Skip to content

Skip to table of contents

ਯਹੋਵਾਹ ਦੇ ਸੇਵਕਾਂ ਨੂੰ “ਕੋਈ ਠੋਕਰ ਨਹੀਂ ਲੱਗਦੀ”

ਯਹੋਵਾਹ ਦੇ ਸੇਵਕਾਂ ਨੂੰ “ਕੋਈ ਠੋਕਰ ਨਹੀਂ ਲੱਗਦੀ”

“ਤੇਰੀ ਬਿਵਸਥਾ ਦੇ ਪ੍ਰੇਮੀਆਂ ਨੂੰ ਵੱਡਾ ਚੈਨ ਹੈ, ਅਤੇ ਉਨ੍ਹਾਂ ਨੂੰ ਕੋਈ ਠੋਕਰ ਨਹੀਂ ਲੱਗਦੀ।”​—ਜ਼ਬੂ. 119:165.

1. ਇਕ ਦੌੜਾਕ ਦੀ ਮਿਸਾਲ ਦਿਓ ਜਿਸ ਦੇ ਪੱਕੇ ਇਰਾਦੇ ਤੋਂ ਸਾਨੂੰ ਵੀ ਕਦੇ ਹਾਰ ਨਾ ਮੰਨਣ ਦੀ ਹੱਲਾਸ਼ੇਰੀ ਮਿਲ ਸਕਦੀ ਹੈ।

ਅਮਰੀਕਾ ਦੀ ਮਸ਼ਹੂਰ ਦੌੜਾਕ ਮੈਰੀ ਡੈਕਰ ਨੇ ਛੋਟੀ ਉਮਰ ਤੋਂ ਹੀ ਵਿਸ਼ਵ ਪੱਧਰ ’ਤੇ ਹੁੰਦੇ ਮੁਕਾਬਲਿਆਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਆਸ ਕੀਤੀ ਜਾ ਰਹੀ ਸੀ ਕਿ 1984 ਵਿਚ ਹੋਣ ਵਾਲੀਆਂ ਓਲੰਪਕ ਖੇਡਾਂ ਵਿਚ ਉਹ 3,000 ਮੀਟਰ ਦੀ ਫਾਈਨਲ ਦੌੜ ਵਿਚ ਸੋਨੇ ਦਾ ਤਮਗਾ ਜਿੱਤੇਗੀ। ਪਰ ਉਹ ਦੌੜ ਪੂਰੀ ਨਾ ਕਰ ਸਕੀ। ਉਹ ਦੌੜਦੇ-ਦੌੜਦੇ ਇਕ ਹੋਰ ਦੌੜਾਕ ਨਾਲ ਟਕਰਾ ਕੇ ਡਿਗ ਗਈ ਜਿਸ ਕਾਰਨ ਉਸ ਦੇ ਸੱਟ ਲੱਗ ਗਈ। ਉਸ ਨੂੰ ਰੋਂਦੀ ਨੂੰ ਖੇਡ ਦੇ ਮੈਦਾਨ ਵਿੱਚੋਂ ਚੁੱਕ ਕੇ ਲਿਜਾਣਾ ਪਿਆ। ਪਰ ਮੈਰੀ ਨੇ ਦੌੜਨਾ ਨਹੀਂ ਛੱਡਿਆ। ਸਾਲ ਦੇ ਅੰਦਰ-ਅੰਦਰ ਉਸ ਨੇ ਦੁਬਾਰਾ ਦੌੜਨਾ ਸ਼ੁਰੂ ਕੀਤਾ ਅਤੇ 1985 ਵਿਚ ਔਰਤਾਂ ਦੀ ਇਕ ਮੀਲ ਲੰਬੀ ਦੌੜ ਵਿਚ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ।

2. ਸੱਚੇ ਮਸੀਹੀ ਕਿਹੋ ਜਿਹੀ ਦੌੜ ਵਿਚ ਦੌੜ ਰਹੇ ਹਨ ਅਤੇ ਸਾਡਾ ਧਿਆਨ ਕਿਸ ਚੀਜ਼ ਉੱਤੇ ਹੋਣਾ ਚਾਹੀਦਾ ਹੈ?

2 ਮਸੀਹੀ ਹੋਣ ਕਰਕੇ ਅਸੀਂ ਵੀ ਇਕ ਦੌੜ ਵਿਚ ਦੌੜ ਰਹੇ ਹਾਂ। ਸਾਨੂੰ ਇਹ ਦੌੜ ਜਿੱਤਣ ਉੱਤੇ ਧਿਆਨ ਲਾਉਣਾ ਚਾਹੀਦਾ ਹੈ। ਸਾਡੀ ਦੌੜ ਛੋਟੀ ਨਹੀਂ ਹੈ ਜਿਸ ਨੂੰ ਅਸੀਂ ਤੇਜ਼ ਭੱਜ ਕੇ ਪੂਰੀ ਕਰ ਸਕਦੇ ਹਾਂ। ਇਸ ਦੀ ਬਜਾਇ, ਇਹ ਮੈਰਾਥਨ ਵਾਂਗ ਲੰਬੀ ਦੌੜ ਹੈ ਜਿਸ ਵਿਚ ਇਨਾਮ ਜਿੱਤਣ ਲਈ ਸਾਨੂੰ ਲਗਾਤਾਰ ਦੌੜਦੇ ਰਹਿਣ ਦੀ ਲੋੜ ਹੈ। ਇਸ ਦੌੜ ਵਿਚ ਅਸੀਂ ਆਪਣੀ ਮਰਜ਼ੀ ਨਹੀਂ ਕਰ ਸਕਦੇ ਕਿ ਕਦੇ ਅਸੀਂ ਦੌੜਨਾ ਸ਼ੁਰੂ ਕਰ ਦੇਈਏ ਤੇ ਕਦੇ ਖੜ੍ਹ ਜਾਈਏ। ਪੌਲੁਸ ਨੇ ਕੁਰਿੰਥੁਸ ਸ਼ਹਿਰ ਵਿਚ ਰਹਿੰਦੇ ਮਸੀਹੀਆਂ ਨੂੰ ਲਿਖੀ ਚਿੱਠੀ ਵਿਚ ਦੌੜ ਦੀ ਉਦਾਹਰਣ ਵਰਤੀ ਸੀ। ਇਹ ਸ਼ਹਿਰ ਖੇਡ ਮੁਕਾਬਲਿਆਂ ਲਈ ਮਸ਼ਹੂਰ ਸੀ। ਉਸ ਨੇ ਲਿਖਿਆ: “ਕੀ ਤੁਸੀਂ ਨਹੀਂ ਜਾਣਦੇ ਕਿ ਦੌੜ ਵਿਚ ਸਾਰੇ ਦੌੜਦੇ ਹਨ, ਪਰ ਇਨਾਮ ਇੱਕੋ ਨੂੰ ਮਿਲਦਾ ਹੈ? ਇਸ ਤਰ੍ਹਾਂ ਦੌੜੋ ਕਿ ਤੁਸੀਂ ਇਨਾਮ ਜਿੱਤ ਸਕੋ।”​—1 ਕੁਰਿੰ. 9:24.

3. ਕਿਹੜੇ ਲੋਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਦੌੜ ਵਿਚ ਦੌੜਨ ਦਾ ਇਨਾਮ ਮਿਲਦਾ ਹੈ?

