Skip to content

Skip to table of contents

 ਜੀਵਨੀ

ਕਿਤੇ ਵੀ ਯਹੋਵਾਹ ਦੀ ਸੇਵਾ ਕਰਨ ਲਈ ਤਿਆਰ

ਕਿਤੇ ਵੀ ਯਹੋਵਾਹ ਦੀ ਸੇਵਾ ਕਰਨ ਲਈ ਤਿਆਰ

ਮੈਂ ਪਹਿਲਾਂ ਕਦੇ ਵੀ ਇਕੱਲਿਆਂ ਪ੍ਰਚਾਰ ਨਹੀਂ ਸੀ ਕੀਤਾ। ਹਰ ਵਾਰੀ ਜਦੋਂ ਮੈਂ ਪ੍ਰਚਾਰ ਵਿਚ ਜਾਂਦਾ ਸੀ, ਤਾਂ ਡਰਦੇ ਮਾਰੇ ਮੇਰੀਆਂ ਲੱਤਾਂ ਕੰਬਣ ਲੱਗ ਪੈਂਦੀਆਂ ਸਨ। ਇਸ ਤੋਂ ਵੀ ਬੁਰੀ ਗੱਲ ਇਹ ਸੀ ਕਿ ਪ੍ਰਚਾਰ ਵਿਚ ਲੋਕ ਬਿਲਕੁਲ ਨਹੀਂ ਸੀ ਸੁਣਦੇ। ਕੁਝ ਲੋਕ ਬਹੁਤ ਲੜਾਕੇ ਸਨ ਤੇ ਉਨ੍ਹਾਂ ਨੇ ਮੈਨੂੰ ਮਾਰਨ-ਕੁੱਟਣ ਦੀ ਧਮਕੀ ਵੀ ਦਿੱਤੀ। ਮੇਰੀ ਪਾਇਨੀਅਰਿੰਗ ਦੇ ਪਹਿਲੇ ਮਹੀਨੇ, ਮੈਂ ਪ੍ਰਚਾਰ ਵਿਚ ਸਿਰਫ਼ ਇਕ ਛੋਟੀ ਕਿਤਾਬ ਦੇ ਸਕਿਆ!​—ਮਾਰਕਸ।

ਇਹ ਅੱਜ ਤੋਂ 60 ਕੁ ਸਾਲ ਪਹਿਲਾਂ 1949 ਦੀ ਗੱਲ ਹੈ। ਪਰ ਮੇਰੀ ਕਹਾਣੀ ਇਸ ਤੋਂ ਵੀ ਕਈ ਸਾਲ ਪਹਿਲਾਂ ਸ਼ੁਰੂ ਹੁੰਦੀ ਹੈ। ਮੇਰੇ ਡੈਡੀ ਜੀ ਦਾ ਨਾਂ ਹੈਨਡ੍ਰਿਕ ਸੀ ਤੇ ਉਹ ਨੀਦਰਲੈਂਡਜ਼ ਦੇ ਇਕ ਛੋਟੇ ਜਿਹੇ ਪਿੰਡ ਦੋਂਦਰਨ ਵਿਚ ਇਕ ਮੋਚੀ ਤੇ ਮਾਲੀ ਦਾ ਕੰਮ ਕਰਦੇ ਸਨ। ਮੇਰਾ ਜਨਮ 1927 ਵਿਚ ਹੋਇਆ ਤੇ ਅਸੀਂ ਸੱਤ ਭੈਣ-ਭਰਾ ਸੀ ਜਿਨ੍ਹਾਂ ਵਿੱਚੋਂ ਮੈਂ ਚੌਥੇ ਨੰਬਰ ਤੇ ਸੀ। ਸਾਡਾ ਘਰ ਇਕ ਪੇਂਡੂ ਇਲਾਕੇ ਦੀ ਕੱਚੀ ਸੜਕ ’ਤੇ ਸੀ। ਸਾਡੇ ਜ਼ਿਆਦਾਤਰ ਗੁਆਂਢੀ ਖੇਤੀ-ਬਾੜੀ ਦਾ ਕੰਮ ਕਰਦੇ ਸਨ ਅਤੇ ਮੈਨੂੰ ਵੀ ਇਹੀ ਕੰਮ ਕਰਨਾ ਪਸੰਦ ਸੀ। ਸਾਲ 1947 ਵਿਚ ਜਦੋਂ ਮੈਂ 19 ਸਾਲਾਂ ਦਾ ਸੀ, ਤਾਂ ਸਾਡੇ ਗੁਆਂਢ ਵਿਚ ਰਹਿੰਦੇ ਤੋਨਿਸ ਬੈਨ ਨਾਂ ਦੇ ਇਕ ਆਦਮੀ ਨੇ ਮੈਨੂੰ ਸੱਚਾਈ ਬਾਰੇ ਦੱਸਿਆ। ਮੈਨੂੰ ਯਾਦ ਹੈ ਕਿ ਜਦੋਂ ਮੈਂ ਉਸ ਨੂੰ ਪਹਿਲੀ ਵਾਰ ਮਿਲਿਆ, ਤਾਂ ਉਹ ਮੈਨੂੰ ਜ਼ਰਾ ਵੀ ਚੰਗਾ ਨਹੀਂ ਲੱਗਾ। ਪਰ ਦੂਜੇ ਵਿਸ਼ਵ ਯੁੱਧ ਤੋਂ ਥੋੜ੍ਹੀ ਦੇਰ ਬਾਅਦ ਉਹ ਯਹੋਵਾਹ ਦਾ ਗਵਾਹ ਬਣ ਗਿਆ ਤੇ ਮੈਂ ਦੇਖਿਆ ਕਿ ਉਸ ਦਾ ਸੁਭਾਅ ਅੱਗੇ ਨਾਲੋਂ ਬਦਲ ਗਿਆ ਸੀ। ਇਸ ਕਰਕੇ ਜਦ ਉਸ ਨੇ ਮੈਨੂੰ ਦੱਸਿਆ ਕਿ ਪਰਮੇਸ਼ੁਰ ਇਸ ਧਰਤੀ ਉੱਤੇ ਸੁੱਖ-ਸ਼ਾਂਤੀ ਲਿਆਵੇਗਾ, ਤਾਂ ਮੈਂ ਉਸ ਦੀ ਗੱਲ ਧਿਆਨ ਨਾਲ ਸੁਣੀ। ਮੈਂ ਝੱਟ ਹੀ ਸੱਚਾਈ ਕਬੂਲ ਕਰ ਲਈ ਤੇ ਫਿਰ ਅਸੀਂ ਦੋਵੇਂ ਪੱਕੇ ਦੋਸਤ ਬਣ ਗਏ। *

