Skip to content

Skip to table of contents

ਦਲੇਰ ਬਣੋ—ਯਹੋਵਾਹ ਤੁਹਾਡੇ ਨਾਲ ਹੈ!

ਦਲੇਰ ਬਣੋ—ਯਹੋਵਾਹ ਤੁਹਾਡੇ ਨਾਲ ਹੈ!

‘ਤਕੜਾ ਹੋ ਅਤੇ ਹੌਸਲਾ ਰੱਖ। ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਸੰਗ ਹੈ।’—ਯਹੋ. 1:9.

1, 2. (ੳ) ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ? (ਅ) ਨਿਹਚਾ ਕੀ ਹੈ? ਮਿਸਾਲ ਦਿਓ।

ਯਹੋਵਾਹ ਦੀ ਸੇਵਾ ਕਰਨ ਨਾਲ ਸਾਨੂੰ ਖ਼ੁਸ਼ੀ ਮਿਲਦੀ ਹੈ। ਫਿਰ ਵੀ ਬਾਕੀ ਲੋਕਾਂ ਵਾਂਗ ਸਾਨੂੰ ਮੁਸ਼ਕਲਾਂ ਸਹਿਣੀਆਂ ਪੈਂਦੀਆਂ ਹਨ ਅਤੇ ਸ਼ਾਇਦ ਸਾਨੂੰ ‘ਨੇਕ ਕੰਮ ਕਰਨ ਕਰਕੇ ਦੁੱਖ ਵੀ ਝੱਲਣੇ ਪੈਣ।’ (1 ਪਤ. 3:14; 5:8, 9; 1 ਕੁਰਿੰ. 10:13) ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਸਾਨੂੰ ਨਿਹਚਾ ਕਰਨ ਅਤੇ ਦਲੇਰ ਬਣਨ ਦੀ ਲੋੜ ਹੈ।

2 ਨਿਹਚਾ ਕੀ ਹੈ? ਪੌਲੁਸ ਰਸੂਲ ਨੇ ਲਿਖਿਆ: “ਨਿਹਚਾ ਇਸ ਗੱਲ ਦਾ ਪੱਕਾ ਭਰੋਸਾ ਹੈ ਕਿ ਜਿਨ੍ਹਾਂ ਚੀਜ਼ਾਂ ਦੀ ਉਮੀਦ ਰੱਖੀ ਗਈ ਹੈ, ਉਹ ਜ਼ਰੂਰ ਮਿਲਣਗੀਆਂ। ਇਹ ਇਸ ਗੱਲ ਦਾ ਸਬੂਤ ਵੀ ਹੈ ਕਿ ਤੁਸੀਂ ਜਿਸ ਚੀਜ਼ ’ਤੇ ਵਿਸ਼ਵਾਸ ਕਰਦੇ ਹੋ, ਉਹ ਸੱਚ-ਮੁੱਚ ਹੈ, ਭਾਵੇਂ ਤੁਸੀਂ ਉਸ ਨੂੰ ਦੇਖ ਨਹੀਂ ਸਕਦੇ।” (ਇਬ. 11:1) ਨਿਹਚਾ ਦੀ ਤੁਲਨਾ ਕਿਸੇ ਜਗ੍ਹਾ ਦੀ ਰਜਿਸਟਰੀ ਨਾਲ ਕੀਤੀ ਜਾ ਸਕਦੀ ਹੈ। ਜੇ ਕਿਸੇ ਘਰ ਦੀ ਰਜਿਸਟਰੀ ਸਾਡੇ ਨਾਂ ਕੀਤੀ ਗਈ ਹੋਵੇ, ਤਾਂ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਉਹ ਘਰ ਸਾਡਾ ਹੈ। ਪਰਮੇਸ਼ੁਰ ਦੇ ਵਾਅਦੇ ਰਜਿਸਟਰੀ ਵਾਂਗ ਹਨ ਕਿਉਂਕਿ ਉਹ ਹਮੇਸ਼ਾ ਇਨ੍ਹਾਂ ਨੂੰ ਪੂਰੇ ਕਰਦਾ ਹੈ। ਸੋ ਅਸੀਂ ਪੱਕੀ ਨਿਹਚਾ ਰੱਖ ਸਕਦੇ ਹਾਂ ਕਿ ਉਹ ਆਪਣੇ ਬਚਨ ਵਿਚ ਜੋ ਵੀ ਕਹਿੰਦਾ ਹੈ ਉਹ ਜ਼ਰੂਰ ਪੂਰਾ ਹੋਵੇਗਾ।

3, 4. (ੳ) ਦਲੇਰ ਇਨਸਾਨ ਕਿਹੋ ਜਿਹਾ ਹੁੰਦਾ ਹੈ? (ਅ) ਅਸੀਂ ਆਪਣੀ ਨਿਹਚਾ ਹੋਰ ਪੱਕੀ ਕਿਵੇਂ ਕਰ ਸਕਦੇ ਹਾਂ ਤੇ ਜ਼ਿਆਦਾ ਦਲੇਰ ਕਿਵੇਂ ਬਣ ਸਕਦੇ ਹਾਂ?

3 ਦਲੇਰ ਇਨਸਾਨ ਡਰਪੋਕ ਨਹੀਂ ਹੁੰਦਾ। ਉਹ ਮੁਸ਼ਕਲ ਜਾਂ ਖ਼ਤਰਨਾਕ ਘੜੀਆਂ ਦੌਰਾਨ ਦਲੇਰੀ ਨਾਲ ਬੋਲਦਾ ਅਤੇ ਕੰਮ ਕਰਦਾ ਹੈ। ਉਹ ਹੌਸਲਾ ਨਹੀਂ ਹਾਰਦਾ ਤੇ ਸਹੀ ਕੰਮ ਕਰਨ ਤੋਂ ਪਿੱਛੇ ਨਹੀਂ ਹਟਦਾ। ਉਹ ਆਪਣੀ ਨਿਹਚਾ ਦੀ ਖ਼ਾਤਰ ਦੁੱਖ ਝੱਲਣ ਲਈ ਵੀ ਤਿਆਰ ਰਹਿੰਦਾ ਹੈ।—ਮਰ. 6:49, 50; 2 ਤਿਮੋ. 1:7.

4 ਅਸੀਂ ਸਾਰੇ ਚਾਹੁੰਦੇ ਹਾਂ ਕਿ ਅਸੀਂ ਨਿਹਚਾ ਰੱਖੀਏ ਅਤੇ ਦਲੇਰ ਬਣੀਏ। ਪਰ ਜੇ ਸਾਨੂੰ ਲੱਗਦਾ ਹੈ ਕਿ ਸਾਨੂੰ ਆਪਣੀ ਨਿਹਚਾ ਹੋਰ ਪੱਕੀ ਕਰਨ ਅਤੇ ਜ਼ਿਆਦਾ ਦਲੇਰ ਬਣਨ ਦੀ ਲੋੜ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਬਾਈਬਲ ਵਿਚ ਹਜ਼ਾਰਾਂ ਲੋਕਾਂ ਦੀ ਗੱਲ ਕੀਤੀ ਗਈ ਹੈ  ਜਿਨ੍ਹਾਂ ਨੇ ਨਿਹਚਾ ਅਤੇ ਦਲੇਰੀ ਦੀਆਂ ਵਧੀਆ ਮਿਸਾਲਾਂ ਕਾਇਮ ਕੀਤੀਆਂ। ਸਾਨੂੰ ਇਨ੍ਹਾਂ ਦੀ ਰੀਸ ਕਰਨੀ ਚਾਹੀਦੀ ਹੈ। ਆਓ ਆਪਾਂ ਕੁਝ ਮਿਸਾਲਾਂ ਦੇਖੀਏ।

ਯਹੋਵਾਹ ਯਹੋਸ਼ੁਆ ਦੇ ਨਾਲ ਸੀ

5. ਚੰਗਾ ਆਗੂ ਬਣਨ ਲਈ ਯਹੋਸ਼ੁਆ ਨੂੰ ਕੀ ਕਰਨ ਦੀ ਲੋੜ ਸੀ?

