Skip to content

Skip to table of contents

 ਜੀਵਨੀ

ਬਰਫ਼ੀਲੇ ਇਲਾਕੇ ਵਿਚ 50 ਸਾਲਾਂ ਤੋਂ ਕੀਤੀ ਪਾਇਨੀਅਰ ਸੇਵਾ

ਬਰਫ਼ੀਲੇ ਇਲਾਕੇ ਵਿਚ 50 ਸਾਲਾਂ ਤੋਂ ਕੀਤੀ ਪਾਇਨੀਅਰ ਸੇਵਾ

ਅਸੀਂ ਆਪਣੀ ਸਹੇਲੀ ਨੂੰ ਕਿਹਾ: “ਤੇਰੇ ਲਈ ਤਾਂ ਪਾਇਨੀਅਰਿੰਗ ਕਰਨੀ ਸੌਖੀ ਹੈ ਕਿਉਂਕਿ ਤੇਰੇ ਮੰਮੀ-ਡੈਡੀ ਸੱਚਾਈ ਵਿਚ ਹਨ ਤੇ ਉਹ ਤੇਰੀ ਮਦਦ ਕਰ ਸਕਦੇ ਹਨ।” ਉਸ ਨੇ ਜਵਾਬ ਦਿੱਤਾ: “ਮੇਰੀ ਗੱਲ ਸੁਣੋ! ਸਾਡਾ ਸਾਰਿਆਂ ਦਾ ਪਿਤਾ ਯਹੋਵਾਹ ਹੈ।” ਉਸ ਦੀ ਗੱਲ ਵਿਚ ਦਮ ਸੀ: ਸਾਡਾ ਸਵਰਗੀ ਪਿਤਾ ਯਹੋਵਾਹ ਆਪਣੇ ਸੇਵਕਾਂ ਦੀ ਦੇਖ-ਭਾਲ ਕਰਦਾ ਹੈ ਅਤੇ ਉਨ੍ਹਾਂ ਨੂੰ ਤਾਕਤ ਦਿੰਦਾ ਹੈ। ਇਸ ਗੱਲ ਦਾ ਸਬੂਤ ਅਸੀਂ ਆਪਣੀ ਜ਼ਿੰਦਗੀ ਵਿਚ ਦੇਖਿਆ ਹੈ।

 ਸਾਡਾ ਜਨਮ ਉੱਤਰੀ ਓਸਤਰੋਬੋਥਨੀਯਾ, ਫਿਨਲੈਂਡ ਵਿਚ ਹੋਇਆ ਸੀ। ਅਸੀਂ 10 ਭੈਣ-ਭਰਾ ਸੀ ਅਤੇ ਸਾਡੇ ਮੰਮੀ-ਡੈਡੀ ਖੇਤੀ-ਬਾੜੀ ਕਰਦੇ ਸਨ। ਜਦੋਂ ਅਸੀਂ ਛੋਟੇ ਸੀ, ਤਾਂ ਉਸ ਵੇਲੇ ਦੂਜਾ ਵਿਸ਼ਵ ਯੁੱਧ ਚੱਲ ਰਿਹਾ ਸੀ। ਹਾਲਾਂਕਿ ਲੜਾਈ ਸਾਡੇ ਘਰ ਤੋਂ ਸੈਂਕੜੇ ਮੀਲ ਦੂਰ ਹੋ ਰਹੀ ਸੀ, ਪਰ ਉਸ ਵੇਲੇ ਦੇ ਖ਼ੌਫ਼ਨਾਕ ਹਾਲਾਤਾਂ ਬਾਰੇ ਜਾਣ ਕੇ ਅਸੀਂ ਬਹੁਤ ਦੁਖੀ ਸੀ। ਜਦੋਂ ਨੇੜੇ ਦੇ ਔਉਲੁ ਤੇ ਕਾਲਾਯੋਕੀ ਸ਼ਹਿਰਾਂ ਵਿਚ ਬੰਬਾਰੀ ਹੋਈ, ਤਾਂ ਸਾਨੂੰ ਇੱਦਾਂ ਲੱਗਾ ਜਿੱਦਾਂ ਰਾਤ ਨੂੰ ਆਸਮਾਨੋਂ ਅੱਗ ਵਰ੍ਹਦੀ ਹੋਵੇ। ਜਦੋਂ ਵੀ ਲੜਾਕੂ ਜਹਾਜ਼ ਸਾਡੇ ਸਿਰ ਉੱਪਰੋਂ ਦੀ ਲੰਘਦੇ ਸੀ, ਤਾਂ ਸਾਡੇ ਮਾਪੇ ਸਾਨੂੰ ਲੁਕਣ ਲਈ ਕਹਿੰਦੇ ਸੀ। ਇਕ ਦਿਨ ਸਾਡੇ ਵੱਡੇ ਭਰਾ ਤਾਉਨੋ ਨੇ ਸਾਨੂੰ ਦੱਸਿਆ ਕਿ ਪਰਮੇਸ਼ੁਰ ਇਸ ਧਰਤੀ ਨੂੰ ਸੋਹਣੀ ਬਣਾ ਕੇ ਦੁੱਖ-ਤਕਲੀਫ਼ਾਂ ਤੇ ਬੇਇਨਸਾਫ਼ੀ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ। ਇਹ ਗੱਲਾਂ ਸਾਡੇ ਦਿਲ ਨੂੰ ਛੂਹ ਗਈਆਂ।

