ਯਹੋਵਾਹ ਦੇ ਚਰਵਾਹਿਆਂ ਦਾ ਕਹਿਣਾ ਮੰਨੋ
‘ਜਿਹੜੇ ਤੁਹਾਡੇ ਵਿਚ ਅਗਵਾਈ ਕਰਦੇ ਹਨ, ਉਨ੍ਹਾਂ ਦੀ ਆਗਿਆਕਾਰੀ ਕਰੋ ਅਤੇ ਉਨ੍ਹਾਂ ਦੇ ਅਧੀਨ ਰਹੋ ਕਿਉਂਕਿ ਉਹ ਤੁਹਾਡਾ ਧਿਆਨ ਰੱਖਦੇ ਹਨ।’—ਇਬ. 13:17.
1, 2. ਯਹੋਵਾਹ ਨੇ ਆਪਣੀ ਤੁਲਨਾ ਇਕ ਚਰਵਾਹੇ ਨਾਲ ਕਿਉਂ ਕੀਤੀ ਹੈ?
ਯਹੋਵਾਹ ਆਪਣੀ ਤੁਲਨਾ ਇਕ ਚਰਵਾਹੇ ਨਾਲ ਕਰਦਾ ਹੈ। (ਹਿਜ਼. 34:11-14) ਇਸ ਤੋਂ ਸਾਨੂੰ ਇਹ ਸਮਝਣ ਵਿਚ ਮਦਦ ਮਿਲਦੀ ਹੈ ਕਿ ਯਹੋਵਾਹ ਕਿਹੋ ਜਿਹਾ ਪਰਮੇਸ਼ੁਰ ਹੈ। ਇਕ ਚਰਵਾਹੇ ਨੂੰ ਆਪਣੀਆਂ ਭੇਡਾਂ ਇੰਨੀਆਂ ਪਿਆਰੀਆਂ ਹੁੰਦੀਆਂ ਹਨ ਕਿ ਉਨ੍ਹਾਂ ਦੀ ਦੇਖ-ਭਾਲ ਕਰਨੀ ਤੇ ਉਨ੍ਹਾਂ ਨੂੰ ਖ਼ਤਰਿਆਂ ਤੋਂ ਬਚਾਉਣਾ ਉਹ ਆਪਣੀ ਜ਼ਿੰਮੇਵਾਰੀ ਸਮਝਦਾ ਹੈ। ਉਹ ਭੇਡਾਂ ਨੂੰ ਹਰੇ-ਹਰੇ ਘਾਹ ਦੇ ਮੈਦਾਨਾਂ ਅਤੇ ਤਾਜ਼ੇ ਪਾਣੀ ਦੇ ਚਸ਼ਮਿਆਂ ਕੋਲ ਲੈ ਜਾਂਦਾ ਹੈ (ਜ਼ਬੂ. 23:1, 2); ਦਿਨ-ਰਾਤ ਉਨ੍ਹਾਂ ’ਤੇ ਨਿਗਾਹ ਰੱਖਦਾ ਹੈ (ਲੂਕਾ 2:8); ਜੰਗਲੀ ਜਾਨਵਰਾਂ ਤੋਂ ਉਨ੍ਹਾਂ ਦੀ ਹਿਫਾਜ਼ਤ ਕਰਦਾ ਹੈ (1 ਸਮੂ. 17:34, 35); ਆਪਣੀਆਂ ਬਾਹਾਂ ਨਾਲ ਲੇਲਿਆਂ ਨੂੰ ਸੰਭਾਲਦਾ ਹੈ (ਯਸਾ. 40:11); ਭਟਕੀਆਂ ਹੋਈਆਂ ਭੇਡਾਂ ਨੂੰ ਲੱਭਦਾ ਹੈ ਅਤੇ ਜ਼ਖ਼ਮੀ ਭੇਡਾਂ ’ਤੇ ਪੱਟੀ ਬੰਨ੍ਹਦਾ ਹੈ।—ਹਿਜ਼. 34:16.
2 ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਜ਼ਿਆਦਾਤਰ ਲੋਕ ਚਰਵਾਹੇ ਅਤੇ ਕਿਸਾਨ ਸਨ। ਇਸ ਲਈ ਉਹ ਆਸਾਨੀ ਨਾਲ ਸਮਝ ਸਕਦੇ ਸਨ ਕਿ ਯਹੋਵਾਹ ਨੇ ਆਪਣੀ ਤੁਲਨਾ ਇਕ ਚਰਵਾਹੇ ਨਾਲ ਕਿਉਂ ਕੀਤੀ। ਉਹ ਜਾਣਦੇ ਸਨ ਕਿ ਭੇਡਾਂ ਨੂੰ ਸਿਹਤਮੰਦ ਰੱਖਣ ਲਈ ਦੇਖ-ਭਾਲ ਦੀ ਜ਼ਰੂਰਤ ਹੁੰਦੀ ਹੈ। ਇਸੇ ਤਰ੍ਹਾਂ ਇਨਸਾਨਾਂ ਨੂੰ ਯਹੋਵਾਹ ਵੱਲੋਂ ਅਗਵਾਈ ਤੇ ਦੇਖ-ਭਾਲ ਦੀ ਲੋੜ ਹੈ। (ਮਰ. 6:34) ਲੋਕ ਆਪਣਾ ਭਲਾ-ਬੁਰਾ ਨਹੀਂ ਜਾਣਦੇ ਜਿਸ ਕਾਰਨ ਉਹ ਯਹੋਵਾਹ ਦੀ ਸੇਧ ਤੋਂ ਬਿਨਾਂ ਕੁਰਾਹੇ ਪੈ ਜਾਂਦੇ ਹਨ ਅਤੇ ਨਾ ਹੀ ਉਨ੍ਹਾਂ ਦੀ ਕੋਈ ਹਿਫਾਜ਼ਤ ਕਰਨ ਵਾਲਾ ਹੁੰਦਾ ਹੈ। ਉਹ ਉਨ੍ਹਾਂ ਭੇਡਾਂ ਵਾਂਗ ਹਨ ਜਿਨ੍ਹਾਂ ਦਾ ਕੋਈ ਚਰਵਾਹਾ ਨਹੀਂ। (1 ਰਾਜ. 22:17) ਪਰ ਜਿਹੜੇ ਯਹੋਵਾਹ ਤੋਂ ਅਗਵਾਈ ਭਾਲਦੇ ਹਨ, ਉਹ ਉਨ੍ਹਾਂ ਦੀ ਹਰ ਲੋੜ ਬੜੇ ਪਿਆਰ ਨਾਲ ਪੂਰੀ ਕਰਦਾ ਹੈ।
3. ਅਸੀਂ ਇਸ ਲੇਖ ਵਿਚ ਕੀ ਦੇਖਾਂਗੇ?
