ਇਤਿਹਾਸ ਦੇ ਪੰਨਿਆਂ ਤੋਂ
ਉਹ “ਅਜ਼ਮਾਇਸ਼ ਦੀ ਘੜੀ” ਵਿਚ ਵਫ਼ਾਦਾਰ ਰਹੇ
1914 ਵਿਚ ਜਦ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ, ਤਾਂ ਪੂਰੀ ਦੁਨੀਆਂ ਨੂੰ ਪਤਾ ਲੱਗ ਗਿਆ ਕਿ ਬਾਈਬਲ ਸਟੂਡੈਂਟਸ ਲੜਾਈ ਵਿਚ ਹਿੱਸਾ ਨਹੀਂ ਲੈਂਦੇ। (ਯਸਾ. 2:2-4; ਯੂਹੰ. 18:36; ਅਫ਼. 6:12) ਉਸ ਵੇਲੇ ਇੰਗਲੈਂਡ ਵਿਚ ਪਰਮੇਸ਼ੁਰ ਦੇ ਸੇਵਕਾਂ ਨਾਲ ਕੀ ਹੋਇਆ ਸੀ?
ਹੈਨਰੀ ਹਡਸਨ
1916 ਵਿਚ ਇਕ ਕਾਨੂੰਨ ਪਾਸ ਕੀਤਾ ਗਿਆ ਕਿ 18-40 ਸਾਲਾਂ ਦੇ ਅਣਵਿਆਹੇ ਆਦਮੀਆਂ ਨੂੰ ਫ਼ੌਜ ਵਿਚ ਭਰਤੀ ਹੋਣਾ ਪਵੇਗਾ। ਪਰ ਕਾਨੂੰਨ ਵਿਚ ਉਨ੍ਹਾਂ ਲਈ ਵੀ ਪ੍ਰਬੰਧ ਕੀਤਾ ਗਿਆ ਜੋ “ਆਪਣੇ ਧਰਮ ਜਾਂ ਆਪਣੀ ਜ਼ਮੀਰ” ਕਰਕੇ ਲੜਾਈ ਵਿਚ ਹਿੱਸਾ ਨਹੀਂ ਲੈਣਾ ਚਾਹੁੰਦੇ ਸਨ। ਇਹ ਫ਼ੈਸਲਾ ਕਰਨ ਲਈ ਸਰਕਾਰ ਨੇ ਕਈ ਅਦਾਲਤਾਂ ਬਣਾਈਆਂ ਕਿ ਕਿਨ੍ਹਾਂ ਨੂੰ ਫ਼ੌਜ ਵਿਚ ਭਰਤੀ ਹੋਣਾ ਪਵੇਗਾ ਤੇ ਕਿਨ੍ਹਾਂ ਨੂੰ ਮੁਕਤ ਕੀਤਾ ਜਾਵੇਗਾ। ਨਾਲੇ ਮੁਕਤ ਕੀਤੇ ਜਾਣ ਵਾਲਿਆਂ ਤੋਂ ਕਿਹੜੇ ਕੰਮ ਕਰਵਾਏ ਜਾਣਗੇ।
ਥੋੜ੍ਹੇ ਹੀ ਸਮੇਂ ਵਿਚ ਕੁਝ 40 ਬਾਈਬਲ ਸਟੂਡੈਂਟਸ ਨੂੰ ਮਿਲਟਰੀ ਦੇ ਹਵਾਲੇ ਕਰ ਕੇ ਜੇਲ੍ਹ ਵਿਚ ਸੁੱਟਿਆ ਗਿਆ ਅਤੇ 8 ਭਰਾਵਾਂ ਨੂੰ ਫਰਾਂਸ ਵਿਚ ਲੜਾਈ ਦੇ ਮੈਦਾਨ ਵਿਚ ਭੇਜਿਆ ਗਿਆ। ਇਸ ਅਨਿਆਂ ਖ਼ਿਲਾਫ਼ ਇੰਗਲੈਂਡ ਦੇ ਭਰਾਵਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ਦੇ ਨਾਲ-ਨਾਲ ਇਕ ਅਰਜ਼ੀ ਭੇਜੀ ਜਿਸ ’ਤੇ 5,500 ਭੈਣਾਂ-ਭਰਾਵਾਂ ਨੇ ਦਸਤਖਤ ਕੀਤੇ ਸਨ।
