Skip to content

Skip to table of contents

 ਜੀਵਨੀ

ਮੁਸ਼ਕਲਾਂ ਦੇ ਬਾਵਜੂਦ ਸਾਡੀ ਜ਼ਿੰਦਗੀ ਬੇਕਾਰ ਨਹੀਂ ਹੈ

ਮੁਸ਼ਕਲਾਂ ਦੇ ਬਾਵਜੂਦ ਸਾਡੀ ਜ਼ਿੰਦਗੀ ਬੇਕਾਰ ਨਹੀਂ ਹੈ

ਜਦੋਂ 1958 ਵਿਚ ਮੇਰੇ ਬੇਟੇ ਗੈਰੀ ਦਾ ਜਨਮ ਹੋਇਆ, ਤਾਂ ਮੈਨੂੰ ਲੱਗਾ ਕਿ ਕੁਝ ਠੀਕ ਨਹੀਂ ਹੈ। ਭਾਵੇਂ ਕਿ ਉਸ ਦੀ ਬੀਮਾਰੀ ਬਾਰੇ ਡਾਕਟਰਾਂ ਨੂੰ ਪਤਾ ਕਰਨ ਵਿਚ ਦਸ ਮਹੀਨੇ ਲੱਗੇ, ਪਰ ਪੰਜ ਸਾਲਾਂ ਬਾਅਦ ਹੀ ਲੰਡਨ ਦੇ ਸਪੈਸ਼ਲਿਸਟ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਕਿਹੜੀ ਬੀਮਾਰੀ ਸੀ। ਮੇਰੀ ਬੇਟੀ ਲੁਈਜ਼ ਦਾ ਜਨਮ ਗੈਰੀ ਤੋਂ ਨੌਂ ਸਾਲਾਂ ਬਾਅਦ ਹੋਇਆ। ਮੈਂ ਇਹ ਦੇਖ ਕੇ ਬਹੁਤ ਦੁਖੀ ਹੋਈ ਕਿ ਉਸ ਦੀ ਹਾਲਤ ਗੈਰੀ ਨਾਲੋਂ ਵੀ ਜ਼ਿਆਦਾ ਖ਼ਰਾਬ ਸੀ।

ਡਾਕਟਰਾਂ ਨੇ ਜਾਂਚ ਕਰਨ ਤੋਂ ਬਾਅਦ ਦੱਸਿਆ: ‘ਤੁਹਾਡੇ ਦੋਨਾਂ ਬੱਚਿਆਂ ਨੂੰ ਐੱਲ. ਐੱਮ. ਬੀ. ਬੀ. * ਨਾਂ ਦੀ ਬੀਮਾਰੀ ਹੈ ਤੇ ਇਸ ਦਾ ਕੋਈ ਇਲਾਜ ਨਹੀਂ ਹੈ।’ ਉਸ ਵੇਲੇ ਡਾਕਟਰ ਇਸ ਬੀਮਾਰੀ ਬਾਰੇ ਬਹੁਤਾ ਜਾਣਦੇ ਨਹੀਂ ਸੀ। ਇਸ ਬੀਮਾਰੀ ਦੇ ਮੁੱਖ ਲੱਛਣ ਹਨ: ਨਿਗਾਹ ਦਾ ਹੌਲੀ-ਹੌਲੀ ਘਟਣਾ ਤੇ ਅੰਨ੍ਹਾਪਣ, ਮੋਟਾਪਾ, ਹੱਥਾਂ-ਪੈਰਾਂ ’ਤੇ ਵਾਧੂ ਉਂਗਲੀਆਂ, ਸ਼ੂਗਰ ਦੀ ਬੀਮਾਰੀ, ਗਠੀਏ ਦਾ ਰੋਗ ਤੇ ਕਿਡਨੀ ਵਿਚ ਨੁਕਸ। ਇਸ ਲਈ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ ਮੇਰੇ ਲਈ ਬਹੁਤ ਔਖੀ ਹੋਣੀ ਸੀ। ਹਾਲ ਹੀ ਵਿਚ ਪਤਾ ਲੱਗਿਆ ਹੈ ਕਿ ਇੰਗਲੈਂਡ ਵਿਚ 1,25,000 ਲੋਕਾਂ ਵਿੱਚੋਂ 1 ਜਣਾ ਇਸ ਬੀਮਾਰੀ ਦਾ ਸ਼ਿਕਾਰ ਹੁੰਦਾ ਹੈ। ਕਈਆਂ ’ਤੇ ਇਸ ਬੀਮਾਰੀ ਦਾ ਜ਼ਿਆਦਾ ਅਸਰ ਹੁੰਦਾ ਹੈ ਅਤੇ ਕਈਆਂ ’ਤੇ ਘੱਟ।

