Skip to content

Skip to table of contents

ਪਿਆਰ ਕਾਰਨ ਯਹੋਵਾਹ ਸਾਡੇ ’ਤੇ ਨਿਗਾਹ ਰੱਖਦਾ ਹੈ

ਪਿਆਰ ਕਾਰਨ ਯਹੋਵਾਹ ਸਾਡੇ ’ਤੇ ਨਿਗਾਹ ਰੱਖਦਾ ਹੈ

“ਯਹੋਵਾਹ ਦੀਆਂ ਅੱਖਾਂ ਸਭਨੀਂ ਥਾਈਂ ਲੱਗੀਆਂ ਰਹਿੰਦੀਆਂ ਹਨ, ਅਤੇ ਬੁਰੇ ਭਲੇ ਦੋਹਾਂ ਨੂੰ ਤੱਕਦੀਆਂ ਹਨ।”ਕਹਾ. 15:3.

1, 2. ਕੈਮਰਿਆਂ ਤੋਂ ਉਲਟ ਯਹੋਵਾਹ ਸਾਡੇ ਉੱਤੇ ਨਿਗਾਹ ਕਿਉਂ ਰੱਖਦਾ ਹੈ?

ਬਹੁਤ ਸਾਰੇ ਦੇਸ਼ਾਂ ਵਿਚ ਕਈ ਦੁਕਾਨਦਾਰਾਂ ਨੇ ਦੁਕਾਨਾਂ ਵਿਚ ਗਾਹਕਾਂ ’ਤੇ ਨਜ਼ਰ ਰੱਖਣ ਅਤੇ ਚੋਰੀ ਦੀ ਰਿਕਾਰਡਿੰਗ ਕਰਨ ਲਈ ਕੈਮਰੇ ਲਗਾਏ ਹੋਏ ਹਨ। ਦੁਕਾਨਦਾਰ ਰਿਕਾਰਡਿੰਗ ਦੇਖ ਕੇ ਚੋਰ ਨੂੰ ਫੜ ਸਕਦੇ ਹਨ। ਕੈਮਰੇ ਲੱਗੇ ਹੋਣ ਕਰਕੇ ਚੋਰਾਂ ਦਾ ਬਚਣਾ ਔਖਾ ਹੋ ਗਿਆ ਹੈ।

2 ਬਾਈਬਲ ਕਹਿੰਦੀ ਹੈ ਕਿ ਯਹੋਵਾਹ ਦੀਆਂ ਅੱਖਾਂ “ਸਭਨੀਂ ਥਾਈਂ ਲੱਗੀਆਂ ਰਹਿੰਦੀਆਂ ਹਨ।” (ਕਹਾ. 15:3) ਪਰ ਕੀ ਇਸ ਦਾ ਇਹ ਮਤਲਬ ਹੈ ਕਿ ਕੈਮਰਿਆਂ ਦੀ ਤਰ੍ਹਾਂ ਯਹੋਵਾਹ ਸਾਡੀਆਂ ਗ਼ਲਤੀਆਂ ਫੜਨ ਲਈ ਸਾਡੇ ਉੱਤੇ ਨਿਗਾਹ ਰੱਖਦਾ ਹੈ? ਕੀ ਉਹ ਸਿਰਫ਼ ਸਾਨੂੰ ਗ਼ਲਤੀਆਂ ਦੀ ਸਜ਼ਾ ਦੇਣ ਦੇ ਇੰਤਜ਼ਾਰ ਵਿਚ ਰਹਿੰਦਾ ਹੈ? ਬਿਲਕੁਲ ਨਹੀਂ। (ਯਿਰ. 16:17; ਇਬ. 4:13) ਯਹੋਵਾਹ ਦੀਆਂ ਨਜ਼ਰਾਂ ਸਾਡੇ ’ਤੇ ਇਸ ਲਈ ਹਨ ਕਿਉਂਕਿ ਉਹ ਸਾਨੂੰ ਪਿਆਰ ਕਰਦਾ ਹੈ ਅਤੇ ਸਾਡੀ ਭਲਾਈ ਚਾਹੁੰਦਾ ਹੈ।1 ਪਤ. 3:12.

3. ਕਿਨ੍ਹਾਂ ਪੰਜ ਤਰੀਕਿਆਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਸਾਡੀ ਪਰਵਾਹ ਹੈ?

3 ਯਹੋਵਾਹ ਕਈ ਤਰੀਕਿਆਂ ਨਾਲ ਦਿਖਾਉਂਦਾ ਹੈ ਕਿ ਉਸ ਨੂੰ ਸਾਡੀ ਬਹੁਤ ਪਰਵਾਹ ਹੈ। ਆਓ ਅਸੀਂ ਪੰਜ ਤਰੀਕਿਆਂ ’ਤੇ ਗੌਰ ਕਰੀਏ: (1) ਜਦ ਉਹ ਸਾਡੇ ਦਿਲ ਵਿਚ ਗ਼ਲਤ ਇੱਛਾਵਾਂ ਦੇਖਦਾ ਹੈ, ਤਾਂ ਉਹ ਸਾਨੂੰ ਖ਼ਬਰਦਾਰ ਕਰਦਾ ਹੈ। (2) ਜੇ ਅਸੀਂ ਗ਼ਲਤ ਰਾਹ ਪੈ ਜਾਂਦੇ ਹਾਂ, ਤਾਂ ਉਹ ਸਾਨੂੰ ਤਾੜਦਾ ਹੈ। (3) ਉਹ ਬਾਈਬਲ ਦੇ ਅਸੂਲਾਂ ਰਾਹੀਂ ਸਾਡੀ ਅਗਵਾਈ ਕਰਦਾ ਹੈ। (4) ਅਜ਼ਮਾਇਸ਼ਾਂ ਦੇ ਵਕਤ ਉਹ ਸਾਡੀ ਮਦਦ  ਕਰਦਾ ਹੈ। (5) ਸਾਡੇ ਚੰਗੇ ਕੰਮਾਂ ਨੂੰ ਦੇਖ ਕੇ ਉਹ ਸਾਨੂੰ ਬਰਕਤਾਂ ਦਿੰਦਾ ਹੈ। ਇਨ੍ਹਾਂ ਗੱਲਾਂ ਨੂੰ ਜਾਣ ਕੇ ਅਸੀਂ ਪਰਮੇਸ਼ੁਰ ਦੇ ਗਹਿਰੇ ਪਿਆਰ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕਾਂਗੇ।

ਯਹੋਵਾਹ ਸਾਨੂੰ ਖ਼ਬਰਦਾਰ ਕਰਦਾ ਹੈ

4. ਯਹੋਵਾਹ ਨੇ ਕਇਨ ਨੂੰ ਚੇਤਾਵਨੀ ਕਿਉਂ ਦਿੱਤੀ?

