Skip to content

Skip to table of contents

ਤੁਹਾਡੀ “ਹਾਂ” ਕਿਤੇ “ਨਾਂਹ” ਤਾਂ ਨਹੀਂ?

ਤੁਹਾਡੀ “ਹਾਂ” ਕਿਤੇ “ਨਾਂਹ” ਤਾਂ ਨਹੀਂ?

ਫ਼ਰਜ਼ ਕਰੋ ਕਿ ਮੰਡਲੀ ਦੇ ਇਕ ਬਜ਼ੁਰਗ ਨੇ ਐਤਵਾਰ ਸਵੇਰ ਨੂੰ ਇਕ ਨੌਜਵਾਨ ਭਰਾ ਨਾਲ ਪ੍ਰਚਾਰ ਕਰਨ ਦਾ ਪ੍ਰੋਗ੍ਰਾਮ ਬਣਾਇਆ ਹੈ। ਹਸਪਤਾਲ ਸੰਪਰਕ ਕਮੇਟੀ ਦਾ ਮੈਂਬਰ ਹੋਣ ਕਰਕੇ ਇਸ ਬਜ਼ੁਰਗ ਨੂੰ ਅਚਾਨਕ ਉਸੇ ਸਵੇਰ ਇਕ ਭਰਾ ਦਾ ਫ਼ੋਨ ਆਉਂਦਾ ਹੈ ਜਿਸ ਦੀ ਪਤਨੀ ਦਾ ਕਾਰ ਐਕਸੀਡੈਂਟ ਹੋ ਗਿਆ ਹੈ ਅਤੇ ਉਸ ਨੂੰ ਜਲਦੀ ਨਾਲ ਹਸਪਤਾਲ ਲਿਜਾਇਆ ਗਿਆ ਹੈ। ਉਹ ਬਜ਼ੁਰਗ ਤੋਂ ਮਦਦ ਮੰਗਦਾ ਹੈ ਕਿ ਉਹ ਅਜਿਹਾ ਡਾਕਟਰ ਲੱਭੇ ਜੋ ਲਹੂ ਤੋਂ ਬਿਨਾਂ ਉਸ ਦੀ ਪਤਨੀ ਦਾ ਇਲਾਜ ਕਰੇ। ਸੋ ਬਜ਼ੁਰਗ ਉਸ ਨੌਜਵਾਨ ਭਰਾ ਨੂੰ ਕਹਿੰਦਾ ਹੈ ਕਿ ਉਹ ਉਸ ਨਾਲ ਪ੍ਰਚਾਰ ਨਹੀਂ ਕਰ ਸਕਦਾ ਕਿਉਂਕਿ ਇਸ ਐਮਰਜੰਸੀ ਵਿਚ ਉਸ ਪਰਿਵਾਰ ਨੂੰ ਉਸ ਦੇ ਸਹਾਰੇ ਦੀ ਲੋੜ ਹੈ।

ਜ਼ਰਾ ਇਕ ਹੋਰ ਮਿਸਾਲ ’ਤੇ ਗੌਰ ਕਰੋ: ਮੰਡਲੀ ਵਿਚ ਇਕ ਜੋੜਾ ਇਕ ਇਕੱਲੀ ਮਾਂ ਤੇ ਉਸ ਦੇ ਦੋ ਬੱਚਿਆਂ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੰਦਾ ਹੈ। ਜਦ ਉਹ ਆਪਣੇ ਬੱਚਿਆਂ ਨੂੰ ਇਸ ਬਾਰੇ ਦੱਸਦੀ ਹੈ, ਤਾਂ ਉਨ੍ਹਾਂ ਦੇ ਚਿਹਰੇ ਖ਼ੁਸ਼ੀ ਨਾਲ ਖਿੜ ਜਾਂਦੇ ਹਨ ਅਤੇ ਬੱਚੇ ਉਸ ਸ਼ਾਮ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਪਰ ਉਸ ਸ਼ਾਮ ਤੋਂ ਇਕ ਦਿਨ ਪਹਿਲਾਂ ਇਸ ਮਾਂ ਨੂੰ ਇਹ ਜੋੜਾ ਕਹਿੰਦਾ ਹੈ ਕਿ ਅਚਾਨਕ ਕੋਈ ਕੰਮ ਪੈਣ ਕਰਕੇ ਉਨ੍ਹਾਂ ਨੂੰ ਆਪਣਾ ਪ੍ਰੋਗ੍ਰਾਮ ਬਦਲਣਾ ਪੈਣਾ ਹੈ। ਬਾਅਦ ਵਿਚ ਇਸ ਮਾਂ ਨੂੰ ਪਤਾ ਲੱਗਦਾ ਹੈ ਕਿ ਉਸ ਜੋੜੇ ਨੇ ਪ੍ਰੋਗ੍ਰਾਮ ਕਿਉਂ ਬਦਲਿਆ। ਹੋਇਆ ਇੱਦਾਂ ਕਿ ਉਸ ਨੂੰ ਸੱਦਾ ਦੇਣ ਤੋਂ ਬਾਅਦ ਇਸ ਜੋੜੇ ਦੇ ਦੋਸਤਾਂ ਨੇ ਉਸੇ ਸ਼ਾਮ ਉਨ੍ਹਾਂ ਨੂੰ ਆਪਣੇ ਘਰ ਬੁਲਾ­ਇਆ ਅਤੇ ਇਸ ਜੋੜੇ ਨੇ ਸੱਦਾ ਕਬੂਲ ਕਰ ਲਿਆ।