ਮਈ 1948 ਵਿਚ ਮੈਂ ਪ੍ਰਚਾਰ ਕਰਨਾ ਸ਼ੁਰੂ ਕੀਤਾ ਤੇ ਅਗਲੇ ਮਹੀਨੇ 20 ਜੂਨ ਨੂੰ ਯੂਟ੍ਰੇਕਟ ਵਿਖੇ ਹੋਏ ਜ਼ਿਲ੍ਹਾ ਸੰਮੇਲਨ ਵਿਚ ਮੇਰਾ ਬਪਤਿਸਮਾ ਹੋਇਆ। ਮੈਂ 1 ਜਨਵਰੀ 1949 ਵਿਚ ਪਾਇਨੀਅਰਿੰਗ ਸ਼ੁਰੂ ਕੀਤੀ ਤੇ ਮੈਨੂੰ ਪੂਰਬੀ ਨੀਦਰਲੈਂਡਜ਼ ਦੇ ਬੋਰਕੂਲੋ ਨਾਮਕ ਪਿੰਡ ਵਿਚ ਭੇਜਿਆ ਗਿਆ ਜਿੱਥੇ ਇਕ ਛੋਟੀ ਜਿਹੀ ਮੰਡਲੀ ਸੀ। ਉੱਥੇ ਜਾਣ ਲਈ ਮੈਨੂੰ 130 ਕਿਲੋਮੀਟਰ (80 ਮੀਲ) ਦਾ ਸਫ਼ਰ ਤੈਅ ਕਰਨਾ ਪੈਣਾ ਸੀ। ਇਸ ਲਈ ਮੈਂ ਆਪਣੀ ਸਾਈਕਲ ’ਤੇ ਜਾਣ ਦਾ ਫ਼ੈਸਲਾ ਕੀਤਾ। ਮੈਂ ਸੋਚਿਆ ਕਿ ਮੈਂ ਉੱਥੇ ਛੇ ਘੰਟਿਆਂ ਵਿਚ ਪਹੁੰਚ ਜਾਵਾਂਗਾ, ਪਰ ਭਾਰੀ ਮੀਂਹ ਪੈਣ ਅਤੇ ਤੇਜ਼ ਹਵਾ ਚੱਲਣ ਕਰਕੇ ਮੈਨੂੰ  ਉੱਥੇ ਪਹੁੰਚਣ ਵਿਚ 12 ਘੰਟੇ ਲੱਗੇ! ਹਾਲਾਂਕਿ ਮੈਂ ਆਪਣੇ ਸਫ਼ਰ ਦੇ ਆਖ਼ਰੀ 90 ਕਿਲੋਮੀਟਰ (55 ਮੀਲ) ਟ੍ਰੇਨ ਵਿਚ ਤੈਅ ਕੀਤੇ! ਆਖ਼ਰਕਾਰ ਮੈਂ ਗਵਾਹਾਂ ਦੇ ਉਸ ਘਰ ਪਹੁੰਚ ਹੀ ਗਿਆ ਜਿਨ੍ਹਾਂ ਨਾਲ ਰਹਿ ਕੇ ਮੈਂ ਉਸ ਇਲਾਕੇ ਵਿਚ ਪਾਇਨੀਅਰਿੰਗ ਕਰਨੀ ਸੀ।

ਯੁੱਧ ਤੋਂ ਬਾਅਦ ਦੇ ਸਾਲਾਂ ਦੌਰਾਨ ਲੋਕਾਂ ਕੋਲ ਬਹੁਤਾ ਕੁਝ ਨਹੀਂ ਸੀ। ਮੇਰੇ ਕੋਲ ਸਿਰਫ਼ ਇਕ ਸੂਟ ਤੇ ਇਕ ਪੈਂਟ ਸੀ। ਸੂਟ ਮੇਰੇ ਵੱਡਾ ਸੀ ਤੇ ਪੈਂਟ ਮੇਰੇ ਛੋਟੀ! ਜਿੱਦਾਂ ਮੈਂ ਸ਼ੁਰੂ ਵਿਚ ਕਿਹਾ ਸੀ ਕਿ ਬੋਰਕੂਲੋ ਵਿਚ ਪਹਿਲਾ ਮਹੀਨਾ ਬੜਾ ਔਖਾ ਸੀ, ਪਰ ਯਹੋਵਾਹ ਨੇ ਮੈਨੂੰ ਕਈ ਬਾਈਬਲ ਸਟੱਡੀਆਂ ਦਿੱਤੀਆਂ। ਫਿਰ ਨੌਂ ਮਹੀਨੇ ਬਾਅਦ ਮੈਨੂੰ ਅਮਸਟਰਡਮ ਸ਼ਹਿਰ ਵਿਚ ਭੇਜਿਆ ਗਿਆ।

ਪੇਂਡੂ ਇਲਾਕੇ ਤੋਂ ਸ਼ਹਿਰਾਂ ਵਿਚ

ਮੇਰੀ ਪਰਵਰਿਸ਼ ਇਕ ਖੇਤੀ-ਬਾੜੀ ਵਾਲੇ ਇਲਾਕੇ ਵਿਚ ਹੋਈ ਸੀ, ਪਰ ਹੁਣ ਮੈਂ ਨੀਦਰਲੈਂਡਜ਼ ਦੇ ਸਭ ਤੋਂ ਵੱਡੇ ਸ਼ਹਿਰ ਅਮਸਟਰਡਮ ਵਿਚ ਸੀ। ਇੱਥੇ ਬਹੁਤ ਸਾਰੇ ਲੋਕ ਸੱਚਾਈ ਨੂੰ ਸੁਣਦੇ ਸਨ। ਮੈਂ ਪਹਿਲੇ ਮਹੀਨੇ ਵਿਚ ਹੀ ਪਿਛਲੇ ਨੌਂ ਮਹੀਨਿਆਂ ਨਾਲੋਂ ਜ਼ਿਆਦਾ ਪ੍ਰਕਾਸ਼ਨ ਵੰਡੇ। ਮੇਰੇ ਕੋਲ ਅੱਠ ਬਾਈਬਲ ਸਟੱਡੀਆਂ ਸਨ। ਮੈਨੂੰ ਮੰਡਲੀ ਦਾ ਸੇਵਕ (ਜਿਸ ਨੂੰ ਹੁਣ ਕੋਆਰਡੀਨੇਟਰ ਕਿਹਾ ਜਾਂਦਾ ਹੈ) ਬਣਾਇਆ ਗਿਆ ਅਤੇ ਮੈਨੂੰ ਆਪਣਾ ਪਹਿਲਾ ਪਬਲਿਕ ਭਾਸ਼ਣ ਦੇਣ ਲਈ ਕਿਹਾ ਗਿਆ। ਭਾਸ਼ਣ ਦੇਣ ਬਾਰੇ ਸੋਚ ਕੇ ਹੀ ਮੈਂ ਬਹੁਤ ਡਰ ਗਿਆ, ਸੋ ਮੈਂ ਉਦੋਂ ਸੁੱਖ ਦਾ ਸਾਹ ਲਿਆ ਜਦੋਂ ਮੈਨੂੰ ਭਾਸ਼ਣ ਦੇਣ ਤੋਂ ਪਹਿਲਾਂ ਕਿਸੇ ਹੋਰ ਮੰਡਲੀ ਭੇਜ ਦਿੱਤਾ ਗਿਆ। ਮੈਨੂੰ ਪਤਾ ਨਹੀਂ ਸੀ ਕਿ ਆਉਣ ਵਾਲੇ ਸਾਲਾਂ ਦੌਰਾਨ ਮੈਂ 5,000 ਤੋਂ ਜ਼ਿਆਦਾ ਭਾਸ਼ਣ ਦੇਵਾਂਗਾ!

