Skip to content

Skip to table of contents

“ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ”

“ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ”

“ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ।”​—ਫ਼ਿਲਿ. 1:10.

1, 2. ਆਖ਼ਰੀ ਦਿਨਾਂ ਬਾਰੇ ਯਿਸੂ ਦੀ ਕਿਹੜੀ ਭਵਿੱਖਬਾਣੀ ਸੁਣ ਕੇ ਉਸ ਦੇ ਚੇਲੇ ਹੈਰਾਨ ਰਹਿ ਗਏ ਹੋਣੇ ਅਤੇ ਕਿਉਂ?

ਥੋੜ੍ਹੀ ਦੇਰ ਪਹਿਲਾਂ ਹੀ ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਸੀ ਕਿ ਯਰੂਸ਼ਲਮ ਦੇ ਮੰਦਰ ਨੂੰ ਤਬਾਹ ਕੀਤਾ ਜਾਵੇਗਾ। ਪਤਰਸ, ਯਾਕੂਬ, ਯੂਹੰਨਾ ਅਤੇ ਅੰਦ੍ਰਿਆਸ ਇਹ ਗੱਲ ਸੁਣ ਕੇ ਬਹੁਤ ਪਰੇਸ਼ਾਨ ਹੋਏ। (ਮਰ. 13:1-4) ਇਸ ਲਈ ਉਨ੍ਹਾਂ ਨੇ ਯਿਸੂ ਨੂੰ ਪੁੱਛਿਆ: “ਸਾਨੂੰ ਦੱਸ, ਇਹ ਘਟਨਾਵਾਂ ਕਦੋਂ ਵਾਪਰਨਗੀਆਂ ਅਤੇ ਤੇਰੀ ਮੌਜੂਦਗੀ ਦੀ ਅਤੇ ਇਸ ਯੁਗ ਦੇ ਆਖ਼ਰੀ ਸਮੇਂ ਦੀ ਕੀ ਨਿਸ਼ਾਨੀ ਹੋਵੇਗੀ?” (ਮੱਤੀ 24:1-3) ਯਿਸੂ ਨੇ ਉਨ੍ਹਾਂ ਨੂੰ ਸਿਰਫ਼ ਇਹ ਨਹੀਂ ਦੱਸਿਆ ਕਿ ਯਰੂਸ਼ਲਮ ਦੀ ਤਬਾਹੀ ਤੋਂ ਪਹਿਲਾਂ ਕੀ-ਕੀ ਹੋਵੇਗਾ, ਸਗੋਂ ਇਹ ਵੀ ਦੱਸਿਆ ਕਿ ਸ਼ੈਤਾਨ ਦੀ ਦੁਸ਼ਟ ਦੁਨੀਆਂ ਦੇ ਆਖ਼ਰੀ ਦਿਨਾਂ ਦੌਰਾਨ ਕੀ ਹੋਵੇਗਾ। ਯਿਸੂ ਨੇ ਲੜਾਈਆਂ, ਕਾਲ਼ ਅਤੇ ਬੁਰਾਈ ਦੇ ਵਧਣ ਬਾਰੇ ਦੱਸਣ ਤੋਂ ਬਾਅਦ ਇਕ ਵਧੀਆ ਗੱਲ ਦਾ ਜ਼ਿਕਰ ਵੀ ਕੀਤਾ। ਉਸ ਨੇ ਕਿਹਾ: “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਅਤੇ ਫਿਰ ਅੰਤ ਆਵੇਗਾ।”​—ਮੱਤੀ 24:7-14.

2 ਯਿਸੂ ਦੇ ਚੇਲੇ ਪਹਿਲਾਂ ਹੀ ਉਸ ਨਾਲ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਆਏ ਸਨ। (ਲੂਕਾ 8:1; 9:1, 2) ਸ਼ਾਇਦ ਉਨ੍ਹਾਂ ਨੂੰ ਯਿਸੂ ਦੇ ਇਹ ਸ਼ਬਦ ਵੀ ਯਾਦ ਆਏ ਹੋਣ: “ਫ਼ਸਲ ਤਾਂ ਬਹੁਤ ਹੈ, ਪਰ ਵਾਢੇ ਥੋੜ੍ਹੇ ਹਨ। ਇਸ ਲਈ ਖੇਤ ਦੇ ਮਾਲਕ ਨੂੰ ਬੇਨਤੀ ਕਰੋ ਕਿ ਉਹ ਫ਼ਸਲ ਵੱਢਣ ਲਈ ਹੋਰ ਕਾਮੇ ਘੱਲ ਦੇਵੇ।” (ਲੂਕਾ 10:2) ਪਰ ਉਨ੍ਹਾਂ ਨੇ ਸੋਚਿਆ ਹੋਣਾ ਕਿ ਉਹ “ਪੂਰੀ ਦੁਨੀਆਂ” ਵਿਚ “ਸਾਰੀਆਂ ਕੌਮਾਂ ਨੂੰ ਗਵਾਹੀ” ਕਿਵੇਂ ਦੇ ਸਕਣਗੇ? ਇਸ ਕੰਮ ਲਈ ਕਾਮੇ ਕਿੱਥੋਂ ਆਉਣਗੇ? ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਮੱਤੀ 24:14 ਦੇ ਸ਼ਬਦ ਕਿੰਨੇ ਵਧੀਆ ਤਰੀਕੇ ਨਾਲ ਪੂਰੇ ਹੋਣਗੇ!

3. ਅੱਜ ਲੂਕਾ 21:34 ਦੇ ਲਫ਼ਜ਼ ਕਿਵੇਂ ਪੂਰੇ ਹੋ ਰਹੇ ਹਨ ਅਤੇ ਸਾਨੂੰ ਖ਼ੁਦ ਨੂੰ ਕੀ ਪੁੱਛਣਾ ਚਾਹੀਦਾ ਹੈ?