3 ਬਾਈਬਲ ਸਾਨੂੰ ਇਸ ਦੌੜ ਵਿਚ ਦੌੜਨ ਦੀ ਹੱਲਾਸ਼ੇਰੀ ਦਿੰਦੀ ਹੈ। (1 ਕੁਰਿੰਥੀਆਂ 9:25-27 ਪੜ੍ਹੋ।) ਇਸ ਦਾ ਇਨਾਮ ਹਮੇਸ਼ਾ ਦੀ ਜ਼ਿੰਦਗੀ ਹੈ, ਚੁਣੇ ਹੋਏ ਮਸੀਹੀਆਂ ਲਈ ਸਵਰਗ ਵਿਚ ਅਤੇ ਬਾਕੀਆਂ ਲਈ ਧਰਤੀ ਉੱਤੇ। ਜ਼ਿਆਦਾਤਰ ਖੇਡ ਮੁਕਾਬਲਿਆਂ ਤੋਂ ਉਲਟ ਇਸ ਦੌੜ ਵਿਚ ਉਨ੍ਹਾਂ  ਸਾਰੇ ਲੋਕਾਂ ਨੂੰ ਇਨਾਮ ਮਿਲਦਾ ਹੈ ਜੋ ਇਸ ਨੂੰ ਪੂਰੀ ਕਰਦੇ ਹਨ। (ਮੱਤੀ 24:13) ਸਿਰਫ਼ ਉਹੀ ਦੌੜਾਕ ਹਾਰਦੇ ਹਨ ਜਿਹੜੇ ਨਿਯਮਾਂ ਮੁਤਾਬਕ ਨਹੀਂ ਦੌੜਦੇ ਜਾਂ ਦੌੜ ਪੂਰੀ ਨਹੀਂ ਕਰਦੇ। ਇਸ ਤੋਂ ਇਲਾਵਾ, ਸਿਰਫ਼ ਇਸੇ ਦੌੜ ਦਾ ਇਨਾਮ ਹਮੇਸ਼ਾ ਦੀ ਜ਼ਿੰਦਗੀ ਹੈ।

4. ਕਿਹੜੀ ਗੱਲ ਕਰਕੇ ਹਮੇਸ਼ਾ ਦੀ ਜ਼ਿੰਦਗੀ ਦੀ ਦੌੜ ਪੂਰੀ ਕਰਨੀ ਮੁਸ਼ਕਲ ਹੋ ਸਕਦੀ ਹੈ?

4 ਇਸ ਦੌੜ ਨੂੰ ਪੂਰਾ ਕਰਨਾ ਆਸਾਨ ਨਹੀਂ ਹੈ। ਇਸ ਦੇ ਲਈ ਮਿਹਨਤ ਕਰਨੀ ਪਵੇਗੀ ਅਤੇ ਜਿੱਤਣ ਦੇ ਪੱਕੇ ਇਰਾਦੇ ਨਾਲ ਦੌੜਨਾ ਪਵੇਗਾ। ਸਿਰਫ਼ ਇੱਕੋ ਇਨਸਾਨ ਨੇ ਬਿਨਾਂ ਡਿਗੇ ਇਹ ਦੌੜ ਪੂਰੀ ਕੀਤੀ ਸੀ। ਉਹ ਇਨਸਾਨ ਸੀ ਯਿਸੂ ਮਸੀਹ। ਪਰ ਉਸ ਦੇ ਚੇਲੇ ਬਿਨਾਂ ਡਿਗੇ ਇਹ ਦੌੜ ਪੂਰੀ ਨਹੀਂ ਕਰ ਸਕਦੇ। ਅਸੀਂ ਸਾਰੇ ਡਿਗ ਪੈਂਦੇ ਹਾਂ ਯਾਨੀ “ਅਸੀਂ ਸਾਰੇ ਜਣੇ ਕਈ ਵਾਰ ਗ਼ਲਤੀਆਂ ਕਰਦੇ ਹਾਂ।” (ਯਾਕੂ. 3:2) ਸਾਡੀਆਂ ਆਪਣੀਆਂ ਅਤੇ ਦੂਸਰਿਆਂ ਦੀਆਂ ਕਮੀਆਂ-ਕਮਜ਼ੋਰੀਆਂ ਦਾ ਸਾਡੇ ਉੱਤੇ ਅਸਰ ਪੈਂਦਾ ਹੈ। ਇਸ ਲਈ ਕਈ ਵਾਰ ਅਸੀਂ ਲੜਖੜਾ ਜਾਂਦੇ ਹਾਂ ਅਤੇ ਸਾਡੀ ਰਫ਼ਤਾਰ ਮੱਠੀ ਪੈ ਜਾਂਦੀ ਹੈ। ਅਸੀਂ ਸ਼ਾਇਦ ਡਿਗ ਵੀ ਪਈਏ; ਪਰ ਅਸੀਂ ਉੱਠ ਕੇ ਦੌੜਨਾ ਜਾਰੀ ਰੱਖ ਸਕਦੇ ਹਾਂ। ਕਈ ਜਣੇ ਇੰਨੀ ਬੁਰੀ ਤਰ੍ਹਾਂ ਡਿਗਦੇ ਹਨ ਕਿ ਉਨ੍ਹਾਂ ਨੂੰ ਉੱਠ ਕੇ ਖੜ੍ਹੇ ਹੋਣ ਲਈ ਦੂਸਰਿਆਂ ਦੀ ਮਦਦ ਦੀ ਲੋੜ ਪੈਂਦੀ ਹੈ। ਸੋ ਜੇ ਅਸੀਂ ਵਾਰ-ਵਾਰ ਡਿਗ ਪੈਂਦੇ ਹਾਂ, ਤਾਂ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ।​—1 ਰਾਜ. 8:46.

ਜੇ ਤੁਸੀਂ ਡਿਗ ਪੈਂਦੇ ਹੋ, ਤਾਂ ਦੂਸਰਿਆਂ ਦੀ ਮਦਦ ਨਾਲ ਉੱਠ ਖੜ੍ਹੇ ਹੋਵੋ!

ਜੇ ਤੁਸੀਂ ਡਿਗ ਪੈਂਦੇ ਹੋ, ਤਾਂ ਦੌੜਨਾ ਨਾ ਛੱਡੋ

5, 6. (ੳ) ਮਸੀਹੀਆਂ ਨੂੰ ਕਿਉਂ “ਕੋਈ ਠੋਕਰ ਨਹੀਂ ਲੱਗਦੀ” ਅਤੇ ਦੁਬਾਰਾ ਖੜ੍ਹੇ ਹੋਣ ਵਿਚ ਕਿਹੜੀ ਗੱਲ ਉਨ੍ਹਾਂ ਦੀ ਮਦਦ ਕਰੇਗੀ? (ਅ) ਕੁਝ ਲੋਕ ਡਿਗਣ ਤੋਂ ਬਾਅਦ ਦੁਬਾਰਾ ਉੱਠਦੇ ਕਿਉਂ ਨਹੀਂ?