ਮਾਰਕਸ (ਸੱਜੇ) 1950 ਵਿਚ ਅਮਸਟਰਡਮ ਨੇੜੇ ਸੜਕ ’ਤੇ ਪ੍ਰਚਾਰ ਕਰਦਿਆਂ

ਮਈ 1950 ਵਿਚ ਮੈਨੂੰ ਹਾਰਲਮ ਸ਼ਹਿਰ ਭੇਜਿਆ ਗਿਆ। ਫਿਰ ਮੈਨੂੰ ਸਰਕਟ ਨਿਗਾਹਬਾਨ ਵਜੋਂ ਕੰਮ ਕਰਨ ਦਾ ਸੱਦਾ ਮਿਲਿਆ ਜਿਸ ਕਰਕੇ ਮੈਂ ਤਿੰਨ ਰਾਤਾਂ ਮੁਸ਼ਕਲ ਨਾਲ ਕੱਟੀਆਂ। ਮੈਂ ਬ੍ਰਾਂਚ ਆਫ਼ਿਸ ਵਿਚ ਕੰਮ ਕਰਦੇ ਇਕ ਭਰਾ ਰੌਬਰਟ ਵਿੰਕਲਰ ਨੂੰ ਕਿਹਾ, ‘ਮੈਂ ਇਸ ਜ਼ਿੰਮੇਵਾਰੀ ਦੇ ਕਾਬਲ ਨਹੀਂ ਹਾਂ।’ ਪਰ ਉਸ ਨੇ ਕਿਹਾ: “ਪੇਪਰ ਭਰ ਦੇ। ਤੂੰ ਸਿੱਖ ਜਾਵੇਂਗਾ।” ਥੋੜ੍ਹੀ ਦੇਰ ਬਾਅਦ ਮੈਨੂੰ ਇਕ ਮਹੀਨੇ ਦੀ ਟ੍ਰੇਨਿੰਗ ਦਿੱਤੀ ਗਈ ਅਤੇ ਮੈਂ ਸਰਕਟ ਓਵਰਸੀਅਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਕ ਮੰਡਲੀ ਵਿਚ ਮੈਨੂੰ ਯਨੀ ਤਾਤਖ਼ਨ ਨਾਂ ਦੀ ਇਕ ਖ਼ੁਸ਼-ਮਿਜ਼ਾਜ ਪਾਇਨੀਅਰ ਭੈਣ ਮਿਲੀ ਜੋ ਯਹੋਵਾਹ ਨੂੰ ਦਿਲੋਂ ਪਿਆਰ ਕਰਦੀ ਸੀ ਤੇ ਵੱਧ-ਚੜ੍ਹ ਕੇ ਉਸ ਦੀ ਸੇਵਾ ਕਰਦੀ ਸੀ। ਸਾਡਾ ਵਿਆਹ 1955 ਵਿਚ ਹੋਇਆ। ਪਰ ਇਸ ਤੋਂ ਪਹਿਲਾਂ ਕਿ ਮੈਂ ਆਪਣੀ ਕਹਾਣੀ ਅੱਗੇ ਤੋਰਾਂ, ਯਨੀ ਤੁਹਾਨੂੰ ਦੱਸੇਗੀ ਕਿ ਉਹ ਪਾਇਨੀਅਰ ਕਿਵੇਂ ਬਣੀ ਅਤੇ ਵਿਆਹ ਤੋਂ ਬਾਅਦ ਅਸੀਂ ਦੋਵਾਂ ਨੇ ਯਹੋਵਾਹ ਦੀ ਸੇਵਾ ਵਿਚ ਕੀ-ਕੀ ਕੀਤਾ।

ਮਿਲ ਕੇ ਸੇਵਾ ਕਰਨੀ

ਯਨੀ: ਮੈਂ 11 ਸਾਲਾਂ ਦੀ ਸੀ ਜਦੋਂ ਮੇਰੇ ਮੰਮੀ ਜੀ 1945 ਵਿਚ ਯਹੋਵਾਹ ਦੇ ਗਵਾਹ ਬਣੇ। ਉਹ ਜਾਣਦੇ ਸਨ ਕਿ ਉਨ੍ਹਾਂ ਲਈ ਆਪਣੇ ਤਿੰਨ ਬੱਚਿਆਂ ਨਾਲ ਬਾਈਬਲ ਦੀ ਸਟੱਡੀ ਕਰਨੀ ਕਿੰਨੀ ਜ਼ਰੂਰੀ ਸੀ। ਪਰ ਮੇਰੇ ਡੈਡੀ ਜੀ ਸੱਚਾਈ ਦੇ ਖ਼ਿਲਾਫ਼ ਸਨ। ਇਸ ਲਈ ਮੇਰੇ ਮੰਮੀ ਜੀ ਸਾਨੂੰ ਬਾਈਬਲ ਦੀ ਸੱਚਾਈ ਉਦੋਂ ਸਿਖਾਉਂਦੇ ਸਨ ਜਦੋਂ ਉਹ ਘਰ ਨਹੀਂ ਹੁੰਦੇ ਸਨ।

1950 ਵਿਚ ਦ ਹੇਗ ਵਿਖੇ ਜ਼ਿਲ੍ਹਾ ਸੰਮੇਲਨ ਹੋਇਆ ਜੋ ਮੇਰੀ ਪਹਿਲੀ ਮੀਟਿੰਗ ਸੀ। ਇਸ ਤੋਂ ਇਕ ਹਫ਼ਤੇ ਬਾਅਦ ਮੈਂ ਘਰ ਲਾਗੇ ਅਸਨ (ਦਰੈਂਨਤ) ਦੇ ਕਿੰਗਡਮ ਹਾਲ ਵਿਚ ਦੂਜੀ ਮੀਟਿੰਗ ਤੇ ਗਈ। ਗੁੱਸੇ ਵਿਚ ਲਾਲ-ਪੀਲ਼ੇ ਹੋ ਕੇ ਮੇਰੇ ਡੈਡੀ ਨੇ ਮੈਨੂੰ ਘਰੋਂ ਕੱਢ ਦਿੱਤਾ। ਮੇਰੇ ਮੰਮੀ ਨੇ ਕਿਹਾ: “ਤੈਨੂੰ ਪਤਾ ਹੈ ਕਿ ਹੁਣ ਤੈਨੂੰ ਕਿੱਥੇ ਜਾਣਾ ਚਾਹੀਦਾ ਹੈ।” ਮੈਂ ਜਾਣਦੀ ਸੀ ਕਿ ਉਹ ਮੰਡਲੀ ਦੇ ਭੈਣਾਂ-ਭਰਾਵਾਂ ਬਾਰੇ ਗੱਲ ਕਰ ਰਹੇ ਸਨ। ਪਹਿਲਾਂ ਮੈਂ ਨੇੜੇ ਰਹਿੰਦੇ ਗਵਾਹਾਂ ਦੇ ਇਕ ਪਰਿਵਾਰ ਨਾਲ ਰਹਿਣ ਲੱਗੀ, ਪਰ ਉੱਥੇ ਵੀ ਮੇਰੇ ਡੈਡੀ ਨੇ ਮੇਰਾ ਜੀਣਾ ਮੁਹਾਲ ਕਰ ਦਿੱਤਾ। ਇਸ ਲਈ ਮੈਂ ਉੱਥੋਂ 95 ਕਿਲੋਮੀਟਰ  (60 ਮੀਲ) ਦੂਰ ਡੇਫਿਨਟਰ ਸ਼ਹਿਰ ਦੀ ਮੰਡਲੀ ਨੂੰ ਚਲੀ ਗਈ। ਅਧਿਕਾਰੀਆਂ ਨੇ ਮੇਰੇ ਡੈਡੀ ਜੀ ਨੂੰ ਦੱਸਿਆ ਕਿ ਨਾਬਾਲਗ ਹੋਣ ਕਰਕੇ ਮੈਨੂੰ ਘਰੋਂ ਕੱਢਣਾ ਕਾਨੂੰਨ ਦੇ ਖ਼ਿਲਾਫ਼ ਸੀ। ਨਤੀਜੇ ਵਜੋਂ ਉਨ੍ਹਾਂ ਨੇ ਮੈਨੂੰ ਘਰ ਵਾਪਸ ਆਉਣ ਲਈ ਕਿਹਾ। ਹਾਲਾਂਕਿ ਮੇਰੇ ਡੈਡੀ ਜੀ ਨੇ ਕਦੇ ਸੱਚਾਈ ਕਬੂਲ ਨਹੀਂ ਕੀਤੀ, ਫਿਰ ਵੀ ਉਨ੍ਹਾਂ ਨੇ ਮੈਨੂੰ ਸਾਰੀਆਂ ਮੀਟਿੰਗਾਂ ਅਤੇ ਪ੍ਰਚਾਰ ਵਿਚ ਜਾਣ ਦਿੱਤਾ।