3 ਅੱਜ ਸਾਡੇ ਸਮੇਂ ਵਿਚ ਯਿਸੂ ਦੀ ਇਹ ਭਵਿੱਖਬਾਣੀ ਪੂਰੀ ਹੋ ਰਹੀ ਹੈ। ਲੱਖਾਂ ਹੀ ਲੋਕ ਮਿਲ ਕੇ ਪੂਰੀ ਦੁਨੀਆਂ ਵਿਚ ਰਾਜ ਦੀ ਖ਼ੁਸ਼ ਖ਼ਬਰੀ ਦਾ ਐਲਾਨ ਕਰ ਰਹੇ ਹਨ। (ਯਸਾ. 60:22) ਪਰ ਯਿਸੂ ਨੇ ਇਹ ਵੀ  ਕਿਹਾ ਸੀ ਕਿ ਆਖ਼ਰੀ ਦਿਨਾਂ ਵਿਚ ਕਈਆਂ ਲਈ ਇਸ ਕੰਮ ’ਤੇ ਪੂਰਾ ਧਿਆਨ ਲਾਉਣਾ ਮੁਸ਼ਕਲ ਹੋਵੇਗਾ ਕਿਉਂਕਿ ਉਹ ਆਪਣੇ ਕੰਮਾਂ-ਕਾਰਾਂ ਵਿਚ ਇੰਨੇ ਰੁੱਝ ਜਾਣਗੇ ਕਿ ਉਨ੍ਹਾਂ ਦੇ ਮਨ ‘ਬੋਝ ਹੇਠ ਦੱਬੇ ਜਾਣਗੇ।’ (ਲੂਕਾ 21:34 ਪੜ੍ਹੋ।) ਯਿਸੂ ਦੇ ਇਹ ਲਫ਼ਜ਼ ਅੱਜ ਸਹੀ ਸਾਬਤ ਹੋ ਰਹੇ ਹਨ। ਪਰਮੇਸ਼ੁਰ ਦੇ ਕੁਝ ਸੇਵਕਾਂ ਦਾ ਧਿਆਨ ਭਟਕ ਰਿਹਾ ਹੈ ਕਿਉਂਕਿ ਉਹ ਆਪਣਾ ਜ਼ਿਆਦਾ ਸਮਾਂ ਨੌਕਰੀ ਕਰਨ, ਹੋਰ ਪੜ੍ਹਾਈ ਕਰਨ, ਧਨ-ਦੌਲਤ ਕਮਾਉਣ, ਖੇਡਾਂ ਖੇਡਣ ਅਤੇ ਮਨੋਰੰਜਨ ਕਰਨ ਵਿਚ ਬਿਤਾਉਂਦੇ ਹਨ। ਕੁਝ ਹੋਰ ਜ਼ਿੰਦਗੀ ਦੀਆਂ ਚਿੰਤਾਵਾਂ ਅਤੇ ਦਬਾਵਾਂ ਕਰਕੇ ਯਹੋਵਾਹ ਦੀ ਸੇਵਾ ਵਿਚ ਢਿੱਲੇ ਪੈ ਰਹੇ ਹਨ। ਇਸ ਲਈ ਖ਼ੁਦ ਨੂੰ ਪੁੱਛੋ: ‘ਮੇਰੇ ਬਾਰੇ ਕੀ? ਕੀ ਮੈਂ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦੇ ਰਿਹਾ ਹਾਂ?’

4. (ੳ) ਪੌਲੁਸ ਨੇ ਫ਼ਿਲਿੱਪੈ ਦੇ ਮਸੀਹੀਆਂ ਲਈ ਕਿਹੜੀ ਪ੍ਰਾਰਥਨਾ ਕੀਤੀ ਸੀ ਅਤੇ ਕਿਉਂ? (ਅ) ਅਸੀਂ ਇਸ ਅਤੇ ਅਗਲੇ ਲੇਖ ਵਿਚ ਕੀ ਦੇਖਾਂਗੇ ਅਤੇ ਇਹ ਲੇਖ ਸਾਡੀ ਕਿਵੇਂ ਮਦਦ ਕਰਨਗੇ?

4 ਪਹਿਲੀ ਸਦੀ ਦੇ ਮਸੀਹੀਆਂ ਨੂੰ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦੇਣ ਲਈ ਬਹੁਤ ਮਿਹਨਤ ਕਰਨੀ ਪਈ ਸੀ। ਪੌਲੁਸ ਰਸੂਲ ਨੇ ਫ਼ਿਲਿੱਪੈ ਦੇ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕੀਤੀ ਕਿ ਉਹ “ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ” ਵਿਚ ਰੱਖਣ। (ਫ਼ਿਲਿੱਪੀਆਂ 1:9-11 ਪੜ੍ਹੋ।) ਪੌਲੁਸ ਵਾਂਗ ਕਈ ਭੈਣ-ਭਰਾ ‘ਨਿਡਰ ਹੋ ਕੇ ਜ਼ਿਆਦਾ ਹੌਸਲੇ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰ ਰਹੇ’ ਸਨ। (ਫ਼ਿਲਿ. 1:12-14) ਇਸੇ ਤਰ੍ਹਾਂ ਅੱਜ ਵੀ ਜ਼ਿਆਦਾਤਰ ਭੈਣ-ਭਰਾ ਦਲੇਰੀ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਦੇ ਹਨ। ਫਿਰ ਵੀ ਅਸੀਂ ਪ੍ਰਚਾਰ ਲਈ ਆਪਣਾ ਜੋਸ਼ ਵਧਾ ਸਕਦੇ ਹਾਂ। ਅਸੀਂ ਇਸ ਲੇਖ ਵਿਚ ਦੇਖਾਂਗੇ ਕਿ ਮੱਤੀ 24:14 ਦੀ ਭਵਿੱਖਬਾਣੀ ਨੂੰ ਪੂਰਾ ਕਰਨ ਲਈ ਯਹੋਵਾਹ ਆਪਣਾ ਸੰਗਠਨ ਕਿਵੇਂ ਇਸਤੇਮਾਲ ਕਰ ਰਿਹਾ ਹੈ। ਯਹੋਵਾਹ ਦਾ ਸੰਗਠਨ ਕੀ ਕਰ ਰਿਹਾ ਹੈ? ਇਸ ਬਾਰੇ ਜਾਣ ਕੇ ਸਾਡੇ ਅਤੇ ਸਾਡੇ ਪਰਿਵਾਰਾਂ ’ਤੇ ਕਿਹੜਾ ਚੰਗਾ ਅਸਰ ਪਵੇਗਾ? ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣ ਅਤੇ ਉਸ ਦੇ ਸੰਗਠਨ ਨਾਲ ਕਦਮ ਮਿਲਾ ਕੇ ਚੱਲਣ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰਨਗੀਆਂ।

ਸਵਰਗ ਵਿਚ ਯਹੋਵਾਹ ਦਾ ਸੰਗਠਨ ਅੱਗੇ ਵਧਦਾ ਜਾ ਰਿਹਾ ਹੈ

5, 6. (ੳ) ਯਹੋਵਾਹ ਨੇ ਬਾਈਬਲ ਵਿਚ ਸਾਨੂੰ ਇਹ ਕਿਉਂ ਦੱਸਿਆ ਹੈ ਕਿ ਸਵਰਗ ਵਿਚ ਉਸ ਦਾ ਸੰਗਠਨ ਕੀ ਕਰ ਰਿਹਾ ਹੈ? (ਅ) ਹਿਜ਼ਕੀਏਲ ਨੇ ਦਰਸ਼ਣ ਵਿਚ ਕੀ ਦੇਖਿਆ ਸੀ?