3 ਜਿੱਦਾਂ ਇਕ ਚਰਵਾਹਾ ਭੇਡਾਂ ਦੀ ਰਖਵਾਲੀ ਕਰਦਾ ਹੈ, ਉੱਦਾਂ ਯਹੋਵਾਹ ਆਪਣੀਆਂ ਭੇਡਾਂ ਯਾਨੀ ਲੋਕਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰ ਰਿਹਾ ਹੈ। ਆਓ ਆਪਾਂ ਦੇਖੀਏ ਕਿ ਉਹ ਸਾਡੀ ਅਗਵਾਈ ਤੇ ਸਾਡੀਆਂ ਲੋੜਾਂ ਕਿਵੇਂ ਪੂਰੀਆਂ ਕਰਦਾ ਹੈ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਯਹੋਵਾਹ ਦੀ ਅਗਵਾਈ ਮੁਤਾਬਕ ਚੱਲਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ।
ਵਧੀਆ ਚਰਵਾਹੇ ਨੇ ਹੋਰ ਚਰਵਾਹੇ ਚੁਣੇ
4. ਯਿਸੂ ਯਹੋਵਾਹ ਦੀਆਂ ਭੇਡਾਂ ਨੂੰ ਕਿੰਨਾ ਪਿਆਰ ਕਰਦਾ ਹੈ?
4 ਯਹੋਵਾਹ ਨੇ ਯਿਸੂ ਨੂੰ ਮਸੀਹੀ ਮੰਡਲੀ ਦਾ ਮੁਖੀ ਬਣਾਇਆ ਹੈ। (ਅਫ਼. 1:22, 23) ਸਾਡਾ “ਵਧੀਆ ਚਰਵਾਹਾ” ਯਿਸੂ ਹੂ-ਬਹੂ ਆਪਣੇ ਪਿਤਾ ਵਰਗਾ ਹੈ। ਉਸ ਨੂੰ ਵੀ ਭੇਡਾਂ ਦਾ ਬਹੁਤ ਫ਼ਿਕਰ ਹੈ। ਭੇਡਾਂ ਯਿਸੂ ਨੂੰ ਇੰਨੀਆਂ ਪਿਆਰੀਆਂ ਹਨ ਕਿ ਉਸ ਨੇ ‘ਉਨ੍ਹਾਂ ਲਈ ਆਪਣੀ ਜਾਨ ਵੀ ਦੇ ਦਿੱਤੀ।’ (ਯੂਹੰ. 10:11, 15) ਸੱਚ-ਮੁੱਚ ਯਿਸੂ ਦੀ ਕੁਰਬਾਨੀ ਪੂਰੀ ਕਾਇਨਾਤ ਲਈ ਕਿੰਨੀ ਵੱਡੀ ਬਰਕਤ ਹੈ! (ਮੱਤੀ 20:28) ਹਾਂ, ਯਹੋਵਾਹ ਦਾ ਮਕਸਦ ਹੈ ਕਿ ਜਿਹੜਾ ਯਿਸੂ ਉੱਤੇ “ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਨਾਸ਼ ਨਾ ਹੋਵੇ, ਸਗੋਂ ਹਮੇਸ਼ਾ ਦੀ ਜ਼ਿੰਦਗੀ ਪਾਵੇ।”—ਯੂਹੰ. 3:16.
5, 6. (ੳ) ਯਿਸੂ ਨੇ ਆਪਣੀਆਂ ਭੇਡਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਕਿਨ੍ਹਾਂ ਨੂੰ ਦਿੱਤੀ ਹੈ ਅਤੇ ਸਾਨੂੰ ਕੀ ਕਰਨ ਦੀ ਲੋੜ ਹੈ? (ਅ) ਬਜ਼ੁਰਗਾਂ ਦੇ ਅਧੀਨ ਹੋਣ ਦਾ ਸਭ ਤੋਂ ਅਹਿਮ ਕਾਰਨ ਕੀ ਹੈ?
5 ਭੇਡਾਂ ਕਿਵੇਂ ਦਿਖਾ ਸਕਦੀਆਂ ਹਨ ਕਿ ਉਹ ਯਿਸੂ ਮਸੀਹ ਨੂੰ ਆਪਣਾ ਚਰਵਾਹਾ ਮੰਨਦੀਆਂ ਹਨ? ਯਿਸੂ ਨੇ ਕਿਹਾ: “ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਹਨ ਅਤੇ ਮੈਂ ਉਨ੍ਹਾਂ ਨੂੰ ਜਾਣਦਾ ਹਾਂ ਅਤੇ ਉਹ ਮੇਰੇ ਪਿੱਛੇ-ਪਿੱਛੇ ਆਉਂਦੀਆਂ ਹਨ।” (ਯੂਹੰ. 10:27) ਭੇਡਾਂ ਹਰ ਗੱਲ ਵਿਚ ਵਧੀਆ ਚਰਵਾਹੇ ਦਾ ਕਹਿਣਾ ਮੰਨ ਕੇ ਦਿਖਾਉਂਦੀਆਂ ਹਨ ਕਿ ਉਹ ਉਸ ਦੀ ਆਵਾਜ਼ ਸੁਣਦੀਆਂ ਹਨ। ਇਸ ਲਈ ਭੇਡਾਂ ਬਜ਼ੁਰਗਾਂ ਦਾ ਵੀ ਕਹਿਣਾ ਮੰਨਦੀਆਂ ਹਨ ਕਿਉਂਕਿ ਯਿਸੂ ਨੇ ਉਨ੍ਹਾਂ ਨੂੰ ਭੇਡਾਂ ਦੀ ਦੇਖ-ਰੇਖ ਕਰਨ ਲਈ ਚਰਵਾਹਿਆਂ ਵਜੋਂ ਚੁਣਿਆ ਹੈ। ਪਹਿਲੀ ਸਦੀ ਵਿਚ ਯਿਸੂ ਨੇ ਭੇਡਾਂ ਦੀ ਦੇਖ-ਭਾਲ ਕਰਨ ਲਈ ਆਪਣੇ ਰਸੂਲਾਂ ਤੇ ਚੇਲਿਆਂ ਨੂੰ ਚਰਵਾਹਿਆਂ ਵਜੋਂ ਚੁਣਿਆ। ਉਸ ਨੇ ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਕਿ ਉਹ ‘ਲੇਲਿਆਂ ਨੂੰ ਚਾਰਨ’ ਤੇ ‘ਸਿਖਾਉਣ।’ (ਮੱਤੀ 28:20; ਯੂਹੰਨਾ 21:15-17 ਪੜ੍ਹੋ।) ਜਿੱਦਾਂ-ਜਿੱਦਾਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਹੁੰਦਾ ਗਿਆ, ਉੱਦਾਂ-ਉੱਦਾਂ ਚੇਲਿਆਂ ਦੀ ਗਿਣਤੀ ਵਧਦੀ ਗਈ। ਇਸ ਲਈ ਯਿਸੂ ਨੇ ਇੰਤਜ਼ਾਮ ਕੀਤਾ ਕਿ ਸਮਝਦਾਰ ਭਰਾ ਮੰਡਲੀਆਂ ਵਿਚ ਚਰਵਾਹਿਆਂ ਵਜੋਂ ਸੇਵਾ ਕਰਨ।—ਅਫ਼. 4:11, 12.