ਮਸੀਹੀ ਹੋਣ ਦੇ ਨਾਤੇ ਸਾਨੂੰ ਆਪਣੀ ਜ਼ਬਾਨ ਦੇ ਪੱਕੇ ਹੋਣਾ ਚਾਹੀਦਾ ਹੈ। ਜਦ ਅਸੀਂ ਕਿਸੇ ਨੂੰ “ਹਾਂ” ਕਹਿੰਦੇ ਹਾਂ, ਤਾਂ ਇਸ ਦਾ ਮਤਲਬ ਕਦੀ ਵੀ “ਨਾਂਹ” ਨਹੀਂ ਹੋਣਾ ਚਾਹੀਦਾ। (2 ਕੁਰਿੰ. 1:18) ਪਰ ਇਨ੍ਹਾਂ ਮਿਸਾਲਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਹਾਲਾਤ ਵੱਖੋ-ਵੱਖਰੇ ਹੋ ਸਕਦੇ ਹਨ। ਕਦੇ-ਕਦੇ ਸਾਡੇ ਸਾਮ੍ਹਣੇ ਅਜਿਹੇ ਹਾਲਾਤ ਖੜ੍ਹੇ ਹੁੰਦੇ ਹਨ ਜਦ ਸਾਨੂੰ ਲੱਗਦਾ ਹੈ ਕਿ ਸਾਨੂੰ ਆਪਣਾ ਪ੍ਰੋਗ੍ਰਾਮ ਬਦਲਣਾ ਹੀ ਪੈਣਾ। ਇਕ ਵਾਰ ਪੌਲੁਸ ਨੂੰ ਵੀ ਅਜਿਹੇ ਹਾਲਾਤਾਂ ਦਾ ਸਾਮ੍ਹਣਾ ਕਰਨਾ ਪਿਆ ਸੀ।