5 ਅਜਿਹੀਆਂ ਕਈ ਗੱਲਾਂ ਹਨ ਜੋ ਯਹੋਵਾਹ ਨੇ ਬਾਈਬਲ ਵਿਚ ਨਹੀਂ ਲਿਖਵਾਈਆਂ। ਮਿਸਾਲ ਲਈ, ਉਸ ਨੇ ਇਹ ਨਹੀਂ ਦੱਸਿਆ ਕਿ ਸਾਡਾ ਦਿਮਾਗ਼ ਕਿੱਦਾਂ ਕੰਮ ਕਰਦਾ ਹੈ ਜਾਂ ਪੂਰੀ ਕਾਇਨਾਤ ਕਿਵੇਂ ਚੱਲਦੀ ਹੈ, ਭਾਵੇਂ ਕਿ ਇਹ ਸਭ ਕੁਝ ਜਾਣਨਾ ਬਹੁਤ ਦਿਲਚਸਪ ਹੁੰਦਾ। ਇਸ ਦੀ ਬਜਾਇ ਯਹੋਵਾਹ ਨੇ ਸਾਨੂੰ ਉਹ ਗੱਲਾਂ ਦੱਸੀਆਂ ਹਨ ਜੋ ਉਸ ਦੀ ਇੱਛਾ ਨੂੰ ਜਾਣਨ ਅਤੇ ਉਸ ਮੁਤਾਬਕ ਜ਼ਿੰਦਗੀ ਜੀਉਣ ਵਿਚ ਸਾਡੀ ਮਦਦ ਕਰਦੀਆਂ ਹਨ। (2 ਤਿਮੋ. 3:16, 17) ਤਾਂ ਫਿਰ ਇਹ ਕਿੰਨੀ ਵਧੀਆ ਗੱਲ ਹੈ ਕਿ ਬਾਈਬਲ ਤੋਂ ਸਾਨੂੰ ਸਵਰਗ ਵਿਚ ਯਹੋਵਾਹ ਦੇ ਸੰਗਠਨ ਦੀ ਝਲਕ ਮਿਲਦੀ ਹੈ। ਜਦੋਂ ਅਸੀਂ ਯਸਾਯਾਹ, ਹਿਜ਼ਕੀਏਲ, ਦਾਨੀਏਲ ਅਤੇ ਪ੍ਰਕਾਸ਼ ਦੀ ਕਿਤਾਬ ਵਿਚ ਪੜ੍ਹਦੇ ਹਾਂ ਕਿ ਸਵਰਗ ਵਿਚ ਯਹੋਵਾਹ ਦਾ ਸੰਗਠਨ ਕੀ ਕਰ ਰਿਹਾ ਹੈ, ਤਾਂ ਅਸੀਂ ਦੰਗ ਰਹਿ ਜਾਂਦੇ ਹਾਂ! (ਯਸਾ. 6:1-4; ਹਿਜ਼. 1:4-14, 22-24; ਦਾਨੀ. 7:9-14; ਪ੍ਰਕਾ. 4:1-11) ਇੱਦਾਂ ਲੱਗਦਾ ਹੈ ਜਿਵੇਂ ਯਹੋਵਾਹ ਸਾਡੀਆਂ ਅੱਖਾਂ ਤੋਂ ਪਰਦਾ ਹਟਾ ਕੇ ਸਾਨੂੰ ਸਵਰਗ ਦਾ ਸ਼ਾਨਦਾਰ ਨਜ਼ਾਰਾ ਦਿਖਾ ਰਿਹਾ ਹੋਵੇ। ਯਹੋਵਾਹ ਇੱਦਾਂ ਕਿਉਂ ਕਰਦਾ ਹੈ?