6 ਬਾਅਦ ਵਿਚ ਪੌਲੁਸ ਰਸੂਲ ਨੇ ਅਫ਼ਸੁਸ ਦੀ ਮੰਡਲੀ ਦੇ ਬਜ਼ੁਰਗਾਂ ਨੂੰ ਕਿਹਾ: “ਪਵਿੱਤਰ ਸ਼ਕਤੀ ਨੇ ਤੁਹਾਨੂੰ ਨਿਗਾਹਬਾਨ ਬਣਾਇਆ ਹੈ ਤਾਂਕਿ ਤੁਸੀਂ ਚਰਵਾਹਿਆਂ ਵਾਂਗ ਪਰਮੇਸ਼ੁਰ ਦੀ ਮੰਡਲੀ ਦੀ ਦੇਖ-ਭਾਲ ਕਰੋ।” (ਰਸੂ. 20:28) ਅੱਜ ਵੀ ਬਜ਼ੁਰਗ ਪਵਿੱਤਰ ਸ਼ਕਤੀ ਜ਼ਰੀਏ ਚੁਣੇ ਜਾਂਦੇ ਹਨ ਕਿਉਂਕਿ ਉਹ ਬਾਈਬਲ ਵਿਚ ਦੱਸੀਆਂ ਗਈਆਂ ਯਹੋਵਾਹ ਦੀਆਂ ਮੰਗਾਂ ਪੂਰੀਆਂ ਕਰਦੇ ਹਨ। ਜਦ ਅਸੀਂ ਬਜ਼ੁਰਗਾਂ ਦਾ ਕਹਿਣਾ ਮੰਨਦੇ ਹਾਂ, ਤਾਂ ਅਸੀਂ ਸਭ ਤੋਂ ਵਧੀਆ ਚਰਵਾਹੇ ਯਹੋਵਾਹ ਤੇ ਯਿਸੂ ਦਾ ਆਦਰ ਕਰਦੇ ਹਾਂ। (ਲੂਕਾ 10:16) ਇਹ ਅਹਿਮ ਕਾਰਨ ਹੈ ਜਿਸ ਕਰਕੇ ਅਸੀਂ ਬਜ਼ੁਰਗਾਂ ਦੇ ਖ਼ੁਸ਼ੀ-ਖ਼ੁਸ਼ੀ ਅਧੀਨ ਹੁੰਦੇ ਹਾਂ। ਪਰ ਸਾਡੇ ਕੋਲ ਉਨ੍ਹਾਂ ਦੇ ਅਧੀਨ ਹੋਣ ਦੇ ਹੋਰ ਵੀ ਕਈ ਕਾਰਨ ਹਨ।
7. ਯਹੋਵਾਹ ਨਾਲ ਤੁਹਾਡਾ ਰਿਸ਼ਤਾ ਬਰਕਰਾਰ ਰੱਖਣ ਵਿਚ ਬਜ਼ੁਰਗ ਤੁਹਾਡੀ ਕਿਵੇਂ ਮਦਦ ਕਰਦੇ ਹਨ?
7 ਬਜ਼ੁਰਗ ਹਮੇਸ਼ਾ ਬਾਈਬਲ ਤੋਂ ਭੈਣਾਂ-ਭਰਾਵਾਂ ਨੂੰ ਹੌਸਲਾ ਤੇ ਸਲਾਹ ਦਿੰਦੇ ਹਨ। ਪਰ ਉਹ ਭੈਣਾਂ-ਭਰਾਵਾਂ ’ਤੇ ਰੋਹਬ ਨਹੀਂ ਝਾੜਦੇ। (2 ਕੁਰਿੰ. 1:24) ਇਸ ਦੀ ਬਜਾਇ ਉਹ ਭੈਣਾਂ-ਭਰਾਵਾਂ ਦੀ ਬਾਈਬਲ ਦੇ ਅਸੂਲਾਂ ਮੁਤਾਬਕ ਸਹੀ ਫ਼ੈਸਲੇ ਕਰਨ ਵਿਚ ਮਦਦ ਕਰਦੇ ਹਨ। ਇਸ ਤਰ੍ਹਾਂ ਬਜ਼ੁਰਗ ਮੰਡਲੀ ਵਿਚ ਏਕਤਾ ਤੇ ਸ਼ਾਂਤੀ ਬਣਾਈ ਰੱਖਦੇ ਹਨ। (1 ਕੁਰਿੰ. 14:33, 40) ਬਜ਼ੁਰਗ ਮੰਡਲੀ ਦੇ ਹਰ ਮੈਂਬਰ ਦਾ “ਧਿਆਨ ਰੱਖਦੇ ਹਨ” ਤਾਂਕਿ ਉਨ੍ਹਾਂ ਦਾ ਯਹੋਵਾਹ ਨਾਲ ਰਿਸ਼ਤਾ ਬਰਕਰਾਰ ਰਹੇ। ਸੋ ਜੇ ਕੋਈ ਭੈਣ-ਭਰਾ ਗ਼ਲਤ ਫ਼ੈਸਲਾ ਲੈਣ ਵਾਲਾ ਹੈ ਜਾਂ ਲੈ ਚੁੱਕਾ ਹੈ, ਤਾਂ ਬਜ਼ੁਰਗ ਫ਼ੌਰਨ ਉਸ ਦੀ ਮਦਦ ਕਰਦੇ ਹਨ। (ਗਲਾ. 6:1, 2; ਯਹੂ. 22) ਕੀ ਸਾਨੂੰ ਇਨ੍ਹਾਂ ਸਾਰੇ ਕਾਰਨਾਂ ਕਰਕੇ ‘ਅਗਵਾਈ ਕਰਨ ਵਾਲਿਆਂ ਦੀ ਆਗਿਆਕਾਰੀ ਨਹੀਂ ਕਰਨੀ’ ਚਾਹੀਦੀ?—ਇਬਰਾਨੀਆਂ 13:17 ਪੜ੍ਹੋ।
8. ਬਜ਼ੁਰਗ ਮੰਡਲੀ ਦੀ ਹਿਫਾਜ਼ਤ ਕਿਵੇਂ ਕਰਦੇ ਹਨ?
