Skip to content

Skip to table of contents

ਅਵਿਸ਼ਵਾਸੀ ਰਿਸ਼ਤੇਦਾਰਾਂ ਦੇ ਦਿਲਾਂ ਤਕ ਪਹੁੰਚੋ

ਅਵਿਸ਼ਵਾਸੀ ਰਿਸ਼ਤੇਦਾਰਾਂ ਦੇ ਦਿਲਾਂ ਤਕ ਪਹੁੰਚੋ

ਇਕ ਵਾਰ ਸ਼ਾਇਦ ਜਦ ਯਿਸੂ ਮਸੀਹ ਗਲੀਲ ਦੀ ਝੀਲ ਦੇ ਦੱਖਣੀ-ਪੂਰਬੀ ਇਲਾਕੇ ਗਾਡਰਾ ਵਿਚ ਸੀ, ਤਾਂ ਇਕ ਆਦਮੀ ਉਸ ਦਾ ਚੇਲਾ ਬਣਨਾ ਚਾਹੁੰਦਾ ਸੀ। ਯਿਸੂ ਨੇ ਉਸ ਨੂੰ ਕਿਹਾ: “ਆਪਣੇ ਘਰਦਿਆਂ ਕੋਲ ਅਤੇ ਆਪਣੇ ਰਿਸ਼ਤੇਦਾਰਾਂ ਕੋਲ ਜਾਹ ਅਤੇ ਉਨ੍ਹਾਂ ਨੂੰ ਦੱਸ ਕਿ ਯਹੋਵਾਹ ਨੇ ਤੇਰੇ ਲਈ ਕੀ-ਕੀ ਕੀਤਾ ਹੈ ਅਤੇ ਉਸ ਨੇ ਤੇਰੇ ਉੱਤੇ ਕਿੰਨੀ ਦਇਆ ਕੀਤੀ ਹੈ।” ਹਾਂ, ਯਿਸੂ ਜਾਣਦਾ ਸੀ ਕਿ ਸਾਰੇ ਇਨਸਾਨਾਂ ਦੀ ਇਹ ਤਮੰਨਾ ਹੁੰਦੀ ਹੈ ਕਿ ਉਹ ਜ਼ਿੰਦਗੀ ਦੀਆਂ ਜ਼ਰੂਰੀ ਗੱਲਾਂ ਆਪਣੇ ਰਿਸ਼ਤੇਦਾਰਾਂ ਨਾਲ ਸਾਂਝੀਆਂ ਕਰਨ।ਮਰ. 5:19.

ਕੁਝ ਸਭਿਆਚਾਰਾਂ ਵਿਚ ਲੋਕ ਖੁੱਲ੍ਹ ਕੇ ਗੱਲ ਕਰਦੇ ਹਨ, ਪਰ ਕੁਝ ਵਿਚ ਸ਼ਾਇਦ ਇੱਦਾਂ ਨਹੀਂ ਕਰਦੇ। ਜਦ ਕੋਈ ਸੱਚੇ ਪਰਮੇਸ਼ੁਰ ਯਹੋਵਾਹ ਦਾ ਸੇਵਕ ਬਣਦਾ ਹੈ, ਤਾਂ ਉਹ ਆਪਣੇ ਵਿਸ਼ਵਾਸਾਂ ਬਾਰੇ ਆਪਣੇ ਰਿਸ਼ਤੇਦਾਰਾਂ ਨੂੰ ਜ਼ਰੂਰ ਦੱਸਣਾ ਚਾਹੇਗਾ। ਪਰ ਉਹ ਇਹ ਕਿੱਦਾਂ ਕਰ ਸਕਦਾ ਹੈ? ਉਹ ਉਨ੍ਹਾਂ ਰਿਸ਼ਤੇਦਾਰਾਂ ਦੇ ਦਿਲਾਂ ਤਕ ਕਿੱਦਾਂ ਪਹੁੰਚ ਸਕਦਾ ਹੈ ਜਿਨ੍ਹਾਂ ਦਾ ਆਪਣਾ ਧਰਮ ਹੈ ਜਾਂ ਜੋ ਰੱਬ ਨੂੰ ਨਹੀਂ ਮੰਨਦੇ? ਬਾਈਬਲ ਸਾਨੂੰ ਇਸ ਬਾਰੇ ਵਧੀਆ ਸਲਾਹ ਦਿੰਦੀ ਹੈ।

“ਸਾਨੂੰ ਮਸੀਹ ਮਿਲ ਗਿਆ ਹੈ”

ਪਹਿਲੀ ਸਦੀ ਵਿਚ ਜਦ ਯਿਸੂ ਨੇ ਪ੍ਰਚਾਰ ਦਾ ਕੰਮ ਸ਼ੁਰੂ ਕੀਤਾ, ਤਾਂ ਅੰਦ੍ਰਿਆਸ ਉਨ੍ਹਾਂ ਚੇਲਿਆਂ ਵਿੱਚੋਂ ਇਕ ਸੀ ਜਿਨ੍ਹਾਂ ਨੇ ਯਿਸੂ ਨੂੰ ਮਸੀਹ ਵਜੋਂ ਪਛਾਣਿਆ ਸੀ। ਉਸ ਨੇ ਇਸ ਬਾਰੇ ਸਭ ਤੋਂ ਪਹਿਲਾਂ ਕਿਸ ਨੂੰ ਦੱਸਿਆ? “ਉਸ [ਅੰਦ੍ਰਿਆਸ] ਨੇ ਆਪਣੇ ਭਰਾ ਸ਼ਮਊਨ ਨੂੰ ਲੱਭ ਕੇ ਉਸ ਨੂੰ ਕਿਹਾ: ‘ਸਾਨੂੰ ਮਸੀਹ ਮਿਲ ਗਿਆ ਹੈ।’ (ਮਸੀਹ ਦਾ ਮਤਲਬ ਹੈ ਚੁਣਿਆ ਹੋਇਆ।)” ਫਿਰ ਅੰਦ੍ਰਿਆਸ ਆਪਣੇ ਭਰਾ ਸ਼ਮਊਨ ਪਤਰਸ ਨੂੰ ਯਿਸੂ ਕੋਲ ਲੈ ਗਿਆ। ਇੱਦਾਂ ਪਤਰਸ ਨੂੰ ਯਿਸੂ ਦਾ ਚੇਲਾ ਬਣਨ ਦਾ ਮੌਕਾ ਮਿਲਿਆ।ਯੂਹੰ. 1:35-42.