ਤਾਉਨੋ ਨੇ 14 ਸਾਲ ਦੀ ਉਮਰ ਵਿਚ ਬਾਈਬਲ ਸਟੂਡੈਂਟਸ ਦੇ ਪ੍ਰਕਾਸ਼ਨ ਪੜ੍ਹ ਕੇ ਸੱਚਾਈ ਸਿੱਖੀ ਸੀ। ਉਸ ਨੇ ਦੂਜੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਤੇ ਫ਼ੌਜ ਵਿਚ ਭਰਤੀ ਹੋਣ ਤੋਂ ਮਨ੍ਹਾ ਕਰ ਦਿੱਤਾ ਸੀ ਕਿਉਂਕਿ ਲੜਾਈ ਵਿਚ ਹਿੱਸਾ ਲੈਣਾ ਬਾਈਬਲ ਦੇ ਖ਼ਿਲਾਫ਼ ਸੀ। ਇਸ ਕਾਰਨ ਉਸ ਨੂੰ ਜੇਲ੍ਹ ਹੋ ਗਈ ਅਤੇ ਉੱਥੇ ਉਸ ਨਾਲ ਬਹੁਤ ਬੁਰਾ ਸਲੂਕ ਕੀਤਾ ਗਿਆ। ਪਰ ਇਸ ਦੇ ਬਾਵਜੂਦ ਯਹੋਵਾਹ ’ਤੇ ਉਸ ਦੀ ਨਿਹਚਾ ਹੋਰ ਵੀ ਪੱਕੀ ਹੋ ਗਈ ਅਤੇ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਉਹ ਹੋਰ ਵੀ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਨ ਲੱਗ ਪਿਆ। ਸਾਡੇ ਭਰਾ ਦੀ ਵਧੀਆ ਮਿਸਾਲ ਨੇ ਸਾਨੂੰ ਮੀਟਿੰਗਾਂ ਵਿਚ ਜਾਣ ਲਈ ਉਕਸਾਇਆ ਜੋ ਕਿ ਨੇੜਲੇ ਪਿੰਡ ਵਿਚ ਹੁੰਦੀਆਂ ਸਨ। ਭਾਵੇਂ ਕਿ ਸੰਮੇਲਨਾਂ ਵਿਚ ਜਾਣ ਲਈ ਸਾਨੂੰ ਬੜੀ ਮਿਹਨਤ ਨਾਲ ਪੈਸੇ ਜੋੜਨੇ ਪੈਂਦੇ ਸਨ, ਪਰ ਅਸੀਂ ਫਿਰ ਵੀ ਜਾਂਦੀਆਂ ਹੁੰਦੀਆਂ ਸੀ। ਅਸੀਂ ਪਿਆਜ਼ ਉਗਾਉਂਦੀਆਂ ਤੇ ਰਸ-ਭਰੀਆਂ ਚੁਗਦੀਆਂ ਸੀ ਅਤੇ ਆਪਣੇ ਗੁਆਂਢੀਆਂ ਲਈ ਸਿਲਾਈ ਕਰਦੀਆਂ ਸੀ। ਸਾਨੂੰ ਖੇਤਾਂ ਵਿਚ ਕੰਮ ਕਰਨ ਤੋਂ ਇਲਾਵਾ ਫਾਰਮ ’ਤੇ ਵੀ ਕਈ ਕੰਮ ਕਰਨੇ ਪੈਂਦੇ ਸੀ ਜਿਸ ਕਰਕੇ ਅਸੀਂ ਦੋਵੇਂ ਭੈਣਾਂ ਇਕੱਠੀਆਂ ਸੰਮੇਲਨਾਂ ਵਿਚ ਨਹੀਂ ਜਾ ਸਕਦੀਆਂ ਸੀ। ਇਸ ਲਈ ਅਸੀਂ ਵਾਰੋ-ਵਾਰੀ ਸੰਮੇਲਨ ਜਾਂਦੀਆਂ ਹੁੰਦੀਆਂ ਸੀ।

ਖੱਬੇ ਤੋਂ ਸੱਜੇ: 1935 ਵਿਚ ਮੱਤੀ (ਪਿਤਾ), ਤਾਉਨੋ, ਸਇਮੀ, ਮਰੀਆ ਅਮੀਲੀਆ (ਮਾਤਾ), ਵੇਇਨ (ਗੋਦੀ ਵਿਚ), ਆਇਲੀ ਤੇ ਅਨੀਕੀ

ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਸਿੱਖ ਕੇ ਉਸ ਲਈ ਸਾਡਾ ਪਿਆਰ ਇੰਨਾ ਗੂੜ੍ਹਾ ਹੋ ਗਿਆ ਕਿ ਅਸੀਂ ਆਪਣੀ ਜ਼ਿੰਦਗੀ ਉਸ ਨੂੰ ਸੌਂਪ ਦਿੱਤੀ। 1947 ਵਿਚ ਅਨੀਕੀ ਨੇ 15 ਸਾਲ ਦੀ ਉਮਰ ਵਿਚ ਤੇ ਆਇਲੀ ਨੇ 17 ਸਾਲ ਦੀ ਉਮਰ ਵਿਚ ਬਪਤਿਸਮਾ ਲੈ ਲਿਆ। ਉਸੇ ਸਾਲ ਸਾਡੀ ਭੈਣ ਸਇਮੀ ਨੇ ਵੀ ਬਪਤਿਸਮਾ ਲਿਆ। ਅਸੀਂ ਆਪਣੀ ਭੈਣ ਲਿਨੇਆ ਨਾਲ ਵੀ ਸਟੱਡੀ ਕੀਤੀ ਜੋ ਪਹਿਲਾਂ ਹੀ ਵਿਆਹੀ ਹੋਈ ਸੀ। ਬਾਅਦ ਵਿਚ ਉਹ ਅਤੇ ਉਸ ਦਾ ਪਰਿਵਾਰ ਵੀ ਸੱਚਾਈ ਵਿਚ ਆ ਗਿਆ। ਬਪਤਿਸਮੇ ਤੋਂ ਬਾਅਦ ਅਸੀਂ ਪਾਇਨੀਅਰਿੰਗ ਕਰਨ ਦਾ ਟੀਚਾ ਬਣਾਇਆ ਅਤੇ ਸਮੇਂ-ਸਮੇਂ ਤੇ ਪਾਇਨੀਅਰਿੰਗ ਕੀਤੀ।

ਪੂਰੇ ਸਮੇਂ ਦੀ ਪਾਇਨੀਅਰ ਸੇਵਾ

ਖੱਬੇ ਤੋਂ ਸੱਜੇ: 1949 ਵਿਚ ਏੱਵਾ ਕਾਲੀਓ, ਸਇਮੀ ਮਤੀਲਾ-ਸਿਰੀਯੇਲੇ, ਆਇਲੀ, ਅਨੀਕੀ ਤੇ ਸਾਰਾ ਨੋਪੋਨਨ