8 ਪੌਲੁਸ ਰਸੂਲ ਵੀ ਮੰਡਲੀ ਵਿਚ ਚਰਵਾਹਾ ਸੀ ਤੇ ਉਸ ਨੇ ਕੁਲੁੱਸੈ ਦੇ ਭੈਣਾਂ-ਭਰਾਵਾਂ ਨੂੰ ਲਿਖਿਆ: “ਧਿਆਨ ਰੱਖੋ ਕਿ ਕੋਈ ਤੁਹਾਨੂੰ ਦੁਨਿਆਵੀ ਗਿਆਨ ਅਤੇ ਧੋਖਾ ਦੇਣ ਵਾਲੀਆਂ ਖੋਖਲੀਆਂ ਗੱਲਾਂ ਵਿਚ ਫਸਾ ਨਾ ਲਵੇ। ਇਹ ਗਿਆਨ ਅਤੇ ਗੱਲਾਂ ਇਨਸਾਨਾਂ ਦੇ ਰੀਤਾਂ-ਰਿਵਾਜਾਂ ਅਤੇ ਦੁਨੀਆਂ ਦੇ ਬੁਨਿਆਦੀ ਅਸੂਲਾਂ ਉੱਤੇ ਆਧਾਰਿਤ ਹਨ, ਨਾ ਕਿ ਮਸੀਹ ਦੀਆਂ ਸਿੱਖਿਆਵਾਂ ਉੱਤੇ।” (ਕੁਲੁ. 2:8) ਇਹ ਚੇਤਾਵਨੀ ਸਾਨੂੰ ਬਜ਼ੁਰਗਾਂ ਦੀ ਸਲਾਹ ਮੰਨਣ ਦਾ ਇਕ ਹੋਰ ਕਾਰਨ ਦਿੰਦੀ ਹੈ। ਬਜ਼ੁਰਗ ਸਾਨੂੰ ਉਨ੍ਹਾਂ ਲੋਕਾਂ ਬਾਰੇ ਖ਼ਬਰਦਾਰ ਕਰਦੇ ਹਨ ਜੋ ਸਾਨੂੰ ਕੁਰਾਹੇ ਪਾ ਕੇ ਯਹੋਵਾਹ ਤੋਂ ਦੂਰ ਲਿਜਾਣਾ ਚਾਹੁੰਦੇ ਹਨ। ਪਤਰਸ ਰਸੂਲ ਨੇ ਵੀ ਚੇਤਾਵਨੀ ਦਿੱਤੀ ਕਿ “ਝੂਠੇ ਨਬੀ” ਤੇ “ਝੂਠੇ ਸਿੱਖਿਅਕ” ਡਾਵਾਂ-ਡੋਲ ਮਸੀਹੀਆਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਨਗੇ। (2 ਪਤ. 2:1, 14) ਇਸੇ ਤਰ੍ਹਾਂ ਅੱਜ ਵੀ ਬਜ਼ੁਰਗਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋੜ ਪੈਣ ਤੇ ਭੈਣਾਂ-ਭਰਾਵਾਂ ਨੂੰ ਖ਼ਬਰਦਾਰ ਕਰਨ। ਇਨ੍ਹਾਂ ਸਮਝਦਾਰ ਭਰਾਵਾਂ ਕੋਲ ਜ਼ਿੰਦਗੀ ਦਾ ਤਜਰਬਾ ਹੈ। ਨਾਲੇ ਬਜ਼ੁਰਗ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਦਿਖਾਇਆ ਹੈ ਕਿ ਉਹ ਬਾਈਬਲ ਦੀਆਂ ਸਿੱਖਿਆਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਤੇ ਸਿਖਾਉਣ ਦੇ ਕਾਬਲ ਹਨ। (1 ਤਿਮੋ. 3:2; ਤੀਤੁ. 1:9) ਜੀ ਹਾਂ, ਉਹ ਬਾਈਬਲ ਵਿਚ ਪਾਈ ਜਾਂਦੀ ਪਰਮੇਸ਼ੁਰ ਦੀ ਬੁੱਧ ਮੁਤਾਬਕ ਸਮਝਦਾਰੀ ਨਾਲ ਫ਼ੈਸਲੇ ਲੈਂਦੇ ਹਨ ਜਿਸ ਕਰਕੇ ਉਹ ਭੈਣਾਂ-ਭਰਾਵਾਂ ਦੀ ਵਧੀਆ ਤਰ੍ਹਾਂ ਅਗਵਾਈ ਕਰਨ ਦੇ ਲਾਇਕ ਹਨ।
ਜਿੱਦਾਂ ਇਕ ਚਰਵਾਹਾ ਆਪਣੀਆਂ ਭੇਡਾਂ ਦੀ ਰਾਖੀ ਕਰਦਾ ਹੈ, ਉੱਦਾਂ ਹੀ ਬਜ਼ੁਰਗ ਪਰਮੇਸ਼ੁਰ ਦੀਆਂ ਭੇਡਾਂ ਦੀ ਰਾਖੀ ਕਰਦੇ ਹਨ (ਪੈਰਾ 8 ਦੇਖੋ)
ਵਧੀਆ ਚਰਵਾਹਾ ਭੇਡਾਂ ਨੂੰ ਚਾਰਦਾ ਤੇ ਉਨ੍ਹਾਂ ਦੀ ਹਿਫਾਜ਼ਤ ਕਰਦਾ ਹੈ
9. ਯਿਸੂ ਮੰਡਲੀ ਦੀਆਂ ਭੇਡਾਂ ਦੀ ਅਗਵਾਈ ਕਿਵੇਂ ਕਰਦਾ ਹੈ?