ਲਗਭਗ ਛੇ ਸਾਲਾਂ ਬਾਅਦ ਜਦ ਪਤਰਸ ਯਾਪਾ ਸ਼ਹਿਰ ਵਿਚ ਠਹਿਰਿਆ ਹੋਇਆ ਸੀ, ਤਾਂ ਉਸ ਨੂੰ ਉੱਤਰ ਵੱਲ ਪੈਂਦੇ ਕੈਸਰੀਆ ਵਿਚ ਇਕ ਫੌਜੀ ਅਫ਼ਸਰ ਕੁਰਨੇਲੀਅਸ ਦੇ ਘਰ ਜਾਣ ਦਾ ਸੱਦਾ ਮਿਲਿਆ। ਜਦ ਪਤਰਸ ਉੱਥੇ ਪਹੁੰਚਿਆ, ਤਾਂ ਉਸ ਨੇ ਘਰ ਵਿਚ ਕਿਨ੍ਹਾਂ ਨੂੰ ਦੇਖਿਆ? “ਕੁਰਨੇਲੀਅਸ [ਪਤਰਸ ਅਤੇ ਉਸ ਦੇ ਸਾਥੀਆਂ] ਦੀ ਉਡੀਕ ਕਰ ਰਿਹਾ ਸੀ ਅਤੇ ਉਸ ਨੇ ਆਪਣੇ ਰਿਸ਼ਤੇਦਾਰ ਅਤੇ ਜਿਗਰੀ ਦੋਸਤ ਵੀ ਸੱਦੇ ਹੋਏ ਸਨ।” ਇਸ ਤਰ੍ਹਾਂ ਕੁਰਨੇਲੀਅਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਪਤਰਸ ਦੀਆਂ ਗੱਲਾਂ ਸੁਣਨ ਦਾ ਮੌਕਾ ਦਿੱਤਾ ਤਾਂਕਿ ਉਹ ਵੀ ਸੁਣੀਆਂ ਹੋਈਆਂ ਗੱਲਾਂ ਮੁਤਾਬਕ ਆਪ ਫ਼ੈਸਲਾ ਕਰ ਸਕਣ।ਰਸੂ. 10:22-33.

 ਜਿਸ ਤਰੀਕੇ ਨਾਲ ਅੰਦ੍ਰਿਆਸ ਅਤੇ ਕੁਰਨੇਲੀਅਸ ਆਪਣੇ ਰਿਸ਼ਤੇਦਾਰਾਂ ਨਾਲ ਪੇਸ਼ ਆਏ, ਅਸੀਂ ਇਸ ਤੋਂ ਕੀ ਸਿੱਖਦੇ ਹਾਂ?

ਅੰਦ੍ਰਿਆਸ ਅਤੇ ਕੁਰਨੇਲੀਅਸ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਤਾਂਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੱਚਾਈ ਬਾਰੇ ਜਾਣਨ ਦਾ ਮੌਕਾ ਮਿਲੇ। ਅੰਦ੍ਰਿਆਸ ਨੇ ਆਪ ਪਤਰਸ ਨੂੰ ਯਿਸੂ ਨਾਲ ਮਿਲਾਇਆ ਸੀ। ਕੁਰਨੇਲੀਅਸ ਨੇ ਵੀ ਆਪਣੇ ਰਿਸ਼ਤੇਦਾਰਾਂ ਲਈ ਇੰਤਜ਼ਾਮ ਕੀਤਾ ਤਾਂਕਿ ਉਹ ਪਤਰਸ ਦੀ ਗੱਲ ਸੁਣ ਸਕਣ। ਪਰ ਅੰਦ੍ਰਿਆਸ ਅਤੇ ਕੁਰਨੇਲੀਅਸ ਨੇ ਮਸੀਹ ਦੇ ਚੇਲੇ ਬਣਨ ਲਈ ਆਪਣੇ ਰਿਸ਼ਤੇਦਾਰਾਂ ’ਤੇ ਜ਼ੋਰ ਨਹੀਂ ਪਾਇਆ ਅਤੇ ਨਾ ਹੀ ਕੋਈ ਚਾਲਾਂ ਘੜੀਆਂ। ਅਸੀਂ ਇਸ ਤੋਂ ਕੀ ਸਿੱਖਦੇ ਹਾਂ? ਅਸੀਂ ਵੀ ਆਪਣੇ ਰਿਸ਼ਤੇਦਾਰਾਂ ਨਾਲ ਬਾਈਬਲ ਤੋਂ ਕੁਝ ਗੱਲਾਂ ਸਾਂਝੀਆਂ ਕਰ ਸਕਦੇ ਹਾਂ ਅਤੇ ਉਨ੍ਹਾਂ ਨੂੰ ਸੱਚਾਈ ਅਤੇ ਭੈਣਾਂ-ਭਰਾਵਾਂ ਨੂੰ ਜਾਣਨ ਲਈ ਮੌਕੇ ਦੇ ਸਕਦੇ ਹਾਂ। ਫਿਰ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਆਪਣੇ ਫ਼ੈਸਲੇ ਆਪ ਕਰ ਸਕਦੇ ਹਨ ਅਤੇ ਸਾਨੂੰ ਉਨ੍ਹਾਂ ’ਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਨਹੀਂ ਪਾਉਣਾ ਚਾਹੀਦਾ। ਆਓ ਅਸੀਂ ਜਰਮਨੀ ਤੋਂ ਇਕ ਜੋੜੇ ਯੁਰਗਨ ਅਤੇ ਪੇਟਰਾ ਦੀ ਮਿਸਾਲ ਤੋਂ ਸਿੱਖੀਏ ਕਿ ਅਸੀਂ ਆਪਣੇ ਰਿਸ਼ਤੇਦਾਰਾਂ ਦੀ ਮਦਦ ਕਿੱਦਾਂ ਕਰ ਸਕਦੇ ਹਾਂ।

ਪੇਟਰਾ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕੀਤੀ ਅਤੇ ਫਿਰ ਬਪਤਿਸਮਾ ਲੈ ਲਿਆ। ਉਸ ਦਾ ਪਤੀ ਯੁਰਗਨ ਇਕ ਫੌਜੀ ਅਫ਼ਸਰ ਸੀ। ਪਹਿਲਾਂ ਉਹ ਆਪਣੀ ਪਤਨੀ ਦੇ ਇਸ ਫ਼ੈਸਲੇ ਤੋਂ ਖ਼ੁਸ਼ ਨਹੀਂ ਸੀ, ਪਰ ਸਮੇਂ ਦੇ ਬੀਤਣ ਨਾਲ ਉਸ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਦੇ ਗਵਾਹ ਬਾਈਬਲ ਤੋਂ ਸੱਚਾਈ ਸਿਖਾਉਂਦੇ ਹਨ। ਫਿਰ ਉਸ ਨੇ ਵੀ ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪ ਦਿੱਤੀ ਅਤੇ ਅੱਜ ਉਹ ਮੰਡਲੀ ਵਿਚ ਬਜ਼ੁਰਗ ਹੈ। ਤੁਸੀਂ ਆਪਣੇ ਅਵਿਸ਼ਵਾਸੀ ਰਿਸ਼ਤੇਦਾਰਾਂ ਦੇ ਦਿਲਾਂ ਤਕ ਕਿੱਦਾਂ ਪਹੁੰਚ ਸਕਦੇ ਹੋ?