1955 ਵਿਚ ਅਸੀਂ ਕੇਮੀ ਸ਼ਹਿਰ ਚਲੀਆਂ ਗਈਆਂ ਜੋ ਹੋਰ ਵੀ ਉੱਤਰ ਵੱਲ ਸੀ। ਹਾਲਾਂਕਿ ਅਸੀਂ ਦੋਵੇਂ ਭੈਣਾਂ ਫੁੱਲ-ਟਾਈਮ ਨੌਕਰੀ ਕਰਦੀਆਂ ਸੀ, ਫਿਰ ਵੀ ਸਾਡੀ ਦਿਲੀ ਤਮੰਨਾ ਸੀ ਕਿ ਅਸੀਂ ਪੂਰੇ ਸਮੇਂ ਦੀ ਪਾਇਨੀਅਰਿੰਗ ਕਰੀਏ। ਪਰ ਸਾਨੂੰ ਇਸ ਗੱਲ ਦਾ ਡਰ ਸੀ ਕਿ ਅਸੀਂ ਆਪਣਾ ਗੁਜ਼ਾਰਾ ਕਿਵੇਂ ਕਰਾਂਗੀਆਂ। ਅਸੀਂ ਸੋਚਿਆ ਕਿ ਸਾਨੂੰ ਪਹਿਲਾਂ ਕੁਝ ਪੈਸੇ ਜਮ੍ਹਾ ਕਰਨ ਦੀ ਲੋੜ ਹੈ। ਫਿਰ ਅਸੀਂ ਉਸ ਪਾਇਨੀਅਰ ਭੈਣ ਨਾਲ ਗੱਲ ਕੀਤੀ ਜਿਸ ਦਾ ਜ਼ਿਕਰ ਲੇਖ ਦੇ ਸ਼ੁਰੂ ਵਿਚ ਕੀਤਾ ਗਿਆ ਸੀ। ਉਸ ਨੇ ਸਾਡੀ ਇਹ ਸਮਝਣ ਵਿਚ ਮਦਦ ਕੀਤੀ ਕਿ ਅਸੀਂ ਪਾਇਨੀਅਰਿੰਗ ਸਿਰਫ਼ ਆਪਣੇ ਬਲਬੂਤੇ ’ਤੇ ਜਾਂ ਆਪਣੇ ਪਰਿਵਾਰ ਦੀ ਮਦਦ ਨਾਲ ਨਹੀਂ ਕਰ ਸਕਦੀਆਂ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਯਹੋਵਾਹ ’ਤੇ ਭਰੋਸਾ ਰੱਖੀਏ।

1952 ਵਿਚ ਸੰਮੇਲਨ ਨੂੰ ਜਾਂਦਿਆਂ, ਖੱਬੇ ਤੋਂ ਸੱਜੇ: ਅਨੀਕੀ, ਆਇਲੀ, ਏੱਵਾ ਕਾਲੀਓ

ਉਸ ਸਮੇਂ ਸਾਡੇ ਕੋਲ ਦੋ ਮਹੀਨਿਆਂ ਲਈ ਆਪਣਾ ਗੁਜ਼ਾਰਾ ਤੋਰਨ ਜੋਗੇ ਪੈਸੇ ਸਨ। ਭਾਵੇਂ ਕਿ ਅਸੀਂ ਥੋੜ੍ਹੀਆਂ ਜਿਹੀਆਂ ਪਰੇਸ਼ਾਨ ਸੀ,  ਫਿਰ ਵੀ ਅਸੀਂ ਮਈ 1957 ਵਿਚ ਦੋ ਮਹੀਨਿਆਂ ਲਈ ਲੈਪਲੈਂਡ ਦੇ ਪੈੱਲੋ ਸ਼ਹਿਰ ਵਿਚ ਪਾਇਨੀਅਰਿੰਗ ਕਰਨ ਦਾ ਫਾਰਮ ਭਰ ਦਿੱਤਾ। ਇਹ ਬਰਫ਼ੀਲਾ ਇਲਾਕਾ ਹੋਰ ਵੀ ਉੱਤਰ ਵੱਲ ਸੀ। ਦੋ ਮਹੀਨਿਆਂ ਬਾਅਦ ਅਜੇ ਵੀ ਸਾਡੇ ਕੋਲ ਜਮ੍ਹਾ ਕੀਤੇ ਹੋਏ ਪੈਸੇ ਸਨ। ਇਸ ਲਈ ਅਸੀਂ ਦੋ ਹੋਰ ਮਹੀਨਿਆਂ ਲਈ ਪਾਇਨੀਅਰਿੰਗ ਦਾ ਫਾਰਮ ਭਰ ਦਿੱਤਾ। ਜਦੋਂ ਅਸੀਂ ਦੇਖਿਆ ਕਿ ਦੋ ਮਹੀਨਿਆਂ ਬਾਅਦ ਅਜੇ ਵੀ ਸਾਡੇ ਪੈਸੇ ਖ਼ਤਮ ਨਹੀਂ ਹੋਏ, ਤਾਂ ਸਾਨੂੰ ਪੂਰਾ ਯਕੀਨ ਹੋ ਗਿਆ ਕਿ ਯਹੋਵਾਹ ਸਾਡੀ ਦੇਖ-ਭਾਲ ਕਰਦਾ ਰਹੇਗਾ। 50 ਸਾਲ ਪਾਇਨੀਅਰਿੰਗ ਕਰਨ ਤੋਂ ਬਾਅਦ ਅਜੇ ਵੀ ਸਾਡੇ ਪੈਸੇ ਖ਼ਤਮ ਨਹੀਂ ਹੋਏ! ਉਸ ਸਮੇਂ ਨੂੰ ਯਾਦ ਕਰ ਕੇ ਸਾਨੂੰ ਇੱਦਾਂ ਲੱਗਦਾ ਹੈ ਕਿ ਯਹੋਵਾਹ ਸਾਡਾ ਹੱਥ ਫੜ ਕੇ ਕਹਿ ਰਿਹਾ ਸੀ: ‘ਨਾ ਡਰੋ, ਮੈਂ ਤੁਹਾਡੀ ਸਹਾਇਤਾ ਕਰਾਂਗਾ।’​—ਯਸਾ. 41:13.

50 ਸਾਲ ਪਾਇਨੀਅਰਿੰਗ ਕਰਨ ਤੋਂ ਬਾਅਦ ਅਜੇ ਵੀ ਸਾਡੇ ਪੈਸੇ ਖ਼ਤਮ ਨਹੀਂ ਹੋਏ!