ਪੌਲੁਸ ’ਤੇ ਇਲਜ਼ਾਮ ਲਾਇਆ ਗਿਆ ਕਿ ਉਹ ਆਪਣੀ ਗੱਲ ਦਾ ਪੱਕਾ ਨਹੀਂ ਸੀ

ਸਾਲ 55 ਈਸਵੀ ਵਿਚ ਪੌਲੁਸ ਆਪਣੇ ਤੀਜੇ ਮਿਸ਼ਨਰੀ ਦੌਰੇ ’ਤੇ ਸੀ। ਉਸ ਨੇ ਇਰਾਦਾ ਕੀਤਾ ਕਿ ਉਹ ਅਫ਼ਸੁਸ ਤੋਂ ਏਜੀਅਨ ਸਾਗਰ ਪਾਰ ਕਰ ਕੇ ਪਹਿਲਾਂ ਕੁਰਿੰਥੁਸ ਜਾਵੇਗਾ ਅਤੇ ਫਿਰ ਮਕਦੂਨੀਆ। ਨਾਲੇ ਉਸ ਨੇ ਫ਼ੈਸਲਾ ਕੀਤਾ ਕਿ ਯਰੂਸ਼ਲਮ ਨੂੰ ਵਾਪਸ ਜਾਂਦੇ ਹੋਏ ਉਹ ਕੁਰਿੰਥੁਸ ਦੀ ਮੰਡਲੀ ਨੂੰ ਦੁਬਾਰਾ ਮਿਲੇਗਾ ਤਾਂਕਿ ਉਹ ਉਨ੍ਹਾਂ ਦਾ ਦਾਨ ਯਰੂਸ਼ਲਮ ਦੇ ਭਰਾਵਾਂ ਤਕ ਪਹੁੰਚਾ ਸਕੇ। (1 ਕੁਰਿੰ. 16:3) ਇਸ ਗੱਲ ਦਾ ਸਬੂਤ ਸਾਨੂੰ 2 ਕੁਰਿੰਥੀਆਂ 1:15, 16 ਤੋਂ ਮਿਲਦਾ ਹੈ ਜਿੱਥੇ ਲਿਖਿਆ ਹੈ: “ਇਸੇ ਭਰੋਸੇ ਨਾਲ ਮੈਂ ਦੂਸਰੀ ਵਾਰ ਤੁਹਾਡੇ ਕੋਲ ਆਉਣ ਦਾ ਇਰਾਦਾ ਕੀਤਾ ਸੀ ਤਾਂਕਿ ਤੁਹਾਨੂੰ ਦੁਬਾਰਾ ਖ਼ੁਸ਼ੀ ਮਿਲੇ, ਅਤੇ ਤੁਹਾਨੂੰ ਮਿਲਣ ਤੋਂ ਬਾਅਦ ਮੈਂ ਮਕਦੂਨੀਆ ਜਾਣਾ ਸੀ ਅਤੇ ਫਿਰ ਮਕਦੂਨੀਆ ਤੋਂ ਤੁਹਾਡੇ ਕੋਲ ਵਾਪਸ ਆਉਣਾ ਸੀ। ਨਾਲੇ ਮੈਂ ਚਾਹੁੰਦਾ ਸੀ ਕਿ ਉੱਥੋਂ ਯਹੂਦੀਆ ਨੂੰ ਜਾਣ ਵੇਲੇ ਤੁਸੀਂ ਸਫ਼ਰ ਦੌਰਾਨ ਥੋੜ੍ਹੀ ਦੂਰ ਮੇਰੇ ਨਾਲ ਆ ਜਾਂਦੇ।”

ਲੱਗਦਾ ਹੈ ਕਿ ਪੌਲੁਸ ਨੇ ਆਪਣੀ ਪਿਛਲੀ ਚਿੱਠੀ ਵਿਚ ਕੁਰਿੰਥੁਸ ਦੇ ਭਰਾਵਾਂ ਨੂੰ ਆਪਣਾ ਇਹ ਇਰਾਦਾ ਦੱਸਿਆ ਸੀ। (1 ਕੁਰਿੰ. 5:9) ਪਰ ਇਹ ਚਿੱਠੀ ਲਿਖਣ ਤੋਂ ਥੋੜ੍ਹੀ ਦੇਰ ਬਾਅਦ ਪੌਲੁਸ ਨੂੰ ਕਲੋਏ ਦੇ ਘਰ ਦਿਆਂ ਤੋਂ ਖ਼ਬਰ ਮਿਲੀ ਕਿ ਕੁਰਿੰਥੁਸ  ਦੀ ਮੰਡਲੀ ਦੇ ਭਰਾਵਾਂ ਵਿਚ ਫੁੱਟ ਪਈ ਹੋਈ ਹੈ। (1 ਕੁਰਿੰ. 1:10, 11) ਇਸ ਕਰਕੇ ਪੌਲੁਸ ਨੇ ਆਪਣਾ ਇਰਾਦਾ ਬਦਲਿਆ ਅਤੇ ਦੁਬਾਰਾ ਤੋਂ ਇਕ ਚਿੱਠੀ ਲਿਖੀ ਜੋ ਹੁਣ ਬਾਈਬਲ ਵਿਚ 1 ਕੁਰਿੰਥੀਆਂ ਨਾਂ ਦੀ ਕਿਤਾਬ ਹੈ। ਇਸ ਵਿਚ ਪੌਲੁਸ ਨੇ ਪਿਆਰ ਨਾਲ ਉਨ੍ਹਾਂ ਨੂੰ ਸਲਾਹ ਤੇ ਤਾੜਨਾ ਦਿੱਤੀ। ਉਸ ਨੇ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਹੁਣ ਉਹ ਪਹਿਲਾਂ ਮਕਦੂਨੀਆ ਜਾਵੇਗਾ ਤੇ ਫਿਰ ਕੁਰਿੰਥੁਸ।1 ਕੁਰਿੰ. 16:5, 6. *