ਯੁਰਗਨ ਇਹ ਸਲਾਹ ਦਿੰਦਾ ਹੈ: “ਸਾਨੂੰ ਜ਼ਬਰਦਸਤੀ ਆਪਣੇ ਰਿਸ਼ਤੇਦਾਰਾਂ ’ਤੇ ਬਾਈਬਲ ਦੀਆਂ ਗੱਲਾਂ ਨਹੀਂ ਥੋਪਣੀਆਂ ਚਾਹੀਦੀਆਂ ਤੇ ਵਾਰ-ਵਾਰ ਇਨ੍ਹਾਂ ਗੱਲਾਂ ਦਾ ਜ਼ਿਕਰ ਕਰ ਕੇ ਉਨ੍ਹਾਂ ਦੇ ਨੱਕ ਵਿਚ ਦਮ ਨਹੀਂ ਕਰ ਦੇਣਾ ਚਾਹੀਦਾ। ਨਹੀਂ ਤਾਂ ਉਹ ਸੱਚਾਈ ਬਾਰੇ ਸੁਣ-ਸੁਣ ਕੇ ਅੱਕ ਜਾਣਗੇ। ਚੰਗਾ ਹੋਵੇਗਾ ਜੇ ਅਸੀਂ ਸਮਝਦਾਰੀ ਨਾਲ ਸਮੇਂ-ਸਮੇਂ ’ਤੇ ਉਨ੍ਹਾਂ ਨੂੰ ਥੋੜ੍ਹਾ-ਥੋੜ੍ਹਾ ਦੱਸੀਏ। ਨਾਲੇ ਅਸੀਂ ਆਪਣੇ ਰਿਸ਼ਤੇਦਾਰਾਂ ਦੀ ਮੁਲਾਕਾਤ ਉਨ੍ਹਾਂ ਭੈਣਾਂ-ਭਰਾਵਾਂ ਨਾਲ ਕਰਾ ਸਕਦੇ ਹਾਂ ਜਿਨ੍ਹਾਂ ਦੀ ਉਮਰ ਜਾਂ ਸ਼ੌਕ ਉਨ੍ਹਾਂ ਨਾਲ ਮਿਲਦੇ-ਜੁਲਦੇ ਹਨ। ਇੱਦਾਂ ਉਹ ਭੈਣਾਂ-ਭਰਾਵਾਂ ਨਾਲ ਦੋਸਤੀ ਕਰ ਸਕਣਗੇ ਜਿਸ ਕਰਕੇ ਉਹ ਸ਼ਾਇਦ ਸੱਚਾਈ ਬਾਰੇ ਜਾਣਨਾ ਚਾਹੁਣ।”

“ਸਾਨੂੰ ਜ਼ਬਰਦਸਤੀ ਆਪਣੇ ਰਿਸ਼ਤੇਦਾਰਾਂ ’ਤੇ ਬਾਈਬਲ ਦੀਆਂ ਗੱਲਾਂ ਨਹੀਂ ਥੋਪਣੀਆਂ ਚਾਹੀਦੀਆਂ।”—ਯੁਰਗਨ

ਪਤਰਸ ਰਸੂਲ ਨੇ ਅਤੇ ਕੁਰਨੇਲੀਅਸ ਦੇ ਰਿਸ਼ਤੇਦਾਰਾਂ ਨੇ ਬਾਈਬਲ ਦੀਆਂ ਗੱਲਾਂ ਝੱਟ ਮੰਨ ਲਈਆਂ। ਪਰ ਪਹਿਲੀ ਸਦੀ ਵਿਚ ਕੁਝ ਅਜਿਹੇ ਵੀ ਸਨ ਜਿਨ੍ਹਾਂ ਨੂੰ ਸੱਚਾਈ ਵਿਚ ਆਉਣ ਲਈ ਬਹੁਤ ਸਮਾਂ ਲੱਗਾ।

ਯਿਸੂ ਦੇ ਭਰਾਵਾਂ ਬਾਰੇ ਕੀ?

ਜਦ ਯਿਸੂ ਨੇ ਪ੍ਰਚਾਰ ਕੀਤਾ, ਤਾਂ ਉਸ ਦੇ ਕਈ ਰਿਸ਼ਤੇਦਾਰਾਂ ਨੇ ਉਸ ਉੱਤੇ ਨਿਹਚਾ ਕੀਤੀ। ਜ਼ਰਾ ਸਲੋਮੀ ਅਤੇ ਯੂਹੰਨਾ ਤੇ ਯਾਕੂਬ ਦੀ ਮਿਸਾਲ ਲੈ ਲਓ। ਹੋ ਸਕਦਾ ਹੈ ਕਿ ਸਲੋਮੀ, ਯਿਸੂ ਦੀ ਮਾਸੀ ਸੀ ਤੇ ਉਸ ਦੇ ਪੁੱਤਰ ਯੂਹੰਨਾ ਤੇ ਯਾਕੂਬ ਯਿਸੂ ਦੇ ਭਰਾ ਲੱਗਦੇ ਸਨ। ਇਹ ਦੋਵੇਂ ਯਿਸੂ ਦੇ ਰਸੂਲ ਬਣੇ ਅਤੇ ਸ਼ਾਇਦ ਸਲੋਮੀ ਉਨ੍ਹਾਂ ਬਹੁਤ ਸਾਰੀਆਂ ਤੀਵੀਆਂ ਵਿੱਚੋਂ ਇਕ ਸੀ ਜੋ “ਆਪਣੇ ਪੈਸੇ ਨਾਲ ਯਿਸੂ ਅਤੇ ਰਸੂਲਾਂ ਦੀ ਸੇਵਾ ਕਰਦੀਆਂ ਸਨ।”ਲੂਕਾ 8:1-3.