5 ਆਓ ਆਪਾਂ 3,500 ਸਾਲ ਪਹਿਲਾਂ ਦੀ ਗੱਲ ਕਰੀਏ। ਉਸ ਵੇਲੇ ਲੱਖਾਂ ਇਜ਼ਰਾਈਲੀਆਂ ਨੂੰ ਯਹੋਵਾਹ ਦੀ ਮਦਦ ਨਾਲ ਮਿਸਰ ਦੀ ਗ਼ੁਲਾਮੀ ਤੋਂ ਆਜ਼ਾਦ ਹੋਏ 40 ਸਾਲ ਹੋ ਚੁੱਕੇ ਸਨ। ਮੂਸਾ ਉਨ੍ਹਾਂ ਦਾ ਆਗੂ ਸੀ। ਹੁਣ ਉਹ 120 ਸਾਲ ਦਾ ਹੋ ਚੁੱਕਾ ਸੀ। ਇਕ ਦਿਨ ਉਸ ਨੇ ਨੀਬੋ ਪਹਾੜ ’ਤੇ ਜਾ ਕੇ ਵਾਅਦਾ ਕੀਤਾ ਹੋਇਆ ਦੇਸ਼ ਦੇਖਿਆ ਅਤੇ ਉੱਥੇ ਹੀ ਉਸ ਦੀ ਮੌਤ ਹੋ ਗਈ। ਉਸ ਦੀ ਥਾਂ ਯਹੋਸ਼ੁਆ ਇਜ਼ਰਾਈਲੀਆਂ ਦਾ ਆਗੂ ਬਣਿਆ ਜੋ ‘ਬੁੱਧੀ ਨਾਲ ਭਰਪੂਰ ਸੀ।’ (ਬਿਵ. 34:1-9) ਇਜ਼ਰਾਈਲੀ ਕਨਾਨ ਦੇਸ਼ ’ਤੇ ਕਬਜ਼ਾ ਕਰਨ ਵਾਲੇ ਸਨ। ਚੰਗਾ ਆਗੂ ਬਣਨ ਲਈ ਯਹੋਸ਼ੁਆ ਨੂੰ ਨਿਹਚਾ ਕਰਨ, ਦਲੇਰ ਬਣਨ ਤੇ ਬੁੱਧ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਦੀ ਲੋੜ ਸੀ।—ਬਿਵ. 31:22, 23.

6. (ੳ) ਯਹੋਸ਼ੁਆ 23:6 ਅਨੁਸਾਰ ਸਾਨੂੰ ਕੀ ਕਰਨ ਲਈ ਦਲੇਰੀ ਦੀ ਲੋੜ ਹੈ? (ਅ) ਅਸੀਂ ਰਸੂਲਾਂ ਦੇ ਕੰਮ 4:18-20 ਅਤੇ 5:29 ਤੋਂ ਕੀ ਸਿੱਖਦੇ ਹਾਂ?

6 ਕਨਾਨ ਦੇਸ਼ ’ਤੇ ਕਬਜ਼ਾ ਕਰਨ ਲਈ ਕਾਫ਼ੀ ਸਾਲ ਲੱਗੇ। ਇਸ ਸਮੇਂ ਦੌਰਾਨ ਯਹੋਸ਼ੁਆ ਦੀ ਬੁੱਧ, ਦਲੇਰੀ ਅਤੇ ਨਿਹਚਾ ਦੇਖ ਕੇ ਇਜ਼ਰਾਈਲੀਆਂ ਨੂੰ ਕਾਫ਼ੀ ਹੌਸਲਾ ਮਿਲਿਆ ਹੋਣਾ। ਪਰ ਉਨ੍ਹਾਂ ਨੂੰ ਸਿਰਫ਼ ਲੜਾਈ ਜਿੱਤਣ ਲਈ ਹੀ ਨਹੀਂ, ਬਲਕਿ ਪਰਮੇਸ਼ੁਰ ਦਾ ਕਹਿਣਾ ਮੰਨਣ ਲਈ ਵੀ ਦਲੇਰੀ ਦੀ ਲੋੜ ਸੀ। ਯਹੋਸ਼ੁਆ ਨੇ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਕਿਹਾ: “ਬਹੁਤ ਤਕੜੇ ਹੋਵੋ ਅਤੇ ਮੂਸਾ ਦੀ ਬਿਵਸਥਾ ਦੀ ਪੋਥੀ ਦੀ ਸਾਰੀ ਲਿਖਤ ਨੂੰ ਪੂਰਾ ਕਰ ਕੇ ਪਾਲਨਾ ਕਰੋ ਤਾਂ ਜੋ ਤੁਸੀਂ ਉਸ ਤੋਂ ਸੱਜੇ ਖੱਬੇ ਨਾ ਮੁੜ ਸੱਕੋ।” (ਯਹੋ. 23:6) ਸਾਨੂੰ ਵੀ ਪਰਮੇਸ਼ੁਰ ਦਾ ਕਹਿਣਾ ਮੰਨਣ ਲਈ ਦਲੇਰੀ ਦੀ ਲੋੜ ਪੈਂਦੀ ਹੈ, ਖ਼ਾਸ ਕਰਕੇ ਉਦੋਂ ਜਦ ਲੋਕ ਸਾਡੇ ’ਤੇ ਪਰਮੇਸ਼ੁਰ ਦੀ ਇੱਛਾ ਦੇ ਖ਼ਿਲਾਫ਼ ਚੱਲਣ ਦਾ ਜ਼ੋਰ ਪਾਉਂਦੇ ਹਨ। (ਰਸੂਲਾਂ ਦੇ ਕੰਮ 4:18-20; 5:29 ਪੜ੍ਹੋ।) ਜੇ ਅਸੀਂ ਪਰਮੇਸ਼ੁਰ ਦੀ ਅਗਵਾਈ ਲਈ ਪ੍ਰਾਰਥਨਾ ਕਰੀਏ ਅਤੇ ਉਸ ’ਤੇ ਭਰੋਸਾ ਰੱਖੀਏ, ਤਾਂ ਉਹ ਦਲੇਰ ਬਣਨ ਵਿਚ ਸਾਡੀ ਮਦਦ ਕਰੇਗਾ।

ਅਸੀਂ ਸਫ਼ਲ ਕਿਵੇਂ ਹੋ ਸਕਦੇ ਹਾਂ?

7. ਦਲੇਰ ਬਣਨ ਅਤੇ ਸਫ਼ਲ ਹੋਣ ਲਈ ਯਹੋਸ਼ੁਆ ਨੂੰ ਕੀ ਕਰਨ ਦੀ ਲੋੜ ਸੀ?