9 ਯਹੋਵਾਹ ਆਪਣੇ ਸੰਗਠਨ ਰਾਹੀਂ ਦੁਨੀਆਂ ਭਰ ਵਿਚ ਸਾਰੇ ਭੈਣਾਂ-ਭਰਾਵਾਂ ਨੂੰ ਸਿਖਾਉਂਦਾ ਹੈ ਤੇ ਉਨ੍ਹਾਂ ਦੀ ਅਗਵਾਈ ਕਰਦਾ ਹੈ। ਸਾਨੂੰ ਪ੍ਰਕਾਸ਼ਨਾਂ ਵਿਚ ਬਾਈਬਲ ਤੋਂ ਬਹੁਤ ਸਾਰੀਆਂ ਸਲਾਹਾਂ ਮਿਲਦੀਆਂ ਹਨ। ਕਦੇ-ਕਦੇ ਸੰਗਠਨ ਬਜ਼ੁਰਗਾਂ ਨੂੰ ਚਿੱਠੀਆਂ ਜਾਂ ਸਫ਼ਰੀ ਨਿਗਾਹਬਾਨਾਂ ਰਾਹੀਂ ਹਿਦਾਇਤਾਂ ਦਿੰਦਾ ਹੈ। ਇਨ੍ਹਾਂ ਸਾਰੇ ਤਰੀਕਿਆਂ ਨਾਲ ਭੇਡਾਂ ਨੂੰ ਸਹੀ ਸੇਧ ਮਿਲਦੀ ਹੈ।
10. ਜੇ ਕੋਈ ਭੈਣ-ਭਰਾ ਮੰਡਲੀ ਛੱਡ ਚੁੱਕਾ ਹੈ, ਤਾਂ ਬਜ਼ੁਰਗਾਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ?
10 ਮੰਡਲੀ ਦੇ ਚਰਵਾਹਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਭੇਡਾਂ ਦੀ ਦੇਖ-ਭਾਲ ਤੇ ਹਿਫਾਜ਼ਤ ਕਰਨ। ਜਿੱਦਾਂ ਇਕ ਚਰਵਾਹਾ ਬੀਮਾਰ ਤੇ ਕਮਜ਼ੋਰ ਭੇਡਾਂ ਦੀ ਦੇਖ-ਰੇਖ ਕਰਦਾ ਹੈ, ਉੱਦਾਂ ਬਜ਼ੁਰਗਾਂ ਨੂੰ ਖ਼ਾਸ ਕਰਕੇ ਉਨ੍ਹਾਂ ਦਾ ਯਾਕੂਬ 5:14, 15 ਪੜ੍ਹੋ।) ਜਾਂ ਸ਼ਾਇਦ ਕਿਸੇ ਨੇ ਮੰਡਲੀ ਤੋਂ ਦੂਰ ਹੋ ਕੇ ਪਰਮੇਸ਼ੁਰ ਦੀ ਸੇਵਾ ਕਰਨੀ ਛੱਡ ਦਿੱਤੀ ਹੈ। ਤਾਂ ਫਿਰ ਕੀ ਇਕ ਬਜ਼ੁਰਗ ਨੂੰ ਭਟਕੀ ਹੋਈ ਹਰੇਕ ਭੇਡ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ? ਬਿਲਕੁਲ। ਬਜ਼ੁਰਗ ਉਸ ਨੂੰ ਝੁੰਡ ਯਾਨੀ ਮੰਡਲੀ ਵਿਚ ਵਾਪਸ ਲਿਆਉਣ ਦੀ ਪੂਰੀ ਵਾਹ ਲਾਵੇਗਾ। ਯਿਸੂ ਨੇ ਕਿਹਾ: “ਮੇਰਾ ਸਵਰਗੀ ਪਿਤਾ ਨਹੀਂ ਚਾਹੁੰਦਾ ਕਿ ਇਨ੍ਹਾਂ ਨਿਮਾਣਿਆਂ ਵਿੱਚੋਂ ਕਿਸੇ ਇਕ ਦਾ ਵੀ ਨਾਸ਼ ਹੋਵੇ।”—ਮੱਤੀ 18:12-14.
ਫ਼ਿਕਰ ਹੈ ਜਿਨ੍ਹਾਂ ਦੀ ਨਿਹਚਾ ਕਮਜ਼ੋਰ ਹੋ ਗਈ ਹੈ ਜਾਂ ਜਿਨ੍ਹਾਂ ਨੇ ਵੱਡੀਆਂ ਗ਼ਲਤੀਆਂ ਕੀਤੀਆਂ ਹਨ। (ਬਜ਼ੁਰਗਾਂ ਦੀਆਂ ਗ਼ਲਤੀਆਂ ਬਾਰੇ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ?
11. ਕੁਝ ਭੈਣਾਂ-ਭਰਾਵਾਂ ਨੂੰ ਬਜ਼ੁਰਗਾਂ ਦਾ ਕਹਿਣਾ ਮੰਨਣਾ ਸ਼ਾਇਦ ਔਖਾ ਕਿਉਂ ਲੱਗੇ?
11 ਭਾਵੇਂ ਸਾਡੇ ਚਰਵਾਹੇ ਯਹੋਵਾਹ ਤੇ ਯਿਸੂ ਮੁਕੰਮਲ ਹਨ, ਪਰ ਉਨ੍ਹਾਂ ਨੇ ਮੰਡਲੀ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਨਾਮੁਕੰਮਲ ਚਰਵਾਹਿਆਂ ਨੂੰ ਦਿੱਤੀ ਹੈ। ਇਸ ਕਰਕੇ ਕੁਝ ਭੈਣਾਂ-ਭਰਾਵਾਂ ਲਈ ਉਨ੍ਹਾਂ ਦਾ ਕਹਿਣਾ ਮੰਨਣਾ ਔਖਾ ਹੋ ਸਕਦਾ ਹੈ। ਉਹ ਸ਼ਾਇਦ ਸੋਚਣ: ‘ਬਜ਼ੁਰਗ ਵੀ ਤਾਂ ਸਾਡੇ ਵਰਗੇ ਇਨਸਾਨ ਹਨ, ਅਸੀਂ ਉਨ੍ਹਾਂ ਦੀ ਕਿਉਂ ਸੁਣੀਏ?’ ਇਹ ਸੱਚ ਹੈ ਕਿ ਬਜ਼ੁਰਗ ਗ਼ਲਤੀਆਂ ਕਰਦੇ ਹਨ, ਪਰ ਸਾਨੂੰ ਆਪਣਾ ਧਿਆਨ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ’ਤੇ ਨਹੀਂ ਲਾਉਣਾ ਚਾਹੀਦਾ।
12, 13. (ੳ) ਪੁਰਾਣੇ ਸਮੇਂ ਵਿਚ ਪਰਮੇਸ਼ੁਰ ਦੇ ਜ਼ਿੰਮੇਵਾਰ ਸੇਵਕਾਂ ਨੇ ਕਿਹੜੀਆਂ ਗ਼ਲਤੀਆਂ ਕੀਤੀਆਂ? (ਅ) ਯਹੋਵਾਹ ਨੇ ਬਾਈਬਲ ਵਿਚ ਆਪਣੇ ਜ਼ਿੰਮੇਵਾਰ ਸੇਵਕਾਂ ਦੀਆਂ ਗ਼ਲਤੀਆਂ ਕਿਉਂ ਲਿਖਵਾਈਆਂ ਸਨ?