ਯਹੋਵਾਹ ਸਾਡੇ ਲਈ “ਉੱਚਾ ਗੜ੍ਹ” ਬਣਿਆ

ਮੈਂ ਆਪਣੇ ਵਿਆਹ ਤੋਂ ਬਾਅਦ ਯਹੋਵਾਹ ਦੀ ਇਕ ਗਵਾਹ ਨਾਲ ਗੱਲ ਕੀਤੀ ਤੇ ਮੈਨੂੰ ਸੱਚਾਈ ਬਾਰੇ ਪਤਾ ਲੱਗ ਗਿਆ। ਪਰ ਮੇਰੇ ਪਤੀ ਨੂੰ ਇਸ ਵਿਚ ਕੋਈ ਦਿਲਚਸਪੀ ਨਹੀਂ ਸੀ। ਉਸ ਦੀ ਨੌਕਰੀ ਕਾਰਨ ਸਾਨੂੰ ਲਗਾਤਾਰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਪੈਂਦਾ ਸੀ ਜਿਸ ਕਰਕੇ ਮੈਂ ਕਦੇ ਮੀਟਿੰਗਾਂ ਵਿਚ ਨਹੀਂ ਜਾ ਸਕੀ। ਫਿਰ ਵੀ ਮੈਂ ਬਾਈਬਲ ਪੜ੍ਹਦੀ ਰਹੀ ਅਤੇ ਯਹੋਵਾਹ ਨੂੰ ਪ੍ਰਾਰਥਨਾ ਕਰਦੀ ਰਹੀ। ਮੈਨੂੰ ਇਹ ਪੜ੍ਹ ਕੇ ਕਿੰਨੀ ਤਸੱਲੀ ਮਿਲੀ ਕਿ “ਯਹੋਵਾਹ ਸਤਾਏ ਹੋਏ ਦੇ ਲਈ ਇੱਕ ਉੱਚਾ ਗੜ੍ਹ ਹੋਵੇਗਾ, ਹਾਂ, ਬਿਪਤਾ ਦੇ ਸਮੇ ਦੇ ਲਈ ਇੱਕ ਉੱਚਾ ਗੜ੍ਹ” ਅਤੇ ਉਹ ‘ਆਪਣਿਆਂ ਤਾਲਿਬਾਂ ਨੂੰ ਤਿਆਗਦਾ ਨਹੀਂ।’—ਜ਼ਬੂ. 9:9, 10.