7 ਦਲੇਰੀ ਨਾਲ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਾਸਤੇ ਸਾਨੂੰ ਉਸ ਦੇ ਬਚਨ ਦੀ ਸਟੱਡੀ ਕਰਨ ਤੇ ਇਸ ’ਤੇ ਚੱਲਣ ਦੀ ਲੋੜ ਹੈ। ਮੂਸਾ ਤੋਂ ਬਾਅਦ ਆਗੂ ਬਣਨ ਵੇਲੇ ਯਹੋਸ਼ੁਆ ਨੂੰ ਇਹੀ ਕਰਨ ਲਈ ਕਿਹਾ ਗਿਆ ਸੀ: “ਤੂੰ ਨਿਰਾ ਤਕੜਾ ਹੋ ਅਤੇ ਵੱਡਾ ਹੌਸਲਾ ਰੱਖ ਤਾਂ ਜੋ ਤੂੰ ਉਸ ਸਾਰੀ ਬਿਵਸਥਾ ਅਨੁਸਾਰ ਜਿਸ ਦਾ ਮੇਰੇ ਦਾਸ ਮੂਸਾ ਨੇ ਤੈਨੂੰ ਹੁਕਮ ਦਿੱਤਾ ਹੈ ਪਾਲਨਾ ਕਰ ਕੇ ਪੂਰਾ ਕਰੇਂ, . . . ਏਹ ਬਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ ਸਗੋਂ ਤੂੰ ਦਿਨ ਰਾਤ ਉਸ ਉੱਤੇ ਧਿਆਨ ਰੱਖ ਤਾਂ ਜੋ ਤੂੰ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇਂ ਤੇ ਉਸ ਨੂੰ ਪੂਰਾ ਕਰੇਂ ਤਾਂ ਤੂੰ ਆਪਣੇ ਮਾਰਗ ਨੂੰ ਸੁਫਲ ਬਣਾਵੇਂਗਾ ਅਤੇ ਤੇਰਾ ਬੋਲ ਬਾਲਾ ਹੋਵੇਗਾ।” (ਯਹੋ. 1:7, 8) ਯਹੋਸ਼ੁਆ ਇਸ ਸਲਾਹ ’ਤੇ ਚੱਲਿਆ ਜਿਸ ਕਰਕੇ ‘ਉਸ ਦਾ ਮਾਰਗ ਸੁਫਲ ਬਣਿਆ।’ ਜੇ ਅਸੀਂ ਉਸ ਵਾਂਗ ਕਰਾਂਗੇ, ਤਾਂ ਅਸੀਂ ਵੀ ਪਰਮੇਸ਼ੁਰ ਦੀ ਸੇਵਾ ਦਲੇਰੀ ਨਾਲ ਕਰ ਕੇ ਸਫ਼ਲ ਹੋਵਾਂਗੇ।

2013 ਲਈ ਬਾਈਬਲ ਦਾ ਹਵਾਲਾ: ‘ਤਕੜਾ ਹੋ ਅਤੇ ਹੌਸਲਾ ਰੱਖ। ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਸੰਗ ਹੈ।’—ਯਹੋਸ਼ੁਆ 1:9

8. 2013 ਲਈ ਬਾਈਬਲ ਦਾ ਹਵਾਲਾ ਕਿੱਥੋਂ ਲਿਆ ਗਿਆ ਹੈ ਤੇ ਤੁਹਾਡੇ ਖ਼ਿਆਲ ਵਿਚ ਇਹ ਹਵਾਲਾ ਤੁਹਾਡੀ ਮਦਦ ਕਿਵੇਂ ਕਰੇਗਾ?

8 ਯਹੋਸ਼ੁਆ ਦਾ ਹੌਸਲਾ ਹੋਰ ਵੀ ਵਧਿਆ ਹੋਣਾ ਜਦ ਉਸ ਨੇ ਯਹੋਵਾਹ ਦੇ ਇਹ ਸ਼ਬਦ ਸੁਣੇ: ‘ਤਕੜਾ ਹੋ ਅਤੇ ਹੌਸਲਾ ਰੱਖ, ਨਾ ਕੰਬ ਅਤੇ ਨਾ ਘਾਬਰ ਕਿਉਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਜਿੱਥੇ ਤੂੰ ਜਾਵੇਂ ਤੇਰੇ ਸੰਗ ਹੈ।’ (ਯਹੋ. 1:9) ਯਹੋਵਾਹ ਸਾਡੇ ਨਾਲ ਵੀ ਹੈ। ਇਸ ਲਈ ਮੁਸ਼ਕਲਾਂ ਕਰਕੇ ਸਾਨੂੰ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਹੈ। ਇਨ੍ਹਾਂ ਸ਼ਬਦਾਂ ਵੱਲ ਖ਼ਾਸ ਧਿਆਨ ਦਿਓ: ‘ਤਕੜਾ ਹੋ ਅਤੇ ਹੌਸਲਾ ਰੱਖ। ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਸੰਗ ਹੈ।’ ਯਹੋਸ਼ੁਆ 1:9 ਦੇ ਇਨ੍ਹਾਂ ਸ਼ਬਦਾਂ ਨੂੰ 2013  ਲਈ ਬਾਈਬਲ ਦੇ ਹਵਾਲੇ ਵਜੋਂ ਚੁਣਿਆ ਗਿਆ ਹੈ ਜਿਨ੍ਹਾਂ ਤੋਂ ਸਾਨੂੰ ਆਉਣ ਵਾਲੇ ਮਹੀਨਿਆਂ ਦੌਰਾਨ ਹੌਸਲਾ ਮਿਲੇਗਾ। ਨਾਲੇ ਸਾਨੂੰ ਨਿਹਚਾ ਤੇ ਦਲੇਰੀ ਦਿਖਾਉਣ ਵਾਲੇ ਹੋਰ ਸੇਵਕਾਂ ਦੀਆਂ ਗੱਲਾਂ ਤੇ ਕੰਮਾਂ ਤੋਂ ਵੀ ਹੌਸਲਾ ਮਿਲੇਗਾ।

ਉਨ੍ਹਾਂ ਨੇ ਦਲੇਰੀ ਦਿਖਾਈ

9. ਰਾਹਾਬ ਨੇ ਨਿਹਚਾ ਅਤੇ ਦਲੇਰੀ ਕਿਵੇਂ ਦਿਖਾਈ ਸੀ?

9 ਜਦ ਯਹੋਸ਼ੁਆ ਨੇ ਕਨਾਨ ਦੇਸ਼ ਨੂੰ ਦੋ ਜਾਸੂਸ ਘੱਲੇ ਸਨ, ਤਾਂ ਰਾਹਾਬ ਵੇਸਵਾ ਨੇ ਉਨ੍ਹਾਂ ਨੂੰ ਆਪਣੇ ਘਰ ਲੁਕਾਇਆ ਅਤੇ ਉਨ੍ਹਾਂ ਦੇ ਦੁਸ਼ਮਣਾਂ ਨੂੰ ਗ਼ਲਤ ਰਾਹ ਪਾ ਦਿੱਤਾ। ਉਸ ਦੀ ਨਿਹਚਾ ਅਤੇ ਦਲੇਰੀ ਕਰਕੇ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਬਚਾਇਆ ਗਿਆ ਜਦ ਇਜ਼ਰਾਈਲੀਆਂ ਨੇ ਯਰੀਹੋ ਸ਼ਹਿਰ ਦਾ ਨਾਸ਼ ਕੀਤਾ। (ਇਬ. 11:30, 31; ਯਾਕੂ. 2:25) ਰਾਹਾਬ ਨੇ ਯਹੋਵਾਹ ਨੂੰ ਖ਼ੁਸ਼ ਕਰਨ ਲਈ ਆਪਣੀ ਬਦਚਲਣ ਜ਼ਿੰਦਗੀ ਛੱਡ ਦਿੱਤੀ। ਅੱਜ ਮਸੀਹੀ ਬਣਨ ਵਾਲੇ ਕਈ ਲੋਕਾਂ ਨੇ ਵੀ ਰਾਹਾਬ ਵਾਂਗ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਆਪਣੇ ਬੁਰੇ ਰਾਹ ਛੱਡ ਦਿੱਤੇ ਹਨ।

10. ਰੂਥ ਨੇ ਕਿਸ ਹਾਲਤ ਵਿਚ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕੀਤਾ ਅਤੇ ਉਸ ਨੂੰ ਕਿਹੜੀਆਂ ਬਰਕਤਾਂ ਮਿਲੀਆਂ?