ਲੱਗਦਾ ਹੈ ਕਿ ਜਦ ਕੁਰਿੰਥੁਸ ਦੇ ਭਰਾਵਾਂ ਨੇ ਉਸ ਦੀ ਚਿੱਠੀ ਪੜ੍ਹੀ, ਤਾਂ ਮੰਡਲੀ ਦੇ ਕੁਝ “ਮਹਾਂ ਰਸੂਲਾਂ” ਨੇ ਉਸ ’ਤੇ ਇਲਜ਼ਾਮ ਲਾਇਆ ਕਿ ਉਹ ਆਪਣੇ ਵਾਅਦੇ ਨਹੀਂ ਨਿਭਾਉਂਦਾ। ਪੌਲੁਸ ਨੇ ਆਪਣੀ ਸਫ਼ਾਈ ਵਿਚ ਕਿਹਾ: “ਤੁਹਾਨੂੰ ਕੀ ਲੱਗਦਾ ਕਿ ਜਦੋਂ ਮੈਂ ਇਹ ਇਰਾਦਾ ਕੀਤਾ ਸੀ, ਤਾਂ ਮੈਂ ਬਿਨਾਂ ਸੋਚੇ-ਸਮਝੇ ਕੀਤਾ ਸੀ? ਜਾਂ ਕੀ ਮੈਂ ਆਪਣੀਆਂ ਸੁਆਰਥੀ ਇੱਛਾਵਾਂ ਪੂਰੀਆਂ ਕਰਨ ਦੇ ਇਰਾਦੇ ਨਾਲ ਹੀ ਸਭ ਕੁਝ ਕਰਦਾ ਹਾਂ ਅਤੇ ਇਸੇ ਕਰਕੇ ਪਹਿਲਾਂ ‘ਹਾਂ, ਹਾਂ’ ਕਹਿੰਦਾ ਹਾਂ ਤੇ ਫਿਰ ‘ਨਾਂਹ, ਨਾਂਹ’?”2 ਕੁਰਿੰ. 1:17; 11:5.

ਅਸੀਂ ਸ਼ਾਇਦ ਕਹੀਏ, ਕੀ ਇਨ੍ਹਾਂ ਹਾਲਾਤਾਂ ਵਿਚ ਪੌਲੁਸ ਰਸੂਲ ਨੇ ਵਾਕਈ ਆਪਣਾ ਇਰਾਦਾ “ਬਿਨਾਂ ਸੋਚੇ-ਸਮਝੇ” ਕੀਤਾ ਸੀ? ਬਿਲਕੁਲ ਨਹੀਂ! ਜਿਸ ਸ਼ਬਦ ਦਾ ਤਰਜਮਾ “ਬਿਨਾਂ ਸੋਚੇ-ਸਮਝੇ” ਕੀਤਾ ਗਿਆ ਹੈ, ਉਹ ਸ਼ਬਦ ਉਸ ਇਨਸਾਨ ਲਈ ਵਰਤਿਆ ਜਾਂਦਾ ਹੈ ਜਿਸ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਜਾਂ ਜੋ ਆਪਣੇ ਵਾਅਦੇ ’ਤੇ ਪੱਕਾ ਨਹੀਂ ਰਹਿੰਦਾ। ਪੌਲੁਸ ਨੇ ਆਪਣੀ ਸਫ਼ਾਈ ਵਿਚ ਕਿਹਾ: “ਕੀ ਮੈਂ ਆਪਣੀਆਂ ਸੁਆਰਥੀ ਇੱਛਾਵਾਂ ਪੂਰੀਆਂ ਕਰਨ ਦੇ ਇਰਾਦੇ ਨਾਲ ਹੀ ਸਭ ਕੁਝ ਕਰਦਾ ਹਾਂ?” ਇਸ ਤੋਂ ਕੁਰਿੰਥੁਸ ਦੇ ਮਸੀਹੀਆਂ ਨੂੰ ਪਤਾ ਲੱਗ ਜਾਣਾ ਚਾਹੀਦਾ ਸੀ ਕਿ ਪੌਲੁਸ ਭਰੋਸੇ ਦੇ ਲਾਇਕ ਸੀ ਅਤੇ ਉਸ ਨੇ ਆਪਣਾ ਇਰਾਦਾ ਬਿਨਾਂ ਕਿਸੇ ਵਜ੍ਹਾ ਨਹੀਂ ਸੀ ਬਦਲਿਆ।

ਇਸ ਇਲਜ਼ਾਮ ਨੂੰ ਗ਼ਲਤ ਸਾਬਤ ਕਰਦਿਆਂ ਪੌਲੁਸ ਨੇ ਬੜੀ ਦ੍ਰਿੜ੍ਹਤਾ ਨਾਲ ਕਿਹਾ: “ਜਿਵੇਂ ਤੁਸੀਂ ਪਰਮੇਸ਼ੁਰ ’ਤੇ ਭਰੋਸਾ ਕਰ ਸਕਦੇ ਹੋ, ਉਸੇ ਤਰ੍ਹਾਂ ਤੁਸੀਂ ਸਾਡੇ ’ਤੇ ਵੀ ਭਰੋਸਾ ਕਰ ਸਕਦੇ ਹੋ ਕਿ ਜਦੋਂ ਅਸੀਂ ਤੁਹਾਨੂੰ ‘ਹਾਂ’ ਕਹਿੰਦੇ ਹਾਂ, ਤਾਂ ਇਸ ਦਾ ਮਤਲਬ ‘ਨਾਂਹ’ ਨਹੀਂ ਹੁੰਦਾ।” (2 ਕੁਰਿੰ. 1:18) ਜਦ ਪੌਲੁਸ ਨੇ ਆਪਣਾ ਇਰਾਦਾ ਬਦਲਿਆ, ਤਾਂ ਅਸਲ ਵਿਚ ਉਹ ਕੁਰਿੰਥੁਸ ਦੇ ਭੈਣਾਂ-ਭਰਾਵਾਂ ਦੇ ਭਲੇ ਬਾਰੇ ਸੋਚ ਰਿਹਾ ਸੀ। ਅਸੀਂ 2 ਕੁਰਿੰਥੀਆਂ 1:23 ਵਿਚ ਪੜ੍ਹਦੇ ਹਾਂ ਕਿ ਉਹ ‘ਉਨ੍ਹਾਂ ਨੂੰ ਹੋਰ ਉਦਾਸ ਨਹੀਂ’ ਕਰਨਾ ਚਾਹੁੰਦਾ ਸੀ ਅਤੇ ਇਸੇ ਲਈ ਉਸ ਨੇ ਕੁਰਿੰਥੁਸ ਜਾਣ ਦਾ ਫ਼ੈਸਲਾ ਬਦਲ ਦਿੱਤਾ। ਉਸ ਨੇ ਉਨ੍ਹਾਂ ਨੂੰ ਮਿਲਣ ਜਾਣ ਤੋਂ ਪਹਿਲਾਂ ਆਪਣੀਆਂ ਗ਼ਲਤੀਆਂ ਸੁਧਾਰਨ ਦਾ ਮੌਕਾ ਦਿੱਤਾ ਅਤੇ ਉਹ ਪੌਲੁਸ ਦੀਆਂ ਉਮੀਦਾਂ ’ਤੇ ਖਰੇ ਉੱਤਰੇ। ਅਜੇ ਪੌਲੁਸ ਮਕਦੂਨੀਆ ਵਿਚ ਹੀ ਸੀ ਜਦ ਉਸ ਨੇ ਤੀਤੁਸ ਤੋਂ ਸੁਣਿਆ ਕਿ ਉਸ ਦੀ ਚਿੱਠੀ ਦਾ ਕੁਰਿੰਥੁਸ ਦੇ ਭੈਣਾਂ-ਭਰਾਵਾਂ ’ਤੇ ਇੰਨਾ ਅਸਰ ਪਿਆ ਕਿ ਉਹ ਬਹੁਤ ਉਦਾਸ ਹੋਏ ਅਤੇ ਉਨ੍ਹਾਂ ਨੇ ਪਛਤਾਵਾ ਕੀਤਾ। ਇਹ ਜਾਣ ਕੇ ਪੌਲੁਸ ਬਹੁਤ ਖ਼ੁਸ਼ ਹੋਇਆ।2 ਕੁਰਿੰ. 6:11; 7:5-7.