6 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਹਮੇਸ਼ਾ ਯਾਦ ਰੱਖੀਏ ਕਿ ਅਸੀਂ ਇਕ ਬਹੁਤ ਵੱਡੇ ਸੰਗਠਨ ਦਾ ਹਿੱਸਾ ਹਾਂ ਜਿਸ ਦਾ ਇਕ ਹਿੱਸਾ ਸਵਰਗ ਵਿਚ ਹੈ ਅਤੇ ਦੂਜਾ ਧਰਤੀ ਉੱਤੇ। ਯਹੋਵਾਹ ਦੇ ਮਕਸਦਾਂ ਨੂੰ ਅੰਜਾਮ ਦੇਣ ਲਈ ਸਵਰਗ ਵਿਚ ਬਹੁਤ ਕੰਮ ਕੀਤਾ ਜਾ ਰਿਹਾ ਹੈ। ਮਿਸਾਲ ਲਈ, ਹਿਜ਼ਕੀਏਲ ਨੇ ਸਵਰਗ ਵਿਚ ਯਹੋਵਾਹ ਦੇ ਸੰਗਠਨ ਦੀ ਤੁਲਨਾ ਇਕ ਬਹੁਤ ਵੱਡੇ ਸਵਰਗੀ ਰਥ ਨਾਲ ਕੀਤੀ। ਇਹ ਰਥ ਬੜੀ ਤੇਜ਼ੀ ਨਾਲ ਚੱਲਦਾ ਹੈ ਅਤੇ ਇਕਦਮ ਕਿਸੇ ਵੀ ਪਾਸੇ ਮੁੜ ਸਕਦਾ ਹੈ। (ਹਿਜ਼. 1:15-21) ਇਸ ਰਥ ਦੇ ਪਹੀਏ ਇਕ ਵਾਰ ਵਿਚ ਵੱਡੇ-ਵੱਡੇ ਫ਼ਾਸਲੇ ਤੈਅ ਕਰ ਸਕਦੇ ਹਨ। ਇਸ ਦਰਸ਼ਣ ਵਿਚ ਹਿਜ਼ਕੀਏਲ ਨੇ ਇਹ ਵੀ ਦੇਖਿਆ ਕਿ ਇਸ ਰਥ ਨੂੰ ਕੌਣ ਚੱਲਾ ਰਿਹਾ ਹੈ। ਉਸ  ਨੇ ਕਿਹਾ: ‘ਮੈਂ ਪਿੱਤਲ ਜਿਹਾ ਅੱਗ ਦੀ ਸ਼ਕਲ ਵਰਗਾ ਉਹ ਦੇ ਵਿਚਕਾਰ ਅਤੇ ਦੁਆਲੇ ਵੇਖਿਆ ਅਤੇ ਉਹ ਦੇ ਦੁਆਲੇ ਚਾਰੋਂ ਪਾਸੇ ਚਮਕ ਸੀ। ਏਹ ਯਹੋਵਾਹ ਦੇ ਪਰਤਾਪ ਦਾ ਪਰਕਾਸ਼ ਜਿਹਾ ਸੀ।’ (ਹਿਜ਼. 1:25-28) ਇਹ ਸਭ ਦੇਖ ਕੇ ਹਿਜ਼ਕੀਏਲ ਦਾ ਦਿਲ ਸ਼ਰਧਾ ਨਾਲ ਭਰ ਗਿਆ ਹੋਣਾ! ਉਸ ਨੇ ਦੇਖਿਆ ਕਿ ਯਹੋਵਾਹ ਦਾ ਸੰਗਠਨ ਉਸ ਦੇ ਕੰਟ੍ਰੋਲ ਵਿਚ ਹੈ ਅਤੇ ਉਹ ਇਸ ਨੂੰ ਆਪਣੀ ਪਵਿੱਤਰ ਸ਼ਕਤੀ ਰਾਹੀਂ ਚਲਾ ਰਿਹਾ ਹੈ। ਵਾਹ, ਸਵਰਗ ਵਿਚ ਯਹੋਵਾਹ ਦਾ ਸੰਗਠਨ ਕਿੰਨੀ ਤੇਜ਼ੀ ਨਾਲ ਅੱਗੇ ਵਧਦਾ ਜਾ ਰਿਹਾ ਹੈ!

7. ਦਾਨੀਏਲ ਨੂੰ ਮਿਲਿਆ ਦਰਸ਼ਣ ਯਹੋਵਾਹ ਤੇ ਯਿਸੂ ਉੱਤੇ ਸਾਡਾ ਭਰੋਸਾ ਕਿਵੇਂ ਵਧਾਉਂਦਾ ਹੈ?

7 ਦਾਨੀਏਲ ਨੇ ਵੀ ਇਕ ਦਰਸ਼ਣ ਦੇਖਿਆ ਸੀ ਜਿਸ ਨੂੰ ਪੜ੍ਹ ਕੇ ਸਾਡਾ ਯਹੋਵਾਹ ਤੇ ਯਿਸੂ ਉੱਤੇ ਭਰੋਸਾ ਵਧਦਾ ਹੈ। ਇਸ ਦਰਸ਼ਣ ਵਿਚ ਉਸ ਨੇ “ਅੱਤ ਪਰਾਚੀਨ” ਯਹੋਵਾਹ ਨੂੰ ਸਿੰਘਾਸਣ ਉੱਤੇ ਬੈਠੇ ਦੇਖਿਆ ਸੀ। ਇਹ ਸਿੰਘਾਸਣ ਅੱਗ ਦੀ ਲਾਟ ਵਰਗਾ ਸੀ ਅਤੇ ਇਸ ਦੇ ਪਹੀਏ ਸਨ। (ਦਾਨੀ. 7:9) ਯਹੋਵਾਹ ਆਪਣੇ ਸੇਵਕ ਦਾਨੀਏਲ ਨੂੰ ਦਿਖਾਉਣਾ ਚਾਹੁੰਦਾ ਸੀ ਕਿ ਉਸ ਦਾ ਸੰਗਠਨ ਉਸ ਦਾ ਮਕਸਦ ਪੂਰਾ ਕਰਨ ਲਈ ਅੱਗੇ ਵਧ ਰਿਹਾ ਹੈ। ਦਾਨੀਏਲ ਨੇ “ਇੱਕ ਜਣਾ ਮਨੁੱਖ ਦੇ ਪੁੱਤ੍ਰ ਵਰਗਾ” ਵੀ ਦੇਖਿਆ। ਇਹ ਯਿਸੂ ਹੈ ਜਿਸ ਨੂੰ ਧਰਤੀ ’ਤੇ ਯਹੋਵਾਹ ਦੇ ਸੰਗਠਨ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਯਿਸੂ ਸਿਰਫ਼ ਕੁਝ ਹੀ ਸਾਲਾਂ ਲਈ ਰਾਜ ਨਹੀਂ ਕਰੇਗਾ, ਸਗੋਂ “ਉਹ ਦਾ ਰਾਜ ਸਦਾ ਦਾ ਰਾਜ ਹੈ, ਜਿਹੜਾ ਮਿਟੇਗਾ ਨਾ, ਅਤੇ ਉਹ ਦਾ ਰਾਜ ਅਜਿਹਾ ਹੈ ਜੋ ਟਲੇਗਾ ਨਾ।” (ਦਾਨੀ. 7:13, 14) ਇਹ ਦਰਸ਼ਣ ਸਾਨੂੰ ਯਹੋਵਾਹ ’ਤੇ ਭਰੋਸਾ ਰੱਖਣ ਅਤੇ ਉਸ ਦੇ ਕੰਮਾਂ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਦੀ ਹੱਲਾਸ਼ੇਰੀ ਦਿੰਦਾ ਹੈ। ਉਸ ਨੇ “ਪਾਤਸ਼ਾਹੀ ਅਰ ਪਰਤਾਪ ਅਰ ਰਾਜ” ਆਪਣੇ ਪੁੱਤਰ ਯਿਸੂ ਨੂੰ ਦਿੱਤਾ ਹੈ। ਯਹੋਵਾਹ ਨੂੰ ਆਪਣੇ ਬੇਟੇ ’ਤੇ ਪੂਰਾ ਭਰੋਸਾ ਹੈ। ਇਸ ਲਈ ਸਾਨੂੰ ਵੀ ਯਿਸੂ ਦੀ ਅਗਵਾਈ ’ਤੇ ਭਰੋਸਾ ਹੋਣਾ ਚਾਹੀਦਾ ਹੈ।

8. ਹਿਜ਼ਕੀਏਲ ਤੇ ਯਸਾਯਾਹ ਨੇ ਜੋ ਦਰਸ਼ਣ ਦੇਖੇ ਸਨ, ਇਨ੍ਹਾਂ ਦਾ ਉਨ੍ਹਾਂ ’ਤੇ ਕੀ ਅਸਰ ਹੋਇਆ ਸੀ ਅਤੇ ਸਾਡੇ ’ਤੇ ਕੀ ਅਸਰ ਹੋਣਾ ਚਾਹੀਦਾ ਹੈ?