ਪ੍ਰਚਾਰ ਵਿਚ ਕਾਈਸੁ ਰੇਈਕੋ ਅਤੇ ਆਇਲੀ

1958 ਵਿਚ ਸਾਡੇ ਸਰਕਟ ਓਵਰਸੀਅਰ ਨੇ ਸਾਨੂੰ ਲੈਪਲੈਂਡ ਦੇ ਸੋਡਾਨਕੁਲੈ ਇਲਾਕੇ ਵਿਚ ਸਪੈਸ਼ਲ ਪਾਇਨੀਅਰਾਂ ਵਜੋਂ ਸੇਵਾ ਕਰਨ ਦਾ ਮਸ਼ਵਰਾ ਦਿੱਤਾ। ਉਸ ਸਮੇਂ ਉੱਥੇ ਸਿਰਫ਼ ਇਕ ਭੈਣ ਰਹਿੰਦੀ ਸੀ ਜਿਸ ਨੂੰ ਸੱਚਾਈ ਬੜੇ ਹੀ ਦਿਲਚਸਪ ਢੰਗ ਨਾਲ ਮਿਲੀ ਸੀ। ਹੋਇਆ ਇੱਦਾਂ ਕਿ ਉਸ ਦਾ ਬੇਟਾ ਆਪਣੀ ਕਲਾਸ ਨਾਲ ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ ਗਿਆ ਹੋਇਆ ਸੀ। ਜਦੋਂ ਸਾਰੀ ਕਲਾਸ ਸ਼ਹਿਰ ਵਿਚ ਘੁੰਮ ਰਹੀ ਸੀ, ਤਾਂ ਇਕ ਬਜ਼ੁਰਗ ਭੈਣ ਨੇ ਉਸ ਨੂੰ ਇਕ ਪਹਿਰਾਬੁਰਜ ਦਿੱਤਾ ਅਤੇ ਕਿਹਾ: ‘ਆਪਣੀ ਮੰਮੀ ਨੂੰ ਦੇ ਦੇਈਂ।’ ਉਸ ਮੁੰਡੇ ਨੇ ਆਪਣੀ ਮੰਮੀ ਨੂੰ ਮੈਗਜ਼ੀਨ ਦਿੱਤਾ। ਇਸ ਨੂੰ ਪੜ੍ਹ ਕੇ ਉਸ ਤੀਵੀਂ ਨੂੰ ਝੱਟ ਹੀ ਪਤਾ ਲੱਗ ਗਿਆ ਕਿ ਇਹ ਸੱਚਾਈ ਹੈ।

ਅਸੀਂ ਇਕ ਕਮਰਾ ਕਿਰਾਏ ’ਤੇ ਲਿਆ ਜੋ ਇਕ ਲੱਕੜ ਦੇ ਕਾਰਖ਼ਾਨੇ ਦੇ ਉੱਪਰ ਸੀ। ਅਸੀਂ ਇੱਥੇ ਮੀਟਿੰਗਾਂ ਵੀ ਕੀਤੀਆਂ। ਪਹਿਲਾਂ-ਪਹਿਲਾਂ ਮੀਟਿੰਗਾਂ ਵਿਚ ਸਾਡੇ ਨਾਲ ਇਕ ਭੈਣ ਤੇ ਉਸ ਦੀ ਧੀ ਹੁੰਦੀਆਂ ਸੀ। ਅਸੀਂ ਇਕੱਠੀਆਂ ਬੈਠ ਕੇ ਉਹ ਪ੍ਰਕਾਸ਼ਨ ਪੜ੍ਹ ਲੈਂਦੀਆਂ ਸੀ ਜੋ ਉਸ ਹਫ਼ਤੇ ਮੀਟਿੰਗਾਂ ਵਿਚ ਪੜ੍ਹੇ ਜਾਣੇ ਸਨ। ਬਾਅਦ ਵਿਚ ਇਕ ਆਦਮੀ ਕਾਰਖ਼ਾਨੇ ਵਿਚ ਕੰਮ ਕਰਨ ਲੱਗਾ ਜਿਸ ਨੇ ਪਹਿਲਾਂ ਗਵਾਹਾਂ ਨਾਲ ਸਟੱਡੀ ਕੀਤੀ ਸੀ। ਇਹ ਆਦਮੀ ਆਪਣੇ ਪਰਿਵਾਰ ਸਮੇਤ ਮੀਟਿੰਗਾਂ ਵਿਚ ਆਉਣ ਲੱਗ ਪਿਆ। ਥੋੜ੍ਹੇ ਸਮੇਂ ਬਾਅਦ ਉਸ ਨੇ ਅਤੇ ਉਸ ਦੀ ਪਤਨੀ ਨੇ ਬਪਤਿਸਮਾ ਲੈ ਲਿਆ। ਫਿਰ ਇਸ ਭਰਾ ਨੇ ਮੀਟਿੰਗਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਇਲਾਵਾ, ਕਾਰਖ਼ਾਨੇ ਵਿਚ ਕੰਮ ਕਰਨ ਵਾਲੇ ਹੋਰ ਬੰਦਿਆਂ ਨੇ ਵੀ ਮੀਟਿੰਗਾਂ ਵਿਚ ਆਉਣਾ ਸ਼ੁਰੂ ਕਰ ਦਿੱਤਾ ਅਤੇ ਉਹ ਵੀ ਸੱਚਾਈ ਵਿਚ ਆ ਗਏ। ਦੋ ਕੁ ਸਾਲਾਂ ਬਾਅਦ ਸਾਡਾ ਛੋਟਾ ਜਿਹਾ ਗਰੁੱਪ ਇਕ ਮੰਡਲੀ ਬਣ ਗਿਆ।