4 ਸਭ ਤੋਂ ਪਹਿਲਾਂ ਆਓ ਅਸੀਂ ਦੇਖੀਏ ਕਿ ਜਦ ਯਹੋਵਾਹ ਸਾਡੇ ਦਿਲ ਵਿਚ ਗ਼ਲਤ ਇੱਛਾਵਾਂ ਦੇਖਦਾ ਹੈ, ਤਾਂ ਉਹ ਸਾਨੂੰ ਕਿਵੇਂ ਖ਼ਬਰਦਾਰ ਕਰਦਾ ਹੈ। (1 ਇਤ. 28:9) ਮਿਸਾਲ ਲਈ, ਜਦ ਯਹੋਵਾਹ ਕਇਨ ਤੋਂ ਖ਼ੁਸ਼ ਨਹੀਂ ਹੋਇਆ, ਤਾਂ ਕਇਨ “ਬਹੁਤ ਕਰੋਧਵਾਨ ਹੋਇਆ।” (ਉਤਪਤ 4:3-7 ਪੜ੍ਹੋ।) ਪਰ ਯਹੋਵਾਹ ਨੇ ਉਸ ਨੂੰ ਕਿਹਾ ਕਿ ਉਹ ਗ਼ਲਤ ਰਾਹ ਤੋਂ ਮੁੜੇ ਅਤੇ ‘ਭਲਾ ਕਰੇ।’ ਯਹੋਵਾਹ ਨੇ ਕਇਨ ਨੂੰ ਚੇਤਾਵਨੀ ਦਿੱਤੀ ਕਿ ਜੇ ਉਹ ਭਲਾ ਨਹੀਂ ਕਰਦਾ, ਤਾਂ ਪਾਪ “ਬੂਹੇ ਉੱਤੇ ਛੈਹ ਵਿੱਚ ਬੈਠਾ ਹੈ” ਯਾਨੀ ਪਾਪ ਉਸ ਨੂੰ ਦਬੋਚ ਲੈਣ ਲਈ ਤਿਆਰ ਹੈ। ਪਰਮੇਸ਼ੁਰ ਨੇ ਉਸ ਨੂੰ ਅੱਗੇ ਕਿਹਾ: ‘ਤੂੰ ਪਾਪ ਉੱਤੇ ਪਰਬਲ ਹੋ।’ ਯਹੋਵਾਹ ਚਾਹੁੰਦਾ ਸੀ ਕਿ ਕਇਨ ਚੇਤਾਵਨੀ ਵੱਲ ਧਿਆਨ ਦੇਵੇ ਅਤੇ ਗ਼ਲਤੀ ਕਰਨ ਤੋਂ ਬਚੇ। ਇੱਦਾਂ ਉਹ ਯਹੋਵਾਹ ਦੀ ਮਿਹਰ ਪਾ ਕੇ ਉਸ ਨਾਲ ਆਪਣਾ ਰਿਸ਼ਤਾ ਬਣਾਈ ਰੱਖ ਸਕਦਾ ਸੀ।

5. ਯਹੋਵਾਹ ਸਾਨੂੰ ਕਿਨ੍ਹਾਂ ਤਰੀਕਿਆਂ ਰਾਹੀਂ ਚੇਤਾਵਨੀ ਦਿੰਦਾ ਹੈ?

5 ਅੱਜ ਸਾਡੇ ਬਾਰੇ ਕੀ? ਯਹੋਵਾਹ ਦੀਆਂ ਅੱਖਾਂ ਸਾਡੇ ਦਿਲ ਦੀਆਂ ਗਹਿਰਾਈਆਂ ਵਿਚ ਲੁਕੇ ਸਾਡੇ ਜਜ਼ਬਾਤਾਂ ਤੇ ਖ਼ਾਹਸ਼ਾਂ ਨੂੰ ਦੇਖਦੀਆਂ ਹਨ। ਇਸ ਲਈ ਪਰਮੇਸ਼ੁਰ ਤੋਂ ਕੋਈ ਵੀ ਗੱਲ ਲੁਕਾਉਣੀ ਨਾਮੁਮਕਿਨ ਹੈ। ਯਹੋਵਾਹ ਪਿਤਾ ਸਾਨੂੰ ਪਿਆਰ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਅਸੀਂ ਸਹੀ ਰਾਹ ’ਤੇ ਚੱਲੀਏ। ਪਰ ਜਦ ਅਸੀਂ ਕੁਰਾਹੇ ਪੈਣ ਵਾਲੇ ਹੁੰਦੇ ਹਾਂ, ਤਾਂ ਉਹ ਸਾਨੂੰ ਆਪਣਾ ਰਸਤਾ ਬਦਲਣ ਲਈ ਮਜਬੂਰ ਨਹੀਂ ਕਰਦਾ। ਇਸ ਦੀ ਬਜਾਇ, ਉਹ ਆਪਣੇ ਬਚਨ ਬਾਈਬਲ ਰਾਹੀਂ ਸਾਨੂੰ ਪਹਿਲਾਂ ਤੋਂ ਹੀ ਖ਼ਬਰਦਾਰ ਕਰਦਾ ਹੈ। ਕਿਵੇਂ? ਜਦ ਅਸੀਂ ਰੋਜ਼ ਬਾਈਬਲ ਪੜ੍ਹਦੇ ਹਾਂ, ਤਾਂ ਯਹੋਵਾਹ ਸਾਨੂੰ ਵਧੀਆ ਸਲਾਹ ਦਿੰਦਾ ਹੈ ਜਿਸ ਦੀ ਮਦਦ ਨਾਲ ਅਸੀਂ ਆਪਣੀਆਂ ਬੁਰੀਆਂ ਆਦਤਾਂ ਤੇ ਗ਼ਲਤ ਸੋਚਾਂ ’ਤੇ ਕਾਬੂ ਪਾ ਸਕਦੇ ਹਾਂ। ਨਾਲੇ ਪ੍ਰਕਾਸ਼ਨਾਂ ਅਤੇ ਮੀਟਿੰਗਾਂ ਰਾਹੀਂ ਯਹੋਵਾਹ ਸਹੀ ਸਮੇਂ ’ਤੇ ਸਾਡੀਆਂ ਗ਼ਲਤ ਖ਼ਾਹਸ਼ਾਂ ਨੂੰ ਜ਼ਾਹਰ ਕਰਦਾ ਹੈ ਤਾਂਕਿ ਇਹ ਸਾਡੇ ’ਤੇ ਹਾਵੀ ਨਾ ਹੋ ਜਾਣ।

6, 7. (ੳ) ਸਾਡੇ ਕੋਲ ਕੀ ਸਬੂਤ ਹੈ ਕਿ ਯਹੋਵਾਹ ਆਪਣੇ ਹਰ ਸੇਵਕ ਨੂੰ ਪਿਆਰ ਕਰਦਾ ਹੈ? (ਅ) ਤੁਸੀਂ ਯਹੋਵਾਹ ਦੀਆਂ ਚੇ­ਤਾਵਨੀਆਂ ਤੋਂ ਕਿਵੇਂ ਫ਼ਾਇਦਾ ਲੈ ਸਕਦੇ ਹੋ?

6 ਇਨ੍ਹਾਂ ਸਾਰੇ ਤਰੀਕਿਆਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਹਰੇਕ ਸੇਵਕ ਨੂੰ ਬਹੁਤ ਪਿਆਰ ਕਰਦਾ ਹੈ। ਇਹ ਸੱਚ ਹੈ ਕਿ ਬਾਈਬਲ ਅਤੇ ਸਾਡੇ ਪ੍ਰਕਾਸ਼ਨਾਂ ਤੋਂ ਲੱਖਾਂ ਹੀ ਲੋਕਾਂ ਨੂੰ ਫ਼ਾਇਦਾ ਹੁੰਦਾ ਹੈ ਅਤੇ ਮੀਟਿੰਗਾਂ ਵਿਚ ਦਿੱਤੀ ਸਲਾਹ ਮੰਡਲੀ ਦੇ ਸਾਰੇ ਭੈਣਾਂ-ਭਰਾਵਾਂ ਲਈ ਹੁੰਦੀ ਹੈ। ਫਿਰ ਵੀ ਇਨ੍ਹਾਂ ਸਾਰੇ ਤਰੀਕਿਆਂ ਰਾਹੀਂ ਯਹੋਵਾਹ ਤੁਹਾਡਾ ਧਿਆਨ ਆਪਣੇ ਬਚਨ ਵੱਲ ਖਿੱਚਦਾ ਹੈ ਤਾਂਕਿ ਤੁਸੀਂ ਆਪਣੇ ਵਿਚ ਸੁਧਾਰ ਲਿਆ ਕੇ ਸਹੀ ਰਾਹ ’ਤੇ ਚੱਲਦੇ ਰਹੋ। ਇਹ ਇਸ ਗੱਲ ਦਾ ਸਬੂਤ ਹੈ ਕਿ ਯਹੋਵਾਹ ਤੁਹਾਡੀ ਦਿਲੋਂ ਪਰਵਾਹ ਕਰਦਾ ਹੈ।