12 ਯਹੋਵਾਹ ਨੇ ਜਿਨ੍ਹਾਂ ਰਾਹੀਂ ਪੁਰਾਣੇ ਸਮੇਂ ਵਿਚ ਆਪਣੇ ਲੋਕਾਂ ਦੀ ਅਗਵਾਈ ਕੀਤੀ, ਬਾਈਬਲ ਉਨ੍ਹਾਂ ਦੀਆਂ ਗ਼ਲਤੀਆਂ ’ਤੇ ਪਰਦਾ ਨਹੀਂ ਪਾਉਂਦੀ। ਮਿਸਾਲ ਲਈ ਦਾਊਦ ਨੂੰ ਇਜ਼ਰਾਈਲ ਕੌਮ ਦੇ ਰਾਜਾ ਵਜੋਂ ਚੁਣਿਆ ਗਿਆ ਸੀ, ਇਸ ਦੇ ਬਾਵਜੂਦ ਉਸ ਨੇ ਵੱਡੇ ਪਾਪ ਕੀਤੇ। ਉਸ ਨੇ ਹਰਾਮਕਾਰੀ ਕੀਤੀ ਅਤੇ ਇਕ ਬੰਦੇ ਦਾ ਕਤਲ ਵੀ ਕਰਾਇਆ। (2 ਸਮੂ. 12:7-9) ਪਤਰਸ ਰਸੂਲ ਦੀ ਮਿਸਾਲ ’ਤੇ ਵੀ ਗੌਰ ਕਰੋ। ਹਾਲਾਂਕਿ ਉਸ ਨੂੰ ਮੰਡਲੀ ਵਿਚ ਵੱਡੀਆਂ ਜ਼ਿੰਮੇਵਾਰੀਆਂ ਮਿਲੀਆਂ ਸਨ, ਫਿਰ ਵੀ ਉਹ ਵੱਡੀਆਂ ਗ਼ਲਤੀਆਂ ਕਰ ਬੈਠਾ। (ਮੱਤੀ 16:18, 19; ਯੂਹੰ. 13:38; 18:27; ਗਲਾ. 2:11-14) ਹਾਂ, ਆਦਮ ਤੇ ਹੱਵਾਹ ਤੋਂ ਬਾਅਦ ਯਿਸੂ ਤੋਂ ਸਿਵਾਇ ਸਾਰੇ ਇਨਸਾਨ ਗ਼ਲਤੀਆਂ ਕਰਦੇ ਆਏ ਹਨ।
13 ਯਹੋਵਾਹ ਨੇ ਬਾਈਬਲ ਵਿਚ ਆਪਣੇ ਜ਼ਿੰਮੇਵਾਰ ਸੇਵਕਾਂ ਦੀਆਂ ਗ਼ਲਤੀਆਂ ਕਿਉਂ ਲਿਖਵਾਈਆਂ ਸਨ? ਇਕ ਕਾਰਨ ਹੈ ਕਿ ਉਹ ਦਿਖਾਉਣਾ ਚਾਹੁੰਦਾ ਸੀ ਕਿ ਉਹ ਆਪਣੇ ਲੋਕਾਂ ਦੀ ਅਗਵਾਈ ਕਰਨ ਲਈ ਨਾਮੁਕੰਮਲ ਆਦਮੀਆਂ ਨੂੰ ਵਰਤ ਸਕਦਾ ਹੈ। ਅਸਲ ਵਿਚ ਯਹੋਵਾਹ ਹਮੇਸ਼ਾ ਇੱਦਾਂ ਹੀ ਕਰਦਾ ਆਇਆ ਹੈ। ਇਸ ਲਈ ਸਾਨੂੰ ਬਜ਼ੁਰਗਾਂ ਦੀਆਂ ਕਮੀਆਂ-ਕਮਜ਼ੋਰੀਆਂ ਜਾਣਦੇ ਹੋਏ ਉਨ੍ਹਾਂ ਖ਼ਿਲਾਫ਼ ਬੁੜ-ਬੁੜ ਨਹੀਂ ਕਰਨੀ ਚਾਹੀਦੀ ਜਾਂ ਉਨ੍ਹਾਂ ਦੇ ਅਧਿਕਾਰ ਨੂੰ ਐਵੀਂ ਨਹੀਂ ਸਮਝਣਾ ਚਾਹੀਦਾ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਇਨ੍ਹਾਂ ਭਰਾਵਾਂ ਦੀ ਇੱਜ਼ਤ ਕਰੀਏ ਤੇ ਉਨ੍ਹਾਂ ਦਾ ਕਹਿਣਾ ਮੰਨੀਏ।—ਕੂਚ 16:2, 8 ਪੜ੍ਹੋ।
14, 15. ਪੁਰਾਣੇ ਜ਼ਮਾਨੇ ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਵੇਂ ਹਿਦਾਇਤਾਂ ਦਿੱਤੀਆਂ ਤੇ ਅਸੀਂ ਉਸ ਤੋਂ ਕੀ ਸਿੱਖਦੇ ਹਾਂ?