ਫਿਰ ਖ਼ਬਰ ਆਈ ਕਿ ਫਰਾਂਸ ਵਿਚ ਭੇਜੇ ਗਏ ਅੱਠ ਭਰਾਵਾਂ ਨੂੰ ਲੜਾਈ ਵਿਚ ਹਿੱਸਾ ਲੈਣ ਤੋਂ ਇਨਕਾਰ ਕਰਨ ਕਰਕੇ ਗੋਲੀ ਮਾਰ ਦਿੱਤੀ ਜਾਵੇਗੀ। ਪਰ ਜਦ ਉਨ੍ਹਾਂ ਨੂੰ ਗੋਲੀ ਮਾਰਨ ਲਈ ਖੜ੍ਹਾ ਕੀਤਾ ਗਿਆ, ਤਾਂ ਅਚਾਨਕ ਉਨ੍ਹਾਂ ਦੀ ਸਜ਼ਾ ਬਦਲ ਕੇ ਉਨ੍ਹਾਂ ਨੂੰ ਦਸ ਸਾਲ ਦੀ ਕੈਦ ਸੁਣਾਈ ਗਈ। ਇਹ ਸਜ਼ਾ ਕੱਟਣ ਲਈ ਉਨ੍ਹਾਂ ਨੂੰ ਇੰਗਲੈਂਡ ਵਾਪਸ ਘੱਲ ਦਿੱਤਾ ਗਿਆ।
ਜੇਮਜ਼ ਫਰੈਡਰਿਕ ਸਕਾਟ
ਜਿੱਦਾਂ-ਜਿੱਦਾਂ ਯੁੱਧ ਚੱਲਦਾ ਰਿਹਾ ਵਿਆਹੇ ਆਦਮੀਆਂ ਨੂੰ ਵੀ ਭਰਤੀ ਕਰਨ ਦਾ ਕਾਨੂੰਨ ਪਾਸ ਕੀਤਾ ਗਿਆ। ਮਿਸਾਲ ਲਈ, ਇੰਗਲੈਂਡ ਦੇ ਮੈਨਚੈੱਸਟਰ ਸ਼ਹਿਰ ਵਿਚ ਹੈਨਰੀ ਹਡਸਨ ਦੇ ਖ਼ਿਲਾਫ਼ ਮੁਕੱਦਮਾ ਚਲਾਇਆ ਗਿਆ ਜੋ ਇਕ ਡਾਕਟਰ ਤੇ ਬਾਈਬਲ ਸਟੂਡੈਂਟ ਸੀ। ਅਦਾਲਤ ਨੇ 3 ਅਗਸਤ 1916 ਨੂੰ ਉਸ ਨੂੰ ਦੋਸ਼ੀ ਕਰਾਰ ਦਿੱਤਾ, ਜੁਰਮਾਨਾ ਭਰਨ ਲਈ ਕਿਹਾ ਅਤੇ ਮਿਲਟਰੀ ਦੇ ਹਵਾਲੇ ਕਰ ਦਿੱਤਾ। ਉਸ ਸਮੇਂ ਦੌਰਾਨ ਇਕ ਹੋਰ ਮੁਕੱਦਮਾ ਸਕਾਟਲੈਂਡ ਦੇ ਐਡਿਨਬਰਾ ਸ਼ਹਿਰ ਵਿਚ ਚੱਲ ਰਿਹਾ ਸੀ। ਪਰ ਇਸ ਵਾਰ 25 ਸਾਲਾਂ ਦੇ ਪਾਇਨੀਅਰ ਭਰਾ ਜੇਮਜ਼ ਫਰੈਡਰਿਕ ਸਕਾਟ ਨੂੰ ਬੇਕਸੂਰ ਮੰਨਿਆ ਗਿਆ। ਪਹਿਲਾਂ ਸਰਕਾਰ ਨੇ ਇਸ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ, ਪਰ ਫਿਰ ਸਰਕਾਰ ਨੇ ਆਪਣਾ ਧਿਆਨ ਇਕ ਹੋਰ ਮੁਕੱਦਮੇ ਵੱਲ ਲਾਇਆ ਜੋ ਲੰਡਨ ਵਿਚ ਹਰਬਰਟ ਕਿੱਪਸ ਦੇ ਖ਼ਿਲਾਫ਼ ਚੱਲ ਰਿਹਾ ਸੀ। ਇਸ ਭਰਾ ਨੂੰ ਦੋਸ਼ੀ ਪਾਇਆ ਗਿਆ, ਜੁਰਮਾਨਾ ਲਾਇਆ ਗਿਆ ਤੇ ਉਸ ਨੂੰ ਵੀ ਮਿਲਟਰੀ ਦੇ ਹਵਾਲੇ ਕਰ ਦਿੱਤਾ ਗਿਆ।
ਸਤੰਬਰ 1916 ਤਕ 264 ਭਰਾਵਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਫ਼ੌਜ ਵਿਚ ਭਰਤੀ ਨਾ ਕੀਤਾ ਜਾਵੇ। ਇਨ੍ਹਾਂ ਵਿੱਚੋਂ 5 ਭਰਾਵਾਂ ਨੂੰ ਮੁਕਤ ਕੀਤਾ ਗਿਆ, 154 ਭਰਾਵਾਂ ਨੂੰ ਸਖ਼ਤ ਮਿਹਨਤ ਕਰਨ ਦੀ ਸਜ਼ਾ ਦਿੱਤੀ ਗਈ, 23 ਭਰਾਵਾਂ ਨੂੰ ਫ਼ੌਜ ਵਿਚ ਹੋਰ ਡਿਊਟੀਆਂ ਦਿੱਤੀਆਂ ਗਈਆਂ, 82 ਭਰਾਵਾਂ ਨੂੰ ਮਿਲਟਰੀ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਕੁਝ ਨੂੰ ਕੈਦ ਵਿਚ ਸੁੱਟ ਦਿੱਤਾ ਗਿਆ। ਜਨਤਾ ਨੇ ਇਸ ਬਦਸਲੂਕੀ ਦੇ ਖ਼ਿਲਾਫ਼ ਆਵਾਜ਼ ਉਠਾਈ ਜਿਸ ਕਰਕੇ ਸਰਕਾਰ ਨੇ ਭਰਾਵਾਂ ਨੂੰ ਫ਼ੌਜੀ ਜੇਲ੍ਹਾਂ ਵਿੱਚੋਂ ਕੱਢ ਕੇ ਕੈਂਪਾਂ ਵਿਚ ਭੇਜਿਆ ਜਿੱਥੇ ਉਨ੍ਹਾਂ ਤੋਂ ਮਜ਼ਦੂਰੀ ਕਰਵਾਈ ਗਈ।
ਪਰਾਈਸ ਹਿਊਜ਼
ਐਡਗਰ ਕਲੇ ਅਤੇ ਪਰਾਈਸ ਹਿਊਜ਼ (ਜੋ ਬਾਅਦ ਵਿਚ ਇੰਗਲੈਂਡ ਬੈਥਲ ਦਾ ਬ੍ਰਾਂਚ ਓਵਰਸੀਅਰ ਬਣਿਆ) ਨੇ ਵੇਲਜ਼ ਵਿਚ ਇਕ ਡੈਮ ’ਤੇ ਕੰਮ ਕੀਤਾ। ਫਰਾਂਸ ਨੂੰ ਭੇਜੇ ਗਏ ਅੱਠਾਂ ਭਰਾਵਾਂ ਵਿੱਚੋਂ ਇਕ ਭਰਾ ਸੀ ਹਰਬਰਟ ਸੀਨੀਅਰ। ਇੰਗਲੈਂਡ ਵਿਚ ਉਸ ਨੂੰ ਯਾਰਕਸ਼ਰ ਦੀ ਵੈਕਫੀਲਡ ਜੇਲ੍ਹ ਘੱਲਿਆ ਗਿਆ। ਹੋਰਨਾਂ ਭਰਾਵਾਂ ਨੂੰ ਡਾਰਟਮੂਰ ਦੇ ਜੇਲ੍ਹਖਾਨੇ ਵਿਚ ਮਜ਼ਦੂਰੀ ਕਰਨ ਲਈ ਭੇਜਿਆ ਗਿਆ ਜਿੱਥੇ ਹਾਲਾਤ ਬਹੁਤ ਹੀ ਖ਼ਰਾਬ ਸਨ। ਇਸ ਜੇਲ੍ਹ ਵਿਚ ਉਨ੍ਹਾਂ ਲੋਕਾਂ ਦੀ ਸਭ ਤੋਂ ਵੱਡੀ ਗਿਣਤੀ ਸੀ ਜਿਨ੍ਹਾਂ ਨੇ ਮਿਲਟਰੀ ਸੇਵਾ ਕਰਨ ਤੋਂ ਇਨਕਾਰ ਕੀਤਾ ਸੀ।
ਭਾਵੇਂ ਫ਼ਰੈਂਕ ਪਲੈਟ ਇਕ ਬਾਈਬਲ ਸਟੂਡੈਂਟ ਸੀ ਜਿਸ ਨੇ ਲੜਾਈ ਵਿਚ ਹਿੱਸਾ ਲੈਣ ਤੋਂ ਮਨ੍ਹਾ ਕੀਤਾ, ਪਰ ਉਸ ਨੂੰ ਜ਼ਬਰਦਸਤੀ ਲੜਾਈ ਵਿਚ ਭੇਜਿਆ ਗਿਆ ਜਿੱਥੇ ਉਸ ’ਤੇ ਜ਼ੁਲਮ ਢਾਹੇ ਗਏ ਤੇ ਅਤਿਆਚਾਰ ਕੀਤੇ ਗਏ। ਐਟਕਿੰਸਨ ਪੈਜਤ ਨੇ ਫ਼ੌਜ ਵਿਚ ਭਰਤੀ ਹੋਣ ਤੋਂ ਬਾਅਦ ਹੀ ਸੱਚਾਈ ਸਿੱਖੀ ਸੀ। ਉਸ ਨਾਲ ਵੀ ਮਿਲਟਰੀ ਅਧਿਕਾਰੀ ਬੇਰਹਿਮੀ ਨਾਲ ਪੇਸ਼ ਆਏ ਜਦ ਉਸ ਨੇ ਲੜਾਈ ਵਿਚ ਹਿੱਸਾ ਲੈਣ ਤੋਂ ਇਨਕਾਰ ਕੀਤਾ ਸੀ।
ਹਰਬਰਟ ਸੀਨੀਅਰ
ਭਾਵੇਂ ਲਗਭਗ 100 ਸਾਲ ਪਹਿਲਾਂ ਸਾਡੇ ਭਰਾਵਾਂ ਨੂੰ ਇਸ ਬਾਰੇ ਪੂਰੀ ਸਮਝ ਨਹੀਂ ਸੀ ਕਿ ਲੜਾਈਆਂ ਦੇ ਸੰਬੰਧ ਵਿਚ ਨਿਰਪੱਖ ਹੋਣ ਦਾ ਕੀ ਮਤਲਬ ਹੈ, ਫਿਰ ਵੀ ਉਨ੍ਹਾਂ ਨੇ ਯਹੋਵਾਹ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਲੇਖ ਵਿਚ ਜਿਨ੍ਹਾਂ ਭਰਾਵਾਂ ਦੇ ਨਾਂ ਦੱਸੇ ਗਏ ਹਨ ਉਹ “ਅਜ਼ਮਾਇਸ਼ ਦੀ ਘੜੀ” ਵਿਚ ਵਫ਼ਾਦਾਰ ਰਹੇ ਤੇ ਇਸ ਤਰ੍ਹਾਂ ਉਨ੍ਹਾਂ ਨੇ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ। (ਪ੍ਰਕਾ. 3:10)—ਇੰਗਲੈਂਡ ਵਿਚ ਸਾਡੇ ਇਤਿਹਾਸਕ ਰਿਕਾਰਡ ਤੋਂ।