ਯਨੀ (ਸੱਜੇ) 1952 ਵਿਚ ਔਗਜ਼ੀਲਰੀ ਪਾਇਨੀਅਰਿੰਗ ਕਰਦਿਆਂ

ਘਰ ਵਾਪਸ ਆਉਣ ਤੋਂ ਕੁਝ ਦੇਰ ਬਾਅਦ ਮੇਰੇ ਮੰਮੀ ਜੀ ਬਹੁਤ ਬੀਮਾਰ ਹੋ ਗਏ ਜਿਸ ਕਰਕੇ ਮੈਨੂੰ ਘਰ ਦਾ ਸਾਰਾ ਕੰਮ ਕਰਨਾ ਪੈਂਦਾ ਸੀ। ਇਸ ਦੇ ਬਾਵਜੂਦ ਮੈਂ ਸੱਚਾਈ ਵਿਚ ਤਰੱਕੀ ਕਰਦੀ ਰਹੀ ਅਤੇ 1951 ਵਿਚ 17 ਸਾਲ ਦੀ ਉਮਰ ਵਿਚ ਮੈਂ ਬਪਤਿਸਮਾ ਲੈ ਲਿਆ। ਸਾਲ 1952 ਵਿਚ ਮੇਰੇ ਮੰਮੀ ਜੀ ਦੇ ਠੀਕ ਹੋਣ ਤੋਂ ਬਾਅਦ ਮੈਂ ਤਿੰਨ ਪਾਇਨੀਅਰ ਭੈਣਾਂ ਨਾਲ ਮਿਲ ਕੇ ਦੋ ਮਹੀਨਿਆਂ ਲਈ ਔਗਜ਼ੀਲਰੀ ਪਾਇਨੀਅਰਿੰਗ ਕੀਤੀ। ਅਸੀਂ ਇਕ ਛੋਟੀ ਕਿਸ਼ਤੀ ਵਿਚ ਰਹੀਆਂ ਤੇ ਦਰੈਂਨਤ ਦੇ ਦੋ ਕਸਬਿਆਂ ਵਿਚ ਪ੍ਰਚਾਰ ਕੀਤਾ। ਮੈਂ 1953 ਵਿਚ ਰੈਗੂਲਰ ਪਾਇਨੀਅਰ ਬਣੀ। ਇਕ ਸਾਲ ਬਾਅਦ ਇਕ ਜਵਾਨ ਸਰਕਟ ਓਵਰਸੀਅਰ ਸਾਡੀ ਮੰਡਲੀ ਵਿਚ ਆਇਆ। ਉਹ ਸੀ ਮਾਰਕਸ ਅਤੇ ਸਾਡਾ ਵਿਆਹ ਮਈ 1955 ਵਿਚ ਹੋਇਆ। ਸਾਨੂੰ ਲੱਗਾ ਕਿ ਅਸੀਂ ਪਤੀ-ਪਤਨੀ ਵਜੋਂ ਯਹੋਵਾਹ ਦੀ ਸੇਵਾ ਹੋਰ ਵੀ ਵਧ-ਚੜ੍ਹ ਕੇ ਕਰ ਸਕਾਂਗੇ।​—ਉਪ. 4:9-12.

1955 ਵਿਚ ਸਾਡੇ ਵਿਆਹ ਵਾਲੇ ਦਿਨ

ਮਾਰਕਸ: ਸਾਡੇ ਵਿਆਹ ਤੋਂ ਬਾਅਦ ਪਹਿਲਾਂ ਸਾਨੂੰ ਫੇਂਨਡਮ ਨਾਂ ਦੇ ਇਕ ਕਸਬੇ ਵਿਚ ਪਾਇਨੀਅਰਾਂ ਵਜੋਂ ਭੇਜਿਆ ਗਿਆ। ਸਾਡਾ ਕਮਰਾ ਬਹੁਤ ਛੋਟਾ ਸੀ ਜੋ ਸਿਰਫ਼ 2 ਮੀਟਰ ਚੌੜਾ ਤੇ 3 ਮੀਟਰ (7 ਫੁੱਟ ਚੌੜਾ ਤੇ 10 ਫੁੱਟ) ਲੰਬਾ ਸੀ। ਯਨੀ ਇਸ ਕਮਰੇ ਨੂੰ ਸਜਾ ਕੇ ਰੱਖਦੀ ਸੀ। ਹਰ ਰਾਤ ਸਾਨੂੰ ਆਪਣਾ ਮੰਜਾ ਡਾਹੁਣ ਵਾਸਤੇ ਇਕ ਮੇਜ਼ ਤੇ ਦੋ ਕੁਰਸੀਆਂ ਇਕ ਪਾਸੇ ਕਰਨੀਆਂ ਪੈਂਦੀਆਂ ਸਨ।

ਛੇ ਮਹੀਨਿਆਂ ਬਾਅਦ ਸਾਨੂੰ ਬੈਲਜੀਅਮ ਭੇਜਿਆ ਗਿਆ ਜਿੱਥੇ ਮੈਂ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕੀਤੀ। ਸਾਲ 1955 ਵਿਚ ਇਸ ਪੂਰੇ ਦੇਸ਼ ਵਿਚ ਸਿਰਫ਼ 4,000 ਭੈਣ-ਭਰਾ ਸਨ। ਹੁਣ ਇੱਥੇ ਭੈਣਾਂ-ਭਰਾਵਾਂ ਦੀ ਗਿਣਤੀ ਛੇ ਗੁਣਾ ਵਧ ਗਈ ਹੈ! ਬੈਲਜੀਅਮ ਦੇ ਉੱਤਰ ਵੱਲ ਫਲੈਂਡਰਸ ਵਿਖੇ ਲੋਕ ਉਹੀ ਭਾਸ਼ਾ ਬੋਲਦੇ ਹਨ ਜੋ ਨੀਦਰਲੈਂਡਜ਼ ਵਿਚ ਬੋਲੀ ਜਾਂਦੀ ਹੈ। ਫਿਰ ਵੀ ਬੈਲਜੀਅਮ ਵਿਚ ਭਾਸ਼ਾ ਬੋਲਣ ਦਾ ਤਰੀਕਾ ਕਾਫ਼ੀ ਵੱਖਰਾ ਹੈ, ਇਸ ਲਈ ਸ਼ੁਰੂ-ਸ਼ੁਰੂ ਵਿਚ ਸਾਨੂੰ ਇਹ ਭਾਸ਼ਾ ਬੋਲਣੀ ਸਿੱਖਣੀ ਪਈ।