14 ਬਜ਼ੁਰਗਾਂ ਦਾ ਕਹਿਣਾ ਮੰਨਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਕਿਉਂ? ਜ਼ਰਾ ਸੋਚੋ ਕਿ ਪੁਰਾਣੇ ਜ਼ਮਾਨੇ ਵਿਚ ਜਦ ਪਰਮੇਸ਼ੁਰ ਦੇ ਲੋਕਾਂ ਨੇ ਪਹਾੜ ਵਰਗੀਆਂ ਮੁਸੀਬਤਾਂ ਦਾ ਸਾਮ੍ਹਣਾ ਕੀਤਾ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਕਿੱਦਾਂ ਹਿਦਾਇਤਾਂ ਦਿੱਤੀਆਂ। ਮਿਸਾਲ ਲਈ ਜਦ ਇਜ਼ਰਾਈਲੀ ਕੌਮ ਨੇ ਮਿਸਰ ਛੱਡਿਆ, ਤਾਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਖ਼ਾਸ ਹਿਦਾਇਤਾਂ ਦੇਣ ਲਈ ਮੂਸਾ ਤੇ ਹਾਰੂਨ ਨੂੰ ਵਰਤਿਆ। ਯਾਦ ਕਰੋ ਕਿ ਦੱਸਵੀਂ ਬਿਪਤਾ ਵਿੱਚੋਂ ਬਚ ਨਿਕਲਣ ਲਈ ਇਜ਼ਰਾਈਲੀਆਂ ਨੂੰ ਕਿਹਾ ਗਿਆ ਸੀ ਕਿ ਉਹ ਇਕ ਖ਼ਾਸ ਭੋਜਨ ਤਿਆਰ ਕਰਨ। ਉਨ੍ਹਾਂ ਨੇ ਇਕ ਭੇਡ ਵੱਢ ਕੇ ਉਸ ਦਾ ਲਹੂ ਦਰਵਾਜ਼ੇ ਦੀਆਂ ਚੁਗਾਠਾਂ ਉੱਤੇ ਲਾਉਣਾ ਸੀ। ਪਰ ਯਹੋਵਾਹ ਨੇ ਇਹ ਹਿਦਾਇਤਾਂ ਸਵਰਗੋਂ ਬੋਲ ਕੇ ਨਹੀਂ, ਸਗੋਂ ਮੂਸਾ ਦੁਆਰਾ ਇਜ਼ਰਾਈਲ ਦੇ ਬਜ਼ੁਰਗਾਂ ਨੂੰ ਦਿੱਤੀਆਂ। ਸੋ ਜ਼ਰੂਰੀ ਸੀ ਕਿ ਇਜ਼ਰਾਈਲੀ ਬਜ਼ੁਰਗਾਂ ਦੀ ਧਿਆਨ ਨਾਲ ਸੁਣਦੇ। (ਕੂਚ 12:1-7, 21-23, 29) ਅੱਜ ਵੀ ਯਹੋਵਾਹ ਮੰਡਲੀ ਦੇ ਬਜ਼ੁਰਗਾਂ ਰਾਹੀਂ ਆਪਣੇ ਲੋਕਾਂ ਦੀ ਅਗਵਾਈ ਕਰਦਾ ਹੈ।
15 ਸ਼ਾਇਦ ਤੁਹਾਨੂੰ ਬਾਈਬਲ ਦੀਆਂ ਹੋਰ ਘਟਨਾਵਾਂ ਯਾਦ ਹੋਣ, ਜਦ ਯਹੋਵਾਹ ਨੇ ਆਪਣੇ ਲੋਕਾਂ ਨੂੰ ਬਚਾਉਣ ਲਈ ਇਨਸਾਨਾਂ ਜਾਂ ਦੂਤਾਂ ਜ਼ਰੀਏ ਹਿਦਾਇਤਾਂ ਦਿੱਤੀਆਂ ਸਨ। ਇਨ੍ਹਾਂ ਸਾਰੇ ਹਾਲਾਤਾਂ ਵਿਚ ਯਹੋਵਾਹ ਨੇ
ਹੋਰਨਾਂ ਨੂੰ ਅਧਿਕਾਰ ਦਿੱਤਾ ਕਿ ਉਹ ਉਸ ਵੱਲੋਂ ਬੋਲਣ। ਉਨ੍ਹਾਂ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਦੱਸਿਆ ਕਿ ਆਪਣੀਆਂ ਜਾਨਾਂ ਬਚਾਉਣ ਲਈ ਉਨ੍ਹਾਂ ਨੂੰ ਕੀ-ਕੀ ਕਰਨ ਦੀ ਲੋੜ ਸੀ। ਸਾਨੂੰ ਪੂਰਾ ਯਕੀਨ ਹੈ ਕਿ ਆਰਮਾਗੇਡਨ ਵੇਲੇ ਵੀ ਯਹੋਵਾਹ ਇੱਦਾਂ ਹੀ ਕਰੇਗਾ। ਪਰ ਜਿਹੜੇ ਬਜ਼ੁਰਗਾਂ ਨੂੰ ਯਹੋਵਾਹ ਜਾਂ ਉਸ ਦੇ ਸੰਗਠਨ ਵੱਲੋਂ ਅਧਿਕਾਰ ਮਿਲਿਆ ਹੈ, ਉਹ ਇਹ ਗੱਲ ਯਾਦ ਰੱਖਣ ਕਿ ਉਹ ਆਪਣੇ ਅਧਿਕਾਰ ਨੂੰ ਗ਼ਲਤ ਤਰੀਕੇ ਨਾਲ ਇਸਤੇਮਾਲ ਨਾ ਕਰਨ।‘ਇੱਕੋ ਝੁੰਡ, ਇੱਕੋ ਚਰਵਾਹਾ’
16. ਸਾਨੂੰ ਕਿਸ “ਗੱਲ” ਵੱਲ ਕੰਨ ਲਾਉਣ ਦੀ ਲੋੜ ਹੈ?
