Skip to content

Skip to table of contents

ਸ੍ਰਿਸ਼ਟੀ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਹੱਥਾਂ ਦਾ ਕਮਾਲ

ਸ੍ਰਿਸ਼ਟੀ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਹੱਥਾਂ ਦਾ ਕਮਾਲ

“ਹੇ ਸਾਡੇ ਸ਼ਕਤੀਸ਼ਾਲੀ ਪਰਮੇਸ਼ੁਰ ਯਹੋਵਾਹ, ਤੂੰ ਹੀ ਮਹਿਮਾ . . . ਪਾਉਣ ਦਾ ਹੱਕਦਾਰ ਹੈਂ ਕਿਉਂਕਿ ਤੂੰ ਹੀ ਸਾਰੀਆਂ ਚੀਜ਼ਾਂ ਬਣਾਈਆਂ ਹਨ।”​—ਪ੍ਰਕਾ. 4:11.

1. ਸਾਨੂੰ ਕੀ ਕਰਨ ਦੀ ਲੋੜ ਹੈ ਤਾਂਕਿ ਸਾਡੀ ਨਿਹਚਾ ਮਜ਼ਬੂਤ ਰਹੇ?

ਕਈ ਲੋਕ ਕਹਿੰਦੇ ਹਨ ਕਿ ਉਹ ਸਿਰਫ਼ ਉਨ੍ਹਾਂ ਚੀਜ਼ਾਂ ਵਿਚ ਵਿਸ਼ਵਾਸ ਕਰਦੇ ਹਨ ਜਿਨ੍ਹਾਂ ਨੂੰ ਉਹ ਦੇਖ ਸਕਦੇ ਹਨ। ਪਰ ਬਾਈਬਲ ਕਹਿੰਦੀ ਹੈ: “ਕਿਸੇ ਵੀ ਇਨਸਾਨ ਨੇ ਪਰਮੇਸ਼ੁਰ ਨੂੰ ਕਦੀ ਨਹੀਂ ਦੇਖਿਆ।” (ਯੂਹੰ. 1:18) ਤਾਂ ਫਿਰ ਅਸੀਂ ਲੋਕਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ ਕਿ ਉਹ ਰੱਬ ’ਤੇ ਨਿਹਚਾ ਕਰਨ? ਨਾਲੇ ਅਸੀਂ “ਅਦਿੱਖ ਪਰਮੇਸ਼ੁਰ” ਯਹੋਵਾਹ ’ਤੇ ਆਪਣੀ ਨਿਹਚਾ ਕਿਵੇਂ ਬਣਾਈ ਰੱਖ ਸਕਦੇ ਹਾਂ? (ਕੁਲੁ. 1:15) ਪਹਿਲਾਂ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਕਿਹੜੀਆਂ ਸਿੱਖਿਆਵਾਂ ਕਰਕੇ ਲੋਕਾਂ ਤੋਂ ਪਰਮੇਸ਼ੁਰ ਬਾਰੇ ਸੱਚਾਈ ਲੁਕੀ ਹੋਈ ਹੈ। ਫਿਰ ਅਸੀਂ ਬਾਈਬਲ ਨੂੰ ਵਧੀਆ ਢੰਗ ਨਾਲ ਵਰਤ ਕੇ ਸਬੂਤ ਦੇ ਸਕਦੇ ਹਾਂ ਕਿ ਇਹ ਸਿੱਖਿਆਵਾਂ “ਪਰਮੇਸ਼ੁਰ ਦੇ ਗਿਆਨ ਦੇ ਖ਼ਿਲਾਫ਼” ਹਨ।​—2 ਕੁਰਿੰ. 10:4, 5.

2, 3. ਕਿਹੜੀਆਂ ਦੋ ਸਿੱਖਿਆਵਾਂ ਕਰਕੇ ਲੋਕਾਂ ਤੋਂ ਪਰਮੇਸ਼ੁਰ ਬਾਰੇ ਸੱਚਾਈ ਲੁਕੀ ਹੋਈ ਹੈ?

2 ਵਿਕਾਸਵਾਦ ਦੀ ਗ਼ਲਤ ਸਿੱਖਿਆ ਨੇ ਲੋਕਾਂ ਦੀਆਂ ਅੱਖਾਂ ਉੱਤੇ ਪਰਦਾ ਪਾਇਆ ਹੋਇਆ ਹੈ ਜਿਸ ਕਰਕੇ ਉਹ ਰੱਬ ਬਾਰੇ ਸੱਚਾਈ ਨਹੀਂ ਜਾਣਦੇ। ਇਹ ਸਿੱਖਿਆ ਬਾਈਬਲ ਦੇ ਖ਼ਿਲਾਫ਼ ਹੈ ਅਤੇ ਇਹ ਲੋਕਾਂ ਨੂੰ ਭਵਿੱਖ ਦੀ ਕੋਈ ਉਮੀਦ ਨਹੀਂ ਦਿੰਦੀ। ਇਸ ਸਿੱਖਿਆ ਨੂੰ ਮੰਨਣ ਵਾਲੇ ਲੋਕ ਕਹਿੰਦੇ ਹਨ ਕਿ ਜ਼ਿੰਦਗੀ ਦੀ ਹਰ ਚੀਜ਼ ਆਪਣੇ ਆਪ ਹੋਂਦ ਵਿਚ ਆਈ ਹੈ। ਜੇ ਇਹ ਗੱਲ ਸੱਚ ਹੁੰਦੀ, ਤਾਂ ਇਨਸਾਨਾਂ ਦੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਹੁੰਦਾ।

