Skip to content

Skip to table of contents

ਕਿਸੇ ਵੀ ਚੀਜ਼ ਕਰਕੇ ਯਹੋਵਾਹ ਤੋਂ ਦੂਰ ਨਾ ਹੋਵੋ

ਕਿਸੇ ਵੀ ਚੀਜ਼ ਕਰਕੇ ਯਹੋਵਾਹ ਤੋਂ ਦੂਰ ਨਾ ਹੋਵੋ

“ਅੱਜ ਤੁਸੀਂ ਉਸ ਨੂੰ ਚੁਣ ਲਓ ਜਿਹ ਦੀ ਉਪਾਸਨਾ ਤੁਸੀਂ ਕਰੋਗੇ।”—ਯਹੋ. 24:15.

1-3. (ੳ) ਯਹੋਸ਼ੁਆ ਨੇ ਜ਼ਿੰਦਗੀ ਵਿਚ ਕਿਹੜਾ ਰਾਹ ਚੁਣਿਆ ਸੀ? (ਅ) ਫ਼ੈਸਲੇ ਕਰਦਿਆਂ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?

ਕਲਪਨਾ ਕਰੋ ਕਿ ਇਕ ਆਦਮੀ ਸੜਕ ’ਤੇ ਤੁਰਿਆ ਜਾਂਦਾ ਹੈ। ਇਕ ਜਗ੍ਹਾ ਆ ਕੇ ਸੜਕ ਦੋ ਪਾਸਿਆਂ ਨੂੰ ਮੁੜਦੀ ਹੈ। ਉਹ ਆਦਮੀ ਕਿੱਧਰ ਨੂੰ ਜਾਵੇਗਾ? ਜੇ ਉਸ ਆਦਮੀ ਨੂੰ ਆਪਣੀ ਮੰਜ਼ਲ ਪਤਾ ਹੈ, ਤਾਂ ਇਕ ਰਾਹ ਉਸ ਨੂੰ ਉਸ ਦੀ ਮੰਜ਼ਲ ਤਕ ਲੈ ਕੇ ਜਾਵੇਗਾ, ਜਦ ਕਿ ਦੂਸਰਾ ਰਾਹ ਉਸ ਨੂੰ ਮੰਜ਼ਲ ਤੋਂ ਦੂਰ ਲੈ ਜਾਵੇਗਾ। ਉਸ ਆਦਮੀ ਵਾਂਗ ਅਸੀਂ ਵੀ ਕਈ ਵਾਰ ਜ਼ਿੰਦਗੀ ਵਿਚ ਅਜਿਹੇ ਮੋੜ ’ਤੇ ਖੜ੍ਹੇ ਹੁੰਦੇ ਹਾਂ ਜਦੋਂ ਸਾਨੂੰ ਕੋਈ ਰਾਹ ਚੁਣਨਾ ਪੈਂਦਾ ਹੈ। ਅਸੀਂ ਜੋ ਵੀ ਰਾਹ ਚੁਣਦੇ ਹਾਂ, ਉਸ ਦਾ ਸਾਡੀ ਜ਼ਿੰਦਗੀ ਉੱਤੇ ਅਸਰ ਪਵੇਗਾ।

2 ਬਾਈਬਲ ਵਿਚ ਬਹੁਤ ਸਾਰੇ ਲੋਕਾਂ ਦੀਆਂ ਮਿਸਾਲਾਂ ਹਨ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਇਕ ਰਾਹ ਚੁਣਨਾ ਪਿਆ। ਕਇਨ ਤੇ ਯਹੋਸ਼ੁਆ ਦੀਆਂ ਮਿਸਾਲਾਂ ’ਤੇ ਗੌਰ ਕਰੋ। ਇਕ ਵਾਰ ਕਇਨ ਬਹੁਤ ਗੁੱਸੇ ਵਿਚ ਸੀ। ਉਸ ਨੇ ਫ਼ੈਸਲਾ ਕਰਨਾ ਸੀ ਕਿ ਉਹ ਆਪਣੇ ਗੁੱਸੇ ’ਤੇ ਕੰਟ੍ਰੋਲ ਰੱਖੇਗਾ ਜਾਂ ਨਹੀਂ। (ਉਤ. 4:6, 7) ਯਹੋਸ਼ੁਆ ਨੇ ਇਹ ਫ਼ੈਸਲਾ ਕਰਨਾ ਸੀ ਕਿ ਉਹ ਯਹੋਵਾਹ ਦੀ ਭਗਤੀ ਕਰੇਗਾ ਜਾਂ ਫਿਰ ਹੋਰ ਦੇਵੀ-ਦੇਵਤਿਆਂ ਦੀ। (ਯਹੋ. 24:15) ਯਹੋਸ਼ੁਆ ਯਹੋਵਾਹ ਦੇ ਨੇੜੇ ਰਹਿਣਾ ਚਾਹੁੰਦਾ ਸੀ, ਇਸ ਕਰਕੇ ਉਸ ਨੇ ਉਹ ਰਾਹ ਚੁਣਿਆ ਜਿਸ ’ਤੇ ਚੱਲ ਕੇ ਉਹ ਯਹੋਵਾਹ ਦੇ ਨੇੜੇ ਰਹਿ ਸਕਿਆ। ਇਸ ਦੇ ਉਲਟ, ਕਇਨ ਨੇ ਉਹ ਰਾਹ ਚੁਣਿਆ ਜੋ ਉਸ ਨੂੰ ਯਹੋਵਾਹ ਤੋਂ ਦੂਰ ਲੈ ਗਿਆ।

3 ਸਾਨੂੰ ਵੀ ਜ਼ਿੰਦਗੀ ਵਿਚ ਕਈ ਜ਼ਰੂਰੀ ਫ਼ੈਸਲੇ ਕਰਨੇ ਪੈਂਦੇ ਹਨ। ਇਸ ਲਈ ਸਾਨੂੰ ਆਪਣੀ ਮੰਜ਼ਲ ਯਾਦ ਰੱਖਣੀ ਚਾਹੀਦੀ ਹੈ ਕਿ ਅਸੀਂ ਯਹੋਵਾਹ ਦੀ ਮਹਿਮਾ ਕਰਨੀ ਚਾਹੁੰਦੇ ਹਾਂ ਅਤੇ ਹਰ ਉਸ ਚੀਜ਼ ਤੋਂ ਦੂਰ ਰਹਿਣਾ ਚਾਹੁੰਦੇ ਹਾਂ ਜੋ ਸਾਨੂੰ ਯਹੋਵਾਹ ਤੋਂ ਦੂਰ ਲੈ ਜਾਵੇਗੀ। (ਇਬਰਾਨੀਆਂ 3:12 ਪੜ੍ਹੋ।) ਇਸ ਲੇਖ ਤੇ ਅਗਲੇ ਲੇਖ ਵਿਚ ਅਸੀਂ ਸੱਤ ਚੀਜ਼ਾਂ ’ਤੇ ਚਰਚਾ ਕਰਾਂਗੇ ਜੋ ਸਾਨੂੰ ਯਹੋਵਾਹ ਤੋਂ ਦੂਰ ਕਰ ਸਕਦੀਆਂ ਹਨ।

ਕੰਮ ਤੇ ਕੈਰੀਅਰ

4. ਕੰਮ-ਧੰਦਾ ਕਰਨਾ ਸਾਡੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਕਿਉਂ ਹੈ?