ਜੇ ਅਸੀਂ ਬਾਈਬਲ ਮੁਤਾਬਕ ਆਪਣੀ ਜ਼ਮੀਰ ਢਾਲਾਂਗੇ, ਤਾਂ ਅਸੀਂ ਗ਼ਲਤ ਕੰਮ ਕਰਨ ਤੋਂ ਬਚ ਸਕਾਂਗੇ (ਪੈਰੇ 6, 7 ਦੇਖੋ)

7 ਪਰ ਤੁਸੀਂ ਪਰਮੇਸ਼ੁਰ ਦੀਆਂ ਚੇਤਾਵਨੀਆਂ ਤੋਂ ਕਿਵੇਂ ਫ਼ਾਇਦਾ ਲੈ ਸਕਦੇ ਹੋ? ਪਹਿਲਾਂ ਇਹ ਮੰਨੋ ਕਿ ਯਹੋਵਾਹ ਨੂੰ ਤੁਹਾਡਾ ਬਹੁਤ ਫ਼ਿਕਰ ਹੈ। ਫਿਰ ਉਸ ਦੇ ਬਚਨ ਦੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰੋ। ਜੇ ਤੁਹਾਡੇ ਮਨ ਵਿਚ ਅਜਿਹਾ ਕੋਈ ਵੀ ਖ਼ਿਆਲ ਆਉਂਦਾ ਹੈ ਜਿਸ ਤੋਂ ਯਹੋਵਾਹ ਖ਼ੁਸ਼ ਨਹੀਂ, ਤਾਂ ਉਸ ਨੂੰ ਇਕਦਮ ਆਪਣੇ ਮਨ ਵਿੱਚੋਂ ਕੱਢ ਦਿਓ। (ਯਸਾਯਾਹ 55:6, 7 ਪੜ੍ਹੋ।) ਯਹੋਵਾਹ ਦੀ ਸੁਣਨ ਨਾਲ ਅਸੀਂ ਬੁਰੇ ਅੰਜਾਮ ਭੁਗਤਣ ਤੋਂ ਬਚ ਸਕਾਂਗੇ। ਪਰ ਉਦੋਂ ਕੀ ਜੇ ਅਸੀਂ ਆਪਣੀਆਂ ਗ਼ਲਤ ਇੱਛਾਵਾਂ ਅੱਗੇ ਝੁਕ ਜਾਈਏ? ਕੀ ਯਹੋਵਾਹ ਉਸ ਹਾਲਤ ਵਿਚ ਵੀ ਸਾਡੀ ਮਦਦ ਕਰੇਗਾ?

ਸਾਡਾ ਪਿਆਰਾ ਪਿਤਾ ਸਾਨੂੰ ਤਾੜਦਾ ਹੈ

8, 9. ਜਦ ਸਾਨੂੰ ਕੋਈ ਬਾਈਬਲ ਤੋਂ ਤਾੜਨਾ ਦਿੰਦਾ ਹੈ, ਤਾਂ ਇਸ ਤੋਂ ਕਿੱਦਾਂ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਸਾਡਾ ਦਿਲੋਂ ਫ਼ਿਕਰ ਹੈ? ਮਿਸਾਲ ਦਿਓ।

8 ਯਹੋਵਾਹ ਵੱਲੋਂ ਮਿਲਦੀ ਤਾੜਨਾ ਇਸ ਗੱਲ ਦਾ ਸਬੂਤ ਹੈ ਕਿ ਉਸ ਨੂੰ ਸਾਡਾ ਫ਼ਿਕਰ ਹੈ। (ਇਬਰਾਨੀਆਂ 12:5, 6 ਪੜ੍ਹੋ।) ਇਹ ਸੱਚ ਹੈ ਕਿ ਤਾੜਨਾ ਜਾਂ ਅਨੁਸ਼ਾਸਨ ਮਿਲਣ ’ਤੇ ਸਾਨੂੰ ਦੁੱਖ ਲੱਗਦਾ ਹੈ। (ਇਬ. 12:11) ਪਰ ਜਦ ਕੋਈ ਸਾਨੂੰ ਬਾਈਬਲ ਤੋਂ ਸਲਾਹ ਦਿੰਦਾ ਹੈ, ਤਾਂ ਸਾਨੂੰ ਸਮਝਣ ਦੀ ਲੋੜ ਹੈ ਕਿ ਉਹ ਸਾਨੂੰ ਸਲਾਹ ਕਿਉਂ ਦੇ ਰਿਹਾ ਹੈ। ਉਹ ਜਾਣ-ਬੁੱਝ ਕੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਨਹੀਂ, ਸਗੋਂ ਸਾਨੂੰ ਬਚਾਉਣ ਲਈ ਸਲਾਹ ਦਿੰਦਾ ਹੈ ਤਾਂਕਿ ਯਹੋਵਾਹ ਨਾਲ ਸਾਡਾ ਰਿਸ਼ਤਾ ਟੁੱਟ ਨਾ ਜਾਵੇ। ਉਹ ਆਪਣਾ ਸਮਾਂ ਕੱਢ ਕੇ ਸਾਨੂੰ ਬਾਈਬਲ ਤੋਂ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਯਹੋਵਾਹ ਨੂੰ ਖ਼ੁਸ਼ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ  ਹੈ। ਸਾਨੂੰ ਅਜਿਹੀ ਤਾੜਨਾ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਇਹ ਤਾੜਨਾ ਅਸਲ ਵਿਚ ਸਾਨੂੰ ਯਹੋਵਾਹ ਦੇ ਰਿਹਾ ਹੁੰਦਾ ਹੈ।