3 ਦੂਜੇ ਪਾਸੇ ਚਰਚ ਦੇ ਕੁਝ ਲੋਕ ਸਿਖਾਉਂਦੇ ਹਨ ਕਿ ਪੂਰਾ ਜਹਾਨ ਸਿਰਫ਼ ਕੁਝ ਹੀ ਹਜ਼ਾਰਾਂ ਸਾਲ ਪੁਰਾਣਾ ਹੈ। ਉਹ ਕਹਿੰਦੇ ਹਨ ਕਿ ਪਰਮੇਸ਼ੁਰ ਨੇ 24-ਘੰਟੇ ਵਾਲੇ ਛੇ ਦਿਨਾਂ ਵਿਚ ਹੀ ਸਭ ਕੁਝ ਬਣਾਇਆ ਸੀ, ਪਰ ਸਾਇੰਸ ਇਸ ਸਿੱਖਿਆ ਨੂੰ ਗ਼ਲਤ ਸਾਬਤ ਕਰਦੀ ਹੈ। ਜਦ ਸਾਇੰਸ ਦੇ ਸਬੂਤ ਉਨ੍ਹਾਂ ਦੇ ਵਿਚਾਰਾਂ ਨਾਲ ਮੇਲ ਨਹੀਂ ਖਾਂਦੇ, ਤਾਂ ਉਹ ਇਨ੍ਹਾਂ ਨੂੰ ਠੁਕਰਾ ਦਿੰਦੇ ਹਨ। ਹੋ ਸਕਦਾ ਹੈ ਕਿ ਚਰਚ ਵਾਲੇ ਇਹ ਲੋਕ ਬਾਈਬਲ ਨੂੰ ਮੰਨਦੇ ਹੋਣ, ਪਰ ਉਨ੍ਹਾਂ ਕਰਕੇ ਦੂਜਿਆਂ ਲਈ ਬਾਈਬਲ ਵਿਚ ਵਿਸ਼ਵਾਸ ਕਰਨਾ ਮੁਸ਼ਕਲ ਹੋ ਜਾਂਦਾ ਹੈ। ਕਿਉਂ? ਕਿਉਂਕਿ ਇਸ ਸਿੱਖਿਆ ਕਰਕੇ ਲੋਕ ਸੋਚਦੇ ਹਨ ਕਿ ਬਾਈਬਲ ਗ਼ਲਤ ਹੈ ਤੇ ਸਾਇੰਸ ਨਾਲ ਮਿਲਦੀ-ਜੁਲਦੀ ਨਹੀਂ। ਸ੍ਰਿਸ਼ਟੀ ਬਾਰੇ ਗ਼ਲਤ ਸਿੱਖਿਆਵਾਂ ਦੇਣ ਵਾਲੇ ਲੋਕਾਂ ਤੋਂ ਸ਼ਾਇਦ ਸਾਨੂੰ ਪਹਿਲੀ ਸਦੀ ਦੇ ਕੁਝ ਲੋਕਾਂ ਦੀ ਯਾਦ ਆਵੇ ਜੋ ਜੋਸ਼ ਨਾਲ ਪਰਮੇਸ਼ੁਰ ਦੀ ਭਗਤੀ ਤਾਂ ਕਰਦੇ  ਸਨ, ਪਰ “ਪਰਮੇਸ਼ੁਰ ਦੇ ਸਹੀ ਗਿਆਨ ਮੁਤਾਬਕ ਨਹੀਂ।” (ਰੋਮੀ. 10:2) ਤਾਂ ਫਿਰ ਅਸੀਂ ਪਰਮੇਸ਼ੁਰ ਦਾ ਬਚਨ ਵਰਤ ਕੇ “ਕਿਲਿਆਂ ਵਰਗੇ ਮਜ਼ਬੂਤ ਵਿਚਾਰਾਂ” ਯਾਨੀ ਵਿਕਾਸਵਾਦ ਅਤੇ ਹੋਰ ਸਿੱਖਿਆਵਾਂ ਨੂੰ ਗ਼ਲਤ ਕਿਵੇਂ ਸਾਬਤ ਕਰ ਸਕਦੇ ਹਾਂ? * ਅਸੀਂ ਇੱਦਾਂ ਤਾਂ ਹੀ ਕਰ ਸਕਾਂਗੇ ਜੇ ਅਸੀਂ ਬਾਈਬਲ ਦਾ ਸਹੀ ਗਿਆਨ ਲੈਣ ਵਿਚ ਮਿਹਨਤ ਕਰੀਏ।

ਸਬੂਤ ਦੇਖ ਕੇ ਅਤੇ ਸੋਚਣ-ਸਮਝਣ ਦੀ ਕਾਬਲੀਅਤ ਵਰਤ ਕੇ ਨਿਹਚਾ ਕਰੋ

4. ਸਾਡੀ ਨਿਹਚਾ ਦਾ ਆਧਾਰ ਕੀ ਹੈ?

4 ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਗਿਆਨ ਖ਼ਜ਼ਾਨੇ ਦੀ ਤਰ੍ਹਾਂ ਹੈ। (ਕਹਾ. 10:14) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸਬੂਤ ਦੇਖ ਕੇ ਅਤੇ ਸਮਝ ਤੋਂ ਕੰਮ ਲੈ ਕੇ ਉਸ ਉੱਤੇ ਨਿਹਚਾ ਕਰੀਏ, ਨਾ ਕਿ ਇਨਸਾਨਾਂ ਦੇ ਫ਼ਲਸਫ਼ੇ ਜਾਂ ਧਾਰਮਿਕ ਰੀਤਾਂ-ਰਿਵਾਜਾਂ ਮੁਤਾਬਕ। (ਇਬਰਾਨੀਆਂ 11:1 ਪੜ੍ਹੋ।) ਯਹੋਵਾਹ ਵਿਚ ਪੱਕੀ ਨਿਹਚਾ ਰੱਖਣ ਲਈ ਸਾਨੂੰ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਉਹ ਸੱਚ-ਮੁੱਚ ਹੈ। (ਇਬਰਾਨੀਆਂ 11:6 ਪੜ੍ਹੋ।) ਅਸੀਂ ਪਰਮੇਸ਼ੁਰ ਵਿਚ ਅੰਨ੍ਹੇਵਾਹ ਵਿਸ਼ਵਾਸ ਨਹੀਂ ਕਰਦੇ, ਸਗੋਂ ਸਬੂਤ ਦੇਖ ਕੇ ਅਤੇ “ਆਪਣੀ ਸੋਚਣ-ਸਮਝਣ ਦੀ ਕਾਬਲੀਅਤ” ਵਰਤ ਕੇ ਕਰਦੇ ਹਾਂ।​—ਰੋਮੀ. 12:1.

5. ਅਸੀਂ ਕਿਉਂ ਵਿਸ਼ਵਾਸ ਕਰਦੇ ਹਾਂ ਕਿ ਪਰਮੇਸ਼ੁਰ ਸੱਚ-ਮੁੱਚ ਹੈ?

5 ਹਾਲਾਂਕਿ ਅਸੀਂ ਪਰਮੇਸ਼ੁਰ ਨੂੰ ਦੇਖ ਨਹੀਂ ਸਕਦੇ, ਪਰ ਪੌਲੁਸ ਰਸੂਲ ਸਾਨੂੰ ਯਹੋਵਾਹ ਵਿਚ ਨਿਹਚਾ ਕਰਨ ਦਾ ਇਹ ਕਾਰਨ ਦਿੰਦਾ ਹੈ: “ਭਾਵੇਂ ਪਰਮੇਸ਼ੁਰ ਨੂੰ ਦੇਖਿਆ ਨਹੀਂ ਜਾ ਸਕਦਾ, ਪਰ ਦੁਨੀਆਂ ਨੂੰ ਸਿਰਜਣ ਦੇ ਸਮੇਂ ਤੋਂ ਹੀ ਉਸ ਦੇ ਗੁਣ ਸਾਫ਼-ਸਾਫ਼ ਦਿਖਾਈ ਦਿੰਦੇ ਰਹੇ ਹਨ। ਉਸ ਦੀਆਂ ਬਣਾਈਆਂ ਚੀਜ਼ਾਂ ਤੋਂ ਇਹ ਗੁਣ ਦੇਖੇ ਜਾ ਸਕਦੇ ਹਨ ਕਿ ਉਸ ਕੋਲ ਬੇਅੰਤ ਤਾਕਤ ਹੈ ਅਤੇ ਉਹੀ ਪਰਮੇਸ਼ੁਰ ਹੈ।” (ਰੋਮੀ. 1:20) ਜੇ ਕੋਈ ਰੱਬ ਨੂੰ ਨਹੀਂ ਮੰਨਦਾ, ਤਾਂ ਤੁਸੀਂ ਉਸ ਦੀ ਮਦਦ ਕਿਵੇਂ ਕਰ ਸਕਦੇ ਹੋ? ਤੁਸੀਂ ਉਸ ਦਾ ਧਿਆਨ ਸ੍ਰਿਸ਼ਟੀ ਵੱਲ ਖਿੱਚ ਕੇ ਸਿਰਜਣਹਾਰ ਦੀ ਤਾਕਤ ਤੇ ਬੁੱਧ ਦਾ ਸਬੂਤ ਦੇ ਸਕਦੇ ਹੋ। ਆਓ ਆਪਾਂ ਕੁਝ ਮਿਸਾਲਾਂ ’ਤੇ ਗੌਰ ਕਰੀਏ।

ਸ੍ਰਿਸ਼ਟੀ ਤੋਂ ਪਰਮੇਸ਼ੁਰ ਦੀ ਤਾਕਤ ਦਾ ਸਬੂਤ

6, 7. ਯਹੋਵਾਹ ਦੀ ਤਾਕਤ ਦਾ ਸਬੂਤ ਸਾਨੂੰ ਕਿਹੜੀਆਂ ਦੋ ਢਾਲਾਂ ਤੋਂ ਮਿਲਦਾ ਹੈ?