4 ਮਸੀਹੀਆਂ ਨੂੰ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਕੰਮ ਕਰਨਾ ਚਾਹੀਦਾ ਹੈ। ਬਾਈਬਲ ਕਹਿੰਦੀ ਹੈ ਕਿ ਜੇ ਕੋਈ ਆਪਣੇ ਘਰ ਦੇ ਜੀਆਂ ਦਾ ਧਿਆਨ ਰੱਖਣ ਤੋਂ ਇਨਕਾਰ ਕਰਦਾ ਹੈ, ਤਾਂ ਉਹ ਇਨਸਾਨ ਨਿਹਚਾ ਨਾ ਕਰਨ ਵਾਲਿਆਂ ਤੋਂ ਵੀ ਬੁਰਾ ਹੈ। (2 ਥੱਸ. 3:10; 1 ਤਿਮੋ. 5:8) ਇਹ ਗੱਲ ਸਾਫ਼ ਹੈ ਕਿ ਕੰਮ-ਧੰਦਾ ਕਰਨਾ ਸਾਡੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਹੈ। ਪਰ ਜੇ ਅਸੀਂ ਆਪਣੇ ਕੰਮ ਪ੍ਰਤੀ ਖ਼ਬਰਦਾਰ ਨਾ ਰਹੀਏ, ਤਾਂ ਇਹ ਸਾਨੂੰ ਯਹੋਵਾਹ ਤੋਂ ਦੂਰ ਕਰ ਸਕਦਾ ਹੈ। ਕਿਵੇਂ?

5. ਕੰਮ ਲੱਭਣ ਵੇਲੇ ਸਾਨੂੰ ਕਿਨ੍ਹਾਂ ਜ਼ਰੂਰੀ ਗੱਲਾਂ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ?

5 ਮੰਨ ਲਓ ਤੁਸੀਂ ਕੰਮ ਲੱਭ ਰਹੇ ਹੋ। ਜੇ ਕੰਮ ਮਿਲਣਾ ਔਖਾ ਹੈ, ਤਾਂ ਸ਼ਾਇਦ ਤੁਸੀਂ ਕੋਈ ਵੀ ਕੰਮ ਕਰਨ ਲਈ ਤਿਆਰ ਹੋ ਜਾਵੋ। ਪਰ ਉਦੋਂ ਕੀ ਜਦੋਂ ਕੰਮ ਪਰਮੇਸ਼ੁਰ ਦੇ ਅਸੂਲਾਂ ਦੇ ਖ਼ਿਲਾਫ਼ ਹੋਵੇ? ਜਾਂ ਕੰਮ ’ਤੇ ਤੁਹਾਨੂੰ ਇੰਨਾ ਸਮਾਂ ਲਾਉਣਾ ਪਵੇ ਕਿ ਤੁਹਾਡੇ ਕੋਲ ਮੰਡਲੀ ਤੇ ਪਰਿਵਾਰ ਲਈ ਸਮਾਂ ਹੀ ਨਾ ਬਚੇ? ਕੀ ਤੁਸੀਂ ਸਿਰਫ਼ ਇਹ ਸੋਚ ਕੇ ਕੰਮ ਕਰਨ ਲੱਗ ਪਓਗੇ ਕਿ ਕੰਮ ਨਾ ਹੋਣ ਨਾਲੋਂ ਤਾਂ ਇੱਦਾਂ ਦਾ ਕੰਮ ਕਰਨਾ ਚੰਗਾ ਹੈ? ਯਾਦ ਰੱਖੋ ਕਿ ਗ਼ਲਤ ਫ਼ੈਸਲਾ ਤੁਹਾਨੂੰ ਯਹੋਵਾਹ ਤੋਂ ਦੂਰ ਕਰ ਸਕਦਾ ਹੈ। (ਇਬ. 2:1) ਚਾਹੇ ਤੁਸੀਂ ਕੰਮ ਲੱਭ ਰਹੇ ਹੋ ਜਾਂ ਕੰਮ ਬਦਲਣ ਦੀ ਸੋਚ ਰਹੇ ਹੋ, ਇਨ੍ਹਾਂ ਮਾਮਲਿਆਂ ਵਿਚ ਤੁਸੀਂ ਸਹੀ ਫ਼ੈਸਲਾ ਕਿਵੇਂ ਕਰ ਸਕਦੇ ਹੋ?

6, 7. (ੳ) ਇਕ ਇਨਸਾਨ ਸ਼ਾਇਦ ਕਿਹੜੇ ਦੋ ਕਾਰਨਾਂ ਕਰਕੇ ਕੰਮ ਕਰਦਾ ਹੈ? (ਅ) ਕੰਮ ਕਰਨ ਦਾ ਕਿਹੜਾ ਕਾਰਨ ਤੁਹਾਨੂੰ ਯਹੋਵਾਹ ਦੇ ਨੇੜੇ ਲੈ ਆਵੇਗਾ ਤੇ ਕਿਉਂ?

6 ਜਿਵੇਂ ਪਹਿਲਾਂ ਦੱਸਿਆ ਗਿਆ ਸੀ, ਹਮੇਸ਼ਾ ਆਪਣੀ ਮੰਜ਼ਲ ਨੂੰ ਧਿਆਨ ਵਿਚ ਰੱਖੋ। ਆਪਣੇ ਆਪ ਤੋਂ ਪੁੱਛੋ, ‘ਮੈਂ ਇਹ ਕੰਮ ਕਿਉਂ ਕਰਨਾ ਚਾਹੁੰਦਾ ਹਾਂ?’ ਜੇ ਤੁਸੀਂ ਇਸ ਕਰਕੇ ਕੰਮ ਕਰਦੇ ਹੋ ਕਿ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਦੇ ਨਾਲ-ਨਾਲ ਯਹੋਵਾਹ ਦੀ ਸੇਵਾ ਕਰਦੇ ਰਹੋ, ਤਾਂ ਯਹੋਵਾਹ ਉਸ ਕੰਮ ’ਤੇ ਬਰਕਤ ਪਾਵੇਗਾ। (ਮੱਤੀ 6:33) ਕੀ ਤੁਹਾਨੂੰ ਲੱਗਦਾ ਹੈ ਕਿ ਜੇ ਅਚਾਨਕ ਤੁਹਾਡਾ ਕੰਮ ਛੁੱਟ ਜਾਵੇ ਜਾਂ ਆਰਥਿਕ ਸਥਿਤੀ ਖ਼ਰਾਬ ਹੋ ਜਾਵੇ, ਤਾਂ ਯਹੋਵਾਹ ਤੁਹਾਡੀ ਮਦਦ ਨਹੀਂ ਕਰ ਸਕਦਾ? (ਯਸਾ. 59:1) ਉਹ “ਭਗਤੀ ਕਰਨ ਵਾਲੇ ਲੋਕਾਂ ਨੂੰ ਅਜ਼ਮਾਇਸ਼ਾਂ ਵਿੱਚੋਂ ਕੱਢਣਾ ਜਾਣਦਾ ਹੈ।”—2 ਪਤ. 2:9.