10 ਯਹੋਸ਼ੁਆ ਦੀ ਮੌਤ ਤੋਂ ਬਾਅਦ ਰੂਥ ਨਾਂ ਦੀ ਮੋਆਬਣ ਨੇ ਯਹੋਵਾਹ ਦੀ ਭਗਤੀ ਕਰਨ ਦਾ ਦਲੇਰੀ ਨਾਲ ਫ਼ੈਸਲਾ ਕੀਤਾ। ਉਹ ਸ਼ਾਇਦ ਪਹਿਲਾਂ ਹੀ ਯਹੋਵਾਹ ਬਾਰੇ ਜਾਣਦੀ ਸੀ ਕਿਉਂਕਿ ਉਸ ਦਾ ਵਿਆਹ ਇਕ ਇਜ਼ਰਾਈਲੀ ਨਾਲ ਹੋਇਆ ਸੀ। ਉਸ ਦੀ ਸੱਸ ਨਾਓਮੀ ਮੋਆਬ ਵਿਚ ਰਹਿੰਦੀ ਸੀ, ਪਰ ਆਪਣੇ ਪਤੀ ਤੇ ਪੁੱਤਰਾਂ ਦੀ ਮੌਤ ਤੋਂ ਬਾਅਦ ਉਸ ਨੇ ਇਜ਼ਰਾਈਲ ਦੇ ਬੈਤਲਹਮ ਸ਼ਹਿਰ ਨੂੰ ਵਾਪਸ ਜਾਣ ਦਾ ਫ਼ੈਸਲਾ ਕੀਤਾ। ਰਾਹ ਵਿਚ ਨਾਓਮੀ ਨੇ ਰੂਥ ’ਤੇ ਆਪਣੇ ਪਰਿਵਾਰ ਕੋਲ ਵਾਪਸ ਜਾਣ ਲਈ ਜ਼ੋਰ ਪਾਇਆ, ਪਰ ਰੂਥ ਨੇ ਜਵਾਬ ਦਿੱਤਾ: “ਮੇਰੇ ਅੱਗੇ ਤਰਲੇ ਨਾ ਪਾ ਜੋ ਮੈਂ ਤੈਨੂੰ ਇਕੱਲਿਆਂ ਛੱਡਾਂ . . . ਤੇਰੇ ਲੋਕ ਸੋ ਮੇਰੇ ਲੋਕ ਅਤੇ ਤੇਰਾ ਪਰਮੇਸ਼ੁਰ ਸੋ ਮੇਰਾ ਪਰਮੇਸ਼ੁਰ ਹੋਵੇਗਾ।” (ਰੂਥ 1:16) ਕੁਝ ਸਮੇਂ ਬਾਅਦ ਨਾਓਮੀ ਦੇ ਇਕ ਰਿਸ਼ਤੇਦਾਰ ਬੋਅਜ਼ ਨੇ ਰੂਥ ਨਾਲ ਵਿਆਹ ਕਰਾਇਆ ਤੇ ਉਨ੍ਹਾਂ ਦੇ ਘਰ ਇਕ ਮੁੰਡਾ ਪੈਦਾ ਹੋਇਆ। ਬਾਅਦ ਵਿਚ ਉਸ ਦੀ ਪੀੜ੍ਹੀ ਵਿਚ ਦਾਊਦ ਅਤੇ ਯਿਸੂ ਦਾ ਜਨਮ ਹੋਇਆ। ਜੀ ਹਾਂ, ਯਹੋਵਾਹ ਨਿਹਚਾ ਅਤੇ ਦਲੇਰੀ ਦਿਖਾਉਣ ਵਾਲਿਆਂ ਨੂੰ ਬਰਕਤਾਂ ਦਿੰਦਾ ਹੈ।—ਰੂਥ 2:12; 4:17-22; ਮੱਤੀ 1:1-6.

ਕਈਆਂ ਨੇ ਆਪਣੀ ਜਾਨ ਖ਼ਤਰੇ ਵਿਚ ਪਾਈ!

11. ਯਹੋਯਾਦਾ ਅਤੇ ਯਹੋਸ਼ਬਾ ਨੇ ਦਲੇਰੀ ਕਿਵੇਂ ਦਿਖਾਈ ਅਤੇ ਇਸ ਦਾ ਨਤੀਜਾ ਕੀ ਨਿਕਲਿਆ?

11 ਪਰਮੇਸ਼ੁਰ ਉਨ੍ਹਾਂ ਲੋਕਾਂ ਨਾਲ ਹੁੰਦਾ ਹੈ ਜਿਹੜੇ ਉਸ ਦੀ ਇੱਛਾ ਪੂਰੀ ਕਰਦੇ ਹਨ ਅਤੇ ਆਪਣੇ ਭੈਣਾਂ-ਭਰਾਵਾਂ ਦੀ ਰਾਖੀ ਕਰਦੇ ਹਨ। ਇਹ ਦੇਖ ਕੇ ਸਾਡੀ ਨਿਹਚਾ ਪੱਕੀ ਹੁੰਦੀ ਹੈ ਅਤੇ ਅਸੀਂ ਹੋਰ ਦਲੇਰ ਬਣਦੇ ਹਾਂ। ਮਹਾਂ ਪੁਜਾਰੀ ਯਹੋਯਾਦਾ ਅਤੇ ਉਸ ਦੀ ਪਤਨੀ ਯਹੋਸ਼ਬਾ ਦੀ ਮਿਸਾਲ ਵੱਲ ਧਿਆਨ ਦਿਓ। ਰਾਜਾ ਅਹਜ਼ਯਾਹ ਦੀ ਮੌਤ ਤੋਂ ਬਾਅਦ, ਉਸ ਦੀ ਮਾਂ ਅਥਲਯਾਹ ਨੇ ਯੋਆਸ਼ ਤੋਂ ਸਿਵਾਇ ਰਾਜੇ ਦੇ ਸਾਰੇ ਬੱਚਿਆਂ ਨੂੰ ਮਾਰ ਦਿੱਤਾ ਅਤੇ ਆਪ ਰਾਣੀ ਬਣ ਗਈ। ਯਹੋਯਾਦਾ ਅਤੇ ਯਹੋਸ਼ਬਾ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਯੋਆਸ਼ ਨੂੰ ਬਚਾ ਲਿਆ ਸੀ ਅਤੇ ਉਸ ਨੂੰ ਛੇ ਸਾਲ ਲੁਕਾ ਕੇ ਰੱਖਿਆ। ਸੱਤਵੇਂ ਸਾਲ ਵਿਚ ਯਹੋਯਾਦਾ ਨੇ ਯੋਆਸ਼ ਨੂੰ ਰਾਜਾ ਐਲਾਨ ਕਰ ਦਿੱਤਾ ਅਤੇ ਅਥਲਯਾਹ ਨੂੰ ਮੌਤ ਦੇ ਘਾਟ ਉਤਾਰ ਦਿੱਤਾ। (2 ਰਾਜ. 11:1-16) ਬਾਅਦ ਵਿਚ ਯਹੋਯਾਦਾ ਨੇ ਮੰਦਰ ਦੀ ਮੁਰੰਮਤ ਕਰਨ ਵਿਚ ਰਾਜਾ ਯੋਆਸ਼ ਦਾ ਸਾਥ ਦਿੱਤਾ। ਜਦ 130 ਸਾਲ ਦੀ ਉਮਰ ਵਿਚ ਯਹੋਯਾਦਾ ਦੀ ਮੌਤ ਹੋਈ, ਤਾਂ ਉਸ ਨੂੰ ਰਾਜਿਆਂ ਦੇ ਨਾਲ ਦੱਬਿਆ ਗਿਆ “ਕਿਉਂ ਜੋ ਉਹ ਨੇ ਇਸਰਾਏਲ ਵਿੱਚ ਅਤੇ ਪਰਮੇਸ਼ੁਰ ਅਰ ਉਹ ਦੇ ਭਵਨ ਲਈ ਨੇਕੀ ਕੀਤੀ ਸੀ।” (2 ਇਤ. 24:15, 16) ਇਸ ਤੋਂ ਇਲਾਵਾ, ਯਹੋਯਾਦਾ ਅਤੇ ਉਸ ਦੀ ਪਤਨੀ ਦੀ ਦਲੇਰੀ ਕਰਕੇ ਦਾਊਦ ਦੀ ਪੀੜ੍ਹੀ ਚੱਲਦੀ ਰਹੀ ਜਿਸ ਰਾਹੀਂ ਮਸੀਹ ਆਇਆ ਸੀ।