9 ਆਓ ਆਪਾਂ ਇਕ ਭਰਾ ਦੀ ਮਿਸਾਲ ’ਤੇ ਗੌਰ ਕਰੀਏ ਜੋ ਸੱਚਾਈ ਵਿਚ ਆਉਣ ਤੋਂ ਪਹਿਲਾਂ ਪੋਰਨੋ­ਗ੍ਰਾਫੀ ਦੇਖਣ ਦਾ ਆਦੀ ਸੀ। ਹਾਲਾਂਕਿ ਉਸ ਨੇ ਸੱਚਾਈ ਸਿੱਖਣ ਤੋਂ ਬਾਅਦ ਇਹ ਆਦਤ ਛੱਡ ਦਿੱਤੀ ਸੀ, ਪਰ ਅਜੇ ਵੀ ਇਹ ਗ਼ਲਤ ਇੱਛਾ ਉਸ ਦੇ ਦਿਲ ਵਿਚ ਧੁਖਦੇ ਕੋਲਿਆਂ ਵਾਂਗ ਸੀ। ਜਦ ਉਸ ਨੇ ਇਕ ਨਵਾਂ ਮੋਬਾਇਲ ­ਖ਼ਰੀਦਿਆ, ਤਾਂ ਇਨ੍ਹਾਂ ਧੁਖਦੇ ਕੋਲਿਆਂ ਨੇ ਅੱਗ ਫੜ ਲਈ। (ਯਾਕੂ. 1:14, 15) ਉਹ ਦੁਬਾਰਾ ਤੋਂ ਫ਼ੋਨ ’ਤੇ ਪੋਰਨੋ­ਗ੍ਰਾਫੀ ਦੇਖਣ ਲੱਗ ਪਿਆ। ਇਕ ਦਿਨ ਪ੍ਰਚਾਰ ਕਰਦਿਆਂ ਉਸ ਨੇ ਆਪਣਾ ਫ਼ੋਨ ਕਿਸੇ ਕੰਮ ਲਈ ਇਕ ਬਜ਼ੁਰਗ ਨੂੰ ਦਿੱਤਾ। ਜਦ ਉਸ ਬਜ਼ੁਰਗ ਨੇ ਫ਼ੋਨ ਵਰਤਿਆ, ਤਾਂ ਅਚਾਨਕ ਇਕ ਗੰਦੀ ਸਾਈਟ ਖੁੱਲ੍ਹ ਗਈ। ਬਜ਼ੁਰਗ ਨੇ ਉਸੇ ਵੇਲੇ ਭਰਾ ਨੂੰ ਬਾਈਬਲ ਤੋਂ ਤਾੜਨਾ ਦਿੱਤੀ। ਖ਼ੁਸ਼ੀ ਦੀ ਗੱਲ ਹੈ ਕਿ ਭਰਾ ਨੇ ਇਹ ਸਲਾਹ ਕਬੂਲ ਕੀਤੀ ਅਤੇ ਹੌਲੀ-ਹੌਲੀ ਉਸ ਨੇ ਆਪਣੀ ਗ਼ਲਤੀ ਸੁਧਾਰ ਲਈ। ਜੇ ਅਸੀਂ ਲੁਕ-ਛਿਪ ਕੇ ਕੋਈ ਗ਼ਲਤ ਕੰਮ ਕਰਦੇ ਹਾਂ, ਤਾਂ ਉਸ ਵੇਲੇ ਵੀ ਯਹੋਵਾਹ ਦੀਆਂ ਨਜ਼ਰਾਂ ਸਾਨੂੰ ਦੇਖ ਰਹੀਆਂ ਹੁੰਦੀਆਂ ਹਨ। ਇਸ ਤੋਂ ਪਹਿਲਾਂ ਕਿ ਅਸੀਂ ਆਪਣਾ ਕੋਈ ਵੱਡਾ ਨੁਕਸਾਨ ਕਰ ਬੈਠੀਏ, ਪਰਮੇਸ਼ੁਰ ਸਾਨੂੰ ਤਾੜਦਾ ਹੈ। ਕੀ ਅਸੀਂ ਸ਼ੁਕਰਗੁਜ਼ਾਰ ਨਹੀਂ ਹਾਂ ਕਿ ਸਾਡੇ ਪਿਆਰੇ ਪਿਤਾ ਨੂੰ ਸਾਡਾ ਕਿੰਨਾ ਫ਼ਿਕਰ ਹੈ?

ਯਹੋਵਾਹ ਬਾਈਬਲ ਦੇ ਅਸੂਲਾਂ ਰਾਹੀਂ ਸਾਡੀ ਅਗਵਾਈ ਕਰਦਾ ਹੈ

10, 11. (ੳ) ਤੁਸੀਂ ਯਹੋਵਾਹ ਦੀ ਅਗਵਾਈ ਨੂੰ ਕਿਵੇਂ “ਪਛਾਣ” ਸਕਦੇ ਹੋ? (ਅ) ਇਕ ਪਰਿਵਾਰ ਦੀ ਮਿਸਾਲ ਦਿਓ ਜੋ ਯਹੋਵਾਹ ਦੀ ਅਗਵਾਈ ਅਨੁਸਾਰ ਚੱਲਿਆ।

10 ਜ਼ਬੂਰਾਂ ਦੇ ਲਿਖਾਰੀ ਨੇ ਯਹੋਵਾਹ ਲਈ ਗੀਤ ਗਾਇਆ: “ਤੂੰ ਆਪਣੇ ਗੁਰਮਤੇ [ਯਾਨੀ ਸਲਾਹ] ਨਾਲ ਮੇਰੀ ਅਗਵਾਈ ਕਰੇਂਗਾ।” (ਜ਼ਬੂ. 73:24) ਜਦ ਵੀ ਸਾਨੂੰ ਕਿਸੇ ਗੱਲ ਬਾਰੇ ਅਗਵਾਈ ਦੀ ਲੋੜ ਪੈਂਦੀ ਹੈ, ਤਾਂ ਸਾਨੂੰ ਯਹੋਵਾਹ ਦੇ ਬਚਨ ਤੋਂ ਸਲਾਹ ਲੈਣੀ ਚਾਹੀਦੀ ਹੈ ਤਾਂਕਿ ਅਸੀਂ ਉਸ ਗੱਲ ਬਾਰੇ ਪਰਮੇਸ਼ੁਰ ਦਾ ਨਜ਼ਰੀਆ “ਪਛਾਣ” ਸਕੀਏ। ਇੱਦਾਂ ਬਾਈਬਲ ਦੇ ਅਸੂਲ ਲਾਗੂ ਕਰ ਕੇ ਉਸ ਨਾਲ ਸਾਡਾ ਰਿਸ਼ਤਾ ਬਰਕਰਾਰ ਰਹੇਗਾ। ਯਹੋਵਾਹ ਦੀ ਸਲਾਹ ਤੁਹਾਡੀ ਤੇ ਤੁਹਾਡੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਵੀ ਮਦਦ ਕਰ ਸਕਦੀ ਹੈ।ਕਹਾ. 3:6.