7 ਦੂਜੇ ਪਾਸੇ, ਕੀ ਤੁਸੀਂ ਸਿਰਫ਼ ਅਮੀਰ ਬਣਨ ਲਈ ਕੰਮ ਕਰ ਰਹੇ ਹੋ? ਸ਼ਾਇਦ ਤੁਸੀਂ ਅਮੀਰ ਬਣ ਵੀ ਜਾਓ। ਪਰ ਸਿਰਫ਼ ਅਮੀਰ ਬਣਨ ਲਈ ਕੰਮ ਕਰਨਾ ਖ਼ਤਰਨਾਕ ਹੋਵੇਗਾ। (1 ਤਿਮੋਥਿਉਸ 6:9, 10 ਪੜ੍ਹੋ।) ਆਪਣੇ ਕੰਮ ਤੇ ਪੈਸੇ ਵੱਲ ਹੱਦੋਂ ਵੱਧ ਧਿਆਨ ਦੇਣ ਨਾਲ ਤੁਸੀਂ ਯਹੋਵਾਹ ਤੋਂ ਦੂਰ ਚਲੇ ਜਾਓਗੇ।

8, 9. ਮਾਪਿਆਂ ਨੂੰ ਕੰਮ ਸੰਬੰਧੀ ਆਪਣੇ ਰਵੱਈਏ ਬਾਰੇ ਕੀ ਸੋਚਣਾ ਚਾਹੀਦਾ ਹੈ? ਸਮਝਾਓ।

8 ਜੇ ਤੁਹਾਡੇ ਬੱਚੇ ਹਨ, ਤਾਂ ਇਸ ਬਾਰੇ ਸੋਚੋ ਕਿ ਤੁਹਾਡੀ ਮਿਸਾਲ ਦਾ ਤੁਹਾਡੇ ਬੱਚਿਆਂ ’ਤੇ ਕੀ ਅਸਰ ਪੈਂਦਾ ਹੈ। ਉਨ੍ਹਾਂ ਮੁਤਾਬਕ ਤੁਹਾਡੇ ਲਈ ਜ਼ਿੰਦਗੀ ਵਿਚ ਕਿਹੜੀ ਚੀਜ਼ ਸਭ ਤੋਂ ਜ਼ਰੂਰੀ ਹੈ—ਤੁਹਾਡਾ ਕੰਮ ਜਾਂ ਯਹੋਵਾਹ ਨਾਲ ਤੁਹਾਡਾ ਰਿਸ਼ਤਾ? ਜੇ ਉਹ ਦੇਖਦੇ ਹਨ ਕਿ ਤੁਹਾਡੀ ਜ਼ਿੰਦਗੀ ਵਿਚ ਹੈਸੀਅਤ, ਰੁਤਬਾ ਤੇ ਧਨ-ਦੌਲਤ ਅਹਿਮ ਹਨ, ਤਾਂ ਸ਼ਾਇਦ ਉਹ ਵੀ ਇਨ੍ਹਾਂ ਚੀਜ਼ਾਂ ਦੇ ਪਿੱਛੇ ਲੱਗ ਜਾਣ। ਸ਼ਾਇਦ ਉਨ੍ਹਾਂ ਦੀਆਂ ਨਜ਼ਰਾਂ ਵਿਚ ਤੁਹਾਡਾ ਆਦਰ ਘੱਟ ਜਾਵੇ। ਇਕ ਨੌਜਵਾਨ ਭੈਣ ਕਹਿੰਦੀ ਹੈ: “ਜਿੱਥੋਂ ਤਕ ਮੈਨੂੰ ਯਾਦ ਹੈ, ਮੇਰੇ ਡੈਡੀ ਜੀ ਹਮੇਸ਼ਾ ਆਪਣੇ ਕੰਮ ਵਿਚ ਬਿਜ਼ੀ ਰਹਿੰਦੇ ਸਨ। ਪਹਿਲਾਂ-ਪਹਿਲ ਤਾਂ ਲੱਗਦਾ ਸੀ ਕਿ ਉਹ ਇਸ ਲਈ ਇੰਨਾ ਕੰਮ ਕਰਦੇ ਹਨ ਕਿ ਸਾਨੂੰ ਜ਼ਿੰਦਗੀ ਵਿਚ ਸਭ ਕੁਝ ਮਿਲੇ ਤੇ ਸਾਡੀ ਚੰਗੀ ਪਰਵਰਿਸ਼ ਹੋਵੇ। ਪਰ ਪਿਛਲੇ ਕੁਝ ਸਾਲਾਂ ਤੋਂ ਕੰਮ ਹੀ ਉਨ੍ਹਾਂ ਦੀ ਜ਼ਿੰਦਗੀ ਬਣ ਗਿਆ ਹੈ। ਉਹ ਘਰ ਵਿਚ ਮਹਿੰਗੀਆਂ ਤੋਂ ਮਹਿੰਗੀਆਂ ਚੀਜ਼ਾਂ ਲਿਆਉਂਦੇ ਹਨ ਜਿਨ੍ਹਾਂ ਦੀ ਜ਼ਰੂਰਤ ਵੀ ਨਹੀਂ ਹੁੰਦੀ। ਇਸ ਕਰਕੇ ਸਾਡਾ ਪਰਿਵਾਰ ਇਸ ਗੱਲੋਂ ਮਸ਼ਹੂਰ ਹੈ ਕਿ ਸਾਡੇ ਕੋਲ ਬਹੁਤ ਪੈਸਾ ਹੈ, ਨਾ ਕਿ ਇਸ ਗੱਲੋਂ ਕਿ ਅਸੀਂ ਦੂਜਿਆਂ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਦੀ ਹੱਲਾਸ਼ੇਰੀ ਦਿੰਦੇ ਹਾਂ। ਮੈਨੂੰ ਜ਼ਿਆਦਾ ਖ਼ੁਸ਼ੀ ਹੁੰਦੀ ਜੇ ਮੇਰੇ ਡੈਡੀ ਜੀ ਪੈਸੇ ਕਮਾਉਣ ਦੀ ਬਜਾਇ ਪਰਿਵਾਰ ਨੂੰ ਯਹੋਵਾਹ ਦੇ ਨੇੜੇ ਲਿਆਉਣ ਵਿਚ ਸਖ਼ਤ ਮਿਹਨਤ ਕਰਦੇ।”

9 ਮਾਪਿਓ, ਆਪਣੇ ਕੰਮ ਨੂੰ ਜ਼ਿਆਦਾ ਅਹਿਮੀਅਤ ਦੇ ਕੇ ਯਹੋਵਾਹ ਤੋਂ ਦੂਰ ਨਾ ਹੋਵੋ। ਆਪਣੇ ਬੱਚਿਆਂ ਨੂੰ ਦਿਖਾਓ ਕਿ ਯਹੋਵਾਹ ਨਾਲ ਰਿਸ਼ਤਾ ਤੁਹਾਡੇ ਲਈ ਪੈਸੇ ਤੇ ਚੀਜ਼ਾਂ ਨਾਲੋਂ ਕਿਤੇ ਜ਼ਰੂਰੀ ਹੈ।—ਮੱਤੀ 5:3.