6 ਯਹੋਵਾਹ ਦੀ ਤਾਕਤ ਦਾ ਅੰਦਾਜ਼ਾ ਉਨ੍ਹਾਂ ਦੋ ਢਾਲਾਂ ਤੋਂ ਲਾਇਆ ਜਾ ਸਕਦਾ ਹੈ ਜੋ ਸਾਡੀ ਰਾਖੀ ਕਰਦੀਆਂ ਹਨ। ਇਕ ਹੈ ਧਰਤੀ ਦਾ ਵਾਯੂਮੰਡਲ ਤੇ ਦੂਜਾ ਇਸ ਦਾ ਚੁੰਬਕੀ ਖੇਤਰ। ਵਾਯੂਮੰਡਲ ਤੋਂ ਸਾਨੂੰ ਸਾਹ ਲੈਣ ਲਈ ਹਵਾ ਹੀ ਨਹੀਂ ਮਿਲਦੀ, ਸਗੋਂ ਇਹ ਸਾਡੀ ਹਿਫਾਜ਼ਤ ਵੀ ਕਰਦਾ ਹੈ। ਕਿਵੇਂ? ਪੁਲਾੜ ਵਿਚ ਵੱਡੇ-ਵੱਡੇ ਪੱਥਰ ਬਹੁਤ ਤੇਜ਼ੀ ਨਾਲ ਘੁੰਮਦੇ ਹਨ ਜੋ ਧਰਤੀ ’ਤੇ ਡਿਗ ਕੇ ਸਾਡਾ ਨੁਕਸਾਨ ਕਰ ਸਕਦੇ ਹਨ। ਪਰ ਇੱਦਾਂ ਹੁੰਦਾ ਨਹੀਂ ਕਿਉਂਕਿ ਇਹ ਪੱਥਰ ਧਰਤੀ ਦੇ ਵਾਯੂਮੰਡਲ ਵਿਚ ਵੜਦਿਆਂ ਹੀ ਸੜ ਜਾਂਦੇ ਹਨ ਅਤੇ ਰਾਤ ਨੂੰ ਆਸਮਾਨ ਵਿਚ ਖ਼ੂਬਸੂਰਤ ਟੁੱਟਦੇ ਤਾਰਿਆਂ ਵਜੋਂ ਨਜ਼ਰ ਆਉਂਦੇ ਹਨ।

7 ਧਰਤੀ ਦਾ ਚੁੰਬਕੀ ਖੇਤਰ ਵੀ ਸਾਨੂੰ ਨੁਕਸਾਨ ਤੋਂ ਬਚਾਉਂਦਾ ਹੈ। ਧਰਤੀ ਦੇ ਅੰਦਰ ਇਕ ਅਜਿਹੀ ਪਰਤ ਹੈ ਜੋ ਪਿਘਲੇ ਹੋਏ ਲੋਹੇ ਦੀ ਬਣੀ ਹੋਈ ਹੈ। ਇਸ ਤੋਂ ਚੁੰਬਕੀ ਖੇਤਰ ਪੈਦਾ ਹੁੰਦਾ ਹੈ ਜਿਸ ਦਾ ਅਸਰ ਸਾਡੇ ਆਲੇ-ਦੁਆਲੇ ਤਕ ਹੀ ਨਹੀਂ, ਸਗੋਂ ਪੁਲਾੜ ਤਕ ਵੀ ਪੈਂਦਾ ਹੈ। ਇਹ ਚੁੰਬਕੀ ਖੇਤਰ ਸਾਨੂੰ ਸੂਰਜ ਅਤੇ ਇਸ ਵਿਚ ਹੋਣ ਵਾਲੇ ਵਿਸਫੋਟਾਂ ਤੋਂ ਬਚਾਉਂਦਾ ਹੈ। ਭਾਵੇਂ ਕਿ ਇਨ੍ਹਾਂ ਵਿਸਫੋਟਾਂ ਤੋਂ ਜਾਨਲੇਵਾ ਕਿਰਨਾਂ ਧਰਤੀ ਤਕ ਪਹੁੰਚਦੀਆਂ ਹਨ, ਪਰ ਚੁੰਬਕੀ ਖੇਤਰ ਕਰਕੇ ਇਹ ਕਿਰਨਾਂ ਧਰਤੀ ’ਤੇ ਸਾਰਾ ਕੁਝ ਸਾੜ ਨਹੀਂ ਦਿੰਦੀਆਂ। ਇਹ ਖੇਤਰ ਇਨ੍ਹਾਂ ਖ਼ਤਰਨਾਕ ਕਿਰਨਾਂ ਨੂੰ ਆਪਣੇ ਵਿਚ ਸਮਾ ਲੈਂਦਾ ਹੈ ਜਾਂ ਵਾਪਸ ਪੁਲਾੜ ਨੂੰ ਭੇਜ ਦਿੰਦਾ ਹੈ। ਭਾਵੇਂ ਅਸੀਂ ਇਹ ਖੇਤਰ ਦੇਖ ਨਹੀਂ ਸਕਦੇ, ਪਰ ਅਸੀਂ ਇਸ ਦਾ ਸਬੂਤ ਉੱਤਰੀ ਤੇ ਦੱਖਣੀ ਧਰੁੱਵ ਵਿਚ ਜ਼ਰੂਰ ਦੇਖ ਸਕਦੇ ਹਾਂ। ਉੱਥੇ ਕਦੀ-ਕਦੀ ਰਾਤ ਨੂੰ ਆਸਮਾਨ ਰੰਗ-ਬਰੰਗਾ ਦਿਖਾਈ ਦਿੰਦਾ ਹੈ। ਵਾਕਈ, ਯਹੋਵਾਹ “ਡਾਢੇ ਬਲ” ਦਾ ਮਾਲਕ ਹੈ।​—ਯਸਾਯਾਹ 40:26 ਪੜ੍ਹੋ।

ਸ੍ਰਿਸ਼ਟੀ ਤੋਂ ਪਰਮੇਸ਼ੁਰ ਦੀ ਬੁੱਧ ਦਾ ਸਬੂਤ

8, 9. ਅਸੀਂ ਕੁਦਰਤੀ ਚੱਕਰਾਂ ਤੋਂ ਯਹੋਵਾਹ ਦੀ ਬੁੱਧ ਦਾ ਸਬੂਤ ਕਿਵੇਂ ਦੇਖ ਸਕਦੇ ਹਾਂ?