ਪਰ ਯਿਸੂ ਦੇ ਪਰਿਵਾਰ ਦੇ ਕੁਝ ਮੈਂਬਰਾਂ ਨੇ ਇਕਦਮ ਉਸ ’ਤੇ ਨਿਹਚਾ ਨਹੀਂ ਕੀਤੀ। ਜ਼ਰਾ ਗੌਰ ਕਰੋ ਕਿ ਯਿਸੂ ਦੇ ਬਪਤਿਸਮੇ ਤੋਂ ਇਕ ਸਾਲ ਬਾਅਦ ਕੀ ਹੋਇਆ। ਇਕ ਘਰ ਵਿਚ ਬਹੁਤ ਸਾਰੇ ਲੋਕ ਉਸ ਦੀਆਂ ਗੱਲਾਂ ਸੁਣਨ ਲਈ ਇਕੱਠੇ ਹੋਏ, ਪਰ “ਜਦ ਉਸ ਦੇ ਘਰਦਿਆਂ ਨੇ ਸੁਣਿਆ ਕਿ ਯਿਸੂ ਕੀ ਕਰ ਰਿਹਾ ਸੀ, ਤਾਂ ਉਹ ਉਸ ਨੂੰ ਫੜ ਕੇ ਲੈ ਜਾਣ ਲਈ ਆਏ, ਕਿਉਂਕਿ ਉਹ ਕਹਿ ਰਹੇ ਸਨ: ‘ਇਹ ਤਾਂ ਪਾਗਲ ਹੋ ਗਿਆ ਹੈ।’” ਫਿਰ ਕੁਝ ਸਮੇਂ ਬਾਅਦ ਯਿਸੂ ਦੇ ਭਰਾਵਾਂ ਨੇ ਜਦ ਉਸ ਨੂੰ ਯਹੂਦੀਆ ਜਾਣ ਬਾਰੇ ਪੁੱਛਿਆ, ਤਾਂ ਯਿਸੂ ਨੇ ਸਿੱਧਾ ਜਵਾਬ ਨਹੀਂ ਦਿੱਤਾ। ਕਿਉਂ? ਕਿਉਂਕਿ “ਉਸ ਦੇ ਭਰਾ ਉਸ ਉੱਤੇ ਨਿਹਚਾ ਨਹੀਂ ਕਰਦੇ ਸਨ।”ਮਰ. 3:21; ਯੂਹੰ. 7:5.

ਜਿਸ ਤਰੀਕੇ ਨਾਲ ਯਿਸੂ ਆਪਣੇ ਰਿਸ਼ਤੇਦਾਰਾਂ ਨਾਲ ਪੇਸ਼ ਆਇਆ, ਅਸੀਂ ਉਸ ਤੋਂ ਕੀ ਸਿੱਖਦੇ ਹਾਂ? ਜਦ ਕੁਝ ਜਣਿਆਂ ਨੇ ਯਿਸੂ ਨੂੰ ਪਾਗਲ ਕਰਾਰ ਦਿੱਤਾ, ਤਾਂ ਉਹ ਗੁੱਸੇ ਨਹੀਂ ਹੋਇਆ। ਦੁਬਾਰਾ ਜੀਉਂਦਾ ਹੋਣ ਤੋਂ ਬਾਅਦ ਵੀ ਯਿਸੂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਬਾਰੇ ਯਕੀਨ ਦਿਵਾਉਣਾ ਚਾਹੁੰਦਾ ਸੀ। ਇਸ ਲਈ ਉਹ ਆਪਣੇ ਭਰਾ ਯਾਕੂਬ ਸਾਮ੍ਹਣੇ ਪ੍ਰਗਟ ਹੋਇਆ। ਲੱਗਦਾ ਹੈ ਕਿ ਇਸ ਗੱਲ ਤੋਂ ਯਾਕੂਬ ਨੂੰ ਹੀ ਨਹੀਂ, ਸਗੋਂ ਯਿਸੂ ਦੇ ਹੋਰਨਾਂ ਭਰਾਵਾਂ ਨੂੰ ਵੀ ਵਿਸ਼ਵਾਸ ਹੋਇਆ ਕਿ ਉਹੀ ਮਸੀਹ ਸੀ। ਇਸ ਕਰਕੇ ਜਦ ਯਿਸੂ ਦੇ ਚੇਲਿਆਂ ’ਤੇ ਪਵਿੱਤਰ ਸ਼ਕਤੀ  ਆਈ, ਤਾਂ ਉਸ ਦੇ ਭਰਾ ਰਸੂਲਾਂ ਤੇ ਦੂਜਿਆਂ ਨਾਲ ਯਰੂਸ਼ਲਮ ਦੇ ਚੁਬਾਰੇ ਵਿਚ ਇਕੱਠੇ ਸਨ। ਸਮੇਂ ਦੇ ਬੀਤਣ ਨਾਲ ਯਾਕੂਬ ਤੇ ਯਿਸੂ ਦੇ ਇਕ ਹੋਰ ਭਰਾ ਯਹੂਦਾਹ ਨੂੰ ਕਈ ਸਨਮਾਨ ਮਿਲੇ।ਰਸੂ. 1:12-14; 2:1-4; 1 ਕੁਰਿੰ. 15:7.

ਕਈਆਂ ਨੂੰ ਸਮਾਂ ਲੱਗਦਾ ਹੈ

“ਧੀਰਜ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ, ਇਸ ਲਈ ਧੀਰਜ ਰੱਖੋ, ਧੀਰਜ ਰੱਖੋ ਅਤੇ ਹੋਰ ਵੀ ਧੀਰਜ ਰੱਖੋ।”—ਰੋਸਵੀਤਾ

ਪਹਿਲੀ ਸਦੀ ਵਾਂਗ ਅੱਜ ਵੀ ਕੁਝ ਰਿਸ਼ਤੇਦਾਰਾਂ ਨੂੰ ਸੱਚਾਈ ਅਪਣਾਉਣ ਵਿਚ ਸਮਾਂ ਲੱਗਦਾ ਹੈ। ਰੋਸਵੀਤਾ ਦੀ ਮਿਸਾਲ ਲੈ ਲਓ। ਉਹ ਰੋਮਨ ਕੈਥੋਲਿਕ ਸੀ ਜਦ 1978 ਵਿਚ ਉਸ ਦੇ ਪਤੀ ਨੇ ਯਹੋਵਾਹ ਦੇ ਇਕ ਗਵਾਹ ਵਜੋਂ ਬਪਤਿਸਮਾ ਲਿਆ। ਉਹ ਮੰਨਦੀ ਸੀ ਕਿ ਉਸ ਦਾ ਧਰਮ ਸੱਚਾ ਹੈ ਜਿਸ ਕਰਕੇ ਉਸ ਨੇ ਆਪਣੇ ਪਤੀ ਦਾ ਵਿਰੋਧ ਕੀਤਾ। ਪਰ ਸਮੇਂ ਦੇ ਬੀਤਣ ਨਾਲ ਉਸ ਦਾ ਸੁਭਾਅ ਹੌਲੀ-ਹੌਲੀ ਬਦਲਦਾ ਗਿਆ ਅਤੇ ਉਸ ਨੇ ਦੇਖਿਆ ਕਿ ਗਵਾਹ ਬਾਈਬਲ ਤੋਂ ਸੱਚਾਈ ਸਿਖਾਉਂਦੇ ਹਨ। ਫਿਰ 2003 ਵਿਚ ਉਸ ਨੇ ਬਪਤਿਸਮਾ ਲੈ ਲਿਆ। ਕਿਹੜੀ ਗੱਲ ਨੇ ਰੋਸਵੀਤਾ ਦੀ ਮਦਦ ਕੀਤੀ? ਹਾਲਾਂਕਿ ਉਹ ਆਪਣੇ ਪਤੀ ਦਾ ਵਿਰੋਧ ਕਰਦੀ ਸੀ, ਫਿਰ ਵੀ ਉਸ ਦੇ ਪਤੀ ਨੇ ਗੁੱਸੇ ਹੋਣ ਦੀ ਬਜਾਇ ਉਸ ਨੂੰ ਆਪਣਾ ਮਨ ਬਦਲਣ ਦਾ ਮੌਕਾ ਦਿੱਤਾ। ਰੋਸਵੀਤਾ ਕੀ ਸਲਾਹ ਦਿੰਦੀ ਹੈ? “ਧੀਰਜ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ, ਇਸ ਲਈ ਧੀਰਜ ਰੱਖੋ, ਧੀਰਜ ਰੱਖੋ ਅਤੇ ਹੋਰ ਵੀ ਧੀਰਜ ਰੱਖੋ।”