5 ਜਦੋਂ ਅਸੀਂ ਡਿਗ ਪੈਂਦੇ ਹਾਂ, ਉਸ ਵੇਲੇ ਅਸੀਂ ਜੋ ਕਰਦੇ ਹਾਂ ਉਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਕਿਹੋ ਜਿਹੇ ਇਨਸਾਨ ਹਾਂ। ਕਈ ਡਿਗ ਪੈਂਦੇ ਹਨ, ਪਰ ਉਹ ਤੋਬਾ ਕਰਦੇ ਹਨ ਅਤੇ ਪਰਮੇਸ਼ੁਰ ਦੀ ਸੇਵਾ ਕਰਦੇ ਰਹਿੰਦੇ ਹਨ। ਕਈ ਤੋਬਾ ਨਹੀਂ ਕਰਨੀ ਚਾਹੁੰਦੇ। ਕਹਾਉਤਾਂ 24:16 ਵਿਚ ਲਿਖਿਆ ਹੈ: “ਧਰਮੀ ਸੱਤ ਵਾਰੀ ਡਿੱਗ ਕੇ ਉੱਠ ਖਲੋਂਦਾ ਹੈ, ਪਰ ਦੁਸ਼ਟ ਬਿਪਤਾ ਨਾਲ ਉਲਟਾਏ ਜਾਂਦੇ ਹਨ।”

6 ਜਿਹੜੇ ਲੋਕ ਯਹੋਵਾਹ ’ਤੇ ਨਿਹਚਾ ਰੱਖਦੇ ਹਨ, ਯਹੋਵਾਹ ਉਨ੍ਹਾਂ ਨੂੰ ਕਿਸੇ ਵੀ ਮੁਸ਼ਕਲ ਕਰਕੇ ਇੰਨੀ ਬੁਰੀ ਤਰ੍ਹਾਂ ਡਿਗਣ ਨਹੀਂ ਦੇਵੇਗਾ ਕਿ ਉਹ ਕਦੀ ਉੱਠ ਹੀ ਨਾ ਸਕਣ। ਸਾਨੂੰ ਪੂਰਾ ਭਰੋਸਾ ਹੈ ਕਿ ਯਹੋਵਾਹ ਸਾਡੀ ‘ਉੱਠ ਖਲੋਣ’ ਵਿਚ ਮਦਦ ਕਰੇਗਾ ਤਾਂਕਿ ਅਸੀਂ ਉਸ ਦੀ ਸੇਵਾ ਕਰਦੇ ਰਹੀਏ। ਇਸ ਗੱਲ ਤੋਂ ਉਨ੍ਹਾਂ ਲੋਕਾਂ ਨੂੰ ਕਿੰਨੀ ਤਸੱਲੀ ਮਿਲਦੀ ਹੈ ਜਿਹੜੇ ਯਹੋਵਾਹ ਨਾਲ ਦਿਲੋਂ ਪਿਆਰ ਕਰਦੇ ਹਨ। ਪਰ ਦੁਸ਼ਟਾਂ ਵਿਚ ਦੁਬਾਰਾ ਉੱਠਣ ਦੀ ਇੱਛਾ ਨਹੀਂ ਹੁੰਦੀ। ਉਹ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਜਾਂ ਉਸ ਦੇ ਲੋਕਾਂ ਦੀ ਮਦਦ ਨਹੀਂ ਲੈਂਦੇ। ਜੇ ਕੋਈ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਹੈ, ਤਾਂ ਉਹ ਮਦਦ ਸਵੀਕਾਰ ਨਹੀਂ ਕਰਦੇ। ਇਸ ਦੀ ਬਜਾਇ, ਯਹੋਵਾਹ ਦੀ ‘ਬਿਵਸਥਾ ਦੇ  ਪ੍ਰੇਮੀਆਂ ਨੂੰ ਕੋਈ ਠੋਕਰ ਨਹੀਂ ਲੱਗਦੀ।’ ਇਸ ਦਾ ਮਤਲਬ ਹੈ ਕਿ ਉਨ੍ਹਾਂ ਸਾਮ੍ਹਣੇ ਅਜਿਹੀ ਕੋਈ ਰੁਕਾਵਟ ਖੜ੍ਹੀ ਨਹੀਂ ਹੁੰਦੀ ਜਿਸ ਨਾਲ ਉਹ ਠੋਕਰ ਖਾ ਕੇ ਹਮੇਸ਼ਾ ਲਈ ਡਿਗ ਪੈਣ ਅਤੇ ਦੌੜ ਵਿੱਚੋਂ ਬਾਹਰ ਹੋ ਜਾਣ।​—ਜ਼ਬੂਰਾਂ ਦੀ ਪੋਥੀ 119:165 ਪੜ੍ਹੋ।

7, 8. ਕੋਈ ਮਸੀਹੀ “ਡਿੱਗ” ਕੇ ਵੀ ਯਹੋਵਾਹ ਦੀਆਂ ਨਜ਼ਰਾਂ ਵਿਚ ਕਿਵੇਂ ਧਰਮੀ ਰਹਿ ਸਕਦਾ ਹੈ?

7 ਕੋਈ ਮਸੀਹੀ ਆਪਣੀ ਕਿਸੇ ਕਮਜ਼ੋਰੀ ਕਰਕੇ ਕੋਈ ਗ਼ਲਤੀ ਕਰ ਬੈਠਦਾ ਹੈ, ਸ਼ਾਇਦ ਉਹ ਵਾਰ-ਵਾਰ ਗ਼ਲਤੀ ਕਰੇ। ਪਰ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਧਰਮੀ ਰਹੇਗਾ ਜੇ ਉਹ “ਉੱਠ ਖਲੋਂਦਾ” ਹੈ ਯਾਨੀ ਦਿਲੋਂ ਤੋਬਾ ਕਰਦਾ ਹੈ ਅਤੇ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦਾ ਰਹਿੰਦਾ ਹੈ। ਯਹੋਵਾਹ ਇਜ਼ਰਾਈਲੀਆਂ ਨੂੰ ਵੀ ਧਰਮੀ ਸਮਝਦਾ ਰਿਹਾ ਜਿੰਨਾ ਚਿਰ ਉਹ ਆਪਣੀਆਂ ਗ਼ਲਤੀਆਂ ਤੋਂ ਪਛਤਾਉਂਦੇ ਰਹੇ। (ਯਸਾ. 41:9, 10) ਧਿਆਨ ਦਿਓ ਕਿ ਕਹਾਉਤਾਂ 24:16 ਵਿਚ ਇਸ ਗੱਲ ’ਤੇ ਜ਼ੋਰ ਨਹੀਂ ਦਿੱਤਾ ਗਿਆ ਕਿ ਅਸੀਂ “ਡਿੱਗ” ਪੈਂਦੇ ਹਾਂ, ਸਗੋਂ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਅਸੀਂ ਆਪਣੇ ਦਿਆਲੂ ਪਰਮੇਸ਼ੁਰ ਦੀ ਮਦਦ ਨਾਲ ‘ਉੱਠ ਖਲੋਂਦੇ’ ਹਾਂ। (ਯਸਾਯਾਹ 55:7 ਪੜ੍ਹੋ।) ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਨੂੰ ਸਾਡੇ ਉੱਤੇ ਭਰੋਸਾ ਹੈ, ਇਸੇ ਲਈ ਉਹ ਸਾਨੂੰ ‘ਉੱਠ ਖਲੋਣ’ ਦੀ ਹੱਲਾਸ਼ੇਰੀ ਦਿੰਦੇ ਹਨ।​—ਜ਼ਬੂ. 86:5; ਯੂਹੰ. 5:19.

8 ਮੈਰਾਥਨ ਵਿਚ ਜੇ ਕੋਈ ਦੌੜਾਕ ਡਿਗ ਪੈਂਦਾ ਹੈ, ਤਾਂ ਉਹ ਆਪਣੀ ਦੌੜ ਪੂਰੀ ਕਰ ਸਕਦਾ ਹੈ ਜੇ ਉਹ ਫਟਾਫਟ ਉੱਠ ਕੇ ਦੌੜਨਾ ਸ਼ੁਰੂ ਕਰ ਦੇਵੇ। ਸਾਨੂੰ ਪਤਾ ਨਹੀਂ ਕਿ ਹਮੇਸ਼ਾ ਦੀ ਜ਼ਿੰਦਗੀ ਦੀ ਦੌੜ ਕਦੋਂ ਖ਼ਤਮ ਹੋਵੇਗੀ। ਇਸ ਲਈ ਜੇ ਅਸੀਂ ਡਿਗ ਪਈਏ, ਤਾਂ ਸਾਨੂੰ ਵੀ ਫਟਾਫਟ ਉੱਠ ਕੇ ਦੌੜਨ ਦੀ ਲੋੜ ਹੈ। (ਮੱਤੀ 24:36) ਪਰ ਜੇ ਅਸੀਂ ਡਿਗਣ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਅੰਤ ਤਕ ਦੌੜਦੇ ਰਹਿ ਸਕਾਂਗੇ। ਸੋ ਅਸੀਂ ਡਿਗਣ ਤੋਂ ਕਿਵੇਂ ਬਚ ਸਕਦੇ ਹਾਂ?