8 ਯਹੋਵਾਹ ਦੀ ਬੁੱਧ ਦਾ ਸਬੂਤ ਸਾਨੂੰ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਉਸ ਨੇ ਧਰਤੀ ’ਤੇ ਜੀਵਨ ਕਾਇਮ ਰੱਖਣ ਲਈ ਕੁਦਰਤੀ ਚੱਕਰ ਬਣਾਏ ਹਨ। ਜ਼ਰਾ ਇਕ ਸ਼ਹਿਰ ਬਾਰੇ ਸੋਚੋ ਜਿਸ ਦੇ ਆਲੇ-ਦੁਆਲੇ ਕੰਧ ਹੈ ਤੇ ਜਿਸ ਵਿਚ ਲੱਖਾਂ ਹੀ ਲੋਕ ਰਹਿੰਦੇ ਹਨ। ਇਸ ਸ਼ਹਿਰ ਵਿਚ ਨਾ ਹੀ ਸਾਫ਼ ਪਾਣੀ ਬਾਹਰੋਂ ਲਿਆਇਆ ਜਾ ਸਕਦਾ ਤੇ ਨਾ ਹੀ ਕੂੜਾ-ਕਰਕਟ ਬਾਹਰ ਸੁੱਟਿਆ ਜਾ ਸਕਦਾ ਹੈ। ਗੰਦਗੀ ਕਰਕੇ ਕੋਈ ਵੀ ਇਸ ਸ਼ਹਿਰ ਵਿਚ ਜੀਉਂਦਾ ਨਹੀਂ ਰਹੇਗਾ। ਕੁਝ ਹੱਦ ਤਕ ਸਾਡੀ ਧਰਤੀ ਵੀ ਇਸ ਸ਼ਹਿਰ ਵਰਗੀ  ਹੈ। ਇਸ ਵਿਚ ਨਾ ਤਾਂ ਸਾਫ਼ ਪਾਣੀ ਬਾਹਰੋਂ ਲਿਆਇਆ ਜਾ ਸਕਦਾ ਹੈ ਤੇ ਨਾ ਹੀ ਕੂੜਾ-ਕਰਕਟ ਪੁਲਾੜ ਵਿਚ ਭੇਜਿਆ ਜਾ ਸਕਦਾ ਹੈ। ਫਿਰ ਵੀ ਧਰਤੀ ’ਤੇ ਅਰਬਾਂ ਹੀ ਇਨਸਾਨ ਤੇ ਜੀਵ-ਜੰਤੂ ਪੀੜ੍ਹੀ-ਦਰ-ਪੀੜ੍ਹੀ ਜੀਉਂਦੇ ਰਹਿੰਦੇ ਆਏ ਹਨ। ਕਿਉਂ? ਕਿਉਂਕਿ ਧਰਤੀ ਚੀਜ਼ਾਂ ਨੂੰ ਵਧੀਆ ਤਰੀਕੇ ਨਾਲ ਵਾਰ-ਵਾਰ ਇਸਤੇਮਾਲ ਕਰ ਕੇ ਜ਼ਿੰਦਗੀ ਨੂੰ ਕਾਇਮ ਰੱਖਦੀ ਹੈ।

9 ਮਿਸਾਲ ਲਈ, ਆਕਸੀਜਨ ਦੇ ਚੱਕਰ ’ਤੇ ਗੌਰ ਕਰੋ। ਜਦ ਅਰਬਾਂ ਹੀ ਇਨਸਾਨ ਤੇ ਜੀਵ-ਜੰਤੂ ਸਾਹ ਲੈਂਦੇ ਹਨ, ਤਾਂ ਉਹ ਆਕਸੀਜਨ ਆਪਣੇ ਅੰਦਰ ਲੈਂਦੇ ਹਨ ਅਤੇ ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਹਨ। ਫਿਰ ਵੀ ਕਦੇ ਆਕਸੀਜਨ ਦੀ ਕਮੀ ਨਹੀਂ ਹੋਈ ਅਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਨਹੀਂ ਵਧੀ। ਕਿਉਂ? ਕਿਉਂਕਿ ਪੇੜ-ਪੌਦੇ ਕਾਰਬਨ ਡਾਈਆਕਸਾਈਡ, ਪਾਣੀ, ਸੂਰਜ ਦੀ ਰੌਸ਼ਨੀ ਅਤੇ ਪੌਸ਼ਟਿਕ ਤੱਤ ਲੈ ਕੇ ਕਾਰਬੋਹਾਈਡ੍ਰੇਟ ਤੇ ਆਕਸੀਜਨ ਪੈਦਾ ਕਰਦੇ ਹਨ। ਜਦ ਅਸੀਂ ਸਾਹ ਰਾਹੀਂ ਆਕਸੀਜਨ ਲੈਂਦੇ ਹਾਂ ਅਤੇ ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਹਾਂ, ਤਾਂ ਅਸੀਂ ਇਹ ਚੱਕਰ ਪੂਰਾ ਕਰਦੇ ਹਾਂ। ਪਰਮੇਸ਼ੁਰ ਨੇ ਪ੍ਰਕਾਸ਼ ਸੰਸਲੇਸ਼ਨ (ਫੋਟੋਸਿੰਥੈਸਿਸ) ਦਾ ਚੱਕਰ ਇੰਨਾ ਵਧੀਆ ਬਣਾਇਆ ਹੈ ਕਿ ਇਸ ਚੱਕਰ ਵਿਚ ਕੋਈ ਵੀ ਚੀਜ਼ ਬੇਕਾਰ ਨਹੀਂ ਜਾਂਦੀ! ਯਹੋਵਾਹ ਪੇੜ-ਪੌਦਿਆਂ ਰਾਹੀਂ “ਇਨਸਾਨਾਂ ਨੂੰ ਜ਼ਿੰਦਗੀ ਅਤੇ ਸਾਹ” ਬਖ਼ਸ਼ਦਾ ਹੈ। (ਰਸੂ. 17:25) ਵਾਹ, ਉਸ ਦੀ ਬੁੱਧ ਕਿੰਨੀ ਬੇਮਿਸਾਲ ਹੈ!

10, 11. ਮੋਨਾਰਕ ਤਿਤਲੀ ਤੇ ਡਰੈਗਨਫਲਾਈ ਤੋਂ ਯਹੋਵਾਹ ਦੀ ਬੁੱਧ ਕਿਵੇਂ ਨਜ਼ਰ ਆਉਂਦੀ ਹੈ?

10 ਸਾਨੂੰ ਧਰਤੀ ਦੇ ਬੇਸ਼ੁਮਾਰ ਜੀਵ-ਜੰਤੂਆਂ ਤੋਂ ਵੀ ਯਹੋਵਾਹ ਦੀ ਬੁੱਧ ਦਾ ਸਬੂਤ ਮਿਲਦਾ ਹੈ। ਖੋਜਕਾਰਾਂ ਅਨੁਸਾਰ ਧਰਤੀ ’ਤੇ ਤਕਰੀਬਨ 20 ਲੱਖ ਤੋਂ ਲੈ ਕੇ 10 ਕਰੋੜ ਤਕ ਵੰਨ-ਸੁਵੰਨੀਆਂ ਕਿਸਮਾਂ ਦੇ ਜੀਵ-ਜੰਤੂ ਤੇ ਪੇੜ-ਪੌਦੇ ਪਾਏ ਜਾਂਦੇ ਹਨ। (ਜ਼ਬੂਰਾਂ ਦੀ ਪੋਥੀ 104:24 ਪੜ੍ਹੋ।) ਆਓ ਆਪਾਂ ਕੁਝ ਜੀਵ-ਜੰਤੂਆਂ ਤੋਂ ਪਰਮੇਸ਼ੁਰ ਦੀ ਬੁੱਧ ਬਾਰੇ ਸਿੱਖੀਏ।