ਮੋਨਿਕਾ ਦਾ ਬਪਤਿਸਮਾ 1974 ਵਿਚ ਹੋਇਆ ਸੀ ਅਤੇ ਇਸ ਦੇ 10 ਸਾਲ ਬਾਅਦ ਉਸ ਦੇ ਦੋ ਬੇਟੇ ਵੀ ਗਵਾਹ ਬਣ ਗਏ। ਹਾਲਾਂਕਿ ਉਸ ਦੇ ਪਤੀ ਹੈਨਜ਼ ਨੇ ਕਦੀ ਵੀ ਉਨ੍ਹਾਂ ਦਾ ਵਿਰੋਧ ਨਹੀਂ ਕੀਤਾ, ਪਰ ਉਸ ਨੂੰ ਸੱਚਾਈ ਵਿਚ ਆਉਣ ਲਈ ਕਾਫ਼ੀ ਸਮਾਂ ਲੱਗਾ ਤੇ ਉਸ ਨੇ 2006 ਵਿਚ ਬਪਤਿਸਮਾ ਲਿਆ। ਇਸ ਪਰਿਵਾਰ ਨੇ ਆਪਣੇ ਤਜਰਬੇ ਤੋਂ ਕੀ ਸਿੱਖਿਆ ਹੈ? ਉਹ ਸਲਾਹ ਦਿੰਦੇ ਹਨ: “ਯਹੋਵਾਹ ਦੇ ਵਫ਼ਾਦਾਰ ਬਣੇ ਰਹੋ ਅਤੇ ਰਿਸ਼ਤੇਦਾਰਾਂ ਨੂੰ ਖ਼ੁਸ਼ ਕਰਨ ਲਈ ਬਾਈਬਲ ਦੇ ਅਸੂਲ ਨਾ ਤੋੜੋ।” ਇਹ ਵੀ ਜ਼ਰੂਰੀ ਸੀ ਕਿ ਉਹ ਹੈਨਜ਼ ਨੂੰ ਹਮੇਸ਼ਾ ਇਹ ਅਹਿਸਾਸ ਕਰਾਉਂਦੇ ਰਹੇ ਕਿ ਉਹ ਉਸ ਨੂੰ ਕਿੰਨਾ ਪਿਆਰ ਕਰਦੇ ਸਨ। ਨਾਲੇ ਉਨ੍ਹਾਂ ਨੇ ਕਦੀ ਉਮੀਦ ਨਹੀਂ ਛੱਡੀ ਕਿ ਉਹ ਇਕ ਦਿਨ ਸੱਚਾਈ ਵਿਚ ਆ ਜਾਵੇਗਾ।

ਸੱਚਾਈ ਦਾ ਪਾਣੀ ਤਰੋਤਾਜ਼ਾ ਕਰਦਾ ਹੈ

ਯਿਸੂ ਨੇ ਇਕ ਵਾਰ ਸੱਚਾਈ ਦੀ ਤੁਲਨਾ ਪਾਣੀ ਨਾਲ ਕੀਤੀ ਕਿਉਂਕਿ ਇਸ ਪਾਣੀ ਨੂੰ ਪੀਣ ਨਾਲ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। (ਯੂਹੰ. 4:13, 14) ਅਸੀਂ ਚਾਹੁੰਦੇ ਹਾਂ ਕਿ ਸਾਡੇ ਰਿਸ਼ਤੇਦਾਰ ਸੱਚਾਈ ਦਾ ਸਾਫ਼ ਪਾਣੀ ਪੀ ਕੇ ਤਰੋਤਾਜ਼ਾ ਹੋਣ, ਪਰ ਜੇ ਅਸੀਂ ਉਨ੍ਹਾਂ ਨੂੰ ਇੱਕੋ ਸਮੇਂ ’ਤੇ ਬਹੁਤ ਜ਼ਿਆਦਾ ਪਾਣੀ ਪਿਲਾਉਂਦੇ ਹਾਂ, ਤਾਂ ਉਨ੍ਹਾਂ ਦਾ ਸਾਹ ਘੁੱਟ ਜਾਵੇਗਾ। ਸੱਚਾਈ ਬਾਰੇ ਸਾਡੇ ਗੱਲ ਕਰਨ ਦੇ ਤਰੀਕੇ ਤੋਂ ਜਾਂ ਤਾਂ ਉਹ ਤਰੋਤਾਜ਼ਾ ਹੋ ਸਕਦੇ ਹਨ ਜਾਂ ਉਨ੍ਹਾਂ ਦਾ ਦਮ ਘੁੱਟ ਸਕਦਾ ਹੈ। ਬਾਈਬਲ ਕਹਿੰਦੀ ਹੈ ਕਿ “ਧਰਮੀ ਦਾ ਮਨ ਸੋਚ ਕੇ ਉੱਤਰ ਦਿੰਦਾ ਹੈ” ਅਤੇ “ਬੁੱਧਵਾਨ ਦਾ ਮਨ ਉਹ ਦੇ ਮੂੰਹ ਨੂੰ ਸਿਖਾਉਂਦਾ ਹੈ, ਅਤੇ ਉਹ ਦੇ ਬੁੱਲ੍ਹਾਂ ਨੂੰ ਗਿਆਨ ਦਿੰਦਾ ਹੈ।” ਅਸੀਂ ਇਹ ਸਲਾਹ ਕਿੱਦਾਂ ਲਾਗੂ ਕਰ ਸਕਦੇ ਹਾਂ?ਕਹਾ. 15:28; 16:23.