12. ਅਬਦ-ਮਲਕ ਨੇ ਦਲੇਰੀ ਕਿਵੇਂ ਦਿਖਾਈ?

12 ਰਾਜਾ ਸਿਦਕੀਯਾਹ ਦੇ ਘਰ ਵਿਚ ਸੇਵਕ ਅਬਦ-ਮਲਕ ਨੇ ਯਿਰਮਿਯਾਹ ਦੀ ਖ਼ਾਤਰ ਆਪਣੀ ਜਾਨ ਖ਼ਤਰੇ ਵਿਚ ਪਾਈ। ਰਾਜੇ ਨੇ ਯਿਰਮਿਯਾਹ ਨੂੰ ਯਹੂਦਾਹ ਦੇ ਸਰਦਾਰਾਂ ਦੇ ਹਵਾਲੇ ਕਰ ਦਿੱਤਾ ਸੀ ਜਿਨ੍ਹਾਂ ਨੇ ਉਸ ’ਤੇ ਵਿਦਰੋਹ ਦਾ ਝੂਠਾ ਇਲਜ਼ਾਮ ਲਾਇਆ ਸੀ। ਉਨ੍ਹਾਂ ਨੇ ਉਸ ਨੂੰ ਚਿੱਕੜ ਨਾਲ ਭਰੇ ਭੋਹਰੇ ਵਿਚ ਮਰਨ ਲਈ ਸੁੱਟ ਦਿੱਤਾ। (ਯਿਰ. 38:4-6) ਅਬਦ-ਮਲਕ ਨੇ ਰਾਜਾ ਸਿਦਕੀਯਾਹ ਨੂੰ ਯਿਰਮਿਯਾਹ ਦੀ ਜਾਨ ਬਖ਼ਸ਼ਣ ਲਈ ਬੇਨਤੀ ਕੀਤੀ। ਇਹ ਖ਼ਤਰੇ ਤੋਂ ਖਾਲੀ ਨਹੀਂ ਸੀ ਕਿਉਂਕਿ ਬਹੁਤ ਸਾਰੇ ਲੋਕ ਯਿਰਮਿਯਾਹ ਨੂੰ ਨਫ਼ਰਤ ਕਰਦੇ ਸਨ। ਰਾਜੇ ਨੇ ਉਸ ਦੀ ਬੇਨਤੀ ਸੁਣੀ ਤੇ ਯਿਰਮਿਯਾਹ ਨੂੰ  ਬਚਾਉਣ ਲਈ ਉਸ ਨਾਲ 30 ਬੰਦੇ ਘੱਲੇ। ਬਾਅਦ ਵਿਚ ਪਰਮੇਸ਼ੁਰ ਨੇ ਯਿਰਮਿਯਾਹ ਰਾਹੀਂ ਅਬਦ-ਮਲਕ ਨਾਲ ਵਾਅਦਾ ਕੀਤਾ ਕਿ ਯਰੂਸ਼ਲਮ ’ਤੇ ਬਾਬਲੀਆਂ ਦੇ ਹਮਲੇ ਦੌਰਾਨ ਉਸ ਦੀ ਜਾਨ ਬਖ਼ਸ਼ੀ ਜਾਵੇਗੀ। (ਯਿਰ. 39:15-18) ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ ਜੋ ਦਲੇਰੀ ਨਾਲ ਉਸ ਦੀ ਇੱਛਾ ਪੂਰੀ ਕਰਦੇ ਹਨ।

13. ਪਰਮੇਸ਼ੁਰ ਦੇ ਤਿੰਨ ਸੇਵਕਾਂ ਨੇ ਦਲੇਰੀ ਕਿਵੇਂ ਦਿਖਾਈ ਅਤੇ ਅਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ?