ਅਸੀਂ ਪਰਮੇਸ਼ੁਰ ਦੀ ਬੁੱਧ ਦਾ ਸਬੂਤ ਡਰੈਗਨਫਲਾਈ ਦੀਆਂ ਅੱਖਾਂ ਦੇ ਡੀਜ਼ਾਈਨ ਤੋਂ ਦੇਖ ਸਕਦੇ ਹਾਂ; ਉਸ ਦੀ ਅੱਖ ਨੂੰ ਵੱਡਾ ਕਰ ਕੇ ਦਿਖਾਇਆ ਗਿਆ ਹੈ (ਪੈਰਾ 11 ਦੇਖੋ)

11 ਮਿਸਾਲ ਲਈ, ਮੋਨਾਰਕ ਨਾਂ ਦੀ ਤਿਤਲੀ ਦਾ ਦਿਮਾਗ਼ ਇਕ ਸੂਈ ਦੀ ਨੋਕ ਜਿੰਨਾ ਛੋਟਾ ਹੁੰਦਾ ਹੈ। ਇਸ ਦੇ ਬਾਵਜੂਦ ਇਹ ਤਿਤਲੀ ਸੂਰਜ ਦੀ ਮਦਦ ਨਾਲ ਕੈਨੇਡਾ ਤੋਂ ਲੈ ਕੇ ਮੈਕਸੀਕੋ ਦੇ ਇਕ ਜੰਗਲ ਤਕ 3,000 ਕਿਲੋਮੀਟਰ (1,800 ਮੀਲ) ਦਾ ਸਫ਼ਰ ਤੈਅ ਕਰ ਸਕਦੀ ਹੈ। ਉਹ ਆਪਣਾ ਰਾਹ ਕਿਵੇਂ ਲੱਭ ਲੈਂਦੀ ਹੈ? ਯਹੋਵਾਹ ਨੇ ਇਸ ਤਿਤਲੀ ਦੇ ਛੋਟੇ ਜਿਹੇ ਦਿਮਾਗ਼ ਨੂੰ ਇੱਦਾਂ ਬਣਾਇਆ ਹੈ ਕਿ ਭਾਵੇਂ ਸੂਰਜ ਆਪਣੀ ਦਿਸ਼ਾ ਬਦਲਦਾ ਰਹਿੰਦਾ ਹੈ, ਫਿਰ ਵੀ ਇਹ ਤਿਤਲੀ ਆਪਣੀ ਮੰਜ਼ਲ ਤਕ ਪਹੁੰਚ ਜਾਂਦੀ ਹੈ। ਡਰੈਗਨਫਲਾਈ ਯਾਨੀ ਵੱਡੇ ਖੰਭਾਂ ਵਾਲੀ ਭੰਬੀਰੀ ਦੀ ਅੱਖ ’ਤੇ ਗੌਰ ਕਰੋ। ਇਸ ਭੰਬੀਰੀ ਦੀਆਂ ਦੋ ਅੱਖਾਂ ਹਨ ਤੇ ਹਰ ਅੱਖ ਵਿਚ ਤਕਰੀਬਨ 30,000 ਲੈੱਨਜ਼ ਹੁੰਦੇ ਹਨ। ਇਸ ਦਾ ਛੋਟਾ ਜਿਹਾ ਦਿਮਾਗ਼ ਉਨ੍ਹਾਂ ਸਾਰੇ ਲੈੱਨਜ਼ਾਂ ਤੋਂ ਆਉਂਦੇ ਸਿਗਨਲਾਂ ਨੂੰ ਸਮਝ ਲੈਂਦਾ ਹੈ। ਜੇ ਇਸ ਭੰਬੀਰੀ ਦੇ ਆਲੇ-ਦੁਆਲੇ ਕੋਈ ਵੀ ਹਲਚਲ ਹੁੰਦੀ ਹੈ, ਤਾਂ ਇਸ ਨੂੰ ਝੱਟ ਪਤਾ ਲੱਗ ਜਾਂਦਾ ਹੈ।

12, 13. ਤੁਸੀਂ ਇਹ ਸੋਚ ਕੇ ਦੰਗ ਕਿਉਂ ਰਹਿ ਜਾਂਦੇ ਹੋ ਕਿ ਯਹੋਵਾਹ ਨੇ ਸਰੀਰ ਦੇ ਸੈੱਲ ਕਿਵੇਂ ਬਣਾਏ ਹਨ?

12 ਜਦ ਅਸੀਂ ਸੋਚਦੇ ਹਾਂ ਕਿ ਯਹੋਵਾਹ ਨੇ ਸਾਰੀਆਂ ਜੀਉਂਦੀਆਂ ਚੀਜ਼ਾਂ ਵਿਚ ਸੈੱਲ ਕਿਵੇਂ ਬਣਾਏ ਹਨ, ਤਾਂ ਅਸੀਂ ਹੋਰ ਵੀ ਦੰਗ ਰਹਿ ਜਾਂਦੇ ਹਾਂ। ਮਿਸਾਲ ਲਈ, ਤੁਹਾਡੇ ਸਰੀਰ ਵਿਚ 1,000 ਖਰਬ ਸੈੱਲ ਹਨ। ਹਰ ਸੈੱਲ ਵਿਚ ਡੀ. ਐੱਨ. ਏ. (ਡੀਆਕਸੀਰਾਈਬੋਨੁਕਲੇਇਕ ਐਸਿਡ) ਹੁੰਦਾ ਹੈ। ਇਸ ਵਿਚ ਤੁਹਾਡੇ ਸਰੀਰ ਨੂੰ ਬਣਾਉਣ ਦੀ ਤਕਰੀਬਨ ਸਾਰੀ ਜਾਣਕਾਰੀ ਪਾਈ ਜਾਂਦੀ ਹੈ।

13 ਪਰ ਡੀ. ਐੱਨ. ਏ. ਵਿਚ ਕਿੰਨੀ ਕੁ ਜਾਣਕਾਰੀ ਹੁੰਦੀ ਹੈ? ਅਸੀਂ ਇਕ ਗ੍ਰਾਮ ਡੀ. ਐੱਨ. ਏ. ਦੀ ਤੁਲਨਾ ਇਕ ਸੀ. ਡੀ. ਨਾਲ ਕਰ ਸਕਦੇ ਹਾਂ। ਪਲਾਸਟਿਕ ਤੋਂ ਬਣੀ  ਇਕ ਛੋਟੀ ਸੀ. ਡੀ. ਵਿਚ ਉੱਨੀ ਜਾਣਕਾਰੀ ਪਾਈ ਜਾ ਸਕਦੀ ਹੈ ਜਿੰਨੀ ਇਕ ਡਿਕਸ਼ਨਰੀ ਵਿਚ ਹੁੰਦੀ ਹੈ। ਸ਼ਾਇਦ ਸਾਨੂੰ ਲੱਗੇ ਕਿ ਇਹ ਤਾਂ ਕਮਾਲ ਦੀ ਗੱਲ ਹੈ। ਪਰ ਜ਼ਰਾ ਇਸ ਗੱਲ ਬਾਰੇ ਸੋਚੋ ਕਿ ਇਕ ਗ੍ਰਾਮ ਡੀ. ਐੱਨ. ਏ. ਵਿਚ ਉੱਨੀ ਜਾਣਕਾਰੀ ਪਾਈ ਜਾਂਦੀ ਹੈ ਜਿੰਨੀ 10 ਖਰਬ ਸੀ. ਡੀਆਂ ਵਿਚ ਪਾਈ ਜਾ ਸਕਦੀ ਹੈ। ਇਹ ਹੋਇਆ ਨਾ ਯਹੋਵਾਹ ਦੀ ਬੁੱਧ ਦਾ ਕਮਾਲ! ਜੇ ਡੀ. ਐੱਨ. ਏ. ਨੂੰ ਸੁੱਕਾ ਲਿਆ ਜਾਵੇ, ਤਾਂ ਇਕ ਚਮਚ ਡੀ. ਐੱਨ. ਏ. ਵਿਚ ਇੰਨੀ ਜਾਣਕਾਰੀ ਹੋਵੇਗੀ ਕਿ ਉਸ ਨਾਲ ਨਾ ਸਿਰਫ਼ ਦੁਨੀਆਂ ਦੇ ਸਾਰੇ ਲੋਕ ਬਣਾਏ ਜਾ ਸਕਦੇ ਹਨ, ਸਗੋਂ ਇਸ ਤੋਂ 350 ਗੁਣਾ ਹੋਰ ਲੋਕ ਬਣਾਏ ਜਾ ਸਕਦੇ ਹਨ!