ਦੌੜ ਵਿਚ ਠੇਡਾ ਲਾਉਣ ਵਾਲੀਆਂ ਚੀਜ਼ਾਂ

9. ਅਸੀਂ ਕਿਹੜੀਆਂ ਪੰਜ ਚੀਜ਼ਾਂ ’ਤੇ ਗੌਰ ਕਰਾਂਗੇ ਜਿਨ੍ਹਾਂ ਨਾਲ ਅਸੀਂ ਠੇਡਾ ਖਾ ਕੇ ਡਿਗ ਸਕਦੇ ਹਾਂ?

9 ਆਓ ਹੁਣ ਆਪਾਂ ਪੰਜ ਚੀਜ਼ਾਂ ਉੱਤੇ ਗੌਰ ਕਰੀਏ ਜਿਨ੍ਹਾਂ ਨਾਲ ਅਸੀਂ ਠੇਡਾ ਖਾ ਕੇ ਡਿਗ ਸਕਦੇ ਹਾਂ। ਇਹ ਹਨ ਸਾਡੀਆਂ ਕਮੀਆਂ-ਕਮਜ਼ੋਰੀਆਂ, ਪਾਪੀ ਸਰੀਰ ਦੀਆਂ ਇੱਛਾਵਾਂ, ਮੰਡਲੀ ਵਿਚ ਬੇਇਨਸਾਫ਼ੀ, ਅਜ਼ਮਾਇਸ਼ਾਂ ਜਾਂ ਅਤਿਆਚਾਰ ਅਤੇ ਦੂਸਰਿਆਂ ਦੀਆਂ ਕਮੀਆਂ-ਕਮਜ਼ੋਰੀਆਂ। ਪਰ ਯਾਦ ਰੱਖੋ ਜੇ ਅਸੀਂ ਡਿਗ ਵੀ ਪੈਂਦੇ ਹਾਂ, ਤਾਂ ਯਹੋਵਾਹ ਸਾਡੇ ਨਾਲ ਧੀਰਜ ਨਾਲ ਪੇਸ਼ ਆਉਂਦਾ ਹੈ ਤੇ ਸਾਨੂੰ ਇਸ ਦੌੜ ਵਿੱਚੋਂ ਜਲਦੀ ਬਾਹਰ ਨਹੀਂ ਕੱਢਦਾ।

10, 11. ਦਾਊਦ ਵਿਚ ਕਿਹੜੀ ਕਮਜ਼ੋਰੀ ਸੀ?

10 ਸਾਡੀਆਂ ਕਮੀਆਂ-ਕਮਜ਼ੋਰੀਆਂ ਸਾਡੇ ਰਾਹ ਵਿਚ ਪਏ ਵੱਟਿਆਂ ਜਾਂ ਰੋੜਿਆਂ ਵਾਂਗ ਹੋ ਸਕਦੀਆਂ ਹਨ। ਰਾਜਾ ਦਾਊਦ ਅਤੇ ਪਤਰਸ ਰਸੂਲ ਦੀਆਂ ਕੁਝ ਗ਼ਲਤੀਆਂ ’ਤੇ ਵਿਚਾਰ ਕਰ ਕੇ ਅਸੀਂ ਦੋ ਕਮਜ਼ੋਰੀਆਂ ਦੇਖ ਸਕਦੇ ਹਾਂ। ਇਹ ਸਨ ਸੰਜਮ ਦੀ ਘਾਟ ਅਤੇ ਇਨਸਾਨਾਂ ਦਾ ਡਰ।

11 ਰਾਜਾ ਦਾਊਦ ਨੇ ਬਥ-ਸ਼ਬਾ ਦੇ ਮਾਮਲੇ ਵਿਚ ਸੰਜਮ ਦੀ ਘਾਟ ਦਿਖਾਈ ਸੀ। ਨਾਲੇ ਜਦੋਂ ਨਾਬਾਲ ਨੇ ਉਸ ਦੀ ਬੇਇੱਜ਼ਤੀ ਕੀਤੀ ਸੀ, ਉਦੋਂ ਵੀ ਉਹ ਕਾਹਲੀ ਵਿਚ ਗ਼ਲਤੀ ਕਰਨ ਲੱਗਾ ਸੀ। ਜੀ ਹਾਂ, ਉਸ ਨੇ ਕਈ ਵਾਰ ਸੰਜਮ ਦੀ ਘਾਟ ਦਿਖਾਈ, ਪਰ ਉਹ ਯਹੋਵਾਹ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਦੂਸਰਿਆਂ ਦੀ ਮਦਦ ਨਾਲ ਉਸ ਨੇ ਤੋਬਾ ਕਰ ਕੇ ਆਪਣੇ ਆਪ ਨੂੰ ਸੁਧਾਰਿਆ।​—1 ਸਮੂ. 25:5-13, 32, 33; 2 ਸਮੂ. 12:1-13.

12. ਡਿਗ ਪੈਣ ਦੇ ਬਾਵਜੂਦ ਪਤਰਸ ਕਿਉਂ ਦੌੜਦਾ ਰਿਹਾ?

12 ਪਤਰਸ ਦੇ ਦਿਲ ਵਿਚ ਇਨਸਾਨਾਂ ਦਾ ਡਰ ਸੀ ਜਿਸ ਕਰਕੇ ਉਹ ਕਈ ਵਾਰ ਬੁਰੀ ਤਰ੍ਹਾਂ ਡਿਗਿਆ। ਫਿਰ ਵੀ ਉਹ ਯਿਸੂ ਅਤੇ ਯਹੋਵਾਹ ਪ੍ਰਤੀ ਵਫ਼ਾਦਾਰ ਰਿਹਾ। ਉਦਾਹਰਣ ਲਈ, ਉਸ ਨੇ ਲੋਕਾਂ ਸਾਮ੍ਹਣੇ ਆਪਣੇ ਮਾਲਕ ਯਿਸੂ ਨੂੰ ਇਕ ਵਾਰ ਨਹੀਂ, ਸਗੋਂ ਤਿੰਨ ਵਾਰ ਪਛਾਣਨ ਤੋਂ ਇਨਕਾਰ ਕੀਤਾ ਸੀ। (ਲੂਕਾ 22:54-62) ਬਾਅਦ ਵਿਚ ਪਤਰਸ ਨੇ ਯਹੂਦੀ ਮਸੀਹੀਆਂ ਤੇ ਗ਼ੈਰ-ਯਹੂਦੀ ਮਸੀਹੀਆਂ ਵਿਚ ਪੱਖਪਾਤ ਕੀਤਾ। ਉਹ ਗ਼ੈਰ-ਯਹੂਦੀ ਮਸੀਹੀਆਂ ਨਾਲ ਇਸ ਤਰ੍ਹਾਂ ਪੇਸ਼ ਆਇਆ ਜਿਵੇਂ ਉਹ ਯਹੂਦੀ ਮਸੀਹੀਆਂ ਨਾਲੋਂ ਨੀਵੇਂ ਹੋਣ। ਉਸ ਦਾ ਰਵੱਈਆ ਗ਼ਲਤ ਸੀ ਜਿਸ ਦਾ ਭੈਣਾਂ-ਭਰਾਵਾਂ ਉੱਤੇ ਬੁਰਾ ਅਸਰ ਪੈ ਸਕਦਾ ਸੀ। ਇਸ ਤਰ੍ਹਾਂ ਹੋਣ ਤੋਂ ਪਹਿਲਾਂ ਹੀ ਪੌਲੁਸ ਰਸੂਲ ਨੇ ਪਤਰਸ ਨੂੰ ਮੂੰਹ ’ਤੇ ਝਾੜਿਆ ਕਿਉਂਕਿ ਪੌਲੁਸ ਨੂੰ ਪਤਾ ਸੀ ਕਿ ਮੰਡਲੀ ਵਿਚ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਜਾਣਾ ਚਾਹੀਦਾ। (ਗਲਾ. 2:11-14) ਇਸ ਨਾਲ ਪਤਰਸ ਨੂੰ ਦੁੱਖ ਤਾਂ ਜ਼ਰੂਰ ਹੋਇਆ ਹੋਣਾ, ਪਰ ਉਸ ਨੇ ਪੌਲੁਸ ਦੀ ਸਲਾਹ ਨੂੰ ਮੰਨਿਆ ਅਤੇ ਉਹ ਜ਼ਿੰਦਗੀ ਦੀ ਦੌੜ ਵਿਚ ਦੌੜਦਾ ਰਿਹਾ।