ਮੁਸ਼ਕਲਾਂ ਦਾ ਸਾਮ੍ਹਣਾ ਕਰਨਾ

ਇਕ ਮੁਸ਼ਕਲ ਇਹ ਸੀ ਕਿ ਸਾਨੂੰ ਪ੍ਰਚਾਰ ਕਰਨ ਲਈ ਦੂਰ-ਦੂਰ ਜਾਣਾ ਪੈਂਦਾ ਸੀ। ਗਰਮੀਆਂ ਵਿਚ ਪ੍ਰਚਾਰ ’ਤੇ ਜਾਣ ਲਈ ਅਸੀਂ ਪੈਦਲ ਜਾਂਦੀਆਂ, ਸਾਈਕਲ ਚਲਾਉਂਦੀਆਂ ਅਤੇ ਛੋਟੀਆਂ-ਛੋਟੀਆਂ ਕਿਸ਼ਤੀਆਂ ਵਿਚ ਜਾਂਦੀਆਂ ਸੀ। ਸਾਡੀਆਂ ਸਾਈਕਲਾਂ ਸਾਡੇ ਬੜੀਆਂ ਕੰਮ ਆਈਆਂ। ਇਨ੍ਹਾਂ ’ਤੇ ਅਸੀਂ ਸੰਮੇਲਨਾਂ ਨੂੰ ਜਾਂਦੀਆਂ ਸੀ ਅਤੇ ਆਪਣੇ ਦੂਰ ਰਹਿੰਦੇ ਮਾਪਿਆਂ ਨੂੰ ਮਿਲਣ ਜਾਂਦੀਆਂ ਸੀ। ਸਰਦੀਆਂ ਵਿਚ ਅਸੀਂ ਕਿਸੇ ਪਿੰਡ ਨੂੰ ਜਾਣ ਲਈ ਸਵੇਰੇ ਤੜਕੇ ਬਸ ਲੈਂਦੀਆਂ ਸੀ ਅਤੇ ਫਿਰ ਉੱਥੇ ਘਰ-ਘਰ ਪ੍ਰਚਾਰ ਕਰਦੀਆਂ ਸੀ। ਇਕ ਪਿੰਡ ਵਿਚ ਪ੍ਰਚਾਰ ਕਰਨ ਤੋਂ ਬਾਅਦ ਅਸੀਂ ਅਗਲੇ ਪਿੰਡ ਜਾਂਦੀਆਂ ਸੀ। ਸੜਕਾਂ ’ਤੇ ਬਰਫ਼ ਜੰਮੀ ਹੁੰਦੀ ਸੀ ਤੇ ਰਸਤਾ ਸਾਫ਼ ਨਹੀਂ ਸੀ ਹੁੰਦਾ।  ਪਰ ਜੇ ਕੋਈ ਉਸ ਰਸਤਿਓਂ ਪਹਿਲਾਂ ਹੀ ਲੰਘ ਚੁੱਕਾ ਹੁੰਦਾ ਸੀ, ਤਾਂ ਸਾਡੇ ਲਈ ਬਰਫ਼ ’ਤੇ ਬਣੇ ਨਿਸ਼ਾਨਾਂ ’ਤੇ ਤੁਰਨਾ ਆਸਾਨ ਹੋ ਜਾਂਦਾ ਸੀ। ਪਰ ਜੇ ਬਰਫ਼ ਹੋਰ ਪੈ ਜਾਂਦੀ ਸੀ, ਤਾਂ ਉਹ ਨਿਸ਼ਾਨ ਵੀ ਬਰਫ਼ ਨਾਲ ਢੱਕ ਜਾਂਦੇ ਸਨ। ਜਦੋਂ ਬਸੰਤ ਦੀ ਰੁੱਤ ਆਉਂਦੀ ਸੀ, ਤਾਂ ਬਰਫ਼ ਇੰਨੀ ਨਰਮ ਤੇ ਗਿੱਲੀ ਹੋ ਜਾਂਦੀ ਸੀ ਕਿ ਉਦੋਂ ਵੀ ਸਾਡੇ ਲਈ ਤੁਰਨਾ ਔਖਾ ਹੋ ਜਾਂਦਾ ਸੀ।

ਠੰਢ ਵਿਚ ਦੋਵੇਂ ਪ੍ਰਚਾਰ ਕਰਦੀਆਂ

ਇਸ ਲਈ ਇੰਨੀ ਬਰਫ਼ ਤੇ ਠੰਢ ਕਰਕੇ ਸਾਨੂੰ ਗਰਮ ਕੱਪੜੇ ਪਾਉਣ ਦੀ ਲੋੜ ਹੁੰਦੀ ਸੀ। ਅਸੀਂ ਊਨੀ ਜੁਰਾਬਾਂ ਦੇ ਦੋ-ਤਿੰਨ ਜੋੜੇ ਅਤੇ ਲੰਬੇ-ਲੰਬੇ ਬੂਟ ਪਾਉਂਦੀਆਂ ਸੀ। ਫਿਰ ਵੀ ਸਾਡੇ ਬੂਟ ਬਰਫ਼ ਨਾਲ ਭਰ ਜਾਂਦੇ ਸੀ। ਜਦ ਅਸੀਂ ਕਿਸੇ ਦੇ ਘਰ ਪਹੁੰਚਦੀਆਂ ਸੀ, ਤਾਂ ਪੌੜੀਆਂ ਚੜ੍ਹਨ ਤੋਂ ਪਹਿਲਾਂ ਸਾਨੂੰ ਬੂਟ ਲਾਹ ਕੇ ਉਨ੍ਹਾਂ ਵਿੱਚੋਂ ਬਰਫ਼ ਝਾੜਨੀ ਪੈਂਦੀ ਸੀ। ਨਾਲੇ ਬਰਫ਼ ਵਿਚ ਤੁਰਨ ਕਰਕੇ ਸਾਡੇ ਲੰਬੇ ਕੋਟ ਥੱਲਿਓਂ ਭਿੱਜ ਜਾਂਦੇ ਸੀ। ਕੜਾਕੇਦਾਰ ਠੰਢ ਪੈਣ ਕਰਕੇ ਸਾਡੇ ਕੋਟਾਂ ’ਤੇ ਬਰਫ਼ ਜੰਮ ਜਾਂਦੀ ਸੀ ਤੇ ਠੰਢ ਸਹਿਣੀ ਬਹੁਤ ਮੁਸ਼ਕਲ ਹੋ ਜਾਂਦੀ ਸੀ। ਇਕ ਵਾਰ ਇਕ ਤੀਵੀਂ ਨੇ ਸਾਨੂੰ ਕਿਹਾ: “ਵਾਹ, ਤੁਹਾਡੀ ਨਿਹਚਾ ਬਹੁਤ ਪੱਕੀ ਹੈ, ਤਾਂ ਹੀ ਤੁਸੀਂ ਇੰਨੀ ਠੰਢ ਵਿਚ ਵੀ ਖ਼ੁਸ਼ੀ-ਖ਼ੁਸ਼ੀ ਪ੍ਰਚਾਰ ਕਰ ਰਹੀਆਂ ਹੋ।” ਉਸ ਤੀਵੀਂ ਦੇ ਘਰ ਤਕ ਜਾਣ ਲਈ ਸਾਨੂੰ 11 ਕਿਲੋਮੀਟਰ (ਸੱਤ ਮੀਲ) ਤੁਰਨਾ ਪਿਆ ਸੀ।