ਗੈਰੀ ਦੀ ਨਿਗਾਹ ਕਮਜ਼ੋਰ ਹੋਣ ਕਰਕੇ ਛੇ ਸਾਲ ਦੀ ਉਮਰ ਵਿਚ ਉਸ ਨੂੰ ਦੱਖਣੀ ਇੰਗਲੈਂਡ ਦੇ ਇਕ ਖ਼ਾਸ ਬੋਰਡਿੰਗ ਸਕੂਲ ਵਿਚ ਭੇਜਿਆ ਗਿਆ। ਉਹ ਅਕਸਰ ਫ਼ੋਨ ’ਤੇ ਮੇਰੇ ਨਾਲ ਆਪਣੀਆਂ ਮੁਸ਼ਕਲਾਂ ਬਾਰੇ ਗੱਲ ਕਰਦਾ ਹੁੰਦਾ ਸੀ ਅਤੇ ਮੈਂ ਉਸ ਦੀ ਮਦਦ ਕਰਨ ਲਈ ਉਸ ਨੂੰ ਬਾਈਬਲ ਦੇ ਅਸੂਲ ਸਮਝਾਉਂਦੀ ਸੀ। ਲੁਈਜ਼ ਦੇ ਜਨਮ ਤੋਂ ਕੁਝ ਸਾਲਾਂ ਬਾਅਦ ਮੈਂ ਆਪ ਬੀਮਾਰ ਪੈ ਗਈ। ਮੈਨੂੰ ਇਕ ਨਹੀਂ, ਸਗੋਂ ਦੋ ਗੰਭੀਰ ਬੀਮਾਰੀਆਂ ਲੱਗ ਗਈਆਂ। ਫਿਰ ਗੈਰੀ 16 ਸਾਲਾਂ ਦੀ ਉਮਰ ਵਿਚ ਬੋਰਡਿੰਗ ਸਕੂਲ ਤੋਂ ਵਾਪਸ ਘਰ ਆ ਗਿਆ। ਪਰ ਉਸ ਦੀ ਅੱਖਾਂ ਦੀ ਰੌਸ਼ਨੀ ਦਿਨ-ਬਦਿਨ ਘੱਟਦੀ ਜਾ ਰਹੀ ਸੀ ਅਤੇ 1975 ਵਿਚ ਉਸ ਨੂੰ ਦਿੱਸਣਾ ਬਿਲਕੁਲ ਬੰਦ ਹੋ ਗਿਆ। ਇਕ ਦਿਨ 1977 ਵਿਚ ਮੇਰੇ ਪਤੀ ਸਾਨੂੰ ਛੱਡ ਕੇ ਚਲੇ ਗਏ।

ਗੈਰੀ ਦੇ ਘਰ ਵਾਪਸ ਆਉਣ ਤੋਂ ਜਲਦੀ ਬਾਅਦ ਅਸੀਂ ਮੰਡਲੀ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਨ ਲੱਗ ਪਏ ਅਤੇ ਮੇਰਾ ਬਪਤਿਸਮਾ 1974 ਵਿਚ ਹੋ ਗਿਆ। ਇਕ ਬਜ਼ੁਰਗ ਨੇ ਗੈਰੀ ਦੀ ਮਦਦ ਕੀਤੀ ਕਿ ਉਹ ਅੱਲ੍ਹੜ ਉਮਰ ਵਿਚ ਆਪਣੇ ਸਰੀਰ ਵਿਚ ਹੁੰਦੀਆਂ ਤਬਦੀਲੀਆਂ ਨੂੰ ਸਮਝ ਸਕੇ। ਮੈਂ ਉਸ ਭਰਾ ਦੀ ਬਹੁਤ ਸ਼ੁਕਰਗੁਜ਼ਾਰ ਹਾਂ। ਕਈ ਭੈਣ-ਭਰਾ ਮੇਰੇ ਘਰ ਦੇ ਕੰਮਾਂ ਵਿਚ ਮੇਰਾ ਹੱਥ ਵਟਾਉਂਦੇ ਸਨ। ਸਾਨੂੰ ਉਦੋਂ ਕਿੰਨੀ ਖ਼ੁਸ਼ੀ ਹੋਈ ਜਦੋਂ ਸਰਕਾਰ ਨੇ ਉਨ੍ਹਾਂ ਵਿੱਚੋਂ ਪੰਜ ਭੈਣਾਂ-ਭਰਾਵਾਂ ਨੂੰ ਸਾਡੀ ਦੇਖ-ਭਾਲ ਕਰਨ ਦੀ ਨੌਕਰੀ ਦਿੱਤੀ। ਇਹ ਸਾਡੇ ਲਈ ਕਿੰਨੀ ਵੱਡੀ ਬਰਕਤ ਸੀ!