13. ਮਾੜੀ ਸਿਹਤ ਸਾਡੇ ਲਈ ਰੁਕਾਵਟ ਕਿਵੇਂ ਬਣ ਸਕਦੀ ਹੈ?

13 ਜੇ ਸਾਡੀ ਸਿਹਤ ਠੀਕ ਨਹੀਂ ਹੈ, ਤਾਂ ਇਸ ਕਰਕੇ ਵੀ ਸ਼ਾਇਦ ਅਸੀਂ ਦੌੜਨਾ ਛੱਡ ਦੇਈਏ। ਮਿਸਾਲ ਲਈ, ਬਪਤਿਸਮਾ ਲੈਣ ਤੋਂ 17 ਸਾਲ ਬਾਅਦ ਜਪਾਨ ਵਿਚ ਇਕ ਭੈਣ ਦੀ ਸਿਹਤ ਬਹੁਤ ਖ਼ਰਾਬ ਹੋ ਗਈ। ਉਸ ਦਾ ਸਾਰਾ  ਧਿਆਨ ਆਪਣੀ ਸਿਹਤ ਵੱਲ ਚਲਾ ਗਿਆ ਜਿਸ ਕਰਕੇ ਉਹ ਸੱਚਾਈ ਵਿਚ ਢਿੱਲੀ ਪੈ ਗਈ। ਉਸ ਨੇ ਮੀਟਿੰਗਾਂ ਤੇ ਪ੍ਰਚਾਰ ਵਿਚ ਜਾਣਾ ਛੱਡ ਦਿੱਤਾ। ਦੋ ਬਜ਼ੁਰਗ ਉਸ ਨੂੰ ਮਿਲਣ ਗਏ। ਉਨ੍ਹਾਂ ਦੇ ਹੌਸਲੇ ਨਾਲ ਉਸ ਨੇ ਸਭਾਵਾਂ ਵਿਚ ਦੁਬਾਰਾ ਆਉਣਾ ਸ਼ੁਰੂ ਕੀਤਾ। ਉਹ ਕਹਿੰਦੀ ਹੈ: “ਭਰਾਵਾਂ ਨੇ ਮੇਰੇ ਨਾਲ ਇੰਨੇ ਪਿਆਰ ਨਾਲ ਗੱਲ ਕੀਤੀ ਕਿ ਮੇਰੀਆਂ ਅੱਖਾਂ ਵਿਚ ਹੰਝੂ ਆ ਗਏ।” ਇਸ ਭੈਣ ਨੇ ਦੁਬਾਰਾ ਜ਼ਿੰਦਗੀ ਦੀ ਦੌੜ ਦੌੜਨੀ ਸ਼ੁਰੂ ਕੀਤੀ।

14, 15. ਜਦੋਂ ਸਾਡੇ ਮਨ ਵਿਚ ਗ਼ਲਤ ਇੱਛਾਵਾਂ ਆਉਂਦੀਆਂ ਹਨ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ? ਮਿਸਾਲ ਦਿਓ।

14 ਪਾਪੀ ਸਰੀਰ ਦੀਆਂ ਇੱਛਾਵਾਂ ਕਰਕੇ ਬਹੁਤ ਸਾਰੇ ਮਸੀਹੀ ਡਿਗੇ ਹਨ। ਜਦੋਂ ਸਾਡੇ ਮਨ ਵਿਚ ਗ਼ਲਤ ਇੱਛਾ ਆਉਂਦੀ ਹੈ, ਤਾਂ ਸਾਨੂੰ ਆਪਣੀ ਨਿਹਚਾ ਪੱਕੀ ਰੱਖਣ ਅਤੇ ਆਪਣੇ ਮਨ ਤੇ ਸੋਚ ਨੂੰ ਸ਼ੁੱਧ ਰੱਖਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਯਾਦ ਕਰੋ ਯਿਸੂ ਨੇ ਹਰ ਉਸ ਚੀਜ਼ ਨੂੰ ‘ਸੁੱਟ ਦੇਣ’ ਲਈ ਕਿਹਾ ਸੀ ਜਿਹੜੀ ਸਾਡੇ ਤੋਂ ਪਾਪ ਕਰਾਉਂਦੀ ਹੈ, ਭਾਵੇਂ ਉਹ ਸਾਡੀ ਅੱਖ ਜਾਂ ਸਾਡਾ ਹੱਥ ਹੀ ਕਿਉਂ ਨਾ ਹੋਵੇ। ਸਾਨੂੰ ਆਪਣੇ ਮਨ ਵਿੱਚੋਂ ਗੰਦੇ ਖ਼ਿਆਲ ਕੱਢਣ ਅਤੇ ਉਨ੍ਹਾਂ ਕੰਮਾਂ ਨੂੰ ਛੱਡਣ ਦੀ ਲੋੜ ਹੈ ਜਿਨ੍ਹਾਂ ਕਰਕੇ ਅਸੀਂ ਇਸ ਦੌੜ ਵਿੱਚੋਂ ਬਾਹਰ ਹੋ ਸਕਦੇ ਹਾਂ।​—ਮੱਤੀ 5:29, 30 ਪੜ੍ਹੋ।