14. ਸਾਇੰਸਦਾਨਾਂ ਨੂੰ ਜੋ ਗੱਲਾਂ ਪਤਾ ਲੱਗੀਆਂ ਹਨ, ਉਨ੍ਹਾਂ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?

14 ਇਕ ਸਮੇਂ ’ਤੇ ਰਾਜਾ ਦਾਊਦ ਨੇ ਯਹੋਵਾਹ ਬਾਰੇ ਕਿਹਾ: “ਤੇਰੀਆਂ ਅੱਖਾਂ ਨੇ ਮੇਰੇ ਬੇਡੌਲ ਮਲਬੇ ਨੂੰ ਵੇਖਿਆ, ਅਤੇ ਤੇਰੀ ਪੋਥੀ ਵਿੱਚ ਓਹ ਸਭ ਲਿਖੇ ਗਏ, ਦਿਨ ਮਿਥੇ ਗਏ, ਜਦ ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਸੀ।” (ਜ਼ਬੂ. 139:16) ਇਸ ਆਇਤ ਵਿਚ ਦਾਊਦ ਕਹਿ ਰਿਹਾ ਸੀ ਕਿ ਉਸ ਨੂੰ ਇੱਦਾਂ ਲੱਗਦਾ ਜਿਵੇਂ ਯਹੋਵਾਹ ਨੇ ਇਨਸਾਨ ਨੂੰ ਬਣਾਉਣ ਦੀ ਸਾਰੀ ਜਾਣਕਾਰੀ ਇਕ ਕਿਤਾਬ ਵਿਚ ਲਿਖੀ ਹੋਵੇ। ਦਾਊਦ ਨੇ ਜਦ ਇਹ ਸੋਚਿਆ ਕਿ ਉਸ ਦੇ ਸਰੀਰ ਨੂੰ ਕਿੰਨੇ ਸ਼ਾਨਦਾਰ ਤਰੀਕੇ ਨਾਲ ਬਣਾਇਆ ਗਿਆ ਸੀ, ਤਾਂ ਉਸ ਦਾ ਦਿਲ ਯਹੋਵਾਹ ਦੀ ਮਹਿਮਾ ਕਰਨ ਲੱਗਾ। ਸਾਇੰਸਦਾਨਾਂ ਨੂੰ ਇਨਸਾਨ ਦੇ ਸਰੀਰ ਬਾਰੇ ਜੋ ਗੱਲਾਂ ਪਤਾ ਲੱਗੀਆਂ ਹਨ ਉਨ੍ਹਾਂ ਕਰਕੇ ਸਾਡੇ ਦਿਲ ਵਿਚ ਯਹੋਵਾਹ ਲਈ ਸ਼ਰਧਾ ਹੋਰ ਵੀ ਵਧ ਜਾਂਦੀ ਹੈ। ਅਸੀਂ ਜ਼ਬੂਰਾਂ ਦੇ ਲਿਖਾਰੀ ਵਾਂਗ ਯਹੋਵਾਹ ਦੀ ਵਡਿਆਈ ਕਰਨੀ ਚਾਹੁੰਦੇ ਹਾਂ ਜਿਸ ਨੇ ਲਿਖਿਆ: “ਮੈਂ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਮੈਂ ਭਿਆਣਕ ਰੀਤੀ ਤੇ ਅਚਰਜ ਹਾਂ, ਤੇਰੇ ਕੰਮ ਅਚਰਜ ਹਨ, ਅਤੇ ਮੇਰੀ ਜਾਨ ਏਹ ਖੂਬ ਜਾਣਦੀ ਹੈ!” (ਜ਼ਬੂ. 139:14) ਵਾਕਈ, ਸ੍ਰਿਸ਼ਟੀ ਦੀ ਹਰ ਚੀਜ਼ ਇਸ ਗੱਲ ਦਾ ਸਬੂਤ ਦਿੰਦੀ ਹੈ ਕਿ ਪਰਮੇਸ਼ੁਰ ਨੇ ਹੀ ਸਭ ਕੁਝ ਬਣਾਇਆ ਹੈ!

ਦੂਜਿਆਂ ਦੀ ਮਦਦ ਕਰੋ ਤਾਂਕਿ ਉਹ ਸਿਰਜਣਹਾਰ ਦੀ ਵਡਿਆਈ ਕਰਨ

15, 16. (ੳ) ਪ੍ਰਕਾਸ਼ਨਾਂ ਵਿਚ ਸ੍ਰਿਸ਼ਟੀ ਦੇ ਡੀਜ਼ਾਈਨਾਂ ਬਾਰੇ ਪੜ੍ਹ ਕੇ ਯਹੋਵਾਹ ਲਈ ਸਾਡੀ ਕਦਰ ਕਿਵੇਂ ਵਧਦੀ ਹੈ? (ਅ) “ਇਹ ਕਿਸ ਦਾ ਕਮਾਲ ਹੈ?” ਨਾਂ ਦੇ ਲੇਖਾਂ ਵਿੱਚੋਂ ਤੁਹਾਨੂੰ ਕਿਹੜਾ ਚੰਗਾ ਲੱਗਾ ਹੈ?