10. ਕੈਰੀਅਰ ਚੁਣਨ ਵੇਲੇ ਇਕ ਨੌਜਵਾਨ ਨੂੰ ਕਿਸ ਗੱਲ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ?

10 ਜੇ ਤੁਸੀਂ ਨੌਜਵਾਨ ਹੋ ਤੇ ਕੈਰੀਅਰ ਬਣਾਉਣ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਸਹੀ ਫ਼ੈਸਲਾ ਕਿਵੇਂ ਕਰ ਸਕਦੇ ਹੋ? ਜਿੱਦਾਂ ਅਸੀਂ ਪਹਿਲਾਂ ਦੇਖਿਆ ਸੀ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿਚ ਕੀ ਕਰਨਾ ਚਾਹੁੰਦੇ ਹੋ। ਇਸ ਗੱਲ ’ਤੇ ਸੋਚ-ਵਿਚਾਰ ਕਰੋ ਕਿ ਤੁਸੀਂ ਜੋ ਟ੍ਰੇਨਿੰਗ ਲੈਣ ਜਾਂ ਕੈਰੀਅਰ ਬਣਾਉਣ ਬਾਰੇ ਸੋਚ ਰਹੇ ਹੋ, ਕੀ ਉਹ ਤੁਹਾਨੂੰ ਯਹੋਵਾਹ ਦੀ ਸੇਵਾ ਕਰਨ ਵਿਚ ਮਦਦ ਕਰੇਗਾ ਜਾਂ ਉਹ ਤੁਹਾਨੂੰ ਉਸ ਤੋਂ ਦੂਰ ਲੈ ਜਾਵੇਗਾ? (2 ਤਿਮੋ. 4:10) ਕੀ ਤੁਹਾਡਾ ਟੀਚਾ ਉਨ੍ਹਾਂ ਲੋਕਾਂ ਦੀ ਰੀਸ ਕਰਨਾ ਹੈ ਜਿਨ੍ਹਾਂ ਦੀ ਖ਼ੁਸ਼ੀ ਉਨ੍ਹਾਂ ਦੇ ਬੈਂਕ ਖਾਤਿਆਂ ’ਤੇ ਟਿਕੀ ਹੁੰਦੀ ਹੈ? ਜਾਂ ਕੀ ਤੁਸੀਂ ਦਾਊਦ ਵਾਂਗ ਯਹੋਵਾਹ ’ਤੇ ਭਰੋਸਾ ਰੱਖੋਗੇ, ਜਿਸ ਨੇ ਲਿਖਿਆ: “ਮੈਂ ਜੁਆਨ ਸਾਂ ਅਤੇ ਹੁਣ ਬੁੱਢਾ ਹੋ ਗਿਆ ਹਾਂ, ਪਰ ਮੈਂ ਨਾ ਧਰਮੀ ਨੂੰ ਤਿਆਗਿਆ ਹੋਇਆ, ਨਾ ਉਸ ਦੀ ਅੰਸ ਨੂੰ ਟੁਕੜੇ ਮੰਗਦਿਆਂ ਡਿੱਠਾ ਹੈ”? (ਜ਼ਬੂ. 37:25) ਯਾਦ ਰੱਖੋ ਇਕ ਰਾਹ ਤੁਹਾਨੂੰ ਯਹੋਵਾਹ ਤੋਂ ਦੂਰ ਲੈ ਜਾਵੇਗਾ, ਜਦਕਿ ਦੂਸਰਾ ਰਾਹ ਤੁਹਾਡੀ ਜ਼ਿੰਦਗੀ ਵਿਚ ਖ਼ੁਸ਼ੀਆਂ ਲਿਆਵੇਗਾ। (ਕਹਾਉਤਾਂ 10:22; ਮਲਾਕੀ 3:10 ਪੜ੍ਹੋ।) ਤੁਸੀਂ ਕਿਹੜਾ ਰਾਹ ਚੁਣੋਗੇ?

ਮਨੋਰੰਜਨ

11. ਬਾਈਬਲ ਮਨੋਰੰਜਨ ਕਰਨ ਬਾਰੇ ਕੀ ਕਹਿੰਦੀ ਹੈ, ਪਰ ਸਾਨੂੰ ਕਿਹੜੀ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ?

11 ਬਾਈਬਲ ਮਨੋਰੰਜਨ ਕਰਨ ਦੇ ਖ਼ਿਲਾਫ਼ ਨਹੀਂ ਹੈ ਤੇ ਨਾ ਹੀ ਇਹ ਕਹਿੰਦੀ ਹੈ ਕਿ ਇਹ ਸਮੇਂ ਦੀ ਬਰਬਾਦੀ ਹੈ। ਪੌਲੁਸ ਨੇ ਤਿਮੋਥਿਉਸ ਨੂੰ ਲਿਖਿਆ: ‘ਸਰੀਰਕ ਅਭਿਆਸ ਕਰਨ ਨਾਲ ਕੁਝ ਹੱਦ ਤਕ ਫ਼ਾਇਦਾ ਹੁੰਦਾ ਹੈ।’ (1 ਤਿਮੋ. 4:8) ਬਾਈਬਲ ਇਹ ਵੀ ਕਹਿੰਦੀ ਹੈ ਕਿ “ਇੱਕ ਹੱਸਣ ਦਾ ਵੇਲਾ ਹੈ” ਤੇ “ਇੱਕ ਨੱਚਣ ਦਾ ਵੇਲਾ ਹੈ।” ਨਾਲੇ ਇਸ ਵਿਚ ਇਹ ਵੀ ਲਿਖਿਆ ਹੈ ਕਿ “ਕੁਝ ਪਲਾਂ ਦਾ ਆਰਾਮ ਵੀ ਚੰਗਾ ਹੈ।” (ਉਪ. 3:4; 4:6, CL) ਪਰ ਜੇ ਤੁਸੀਂ ਮਨੋਰੰਜਨ ਕਰਨ ਵੇਲੇ ਖ਼ਬਰਦਾਰ ਨਹੀਂ ਰਹਿੰਦੇ, ਤਾਂ ਇਹ ਤੁਹਾਨੂੰ ਯਹੋਵਾਹ ਤੋਂ ਦੂਰ ਕਰ ਸਕਦਾ ਹੈ। ਕਿਵੇਂ? ਤੁਸੀਂ ਜਿਸ ਤਰ੍ਹਾਂ ਦਾ ਮਨੋਰੰਜਨ ਕਰਦੇ ਹੋ ਅਤੇ ਮਨੋਰੰਜਨ ਕਰਨ ਵਿਚ ਜਿੰਨਾ ਸਮਾਂ ਲਾਉਂਦੇ ਹੋ, ਉਸ ਕਰਕੇ ਇਸ ਤਰ੍ਹਾਂ ਹੋ ਸਕਦਾ ਹੈ।

ਹੱਦ ਵਿਚ ਰਹਿ ਕੇ ਚੰਗਾ ਮਨੋਰੰਜਨ ਕਰਨ ਨਾਲ ਖ਼ੁਸ਼ੀ ਮਿਲਦੀ ਹੈ

12. ਮਨੋਰੰਜਨ ਚੁਣਨ ਵੇਲੇ ਤੁਹਾਨੂੰ ਕਿਨ੍ਹਾਂ ਗੱਲਾਂ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ?