15 ਇਕ ਭਰਾ ਦੀ ਪਰਵਰਿਸ਼ ਸੱਚਾਈ ਵਿਚ ਹੋਈ ਸੀ। ਉਸ ਨੇ ਲਿਖਿਆ ਕਿ ਛੋਟੀ ਉਮਰ ਤੋਂ ਹੀ ਉਸ ਦੇ ਮਨ ਵਿਚ ਦੂਸਰੇ ਮੁੰਡਿਆਂ ਲਈ ਗ਼ਲਤ ਖ਼ਿਆਲ ਆਉਂਦੇ ਸਨ। ਉਹ ਕਹਿੰਦਾ ਹੈ: “ਆਪਣੀ ਇਸ ਕਮਜ਼ੋਰੀ ਕਰਕੇ ਮੈਨੂੰ ਦੂਜਿਆਂ ਨਾਲ ਮਿਲਣਾ-ਜੁਲਣਾ ਬੜਾ ਔਖਾ ਲੱਗਦਾ ਸੀ ਤੇ ਮੈਨੂੰ ਕਿਤੇ ਵੀ ਜਾ ਕੇ ਖ਼ੁਸ਼ੀ ਨਹੀਂ ਹੁੰਦੀ ਸੀ।” 20 ਸਾਲ ਦੀ ਉਮਰ ਵਿਚ ਉਹ ਪਾਇਨੀਅਰਿੰਗ ਕਰਨ ਲੱਗ ਪਿਆ ਸੀ ਅਤੇ ਮੰਡਲੀ ਵਿਚ ਸਹਾਇਕ ਸੇਵਕ ਸੀ। ਫਿਰ ਉਸ ਨੇ ਗੰਭੀਰ ਗ਼ਲਤੀ ਕੀਤੀ ਜਿਸ ਕਰਕੇ ਉਸ ਨੂੰ ਤਾੜਨਾ ਦਿੱਤੀ ਗਈ ਅਤੇ ਬਜ਼ੁਰਗਾਂ ਨੇ ਉਸ ਦੀ ਮਦਦ ਕੀਤੀ। ਉਸ ਨੇ ਪ੍ਰਾਰਥਨਾ ਕੀਤੀ, ਪਰਮੇਸ਼ੁਰ ਦੇ ਬਚਨ ਦੀ ਸਟੱਡੀ ਕੀਤੀ ਅਤੇ ਆਪਣਾ ਧਿਆਨ ਦੂਸਰਿਆਂ ਦੀ ਮਦਦ ਕਰਨ ’ਤੇ ਲਾਇਆ। ਇੱਦਾਂ ਉਹ ਦੁਬਾਰਾ ਉੱਠਿਆ ਅਤੇ ਦੌੜਨਾ ਜਾਰੀ ਰੱਖਿਆ। ਇਸ ਗੱਲ ਨੂੰ ਕਈ ਸਾਲ ਹੋ ਗਏ ਹਨ ਤੇ ਹੁਣ ਉਹ ਕਹਿੰਦਾ ਹੈ: “ਮੇਰੇ ਮਨ ਵਿਚ ਅਜੇ ਵੀ ਕਦੇ-ਕਦੇ ਗ਼ਲਤ ਖ਼ਿਆਲ ਆ ਜਾਂਦੇ ਹਨ, ਪਰ ਮੈਂ ਉਨ੍ਹਾਂ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੰਦਾ। ਮੈਂ ਸਿੱਖਿਆ ਹੈ ਕਿ ਯਹੋਵਾਹ ਸਾਨੂੰ ਅਜਿਹੀ ਕਿਸੇ ਵੀ ਅਜ਼ਮਾਇਸ਼ ਵਿਚ ਨਹੀਂ ਪੈਣ ਦੇਵੇਗਾ ਜਿਸ ਦਾ ਅਸੀਂ ਸਾਮ੍ਹਣਾ ਨਹੀਂ ਕਰ ਸਕਦੇ। ਇਸ ਕਰਕੇ ਯਹੋਵਾਹ ਨੂੰ ਭਰੋਸਾ ਹੈ ਕਿ ਮੈਂ ਆਪਣੀਆਂ ਗ਼ਲਤ ਇੱਛਾਵਾਂ ’ਤੇ ਕਾਬੂ ਪਾ ਸਕਦਾ ਹਾਂ।” ਉਸ ਨੇ ਅਖ਼ੀਰ ਵਿਚ ਕਿਹਾ: “ਮੈਨੂੰ ਮੇਰੀਆਂ ਕੋਸ਼ਿਸ਼ਾਂ ਦਾ ਇਨਾਮ ਨਵੀਂ ਦੁਨੀਆਂ ਵਿਚ ਮਿਲੇਗਾ। ਮੈਂ ਉਹ ਇਨਾਮ ਹਾਸਲ ਕਰਨਾ ਚਾਹੁੰਦਾ ਹਾਂ। ਉਦੋਂ ਤਕ ਮੈਂ ਆਪਣੀਆਂ ਗ਼ਲਤ ਇੱਛਾਵਾਂ ਨਾਲ ਲੜਦਾ ਰਹਾਂਗਾ।” ਇਸ ਭਰਾ ਨੇ ਦੌੜਦੇ ਰਹਿਣ ਦਾ ਪੱਕਾ ਇਰਾਦਾ ਕੀਤਾ ਹੋਇਆ ਹੈ।

16, 17. (ੳ) ਇਕ ਭਰਾ ਦੀ ਕਿਵੇਂ ਮਦਦ ਕੀਤੀ ਗਈ ਜੋ ਸੋਚਦਾ ਸੀ ਕਿ ਉਸ ਨਾਲ ਬੇਇਨਸਾਫ਼ੀ ਹੋਈ ਸੀ? (ਅ) ਡਿਗਣ ਤੋਂ ਬਚਣ ਲਈ ਸਾਨੂੰ ਆਪਣਾ ਧਿਆਨ ਕਿਸ ਉੱਤੇ ਲਾਉਣਾ ਚਾਹੀਦਾ ਹੈ?

16 ਮੰਡਲੀ ਵਿਚ ਬੇਇਨਸਾਫ਼ੀ ਸਾਡੇ ਲਈ ਰੁਕਾਵਟ ਬਣ ਸਕਦੀ ਹੈ। ਫਰਾਂਸ ਵਿਚ ਇਕ ਭਰਾ ਪਹਿਲਾਂ ਬਜ਼ੁਰਗ ਹੁੰਦਾ ਸੀ ਜਿਸ ਨੂੰ ਯਕੀਨ ਸੀ ਕਿ ਉਸ ਨਾਲ ਬੇਇਨਸਾਫ਼ੀ ਹੋਈ ਸੀ। ਇਸ ਕਰਕੇ ਉਸ ਦੇ ਮਨ ਵਿਚ ਗੁੱਸਾ ਭਰ ਗਿਆ। ਉਸ ਨੇ ਮੰਡਲੀ ਤੇ ਪ੍ਰਚਾਰ ਵਿਚ ਜਾਣਾ ਛੱਡ ਦਿੱਤਾ। ਦੋ ਬਜ਼ੁਰਗ ਉਸ ਨੂੰ ਮਿਲਣ ਗਏ ਤੇ ਉਸ ਦੀ ਗੱਲ ਧਿਆਨ ਨਾਲ ਸੁਣੀ। ਉਹ ਜੋ ਕਹਿਣਾ ਚਾਹੁੰਦਾ ਸੀ, ਉਸ ਨੂੰ ਕਹਿਣ ਦਿੱਤਾ ਅਤੇ ਉਸ ਨੂੰ ਟੋਕਿਆ ਨਹੀਂ। ਉਨ੍ਹਾਂ ਨੇ ਉਸ ਨੂੰ ਆਪਣਾ ਭਾਰ ਯਹੋਵਾਹ ਉੱਤੇ ਸੁੱਟਣ ਦੀ ਹੱਲਾਸ਼ੇਰੀ ਦਿੱਤੀ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਯਹੋਵਾਹ ਨੂੰ ਖ਼ੁਸ਼ ਕਰਨਾ ਹੀ ਸਭ ਤੋਂ ਜ਼ਰੂਰੀ ਹੈ। ਉਸ ਨੇ ਉਨ੍ਹਾਂ ਦੀ ਸਲਾਹ ਮੰਨੀ ਅਤੇ ਮੰਡਲੀ ਨਾਲ ਮਿਲ ਕੇ ਦੁਬਾਰਾ ਜ਼ਿੰਦਗੀ ਦੀ ਦੌੜ ਵਿਚ ਦੌੜਨਾ ਸ਼ੁਰੂ ਕਰ ਦਿੱਤਾ।