ਯਨੀ: ਸਫ਼ਰੀ ਨਿਗਾਹਬਾਨ ਦਾ ਕੰਮ ਸੌਖਾ ਨਹੀਂ ਹੈ। ਇਸ ਕੰਮ ਵਿਚ ਕਈ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ। ਅਸੀਂ ਇਕ ਮੰਡਲੀ ਤੋਂ ਦੂਜੀ ਮੰਡਲੀ ਤਕ ਆਪਣੀਆਂ ਸਾਈਕਲਾਂ ’ਤੇ ਜਾਂਦੇ ਸੀ ਅਤੇ ਭੈਣਾਂ-ਭਰਾਵਾਂ ਦੇ ਘਰਾਂ ਵਿਚ ਰਹਿੰਦੇ ਸੀ। ਆਪਣਾ ਰਹਿਣ ਦਾ ਕੋਈ ਟਿਕਾਣਾ ਨਾ ਹੋਣ ਕਰਕੇ ਅਸੀਂ ਪੂਰਾ ਹਫ਼ਤਾ ਭੈਣਾਂ-ਭਰਾਵਾਂ ਨਾਲ ਰਹਿੰਦੇ ਸੀ। ਪਰ ਅਸੀਂ ਆਪਣੀ ਸੇਵਾ ਨੂੰ ਯਹੋਵਾਹ ਵੱਲੋਂ ਇਕ ਬਰਕਤ ਮੰਨਿਆ।

ਮਾਰਕਸ: ਪਹਿਲਾਂ ਅਸੀਂ ਮੰਡਲੀਆਂ ਦੇ ਭੈਣਾਂ-ਭਰਾਵਾਂ ਨਾਲ ਵਾਕਫ਼ ਨਹੀਂ ਸਾਂ, ਪਰ ਉਹ ਬੜੇ ਪਿਆਰ ਨਾਲ ਪਰਾਹੁਣਚਾਰੀ ਕਰਦੇ ਸਨ। (ਇਬ. 13:2) ਸਾਲਾਂ ਦੌਰਾਨ ਅਸੀਂ ਕਈ ਵਾਰੀ ਬੈਲਜੀਅਮ ਵਿਚ ਡੱਚ ਭਾਸ਼ਾ ਬੋਲਣ ਵਾਲੀਆਂ ਮੰਡਲੀਆਂ ਨੂੰ ਗਏ ਜਿਸ ਸਦਕਾ ਸਾਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ। ਮਿਸਾਲ ਲਈ, ਅਸੀਂ ਤਕਰੀਬਨ ਸਾਰੀਆਂ ਡੱਚ ਮੰਡਲੀਆਂ ਦੇ ਭੈਣਾਂ-ਭਰਾਵਾਂ ਨੂੰ ਜਾਣ ਗਏ ਅਤੇ ਅਸੀਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਾਂ। ਅਸੀਂ ਸੈਂਕੜੇ ਬੱਚਿਆਂ ਨੂੰ ਜਵਾਨ ਹੁੰਦਿਆਂ, ਸੱਚਾਈ ਵਿਚ ਤਰੱਕੀ ਕਰਦਿਆਂ, ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪਦਿਆਂ ਤੇ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦਿੰਦਿਆਂ ਦੇਖਿਆ ਹੈ। ਅੱਜ ਵੀ ਇਨ੍ਹਾਂ ਵਿੱਚੋਂ ਕਈਆਂ ਨੂੰ ਪੂਰੇ ਸਮੇਂ ਲਈ ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਕਰਦਿਆਂ ਦੇਖ ਕੇ ਦਿਲ ਖ਼ੁਸ਼ ਹੋ ਜਾਂਦਾ ਹੈ। (3 ਯੂਹੰ. 4) ਇਨ੍ਹਾਂ ਭੈਣਾਂ-ਭਰਾਵਾਂ ਦੀ “ਨਿਹਚਾ ਤੋਂ ਹੌਸਲਾ” ਪਾ ਕੇ ਅਸੀਂ ਦਿਲ ਲਾ ਕੇ ਯਹੋਵਾਹ ਦੀ ਸੇਵਾ ਕਰ ਸਕੇ।​—ਰੋਮੀ. 1:12.

 ਔਖਿਆਈ ਦੇ ਬਾਵਜੂਦ ਬਰਕਤ

ਮਾਰਕਸ: ਜਿਸ ਦਿਨ ਸਾਡਾ ਵਿਆਹ ਹੋਇਆ, ਉਦੋਂ ਤੋਂ ਸਾਡੀ ਦਿਲੀ ਤਮੰਨਾ ਸੀ ਕਿ ਅਸੀਂ ਗਿਲਿਅਡ ਸਕੂਲ ਜਾਈਏ। ਹਰ ਦਿਨ ਅਸੀਂ ਤਕਰੀਬਨ ਇਕ ਘੰਟਾ ਇੰਗਲਿਸ਼ ਸਿੱਖਦੇ ਸੀ। ਪਰ ਕਿਤਾਬਾਂ ਤੋਂ ਇੰਗਲਿਸ਼ ਸਿੱਖਣੀ ਆਸਾਨ ਨਹੀਂ ਸੀ, ਇਸ ਲਈ ਅਸੀਂ ਛੁੱਟੀਆਂ ਦੌਰਾਨ ਇੰਗਲੈਂਡ ਜਾ ਕੇ ਪ੍ਰਚਾਰ ਕਰਨ ਦਾ ਫ਼ੈਸਲਾ ਕੀਤਾ ਤਾਂਕਿ ਸਾਡੀ ਇੰਗਲਿਸ਼ ਬੋਲਣ ਦੀ ਪ੍ਰੈਕਟਿਸ ਹੋ ਸਕੇ। ਅਖ਼ੀਰ 1963 ਵਿਚ ਸਾਨੂੰ ਬਰੁਕਲਿਨ ਵਿਚ ਹੈੱਡ-ਕੁਆਰਟਰ ਤੋਂ ਦੋ ਚਿੱਠੀਆਂ ਮਿਲੀਆਂ। ਇਕ ਮੇਰੇ ਲਈ ਸੀ ਤੇ ਇਕ ਯਨੀ ਲਈ। ਮੈਨੂੰ ਗਿਲਿਅਡ ਸਕੂਲ ਦੀ ਇਕ ਖ਼ਾਸ ਕਲਾਸ ਵਿਚ ਆਉਣ ਦਾ ਸੱਦਾ ਮਿਲਿਆ ਜੋ 10 ਮਹੀਨੇ ਦੀ ਸੀ। ਇਸ ਕਲਾਸ ਦਾ ਖ਼ਾਸ ਮਕਸਦ ਸੀ ਕਿ ਭਰਾਵਾਂ ਨੂੰ ਟ੍ਰੇਨਿੰਗ ਦੇ ਨਾਲ-ਨਾਲ ਸੰਗਠਨ ਦੇ ਕੰਮਾਂ ਬਾਰੇ ਸਿੱਖਿਆ ਦਿੱਤੀ ਜਾਵੇ। ਸੋ ਇਸ ਕਲਾਸ ਵਿਚ 100 ਸਟੂਡੈਂਟਾਂ ਵਿੱਚੋਂ 82 ਭਰਾ ਸਨ।