12 ਪਹਿਲਾਂ ਇਸ ਗੱਲ ’ਤੇ ਗੌਰ ਕਰੋ ਕਿ ਤੁਸੀਂ ਕਿਸ ਤਰ੍ਹਾਂ ਦਾ ਮਨੋਰੰਜਨ ਕਰਦੇ ਹੋ। ਅਜਿਹਾ ਮਨੋਰੰਜਨ ਕਰਨਾ ਸੰਭਵ ਹੈ ਜੋ ਸਾਡੇ ਲਈ ਚੰਗਾ ਹੈ। ਪਰ ਅੱਜ ਜ਼ਿਆਦਾ ਕਰਕੇ ਮਨੋਰੰਜਨ ਵਿਚ ਉਹ ਚੀਜ਼ਾਂ ਦਿਖਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਨਫ਼ਰਤ ਕਰਦਾ ਹੈ, ਜਿਵੇਂ ਕਿ ਹਿੰਸਾ, ਜਾਦੂਗਰੀ ਤੇ ਬਦਚਲਣੀ। ਇਸ ਲਈ ਤੁਹਾਨੂੰ ਸੋਚ-ਸਮਝ ਕੇ ਮਨੋਰੰਜਨ ਚੁਣਨਾ ਚਾਹੀਦਾ ਹੈ। ਜ਼ਰਾ ਸੋਚੋ: ਇਸ ਦਾ ਤੁਹਾਡੇ ’ਤੇ ਕੀ ਅਸਰ ਪੈ ਸਕਦਾ ਹੈ? ਕੀ ਇਹ ਤੁਹਾਨੂੰ ਹਿੰਸਕ ਬਣਾਉਂਦਾ ਹੈ ਜਾਂ ਤੁਹਾਡੇ ਵਿਚ ਆਪਣੀ ਕੌਮ ਪ੍ਰਤੀ ਘਮੰਡ ਪੈਦਾ ਕਰਦਾ ਹੈ? ਕੀ ਇਹ ਤੁਹਾਡੇ ਵਿਚ ਮੁਕਾਬਲੇਬਾਜ਼ੀ ਦੀ ਭਾਵਨਾ ਪੈਦਾ ਕਰਦਾ ਹੈ? (ਕਹਾ. 3:31) ਕੀ ਇਸ ’ਤੇ ਤੁਹਾਡਾ ਬਹੁਤ ਪੈਸਾ ਖ਼ਰਚ ਹੁੰਦਾ ਹੈ? ਤੁਸੀਂ ਜਿਸ ਤਰ੍ਹਾਂ ਦਾ ਮਨੋਰੰਜਨ ਕਰਦੇ ਹੋ, ਕੀ ਉਸ ਬਾਰੇ ਜਾਣ ਕੇ ਦੂਜਿਆਂ ਨੂੰ ਬੁਰਾ ਲੱਗੇਗਾ? (ਰੋਮੀ. 14:21) ਮਨੋਰੰਜਨ ਕਰਦਿਆਂ ਤੁਸੀਂ ਕਿਸ ਤਰ੍ਹਾਂ ਦੇ ਲੋਕਾਂ ਦੀ ਸੰਗਤ ਕਰਦੇ ਹੋ? (ਕਹਾ. 13:20) ਕੀ ਇਹ ਤੁਹਾਡੇ ਵਿਚ ਗ਼ਲਤ ਕੰਮ ਕਰਨ ਦੀ ਇੱਛਾ ਪੈਦਾ ਕਰਦਾ ਹੈ?—ਯਾਕੂ. 1:14, 15.

13, 14. ਮਨੋਰੰਜਨ ਵਿਚ ਸਮਾਂ ਲਾਉਣ ਦੇ ਸੰਬੰਧ ਵਿਚ ਤੁਹਾਨੂੰ ਕਿਹੜੀ ਗੱਲ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ?

13 ਇਸ ਗੱਲ ’ਤੇ ਵੀ ਗੌਰ ਕਰੋ ਕਿ ਤੁਸੀਂ ਮਨੋਰੰਜਨ ਕਰਨ ਵਿਚ ਕਿੰਨਾ ਸਮਾਂ ਲਾਉਂਦੇ ਹੋ। ਆਪਣੇ ਆਪ ਨੂੰ ਪੁੱਛੋ, ‘ਕੀ ਮੈਂ ਮਨੋਰੰਜਨ ਵਿਚ ਇੰਨਾ ਸਮਾਂ ਲਾਉਂਦਾ ਹਾਂ ਕਿ ਮੇਰੇ ਕੋਲ ਮੀਟਿੰਗਾਂ ਅਤੇ ਪ੍ਰਚਾਰ ਲਈ ਬਹੁਤ ਘੱਟ ਸਮਾਂ ਬਚਦਾ ਹੈ?’ ਮਨੋਰੰਜਨ ਵਿਚ ਹੱਦੋਂ ਵੱਧ ਸਮਾਂ ਲਾ ਕੇ ਤੁਸੀਂ ਆਪਣੇ ਆਪ ਨੂੰ ਤਰੋ-ਤਾਜ਼ਾ ਮਹਿਸੂਸ ਨਹੀਂ ਕਰੋਗੇ। ਇਸ ਦੀ ਬਜਾਇ, ਜਿਹੜੇ ਹੱਦ ਵਿਚ ਰਹਿ ਕੇ ਮਨੋਰੰਜਨ ਕਰਦੇ ਹਨ, ਉਨ੍ਹਾਂ ਨੂੰ ਇਸ ਤੋਂ ਖ਼ੁਸ਼ੀ ਮਿਲਦੀ ਹੈ। ਕਿਉਂ? ਕਿਉਂਕਿ ਉਹ ਜਾਣਦੇ ਹਨ ਕਿ ਉਨ੍ਹਾਂ ਨੇ ਪਹਿਲਾਂ ਜ਼ਰੂਰੀ ਕੰਮ ਕਰ ਲਏ ਹਨ, ਇਸ ਕਾਰਨ ਮਨੋਰੰਜਨ ਕਰ ਕੇ ਉਹ ਦੋਸ਼ੀ ਮਹਿਸੂਸ ਨਹੀਂ ਕਰਦੇ।—ਫ਼ਿਲਿੱਪੀਆਂ 1:10, 11 ਪੜ੍ਹੋ।