ਗੈਰੀ ਸੱਚਾਈ ਵਿਚ ਤਰੱਕੀ ਕਰਦਾ ਗਿਆ ਅਤੇ 1982 ਵਿਚ ਉਸ ਨੇ ਬਪਤਿਸਮਾ ਲੈ ਲਿਆ। ਉਸ ਦੀ ਦਿਲੀ ਇੱਛਾ ਸੀ ਕਿ ਉਹ ਔਗਜ਼ੀਲਰੀ ਪਾਇਨੀਅਰਿੰਗ ਕਰੇ। ਇਸ ਲਈ ਮੈਂ ਵੀ ਉਸ ਨਾਲ ਔਗਜ਼ੀਲਰੀ ਪਾਇਨੀਅਰਿੰਗ ਕਰਨ ਦਾ ਫ਼ੈਸਲਾ ਕੀਤਾ। ਕਾਫ਼ੀ ਸਾਲਾਂ ਤਕ ਮੈਂ ਇੱਦਾਂ ਕਰਦੀ ਰਹੀ। ਗੈਰੀ ਉਦੋਂ ਬਹੁਤ ਖ਼ੁਸ਼ ਹੋਇਆ ਜਦੋਂ ਇਕ ਦਿਨ ਸਰਕਟ ਓਵਰਸੀਅਰ ਨੇ ਉਸ ਨੂੰ ਪੁੱਛਿਆ: “ਗੈਰੀ  ਤੂੰ ਰੈਗੂਲਰ ਪਾਇਨੀਅਰ ਕਿਉਂ ਨਹੀਂ ਬਣ ਜਾਂਦਾ?” ਗੈਰੀ ਨੂੰ ਬਸ ਇਸੇ ਹੌਸਲੇ ਦੀ ਲੋੜ ਸੀ ਤੇ ਉਹ 1990 ਵਿਚ ਰੈਗੂਲਰ ਪਾਇਨੀਅਰ ਬਣ ਗਿਆ।

ਗੈਰੀ ਦੇ ਲੱਕ ਦੇ ਦੋ ਵੱਡੇ ਓਪਰੇਸ਼ਨ ਹੋਏ, ਪਹਿਲਾਂ 1999 ਵਿਚ ਤੇ ਦੂਜਾ 2008 ਵਿਚ। ਪਰ ਲੁਈਜ਼ ਦੀ ਸਿਹਤ ਗੈਰੀ ਨਾਲੋਂ ਵੀ ਕਿਤੇ ਜ਼ਿਆਦਾ ਖ਼ਰਾਬ ਸੀ। ਉਹ ਜਨਮ ਤੋਂ ਹੀ ਅੰਨ੍ਹੀ ਸੀ ਅਤੇ ਜਦੋਂ ਮੈਂ ਉਸ ਦੇ ਪੈਰ ’ਤੇ ਇਕ ਵਾਧੂ ਉਂਗਲ ਦੇਖੀ, ਤਾਂ ਮੈਨੂੰ ਪਤਾ ਲੱਗ ਗਿਆ ਕਿ ਉਸ ਨੂੰ ਵੀ ਐੱਲ. ਐੱਮ. ਬੀ. ਬੀ. ਨਾਂ ਦੀ ਬੀਮਾਰੀ ਹੈ। ਡਾਕਟਰਾਂ ਨੇ ਦੱਸਿਆ ਕਿ ਉਸ ਦੇ ਕਈ ਅੰਦਰੂਨੀ ਅੰਗਾਂ ਵਿਚ ਗੰਭੀਰ ਨੁਕਸ ਹਨ। ਸਾਲਾਂ ਦੌਰਾਨ ਉਸ ਦੇ ਕਈ ਵੱਡੇ-ਵੱਡੇ ਓਪਰੇਸ਼ਨ ਹੋਏ ਜਿਸ ਵਿਚ ਪੰਜ ਓਪਰੇਸ਼ਨ ਕਿਡਨੀ ਦੇ ਸਨ। ਗੈਰੀ ਵਾਂਗ ਉਸ ਨੂੰ ਵੀ ਸ਼ੂਗਰ ਦੀ ਬੀਮਾਰੀ ਹੈ।