ਯਨੀ: ਭਾਵੇਂ ਮਾਰਕਸ ਨੂੰ ਗਿਲਿਅਡ ਸਕੂਲ ਜਾਣ ਦਾ ਸੱਦਾ ਮਿਲਿਆ ਸੀ, ਪਰ ਚਿੱਠੀ ਵਿਚ ਭਰਾਵਾਂ ਨੇ ਮੈਨੂੰ ਪੁੱਛਿਆ ਕਿ ਮੈਂ ਬੈਲਜੀਅਮ ਵਿਚ ਰਹਿ ਕੇ ਪ੍ਰਚਾਰ ਕਰਨ ਲਈ ਤਿਆਰ ਹਾਂ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਮੈਂ ਜਵਾਬ ਦੇਣ ਤੋਂ ਪਹਿਲਾਂ ਇਸ ਬਾਰੇ ਪ੍ਰਾਰਥਨਾ ਤੇ ਸੋਚ-ਵਿਚਾਰ ਕਰਾਂ। ਸੱਚ ਦੱਸਾਂ ਤਾਂ ਮੇਰਾ ਦਿਲ ਬਹੁਤ ਉਦਾਸ ਹੋ ਗਿਆ। ਮੈਨੂੰ ਲੱਗਾ ਕਿ ਯਹੋਵਾਹ ਨੇ ਮੇਰੀ ਮਿਹਨਤ ਉੱਤੇ ਬਰਕਤ ਨਹੀਂ ਸੀ ਦਿੱਤੀ। ਫਿਰ ਵੀ ਮੈ ਖ਼ੁਦ ਨੂੰ ਯਾਦ ਕਰਾਇਆ ਕਿ ਗਿਲਿਅਡ ਸਕੂਲ ਦਾ ਮਕਸਦ ਕੀ ਹੈ। ਇਸ ਸਕੂਲ ਰਾਹੀਂ ਪੂਰੀ ਦੁਨੀਆਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਅੱਗੇ ਵਧਾਉਣ ਲਈ ਭੈਣਾਂ-ਭਰਾਵਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸੋ ਮੈਂ ਬੈਲਜੀਅਮ ਵਿਚ ਰਹਿਣ ਦਾ ਫ਼ੈਸਲਾ ਕੀਤਾ ਅਤੇ ਮੈਨੂੰ ਖੈਂਟ ਨਾਂ ਦੇ ਸ਼ਹਿਰ ਵਿਚ ਸਪੈਸ਼ਲ ਪਾਇਨੀਅਰ ਵਜੋਂ ਭੇਜਿਆ ਗਿਆ। ਇੱਥੇ ਮੈਂ ਦੋ ਤਜਰਬੇਕਾਰ ਸਪੈਸ਼ਲ ਪਾਇਨੀਅਰ ਭੈਣਾਂ ਆਨਾ ਤੇ ਮਰੀਯਾ ਕੋਲਪਾਰਟ ਨਾਲ ਮਿਲ ਕੇ ਕੰਮ ਕੀਤਾ।

ਮਾਰਕਸ: ਮੈਨੂੰ ਆਪਣੀ ਇੰਗਲਿਸ਼ ਸੁਧਾਰਨ ਦੀ ਲੋੜ ਸੀ ਜਿਸ ਕਰਕੇ ਮੈਨੂੰ ਸਕੂਲ ਦੇ ਸ਼ੁਰੂ ਹੋਣ ਤੋਂ ਪੰਜ ਮਹੀਨੇ ਪਹਿਲਾਂ ਬਰੁਕਲਿਨ ਬੈਥਲ ਆਉਣ ਦਾ ਸੱਦਾ ਮਿਲਿਆ। ਮੈਂ ਉੱਥੇ ਸ਼ਿਪਿੰਗ ਤੇ ਸੇਵਾ ਵਿਭਾਗਾਂ ਵਿਚ ਕੰਮ ਕੀਤਾ। ਹੈੱਡ-ਕੁਆਰਟਰ ਵਿਖੇ ਸੇਵਾ ਕਰ ਕੇ ਅਤੇ ਏਸ਼ੀਆ, ਯੂਰਪ ਤੇ ਦੱਖਣੀ ਅਮਰੀਕਾ ਵਿਚ ਪ੍ਰਕਾਸ਼ਨ ਭੇਜ ਕੇ ਮੈਨੂੰ ਅਹਿਸਾਸ ਹੋਇਆ ਕਿ ਸਾਡੇ ਭੈਣ-ਭਰਾ ਪੂਰੀ ਦੁਨੀਆਂ ਵਿਚ ਫੈਲੇ ਹੋਏ ਹਨ। ਮੈਨੂੰ ਖ਼ਾਸ ਕਰਕੇ ਭਰਾ ਏ. ਐੱਚ. ਮੈਕਮਿਲਨ ਯਾਦ ਹਨ ਜੋ ਭਰਾ ਰਸਲ ਦੇ ਦਿਨਾਂ ਵਿਚ ਸਫ਼ਰੀ ਨਿਗਾਹਬਾਨ ਦਾ ਕੰਮ ਕਰਦੇ ਸਨ। ਉਹ ਕਾਫ਼ੀ ਬਜ਼ੁਰਗ ਸਨ ਤੇ ਉਨ੍ਹਾਂ ਨੂੰ ਉੱਚੀ ਸੁਣਦਾ ਸੀ, ਫਿਰ ਵੀ ਉਹ ਵਫ਼ਾਦਾਰੀ ਨਾਲ ਸਾਰੀਆਂ ਮੀਟਿੰਗਾਂ ਨੂੰ ਜਾਂਦੇ ਸਨ। ਇਸ ਗੱਲ ਦਾ ਮੇਰੇ ’ਤੇ ਬਹੁਤ ਅਸਰ ਪਿਆ ਅਤੇ ਮੈਂ ਸਿੱਖਿਆ ਕਿ ਸਾਨੂੰ ਮੀਟਿੰਗਾਂ ਨੂੰ ਜਾਣਾ ਕਦੇ ਨਹੀਂ ਛੱਡਣਾ ਚਾਹੀਦਾ।​—ਇਬ. 10:24, 25.