11 ਜ਼ਰਾ ਇਕ ਭਰਾ ਦੀ ਮਿਸਾਲ ’ਤੇ ਗੌਰ ਕਰੋ ਜੋ ਫ਼ਿਲਪੀਨ ਵਿਚ ਆਪਣੇ ਵੱਡੇ ਪਰਿਵਾਰ ਸਮੇਤ ਇਕ ਕਿਰਾਏ ਦੇ ਫਾਰਮ ’ਤੇ ਰਹਿੰਦਾ ਸੀ। ਉਹ ਤੇ ਉਸ ਦੀ ਪਤਨੀ ਦੋਵੇਂ ਰੈਗੂਲਰ ਪਾਇਨੀਅਰ ਸਨ। ਇਕ ਦਿਨ ਅਚਾਨਕ ਫਾਰਮ ਦੇ ਮਾਲਕ ਨੇ ਉਨ੍ਹਾਂ ਨੂੰ ਜਗ੍ਹਾ ਖਾਲੀ ਕਰਨ ਦਾ ਨੋਟਿਸ ਭੇਜਿਆ ਜਿਸ ਨੂੰ ਦੇਖ ਕੇ ਉਹ ਹੱਕੇ-ਬੱਕੇ ਰਹਿ ਗਏ। ਬਾਅਦ ਵਿਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ’ਤੇ ਕਿਸੇ ਨੇ ਝੂਠਾ ਇਲਜ਼ਾਮ ਲਾਇਆ ਕਿ ਉਹ ਬੇਈਮਾਨ ਸਨ। ਹਾਲਾਂਕਿ ਇਸ ਭਰਾ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਉਹ ਕਿੱਥੇ ਰਹਿਣਗੇ, ਪਰ ਉਸ ਨੂੰ ਯਹੋਵਾਹ ’ਤੇ ਪੱਕਾ ਭਰੋਸਾ ਸੀ। ਸੋ ਉਸ ਨੇ ਕਿਹਾ: “ਯਹੋਵਾਹ ਨੇ ਹਮੇਸ਼ਾ ਸਾਡੀ ਦੇਖ-ਭਾਲ ਕੀਤੀ ਹੈ ਤੇ ਉਹ ਅੱਗੇ ਵੀ ਸਾਡੀ ਹਰ ਲੋੜ ਪੂਰੀ ਕਰੇਗਾ।” ਕੁਝ ਦਿਨਾਂ ਬਾਅਦ ਇਸ  ਪਰਿਵਾਰ ਨੇ ਸੁੱਖ ਦਾ ਸਾਹ ਲਿਆ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਜ਼ਮੀਨ ਖਾਲੀ ਨਹੀਂ ਕਰਨੀ ਪਵੇਗੀ। ਕਿਉਂ? ਕਿਉਂਕਿ ਫਾਰਮ ਦੇ ਮਾਲਕ ਨੇ ਦੇਖਿਆ ਕਿ ਇਹ ਪਰਿਵਾਰ ਇਲਜ਼ਾਮ ਲੱਗਣ ਦੇ ਬਾਵਜੂਦ ਬਾਈਬਲ ਦੇ ਅਸੂਲਾਂ ਮੁਤਾਬਕ ਸ਼ਾਂਤੀ ਤੇ ਆਦਰ ਨਾਲ ਪੇਸ਼ ਆ ਰਿਹਾ ਸੀ। ਇਸ ਗੱਲੋਂ ਖ਼ੁਸ਼ ਹੋ ਕੇ ਮਾਲਕ ਨੇ ਨਾ ਸਿਰਫ਼ ਉਨ੍ਹਾਂ ਨੂੰ ਉਸ ਜਗ੍ਹਾ ਰਹਿਣ ਦਿੱਤਾ, ਸਗੋਂ ਖੇਤੀਬਾੜੀ ਲਈ ਹੋਰ ਜ਼ਮੀਨ ਦਿੱਤੀ। (1 ਪਤਰਸ 2:12 ਪੜ੍ਹੋ।) ਇਸ ­ਤਜਰਬੇ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਬਚਨ ਦੇ ਜ਼ਰੀਏ ਜ਼ਿੰਦਗੀ ਦੀਆਂ ਮੁਸ਼ਕਲਾਂ ਹੱਲ ਕਰਨ ਵਿਚ ਸਾਡੀ ਅਗ­ਵਾਈ ਕਰਦਾ ਹੈ।

ਸਾਡਾ ਦੋਸਤ ਯਹੋਵਾਹ ਅਜ਼ਮਾਇਸ਼ਾਂ ਸਹਿਣ ਵਿਚ ਸਾਡੀ ਮਦਦ ਕਰਦਾ ਹੈ

12, 13. ਕਿਹੜੇ ਹਾਲਾਤਾਂ ਵਿਚ ਸਾਡੇ ਲਈ ਇਹ ਯਕੀਨ ਕਰਨਾ ਔਖਾ ਹੋ ਸਕਦਾ ਹੈ ਕਿ ਯਹੋਵਾਹ ਨੂੰ ਸਾਡਾ ਫ਼ਿਕਰ ਹੈ?

12 ਯਹੋਵਾਹ ਦੀ ਸੇਵਾ ਕਰਦਿਆਂ ਸਾਨੂੰ ਸਾਰਿਆਂ ਨੂੰ ਮੁਸ਼ਕਲਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਕਦੇ-ਕਦੇ ਸਾਨੂੰ ਲੰਬੇ ਸਮੇਂ ਲਈ ਕਿਸੇ ਬੀਮਾਰੀ, ਸਤਾਹਟ ਜਾਂ ਆਪਣੇ ਪਰਿਵਾਰ ਤੋਂ ਵਿਰੋਧ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਨਾਲੇ ਮੰਡਲੀ ਵਿਚ ਸਾਰਿਆਂ ਦਾ ਸੁਭਾਅ ਵੱਖੋ-ਵੱਖਰਾ ਹੋਣ ਕਰਕੇ ਕਦੇ-ਕਦੇ ਕਿਸੇ ਭੈਣ-ਭਰਾ ਨਾਲ ਸਾਡੀ ਅਣਬਣ ਹੋ ਸਕਦੀ ਹੈ ਅਤੇ ਇਹ ਗੱਲ ਸਹਿਣੀ ਬਹੁਤ ਔਖੀ ਹੋ ਸਕਦੀ ਹੈ।

13 ਮਿਸਾਲ ਲਈ, ਸ਼ਾਇਦ ਕਿਸੇ ਭਰਾ ਨੇ ਤੁਹਾਨੂੰ ਕੁਝ ਕਿਹਾ ਹੋਵੇ ਜਿਸ ਤੋਂ ਤੁਹਾਨੂੰ ਠੇਸ ਪਹੁੰਚੀ ਹੋਵੇ। ਤੁਸੀਂ ਸ਼ਾਇਦ ਕਹੋ: ‘ਪਰਮੇਸ਼ੁਰ ਦੇ ਸੰਗਠਨ ਵਿਚ ਇਹ ਕਿਸ ਤਰ੍ਹਾਂ ਹੋ ਸਕਦਾ ਹੈ?’ ਹੋ ਸਕਦਾ ਹੈ ਕਿ ਉਸ ਭਰਾ ਕੋਲ ਮੰਡਲੀ ਵਿਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੋਣ ਅਤੇ ਸਾਰੇ ਉਸ ਦੀਆਂ ਤਾਰੀਫ਼ਾਂ ਕਰਦੇ ਹੋਣ। ਤੁਸੀਂ ਸ਼ਾਇਦ ਸੋਚੋ: ‘ਹੱਦ ਹੋ ਗਈ, ਇਹ ਕਿੱਦਾਂ ਹੋ ਸਕਦਾ? ਕੀ ਯਹੋਵਾਹ ਇਹ ਸਭ ਕੁਝ ਨਹੀਂ ਦੇਖ ਰਿਹਾ? ਉਹ ਕੁਝ ਕਰਦਾ ਕਿਉਂ ਨਹੀਂ?’ਜ਼ਬੂ. 13:1, 2; ਹਬ. 1:2, 3.

14. ਯਹੋਵਾਹ ਭਰਾਵਾਂ ਰਾਹੀਂ ਸਾਨੂੰ ਤਾੜਨਾ ਕਿਉਂ ਦਿੰਦਾ ਹੈ?