ਲੁਈਜ਼ ਨੂੰ ਪਤਾ ਹੈ ਕਿ ਹਰ ਓਪਰੇਸ਼ਨ ਦੌਰਾਨ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਇਸ ਲਈ ਉਹ ਕਿਸੇ ਵੀ ਓਪਰੇਸ਼ਨ ਤੋਂ ਪਹਿਲਾਂ ਹੀ ਡਾਕਟਰਾਂ-ਨਰਸਾਂ ਨਾਲ ਗੱਲ ਕਰਦੀ ਹੈ। ਉਹ ਉਨ੍ਹਾਂ ਨੂੰ ਸਮਝਾਉਂਦੀ ਹੈ ਕਿ ਉਸ ਨੇ ਖ਼ੂਨ ਲਏ ਬਗੈਰ ਇਲਾਜ ਕਰਾਉਣ ਦਾ ਫ਼ੈਸਲਾ ਕਿਉਂ ਕੀਤਾ ਹੈ। ਇਸ ਕਾਰਨ ਹਸਪਤਾਲ ਵਿਚ ਉਸ ਦੀ ਦੇਖ-ਭਾਲ ਕਰਨ ਵਾਲਿਆਂ ਨਾਲ ਚੰਗੀ ਬਣੀ ਹੋਈ ਹੈ।

ਮੁਸ਼ਕਲਾਂ ਦੇ ਬਾਵਜੂਦ ਖ਼ੁਸ਼

ਸਾਡਾ ਛੋਟਾ ਜਿਹਾ ਪਰਿਵਾਰ ਯਹੋਵਾਹ ਦੀ ਭਗਤੀ ਵਿਚ ਰੁੱਝਾ ਰਹਿੰਦਾ ਹੈ। ਪਹਿਲਾਂ ਮੈਂ ਕਈ-ਕਈ ਘੰਟੇ ਗੈਰੀ ਤੇ ਲੁਈਜ਼ ਨੂੰ ਬਾਈਬਲ ਤੇ ਹੋਰ ਪ੍ਰਕਾਸ਼ਨ ਪੜ੍ਹ ਕੇ ਸੁਣਾਉਂਦੀ ਹੁੰਦੀ ਸੀ। ਪਰ ਹੁਣ ਸੀ. ਡੀ. ਤੇ ਡੀ. ਵੀ. ਡੀ. ਅਤੇ www.jw.org ਦੀ ਮਦਦ ਨਾਲ ਅਸੀਂ ਆਪੋ-ਆਪਣੀ ਬਾਈਬਲ ਸਟੱਡੀ ਵੱਖ-ਵੱਖ ਸਮਿਆਂ ਤੇ ਕਰ ਸਕਦੇ ਹਾਂ। ਹੁਣ ਸਾਡੇ ਲਈ ਮੀਟਿੰਗਾਂ ਵਿਚ ਜਵਾਬ ਦੇਣੇ ਵੀ ਆਸਾਨ ਹੋ ਗਏ ਹਨ।

ਅਸੀਂ ਯਹੋਵਾਹ ਦਾ ਲੱਖ-ਲੱਖ ਸ਼ੁਕਰ ਕਰਦੇ ਹਾਂ ਕਿ ਉਸ ਨੇ ਸਾਨੂੰ ਆਪਣੇ ਬਚਨ ਵਿੱਚੋਂ ਸੱਚਾਈ ਸਿਖਾਈ ਹੈ!

ਗੈਰੀ ਆਪਣੇ ਜਵਾਬ ਕਦੇ-ਕਦੇ ਯਾਦ ਕਰ ਲੈਂਦਾ ਹੈ ਅਤੇ ਜੇ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਉਸ ਦਾ ਭਾਸ਼ਣ ਹੋਵੇ, ਤਾਂ ਉਹ ਆਪਣੇ ਹੀ ਸ਼ਬਦਾਂ ਵਿਚ ਦੇ ਸਕਦਾ ਹੈ। ਉਹ 1995 ਵਿਚ ਸਹਾਇਕ ਸੇਵਕ ਬਣਿਆ ਅਤੇ ਹਮੇਸ਼ਾ ਕਿੰਗਡਮ ਹਾਲ ਦੇ ਕੰਮਾਂ ਵਿਚ ਬਿਜ਼ੀ ਰਹਿੰਦਾ ਹੈ। ਉਹ ਮੀਟਿੰਗਾਂ ਵਿਚ ਭੈਣਾਂ-ਭਰਾਵਾਂ ਦਾ ਸੁਆਗਤ ਕਰਦਾ ਹੈ ਅਤੇ ਸਾਊਂਡ ਸਿਸਟਮ ਨੂੰ ਚਲਾਉਣ ਵਿਚ ਮਦਦ ਕਰਦਾ ਹੈ।

ਗਠੀਏ ਕਰਕੇ ਗੈਰੀ ਨੂੰ ਵੀਲ੍ਹਚੇਅਰ ਵਰਤਣੀ ਪੈਂਦੀ ਹੈ ਤੇ ਭੈਣ-ਭਰਾ ਉਸ ਨੂੰ ਪ੍ਰਚਾਰ ਵਿਚ ਲੈ ਜਾਂਦੇ ਹਨ। ਇਕ ਭਰਾ ਦੀ ਮਦਦ ਨਾਲ ਗੈਰੀ ਇਕ ਆਦਮੀ ਨਾਲ ਬਾਈਬਲ ਦੀ ਸਟੱਡੀ ਸ਼ੁਰੂ ਕਰ ਸਕਿਆ। ਉਸ ਨੇ ਇਕ ਭੈਣ ਨੂੰ ਵੀ ਹੌਸਲਾ ਦਿੱਤਾ ਜਿਸ ਨੇ 25 ਸਾਲ ਪਹਿਲਾਂ ਸੱਚਾਈ ਛੱਡ ਦਿੱਤੀ ਸੀ। ਹੁਣ ਇਹ ਦੋਵੇਂ ਜਣੇ ਮੀਟਿੰਗਾਂ ਵਿਚ ਆਉਂਦੇ ਹਨ।

ਲੁਈਜ਼ ਨੇ ਨੌਂ ਸਾਲਾਂ ਦੀ ਉਮਰ ਵਿਚ ਆਪਣੀ ਨਾਨੀ ਤੋਂ ਬੁਣਤੀ ਸਿੱਖੀ ਅਤੇ ਮੈਂ ਤੇ ਇਕ ਹੋਰ ਭੈਣ ਨੇ ਉਸ ਨੂੰ ਕਢਾਈ ਕਰਨੀ ਸਿਖਾਈ। ਉਸ ਨੂੰ ਸਿਲਾਈ ਕਰ ਕੇ ਇੰਨਾ ਮਜ਼ਾ ਆਉਂਦਾ ਹੈ ਕਿ ਉਹ ਛੋਟੇ ਬੱਚਿਆਂ ਲਈ ਤੇ ਹੋਰ ਬਜ਼ੁਰਗ ਭੈਣਾਂ-ਭਰਾਵਾਂ ਲਈ ਰੰਗ-ਬਿਰੰਗੇ ਕੰਬਲ ਬਣਾਉਂਦੀ ਹੈ। ਉਹ ਛੋਟੀਆਂ-ਛੋਟੀਆਂ ਤਸਵੀਰਾਂ ਵਾਲੇ ਕਾਰਡ ਵੀ ਬਣਾਉਂਦੀ ਹੈ। ਜਿਨ੍ਹਾਂ ਨੂੰ ਵੀ ਇਹ ਕਾਰਡ ਮਿਲਦੇ ਹਨ ਉਹ ਇਨ੍ਹਾਂ ਨੂੰ ਦੇਖ ਕੇ ਖ਼ੁਸ਼ ਹੁੰਦੇ ਹਨ। ਲੁਈਜ਼ ਨੇ 13-14 ਸਾਲ ਦੀ ਉਮਰ ਵਿਚ ਟਾਈਪਿੰਗ ਕਰਨੀ ਸਿੱਖੀ ਸੀ। ਹੁਣ ਉਹ ਖ਼ਾਸ ਕੰਪਿਊਟਰ ਦੀ ਮਦਦ ਨਾਲ ਆਪਣੇ ਦੋਸਤਾਂ ਨੂੰ ਈ-ਮੇਲ ਭੇਜਦੀ ਹੈ। ਉਸ ਦਾ ਬਪਤਿਸਮਾ 17 ਸਾਲ ਦੀ ਉਮਰ ਵਿਚ ਹੋਇਆ। ਸਾਨੂੰ ਦੋਵਾਂ ਨੂੰ ਸਾਲ ਦੇ ਖ਼ਾਸ ਮੌਕਿਆਂ ’ਤੇ ਔਗਜ਼ੀਲਰੀ ਪਾਇਨੀਅਰਿੰਗ ਕਰ ਕੇ ਖ਼ੁਸ਼ੀ ਹੁੰਦੀ ਹੈ। ਗੈਰੀ ਵਾਂਗ ਉਸ ਨੇ ਵੀ ਕੁਝ ਆਇਤਾਂ ਮੂੰਹ-ਜ਼ਬਾਨੀ ਯਾਦ ਕੀਤੀਆਂ ਹਨ। ਉਹ ਪੱਕੀ ਨਿਹਚਾ ਨਾਲ ਲੋਕਾਂ ਨੂੰ ਪਰਮੇਸ਼ੁਰ ਦੇ ਵਾਅਦਿਆਂ ਬਾਰੇ ਦੱਸਦੀ ਹੈ ਜਦੋਂ ਨਵੀਂ ਦੁਨੀਆਂ ਵਿਚ “ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ” ਤੇ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।”—ਯਸਾ. 33:24; 35:5.