ਯਿਸੂ “ਆਮੀਨ” ਹੈ

ਜਿਹੜੇ ਲੋਕ ਪੌਲੁਸ ਉੱਤੇ ਦੋਸ਼ ਲਾ ਰਹੇ ਸਨ, ਉਨ੍ਹਾਂ ਦੇ ਕਹਿਣ ਦਾ ਮਤਲਬ ਸ਼ਾਇਦ ਇਹ ਸੀ ਕਿ ਜੇ ਪੌਲੁਸ ਛੋਟੀਆਂ-ਛੋਟੀਆਂ ਗੱਲਾਂ ਵਿਚ ਭਰੋਸੇ ਦੇ ਲਾਇਕ ਨਹੀਂ, ਤਾਂ ਉਸ ਦੇ ਪ੍ਰਚਾਰ ਦੇ ਕੰਮ ’ਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ। ਪਰ ਪੌਲੁਸ ਨੇ ਕੁਰਿੰਥੁਸ ਦੇ ਭੈਣਾਂ-ਭਰਾਵਾਂ ਨੂੰ ਯਾਦ ਕਰਾਇਆ ਕਿ ਉਸ ਨੇ ਉਨ੍ਹਾਂ ਨੂੰ ਯਿਸੂ ਮਸੀਹ ਬਾਰੇ ਪ੍ਰਚਾਰ ਕੀਤਾ ਸੀ। ਉਸ ਨੇ ਕਿਹਾ: “ਪਰਮੇਸ਼ੁਰ ਦਾ ਪੁੱਤਰ, ਮਸੀਹ ਯਿਸੂ, ਜਿਸ ਦਾ ਮੈਂ, ਸਿਲਵਾਨੁਸ ਤੇ ਤਿਮੋਥਿਉਸ ਨੇ ਤੁਹਾਨੂੰ ਪ੍ਰਚਾਰ ਕੀਤਾ ਸੀ, ਪਹਿਲਾਂ ‘ਹਾਂ’ ਅਤੇ ਫਿਰ ‘ਨਾਂਹ’ ਨਹੀਂ ਹੈ, ਪਰ ਉਹ ਹਮੇਸ਼ਾ ‘ਹਾਂ’ ਹੈ।” (2 ਕੁਰਿੰ. 1:19) ਕੀ ਯਿਸੂ ਹਰ ਗੱਲ ਵਿਚ ਭਰੋਸੇ ਦੇ ਲਾਇਕ ਸੀ? ਬਿਲਕੁਲ, ਕਿਉਂਕਿ ਉਸ ਨੇ ਹਮੇਸ਼ਾ ਆਪਣੀ ਜ਼ਿੰਦਗੀ ਅਤੇ ਪ੍ਰਚਾਰ ਵਿਚ ਸੱਚ ਬੋਲਿਆ ਅਤੇ ਪੌਲੁਸ ਰਸੂਲ ਯਿਸੂ ਦੀ ਮਿਸਾਲ ’ਤੇ ਚੱਲਦਾ ਸੀ। (ਯੂਹੰ. 14:6; 18:37) ਜੇ ਯਿਸੂ ਦਾ ਪ੍ਰਚਾਰ ਸੱਚਾ ਤੇ ਭਰੋਸੇ ਦੇ ਲਾਇਕ ਸੀ ਅਤੇ ਪੌਲੁਸ ਨੇ ਵੀ ਉਹੀ ਪ੍ਰਚਾਰ ਕੀਤਾ, ਤਾਂ ਉਸ ਦੇ ਸੰਦੇਸ਼ ’ਤੇ ਇਤਬਾਰ ਕੀਤਾ ਜਾ ਸਕਦਾ ਸੀ।

ਇਸ ਤੋਂ ਇਲਾਵਾ ਯਹੋਵਾਹ ‘ਸਚਿਆਈ ਦਾ ਪਰਮੇਸ਼ੁਰ’ ਹੈ। (ਜ਼ਬੂ. 31:5) ਇਸ ਗੱਲ ਦਾ ਸਬੂਤ ਸਾਨੂੰ ਪੌਲੁਸ ਦੇ ਅਗਲੇ ਸ਼ਬਦਾਂ ਤੋਂ ਮਿਲਦਾ ਹੈ: “ਪਰਮੇਸ਼ੁਰ ਦੇ ਵਾਅਦੇ ਭਾਵੇਂ ਜਿੰਨੇ ਮਰਜ਼ੀ ਹੋਣ, ਉਹ ਸਾਰੇ ਮਸੀਹ ਰਾਹੀਂ ਪੂਰੇ ਹੁੰਦੇ ਹਨ।” ਯਿਸੂ ਹਰ ਗੱਲ ਵਿਚ ਵਫ਼ਾਦਾਰ ਰਿਹਾ ਜਿਸ ਤੋਂ ਸਾਨੂੰ ਪੂਰਾ ਯਕੀਨ ਹੁੰਦਾ ਹੈ ਕਿ ਭਵਿੱਖ ਬਾਰੇ ਪਰਮੇਸ਼ੁਰ ਦੇ ਸਾਰੇ ਵਾਅਦੇ ਜ਼ਰੂਰ ਪੂਰੇ ਹੋਣਗੇ। ਪੌਲੁਸ ਨੇ ਅੱਗੇ ਕਿਹਾ: “ਇਸ ਲਈ, ਉਸੇ [ਯਿਸੂ] ਰਾਹੀਂ ਅਸੀਂ ਪਰਮੇਸ਼ੁਰ ਨੂੰ ‘ਆਮੀਨ’ ਕਹਿੰਦੇ ਹਾਂ ਤਾਂਕਿ ਅਸੀਂ ਪਰਮੇਸ਼ੁਰ ਦੀ ਮਹਿਮਾ ਕਰੀਏ।” (2 ਕੁਰਿੰ. 1:20) ਬਾਈਬਲ ਵਿਚ ਯਿਸੂ ਨੂੰ “ਆਮੀਨ” ਕਿਉਂ ਕਿਹਾ ਗਿਆ ਹੈ? ਕਿਉਂਕਿ ਯਿਸੂ ਦੀ ਜ਼ਿੰਦਗੀ ਤੋਂ ਸਾਨੂੰ ਪੱਕਾ ਸਬੂਤ ਮਿਲਦਾ ਹੈ ਕਿ ਯਹੋਵਾਹ ਪਰਮੇਸ਼ੁਰ ਆਪਣਾ ਹਰ ਵਾਅਦਾ ਪੂਰਾ ਕਰ ਕੇ ਰਹੇਗਾ!