14 ਯਾਦ ਰੱਖੋ ਕਿ ਯਹੋਵਾਹ ਹਰ ਮਸਲੇ ਨੂੰ ਸਾਡੇ ਨਾਲੋਂ ਬਿਹਤਰ ਸਮਝਦਾ ਹੈ ਤੇ ਹੋ ਸਕਦਾ ਹੈ ਕਿ ਉਹ ਕਿਸੇ ਵਾਜਬ ਕਾਰਨ ਕਰਕੇ ਕਦਮ ਨਾ ਚੁੱਕ ਰਿਹਾ ਹੋਵੇ। ਮਿਸਾਲ ਲਈ, ਕੋਈ ਮਸੀਹੀ ਸਾਨੂੰ ਤਾੜਨਾ ਦਿੰਦਾ ਹੈ। ਸ਼ਾਇਦ ਸਾਨੂੰ ਲੱਗੇ ਕਿ ਤਾੜਨਾ ਦੇਣ ਵਾਲਾ ਗ਼ਲਤ ਹੈ, ਪਰ ਹੋ ਸਕਦਾ ਹੈ ਕਿ ਅਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਕਸੂਰਵਾਰ ਹੋਈਏ। ਭਾਵੇਂ ਸਾਨੂੰ ਤਾੜਨਾ ਮਿਲਣ ’ਤੇ ਦੁੱਖ ਲੱਗਦਾ ਹੈ ਅਤੇ ਅਸੀਂ ਸੋਚਦੇ ਹਾਂ ਕਿ ਸਾਨੂੰ ਇਸ ਦੀ ਲੋੜ ਨਹੀਂ ਸੀ, ਪਰ ਹੋ ਸਕਦਾ ਹੈ ਕਿ ਸਾਡੇ ਲਈ ਇਹ ਤਾੜਨਾ ਜ਼ਰੂਰੀ ਸੀ। ਜ਼ਰਾ ਭਰਾ ਕਾਰਲ ਕਲਾਈਨ ਦੀ ਮਿਸਾਲ ਲੈ ਲਓ। ਉਸ ਨੇ ਆਪਣੀ ਜੀਵਨੀ ਵਿਚ ਦੱਸਿਆ ਕਿ ਇਕ ਵਾਰ ਭਰਾ ਰਦਰਫ਼ਰਡ ਨੇ ਉਸ ਨੂੰ ਸਖ਼ਤ ਤਾੜਨਾ ਦਿੱਤੀ। ਫਿਰ ਜਦ ਅਗਲੀ ਵਾਰ ਭਰਾ ਰਦਰਫ਼ਰਡ ਨੇ ਉਸ ਨੂੰ ਹੱਸ ਕੇ ਬੁਲਾਇਆ, ਤਾਂ ਭਰਾ ਕਲਾਈਨ ਨੇ ਮੂੰਹ ਬਣਾ ਲਿਆ ਅਤੇ ਚੰਗੀ ਤਰ੍ਹਾਂ ਜਵਾਬ ਨਹੀਂ ਦਿੱਤਾ। ਭਰਾ ਰਦਰਫ਼ਰਡ ਨੇ ਦੇਖਿਆ ਕਿ ਭਰਾ ਕਲਾਈਨ ਅਜੇ ਵੀ ਤਾੜਨਾ ਮਿਲਣ ’ਤੇ ਅੰਦਰੋਂ-ਅੰਦਰੀਂ ਖਿਝਿਆ ਹੋਇਆ ਸੀ। ਭਰਾ ਰਦਰਫ਼ਰਡ ਨੇ ਉਸ ਨੂੰ ਕਿਹਾ: “ਖ਼ਬਰਦਾਰ ਰਹਿ, ਸ਼ੈਤਾਨ ਤੇਰੇ ਪਿੱਛੇ ਹੈ!” ਇਸ ਸਲਾਹ ਦਾ ਭਰਾ ਕਲਾਈਨ ਉੱਤੇ ਬਹੁਤ ਅਸਰ ਹੋਇਆ ਕਿਉਂਕਿ ਪ੍ਰਬੰਧਕ ਸਭਾ ਦਾ ਮੈਂਬਰ ਬਣਨ ਤੋਂ ਬਾਅਦ ਉਸ ਨੇ ਲਿਖਿਆ ਕਿ ‘ਜੇ ਅਸੀਂ ਕਿਸੇ ਭਰਾ ਦੇ ਖ਼ਿਲਾਫ਼ ਆਪਣੇ ਮਨ ਵਿਚ ਗਿਲਾ-ਸ਼ਿਕਵਾ ਪਾਲਦੇ ਹਾਂ ਜਾਂ ਉਸ ਨਾਲ ਨਫ਼ਰਤ ਕਰਦੇ ਹਾਂ, ਤਾਂ ਅਸੀਂ ਆਸਾਨੀ ਨਾਲ ਸ਼ੈਤਾਨ ਦੇ ਸ਼ਿਕਾਰ ਬਣ ਸਕਦੇ ਹਾਂ, ਖ਼ਾਸ ਕਰਕੇ ਜੇ ਉਸ ਕੋਲ ਸਾਨੂੰ ਸਲਾਹ ਦੇਣ ਦੀ ਜ਼ਿੰਮੇਵਾਰੀ ਹੈ।’

15. ਅਜ਼ਮਾਇਸ਼ਾਂ ਵਿਚ ਘਿਰੇ ਹੋਣ ਵੇਲੇ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

15 ਜੇ ਸਾਨੂੰ ਕਿਸੇ ਅਜ਼ਮਾਇਸ਼ ਦਾ ਅੰਤ ਨਜ਼ਰ ਨਹੀਂ ਆਉਂਦਾ, ਤਾਂ ਸ਼ਾਇਦ ਅਸੀਂ ਧੀਰਜ ਗੁਆ ਬੈਠੀਏ। ਤਾਂ ਫਿਰ ਅਸੀਂ ਉਸ ਅਜ਼ਮਾਇਸ਼ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ? ਫ਼ਰਜ਼ ਕਰੋ ਕਿ ਤੁਸੀਂ ਕਾਰ ਚਲਾਉਂਦਿਆਂ ਟ੍ਰੈਫਿਕ ਵਿਚ ਫਸ ਜਾਂਦੇ ਹੋ। ਤੁਸੀਂ ਨਹੀਂ ਜਾਣਦੇ ਕਿ ਤੁਹਾਨੂੰ ਕਿੰਨੀ ਦੇਰ ਇੰਤਜ਼ਾਰ ਕਰਨਾ ਪਵੇਗਾ। ਜੇ ਤੁਸੀਂ ਬੇ­ਸਬਰੇ ਹੋ ਕੇ ਕਿਸੇ ਹੋਰ ਰਸਤੇ ਥਾਣੀਂ ਜਾਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਸ਼ਾਇਦ ਤੁਸੀਂ ਭਟਕ ਜਾਓ ਅਤੇ ਤੁਹਾਨੂੰ ਆਪਣੀ ਮੰਜ਼ਲ ’ਤੇ ਪਹੁੰਚਣ ਵਿਚ ਜ਼ਿਆਦਾ ਸਮਾਂ ਲੱਗ ਜਾਵੇ। ਪਰ ਜੇ ਤੁਸੀਂ ਇੰਤਜ਼ਾਰ ਕਰਦੇ, ਤਾਂ ਸ਼ਾਇਦ ਤੁਸੀਂ ਆਪਣੀ ਮੰਜ਼ਲ ’ਤੇ ਸਮੇਂ ਸਿਰ ਪਹੁੰਚ ਜਾਂਦੇ। ਅਜ਼ਮਾਇਸ਼ਾਂ ਵਿਚ ਘਿਰੇ ਹੋਣਾ ਵੀ ਟ੍ਰੈਫਿਕ ਵਿਚ ਫਸੇ ਹੋਣ ਦੀ ਤਰ੍ਹਾਂ ਹੈ। ਸੋ ਇਨ੍ਹਾਂ ਨੂੰ ਆਪਣੇ ਤਰੀਕੇ ਨਾਲ ਹੱਲ ਕਰਨ ਦੀ ਬਜਾਇ ਧੀਰਜ ਰੱਖੋ ਅਤੇ ਬਾਈਬਲ ਦੇ ਅਸੂਲਾਂ ਮੁਤਾਬਕ ਚੱਲਦੇ ਰਹੋ। ਫਿਰ ਤੁਸੀਂ ਯਹੋਵਾਹ ਦੀ ਮਦਦ ਨਾਲ ਸਮੇਂ ਸਿਰ ਆਪਣੀ ਮੰਜ਼ਲ ’ਤੇ ਪਹੁੰਚ ਜਾਓਗੇ।

16. ਕਿਹੜੇ ਇਕ ਹੋਰ ਕਾਰਨ ਕਰਕੇ ਸ਼ਾਇਦ ਯਹੋਵਾਹ ਸਾਡੀਆਂ ਅਜ਼ਮਾਇਸ਼ਾਂ ਨੂੰ ਖ਼ਤਮ ਨਹੀਂ ਕਰਦਾ?