14 ਭਾਵੇਂ ਕਿ ਜ਼ਿਆਦਾ ਮਨੋਰੰਜਨ ਕਰਨਾ ਚੰਗਾ ਲੱਗੇ, ਪਰ ਇਹ ਸਾਨੂੰ ਯਹੋਵਾਹ ਤੋਂ ਦੂਰ ਕਰ ਸਕਦਾ ਹੈ। 20 ਸਾਲਾਂ ਦੀ ਕਿਮ ਨਾਂ ਦੀ ਭੈਣ ਨੇ ਇਹ ਗੱਲ ਆਪਣੇ ਤਜਰਬੇ ਤੋਂ ਸਿੱਖੀ। ਉਹ ਕਹਿੰਦੀ ਹੈ: “ਮੈਂ ਹਰ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਪਾਰਟੀਆਂ ’ਤੇ ਜਾਂਦੀ ਹੁੰਦੀ ਸੀ। ਪਰ ਹੁਣ ਮੈਨੂੰ ਅਹਿਸਾਸ ਹੋਇਆ ਹੈ ਕਿ ਮੇਰੇ ਕੋਲ ਪਾਰਟੀਆਂ ’ਤੇ ਜਾਣ ਨਾਲੋਂ ਜ਼ਿਆਦਾ ਜ਼ਰੂਰੀ ਕੰਮ ਹਨ। ਮਿਸਾਲ ਲਈ, ਪਾਇਨੀਅਰ ਹੋਣ ਕਰਕੇ ਮੈਨੂੰ ਪ੍ਰਚਾਰ ’ਤੇ ਜਾਣ ਲਈ ਸਵੇਰੇ 6 ਵਜੇ ਉੱਠਣਾ ਪੈਂਦਾ ਹੈ ਜਿਸ ਕਰਕੇ ਮੈਂ ਅੱਧੀ-ਅੱਧੀ ਰਾਤ ਤਕ ਪਾਰਟੀਆਂ ਨਹੀਂ ਕਰ ਸਕਦੀ। ਮੈਨੂੰ ਪਤਾ ਹੈ ਕਿ ਕਿਸੇ ਪਾਰਟੀ ’ਤੇ ਜਾਣਾ ਗ਼ਲਤ ਨਹੀਂ ਹੈ, ਪਰ ਇਸ ਕਰਕੇ ਜ਼ਰੂਰੀ ਕੰਮਾਂ ਤੋਂ ਸਾਡਾ ਧਿਆਨ ਹਟ ਸਕਦਾ ਹੈ। ਬਾਕੀ ਚੀਜ਼ਾਂ ਦੀ ਤਰ੍ਹਾਂ ਸਾਨੂੰ ਇਨ੍ਹਾਂ ਨੂੰ ਵੀ ਸਹੀ ਜਗ੍ਹਾ ’ਤੇ ਰੱਖਣਾ ਚਾਹੀਦਾ ਹੈ।”

15. ਮਾਪੇ ਮਨੋਰੰਜਨ ਚੁਣਨ ਵਿਚ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ?

15 ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਪਰਿਵਾਰ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ। ਇਸ ਵਿਚ ਆਪਣੇ ਪਰਿਵਾਰ ਦੀ ਯਹੋਵਾਹ ਦੇ ਨੇੜੇ ਰਹਿਣ ਵਿਚ ਮਦਦ ਕਰਨੀ ਅਤੇ ਮਨੋਰੰਜਨ ਦਾ ਪ੍ਰਬੰਧ ਕਰਨਾ ਸ਼ਾਮਲ ਹੈ। ਮਾਪਿਓ, ਇਹ ਨਾ ਸੋਚੋ ਕਿ ਹਰ ਤਰ੍ਹਾਂ ਦਾ ਮਨੋਰੰਜਨ ਗ਼ਲਤ ਹੈ। ਪਰ ਤੁਹਾਨੂੰ ਬੁਰੇ ਮਨੋਰੰਜਨ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ। (1 ਕੁਰਿੰ. 5:6) ਪਹਿਲਾਂ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨ ਨਾਲ ਤੁਸੀਂ ਉਹ ਮਨੋਰੰਜਨ ਕਰ ਸਕੋਗੇ ਜੋ ਤੁਹਾਡੇ ਪਰਿਵਾਰ ਨੂੰ ਖ਼ੁਸ਼ੀ ਦੇਵੇਗਾ। * ਇਸ ਤਰ੍ਹਾਂ ਤੁਸੀਂ ਆਪਣੇ ਪਰਿਵਾਰ ਲਈ ਮਨੋਰੰਜਨ ਦੇ ਮਾਮਲੇ ਵਿਚ ਸਹੀ ਰਾਹ ਚੁਣੋਗੇ ਜਿਸ ’ਤੇ ਚੱਲ ਕੇ ਤੁਸੀਂ ਸਾਰੇ ਯਹੋਵਾਹ ਦੇ ਨੇੜੇ ਜਾਓਗੇ।

ਪਰਿਵਾਰਕ ਰਿਸ਼ਤੇ

16, 17. ਕਈ ਮਾਪਿਆਂ ਨੇ ਕਿਹੜੇ ਦੁੱਖ ਦਾ ਸਾਮ੍ਹਣਾ ਕੀਤਾ ਹੈ ਅਤੇ ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਉਨ੍ਹਾਂ ਦੇ ਦੁੱਖ ਸਮਝਦਾ ਹੈ?

16 ਬੱਚੇ ਆਪਣੇ ਮਾਪਿਆਂ ਦੇ ਜਿਗਰ ਦੇ ਟੁਕੜੇ ਹੁੰਦੇ ਹਨ। ਯਹੋਵਾਹ ਨੇ ਵੀ ਕਿਹਾ ਸੀ ਕਿ ਉਹ ਆਪਣੇ ਲੋਕਾਂ ਨੂੰ ਉਵੇਂ ਪਿਆਰ ਕਰਦਾ ਹੈ ਜਿਵੇਂ ਮਾਂ ਆਪਣੇ ਬੱਚੇ ਨੂੰ ਕਰਦੀ ਹੈ। (ਯਸਾ. 49:15) ਇਸ ਲਈ ਜਦੋਂ ਕੋਈ ਪਰਿਵਾਰ ਦਾ ਜੀਅ ਯਹੋਵਾਹ ਨੂੰ ਛੱਡ ਜਾਂਦਾ ਹੈ, ਤਾਂ ਸਾਨੂੰ ਬਹੁਤ ਦੁੱਖ ਹੁੰਦਾ ਹੈ। ਇਕ ਭੈਣ, ਜਿਸ ਦੀ ਧੀ ਨੂੰ ਮੰਡਲੀ ਵਿੱਚੋਂ ਛੇਕ ਦਿੱਤਾ ਗਿਆ ਸੀ, ਕਹਿੰਦੀ ਹੈ: “ਮੈਂ ਪੂਰੀ ਤਰ੍ਹਾਂ ਟੁੱਟ ਗਈ। ਮੈਂ ਸੋਚਦੀ ਸੀ, ‘ਉਸ ਨੇ ਯਹੋਵਾਹ ਨੂੰ ਕਿਉਂ ਛੱਡ ਦਿੱਤਾ?’ ਮੈਨੂੰ ਲੱਗਾ ਕਿ ਮੇਰੀ ਪਰਵਰਿਸ਼ ਵਿਚ ਕੋਈ ਕਮੀ ਰਹਿ ਗਈ ਸੀ ਜਿਸ ਕਰਕੇ ਉਹ ਯਹੋਵਾਹ ਤੋਂ ਦੂਰ ਚਲੀ ਗਈ।”