ਯਨੀ: ਅਸੀਂ ਦੋਵੇਂ ਇਕ-ਦੂਜੇ ਨੂੰ ਹਫ਼ਤੇ ਵਿਚ ਕਈ ਵਾਰ ਚਿੱਠੀਆਂ ਲਿਖਦੇ ਹੁੰਦੇ ਸੀ। ਸਾਨੂੰ ਇਕ-ਦੂਜੇ ਦੀ ਬੜੀ ਯਾਦ ਆਉਂਦੀ ਸੀ! ਪਰ ਮਾਰਕਸ ਨੂੰ ਗਿਲਿਅਡ ਸਕੂਲ ਵਿਚ ਟ੍ਰੇਨਿੰਗ ਕਰ ਕੇ ਮਜ਼ਾ ਆ ਰਿਹਾ ਸੀ ਅਤੇ ਮੈਨੂੰ ਪ੍ਰਚਾਰ ਵਿਚ। ਮਾਰਕਸ ਜਦੋਂ ਅਮਰੀਕਾ ਤੋਂ ਵਾਪਸ ਆਇਆ, ਤਾਂ ਉਸ ਵੇਲੇ ਮੈਂ 17 ਬਾਈਬਲ ਸਟੱਡੀਆਂ ਕਰਾ ਰਹੀ ਸੀ! ਇਹ ਜੁਦਾਈ ਦੇ 15 ਮਹੀਨੇ ਕੱਟਣੇ ਬਹੁਤ ਔਖੇ ਸਨ, ਪਰ ਮੈਂ ਦੇਖਿਆ ਕਿ ਯਹੋਵਾਹ ਨੇ ਸਾਡੀਆਂ ਕੁਰਬਾਨੀਆਂ ਦੇ ਬਦਲੇ ਸਾਨੂੰ ਕਈ ਬਰਕਤਾਂ ਦਿੱਤੀਆਂ। ਜਿਸ ਦਿਨ ਮਾਰਕਸ ਨੇ ਵਾਪਸ ਆਉਣਾ ਸੀ, ਉਸ ਦਿਨ ਉਸ ਦਾ ਜਹਾਜ਼ ਕਈ ਘੰਟੇ ਲੇਟ ਹੋ ਗਿਆ। ਅਖ਼ੀਰ ਜਦ ਉਹ ਪਹੁੰਚਿਆ, ਤਾਂ ਅਸੀਂ ਇਕ-ਦੂਜੇ ਦੇ ਗਲ਼ੇ ਲੱਗ ਕੇ ਬਹੁਤ ਰੋਏ। ਫਿਰ ਅਸੀਂ ਕਦੇ ਜੁਦਾ ਨਹੀਂ ਹੋਏ।

ਯਹੋਵਾਹ ਦੀ ਸੇਵਾ ਵਿਚ ਹਰ ਜ਼ਿੰਮੇਵਾਰੀ ਲਈ ਸ਼ੁਕਰਗੁਜ਼ਾਰ

ਮਾਰਕਸ: ਦਸੰਬਰ 1964 ਵਿਚ ਗਿਲਿਅਡ ਸਕੂਲ ਤੋਂ ਵਾਪਸ ਆ ਕੇ ਸਾਨੂੰ ਬੈਥਲ ਵਿਚ ਸੇਵਾ ਕਰਨ ਦਾ ਸੱਦਾ ਮਿਲਿਆ। ਸਾਨੂੰ ਇਹ ਨਹੀਂ ਪਤਾ ਸੀ ਕਿ ਅਸੀਂ ਉੱਥੇ ਕਿੰਨਾ ਚਿਰ ਰਹਾਂਗੇ। ਸਿਰਫ਼ ਤਿੰਨ ਮਹੀਨਿਆਂ ਬਾਅਦ ਸਾਨੂੰ ਫਲੈਂਡਰਸ ਇਲਾਕੇ ਵਿਚ ਡਿਸਟ੍ਰਿਕਟ ਕੰਮ ਲਈ ਭੇਜਿਆ ਗਿਆ। ਫਿਰ ਜਦ ਆਲਜ਼ਨ ਤੇ ਐਲਸ ਵੀਖ਼ਰਸਮਾ ਨੂੰ ਬੈਲਜੀਅਮ ਵਿਚ ਮਿਸ਼ਨਰੀਆਂ ਵਜੋਂ ਭੇਜਿਆ ਗਿਆ, ਤਾਂ ਉਨ੍ਹਾਂ ਨੂੰ ਡਿਸਟ੍ਰਿਕਟ ਕੰਮ ਦੀ ਜ਼ਿੰਮੇਵਾਰੀ ਦਿੱਤੀ ਗਈ। ਅਸੀਂ  ਬੈਥਲ ਵਾਪਸ ਚਲੇ ਗਏ ਜਿੱਥੇ ਮੈਂ ਫਿਰ ਸੇਵਾ ਵਿਭਾਗ ਵਿਚ ਕੰਮ ਕੀਤਾ। ਅਸੀਂ 1968-1980 ਦੌਰਾਨ ਕਈ ਵਾਰ ਬੈਥਲ ਵਿਚ ਕੰਮ ਕੀਤਾ ਤੇ ਕਈ ਵਾਰ ਸਫ਼ਰੀ ਕੰਮ ਕੀਤਾ। ਫਿਰ 1980-2005 ਦੌਰਾਨ ਮੈਂ ਡਿਸਟ੍ਰਿਕਟ ਓਵਰਸੀਅਰ ਵਜੋਂ ਸੇਵਾ ਕੀਤੀ।

ਹਾਲਾਂਕਿ ਯਹੋਵਾਹ ਦੀ ਸੇਵਾ ਵਿਚ ਸਾਡੀਆਂ ਜ਼ਿੰਮੇਵਾਰੀਆਂ ਬਦਲਦੀਆਂ ਰਹੀਆਂ, ਪਰ ਅਸੀਂ ਇਹ ਗੱਲ ਕਦੇ ਨਹੀਂ ਭੁੱਲੇ ਕਿ ਅਸੀਂ ਆਪਣੀ ਜ਼ਿੰਦਗੀ ਯਹੋਵਾਹ ਦੇ ਲੇਖੇ ਲਾਈ ਹੈ ਤਾਂਕਿ ਅਸੀਂ ਉਸ ਦੀ ਸੇਵਾ ਜੀ-ਜਾਨ ਨਾਲ ਕਰੀਏ। ਅਸੀਂ ਹਰ ਜ਼ਿੰਮੇਵਾਰੀ ਨੂੰ ਹੱਸ ਕੇ ਨਿਭਾਇਆ। ਸਾਨੂੰ ਪੂਰਾ ਯਕੀਨ ਸੀ ਕਿ ਸਾਨੂੰ ਜੋ ਵੀ ਕੰਮ ਕਰਨ ਲਈ ਕਿਹਾ ਗਿਆ, ਉਸ ਦਾ ਮਕਸਦ ਸੀ ਕਿ ਪਰਮੇਸ਼ੁਰ ਦਾ ਕੰਮ ਹੋਰ ਅੱਗੇ ਵਧੇ।

ਯਨੀ: ਮੈਨੂੰ ਮਾਰਕਸ ਨਾਲ 1977 ਵਿਚ ਬਰੁਕਲਿਨ ਵਿਖੇ ਸੇਵਾ ਕਰਨ ਦਾ ਖ਼ਾਸ ਸਨਮਾਨ ਮਿਲਿਆ। ਨਾਲੇ ਮੈਨੂੰ 1997 ਵਿਚ ਪੈਟਰਸਨ ਜਾਣ ਦਾ ਮੌਕਾ ਮਿਲਿਆ, ਜਦੋਂ ਮਾਰਕਸ ਨੂੰ ਬ੍ਰਾਂਚ ਕਮੇਟੀ ਦਾ ਮੈਂਬਰ ਹੋਣ ਕਰਕੇ ਹੋਰ ਟ੍ਰੇਨਿੰਗ ਦਿੱਤੀ ਗਈ।