13 ਧਰਤੀ ’ਤੇ ਮਸੀਹ ਦੇ ਆਉਣ ਤੋਂ ਲਗਭਗ 600 ਸਾਲ ਪਹਿਲਾਂ ਪਰਮੇਸ਼ੁਰ ਨੇ ਆਪਣੇ ਤਿੰਨ ਸੇਵਕਾਂ ਸ਼ਦਰਕ, ਮੇਸ਼ਕ ਤੇ ਅਬਦਨਗੋ ਨੂੰ ਨਿਹਚਾ ਤੇ ਦਲੇਰੀ ਦਿਖਾਉਣ ਦਾ ਇਨਾਮ ਦਿੱਤਾ। ਇਕ ਵਾਰ ਰਾਜਾ ਨਬੂਕਦਨੱਸਰ ਨੇ ਬਾਬਲ ਦੇ ਵੱਡੇ-ਵੱਡੇ ਲੋਕਾਂ ਨੂੰ ਇਕੱਠਾ ਕਰ ਕੇ ਉਨ੍ਹਾਂ ਨੂੰ ਸੋਨੇ ਦੀ ਵੱਡੀ ਸਾਰੀ ਮੂਰਤ ਅੱਗੇ ਮੱਥਾ ਟੇਕਣ ਦਾ ਹੁਕਮ ਦਿੱਤਾ। ਇਨ੍ਹਾਂ ਤਿੰਨਾਂ ਸੇਵਕਾਂ ਨੇ ਰਾਜੇ ਨਬੂਕਦਨੱਸਰ ਨੂੰ ਆਦਰ ਨਾਲ ਕਿਹਾ: “ਸਾਡਾ ਪਰਮੇਸ਼ੁਰ ਜਿਹ ਦੀ ਅਸੀਂ ਸੇਵਾ ਕਰਦੇ ਹਾਂ ਸਾਨੂੰ ਅੱਗ ਦੀ ਬਲਦੀ ਹੋਈ ਭੱਠੀ ਤੋਂ ਛੁਡਾਉਣ ਦੀ ਸ਼ਕਤੀ ਰੱਖਦਾ ਹੈ ਅਤੇ ਹੇ ਮਹਾਰਾਜ ਜੀ, ਓਹੀ ਸਾਨੂੰ ਤੁਹਾਡੇ ਹੱਥੋਂ ਛੁਡਾਵੇਗਾ। ਨਹੀਂ ਤਾਂ ਹੇ ਮਹਾਰਾਜ, ਤੁਹਾਨੂੰ ਪਤਾ ਹੋਵੇ ਕਿ ਅਸੀਂ ਤੁਹਾਡੇ ਦਿਓਤਿਆਂ ਦੀ ਸੇਵਾ ਨਹੀਂ ਕਰਾਂਗੇ ਅਤੇ ਨਾ ਉਸ ਸੋਨੇ ਦੀ ਮੂਰਤ ਅੱਗੇ ਜਿਹ ਨੂੰ ਤੁਸਾਂ ਖੜਾ ਕੀਤਾ ਹੈ ਮੱਥਾ ਟੇਕਾਂਗੇ।” (ਦਾਨੀ. 3:16-18) ਦਾਨੀਏਲ 3:19-30 ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਨੇ ਚਮਤਕਾਰ ਕਰ ਕੇ ਇਨ੍ਹਾਂ ਤਿੰਨਾਂ ਨੂੰ ਕਿਵੇਂ ਬਚਾਇਆ। ਸਾਨੂੰ ਸ਼ਾਇਦ ਅੱਗ ਦੀ ਬਲ਼ਦੀ ਹੋਈ ਭੱਠੀ ਵਿਚ ਨਾ ਸੁੱਟਿਆ ਜਾਵੇ, ਪਰ ਸਾਡੀ ਨਿਹਚਾ ਜ਼ਰੂਰ ਪਰਖੀ ਜਾਂਦੀ ਹੈ। ਅਸੀਂ ਯਕੀਨ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਸਾਡੀ ਨਿਹਚਾ ਤੇ ਦਲੇਰੀ ਦਾ ਇਨਾਮ ਜ਼ਰੂਰ ਦੇਵੇਗਾ।

14. ਦਾਨੀਏਲ ਦੇ 6ਵੇਂ ਅਧਿਆਇ ਮੁਤਾਬਕ ਦਾਨੀਏਲ ਨੇ ਦਲੇਰੀ ਕਿਵੇਂ ਦਿਖਾਈ ਤੇ ਇਸ ਦਾ ਨਤੀਜਾ ਕੀ ਨਿਕਲਿਆ?

14 ਦਾਨੀਏਲ ਨੇ ਵੀ ਨਿਹਚਾ ਅਤੇ ਦਲੇਰੀ ਦੀ ਮਿਸਾਲ ਕਾਇਮ ਕੀਤੀ। ਉਸ ਦੇ ਦੁਸ਼ਮਣਾਂ ਨੇ ਰਾਜਾ ਦਾਰਾ ਤੋਂ ਕਾਨੂੰਨ ਪਾਸ ਕਰਵਾਇਆ ਕਿ “ਜਿਹੜਾ ਕੋਈ ਤੀਹਾਂ ਦਿਹਾੜਿਆਂ ਤੀਕ ਤੁਹਾਥੋਂ ਬਾਝ, ਹੇ ਰਾਜਨ, ਕਿਸੇ ਦਿਓਤੇ ਯਾ ਮਨੁੱਖ ਅੱਗੇ ਬੇਨਤੀ ਕਰੇ ਸੋ ਸ਼ੇਰਾਂ ਦੇ ਘੁਰੇ ਵਿੱਚ ਸੁੱਟਿਆ ਜਾਵੇ।” ਇਸ ਕਾਨੂੰਨ ਬਾਰੇ ਪਤਾ ਲੱਗਣ ਤੇ ਦਾਨੀਏਲ “ਆਪਣੇ ਘੱਰ ਵਿੱਚ ਆਇਆ ਅਤੇ ਆਪਣੀ ਕੋਠੜੀ ਦੀ ਬਾਰੀ ਖੋਲ੍ਹ ਕੇ ਜਿਹੜੀ ਯਰੂਸ਼ਲਮ ਵੱਲ ਸੀ ਅਤੇ ਦਿਨ ਵਿੱਚ ਤਿੰਨ ਵਾਰੀ ਗੋਡੇ ਨਿਵਾ ਕੇ ਪਰਮੇਸ਼ੁਰ ਦੇ ਸਾਹਮਣੇ ਜਿਵੇਂ ਅੱਗੇ ਕਰਦਾ ਸੀ ਬੇਨਤੀ ਕੀਤੀ ਅਤੇ ਸ਼ੁਕਰ ਮਨਾਇਆ।” (ਦਾਨੀ. 6:6-10) ਇਸ ਦਲੇਰੀ ਕਰਕੇ ਦਾਨੀਏਲ ਨੂੰ ਸ਼ੇਰਾਂ ਦੇ ਘੁਰੇ ਵਿਚ ਸੁੱਟਿਆ ਗਿਆ, ਪਰ ਯਹੋਵਾਹ ਨੇ ਉਸ ਨੂੰ ਬਚਾਇਆ।—ਦਾਨੀ. 6:16-23.

15. (ੳ) ਅਕੂਲਾ ਅਤੇ ਪ੍ਰਿਸਕਿੱਲਾ ਨੇ ਨਿਹਚਾ ਅਤੇ ਦਲੇਰੀ ਦੀ ਮਿਸਾਲ ਕਿਵੇਂ ਕਾਇਮ ਕੀਤੀ? (ਅ) ਯੂਹੰਨਾ 13:34 ਦੇ ਸ਼ਬਦਾਂ ਦਾ ਕੀ ਮਤਲਬ ਹੈ ਤੇ ਕਈ ਮਸੀਹੀਆਂ ਨੇ ਅਜਿਹੇ ਪਿਆਰ ਦਾ ਸਬੂਤ ਕਿਵੇਂ ਦਿੱਤਾ ਹੈ?