ਆਪਣੇ ਘਰ ਤੋਂ ਦੂਰ ਹੋਣ ਕਰਕੇ ਅਕਸਰ ਸਾਨੂੰ ਲੋਕਾਂ ਦੇ ਘਰਾਂ ਵਿਚ ਰਾਤ ਕੱਟਣੀ ਪੈਂਦੀ ਸੀ। ਰਾਤ ਪੈਣ ਤੇ ਅਸੀਂ ਲੋਕਾਂ ਨੂੰ ਪੁੱਛਦੀਆਂ ਸੀ ਕਿ ਕੀ ਅਸੀਂ ਉਨ੍ਹਾਂ ਦੇ ਘਰ ਠਹਿਰ ਸਕਦੀਆਂ ਹਾਂ। ਭਾਵੇਂ ਲੋਕ ਅਮੀਰ ਨਹੀਂ ਸਨ, ਪਰ ਉਹ ਸਾਨੂੰ ਪਿਆਰ ਨਾਲ ਅੰਦਰ ਬੁਲਾਉਂਦੇ ਤੇ ਸਾਡੀ ਪਰਾਹੁਣਚਾਰੀ ਕਰਦੇ ਸਨ। ਉਹ ਨਾ ਸਿਰਫ਼ ਸਾਨੂੰ ਰਹਿਣ ਲਈ ਜਗ੍ਹਾ ਦਿੰਦੇ, ਸਗੋਂ ਸਾਨੂੰ ਕੁਝ ਖਾਣ ਲਈ ਵੀ ਦਿੰਦੇ ਸਨ। ਅਕਸਰ ਅਸੀਂ ਜਾਨਵਰਾਂ ਦੀ ਚਮੜੀ ਦੇ ਬਣੇ ਬਿਸਤਰਿਆਂ ਉੱਤੇ ਸੌਂਦੀਆਂ ਸੀ। ਪਰ ਕਦੀ-ਕਦੀ ਸਾਨੂੰ ਰਹਿਣ ਲਈ ਵਧੀਆ ਜਗ੍ਹਾ ਮਿਲ ਜਾਂਦੀ ਸੀ। ਮਿਸਾਲ ਲਈ, ਇਕ ਤੀਵੀਂ ਨੇ ਆਪਣੇ ਵੱਡੇ ਘਰ ਵਿਚ ਸਾਨੂੰ ਮਹਿਮਾਨਾਂ ਲਈ ਸਜਾਇਆ ਕਮਰਾ ਸੌਣ ਲਈ ਦਿੱਤਾ। ਕਈ ਵਾਰ ਅਸੀਂ ਘਰ-ਮਾਲਕ ਨਾਲ ਦੇਰ ਰਾਤ ਤਕ ਬਾਈਬਲ ਬਾਰੇ ਗੱਲਬਾਤ ਕਰਦੀਆਂ ਸੀ। ਇਕ ਪਤੀ-ਪਤਨੀ ਨੇ ਸਾਨੂੰ ਆਪਣੇ ਘਰ ਵਿਚ ਰਹਿਣ ਲਈ ਜਗ੍ਹਾ ਦਿੱਤੀ। ਉਹ ਆਪ ਕਮਰੇ ਦੇ ਇਕ ਪਾਸੇ ਸੌਂ ਗਏ ਅਤੇ ਅਸੀਂ ਦੂਜੇ ਪਾਸੇ। ਉਹ ਸਾਨੂੰ ਵਾਰੋ-ਵਾਰੀ ਸਵਾਲ ਪੁੱਛਦੇ ਰਹੇ ਅਤੇ ਅਸੀਂ ਉਨ੍ਹਾਂ ਨੂੰ ਰਾਤ ਤੋਂ ਲੈ ਕੇ ਸਵੇਰ ਤਕ ਬਾਈਬਲ ਬਾਰੇ ਦੱਸਦੀਆਂ ਰਹੀਆਂ।

ਸਾਡੀ ਮਿਹਨਤ ਦਾ ਫਲ

ਲੈਪਲੈਂਡ ਇਕ ਵਿਰਾਨ, ਪਰ ਬਹੁਤ ਸੋਹਣੀ ਜਗ੍ਹਾ ਹੈ ਅਤੇ ਇਸ ਦੀ ਖ਼ੂਬਸੂਰਤੀ ਮੌਸਮ ਮੁਤਾਬਕ ਬਦਲਦੀ ਰਹਿੰਦੀ ਹੈ। ਪਰ ਇਸ ਜਗ੍ਹਾ ਦੀ ਖ਼ਾਸੀਅਤ ਇੱਥੋਂ ਦੇ ਲੋਕ ਸਨ ਜੋ ਯਹੋਵਾਹ ਬਾਰੇ ਸਿੱਖਣਾ ਚਾਹੁੰਦੇ ਸਨ। ਇੱਥੇ ਅਸੀਂ ਦਰਖ਼ਤਾਂ ਨੂੰ ਕੱਟਣ ਵਾਲੇ ਆਦਮੀਆਂ ਨੂੰ ਵੀ ਪ੍ਰਚਾਰ ਕੀਤਾ। ਕਦੇ-ਕਦੇ ਅਸੀਂ ਦੋਵੇਂ ਭੈਣਾਂ ਇਕ ਘਰ ਜਾਂਦੀਆਂ ਸੀ ਤੇ ਉੱਥੇ ਸਾਨੂੰ ਇੱਕੋ ਵਾਰੀ ਬਹੁਤ ਸਾਰੇ ਬੰਦਿਆਂ ਨੂੰ ਪ੍ਰਚਾਰ ਕਰਨਾ ਪੈਂਦਾ ਸੀ। ਉਹ ਹੱਟੇ-ਕੱਟੇ ਆਦਮੀ ਬਾਈਬਲ ਦੀਆਂ ਗੱਲਾਂ ਸੁਣ ਲੈਂਦੇ ਸੀ ਅਤੇ ਕੁਝ ਪ੍ਰਕਾਸ਼ਨ ਵੀ ਲੈ ਲੈਂਦੇ ਸੀ।