ਯਹੋਵਾਹ ਸਾਡੀਆਂ ਲੋੜਾਂ ਜਾਣਦਾ ਹੈ

ਮਾਰਕਸ: 1982 ਵਿਚ ਯਨੀ ਦੀ ਸਰਜਰੀ ਹੋਈ, ਪਰ ਉਹ ਜਲਦੀ ਠੀਕ ਹੋ ਗਈ। ਤਿੰਨ ਸਾਲਾਂ ਬਾਅਦ ਲੂੰਵਾ ਦੀ ਮੰਡਲੀ ਨੇ ਸਾਨੂੰ ਕਿੰਗਡਮ ਹਾਲ ਦੇ ਉੱਪਰ ਬਣਿਆ ਇਕ ਫਲੈਟ ਰਹਿਣ ਲਈ ਦਿੱਤਾ। 30 ਸਾਲਾਂ ਵਿਚ ਪਹਿਲੀ ਵਾਰ ਸਾਡੇ ਕੋਲ ਰਹਿਣ ਲਈ ਆਪਣੀ ਜਗ੍ਹਾ ਸੀ। ਹਰ ਹਫ਼ਤੇ ਮੰਗਲਵਾਰ ਨੂੰ ਜਦ ਅਸੀਂ ਮੰਡਲੀ ਨੂੰ ਜਾਣ ਲਈ ਆਪਣਾ ਸਾਮਾਨ ਬੰਨ੍ਹਦੇ ਸੀ, ਤਾਂ ਮੈਨੂੰ ਹਰ ਵਾਰੀ ਸਾਮਾਨ ਲਿਜਾਣ ਲਈ 54 ਪੌੜੀਆਂ ਕਈ ਵਾਰ ਚੜ੍ਹਨੀਆਂ-ਉਤਰਨੀਆਂ ਪੈਂਦੀਆਂ ਸਨ! ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ 2002 ਵਿਚ ਸਾਨੂੰ ਰਹਿਣ ਲਈ ਪਹਿਲੀ ਮੰਜ਼ਲ ’ਤੇ ਫਲੈਟ ਮਿਲਿਆ। ਜਦ ਮੈਂ 78 ਸਾਲਾਂ ਦਾ ਹੋਇਆ, ਤਾਂ ਸਾਨੂੰ ਲੋਕਰਨ ਕਸਬੇ ਵਿਚ ਸਪੈਸ਼ਲ ਪਾਇਨੀਅਰਾਂ ਵਜੋਂ ਭੇਜਿਆ ਗਿਆ। ਅਸੀਂ ਕਿੰਨੇ ਖ਼ੁਸ਼ ਹਾਂ ਕਿ ਸਾਨੂੰ ਇਹ ਸਨਮਾਨ ਮਿਲਿਆ ਹੈ ਤੇ ਅਸੀਂ ਰੋਜ਼ ਪ੍ਰਚਾਰ ਵਿਚ ਜਾ ਸਕਦੇ ਹਾਂ।

“ਸਾਨੂੰ ਪੂਰਾ ਯਕੀਨ ਸੀ ਕਿ ਇਹ ਗੱਲ ਕੋਈ ਮਾਅਨੇ ਨਹੀਂ ਰੱਖਦੀ ਕਿ ਅਸੀਂ ਕਿੱਥੇ ਸੇਵਾ ਕਰਦੇ ਹਾਂ ਜਾਂ ਕਿਹੜੀ ਜ਼ਿੰਮੇਵਾਰੀ ਨਿਭਾਉਂਦੇ ਹਾਂ, ਪਰ ਇਹ ਕਿ ਅਸੀਂ ਯਹੋਵਾਹ ਦੀ ਸੇਵਾ ਕਰਦੇ ਹਾਂ”

ਯਨੀ: ਅਸੀਂ ਦੋਵਾਂ ਨੇ ਪੂਰੇ ਸਮੇਂ ਦੀ ਸੇਵਾ ਵਿਚ ਕੁੱਲ 120 ਸਾਲ ਬਿਤਾਏ ਹਨ! ਅਸੀਂ ਯਹੋਵਾਹ ਦੇ ਇਸ ਵਾਅਦੇ ਨੂੰ ਆਪਣੀ ਅੱਖੀਂ ਪੂਰੇ ਹੁੰਦੇ ਦੇਖਿਆ ਹੈ ਕਿ ‘ਉਹ ਕਦੀ ਵੀ ਸਾਨੂੰ ਨਹੀਂ ਛੱਡੇਗਾ’ ਅਤੇ ਜੇ ਅਸੀਂ ਉਸ ਦੀ ਸੇਵਾ ਵਫ਼ਾਦਾਰੀ ਨਾਲ ਕਰਦੇ ਰਹਾਂਗੇ, ਤਾਂ ਸਾਨੂੰ “ਕਿਸੇ ਗੱਲੋਂ ਘਾਟਾ ਨਹੀਂ” ਹੋਵੇਗਾ।—ਇਬ. 13:5; ਬਿਵ. 2:7.

ਮਾਰਕਸ: ਜਦ ਅਸੀਂ ਜਵਾਨ ਸਾਂ, ਤਾਂ ਅਸੀਂ ਆਪਣੇ ਆਪ ਨੂੰ ਯਹੋਵਾਹ ਨੂੰ ਸੌਂਪ ਦਿੱਤੀ ਸੀ। ਅਸੀਂ ਆਪਣੇ ਲਈ ਵੱਡਾ ਨਾਂ ਕਮਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਅਸੀਂ ਯਹੋਵਾਹ ਦੀ ਸੇਵਾ ਵਿਚ ਮਿਲੀ ਹਰ ਜ਼ਿੰਮੇਵਾਰੀ ਨੂੰ ਕਬੂਲ ਕੀਤਾ ਕਿਉਂਕਿ ਸਾਨੂੰ ਪੂਰਾ ਯਕੀਨ ਸੀ ਕਿ ਇਹ ਗੱਲ ਕੋਈ ਮਾਅਨੇ ਨਹੀਂ ਰੱਖਦੀ ਕਿ ਅਸੀਂ ਕਿੱਥੇ ਸੇਵਾ ਕਰਦੇ ਹਾਂ ਜਾਂ ਕਿਹੜੀ ਜ਼ਿੰਮੇਵਾਰੀ ਨਿਭਾਉਂਦੇ ਹਾਂ, ਪਰ ਇਹ ਕਿ ਅਸੀਂ ਯਹੋਵਾਹ ਦੀ ਸੇਵਾ ਕਰਦੇ ਹਾਂ।

^ ਪੇਰਗ੍ਰੈਫ 5 ਬਾਅਦ ਵਿਚ ਮੇਰੇ ਮੰਮੀ-ਡੈਡੀ, ਮੇਰੀ ਵੱਡੀ ਭੈਣ ਅਤੇ ਮੇਰੇ ਦੋ ਭਰਾ ਵੀ ਯਹੋਵਾਹ ਦੇ ਗਵਾਹ ਬਣ ਗਏ।