15 ਬਾਈਬਲ ਦੱਸਦੀ ਹੈ ਕਿ ਅਕੂਲਾ ਅਤੇ ਪ੍ਰਿਸਕਿੱਲਾ ਨੇ ਦਲੇਰੀ ਦਿਖਾਉਂਦੇ ਹੋਏ ਪੌਲੁਸ ਦੀ “ਖ਼ਾਤਰ ਆਪਣੀ ਜਾਨ ਖ਼ਤਰੇ ਵਿਚ ਪਾਈ।” (ਰਸੂ. 18:2; ਰੋਮੀ. 16:3, 4) ਇਸ ਤਰ੍ਹਾਂ ਉਨ੍ਹਾਂ ਨੇ ਯਿਸੂ ਦਾ ਹੁਕਮ ਮੰਨਿਆ: “ਮੈਂ ਤੁਹਾਨੂੰ ਇਕ ਨਵਾਂ ਹੁਕਮ ਦੇ ਰਿਹਾ ਹਾਂ: ਤੁਸੀਂ ਇਕ-ਦੂਜੇ ਨੂੰ ਪਿਆਰ ਕਰੋ; ਜਿਵੇਂ ਮੈਂ ਤੁਹਾਡੇ ਨਾਲ ਪਿਆਰ  ਕੀਤਾ, ਤੁਸੀਂ ਵੀ ਉਸੇ ਤਰ੍ਹਾਂ ਇਕ-ਦੂਜੇ ਨਾਲ ਪਿਆਰ ਕਰੋ।” (ਯੂਹੰ. 13:34) ਮੂਸਾ ਦੇ ਕਾਨੂੰਨ ਵਿਚ ਕਿਹਾ ਗਿਆ ਸੀ ਕਿ ਹਰ ਕੋਈ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰੇ ਜਿਵੇਂ ਆਪਣੇ ਆਪ ਨੂੰ ਕਰਦਾ ਹੈ। (ਲੇਵੀ. 19:18) ਪਰ ਯਿਸੂ ਦਾ ਹੁਕਮ ਇਸ ਅਰਥ ਵਿਚ “ਨਵਾਂ” ਸੀ ਕਿ ਅਸੀਂ ਦੂਜਿਆਂ ਦੀ ਖ਼ਾਤਰ ਆਪਣੀ ਜਾਨ ਦੇਣ ਲਈ ਤਿਆਰ ਰਹੀਏ, ਜਿਵੇਂ ਯਿਸੂ ਨੇ ਦਿੱਤੀ ਸੀ। ਕਈ ਮਸੀਹੀਆਂ ਨੇ ਅਜਿਹੇ ਪਿਆਰ ਦਾ ਸਬੂਤ ਦਿੱਤਾ ਹੈ। ਉਨ੍ਹਾਂ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਆਪਣੇ ਭੈਣਾਂ-ਭਰਾਵਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਹੱਥੋਂ ਜ਼ੁਲਮ ਸਹਿਣ ਜਾਂ ਮੌਤ ਤੋਂ ਬਚਾਇਆ ਹੈ।—1 ਯੂਹੰਨਾ 3:16 ਪੜ੍ਹੋ।

ਪਹਿਲੀ ਸਦੀ ਦੇ ਮਸੀਹੀਆਂ ਨੇ ਰੋਮੀ ਸਮਰਾਟ ਦੀ ਪੂਜਾ ਕਰਨ ਤੋਂ ਇਨਕਾਰ ਕੀਤਾ

16, 17. ਪਹਿਲੀ ਸਦੀ ਦੇ ਮਸੀਹੀਆਂ ਦੀ ਨਿਹਚਾ ਕਿਵੇਂ ਪਰਖੀ ਜਾਂਦੀ ਸੀ ਤੇ ਸਾਡੇ ਸਮਿਆਂ ਵਿਚ ਮਸੀਹੀਆਂ ਨਾਲ ਕੀ ਹੋਇਆ ਹੈ?

16 ਪਹਿਲੀ ਸਦੀ ਵਿਚ ਲੋਕ ਰੋਮੀ ਸਮਰਾਟ ਦੀ ਪੂਜਾ ਕਰਦੇ ਸਨ। ਪਰ ਯਿਸੂ ਵਾਂਗ ਪਹਿਲੀ ਸਦੀ ਦੇ ਮਸੀਹੀਆਂ ਨੇ ਸਿਰਫ਼ ਯਹੋਵਾਹ ਦੀ ਹੀ ਭਗਤੀ ਕੀਤੀ। (ਮੱਤੀ 4:8-10) ਉਹ ਰੋਮੀ ਸਮਰਾਟ ਦੀ ਪੂਜਾ ਕਰਨ ਲਈ ਧੂਪ ਧੁਖਾਉਣ ਤੋਂ ਇਨਕਾਰ ਕਰਦੇ ਸਨ। (ਤਸਵੀਰ ਦੇਖੋ।) ਇਕ ਇਤਿਹਾਸਕਾਰ ਨੇ ਆਪਣੀ ਕਿਤਾਬ ਵਿਚ ਲਿਖਿਆ ਕਿ ਆਮ ਕਰਕੇ ਅਖਾੜੇ ਵਿਚ ਇਕ ਵੇਦੀ ’ਤੇ ਅੱਗ ਬਲ਼ਦੀ ਰੱਖੀ ਜਾਂਦੀ ਸੀ। ਇਕ ਕੈਦੀ ਨੂੰ ਅੱਗ ’ਤੇ ਸਿਰਫ਼ ਚੁਟਕੀ ਭਰ ਧੂਪ ਪਾਉਣੀ ਪੈਂਦੀ ਸੀ ਤੇ ਫਿਰ ਉਸ ਨੂੰ ਆਜ਼ਾਦੀ ਦਾ ਸਰਟੀਫਿਕੇਟ ਦੇ ਕੇ ਛੱਡ ਦਿੱਤਾ ਜਾਂਦਾ ਸੀ। ਕੈਦੀ ਨੂੰ ਸਮਝਾਇਆ ਜਾਂਦਾ ਸੀ ਕਿ ਇਹ ਰੋਮੀ ਸਮਰਾਟ ਦੀ ਪੂਜਾ ਨਹੀਂ ਸੀ, ਸਗੋਂ ਉਹ ਸਿਰਫ਼ ਇਹ ਗੱਲ ਮਨਜ਼ੂਰ ਕਰ ਰਿਹਾ ਸੀ ਕਿ ਰੋਮੀ ਸਮਰਾਟ ਦੇਵਤਾ ਹੈ। ਫਿਰ ਵੀ ਬਹੁਤ ਘੱਟ ਮਸੀਹੀਆਂ ਨੇ ਆਜ਼ਾਦੀ ਪਾਉਣ ਲਈ ਅੱਗ ’ਤੇ ਧੂਪ ਪਾਈ।

17 ਨਾਜ਼ੀ ਤਸ਼ੱਦਦ ਕੈਂਪਾਂ ਵਿਚ ਕੈਦ ਮਸੀਹੀਆਂ ਨੂੰ ਵੀ ਮੌਤ ਤੋਂ ਬਚਣ ਤੇ ਆਜ਼ਾਦੀ ਪਾਉਣ ਦਾ ਮੌਕਾ ਦਿੱਤਾ ਜਾਂਦਾ ਸੀ। ਉਨ੍ਹਾਂ ਨੂੰ ਸਿਰਫ਼ ਇਕ ਦਸਤਾਵੇਜ਼ ’ਤੇ ਸਾਈਨ ਕਰਨੇ ਪੈਂਦੇ ਸਨ ਕਿ ਉਹ ਹੁਣ ਯਹੋਵਾਹ ਦੇ ਗਵਾਹ ਨਹੀਂ ਹਨ। ਪਰ ਬਹੁਤ ਘੱਟ ਮਸੀਹੀਆਂ ਨੇ ਸਾਈਨ ਕੀਤੇ। ਰਵਾਂਡਾ ਵਿਚ ਜਦ ਟੂਟਸੀ ਅਤੇ ਹੁਟੂ ਲੋਕ ਦੰਗਿਆਂ ਦੌਰਾਨ ਇਕ-ਦੂਜੇ ਨੂੰ ਜਾਨੋਂ ਮਾਰ ਰਹੇ ਸਨ, ਤਾਂ ਟੂਟਸੀ ਅਤੇ ਹੁਟੂ ਯਹੋਵਾਹ ਦੇ ਗਵਾਹਾਂ ਨੇ ਇਕ-ਦੂਜੇ ਦੀ ਰਾਖੀ ਕੀਤੀ। ਅਜਿਹੀਆਂ ਅਜ਼ਮਾਇਸ਼ਾਂ ਦੌਰਾਨ ਦਲੇਰੀ ਅਤੇ ਨਿਹਚਾ ਦੀ ਲੋੜ ਪੈਂਦੀ ਹੈ।

ਯਾਦ ਰੱਖੋ, ਯਹੋਵਾਹ ਸਾਡੇ ਨਾਲ ਹੈ!