 8 ਸਵਰਗ ਵਿਚ ਯਹੋਵਾਹ ਦੇ ਸੰਗਠਨ ਦੇ ਇਨ੍ਹਾਂ ਦਰਸ਼ਣਾਂ ਦਾ ਸਾਡੇ ’ਤੇ ਕੀ ਅਸਰ ਹੋਣਾ ਚਾਹੀਦਾ ਹੈ? ਹਿਜ਼ਕੀਏਲ ਵਾਂਗ ਸਾਡਾ ਦਿਲ ਸ਼ਰਧਾ ਨਾਲ ਭਰ ਜਾਂਦਾ ਹੈ ਤੇ ਸਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਅਸੀਂ ਕਿੰਨੇ ਛੋਟੇ ਹਾਂ। (ਹਿਜ਼. 1:28) ਨਾਲੇ ਯਹੋਵਾਹ ਦੇ ਸੰਗਠਨ ਬਾਰੇ ਸੋਚ-ਵਿਚਾਰ ਕਰ ਕੇ ਅਸੀਂ ਯਸਾਯਾਹ ਵਰਗਾ ਰਵੱਈਆ ਦਿਖਾ ਸਕਦੇ ਹਾਂ। ਜਦ ਉਸ ਨੂੰ ਦੂਜਿਆਂ ਨੂੰ ਯਹੋਵਾਹ ਦੇ ਕੰਮਾਂ ਬਾਰੇ ਦੱਸਣ ਦਾ ਸੱਦਾ ਮਿਲਿਆ, ਤਾਂ ਉਸ ਨੇ ਇਹ ਖ਼ੁਸ਼ੀ-ਖ਼ੁਸ਼ੀ ਕਬੂਲ ਕੀਤਾ। (ਯਸਾਯਾਹ 6:5, 8 ਪੜ੍ਹੋ।) ਉਸ ਨੂੰ ਪੱਕਾ ਯਕੀਨ ਸੀ ਕਿ ਯਹੋਵਾਹ ਦੀ ਮਦਦ ਨਾਲ ਉਹ ਉਸ ਦੀ ਸੇਵਾ ਵਿਚ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਕਰ ਸਕਦਾ ਸੀ। ਯਸਾਯਾਹ ਵਾਂਗ ਅਸੀਂ ਵੀ ਯਹੋਵਾਹ ਦੇ ਸੰਗਠਨ ਨਾਲ ਮਿਲ ਕੇ ਪਰਮੇਸ਼ੁਰ ਦੀ ਸੇਵਾ ਵਧ-ਚੜ੍ਹ ਕੇ ਕਰਨਾ ਚਾਹੁੰਦੇ ਹਾਂ। ਸਾਨੂੰ ਕਿੰਨਾ ਹੌਸਲਾ ਮਿਲਦਾ ਹੈ ਕਿ ਅਸੀਂ ਅਜਿਹੇ ਸੰਗਠਨ ਦਾ ਹਿੱਸਾ ਹਾਂ ਜੋ ਯਹੋਵਾਹ ਦੀ ਇੱਛਾ ਪੂਰੀ ਕਰਨ ਵਿਚ ਲੱਗਾ ਹੋਇਆ ਹੈ!

ਧਰਤੀ ਉੱਤੇ ਯਹੋਵਾਹ ਦਾ ਸੰਗਠਨ

9, 10. ਯਹੋਵਾਹ ਨੇ ਆਪਣੇ ਸੰਗਠਨ ਦਾ ਇਕ ਹਿੱਸਾ ਧਰਤੀ ਉੱਤੇ ਕਾਇਮ ਕਿਉਂ ਕੀਤਾ ਹੈ?

9 ਯਹੋਵਾਹ ਨੇ ਆਪਣੇ ਬੇਟੇ ਰਾਹੀਂ ਧਰਤੀ ਉੱਤੇ ਆਪਣੇ ਸੰਗਠਨ ਦਾ ਇਕ ਹਿੱਸਾ ਕਾਇਮ ਕੀਤਾ ਹੈ। ਇਹ ਸਵਰਗ ਵਿਚ ਉਸ ਦੇ ਸੰਗਠਨ ਨਾਲ ਮਿਲ ਕੇ ਕੰਮ ਕਰਦਾ ਹੈ। ਮੱਤੀ 24:14 ਵਿਚ ਦੱਸੇ ਕੰਮ ਨੂੰ ਪੂਰਾ ਕਰਨ ਲਈ ਧਰਤੀ ’ਤੇ ਇਕ ਸੰਗਠਨ ਦੀ ਲੋੜ ਕਿਉਂ ਹੈ? ਜ਼ਰਾ ਤਿੰਨ ਕਾਰਨਾਂ ’ਤੇ ਗੌਰ ਕਰੋ।

10 ਪਹਿਲਾਂ ਕਾਰਨ, ਯਿਸੂ ਨੇ ਦੱਸਿਆ ਸੀ ਕਿ ਉਸ ਦੇ ਚੇਲੇ “ਧਰਤੀ ਦੇ ਕੋਨੇ-ਕੋਨੇ ਵਿਚ” ਪ੍ਰਚਾਰ ਕਰਨਗੇ। (ਰਸੂ. 1:8) ਦੂਜਾ, ਪ੍ਰਚਾਰ ਕਰਨ ਵਾਲਿਆਂ ਨੂੰ ਪਰਮੇਸ਼ੁਰ ਦੇ ਬਚਨ ਤੋਂ ਗਿਆਨ ਅਤੇ ਹੌਸਲੇ ਦੀ ਲੋੜ ਪੈਣੀ ਸੀ। (ਯੂਹੰ. 21:15-17) ਤੀਜਾ, ਪਰਮੇਸ਼ੁਰ ਦੇ ਸਵੇਕਾਂ ਨੂੰ ਮੀਟਿੰਗਾਂ ਦੀ ਲੋੜ ਪੈਣੀ ਸੀ ਜਿੱਥੇ ਉਹ ਯਹੋਵਾਹ ਦੀ ਭਗਤੀ ਕਰਨ ਲਈ ਇਕੱਠੇ ਹੋ ਸਕਦੇ ਸਨ ਅਤੇ ਪ੍ਰਚਾਰ ਕਰਨਾ ਸਿੱਖ ਸਕਦੇ ਸਨ। (ਇਬ. 10:24, 25) ਇਹ ਸਭ ਕੁਝ ਕਰਨ ਲਈ ਉਨ੍ਹਾਂ ਨੂੰ ਇਕ ਸੰਗਠਨ ਦੀ ਲੋੜ ਪੈਣੀ ਸੀ।

11. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦੇ ਸੰਗਠਨ ਨਾਲ ਮਿਲ ਕੇ ਕੰਮ ਕਰਦੇ ਹਾਂ?

11 ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦੇ ਸੰਗਠਨ ਨਾਲ ਮਿਲ ਕੇ ਕੰਮ ਕਰਦੇ ਹਾਂ? ਇਕ ਜ਼ਰੂਰੀ ਤਰੀਕਾ ਹੈ ਕਿ ਅਸੀਂ ਉਨ੍ਹਾਂ ਭਰਾਵਾਂ ’ਤੇ ਭਰੋਸਾ ਰੱਖੀਏ ਜਿਨ੍ਹਾਂ ਨੂੰ ਯਹੋਵਾਹ ਤੇ ਯਿਸੂ ਸਾਡੀ ਅਗਵਾਈ ਕਰਨ ਲਈ ਵਰਤ ਰਹੇ ਹਨ। ਭਾਵੇਂ ਕਿ ਇਹ ਭਰਾ ਆਪਣਾ ਸਮਾਂ ਤੇ ਤਾਕਤ ਹੋਰ ਕੰਮਾਂ ਵਿਚ ਲਾ ਸਕਦੇ ਹਨ, ਪਰ ਉਹ ਇੱਦਾਂ ਨਹੀਂ ਕਰਦੇ। ਆਓ ਦੇਖੀਏ ਕਿ ਇਹ ਭਰਾ ਕਿਸ ਕੰਮ ਵਿਚ ਲੱਗੇ ਹੋਏ ਹਨ।

ਉਹ “ਜ਼ਿਆਦਾ ਜ਼ਰੂਰੀ ਗੱਲਾਂ” ਵੱਲ ਧਿਆਨ ਦਿੰਦੇ ਹਨ

12, 13. ਬਜ਼ੁਰਗ ਆਪਣੀਆਂ ਜ਼ਿੰਮੇਵਾਰੀਆਂ ਕਿਵੇਂ ਪੂਰੀਆਂ ਕਰਦੇ ਹਨ ਅਤੇ ਇਸ ਤੋਂ ਤੁਹਾਨੂੰ ਕਿਹੜਾ ਹੌਸਲਾ ਮਿਲਦਾ ਹੈ?

12 ਦੁਨੀਆਂ ਭਰ ਵਿਚ ਤਜਰਬੇਕਾਰ ਬਜ਼ੁਰਗਾਂ ਨੂੰ ਉਨ੍ਹਾਂ ਦੇਸ਼ਾਂ ਵਿਚ ਪ੍ਰਚਾਰ ਦੇ ਕੰਮ ਦੀ ਅਗਵਾਈ ਕਰਨ ਲਈ ਚੁਣਿਆ ਗਿਆ ਹੈ ਜਿੱਥੇ ਉਹ ਸੇਵਾ ਕਰਦੇ ਹਨ। ਇਹ ਭਰਾ ਪਰਮੇਸ਼ੁਰ ਦੇ ਬਚਨ ਨੂੰ ‘ਆਪਣੇ ਪੈਰਾਂ ਲਈ ਦੀਪਕ, ਅਤੇ ਆਪਣੇ ਰਾਹ ਦਾ ਚਾਨਣ’ ਮੰਨਦੇ ਹਨ। ਇਸ ਲਈ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਉਹ ਦੇਖਦੇ ਹਨ ਕਿ ਬਾਈਬਲ ਕੀ ਸਲਾਹ ਦਿੰਦੀ ਹੈ ਅਤੇ ਉਹ ਯਹੋਵਾਹ ਦੀ ਅਗਵਾਈ ਲਈ ਦਿਲੋਂ ਪ੍ਰਾਰਥਨਾ ਕਰਦੇ ਹਨ।​—ਜ਼ਬੂ. 119:105; ਮੱਤੀ 7:7, 8.

13 ਪਹਿਲੀ ਸਦੀ ਦੇ ਬਜ਼ੁਰਗਾਂ ਵਾਂਗ ਅੱਜ ਵੀ ਪ੍ਰਚਾਰ ਵਿਚ ਅਗਵਾਈ ਕਰਨ ਵਾਲੇ ਬਜ਼ੁਰਗ “ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦੇਣ ਵਿਚ” ਲੱਗੇ ਹੋਏ ਹਨ। (ਰਸੂ. 6:4) ਉਨ੍ਹਾਂ ਨੂੰ ਆਪਣੇ ਦੇਸ਼ ਵਿਚ ਅਤੇ ਦੁਨੀਆਂ ਭਰ ਵਿਚ ਪ੍ਰਚਾਰ ਦੇ ਕੰਮ ਨੂੰ ਵਧਦਾ-ਫੁੱਲਦਾ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ। (ਰਸੂ. 21:19, 20) ਉਹ ਇਸ ਕੰਮ ਨੂੰ ਪੂਰਾ ਕਰਨ ਲਈ ਬਹੁਤ ਸਾਰੇ ਅਸੂਲ ਨਹੀਂ ਬਣਾਉਂਦੇ ਹਨ। ਇਸ ਦੀ ਬਜਾਇ ਉਹ ਬਾਈਬਲ ਤੇ ਪਰਮੇਸ਼ੁਰ ਦੀ ਪਵਿੱਤਰ  ਸ਼ਕਤੀ ਦੀ ਅਗਵਾਈ ਮੁਤਾਬਕ ਪ੍ਰਚਾਰ ਲਈ ਇੰਤਜ਼ਾਮ ਕਰਦੇ ਹਨ। (ਰਸੂਲਾਂ ਦੇ ਕੰਮ 15:28 ਪੜ੍ਹੋ।) ਇੱਦਾਂ ਇਹ ਜ਼ਿੰਮੇਵਾਰ ਭਰਾ ਸਾਡੇ ਸਾਰਿਆਂ ਲਈ ਵਧੀਆ ਮਿਸਾਲ ਕਾਇਮ ਕਰਦੇ ਹਨ।​—ਅਫ਼. 4:11, 12.