ਜਿੱਦਾਂ ਯਹੋਵਾਹ ਅਤੇ ਯਿਸੂ ਹਮੇਸ਼ਾ ਸੱਚ ਬੋਲਦੇ ਹਨ ਉੱਦਾਂ ਹੀ ਪੌਲੁਸ ਦੀ “ਹਾਂ” ਦਾ ਮਤਲਬ “ਹਾਂ” ਹੁੰਦਾ ਸੀ। (2 ਕੁਰਿੰ. 1:19) ਪੌਲੁਸ “ਆਪਣੀਆਂ ਸੁਆਰਥੀ ਇੱਛਾਵਾਂ ਪੂਰੀਆਂ  ਕਰਨ ਦੇ ਇਰਾਦੇ” ਨਾਲ ਵਾਅਦੇ ਨਹੀਂ ਸੀ ਕਰਦਾ। (2 ਕੁਰਿੰ. 1:17) ਇਸ ਦੀ ਬਜਾਇ ਉਹ ਭਰੋਸੇ ਦੇ ਲਾਇਕ ਸੀ ਕਿਉਂਕਿ ਉਹ ‘ਪਵਿੱਤਰ ਸ਼ਕਤੀ ਅਨੁਸਾਰ ਚੱਲਦਾ’ ਸੀ। (ਗਲਾ. 5:16) ਉਸ ਦੇ ਕੰਮਾਂ ਤੋਂ ਸਾਬਤ ਹੋਇਆ ਕਿ ਉਹ ਭੈਣਾਂ-ਭਰਾਵਾਂ ਦਾ ਭਲਾ ਚਾਹੁੰਦਾ ਸੀ। ਵਾਕਈ, ਉਸ ਦੀ “ਹਾਂ” ਦਾ ਮਤਲਬ “ਹਾਂ” ਹੁੰਦਾ ਸੀ!

ਕੀ ਤੁਹਾਡੀ “ਹਾਂ” ਦਾ ਮਤਲਬ “ਹਾਂ” ਹੈ?

ਅੱਜ-ਕਲ੍ਹ ਜ਼ਿਆਦਾਤਰ ਲੋਕ ਬਾਈਬਲ ਦੇ ਅਸੂਲਾਂ ਮੁਤਾਬਕ ਨਹੀਂ ਚੱਲਦੇ। ਉਹ ਅਕਸਰ ਆਪਣੇ ਵਾਅਦੇ ਕਿਸੇ ਛੋਟੀ-ਮੋਟੀ ਗੱਲ ਜਾਂ ਆਪਣੇ ਕਿਸੇ ਫ਼ਾਇਦੇ ਕਰਕੇ ਤੋੜ ਦਿੰਦੇ ਹਨ। ਭਾਵੇਂ ਕਿ ਲੋਕ ਬਿਜ਼ਨਿਸ ਦੇ ਇਕਰਾਰਨਾਮਿਆਂ ’ਤੇ ਦਸਤਖਤ ਕਰ ਦਿੰਦੇ ਹਨ, ਫਿਰ ਵੀ ਉਨ੍ਹਾਂ ਦੀ “ਹਾਂ” ਦਾ ਮਤਲਬ ਹਮੇਸ਼ਾ “ਹਾਂ” ਨਹੀਂ ਹੁੰਦਾ। ਵਿਆਹ ਬਾਰੇ ਵੀ ਲੋਕਾਂ ਦੀ ਸੋਚ ਬਦਲ ਗਈ ਹੈ। ਹਾਲਾਂਕਿ ਲੋਕ ਇਕੱਠੇ ਜ਼ਿੰਦਗੀ ਬਿਤਾਉਣ ਦਾ ਵਾਅਦਾ ਕਰਦੇ ਹਨ, ਪਰ ਕਈ ਇਸ ਵਾਅਦੇ ਨੂੰ ਨਹੀਂ ਨਿਭਾਉਂਦੇ ਜਿਸ ਕਰਕੇ ਤਲਾਕ ਦੀ ਦਰ ਦਿਨ-ਬ-ਦਿਨ ਵਧਦੀ ਜਾਂਦੀ ਹੈ। ਹਾਂ, ਲੋਕ ਵਿਆਹ ਦੇ ਬੰਧਨ ਨੂੰ ਮਾਮੂਲੀ ਸਮਝਦੇ ਹਨ ਅਤੇ ਆਸਾਨੀ ਨਾਲ ਤੋੜ ਦਿੰਦੇ ਹਨ।2 ਤਿਮੋ. 3:1, 2.