16 ਯਹੋਵਾਹ ਦੇ ਲੋਕਾਂ ਦਾ “ਇੱਕੋ ਝੁੰਡ” ਹੈ ਅਤੇ ਉਨ੍ਹਾਂ ਦਾ “ਇੱਕੋ ਚਰਵਾਹਾ” ਯਿਸੂ ਮਸੀਹ ਹੈ। (ਯੂਹੰ. 10:16) ਯਿਸੂ ਨੇ ਕਿਹਾ ਸੀ ਕਿ ਉਹ ਆਪਣੇ ਚੇਲਿਆਂ ਨਾਲ ‘ਯੁਗ ਦੇ ਆਖ਼ਰੀ ਸਮੇਂ ਤਕ ਹਰ ਵੇਲੇ ਰਹੇਗਾ।’ (ਮੱਤੀ 28:20) ਹੁਣ ਯਿਸੂ ਸਵਰਗੋਂ ਰਾਜ ਕਰ ਰਿਹਾ ਹੈ, ਇਸ ਲਈ ਸ਼ੈਤਾਨ ਦੀ ਦੁਨੀਆਂ ਦੇ ਖ਼ਾਤਮੇ ਤੋਂ ਪਹਿਲਾਂ ਜੋ ਵੀ ਘਟਨਾਵਾਂ ਵਾਪਰਨਗੀਆਂ ਉਨ੍ਹਾਂ ’ਤੇ ਯਿਸੂ ਦਾ ਪੂਰਾ ਕੰਟ੍ਰੋਲ ਹੈ। ਅਸੀਂ ਪਰਮੇਸ਼ੁਰ ਦੇ ਸੰਗਠਨ ਵਿਚ ਇਕ-ਜੁੱਟ ਹੋ ਕੇ ਸੁਰੱਖਿਅਤ ਕਿਵੇਂ ਰਹਿ ਸਕਦੇ ਹਾਂ? ਬਾਈਬਲ ਕਹਿੰਦੀ ਹੈ: “ਤੁਹਾਡੇ ਕੰਨ ਤੁਹਾਡੇ ਪਿੱਛੋਂ ਏਹ ਗੱਲ ਸੁਣਨਗੇ ਕਿ ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ।” ਸਾਡੇ ਕੰਨ ਕਿਹੜੀ “ਗੱਲ” ਸੁਣਦੇ ਹਨ? ਉਹ ਸਭ ਕੁਝ ਜੋ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸਾਨੂੰ ਬਾਈਬਲ ਰਾਹੀਂ ਸਿਖਾਉਂਦੀ ਹੈ ਅਤੇ ਜੋ ਯਹੋਵਾਹ ਤੇ ਯਿਸੂ ਸਾਨੂੰ ਆਪਣੇ ਚੁਣੇ ਹੋਏ ਚਰਵਾਹਿਆਂ ਜ਼ਰੀਏ ਦੱਸਦੇ ਹਨ।—ਯਸਾਯਾਹ 30:21; ਪ੍ਰਕਾਸ਼ ਦੀ ਕਿਤਾਬ 3:22 ਪੜ੍ਹੋ।
ਬਜ਼ੁਰਗ ਇਕੱਲੇ ਮਾਤਾ-ਪਿਤਾ ਵਾਲੇ ਪਰਿਵਾਰਾਂ ਨੂੰ ਬੁਰੀ ਸੰਗਤ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹਨ (ਪੈਰੇ 17, 18 ਦੇਖੋ)
17, 18. (ੳ) ਪਰਮੇਸ਼ੁਰ ਦੇ ਲੋਕਾਂ ਨੂੰ ਕਿਹੜਾ ਖ਼ਤਰਾ ਹੈ, ਪਰ ਸਾਨੂੰ ਕਿਸ ਗੱਲ ਦਾ ਯਕੀਨ ਹੈ? (ਅ) ਅਸੀਂ ਅਗਲੇ ਲੇਖ ਵਿਚ ਕੀ ਦੇਖਾਂਗੇ?
17 ਸ਼ੈਤਾਨ “ਗਰਜਦੇ ਸ਼ੇਰ ਵਾਂਗ ਇੱਧਰ-ਉੱਧਰ ਘੁੰਮ ਰਿਹਾ ਹੈ ਕਿ ਕਿਸੇ ਨੂੰ ਨਿਗਲ ਜਾਵੇ।” (1 ਪਤ. 5:8) ਉਹ ਇਕ ਭੁੱਖੇ ਜੰਗਲੀ ਜਾਨਵਰ ਵਾਂਗ ਕਮਜ਼ੋਰ ਜਾਂ ਝੁੰਡ ਤੋਂ ਭਟਕੀਆਂ ਹੋਈਆਂ ਭੇਡਾਂ ਨੂੰ ਦੱਬੋਚਣ ਲਈ ਤਾਕ ਲਾਈ ਬੈਠਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਮੰਡਲੀ ਤੇ “ਆਪਣੇ ਚਰਵਾਹੇ ਅਤੇ ਆਪਣੀਆਂ ਜ਼ਿੰਦਗੀਆਂ ਦੇ ਰਖਵਾਲੇ” ਯਹੋਵਾਹ ਦੇ ਨੇੜੇ ਰਹੀਏ। (1 ਪਤ. 2:25) ਜਿਹੜੇ ਲੋਕ ਮਹਾਂਕਸ਼ਟ ਵਿੱਚੋਂ ਬਚ ਨਿਕਲਣਗੇ, ਉਨ੍ਹਾਂ ਬਾਰੇ ਪ੍ਰਕਾਸ਼ ਦੀ ਕਿਤਾਬ 7:17 ਕਹਿੰਦੀ ਹੈ: “ਲੇਲਾ [ਯਿਸੂ] ਚਰਵਾਹੇ ਵਾਂਗ ਉਨ੍ਹਾਂ ਦੀ ਦੇਖ-ਭਾਲ ਕਰੇਗਾ ਅਤੇ ਉਨ੍ਹਾਂ ਨੂੰ ਅੰਮ੍ਰਿਤ ਜਲ ਦੇ ਚਸ਼ਮਿਆਂ ਕੋਲ ਲੈ ਜਾਵੇਗਾ। ਅਤੇ ਪਰਮੇਸ਼ੁਰ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ।” ਇਸ ਵਾਅਦੇ ਤੋਂ ਸਾਨੂੰ ਕਿੰਨੀ ਤਸੱਲੀ ਮਿਲਦੀ ਹੈ, ਹੈ ਨਾ?
18 ਅਸੀਂ ਦੇਖਿਆ ਹੈ ਕਿ ਬਜ਼ੁਰਗਾਂ ਨੂੰ ਮੰਡਲੀ ਵਿਚ ਕਿੰਨੀਆਂ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਸੋ ਇਨ੍ਹਾਂ ਚਰਵਾਹਿਆਂ ਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ, ‘ਕੀ ਮੈਂ ਯਿਸੂ ਦੀਆਂ ਭੇਡਾਂ ਨਾਲ ਪਿਆਰ ਨਾਲ ਪੇਸ਼ ਆਉਂਦਾ ਹਾਂ?’ ਅਸੀਂ ਇਸ ਦਾ ਜਵਾਬ ਅਗਲੇ ਲੇਖ ਵਿਚ ਜਾਣਾਂਗੇ।