣਦਾ ਹੈ ਤੇ ਤੁਸੀਂ ਉਸ ਨੂੰ ਯਹੋਵਾਹ ਦੇ ਨਾਂ ਬਾਰੇ ਸਿਖਾਉਂਦੇ ਹੋ? ਪਰ ਅਸੀਂ ਯਹੋਵਾਹ ਬਾਰੇ ਗਵਾਹੀ ਦੇਣ ਦੇ ਨਾਲ-ਨਾਲ ਯਿਸੂ ਮਸੀਹ ਬਾਰੇ ਵੀ ਗਵਾਹੀ ਕਿਵੇਂ ਦੇ ਸਕਦੇ ਹਾਂ? ਇਸ ਸਵਾਲ ਦਾ ਜਵਾਬ ਅਗਲੇ ਲੇਖ ਵਿਚ ਦਿੱਤਾ ਜਾਵੇਗਾ।