ਅਸੀਂ ਤੁਹਾਨੂੰ ਪ੍ਰਚਾਰ ਦੇ ਕਈ ਦਿਲਚਸਪ ਤਜਰਬੇ ਦੱਸ ਸਕਦੀਆਂ ਹਾਂ। ਸਾਨੂੰ ਯਾਦ ਹੈ ਕਿ ਇਕ ਦਿਨ ਬੱਸ ਅੱਡੇ ਦੀ ਘੜੀ ਪੰਜ ਮਿੰਟ ਅੱਗੇ ਹੋਣ ਕਰਕੇ ਸਾਡੀ ਬਸ ਨਿਕਲ ਗਈ। ਸੋ ਅਸੀਂ ਅਗਲੀ ਬਸ ਫੜ ਕੇ ਕਿਸੇ ਹੋਰ ਪਿੰਡ ਚਲੀਆਂ ਗਈਆਂ। ਅਸੀਂ ਪਹਿਲਾਂ ਕਦੇ ਵੀ ਉੱਥੇ ਪ੍ਰਚਾਰ ਨਹੀਂ ਸੀ ਕੀਤਾ। ਸਾਨੂੰ ਪਹਿਲੇ ਹੀ ਘਰ ਇਕ ਤੀਵੀਂ ਮਿਲੀ ਜਿਸ ਨੇ ਕਿਹਾ: “ਅੰਦਰ ਆਓ, ਮੈਂ ਤੁਹਾਡਾ ਹੀ ਇੰਤਜ਼ਾਰ ਕਰ ਰਹੀ ਸੀ।” ਦਰਅਸਲ ਅਸੀਂ ਉਸ ਤੀਵੀਂ ਦੀ ਭੈਣ ਨਾਲ ਸਟੱਡੀ ਕਰ ਰਹੀਆਂ ਸੀ ਅਤੇ ਉਸ ਨੇ ਆਪਣੀ ਭੈਣ ਨੂੰ ਕਿਹਾ ਸੀ ਕਿ ਅਸੀਂ ਉਸ ਨੂੰ ਉਸੇ ਦਿਨ ਮਿਲਣ ਆਵਾਂਗੀਆਂ। ਪਰ ਸਾਨੂੰ ਤਾਂ ਇਸ ਬਾਰੇ ਕੁਝ ਪਤਾ ਹੀ ਨਹੀਂ ਸੀ। ਅਸੀਂ ਉਸ ਤੀਵੀਂ ਨਾਲ ਤੇ ਫਿਰ ਗੁਆਂਢ  ਵਿਚ ਰਹਿੰਦੇ ਉਸ ਦੇ ਰਿਸ਼ਤੇਦਾਰਾਂ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ। ਕੁਝ ਹੀ ਦੇਰ ਬਾਅਦ ਅਸੀਂ ਉਨ੍ਹਾਂ ਸਾਰਿਆਂ ਨਾਲ ਇਕੱਠੇ ਸਟੱਡੀ ਕਰਨ ਲੱਗੀਆਂ। ਇਸ ਸਟੱਡੀ ਵਿਚ ਤਕਰੀਬਨ 12 ਲੋਕ ਹੁੰਦੇ ਸਨ। ਇਸ ਪਰਿਵਾਰ ਵਿੱਚੋਂ ਕਈ ਲੋਕ ਯਹੋਵਾਹ ਦੇ ਗਵਾਹ ਬਣੇ।

1965 ਵਿਚ ਸਾਨੂੰ ਦੱਖਣ ਵੱਲ ਕੂਸਮੋ ਸ਼ਹਿਰ ਵਿਚ ਭੇਜਿਆ ਗਿਆ ਜਿੱਥੇ ਅਸੀਂ ਅੱਜ ਤਕ ਸੇਵਾ ਕਰ ਰਹੀਆਂ ਹਾਂ। ਉਸ ਸਮੇਂ ਮੰਡਲੀ ਵਿਚ ਥੋੜ੍ਹੇ ਹੀ ਭੈਣ-ਭਰਾ ਸਨ। ਸ਼ੁਰੂ ਵਿਚ ਪ੍ਰਚਾਰ ਕਰਨਾ ਥੋੜ੍ਹਾ ਔਖਾ ਸੀ ਕਿਉਂਕਿ ਲੋਕੀਂ ਵੱਖੋ-ਵੱਖਰੇ ਧਰਮਾਂ ਨੂੰ ਮੰਨਦੇ ਸੀ ਅਤੇ ਗਵਾਹਾਂ ਨੂੰ ਪਸੰਦ ਨਹੀਂ ਸੀ ਕਰਦੇ। ਪਰ ਕਈ ਲੋਕ ਬਾਈਬਲ ਦਾ ਬੜਾ ਆਦਰ ਕਰਦੇ ਸਨ ਜਿਸ ਕਰਕੇ ਅਸੀਂ ਉਨ੍ਹਾਂ ਨਾਲ ਗੱਲਬਾਤ ਸ਼ੁਰੂ ਕਰ ਸਕੇ। ਹੌਲੀ-ਹੌਲੀ ਅਸੀਂ ਲੋਕਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਅਤੇ ਦੋ ਸਾਲਾਂ ਬਾਅਦ ਸਾਡੇ ਲਈ ਬਾਈਬਲ ਸਟੱਡੀਆਂ ਸ਼ੁਰੂ ਕਰਨੀਆਂ ਆਸਾਨ ਹੋ ਗਈਆਂ।