ਫ਼ਰਜ਼ ਕਰੋ ਕਿ ਇਕ ਪਤਨੀ ਆਪਣੇ ਵਿਸ਼ਵਾਸ ਬਾਰੇ ਆਪਣੇ ਪਤੀ ਨੂੰ ਦੱਸਣਾ ਚਾਹੁੰਦੀ ਹੈ। ਜੇ ਉਹ ਆਪਣੀ ਗੱਲ ਕਹਿਣ ਤੋਂ ਪਹਿਲਾਂ ਸੋਚ-ਸਮਝ ਕੇ ਸ਼ਬਦ ਚੁਣੇ, ਤਾਂ ਉਹ ਕੋਈ ਵੀ ਗੱਲ ਜਲਦਬਾਜ਼ੀ ਵਿਚ ਨਹੀਂ ਕਹੇਗੀ। ਉਹ ਇਹ ਨਹੀਂ ਦਿਖਾਵੇਗੀ ਕਿ ਉਹ ਆਪਣੇ ਪਤੀ ਨਾਲੋਂ ਜ਼ਿਆਦਾ ਧਰਮੀ ਜਾਂ ਬਿਹਤਰ ਹੈ। ਸੋਚ-ਸਮਝ ਕੇ ਗੱਲਬਾਤ ਕਰਨ ਨਾਲ ਘਰ ਦਾ ਮਾਹੌਲ ਖ਼ੁਸ਼ਨੁਮਾ ਹੋਵੇਗਾ ਤੇ ਸ਼ਾਂਤੀ ਬਣੀ ਰਹੇਗੀ। ਇਕ ਪਤਨੀ ਖ਼ੁਦ ਨੂੰ ਪੁੱਛ ਸਕਦੀ ਹੈ: ‘ਮੈਂ ਆਪਣੇ ਪਤੀ ਦਾ ਮੂਡ ਦੇਖਦੇ ਹੋਏ ਉਨ੍ਹਾਂ ਨਾਲ ਕਦੋਂ ਗੱਲ ਕਰ ਸਕਦੀ ਹਾਂ? ਉਨ੍ਹਾਂ ਨੂੰ ਕਿਹੜੇ ਵਿਸ਼ਿਆਂ ਬਾਰੇ ਪੜ੍ਹਨਾ ਜਾਂ ਗੱਲਬਾਤ ਕਰਨੀ ਪਸੰਦ ਹੈ? ਕੀ ਉਨ੍ਹਾਂ ਨੂੰ ਸਾਇੰਸ, ਰਾਜਨੀਤੀ ਜਾਂ ਖੇਡਾਂ ਵਿਚ ਦਿਲਚਸਪੀ ਹੈ? ਮੈਂ ਉਨ੍ਹਾਂ ਦੀਆਂ ਭਾਵਨਾਵਾਂ ਤੇ ਵਿਚਾਰਾਂ ਦੀ ਕਦਰ ਕਰਦੇ ਹੋਏ ਬਾਈਬਲ ਵਿਚ ਉਨ੍ਹਾਂ ਦੀ ਦਿਲਚਸਪੀ ਕਿੱਦਾਂ ਵਧਾ ਸਕਦੀ ਹਾਂ?’ ਇਨ੍ਹਾਂ ਸਵਾਲਾਂ ਬਾਰੇ ਸੋਚ-ਵਿਚਾਰ ਕਰ ਕੇ ਉਹ ਸਮਝਦਾਰੀ ਨਾਲ ਗੱਲ ਕਰ ਸਕੇਗੀ।

ਪਰਿਵਾਰ ਦੇ ਜਿਹੜੇ ਮੈਂਬਰ ਅਜੇ ਗਵਾਹ ਨਹੀਂ ਹਨ, ਉਨ੍ਹਾਂ ਦੇ ਦਿਲਾਂ ਤਕ ਪਹੁੰਚਣ ਲਈ ਉਨ੍ਹਾਂ ਨੂੰ ਸੱਚਾਈ ਬਾਰੇ ਸਮੇਂ-ਸਮੇਂ ’ਤੇ ਥੋੜ੍ਹ-ਥੋੜ੍ਹਾ ਦੱਸਣਾ ਹੀ ਕਾਫ਼ੀ ਨਹੀਂ ਹੈ, ਸਗੋਂ ਇਹ ਵੀ ਜ਼ਰੂਰੀ ਹੈ ਕਿ ਅਸੀਂ ਆਪਣਾ ਚਾਲ-ਚਲਣ ਚੰਗਾ ਬਣਾਈ ਰੱਖੀਏ।

ਚੰਗਾ ਚਾਲ-ਚਲਣ ਬਣਾਈ ਰੱਖੋ

ਯੁਰਗਨ ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦਾ ਹੈ: “ਰੋਜ਼ਮੱਰਾ ਦੀ ਜ਼ਿੰਦਗੀ ਵਿਚ ਹਮੇਸ਼ਾ ਬਾਈਬਲ ਦੇ ਅਸੂਲਾਂ ਮੁਤਾਬਕ ਚੱਲੋ। ਸ਼ਾਇਦ ਤੁਹਾਡੇ ਰਿਸ਼ਤੇਦਾਰ ਇਸ ਬਾਰੇ ਤੁਹਾਨੂੰ ਕੁਝ ਕਹਿਣ ਨਾ, ਪਰ ਤੁਹਾਡੀ ਚੰਗੀ ਮਿਸਾਲ ਦਾ ਉਨ੍ਹਾਂ ਦੇ ਦਿਲਾਂ ’ਤੇ ਗਹਿਰਾ ਅਸਰ ਪਵੇਗਾ।” ਹੈਨਜ਼ ਵੀ ਇਸ ਗੱਲ ਨਾਲ ਸਹਿਮਤ ਹੈ ਜਿਸ ਦਾ ਬਪਤਿਸਮਾ ਉਸ ਦੀ ਪਤਨੀ ਤੋਂ ਤਕਰੀਬਨ 30 ਸਾਲਾਂ ਬਾਅਦ ਹੋਇਆ। ਉਹ ਕਹਿੰਦਾ ਹੈ: “ਚੰਗਾ ਚਾਲ-ਚਲਣ ਬਣਾਈ ਰੱਖਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਇਸ ਨਾਲ ਸਾਡੇ ਰਿਸ਼ਤੇਦਾਰ ਦੇਖਣਗੇ ਕਿ ਸੱਚਾਈ ਮੁਤਾਬਕ ਚੱਲਣ ਨਾਲ ਸਾਡੀ ਜ਼ਿੰਦਗੀ ਕਿੰਨੀ ਵਧੀਆ ਬਣੀ ਹੈ।” ਸਾਡੇ ਰਿਸ਼ਤੇਦਾਰਾਂ ਨੂੰ ਸਾਡੀ ਮਿਸਾਲ ਤੋਂ ਸਾਫ਼ ਨਜ਼ਰ ਆਉਣਾ ਚਾਹੀਦਾ ਹੈ ਕਿ ਸਾਡਾ ਧਰਮ ਦੂਜਿਆਂ ਤੋਂ ਵੱਖਰਾ ਹੈ। ਸਾਨੂੰ ਕਦੇ ਵੀ ਉਨ੍ਹਾਂ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ, ਸਗੋਂ ਸਾਨੂੰ ਆਪਣੇ ਕੰਮਾਂ ਰਾਹੀਂ ਉਨ੍ਹਾਂ ਨੂੰ ਸੱਚਾਈ ਵੱਲ ਖਿੱਚਣਾ ਚਾਹੀਦਾ ਹੈ।