ਅਸੀਂ ਯਹੋਵਾਹ ਦਾ ਲੱਖ-ਲੱਖ ਸ਼ੁਕਰ ਕਰਦੇ ਹਾਂ ਕਿ ਉਸ ਨੇ ਸਾਨੂੰ ਆਪਣੇ ਬਚਨ ਵਿੱਚੋਂ ਸੱਚਾਈ ਸਿਖਾਈ ਹੈ! ਅਸੀਂ ਮੰਡਲੀ ਦੇ ਭੈਣਾਂ-ਭਰਾਵਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਦੀ ਮਦਦ ਨਾਲ ਅਸੀਂ ਯਹੋਵਾਹ ਦੀ ਸੇਵਾ ਵੱਧ-ਚੜ੍ਹ ਕੇ ਕਰ ਪਾਏ ਹਾਂ। ਸਭ ਤੋਂ ਵਧ ਅਸੀਂ ਯਹੋਵਾਹ ਦੀ ਮਦਦ ਸਦਕਾ ਮੁਸ਼ਕਲਾਂ ਦੇ ਬਾਵਜੂਦ ਖ਼ੁਸ਼ ਰਹਿ ਸਕੇ ਹਾਂ।

^ ਪੇਰਗ੍ਰੈਫ 5 ਇਸ ਬੀਮਾਰੀ ਦਾ ਨਾਂ ਲਾਰੰਸ-ਮੂਨ-ਬਾਦੈ-ਬੀਡੈਲ (ਐੱਲ. ਐੱਮ. ਬੀ. ਬੀ.) ਹੈ। ਇਹ ਨਾਂ ਚਾਰ ਡਾਕਟਰਾਂ ਦੇ ਨਾਂ ’ਤੇ ਰੱਖਿਆ ਗਿਆ ਹੈ ਜਿਨ੍ਹਾਂ ਨੇ ਇਸ ਬੀਮਾਰੀ ਦਾ ਪਤਾ ਲਗਾਇਆ ਸੀ। ਇਹ ਬੀਮਾਰੀ ਇਕ ਬੱਚੇ ਨੂੰ ਉਦੋਂ ਲੱਗਦੀ ਹੈ ਜਦੋਂ ਮਾਤਾ-ਪਿਤਾ ਦੋਵਾਂ ਵਿਚ ਇਸ ਬੀਮਾਰੀ ਦੇ ਜੀਨ ਹੁੰਦੇ ਹਨ। ਅੱਜ ਇਸ ਨੂੰ ਬਾਦੈ-ਬੀਡੈਲ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਲਾਇਲਾਜ ਬੀਮਾਰੀ ਹੈ।