ਅਸੀਂ ਅੱਜ ਵੀ ਪ੍ਰਚਾਰ ਵਿਚ ਲੱਗੀਆਂ ਹੋਈਆਂ ਹਾਂ

ਕੁਝ ਲੋਕ ਜਿਨ੍ਹਾਂ ਨਾਲ ਅਸੀਂ ਸਟੱਡੀ ਕੀਤੀ

ਅੱਜ ਸਾਡੇ ਕੋਲ ਪਹਿਲਾਂ ਵਾਂਗ ਪ੍ਰਚਾਰ ਵਿਚ ਪੂਰਾ ਦਿਨ ਲਾਉਣ ਦੀ ਤਾਕਤ ਨਹੀਂ ਹੈ, ਪਰ ਅਸੀਂ ਫਿਰ ਵੀ ਤਕਰੀਬਨ ਹਰ ਦਿਨ ਪ੍ਰਚਾਰ ਕਰਦੀਆਂ ਹਾਂ। ਹੁਣ ਇਸ ਵੱਡੇ ਇਲਾਕੇ ਵਿਚ ਪ੍ਰਚਾਰ ਕਰਨਾ ਥੋੜ੍ਹਾ ਸੌਖਾ ਹੋ ਗਿਆ ਹੈ ਕਿਉਂਕਿ ਆਇਲੀ ਨੇ ਕਾਰ ਚਲਾਉਣੀ ਸਿੱਖ ਲਈ ਹੈ। ਸਾਡੇ ਭਤੀਜੇ ਨੇ ਆਇਲੀ ਨੂੰ ਇੱਦਾਂ ਕਰਨ ਦੀ ਹੱਲਾਸ਼ੇਰੀ ਦਿੱਤੀ ਸੀ ਅਤੇ ਉਸ ਨੂੰ 56 ਸਾਲ ਦੀ ਉਮਰ ਵਿਚ 1987 ਵਿਚ ਕਾਰ ਚਲਾਉਣ ਦਾ ਲਾਇਸੈਂਸ ਮਿਲ ਗਿਆ। ਨਾਲੇ ਜਦੋਂ ਨਵਾਂ ਕਿੰਗਡਮ ਹਾਲ ਬਣਿਆ, ਤਾਂ ਸਾਨੂੰ ਰਹਿਣ ਲਈ ਇਸ ਨਾਲ ਬਣਿਆ ਇਕ ਫਲੈਟ ਮਿਲ ਗਿਆ।

ਭੈਣਾਂ-ਭਰਾਵਾਂ ਦੀ ਵਧਦੀ ਗਿਣਤੀ ਦੇਖ ਕੇ ਸਾਨੂੰ ਬੇਹੱਦ ਖ਼ੁਸ਼ੀ ਹੁੰਦੀ ਹੈ। ਜਦੋਂ ਅਸੀਂ ਉੱਤਰੀ ਫਿਨਲੈਂਡ ਵਿਚ ਪਾਇਨੀਅਰਿੰਗ ਸ਼ੁਰੂ ਕੀਤੀ ਸੀ, ਤਾਂ ਇਸ ਪੂਰੇ ਇਲਾਕੇ ਵਿਚ ਸਿਰਫ਼ ਥੋੜ੍ਹੇ ਹੀ ਭੈਣ-ਭਰਾ ਸਨ। ਹੁਣ ਇੱਥੇ ਕਈ ਮੰਡਲੀਆਂ ਨੂੰ ਮਿਲਾ ਕੇ ਇਕ ਪੂਰਾ ਸਰਕਟ ਬਣ ਗਿਆ ਹੈ। ਅਕਸਰ ਸਾਨੂੰ ਸੰਮੇਲਨਾਂ ਤੇ ਅਸੈਂਬਲੀਆਂ ਵਿਚ ਲੋਕੀਂ ਆ ਕੇ ਪੁੱਛਦੇ ਹਨ: ‘ਕੀ ਤੁਸੀਂ ਸਾਨੂੰ ਪਛਾਣਿਆ?’ ਬਾਅਦ ਵਿਚ ਸਾਨੂੰ ਪਤਾ ਲੱਗਦਾ ਹੈ ਕਿ ਜਦੋਂ ਉਹ ਛੋਟੇ ਸੀ, ਤਾਂ ਅਸੀਂ ਉਨ੍ਹਾਂ ਦੇ ਘਰ ਸਟੱਡੀ ਕਰਾਉਂਦੀਆਂ ਸੀ। ਸੱਚਾਈ ਦੇ ਜੋ ਬੀ ਅਸੀਂ ਕਈ ਸਾਲ ਪਹਿਲਾਂ ਬੀਜੇ ਸਨ, ਉਹ ਫਲ ਚੁੱਕੇ ਸਨ!​—1 ਕੁਰਿੰ. 3:6.

ਮੀਂਹ ਵਿਚ ਪ੍ਰਚਾਰ ਦਾ ਮਜ਼ਾ ਲੈਂਦੀਆਂ

2008 ਵਿਚ ਅਸੀਂ ਆਪਣੀ ਸਪੈਸ਼ਲ ਪਾਇਨੀਅਰਿੰਗ ਦੇ 50 ਸਾਲ ਪੂਰੇ ਕੀਤੇ। ਅਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਦੋਵੇਂ ਭੈਣਾਂ ਇਕ-ਦੂਜੇ ਨੂੰ ਹੌਸਲਾ ਦੇ ਕੇ ਇਸ ਕੰਮ ਵਿਚ ਲੱਗੀਆਂ ਰਹੀਆਂ। ਸਾਡੀ ਜ਼ਿੰਦਗੀ ਸਾਦੀ ਰਹੀ ਹੈ, ਪਰ ਸਾਨੂੰ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੋਈ। (ਜ਼ਬੂ. 23:1) ਵਾਕਈ, ਪਾਇਨੀਅਰਿੰਗ ਸ਼ੁਰੂ ਕਰਨ ਵੇਲੇ ਸਾਨੂੰ ਡਰਨ ਦੀ ਲੋੜ ਨਹੀਂ ਸੀ। ਇਨ੍ਹਾਂ ਸਾਰੇ ਸਾਲਾਂ ਦੌਰਾਨ ਯਹੋਵਾਹ ਨੇ ਆਪਣਾ ਇਹ ਵਾਅਦਾ ਨਿਭਾਇਆ ਹੈ: “ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫਤਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।”​—ਯਸਾ. 41:10.