“ਚੰਗਾ ਚਾਲ-ਚਲਣ ਬਣਾਈ ਰੱਖਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਇਸ ਨਾਲ ਸਾਡੇ ਰਿਸ਼ਤੇਦਾਰ ਦੇਖਣਗੇ ਕਿ ਸੱਚਾਈ ਮੁਤਾਬਕ ਚੱਲਣ ਨਾਲ ਸਾਡੀ ਜ਼ਿੰਦਗੀ ਕਿੰਨੀ ਵਧੀਆ ਬਣੀ ਹੈ।”—ਹੈਨਜ਼

ਜਿਨ੍ਹਾਂ ਦੇ ਪਤੀ ਸੱਚਾਈ ਵਿਚ ਨਹੀਂ ਹਨ ਉਨ੍ਹਾਂ ਪਤਨੀਆਂ ਨੂੰ ਪਤਰਸ ਰਸੂਲ ਨੇ ਇਹ ਵਧੀਆ ਸਲਾਹ ਦਿੱਤੀ: “ਆਪਣੇ ਪਤੀਆਂ ਦੇ ਅਧੀਨ ਰਹੋ, ਤਾਂਕਿ ਜੇ ਤੁਹਾਡੇ ਵਿੱਚੋਂ ਕਿਸੇ ਦਾ ਪਤੀ ਪਰਮੇਸ਼ੁਰ ਦੇ ਬਚਨ ਨੂੰ ਨਾ ਮੰਨਦਾ ਹੋਵੇ, ਤਾਂ ਪਤਨੀ ਦੇ ਕੁਝ ਕਹੇ ਬਿਨਾਂ ਪਤੀ ਸ਼ਾਇਦ ਉਸ ਦੇ ਚਾਲ-ਚਲਣ ਨੂੰ ਦੇਖ ਕੇ ਨਿਹਚਾ ਕਰਨ ਲੱਗ ਪਵੇ ਕਿਉਂਕਿ ਉਹ ਆਪਣੀ ਅੱਖੀਂ ਦੇਖੇਗਾ ਕਿ ਉਸ ਦੀ ਪਤਨੀ ਦਾ ਚਾਲ-ਚਲਣ ਨੇਕ ਹੈ ਅਤੇ ਉਹ ਦਿਲੋਂ ਉਸ ਦੀ ਇੱਜ਼ਤ ਕਰਦੀ ਹੈ। ਅਤੇ ਤੁਸੀਂ ਆਪਣੇ ਬਾਹਰੀ ਰੂਪ ਨੂੰ ਸ਼ਿੰਗਾਰਨ ਵਿਚ ਨਾ ਲੱਗੀਆਂ ਰਹੋ, ਜਿਵੇਂ ਕਿ ਵਾਲ਼ ਗੁੰਦਣੇ, ਸੋਨੇ ਦੇ ਗਹਿਣੇ ਪਾਉਣੇ ਅਤੇ ਸ਼ਾਨਦਾਰ ਕੱਪੜੇ ਪਾਉਣੇ, ਪਰ ਸ਼ਾਂਤ ਤੇ ਨਰਮ ਸੁਭਾਅ ਦਾ ਲਿਬਾਸ, ਜਿਹੜਾ ਕਦੀ ਪੁਰਾਣਾ ਨਹੀਂ ਹੁੰਦਾ, ਪਹਿਨ  ਕੇ ਆਪਣੇ ਆਪ ਨੂੰ ਅੰਦਰੋਂ ਸ਼ਿੰਗਾਰੋ। ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹੀ ਅਨਮੋਲ ਹੈ।”1 ਪਤ. 3:1-4.

ਪਤਰਸ ਨੇ ਲਿਖਿਆ ਕਿ ਪਤਨੀ ਆਪਣੇ ਚੰਗੇ ਚਾਲ-ਚਲਣ ਨਾਲ ਆਪਣੇ ਪਤੀ ਨੂੰ ਸੱਚਾਈ ਵੱਲ ਖਿੱਚ ਸਕਦੀ ਹੈ। ਕਰਿਸਟਾ ਨਾਂ ਦੀ ਭੈਣ ਦਾ ਬਪਤਿਸਮਾ 1972 ਵਿਚ ਹੋਇਆ ਸੀ। ਉਸ ਸਮੇਂ ਤੋਂ ਹੀ ਉਹ ਬਾਈਬਲ ਦੀ ਸਲਾਹ ਮੁਤਾਬਕ ਚੱਲਦਿਆਂ ਆਪਣੇ ਚੰਗੇ ਚਾਲ-ਚਲਣ ਰਾਹੀਂ ਆਪਣੇ ਪਤੀ ਦੇ ਦਿਲ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂਕਿ ਉਸ ਦਾ ਪਤੀ ਸੱਚਾਈ ਵਿਚ ਆ ਜਾਵੇ। ਭਾਵੇਂ ਕਿ ਉਸ ਦੇ ਪਤੀ ਨੇ ਗਵਾਹਾਂ ਨਾਲ ਇਕ ਸਮੇਂ ’ਤੇ ਸਟੱਡੀ ਕੀਤੀ ਸੀ, ਪਰ ਅਜੇ ਤਕ ਉਸ ਨੇ ਸੱਚਾਈ ਨੂੰ ਅਪਣਾਇਆ ਨਹੀਂ ਹੈ। ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਉਸ ਦੀ ਬਣਦੀ ਹੈ ਅਤੇ ਉਹ ਕੁਝ ਮੀਟਿੰਗਾਂ ਵਿਚ ਵੀ ਗਿਆ ਹੈ। ਭੈਣ-ਭਰਾ ਸਮਝਦੇ ਹਨ ਕਿ ਉਸ ਕੋਲ ਆਪਣੇ ਫ਼ੈਸਲੇ ਕਰਨ ਦਾ ਹੱਕ ਹੈ। ਕਰਿਸਟਾ ਆਪਣੇ ਪਤੀ ਦੇ ਦਿਲ ਤਕ ਪਹੁੰਚਣ ਲਈ ਕੀ ਕਰਦੀ ਹੈ?