14, 15. (ੳ) ਪੂਰੀ ਦੁਨੀਆਂ ਵਿਚ ਪ੍ਰਚਾਰ ਕਰਨ ਲਈ ਕਿਹੜੇ ਇੰਤਜ਼ਾਮ ਕੀਤੇ ਗਏ ਹਨ? (ਅ) ਤੁਸੀਂ ਪ੍ਰਚਾਰ ਕਰਨ ਤੋਂ ਇਲਾਵਾ ਹੋਰ ਕਿਨ੍ਹਾਂ ਕੰਮਾਂ ਵਿਚ ਮਦਦ ਦੇ ਸਕਦੇ ਹੋ?

14 ਇਸ ਤੋਂ ਇਲਾਵਾ ਬਹੁਤ ਸਾਰੇ ਭੈਣ-ਭਰਾ ਸਾਡੇ ਲਈ ਪ੍ਰਕਾਸ਼ਨ, ਮੀਟਿੰਗਾਂ ਤੇ ਸੰਮੇਲਨ ਤਿਆਰ ਕਰਨ ਲਈ ਦਿਨ-ਰਾਤ ਮਿਹਨਤ ਕਰਦੇ ਹਨ। ਮਿਸਾਲ ਲਈ, ਹਜ਼ਾਰਾਂ ਹੀ ਭੈਣ-ਭਰਾ 600 ਤੋਂ ਵਧ ਭਾਸ਼ਾਵਾਂ ਵਿਚ ਕਿਤਾਬਾਂ-ਮੈਗਜ਼ੀਨਾਂ ਦਾ ਅਨੁਵਾਦ ਕਰਨ ਲਈ ਲੱਕ-ਤੋੜ ਮਿਹਨਤ ਕਰਦੇ ਹਨ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਭਾਸ਼ਾ ਵਿਚ “ਪਰਮੇਸ਼ੁਰ ਦੇ ਸ਼ਾਨਦਾਰ ਕੰਮਾਂ” ਦਾ ਗਿਆਨ ਮਿਲੇ। (ਰਸੂ. 2:7-11) ਕਈ ਨੌਜਵਾਨ ਭੈਣ-ਭਰਾ ਵੱਡੀਆਂ-ਵੱਡੀਆਂ ਪ੍ਰਿੰਟਿੰਗ ਮਸ਼ੀਨਾਂ ’ਤੇ ਕੰਮ ਕਰ ਕੇ ਸਾਡੇ ਲਈ ਪ੍ਰਕਾਸ਼ਨ ਤਿਆਰ ਕਰਦੇ ਹਨ। ਫਿਰ ਇਹ ਪ੍ਰਕਾਸ਼ਨ ਦੂਰ-ਦੂਰ ਤਕ ਫੈਲੀਆਂ ਮੰਡਲੀਆਂ ਵਿਚ ਭੇਜਿਆ ਜਾਂਦਾ ਹੈ।

15 ਸਾਡੇ ਇਲਾਕੇ ਵਿਚ ਕਈ ਭੈਣ-ਭਰਾ ਹੋਰ ਵੀ ਕੰਮ ਕਰਦੇ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣਾ ਪੂਰਾ ਧਿਆਨ ਪ੍ਰਚਾਰ ਕਰਨ ’ਤੇ ਲਾ ਪਾਉਂਦੇ ਹਾਂ। ਮਿਸਾਲ ਲਈ, ਹਜ਼ਾਰਾਂ ਹੀ ਭੈਣ-ਭਰਾ ਕਿੰਗਡਮ ਹਾਲ ਤੇ ਅਸੈਂਬਲੀ ਹਾਲ ਬਣਾਉਣ ਵਿਚ ਹੱਥ ਵਟਾਉਂਦੇ ਹਨ। ਕਈ ਹੋਰ ਹਸਪਤਾਲਾਂ ਵਿਚ ਬੀਮਾਰ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਨ ਅਤੇ ਕੁਝ ਉੱਥੇ ਜਾਂਦੇ ਹਨ ਜਿੱਥੇ ਕੁਦਰਤੀ ਆਫ਼ਤਾਂ ਆਈਆਂ ਹਨ। ਕਈ ਸਾਡੀਆਂ ਅਸੈਂਬਲੀਆਂ ਤੇ ਸੰਮੇਲਨਾਂ ਦਾ ਪ੍ਰਬੰਧ ਕਰਦੇ ਹਨ ਤੇ ਦੂਸਰੇ ਸੰਗਠਨ ਵੱਲੋਂ ਚਲਾਏ ਜਾਂਦੇ ਸਕੂਲਾਂ ਵਿਚ ਸਿੱਖਿਆ ਦਿੰਦੇ ਹਨ। ਇੰਨਾ ਸਾਰਾ ਕੰਮ ਕਿਉਂ ਕੀਤਾ ਜਾਂਦਾ ਹੈ? ਤਾਂਕਿ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ, ਸੱਚਾਈ ਵਿਚ ਤਰੱਕੀ ਅਤੇ ਯਹੋਵਾਹ ਦੇ ਸੇਵਕ ਬਣਨ ਵਿਚ ਹੋਰ ਲੋਕਾਂ ਦੀ ਮਦਦ ਕਰ ਸਕੀਏ। ਵਾਕਈ, ਧਰਤੀ ’ਤੇ ਯਹੋਵਾਹ ਦਾ ਸੰਗਠਨ ਜ਼ਿਆਦਾ ਜ਼ਰੂਰੀ ਗੱਲਾਂ ਨੂੰ ਪਹਿਲ ਦਿੰਦਾ ਹੈ!

ਯਹੋਵਾਹ ਦੇ ਸੰਗਠਨ ਦੇ ਨਾਲ-ਨਾਲ ਚੱਲੋ

16. ਕਿਸ ਵਿਸ਼ੇ ਬਾਰੇ ਸਟੱਡੀ ਕਰਨੀ ਤੁਹਾਡੇ ਲਈ ਜਾਂ ਤੁਹਾਡੇ ਪਰਿਵਾਰ ਲਈ ਫ਼ਾਇਦੇਮੰਦ ਹੋਵੇਗੀ?