17 ਯਹੋਵਾਹ ਤੁਹਾਡੇ ਦੁੱਖ ਨੂੰ ਸਮਝਦਾ ਹੈ। ਉਹ ਵੀ “ਮਨ ਵਿੱਚ ਦੁਖੀ ਹੋਇਆ” ਸੀ ਜਦੋਂ ਉਸ ਦੇ ਮਨੁੱਖੀ ਪਰਿਵਾਰ ਦਾ ਪਹਿਲਾ ਮੈਂਬਰ ਬਾਗ਼ੀ ਹੋ ਗਿਆ ਸੀ। ਉਸ ਨੂੰ ਉਦੋਂ ਵੀ ਦੁੱਖ ਲੱਗਾ ਜਦੋਂ ਜਲ-ਪਰਲੋ ਤੋਂ ਪਹਿਲਾਂ ਜ਼ਿਆਦਾਤਰ ਲੋਕਾਂ ਨੇ ਉਸ ਦਾ ਕਹਿਣਾ ਨਹੀਂ ਮੰਨਿਆ। (ਉਤ. 6:5, 6) ਸਾਰੇ ਸ਼ਾਇਦ ਤੁਹਾਡੇ ਇਸ ਦੁੱਖ ਨੂੰ ਸਮਝ ਨਾ ਸਕਣ। ਪਰ ਛੇਕੇ ਗਏ ਪਰਿਵਾਰ ਦੇ ਮੈਂਬਰ ਦੇ ਗ਼ਲਤ ਕੰਮ ਕਰਕੇ ਯਹੋਵਾਹ ਤੋਂ ਦੂਰ ਹੋਣਾ ਬੁੱਧੀਮਾਨੀ ਦੀ ਗੱਲ ਨਹੀਂ ਹੈ। ਜਦੋਂ ਪਰਿਵਾਰ ਦਾ ਕੋਈ ਜੀਅ ਯਹੋਵਾਹ ਨੂੰ ਛੱਡ ਜਾਂਦਾ ਹੈ, ਤਾਂ ਤੁਸੀਂ ਇਸ ਦੁੱਖ ਨੂੰ ਕਿੱਦਾਂ ਸਹਿ ਸਕਦੇ ਹੋ?

18. ਜੇ ਬੱਚਾ ਯਹੋਵਾਹ ਨੂੰ ਛੱਡ ਜਾਂਦਾ ਹੈ, ਤਾਂ ਮਾਪਿਆਂ ਨੂੰ ਆਪਣੇ ਆਪ ਨੂੰ ਦੋਸ਼ੀ ਕਿਉਂ ਨਹੀਂ ਠਹਿਰਾਉਣਾ ਚਾਹੀਦਾ?

18 ਜੋ ਵੀ ਹੋਇਆ ਉਸ ਲਈ ਆਪਣੇ ਆਪ ਨੂੰ ਕਸੂਰਵਾਰ ਨਾ ਠਹਿਰਾਓ। ਯਹੋਵਾਹ ਨੇ ਹਰ ਇਨਸਾਨ ਨੂੰ ਫ਼ੈਸਲਾ ਕਰਨ ਦਾ ਹੱਕ ਦਿੱਤਾ ਹੈ ਕਿ ਉਹ ਉਸ ਦੀ ਸੇਵਾ ਕਰੇਗਾ ਜਾਂ ਨਹੀਂ। ਪਰਿਵਾਰ ਵਿਚ ਬਪਤਿਸਮਾ ਲੈ ਚੁੱਕੇ ਹਰ ਮੈਂਬਰ ਨੂੰ “ਆਪਣੀ ਜ਼ਿੰਮੇਵਾਰੀ ਦਾ ਭਾਰ ਆਪ ਚੁੱਕਣਾ ਪਵੇਗਾ।” (ਗਲਾ. 6:5) ਇਸ ਲਈ ਯਹੋਵਾਹ ਤੁਹਾਨੂੰ ਨਹੀਂ, ਸਗੋਂ ਗ਼ਲਤੀ ਕਰਨ ਵਾਲੇ ਨੂੰ ਉਸ ਦੇ ਕੰਮਾਂ ਲਈ ਜ਼ਿੰਮੇਵਾਰ ਠਹਿਰਾਉਂਦਾ ਹੈ। (ਹਿਜ਼. 18:20) ਦੂਜਿਆਂ ’ਤੇ ਦੋਸ਼ ਨਾ ਲਾਓ। ਅਨੁਸ਼ਾਸਨ ਦੇਣ ਦੇ ਯਹੋਵਾਹ ਦੇ ਪ੍ਰਬੰਧ ਦੀ ਕਦਰ ਕਰੋ। ਇਸ ਕਰਕੇ ਮੰਡਲੀ ਦੇ ਬਜ਼ੁਰਗਾਂ ਦਾ ਵਿਰੋਧ ਨਾ ਕਰੋ ਜੋ ਮੰਡਲੀ ਨੂੰ ਬੁਰੇ ਪ੍ਰਭਾਵਾਂ ਤੋਂ ਬਚਾਉਂਦੇ ਹਨ, ਸਗੋਂ ਸ਼ੈਤਾਨ ਦਾ ਮੁਕਾਬਲਾ ਕਰੋ।—1 ਪਤ. 5:8, 9.

ਮਾਪਿਓ, ਆਪਣੇ ਬੱਚੇ ਦੇ ਮੰਡਲੀ ਵਿਚ ਵਾਪਸ ਆਉਣ ਦੀ ਉਮੀਦ ਰੱਖਣੀ ਗ਼ਲਤ ਨਹੀਂ ਹੈ

19, 20. (ੳ) ਛੇਕੇ ਗਏ ਬੱਚੇ ਦੇ ਮਾਪੇ ਆਪਣੇ ਦੁੱਖ ਨੂੰ ਕਿਵੇਂ ਸਹਿ ਸਕਦੇ ਹਨ? (ਅ) ਮਾਪੇ ਕੀ ਉਮੀਦ ਰੱਖ ਸਕਦੇ ਹਨ?