18, 19. ਬਾਈਬਲ ਵਿਚ ਨਿਹਚਾ ਤੇ ਦਲੇਰੀ ਦੀਆਂ ਕਿਹੜੀਆਂ ਮਿਸਾਲਾਂ ਪ੍ਰਚਾਰ ਕਰਨ ਵਿਚ ਸਾਡੀ ਮਦਦ ਕਰ ਸਕਦੀਆਂ ਹਨ?

18 ਪਰਮੇਸ਼ੁਰ ਦੇ ਲੋਕਾਂ ਲਈ ਕਿੰਨਾ ਵੱਡਾ ਸਨਮਾਨ ਹੈ ਕਿ ਉਸ ਨੇ ਉਨ੍ਹਾਂ ਨੂੰ ਉਸ ਦੇ ਰਾਜ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦਾ ਇੰਨਾ ਵੱਡਾ ਕੰਮ ਦਿੱਤਾ ਹੈ। (ਮੱਤੀ 24:14; 28:19, 20) ਯਿਸੂ ਵੀ “ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਸ਼ਹਿਰੋ-ਸ਼ਹਿਰ ਤੇ ਪਿੰਡੋ-ਪਿੰਡ ਗਿਆ” ਸੀ। (ਲੂਕਾ 8:1) ਅਸੀਂ ਧੰਨਵਾਦੀ ਹਾਂ ਕਿ ਯਿਸੂ ਨੇ ਸਾਡੇ ਲਈ ਇੰਨੀ ਵਧੀਆ ਮਿਸਾਲ ਕਾਇਮ ਕੀਤੀ! ਪ੍ਰਚਾਰ ਕਰਨ ਲਈ ਸਾਨੂੰ ਵੀ ਉਸ ਵਾਂਗ ਨਿਹਚਾ ਅਤੇ ਦਲੇਰੀ ਦੀ ਲੋੜ ਹੈ। ਪਰਮੇਸ਼ੁਰ ਦੀ ਮਦਦ ਨਾਲ ਅਸੀਂ “ਧਾਰਮਿਕਤਾ ਦੇ ਪ੍ਰਚਾਰਕ” ਨੂਹ ਵਰਗੇ ਬਣ ਸਕਦੇ ਹਾਂ ਜਿਸ ਨੇ ਜਲ-ਪਰਲੋ ਵਿਚ ਨਾਸ਼ ਹੋਣ ਵਾਲੇ “ਦੁਸ਼ਟ ਲੋਕਾਂ” ਨੂੰ ਹਿੰਮਤ ਨਾਲ ਪ੍ਰਚਾਰ ਕੀਤਾ।—2 ਪਤ. 2:4, 5.

19 ਪ੍ਰਾਰਥਨਾ ਕਰਨ ਨਾਲ ਵੀ ਪ੍ਰਚਾਰ ਦਾ ਕੰਮ ਕਰਨ ਦੀ ਮਦਦ ਮਿਲਦੀ ਹੈ। ਜਦ ਕੁਝ ਮਸੀਹੀਆਂ ਨੇ ਆਪਣੇ ’ਤੇ ਅਤਿਆਚਾਰ ਹੋਣ ਤੋਂ ਬਾਅਦ ਪ੍ਰਾਰਥਨਾ ਕੀਤੀ ਸੀ ਕਿ ਉਹ ‘ਦਲੇਰੀ ਨਾਲ ਪਰਮੇਸ਼ੁਰ ਦੇ ਬਚਨ ਦਾ ਐਲਾਨ ਕਰਦੇ ਰਹਿਣ,’ ਤਾਂ ਉਨ੍ਹਾਂ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ ਗਿਆ। (ਰਸੂਲਾਂ ਦੇ ਕੰਮ 4:29-31 ਪੜ੍ਹੋ।) ਜੇ ਤੁਸੀਂ ਘਰ-ਘਰ ਪ੍ਰਚਾਰ ਕਰਨ ਤੋਂ ਡਰਦੇ ਹੋ, ਤਾਂ ਪ੍ਰਾਰਥਨਾ ਵਿਚ ਯਹੋਵਾਹ ਤੋਂ ਨਿਹਚਾ ਤੇ ਦਲੇਰੀ ਮੰਗੋ। ਯਹੋਵਾਹ ਤੁਹਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਜ਼ਰੂਰ ਦੇਵੇਗਾ।—ਜ਼ਬੂਰਾਂ ਦੀ ਪੋਥੀ 66:19, 20 ਪੜ੍ਹੋ। *

20. ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਸਾਡੇ ਨਾਲ ਕੌਣ-ਕੌਣ ਹੈ?

20 ਇਸ ਦੁਸ਼ਟ ਦੁਨੀਆਂ ਵਿਚ ਪਰਮੇਸ਼ੁਰ ਦੀ ਇੱਛਾ ਪੂਰੀ ਕਰਦੇ ਰਹਿਣਾ ਸੌਖਾ ਨਹੀਂ ਹੈ। ਪਰ ਅਸੀਂ ਇਕੱਲੇ ਨਹੀਂ ਹਾਂ। ਪਰਮੇਸ਼ੁਰ ਸਾਡੇ ਨਾਲ ਹੈ। ਉਸ ਦਾ ਪੁੱਤਰ ਤੇ ਮੰਡਲੀ ਦਾ ਮੁਖੀ ਯਿਸੂ ਵੀ ਸਾਡੇ ਨਾਲ ਹੈ। ਇਸ ਤੋਂ ਇਲਾਵਾ, ਦੁਨੀਆਂ ਭਰ ਵਿਚ ਸਾਡੇ ਨਾਲ 70 ਲੱਖ ਤੋਂ ਜ਼ਿਆਦਾ ਯਹੋਵਾਹ ਦੇ ਗਵਾਹ ਵੀ ਹਨ। ਆਓ ਆਪਾਂ ਸਾਰੇ ਨਿਹਚਾ ਰੱਖੀਏ ਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹੀਏ। ਇਸ ਕੰਮ ਵਿਚ 2013 ਲਈ ਬਾਈਬਲ ਦਾ ਹਵਾਲਾ ਸਾਡੀ ਮਦਦ ਕਰੇਗਾ: ‘ਤਕੜਾ ਹੋ ਅਤੇ ਹੌਸਲਾ ਰੱਖ। ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਸੰਗ ਹੈ।’—ਯਹੋ. 1:9.

^ ਪੇਰਗ੍ਰੈਫ 19 ਦਲੇਰ ਲੋਕਾਂ ਦੀਆਂ ਹੋਰ ਮਿਸਾਲਾਂ ਲਈ 15 ਫਰਵਰੀ 2012 ਦੇ ਪਹਿਰਾਬੁਰਜ ਵਿਚ “ਤੂੰ ਤਕੜਾ ਹੋ ਅਤੇ ਵੱਡਾ ਹੌਸਲਾ ਰੱਖ” ਨਾਂ ਦਾ ਲੇਖ ਦੇਖੋ।