16 ਕੀ ਤੁਸੀਂ ਸਮੇਂ-ਸਮੇਂ ਤੇ ਇਸ ਬਾਰੇ ਸੋਚਦੇ ਹੋ ਕਿ ਯਹੋਵਾਹ ਦਾ ਸੰਗਠਨ ਕੀ-ਕੀ ਕਰ ਰਿਹਾ ਹੈ? ਕੁਝ ਭੈਣ-ਭਰਾ ਆਪਣੀ ਜਾਂ ਪਰਿਵਾਰਕ ਸਟੱਡੀ ਦੌਰਾਨ ਇਸ ਬਾਰੇ ਰੀਸਰਚ ਕਰ ਕੇ ਸੋਚ-ਵਿਚਾਰ ਕਰਦੇ ਹਨ। ਮਿਸਾਲ ਲਈ, ਯਸਾਯਾਹ, ਹਿਜ਼ਕੀਏਲ, ਦਾਨੀਏਲ ਅਤੇ ਯੂਹੰਨਾ ਨੂੰ ਦਿੱਤੇ ਗਏ ਦਰਸ਼ਣਾਂ ਬਾਰੇ ਹੋਰ ਸਿੱਖਣਾ ਬਹੁਤ ਦਿਲਚਸਪ ਹੈ। ਨਾਲੇ ਅਸੀਂ ਉਹ ਡੀ. ਵੀ. ਡੀ. ਦੇਖ ਸਕਦੇ ਹਾਂ ਜਾਂ ਉਹ ਪ੍ਰਕਾਸ਼ਨ ਪੜ੍ਹ ਸਕਦੇ ਹਾਂ ਜੋ ਸਾਨੂੰ ਯਹੋਵਾਹ ਦੇ ਸੰਗਠਨ ਬਾਰੇ ਹੋਰ ਜਾਣਕਾਰੀ ਦਿੰਦੇ ਹਨ।

17, 18. (ੳ) ਇਸ ਲੇਖ ਤੋਂ ਤੁਹਾਨੂੰ ਕੀ ਫ਼ਾਇਦਾ ਹੋਇਆ ਹੈ? (ਅ) ਸਾਨੂੰ ਕਿਨ੍ਹਾਂ ਸਵਾਲਾਂ ਉੱਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ?

17 ਇਸ ਬਾਰੇ ਸੋਚ-ਵਿਚਾਰ ਕਰਨਾ ਬਹੁਤ ਫ਼ਾਇਦੇਮੰਦ ਹੈ ਕਿ ਯਹੋਵਾਹ ਪ੍ਰਚਾਰ ਦਾ ਕੰਮ ਕਰਾਉਣ ਲਈ ਆਪਣਾ ਸੰਗਠਨ ਕਿਵੇਂ ਵਰਤ ਰਿਹਾ ਹੈ। ਜਿੱਦਾਂ ਯਹੋਵਾਹ ਦਾ ਸੰਗਠਨ ਜ਼ਿਆਦਾ ਜ਼ਰੂਰੀ ਗੱਲਾਂ ਵੱਲ ਧਿਆਨ ਦਿੰਦਾ ਹੈ, ਆਓ ਆਪਾਂ ਵੀ ਇੱਦਾਂ ਹੀ ਕਰੀਏ। ਫਿਰ ਸਾਡਾ ਰਵੱਈਆ ਪੌਲੁਸ ਵਰਗਾ ਹੋਵੇਗਾ ਜਿਸ ਨੇ ਕਿਹਾ ਸੀ: “ਸਾਨੂੰ ਸੇਵਾ ਦਾ ਇਹ ਕੰਮ ਪਰਮੇਸ਼ੁਰ ਦੀ ਦਇਆ ਸਦਕਾ ਮਿਲਿਆ ਹੈ, ਇਸ ਲਈ ਅਸੀਂ ਹਾਰ ਨਹੀਂ ਮੰਨਦੇ।” (2 ਕੁਰਿੰ. 4:1) ਉਸ ਨੇ ਭੈਣਾਂ-ਭਰਾਵਾਂ ਨੂੰ ਇਹ ਵੀ ਹੱਲਾਸ਼ੇਰੀ ਦਿੱਤੀ ਸੀ: “ਆਓ ਆਪਾਂ ਚੰਗੇ ਕੰਮ ਕਰਨੇ ਨਾ ਛੱਡੀਏ ਕਿਉਂਕਿ ਜੇ ਅਸੀਂ ਹਿੰਮਤ ਨਹੀਂ ਹਾਰਾਂਗੇ, ਤਾਂ ਸਮਾਂ ਆਉਣ ਤੇ ਅਸੀਂ ਫ਼ਸਲ ਜ਼ਰੂਰ ਵੱਢਾਂਗੇ।”​—ਗਲਾ. 6:9.

18 ਕੀ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਨੂੰ ਤਬਦੀਲੀਆਂ ਕਰਨ ਦੀ ਲੋੜ ਹੈ ਤਾਂਕਿ ਤੁਸੀਂ ਰੋਜ਼ ਆਪਣੀ ਜ਼ਿੰਦਗੀ ਵਿਚ ਜ਼ਿਆਦਾ ਜ਼ਰੂਰੀ ਗੱਲਾਂ ਨੂੰ ਪਹਿਲ ਦੇ ਸਕੋ? ਕੀ ਤੁਸੀਂ ਆਪਣੀ ਜ਼ਿੰਦਗੀ ਸਾਦੀ ਬਣਾ ਸਕਦੇ ਹੋ ਤਾਂਕਿ ਤੁਸੀਂ ਪ੍ਰਚਾਰ ਹੋਰ ਵੀ ਵਧ-ਚੜ੍ਹ ਕੇ ਕਰ ਸਕੋ? ਅਗਲੇ ਲੇਖ ਵਿਚ ਅਸੀਂ ਪੰਜ ਗੱਲਾਂ ਬਾਰੇ ਸਿੱਖਾਂਗੇ ਜੋ ਯਹੋਵਾਹ ਦੇ ਸੰਗਠਨ ਨਾਲ ਕਦਮ ਮਿਲਾ ਕੇ ਚੱਲਣ ਵਿਚ ਸਾਡੀ ਮਦਦ ਕਰਨਗੀਆਂ।