17 ਸਾਰੇ ਮਸੀਹੀਆਂ ਨੂੰ ਆਪਣਾ ਧਿਆਨ ਮੰਡਲੀ ਦੇ ਮੁਖੀ ਯਿਸੂ ਮਸੀਹ ਉੱਤੇ ਲਾਉਣਾ ਚਾਹੀਦਾ ਹੈ, ਨਾ ਕਿ ਨਾਮੁਕੰਮਲ ਇਨਸਾਨਾਂ ਉੱਤੇ। ਯਿਸੂ ਦੀਆਂ ਅੱਖਾਂ “ਅੱਗ ਦੀਆਂ ਲਾਟਾਂ ਵਰਗੀਆਂ” ਹਨ ਅਤੇ ਉਹ ਸਭ ਕੁਝ ਦੇਖਦਾ ਹੈ, ਉਹ ਵੀ ਜੋ ਸਾਨੂੰ ਦਿਖਾਈ ਨਹੀਂ ਦਿੰਦਾ। (ਪ੍ਰਕਾ. 1:13-16) ਮਿਸਾਲ ਲਈ, ਉਹ ਦੇਖਦਾ ਹੈ ਕਿ ਅਸੀਂ ਜਿਸ ਨੂੰ ਬੇਇਨਸਾਫ਼ੀ ਸਮਝਦੇ ਹਾਂ, ਉਹ ਸ਼ਾਇਦ ਸਾਡੀ ਆਪਣੀ ਗ਼ਲਤਫ਼ਹਿਮੀ ਹੋਵੇ ਜਾਂ ਅਸੀਂ ਮਸਲੇ ਨੂੰ ਸਹੀ ਢੰਗ ਨਾਲ ਨਾ ਸਮਝਿਆ ਹੋਵੇ। ਯਿਸੂ ਮੰਡਲੀਆਂ ਦੀਆਂ ਸਮੱਸਿਆਵਾਂ ਨੂੰ ਸਹੀ ਸਮੇਂ ਤੇ ਸਹੀ ਢੰਗ ਨਾਲ ਹੱਲ ਕਰਦਾ ਹੈ। ਇਸ ਲਈ ਦੂਸਰੇ ਭੈਣਾਂ-ਭਰਾਵਾਂ ਦੀ ਕਿਸੇ ਗੱਲ ਕਰਕੇ ਸਾਨੂੰ ਇਸ ਦੌੜ ਵਿਚ ਦੌੜਨਾ ਨਹੀਂ ਛੱਡਣਾ ਚਾਹੀਦਾ।

18. ਅਸੀਂ ਮੁਸੀਬਤਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ?

18 ਅਜ਼ਮਾਇਸ਼ਾਂ ਜਾਂ ਅਤਿਆਚਾਰ ਅਤੇ ਮੰਡਲੀ ਵਿਚ ਦੂਸਰਿਆਂ ਦੀਆਂ ਕਮੀਆਂ-ਕਮਜ਼ੋਰੀਆਂ ਵੀ ਸਾਡੇ ਰਾਹ ਵਿਚ ਰੁਕਾਵਟ ਬਣ ਸਕਦੀਆਂ ਹਨ। ਬੀ ਬੀਜਣ ਵਾਲੇ  ਦੀ ਮਿਸਾਲ ਦਿੰਦੇ ਹੋਏ ਯਿਸੂ ਨੇ ਕਿਹਾ ਸੀ ਕਿ ਬਚਨ ਨੂੰ ਮੰਨਣ ਕਰਕੇ ਜਦੋਂ ਕੁਝ ਲੋਕਾਂ ਉੱਤੇ ਪਰਿਵਾਰ, ਗੁਆਂਢੀਆਂ ਜਾਂ ਸਰਕਾਰਾਂ ਵੱਲੋਂ “ਮੁਸੀਬਤਾਂ ਆਉਂਦੀਆਂ ਹਨ ਜਾਂ ਅਤਿਆਚਾਰ ਹੁੰਦੇ ਹਨ,” ਤਾਂ ਉਹ ਨਿਹਚਾ ਕਰਨੀ ਛੱਡ ਦਿੰਦੇ ਹਨ। ਮੁਸੀਬਤਾਂ ਜਾਂ ਅਤਿਆਚਾਰ ਦਾ ਅਸਰ ਉਨ੍ਹਾਂ ਲੋਕਾਂ ਉੱਤੇ ਖ਼ਾਸ ਕਰਕੇ ਪੈਂਦਾ ਹੈ ਜਿਨ੍ਹਾਂ ਦੇ ਦਿਲ ਵਿਚ ‘ਬਚਨ ਨੇ ਜੜ੍ਹ ਨਹੀਂ ਫੜੀ’ ਹੁੰਦੀ ਯਾਨੀ ਉਨ੍ਹਾਂ ਦੀ ਨਿਹਚਾ ਕਮਜ਼ੋਰ ਹੁੰਦੀ ਹੈ। (ਮੱਤੀ 13:21) ਪਰ ਜੇ ਅਸੀਂ ਯਹੋਵਾਹ ਦੇ ਨੇੜੇ ਰਹਿਣ ਦਾ ਪੱਕਾ ਇਰਾਦਾ ਕੀਤਾ ਹੈ, ਤਾਂ ਰਾਜ ਦੇ ਸੰਦੇਸ਼ ਦਾ ਬੀ ਸਾਡੇ ਦਿਲ ਵਿਚ ਜੜ੍ਹ ਫੜੇਗਾ। ਜਦੋਂ ਸਾਡੇ ਉੱਤੇ ਮੁਸੀਬਤਾਂ ਆਉਂਦੀਆਂ ਹਨ, ਤਾਂ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਗੱਲਾਂ ’ਤੇ ਵਿਚਾਰ ਕਰਨਾ ਚਾਹੀਦਾ ਹੈ ਜਿਹੜੀਆਂ ਸ਼ੋਭਾ ਦੇ ਲਾਇਕ ਹਨ। (ਫ਼ਿਲਿੱਪੀਆਂ 4:6-9 ਪੜ੍ਹੋ।) ਯਹੋਵਾਹ ਦੀ ਤਾਕਤ ਨਾਲ ਅਸੀਂ ਮੁਸੀਬਤਾਂ ਦਾ ਸਾਮ੍ਹਣਾ ਕਰਾਂਗੇ ਅਤੇ ਉਨ੍ਹਾਂ ਨੂੰ ਆਪਣੇ ਰਾਹ ਵਿਚ ਰੁਕਾਵਟ ਨਹੀਂ ਬਣਨ ਦੇਵਾਂਗੇ।

ਜ਼ਿੰਦਗੀ ਦੀ ਦੌੜ ਨੂੰ ਪੂਰਾ ਕਰਨ ਲਈ ਕਿਸੇ ਵੀ ਚੀਜ਼ ਨੂੰ ਆਪਣੇ ਰਾਹ ਵਿਚ ਰੁਕਾਵਟ ਨਾ ਬਣਨ ਦਿਓ!

19. ਕਿਸੇ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਅਸੀਂ ਆਪਣੇ ਰਾਹ ਵਿਚ ਰੁਕਾਵਟ ਕਿਉਂ ਨਹੀਂ ਬਣਨ ਦਿਆਂਗੇ?