16 ਕਦੇ-ਕਦੇ ਯਹੋਵਾਹ ਸਾਨੂੰ ਇਕਦਮ ਅਜ਼ਮਾਇਸ਼ਾਂ ਵਿੱਚੋਂ ਨਹੀਂ ਕੱਢਦਾ ਕਿਉਂਕਿ ਉਹ ਇਨ੍ਹਾਂ ਰਾਹੀਂ ਸਾਨੂੰ ਸਿਖਲਾਈ  ਦੇਣੀ ਚਾਹੁੰਦਾ ਹੈ। (1 ਪਤਰਸ 5:6-10 ਪੜ੍ਹੋ।) ਸਾਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ੁਰ ਸਾਡੀਆਂ ਅਜ਼ਮਾਇਸ਼ਾਂ ਲਈ ਜ਼ਿੰਮੇਵਾਰ ਹੈ। (ਯਾਕੂ. 1:13) ਯਾਦ ਰੱਖੋ ਕਿ ਅਕਸਰ ਅਜ਼ਮਾਇਸ਼ਾਂ ਪਿੱਛੇ ‘ਤੁਹਾਡੇ ਦੁਸ਼ਮਣ ਸ਼ੈਤਾਨ’ ਦਾ ਹੱਥ ਹੁੰਦਾ ਹੈ। ਪਰ ਕਿਸੇ ਅਜ਼ਮਾਇਸ਼ ਦਾ ਸਾਮ੍ਹਣਾ ਕਰਦੇ ਹੋਏ ਪਰਮੇਸ਼ੁਰ ਦੀ ਮਦਦ ਸਦਕਾ ਸਾਡੀ ਨਿਹਚਾ ਵਿਚ ਨਿਖਾਰ ਆਉਂਦਾ ਹੈ। ਉਹ ਸਾਡੇ ਦੁੱਖਾਂ ਨੂੰ ਦੇਖਦਾ ਹੈ ਅਤੇ ‘ਉਸ ਨੂੰ ਸਾਡਾ ਫ਼ਿਕਰ ਹੈ’ ਜਿਸ ਕਰਕੇ ਉਹ ਧਿਆਨ ਰੱਖਦਾ ਹੈ ਕਿ ਸਾਡੀ ਅਜ਼ਮਾਇਸ਼ ਲੰਬੇ ਸਮੇਂ ਤਕ ਨਾ ਚੱਲੇ। ਸੋ ਔਖੇ ਹਾਲਾਤਾਂ ਵਿਚ ਇਹ ਭਰੋਸਾ ਰੱਖੋ ਕਿ ਯਹੋਵਾਹ ਤੁਹਾਨੂੰ ਸੰਭਾਲੇਗਾ ਅਤੇ ਤੁਹਾਡੇ ਲਈ ਕੋਈ-ਨਾ-ਕੋਈ ਰਾਹ ਜ਼ਰੂਰ ਖੋਲ੍ਹੇਗਾ।2 ਕੁਰਿੰ. 4:7-9.

ਵਫ਼ਾਦਾਰ ਰਹਿ ਕੇ ਯਹੋਵਾਹ ਦੀ ਮਿਹਰ ਪਾਓ

17. ਯਹੋਵਾਹ ਸਾਰੇ ਇਨਸਾਨਾਂ ਦੇ ਦਿਲਾਂ ਨੂੰ ਕਿਉਂ ਪਰਖਦਾ ਹੈ?

17 ਯਹੋਵਾਹ ਸਾਰੇ ਇਨਸਾਨਾਂ ਦੇ ਦਿਲਾਂ ਨੂੰ ਪਰਖ ਕੇ ਦੇਖਦਾ ਹੈ ਕਿ ਕੌਣ ਉਸ ਨੂੰ ਦਿਲੋਂ ਪਿਆਰ ਕਰਦਾ ਹੈ। ਹਨਾਨੀ ਨਬੀ ਨੇ ਰਾਜਾ ਆਸਾ ਨੂੰ ਕਿਹਾ: “ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।” (2 ਇਤ. 16:9) ਰਾਜਾ ਆਸਾ ਦਾ ਦਿਲ ਪਰਮੇਸ਼ੁਰ ’ਤੇ ਪੂਰੀ ਨਿਹਚਾ ਨਹੀਂ ਸੀ ਰੱਖਦਾ। ਪਰ ਜੇ ਤੁਸੀਂ ਪੂਰੀ ਨਿਹਚਾ ਰੱਖੋਗੇ, ਤਾਂ ਯਹੋਵਾਹ ਤੁਹਾਡੀ ਮਦਦ ਕਰਨ ਲਈ ‘ਆਪਣੇ ਆਪ ਨੂੰ ਸਮਰਥ ਵਿਖਾਵੇਗਾ।’ ਇਸ ਦਾ ਮਤਲਬ ਹੈ ਕਿ ਜੇ ਤੁਸੀਂ ਸਹੀ ਕੰਮ ਕਰਦੇ ਰਹੋਗੇ, ਤਾਂ ਉਹ ਤੁਹਾਡੀ ਹਿਫਾਜ਼ਤ ਕਰੇਗਾ ਅਤੇ ਤੁਹਾਨੂੰ ਬਰਕਤਾਂ ਦੇਵੇਗਾ।

18. ਅਸੀਂ ਯਕੀਨ ਕਿਉਂ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੇ ਚੰਗੇ ਕੰਮਾਂ ਨੂੰ ਧਿਆਨ ਨਾਲ ਦੇਖਦਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