ਤੁਹਾਡੇ ਬਾਰੇ ਕੀ? ਕੀ ਤੁਹਾਡੀ “ਹਾਂ” ਦਾ ਮਤਲਬ “ਹਾਂ” ਹੈ? ਜਿੱਦਾਂ ਅਸੀਂ ਲੇਖ ਦੇ ਸ਼ੁਰੂ ਵਿਚ ਗੱਲ ਕੀਤੀ ਸੀ, ਕਦੀ-ਕਦੀ ਹਾਲਾਤ ਤੁਹਾਡੇ ਵੱਸ ਵਿਚ ਨਹੀਂ ਹੁੰਦੇ ਜਿਸ ਕਰਕੇ ਤੁਹਾਨੂੰ ਕਿਸੇ ਨਾਲ ਆਪਣਾ ਪ੍ਰੋਗ੍ਰਾਮ ਬਦਲਣਾ ਪਵੇ। ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਕੋਈ ਬਹਾਨਾ ਬਣਾ ਕੇ ਆਪਣਾ ਪ੍ਰੋਗ੍ਰਾਮ ਬਦਲ ਲਓ। ਮਸੀਹੀ ਹੋਣ ਦੇ ਨਾਤੇ ਜੇ ਤੁਸੀਂ ਕੋਈ ਵਾਅਦਾ ਜਾਂ ਇਕਰਾਰ ਕਰਦੇ ਹੋ, ਤਾਂ ਤੁਹਾਨੂੰ ਇਸ ਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਜ਼ਬੂ. 15:4; ਮੱਤੀ 5:37) ਜੇ ਤੁਸੀਂ ਇੱਦਾਂ ਕਰੋਗੇ, ਤਾਂ ਲੋਕ ਤੁਹਾਡੇ ’ਤੇ ਭਰੋਸਾ ਕਰਨਗੇ ਕਿ ਤੁਸੀਂ ਆਪਣੀ ਜ਼ਬਾਨ ਦੇ ਪੱਕੇ ਹੋ ਅਤੇ ਹਮੇਸ਼ਾ ਸੱਚ ਬੋਲਦੇ ਹੋ। (ਅਫ਼. 4:15, 25; ਯਾਕੂ. 5:12) ਜਦ ਲੋਕ ਦੇਖਣਗੇ ਕਿ ਤੁਸੀਂ ਛੋਟੀਆਂ-ਮੋਟੀਆਂ ਗੱਲਾਂ ਵਿਚ ਭਰੋਸੇ ਦੇ ਲਾਇਕ ਹੋ, ਤਾਂ ਸ਼ਾਇਦ ਉਹ ਪਰਮੇਸ਼ੁਰ ਦੇ ਰਾਜ ਬਾਰੇ ਵੀ ਤੁਹਾਡੀ ਗੱਲ ਸੁਣਨ ਲਈ ਤਿਆਰ ਹੋ ਜਾਣ। ਸੋ ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਸਾਡੀ “ਹਾਂ” ਦਾ ਮਤਲਬ “ਹਾਂ” ਹੋਵੇ!

^ ਪੇਰਗ੍ਰੈਫ 7 1 ਕੁਰਿੰਥੀਆਂ ਦੀ ਚਿੱਠੀ ਲਿਖਣ ਤੋਂ ਥੋੜ੍ਹੇ ਸਮੇਂ ਬਾਅਦ ਪੌਲੁਸ ਤ੍ਰੋਆਸ ਤੋਂ ਹੁੰਦਾ ਹੋਇਆ ਮਕਦੂਨੀਆ ਗਿਆ ਜਿੱਥੇ ਉਸ ਨੇ 2 ਕੁਰਿੰਥੀਆਂ ਨਾਂ ਦੀ ਚਿੱਠੀ ਲਿਖੀ। (2 ਕੁਰਿੰ. 2:12; 7:5) ਬਾਅਦ ਵਿਚ ਉਹ ਕੁਰਿੰਥੁਸ ਵੀ ਗਿਆ।