ਉਹ ਦੱਸਦੀ ਹੈ: “ਮੈਂ ਠਾਣਿਆ ਹੈ ਕਿ ਮੈਂ ਹਮੇਸ਼ਾ ਯਹੋਵਾਹ ਦੀਆਂ ਗੱਲਾਂ ’ਤੇ ਚੱਲਦੀ ਰਹਾਂਗੀ। ਮੈਂ ‘ਕੁਝ ਕਹੇ ਬਿਨਾਂ’ ਆਪਣੇ ਚੰਗੇ ਚਾਲ-ਚਲਣ ਰਾਹੀਂ ਆਪਣੇ ਪਤੀ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਦੀ ਹਾਂ। ਜਦ ਉਨ੍ਹਾਂ ਦੀ ਕੋਈ ਗੱਲ ਬਾਈਬਲ ਦੇ ਖ਼ਿਲਾਫ਼ ਨਹੀਂ ਹੁੰਦੀ, ਤਾਂ ਮੈਂ ਉਨ੍ਹਾਂ ਦੀ ਗੱਲ ਮੰਨ ਲੈਂਦੀ ਹਾਂ। ਨਾਲੇ ਮੈਂ ਸਮਝਦੀ ਹਾਂ ਕਿ ਉਨ੍ਹਾਂ ਕੋਲ ਆਪਣੇ ਫ਼ੈਸਲੇ ਕਰਨ ਦੀ ਆਜ਼ਾਦੀ ਹੈ। ਇਸ ਲਈ ਮੈਂ ਸਾਰਾ ਕੁਝ ਯਹੋਵਾਹ ਦੇ ਹੱਥਾਂ ਵਿਚ ਛੱਡਿਆ ਹੈ।”

ਕਰਿਸਟਾ ਦੀ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਆਪਣੀ ਗੱਲ ’ਤੇ ਅੜੇ ਨਹੀਂ ਰਹਿਣਾ ਚਾਹੀਦਾ। ਉਹ ਲਗਾਤਾਰ ਮੀਟਿੰਗਾਂ ਵਿਚ ਜਾ ਕੇ ਅਤੇ ਪ੍ਰਚਾਰ ਵਿਚ ਹਿੱਸਾ ਲੈ ਕੇ ਪਰਮੇਸ਼ੁਰ ਦੀ ਸੇਵਾ ਵਿਚ ਲੱਗੀ ਰਹਿੰਦੀ ਹੈ। ਫਿਰ ਵੀ ਉਹ ਸਮਝਦਾਰੀ ਦਿਖਾਉਂਦੇ ਹੋਏ ਆਪਣੇ ਪਤੀ ਨੂੰ ਅਹਿਸਾਸ ਕਰਾਉਂਦੀ ਹੈ ਕਿ ਉਹ ਉਸ ਦੀ ਪਰਵਾਹ ਕਰਦੀ ਹੈ, ਉਸ ਨਾਲ ਸਮਾਂ ਬਿਤਾਉਣਾ ਚਾਹੁੰਦੀ ਹੈ ਅਤੇ ਉਸ ਨੂੰ ਪਿਆਰ ਕਰਦੀ ਹੈ। ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰਦੇ ਵੇਲੇ ਆਪਣੀ ਜ਼ਿੱਦ ’ਤੇ ਅੜੇ ਨਾ ਰਹਿਣਾ ਅਤੇ ਸਮਝਦਾਰੀ ਤੋਂ ਕੰਮ ਲੈਣਾ ਸਿਆਣਪ ਦੀ ਗੱਲ ਹੈ। ਬਾਈਬਲ ਕਹਿੰਦੀ ਹੈ ਕਿ “ਹਰੇਕ ਕੰਮ ਦਾ ਇੱਕ ਸਮਾ ਹੈ।” ਇਸ ਲਈ ਸਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ, ਖ਼ਾਸ ਕਰਕੇ ਆਪਣੇ ਜੀਵਨ ਸਾਥੀ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ ਜੋ ਸੱਚਾਈ ਵਿਚ ਨਹੀਂ ਹੈ। ਇਕੱਠੇ ਸਮਾਂ ਬਿਤਾਉਣ ਨਾਲ ਹੀ ਚੰਗੀ ਗੱਲਬਾਤ ਹੋ ਸਕਦੀ ਹੈ। ਨਾਲੇ ਦੇਖਿਆ ਗਿਆ ਹੈ ਕਿ ਖੁੱਲ੍ਹ ਕੇ ਗੱਲਬਾਤ ਕਰਨ ਨਾਲ ਤੁਹਾਡੇ ਸਾਥੀ ਨੂੰ ਇੱਦਾਂ ਨਹੀਂ ਲੱਗੇਗਾ ਕਿ ਤੁਸੀਂ ਉਸ ਨੂੰ ਇਕੱਲਾ ਛੱਡ ਦਿੱਤਾ ਹੈ ਅਤੇ ਉਸ ਨੂੰ ਜਲਣ ਮਹਿਸੂਸ ਨਹੀਂ ਹੋਵੇਗੀ।ਉਪ. 3:1.

ਉਮੀਦ ਦਾ ਦਾਮਨ ਕਦੇ ਨਾ ਛੱਡੋ

ਹੋਲਗਰ ਦੇ ਪਿਤਾ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਤੋਂ 20 ਸਾਲਾਂ ਬਾਅਦ ਬਪਤਿਸਮਾ ਲਿਆ। ਹੋਲਗਰ ਕਹਿੰਦਾ ਹੈ ਕਿ “ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਅਵਿਸ਼ਵਾਸੀ ਰਿਸ਼ਤੇਦਾਰ ਲਈ ਪਿਆਰ ਦਿਖਾਈਏ ਅਤੇ ਪ੍ਰਾਰਥਨਾ ਕਰੀਏ।” ਕਰਿਸਟਾ ਦੱਸਦੀ ਹੈ ਕਿ ਉਹ ‘ਕਦੀ ਉਮੀਦ ਨਹੀਂ ਛੱਡੇਗੀ ਕਿ ਇਕ ਦਿਨ ਉਸ ਦਾ ਪਤੀ ਯਹੋਵਾਹ ਦਾ ਪੱਖ ਲੈ ਕੇ ਸੱਚਾਈ ਨੂੰ ਅਪਣਾਏਗਾ।’ ਸਾਨੂੰ ਆਪਣੇ ਰਿਸ਼ਤੇਦਾਰਾਂ ਬਾਰੇ ਸਹੀ ਰਵੱਈਆ ਰੱਖਦੇ ਹੋਏ ਉਮੀਦ ਦਾ ਦਾਮਨ ਕਦੇ ਨਹੀਂ ਛੱਡਣਾ ਚਾਹੀਦਾ।

ਸਾਡਾ ਮਕਸਦ ਹੋਣਾ ਚਾਹੀਦਾ ਹੈ ਕਿ ਅਸੀਂ ਰਿਸ਼ਤੇ-ਨਾਤਿਆਂ ਨੂੰ ਬਣਾ ਕੇ ਰੱਖੀਏ, ਆਪਣੇ ਰਿਸ਼ਤੇਦਾਰਾਂ ਨੂੰ ਸੱਚਾਈ ਜਾਣਨ ਦਾ ਮੌਕਾ ਦੇਈਏ ਅਤੇ ਬਾਈਬਲ ਦੀਆਂ ਗੱਲਾਂ ਉਨ੍ਹਾਂ ਦੇ ਦਿਲਾਂ ਤਕ ਪਹੁੰਚਾਈਏ। ਪਰ ਸਾਨੂੰ ਹਮੇਸ਼ਾ “ਨਰਮਾਈ ਅਤੇ ਪੂਰੇ ਆਦਰ ਨਾਲ” ਪੇਸ਼ ਆਉਣਾ ਚਾਹੀਦਾ ਹੈ।1 ਪਤ. 3:15.