15 ਕਈ ਸਾਲਾਂ ਤੋਂ ਜਾਗਰੂਕ ਬਣੋ! ਮੈਗਜ਼ੀਨ ਨੇ ਲੱਖਾਂ ਹੀ ਲੋਕਾਂ ਦੀ ਮਦਦ ਕੀਤੀ ਹੈ ਤਾਂਕਿ ਉਹ ਸ੍ਰਿਸ਼ਟੀ ਦੀਆਂ ਚੀਜ਼ਾਂ ਤੋਂ ਪਰਮੇਸ਼ੁਰ ਬਾਰੇ ਸਿੱਖਣ। ਮਿਸਾਲ ਲਈ, 2006 ਵਿਚ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਦਾ ਵਿਸ਼ਾ ਸੀ “ਕੀ ਕੋਈ ਸਿਰਜਣਹਾਰ ਹੈ?” ਇਹ ਮੈਗਜ਼ੀਨ ਖ਼ਾਸ ਕਰਕੇ ਉਨ੍ਹਾਂ ਲੋਕਾਂ ਲਈ ਤਿਆਰ ਕੀਤਾ ਗਿਆ ਸੀ ਜੋ ਵਿਕਾਸਵਾਦ ਤੇ ਹੋਰ ਗ਼ਲਤ ਸਿੱਖਿਆਵਾਂ ਨੂੰ ਮੰਨਦੇ ਹਨ। ਇਸ ਖ਼ਾਸ ਅੰਕ ਬਾਰੇ ਇਕ ਭੈਣ ਨੇ ਅਮਰੀਕਾ ਦੇ ਬ੍ਰਾਂਚ ਆਫ਼ਿਸ ਨੂੰ ਇਕ ਚਿੱਠੀ ਲਿਖੀ ਤੇ ਕਿਹਾ: “ਕਈ ਲੋਕਾਂ ਨੂੰ ਇਹ ਸਪੈਸ਼ਲ ਐਡੀਸ਼ਨ ਬਹੁਤ ਵਧੀਆ ਲੱਗਾ। ਬਾਇਓਲੋਜੀ ਦੀ ਇਕ ਟੀਚਰ ਨੇ ਇਸ ਦੀਆਂ 20 ਕਾਪੀਆਂ ਮੰਗੀਆਂ ਅਤੇ ਉਹ ਆਪਣੇ ਸਟੂਡੈਂਟਸ ਨੂੰ ਇਸ ਦੀ ਇਕ-ਇਕ ਕਾਪੀ ਦੇਣੀ ਚਾਹੁੰਦੀ ਸੀ।” ਇਕ ਭਰਾ ਨੇ ਕਿਹਾ: “ਮੈਂ 1940 ਦੇ ਦਹਾਕੇ ਤੋਂ ਪ੍ਰਚਾਰ ਕਰਦਾ ਆਇਆ ਹਾਂ ਤੇ ਹੁਣ ਤਕਰੀਬਨ 75 ਸਾਲਾਂ ਦਾ ਹੋ ਗਿਆ ਹਾਂ, ਪਰ ਮੈਨੂੰ ਕਦੀ ਵੀ ਪ੍ਰਚਾਰ ਵਿਚ ਇੰਨੀ ਖ਼ੁਸ਼ੀ ਨਹੀਂ ਹੋਈ ਜਿੰਨੀ ਇਸ ਮਹੀਨੇ ਜਾਗਰੂਕ ਬਣੋ! ਦਾ ਇਹ ਖ਼ਾਸ ਐਡੀਸ਼ਨ ਵਰਤ ਕੇ ਹੋਈ ਹੈ।”

16 2008 ਤੋਂ ਜਾਗਰੂਕ ਬਣੋ! ਮੈਗਜ਼ੀਨ ਵਿਚ ਕਈ ਵਾਰ “ਇਹ ਕਿਸ ਦਾ ਕਮਾਲ ਹੈ?” ਨਾਂ ਦੇ ਲੇਖ ਆਏ ਹਨ। ਇਨ੍ਹਾਂ ਛੋਟੇ-ਛੋਟੇ ਲੇਖਾਂ ਵਿਚ ਸਮਝਾਇਆ ਗਿਆ ਹੈ ਕਿ ਸ੍ਰਿਸ਼ਟੀ ਦੀਆਂ ਚੀਜ਼ਾਂ ਪਿੱਛੇ ਇਕ ਕਮਾਲ ਦੇ ਇੰਜੀਨੀਅਰ ਦਾ ਹੱਥ ਹੈ। ਨਾਲੇ ਇਹ ਵੀ ਦੱਸਿਆ ਗਿਆ ਹੈ ਕਿ ਲੋਕਾਂ ਨੇ ਇਨ੍ਹਾਂ ਡੀਜ਼ਾਈਨਾਂ ਨੂੰ ਨਕਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਲ 2010 ਵਿਚ ਕੀ ਸ੍ਰਿਸ਼ਟੀ ਰੱਬ ਦੇ ਹੱਥਾਂ ਦਾ ਕਮਾਲ ਹੈ? (ਅੰਗ੍ਰੇਜ਼ੀ) ਨਾਂ ਦਾ ਬਰੋਸ਼ਰ ਰਿਲੀਸ ਕੀਤਾ ਗਿਆ ਸੀ। ਇਸ ਬਰੋਸ਼ਰ ਦੀਆਂ ਰੰਗ-ਬਰੰਗੀਆਂ ਤਸਵੀਰਾਂ ਤੇ ਹੋਰ ਗੱਲਾਂ ਰਾਹੀਂ ਯਹੋਵਾਹ ਦੀ ਸ੍ਰਿਸ਼ਟੀ ਲਈ ਸਾਡੀ ਕਦਰ ਹੋਰ ਵੀ ਵਧਦੀ ਹੈ। ਹਰ ਹਿੱਸੇ ਦੇ ਅਖ਼ੀਰ ਵਿਚ ਸਵਾਲ ਦਿੱਤੇ ਗਏ ਹਨ ਤਾਂਕਿ ਅਸੀਂ ਸਿੱਖੀਆਂ ਗੱਲਾਂ ਉੱਤੇ ਸੋਚ-ਵਿਚਾਰ ਕਰ ਸਕੀਏ। ਇਹ ਬਰੋਸ਼ਰ ਪ੍ਰਚਾਰ ਵਿਚ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ।

17, 18. (ੳ) ਮਾਪਿਆਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ? (ਅ) ਤੁਸੀਂ ਪਰਿਵਾਰਕ ਸਟੱਡੀ ਵਿਚ ਸ੍ਰਿਸ਼ਟੀ ਬਾਰੇ ਲੇਖ ਕਿਵੇਂ ਵਰਤੇ ਹਨ?

17 ਮਾਪਿਓ, ਕੀ ਤੁਸੀਂ ਆਪਣੇ ਬੱਚਿਆਂ ਨਾਲ ਪਰਿਵਾਰਕ ਸਟੱਡੀ ਦੌਰਾਨ ਸ੍ਰਿਸ਼ਟੀ ਬਾਰੇ ਲੇਖ ਪੜ੍ਹੇ ਹਨ? ਇੱਦਾਂ ਕਰਨ ਨਾਲ ਤੁਹਾਡੇ ਬੱਚਿਆਂ ਦਾ ਯਹੋਵਾਹ ਲਈ ਪਿਆਰ ਵਧੇਗਾ। ਹਾਈ ਸਕੂਲ ਵਿਚ ਖ਼ਾਸ ਕਰਕੇ ਟੀਚਰ ਬੱਚਿਆਂ ਨੂੰ ਸਿਖਾਉਂਦੇ ਹਨ ਕਿ ਰੱਬ ਹੈ ਹੀ ਨਹੀਂ। ਸਾਇੰਸਦਾਨ, ਕੁਦਰਤ ਬਾਰੇ ਫ਼ਿਲਮਾਂ ਅਤੇ ਟੀ. ਵੀ. ਪ੍ਰੋਗ੍ਰਾਮ ਸਿਖਾਉਂਦੇ ਹਨ ਕਿ ਸਭ ਕੁਝ ਆਪਣੇ ਆਪ ਹੋਂਦ  ਵਿਚ ਆਇਆ ਹੈ। ਆਪਣੇ ਬੱਚਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰਨੀ ਸਿਖਾਓ। ਤੁਸੀਂ 2010 ਵਿਚ ਮਿਲੇ ਜੀਵਨ ਦੀ ਸ਼ੁਰੂਆਤ ਬਾਰੇ ਪੰਜ ਜ਼ਰੂਰੀ ਸਵਾਲ (ਹਿੰਦੀ) ਅਤੇ ਕੀ ਸ੍ਰਿਸ਼ਟੀ ਰੱਬ ਦੇ ਹੱਥਾਂ ਦਾ ਕਮਾਲ ਹੈ? (ਅੰਗ੍ਰੇਜ਼ੀ) ਨਾਂ ਦੇ ਬਰੋਸ਼ਰ ਵਰਤ ਸਕਦੇ ਹੋ। ਇਹ ਬਰੋਸ਼ਰ ਨੌਜਵਾਨਾਂ ਦੀ ਸੋਚਣ-ਸਮਝਣ ਦੀ ਕਾਬਲੀਅਤ ਵਧਾਉਣ ਵਿਚ ਮਦਦ ਕਰਨਗੇ। (ਕਹਾ. 2:10, 11) ਜੀਵਨ ਦੀ ਸ਼ੁਰੂਆਤ ਬਰੋਸ਼ਰ ਦੇ ਜ਼ਰੀਏ ਉਹ ਜਾਣ ਸਕਣਗੇ ਕਿ ਉਨ੍ਹਾਂ ਨੂੰ ਸਕੂਲੇ ਜੋ ਗੱਲਾਂ ਸਿਖਾਈਆਂ ਜਾਂਦੀਆਂ ਹਨ ਉਹ ਸਹੀ ਹਨ ਜਾਂ ਨਹੀਂ। *