18 ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ‘ਨੇਕੀ ਨੂੰ ਪਿਆਰ ਕਰੀਏ’ ਅਤੇ ‘ਭਲੇ ਕੰਮ ਕਰੀਏ’ ਤਾਂਕਿ ਉਹ ਸਾਡੇ ’ਤੇ “ਦਯਾ ਕਰੇ।” (ਆਮੋ. 5:15; 1 ਪਤ. 3:11, 12) ਯਹੋਵਾਹ ਧਰਮੀ ਲੋਕਾਂ ਦੇ ਚੰਗੇ ਕੰਮਾਂ ਨੂੰ ਧਿਆਨ ਨਾਲ ਦੇਖਦਾ ਹੈ ਅਤੇ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ। (ਜ਼ਬੂ. 34:15) ਜ਼ਰਾ ਦੋ ਇਬਰਾਨੀ ਦਾਈਆਂ ਸਿਫਰਾਹ ਅਤੇ ਫੂਆਹ ਦੀ ਮਿਸਾਲ ’ਤੇ ਗੌਰ ਕਰੋ। ਜਦੋਂ ਇਜ਼ਰਾਈਲੀ ਮਿਸਰ ਦੀ ਗ਼ੁਲਾਮੀ ਵਿਚ ਸਨ, ਤਾਂ ਫ਼ਿਰਊਨ ਨੇ ਹੁਕਮ ਦਿੱਤਾ ਸੀ ਕਿ ਸਾਰੇ ਇਬਰਾਨੀ ਮੁੰਡਿਆਂ ਨੂੰ ਉਨ੍ਹਾਂ ਦੇ ਜਨਮ ਵੇਲੇ ਮਾਰ ਦਿੱਤਾ ਜਾਵੇ। ਪਰ ਇਨ੍ਹਾਂ ਤੀਵੀਆਂ ਨੇ ਫ਼ਿਰਊਨ ਤੋਂ ਡਰਨ ਦੀ ਬਜਾਇ ਪਰਮੇਸ਼ੁਰ ਦਾ ਡਰ ਰੱਖਿਆ ਅਤੇ ਇਬਰਾਨੀ ਬੱਚਿਆਂ ਦੀਆਂ ਜਾਨਾਂ ਬਚਾ ਲਈਆਂ। ਇਸ ਕਰਕੇ ਯਹੋਵਾਹ ਨੇ ਬਾਅਦ ਵਿਚ ਸਿਫਰਾਹ ਅਤੇ ਫੂਆਹ ਦੇ ਘਰ ਵਸਾਏ। (ਕੂਚ 1:15-17, 20, 21) ਜੀ ਹਾਂ, ਯਹੋਵਾਹ ਨੇ ਉਨ੍ਹਾਂ ਦੇ ਚੰਗੇ ਕੰਮ ਦੇਖ ਕੇ ਉਨ੍ਹਾਂ ਨੂੰ ਬਰਕਤ ਦਿੱਤੀ। ਕਦੇ-ਕਦੇ ਸ਼ਾਇਦ ਅਸੀਂ ਸੋਚੀਏ ਕਿ ਕਿਸੇ ਨੂੰ ਵੀ ਸਾਡੇ ਚੰਗੇ ਕੰਮਾਂ ਦੀ ਪਰਵਾਹ ਨਹੀਂ, ਪਰ ਯਹੋਵਾਹ ਨੂੰ ਹੈ। ਜੀ ਹਾਂ, ਯਕੀਨ ਰੱਖੋ ਕਿ ਉਹ ਸਾਡਾ ਹਰ ਨੇਕ ਕੰਮ ਦੇਖ ਕੇ ਸਾਨੂੰ ਜ਼ਰੂਰ ਇਨਾਮ ਦੇਵੇਗਾ।ਮੱਤੀ 6:4, 6; 1 ਤਿਮੋ. 5:25; ਇਬ. 6:10.

19. ਇਕ ਭੈਣ ਨੇ ਆਪਣੇ ਤਜਰਬੇ ਤੋਂ ਕੀ ਸਿੱਖਿਆ?

19 ਆਸਟ੍ਰੀਆ ਵਿਚ ਇਕ ਭੈਣ ਨੇ ਆਪਣੇ ਤਜਰਬੇ ਤੋਂ ਸਿੱਖਿਆ ਕਿ ਯਹੋਵਾਹ ਪ੍ਰਚਾਰ ਵਿਚ ਸਾਡੀ ਮਿਹਨਤ ਦੇਖਦਾ ਹੈ। ਇਹ ਭੈਣ ਹੰਗਰੀ ਭਾਸ਼ਾ ਬੋਲਦੀ ਹੈ ਜਿਸ ਕਰਕੇ ਉਸ ਨੂੰ ਇਹ ਭਾਸ਼ਾ ਬੋਲਣ ਵਾਲੀ ਇਕ ਤੀਵੀਂ ਦਾ ਪਤਾ ਦਿੱਤਾ ਗਿਆ। ਉਹ ਬਿਨਾਂ ਦੇਰ ਕੀਤੇ ਉਸ ਤੀਵੀਂ ਨੂੰ ਮਿਲਣ ਗਈ, ਪਰ ਘਰ ਵਿਚ ਕੋਈ ਨਹੀਂ ਸੀ। ਉਹ ਵਾਰ-ਵਾਰ ਉਸ ਘਰ ਜਾਂਦੀ ਰਹੀ। ਕਦੀ-ਕਦੀ ਉਸ ਨੂੰ ਲੱਗਦਾ ਸੀ ਕਿ ਕੋਈ ਘਰ ਹੈ, ਪਰ ਕੋਈ ਦਰਵਾਜ਼ਾ ਨਹੀਂ ਸੀ ਖੋਲ੍ਹਦਾ। ਉਸ ਨੇ ਲਗਾਤਾਰ ਬਾਈਬਲ ਪ੍ਰਕਾਸ਼ਨ, ਚਿੱਠੀਆਂ ਅਤੇ ਆਪਣਾ ਫ਼ੋਨ ਨੰਬਰ ਛੱਡਿਆ। ਫਿਰ ਡੇਢ ਸਾਲ ਬਾਅਦ ਇਕ ਔਰਤ ਨੇ ਮੁਸਕਰਾਉਂਦੇ ਹੋਏ ਦਰਵਾਜ਼ਾ ਖੋਲ੍ਹਿਆ ਅਤੇ ਕਿਹਾ: “ਭੈਣ ਜੀ ਅੰਦਰ ਆ ਜਾਓ। ਮੈਂ ਤੁਹਾਡੇ ਸਾਰੇ ਪ੍ਰਕਾਸ਼ਨ ਤੇ ਸਾਰੀਆਂ ਚਿੱਠੀਆਂ ਪੜ੍ਹੀਆਂ ਹਨ ਤੇ ਮੈਂ ਤੁਹਾਡਾ ਹੀ ਇੰਤਜ਼ਾਰ ਕਰ ਰਹੀ ਸੀ।” ਇਸ ਔਰਤ ਨੂੰ ਕੈਂਸਰ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ ਜਿਸ ਕਰਕੇ ਉਸ ਵਿਚ ਲੋਕਾਂ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਸੀ। ਪਰ ਹੁਣ ਉਹ ਬਾਈਬਲ ਸਟੱਡੀ ਕਰਨ ਲਈ ਤਿਆਰ ਸੀ। ਵਾਕਈ, ਪਰਮੇਸ਼ੁਰ ਨੇ ਇਸ ਭੈਣ ਦੀ ਮਿਹਨਤ ’ਤੇ ਬਰਕਤ ਪਾਈ।

20. ਯਹੋਵਾਹ ਦੇ ਪਿਆਰ ਬਾਰੇ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ?

20 ਯਹੋਵਾਹ ਤੁਹਾਡੇ ਹਰ ਚੰਗੇ ਕੰਮ ਨੂੰ ਦੇਖਦੇ ਹੋਏ ਤੁਹਾਨੂੰ ਇਸ ਦਾ ਇਨਾਮ ਜ਼ਰੂਰ ਦੇਵੇਗਾ। ਇਹ ਨਾ ਸੋਚੋ ਕਿ ਯਹੋਵਾਹ ਦੀਆਂ ਅੱਖਾਂ ਤੁਹਾਡੇ ਉੱਤੇ ਇਕ ਕੈਮਰੇ ਵਾਂਗ ਗ਼ਲਤੀਆਂ ਫੜਨ ਲਈ ਟਿਕੀਆਂ ਹੋਈਆਂ ਹਨ, ਸਗੋਂ ਚੇਤੇ ਰੱਖੋ ਕਿ ਉਸ ਨੂੰ ਤੁਹਾਡਾ ਫ਼ਿਕਰ ਹੈ ਅਤੇ ਉਹ ਤੁਹਾਡੀ ਮਦਦ ਕਰਨੀ ਚਾਹੁੰਦਾ ਹੈ। ਕੀ ਇਹ ਜਾਣ ਕੇ ਤੁਸੀਂ ਯਹੋਵਾਹ ਦੇ ਹੋਰ ਨੇੜੇ ਨਹੀਂ ਆਉਣਾ ਚਾਹੁੰਦੇ?