19 ਦੂਜੇ ਪਾਸੇ, ਜੇ ਤੁਸੀਂ ਯਹੋਵਾਹ ਨਾਲ ਗੁੱਸੇ ਹੁੰਦੇ ਹੋ, ਤਾਂ ਤੁਸੀਂ ਯਹੋਵਾਹ ਤੋਂ ਦੂਰ ਹੋ ਜਾਵੋਗੇ। ਆਪਣੇ ਪਰਿਵਾਰ ਦੇ ਛੇਕੇ ਗਏ ਮੈਂਬਰ ਨੂੰ ਦਿਖਾਓ ਕਿ ਤੁਸੀਂ ਆਪਣੇ ਪਰਿਵਾਰ ਨਾਲੋਂ ਯਹੋਵਾਹ ਨੂੰ ਜ਼ਿਆਦਾ ਪਿਆਰ ਕਰਦੇ ਹੋ। ਇਸ ਲਈ ਆਪਣੇ ਦੁੱਖ ਨੂੰ ਸਹਿਣ ਲਈ ਤੁਹਾਨੂੰ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਦੀ ਲੋੜ ਹੈ। ਮੰਡਲੀ ਦੇ ਵਫ਼ਾਦਾਰ ਭੈਣਾਂ-ਭਰਾਵਾਂ ਤੋਂ ਦੂਰ ਨਾ ਰਹੋ। (ਕਹਾ. 18:1) ਪ੍ਰਾਰਥਨਾ ਵਿਚ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹੋ। (ਜ਼ਬੂ. 62:7, 8) ਛੇਕੇ ਗਏ ਪਰਿਵਾਰ ਦੇ ਜੀਅ ਨਾਲ ਫ਼ੋਨ ਜਾਂ ਈ-ਮੇਲ ਦੁਆਰਾ ਗੱਲ ਕਰਨ ਜਾਂ ਮਿਲਣ ਦੇ ਬਹਾਨੇ ਨਾ ਲੱਭੋ। (1 ਕੁਰਿੰ. 5:11) ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹੋ। (1 ਕੁਰਿੰ. 15:58) ਜਿਸ ਭੈਣ ਦਾ ਉੱਪਰ ਜ਼ਿਕਰ ਕੀਤਾ ਗਿਆ ਸੀ, ਉਹ ਕਹਿੰਦੀ ਹੈ: “ਮੈਨੂੰ ਪਤਾ ਹੈ ਕਿ ਮੈਨੂੰ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣ ਤੇ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਰੱਖਣ ਦੀ ਲੋੜ ਹੈ, ਤਾਂਕਿ ਜਦ ਮੇਰੀ ਧੀ ਯਹੋਵਾਹ ਕੋਲ ਵਾਪਸ ਆਵੇ, ਤਾਂ ਮੈਂ ਉਸ ਦੀ ਮਦਦ ਕਰ ਸਕਾਂ।”

20 ਬਾਈਬਲ ਕਹਿੰਦੀ ਹੈ ਕਿ ਪਿਆਰ “ਸਾਰੀਆਂ ਗੱਲਾਂ ਦੀ ਆਸ ਰੱਖਦਾ ਹੈ।” (1 ਕੁਰਿੰ. 13:4, 7) ਮਾਪਿਓ, ਆਪਣੇ ਬੱਚੇ ਦੇ ਮੰਡਲੀ ਵਿਚ ਵਾਪਸ ਆਉਣ ਦੀ ਉਮੀਦ ਰੱਖਣੀ ਗ਼ਲਤ ਨਹੀਂ ਹੈ। ਹਰ ਸਾਲ ਬਹੁਤ ਸਾਰੇ ਮਸੀਹੀ ਤੋਬਾ ਕਰਦੇ ਹਨ ਤੇ ਯਹੋਵਾਹ ਦੀ ਸੰਸਥਾ ਵਿਚ ਵਾਪਸ ਆਉਂਦੇ ਹਨ। ਯਹੋਵਾਹ ਉਨ੍ਹਾਂ ਨਾਲ ਗੁੱਸੇ ਨਹੀਂ ਰਹਿੰਦਾ ਕਿਉਂਕਿ ਉਹ “ਮਾਫ਼ ਕਰਨ ਵਾਲਾ” ਪਰਮੇਸ਼ੁਰ ਹੈ।—ਜ਼ਬੂ. 86:5, CL.

ਸਹੀ ਫ਼ੈਸਲੇ ਕਰੋ

21, 22. ਖ਼ੁਦ ਫ਼ੈਸਲੇ ਕਰਨ ਦੀ ਆਜ਼ਾਦੀ ਦੇ ਸੰਬੰਧ ਵਿਚ ਤੁਸੀਂ ਕੀ ਇਰਾਦਾ ਕੀਤਾ ਹੈ?

21 ਯਹੋਵਾਹ ਨੇ ਇਨਸਾਨਾਂ ਨੂੰ ਖ਼ੁਦ ਫ਼ੈਸਲੇ ਕਰਨ ਦੀ ਆਜ਼ਾਦੀ ਦਿੱਤੀ ਹੈ। (ਬਿਵਸਥਾ ਸਾਰ 30:19, 20 ਪੜ੍ਹੋ।) ਪਰ ਇਸ ਆਜ਼ਾਦੀ ਕਰਕੇ ਸਾਡੇ ’ਤੇ ਇਹ ਜ਼ਿੰਮੇਵਾਰੀ ਆਉਂਦੀ ਹੈ ਕਿ ਅਸੀਂ ਸੋਚ-ਸਮਝ ਕੇ ਸਹੀ ਫ਼ੈਸਲੇ ਕਰੀਏ। ਹਰ ਮਸੀਹੀ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਮੈਂ ਕਿਸ ਰਾਹ ’ਤੇ ਚੱਲ ਰਿਹਾ ਹਾਂ? ਮੈਂ ਆਪਣੇ ਕੰਮ ਤੇ ਕੈਰੀਅਰ, ਮਨੋਰੰਜਨ ਅਤੇ ਪਰਿਵਾਰਕ ਰਿਸ਼ਤਿਆਂ ਕਰਕੇ ਕਿਤੇ ਯਹੋਵਾਹ ਤੋਂ ਦੂਰ ਤਾਂ ਨਹੀਂ ਚਲਾ ਗਿਆ ਹਾਂ?’

22 ਆਪਣੇ ਲੋਕਾਂ ਲਈ ਯਹੋਵਾਹ ਦਾ ਪਿਆਰ ਕਦੇ ਘੱਟਦਾ ਨਹੀਂ। ਪਰ ਜੇ ਅਸੀਂ ਗ਼ਲਤ ਰਾਹ ਚੁਣਾਂਗੇ, ਤਾਂ ਅਸੀਂ ਯਹੋਵਾਹ ਤੋਂ ਦੂਰ ਹੋ ਜਾਵਾਂਗੇ। (ਰੋਮੀ. 8:38, 39) ਸਾਨੂੰ ਕਦੇ ਇੱਦਾਂ ਨਹੀਂ ਹੋਣ ਦੇਣਾ ਚਾਹੀਦਾ। ਸਾਨੂੰ ਪੱਕਾ ਇਰਾਦਾ ਕਰਨਾ ਚਾਹੀਦਾ ਹੈ ਕਿ ਅਸੀਂ ਕਿਸੇ ਵੀ ਗੱਲ ਕਰਕੇ ਯਹੋਵਾਹ ਤੋਂ ਦੂਰ ਨਹੀਂ ਹੋਵਾਂਗੇ। ਅਗਲੇ ਲੇਖ ਵਿਚ ਅਸੀਂ ਹੋਰ ਚਾਰ ਚੀਜ਼ਾਂ ਦੇਖਾਂਗੇ ਜੋ ਸਾਨੂੰ ਯਹੋਵਾਹ ਤੋਂ ਦੂਰ ਕਰ ਸਕਦੀਆਂ ਹਨ।