ਮਾਪਿਓ, ਆਪਣੇ ਬੱਚਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰਨੀ ਸਿਖਾਓ (ਪੈਰਾ 17 ਦੇਖੋ)

18 ਕਦੀ-ਕਦੀ ਸਨਸਨੀਖੇਜ਼ ਖ਼ਬਰਾਂ ਆਉਂਦੀਆਂ ਹਨ ਕਿ ਸਾਇੰਸਦਾਨਾਂ ਨੂੰ ਪੁਰਾਣੀਆਂ ਹੱਡੀਆਂ ਲੱਭੀਆਂ ਹਨ ਜਿਨ੍ਹਾਂ ਤੋਂ ਉਹ ਸਾਬਤ ਕਰ ਸਕਦੇ ਹਨ ਕਿ ਵਿਕਾਸਵਾਦ ਦੀ ਸਿੱਖਿਆ ਸਹੀ ਹੈ। ਜਾਂ ਸ਼ਾਇਦ ਖ਼ਬਰਾਂ ਵਿਚ ਦੱਸਿਆ ਜਾਵੇ ਕਿ ਸਾਇੰਸਦਾਨਾਂ ਨੇ ਪ੍ਰਯੋਗਾਂ ਰਾਹੀਂ ਸਾਬਤ ਕੀਤਾ ਹੈ ਕਿ ਜੀਵਨ ਦੀ ਸ਼ੁਰੂਆਤ ਆਪਣੇ ਆਪ ਹੋ ਸਕਦੀ ਹੈ। ਜੀਵਨ ਦੀ ਸ਼ੁਰੂਆਤ ਬਾਰੇ ਪੰਜ ਜ਼ਰੂਰੀ ਸਵਾਲ (ਹਿੰਦੀ) ਨਾਂ ਦਾ ਬਰੋਸ਼ਰ ਸਟੂਡੈਂਟਸ ਲਈ ਤਿਆਰ ਕੀਤਾ ਗਿਆ ਹੈ ਤਾਂਕਿ ਉਹ ਆਪ ਫ਼ੈਸਲਾ ਕਰ ਸਕਣ ਕਿ ਇਹ ਖ਼ਬਰਾਂ ਸੱਚ ਹਨ ਜਾਂ ਨਹੀਂ। ਮਾਪਿਓ, ਪ੍ਰਕਾਸ਼ਨਾਂ ਰਾਹੀਂ ਆਪਣੇ ਬੱਚਿਆਂ ਦੀ ਮਦਦ ਕਰੋ ਤਾਂਕਿ ਉਹ ਦੂਜਿਆਂ ਨੂੰ ਪੂਰੇ ਯਕੀਨ ਨਾਲ ਸਮਝਾ ਸਕਣ ਕਿ ਉਹ ਰੱਬ ਨੂੰ ਕਿਉਂ ਮੰਨਦੇ ਹਨ।​—1 ਪਤਰਸ 3:15 ਪੜ੍ਹੋ।

19. ਸਾਡੇ ਕੋਲ ਕਿਹੜਾ ਸਨਮਾਨ ਹੈ?

19 ਸੰਗਠਨ ਦੇ ਪ੍ਰਕਾਸ਼ਨਾਂ ਨੂੰ ਪੜ੍ਹ ਕੇ ਅਸੀਂ ਸ੍ਰਿਸ਼ਟੀ ਦੀਆਂ ਚੀਜ਼ਾਂ ਤੋਂ ਯਹੋਵਾਹ ਦੇ ਹੋਰ ਸ਼ਾਨਦਾਰ ਗੁਣਾਂ ਬਾਰੇ ਸਿੱਖਦੇ ਹਾਂ। ਇਹ ਗੱਲਾਂ ਸਾਨੂੰ ਉਸ ਦੀ ਦਿਲੋਂ ਮਹਿਮਾ ਕਰਨ ਲਈ ਉਕਸਾਉਂਦੀਆਂ ਹਨ। (ਜ਼ਬੂ. 19:1, 2) ਸਿਰਫ਼ ਯਹੋਵਾਹ ਹੀ ਇਹ ਮਹਿਮਾ ਪਾਉਣ ਦਾ ਹੱਕਦਾਰ ਹੈ। ਸਾਡੇ ਲਈ ਇਹ ਕਿੰਨੇ ਮਾਣ ਦੀ ਗੱਲ ਹੈ ਕਿ ਅਸੀਂ ਸਾਰੀਆਂ ਚੀਜ਼ਾਂ ਦੇ ਸਿਰਜਣਹਾਰ ਯਹੋਵਾਹ ਦੀ ਵਡਿਆਈ ਹਮੇਸ਼ਾ-ਹਮੇਸ਼ਾ ਕਰਦੇ ਰਹੀਏ!​—1 ਤਿਮੋ. 1:17.

^ ਪੇਰਗ੍ਰੈਫ 3 ਹੋਰ ਜਾਣਕਾਰੀ ਲਈ ਅਕਤੂਬਰ-ਦਸੰਬਰ 2006 ਦੇ ਜਾਗਰੂਕ ਬਣੋ! ਵਿਚ ਸਫ਼ੇ 18-20 ਦੇਖੋ।

^ ਪੇਰਗ੍ਰੈਫ 17 ਹੋਰ ਜਾਣਕਾਰੀ ਲਈ ਯਹੋਵਾਹ ਦੇ ਨੇੜੇ ਰਹੋ ਕਿਤਾਬ ਵਿਚ ਅਧਿਆਇ 5 ਤੇ ਅਧਿਆਇ 17, ਪੈਰੇ 9-14 ਅਤੇ ਕੀ ਰੱਬ ਨੂੰ ਸਾਡਾ ਕੋਈ ਫ਼ਿਕਰ ਹੈ? ਬਰੋਸ਼ਰ ਦਾ ਤੀਜਾ ਭਾਗ ਦੇਖੋ।