19 ਦੁੱਖ ਦੀ ਗੱਲ ਹੈ ਕਿ ਕਈ ਦੂਸਰਿਆਂ ਦੀਆਂ ਕਮੀਆਂ-ਕਮਜ਼ੋਰੀਆਂ ਕਰਕੇ ਇਸ ਦੌੜ ਵਿਚ ਦੌੜਨਾ ਛੱਡ ਦਿੰਦੇ ਹਨ। ਹੋ ਸਕਦਾ ਹੈ ਕਿ ਕੋਈ ਮਸੀਹੀ ਆਪਣੀ ਜ਼ਮੀਰ ਅਨੁਸਾਰ ਕੋਈ ਫ਼ੈਸਲਾ ਕਰੇ, ਪਰ ਸ਼ਾਇਦ ਉਸ ਦਾ ਫ਼ੈਸਲਾ ਸਾਡੀ ਜ਼ਮੀਰ ਅਨੁਸਾਰ ਠੀਕ ਨਾ ਹੋਵੇ ਜਿਸ ਕਰਕੇ ਅਸੀਂ ਡਿਗ ਜਾਈਏ। (1 ਕੁਰਿੰ. 8:12, 13) ਜੇ ਅਜਿਹੀ ਕਿਸੇ ਗੱਲ ਤੋਂ ਅਸੀਂ ਕਿਸੇ ਭੈਣ-ਭਰਾ ਨਾਲ ਨਾਰਾਜ਼ ਹੋ ਜਾਂਦੇ ਹਾਂ, ਤਾਂ ਕੀ ਸਾਨੂੰ ਇਸ ਨੂੰ ਰਾਈ ਦਾ ਪਹਾੜ ਬਣਾ ਲੈਣਾ ਚਾਹੀਦਾ ਹੈ? ਬਾਈਬਲ ਸਾਨੂੰ ਨਸੀਹਤ ਦਿੰਦੀ ਹੈ ਕਿ ਅਸੀਂ ਦੋਸ਼ ਲਾਉਣੋ ਹਟ ਜਾਈਏ, ਦੂਸਰਿਆਂ ਨੂੰ ਮਾਫ਼ ਕਰੀਏ ਅਤੇ ਇਹ ਨਾ ਕਹੀਏ ਕਿ ਸਾਡਾ ਗੁੱਸਾ ਜਾਇਜ਼ ਹੈ। (ਲੂਕਾ 6:37) ਜਦੋਂ ਸਾਡੇ ਸਾਮ੍ਹਣੇ ਕੋਈ ਰੁਕਾਵਟ ਖੜ੍ਹੀ ਹੁੰਦੀ ਹੈ, ਤਾਂ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਮੈਂ ਆਪਣੇ ਅਸੂਲਾਂ ਮੁਤਾਬਕ ਦੂਸਰਿਆਂ ਵਿਚ ਨੁਕਸ ਕੱਢਦਾ ਹਾਂ? ਕੀ ਮੈਂ ਦੂਸਰਿਆਂ ਦੀਆਂ ਕਮੀਆਂ-ਕਮਜ਼ੋਰੀਆਂ ਕਰਕੇ ਜ਼ਿੰਦਗੀ ਦੀ ਦੌੜ ਵਿਚ ਦੌੜਨਾ ਛੱਡ ਦਿਆਂਗਾ?’ ਯਹੋਵਾਹ ਲਈ ਪਿਆਰ ਹੋਣ ਕਰਕੇ ਅਸੀਂ ਦੂਸਰਿਆਂ ਦੇ ਫ਼ੈਸਲਿਆਂ ਕਾਰਨ ਇਸ ਦੌੜ ਵਿਚ ਦੌੜਨਾ ਨਹੀਂ ਛੱਡਾਂਗੇ।

ਦੌੜਦੇ ਰਹੋ—ਡਿਗਣ ਤੋਂ ਬਚੋ

20, 21. ਜ਼ਿੰਦਗੀ ਦੀ ਦੌੜ ਬਾਰੇ ਤੁਹਾਡਾ ਕੀ ਇਰਾਦਾ ਹੈ?

20 ਕੀ ਤੁਸੀਂ ‘ਆਪਣੀ ਦੌੜ ਪੂਰੀ ਕਰਨ’ ਦਾ ਪੱਕਾ ਇਰਾਦਾ ਕੀਤਾ ਹੈ? (2 ਤਿਮੋ. 4:7, 8) ਜੇ ਹਾਂ, ਤਾਂ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦੀ ਸਟੱਡੀ ਕਰਨੀ ਅਤੇ ਇਨ੍ਹਾਂ ’ਤੇ ਸੋਚ-ਵਿਚਾਰ ਕਰਨਾ ਬਹੁਤ ਜ਼ਰੂਰੀ ਹੈ। ਇਨ੍ਹਾਂ ਦੀ ਮਦਦ ਨਾਲ ਦੇਖੋ ਕਿ ਕਿਹੜੀਆਂ ਚੀਜ਼ਾਂ ਤੁਹਾਡੇ ਲਈ ਰੁਕਾਵਟ ਬਣ ਸਕਦੀਆਂ ਹਨ। ਪਵਿੱਤਰ ਸ਼ਕਤੀ ਲਈ ਬੇਨਤੀ ਕਰੋ ਤਾਂਕਿ ਤੁਸੀਂ ਦੌੜ ਵਿਚ ਥੱਕੋ ਨਾ। ਯਾਦ ਰੱਖੋ, ਜੇ ਕੋਈ ਦੌੜਾਕ ਕਦੀ ਡਿਗ ਵੀ ਪੈਂਦਾ ਹੈ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਦੌੜ ਵਿਚ ਹਾਰ ਗਿਆ ਹੈ। ਉਹ ਉੱਠ ਕੇ ਦੌੜਨਾ ਜਾਰੀ ਰੱਖ ਸਕਦਾ ਹੈ। ਉਹ ਆਪਣੀਆਂ ਗ਼ਲਤੀਆਂ ਤੋਂ ਸਬਕ ਵੀ ਸਿੱਖ ਸਕਦਾ ਹੈ ਤੇ ਇਨ੍ਹਾਂ ਦੀ ਮਦਦ ਨਾਲ ਉਹ ਹੋਰ ਰੁਕਾਵਟਾਂ ਪਾਰ ਕਰ ਸਕਦਾ ਹੈ।

21 ਬਾਈਬਲ ਵਿਚ ਸਮਝਾਇਆ ਗਿਆ ਹੈ ਕਿ ਇਸ ਦੌੜ ਵਿਚ ਦੌੜਨ ਲਈ ਸਾਨੂੰ ਆਪ ਮਿਹਨਤ ਕਰਨੀ ਪਵੇਗੀ। ਇਸ ਤਰ੍ਹਾਂ ਨਹੀਂ ਕਿ ਅਸੀਂ ਬੱਸ ਵਿਚ ਬਹਿ ਗਏ ਅਤੇ ਆਪਣੀ ਮੰਜ਼ਲ ’ਤੇ ਪਹੁੰਚ ਗਏ। ਜੇ ਅਸੀਂ ਦੌੜਦੇ ਰਹਾਂਗੇ, ਤਾਂ ਯਹੋਵਾਹ ਸਾਨੂੰ “ਵੱਡਾ ਚੈਨ” ਦੇਵੇਗਾ। (ਜ਼ਬੂ. 119:165) ਸਾਨੂੰ ਪੂਰਾ ਯਕੀਨ ਹੈ ਕਿ ਉਹ ਹੁਣ ਸਾਨੂੰ ਬਰਕਤਾਂ ਦਿੰਦਾ ਰਹੇਗਾ ਅਤੇ ਦੌੜ ਪੂਰੀ ਕਰਨ ਵਾਲਿਆਂ ਨੂੰ ਅਣਗਿਣਤ ਬਰਕਤਾਂ ਦੇਵੇਗਾ।​—ਯਾਕੂ. 1:12.